ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਮ ਇਕ ਖ਼ਤ
Published : Jun 13, 2018, 4:26 am IST
Updated : Jun 13, 2018, 4:26 am IST
SHARE ARTICLE
Akal Takht
Akal Takht

8 ਜੂਨ ਦੀਆਂ ਅਖ਼ਬਾਰਾਂ ਵਿਚ ਛਪਿਆ, ਆਪ ਜੀ ਦਾ ਬਿਆਨ ਪੜ੍ਹ ਕੇ ਹੈਰਾਨੀ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਾਲ ਸ਼ਹੀਦਾਂ...

ਸ. ਗੋਬਿੰਦ ਸਿੰਘ ਲੋਂਗੋਵਾਲ ਜੀ,
8 ਜੂਨ ਦੀਆਂ ਅਖ਼ਬਾਰਾਂ ਵਿਚ ਛਪਿਆ, ਆਪ ਜੀ ਦਾ ਬਿਆਨ ਪੜ੍ਹ ਕੇ ਹੈਰਾਨੀ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਾਲ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ, ਗੁਰਦਵਾਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਭੇਜੇ ਜਾਣ ਵਾਲੇ ਜਥੇ ਨੂੰ ਨਾ ਭੇਜਣ ਦਾ ਐਲਾਨ ਕੀਤਾ ਹੈ। ਪ੍ਰਧਾਨ ਜੀ, ਜਦੋਂ ਤੁਹਾਡੇ ਜਥੇ ਨੂੰ ਵੀਜ਼ਾ ਹੀ ਨਹੀਂ ਮਿਲਿਆ, ਤੁਸੀ ਜਥਾ ਭੇਜ ਕਿਵੇਂ ਸਕਦੇ ਸੀ?

ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਤੁਸੀ ਇਸ ਲਈ ਪਾਕਿਸਤਾਨ ਦੀ ਅੰਬੈਸੀ ਨੂੰ ਜ਼ਿੰਮੇਵਾਰ ਦਸਿਆ ਹੈ, ਜੋ ਕਿ ਸਹੀ ਨਹੀਂ ਹੈ। ਪਾਕਿਸਤਾਨ ਦੀ ਅੰਬੈਸੀ ਵਲੋਂ ਸਿੱਖ ਸੰਗਤਾਂ ਨੂੰ  ਲਾਹੌਰ ਜਾਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀਜ਼ੇ ਦਿਤੇ ਗਏ ਹਨ ਅਤੇ ਸਿੱਖ ਸੰਗਤਾਂ ਬੜੇ ਉਤਸ਼ਾਹ ਨਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਲਾਹੌਰ ਪੁੱਜੀਆਂ ਹਨ। ਜੇ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਜਾਣ ਵਾਲੇ ਜਥੇ ਨੂੰ ਵੀਜ਼ਾ ਨਹੀਂ ਮਿਲਿਆ ਤਾਂ ਇਸ ਲਈ ਪਾਕਿਸਤਾਨ ਦੀ ਅੰਬੈਸੀ ਨਹੀਂ, ਸ਼੍ਰੋਮਣੀ ਕਮੇਟੀ ਖ਼ੁਦ ਜ਼ਿੰਮੇਵਾਰ ਹੈ।

ਸ. ਗੋਬਿੰਦ ਸਿੰਘ ਲੋਂਗੋਵਾਲ ਜੀ, ਤੁਹਾਡੇ ਵਲੋਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪਾਕਿਸਤਾਨ ਦੀ ਅੰਬੈਸੀ ਨੂੰ ਉਲਾਂਭਾ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਸੱਚ ਇਹ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ।  ਕੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਂਦੇ ਹਨ ਅਤੇ ਇਸੇ ਮੁਤਾਬਕ ਹੀ ਪਾਕਿਸਤਾਨ ਦੀ ਅੰਬੈਸੀ ਵਲੋਂ ਹਰ ਸਾਲ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਜਾਂਦੇ ਹਨ?

ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 2 ਹਾੜ (16 ਜੂਨ) ਨੂੰ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਪਾਕਿਸਤਾਨ ਦੀ ਅੰਬੈਸੀ ਵਲੋਂ ਜਥਿਆਂ ਨੂੰ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਜਦੋਂ ਸ਼੍ਰੋਮਣੀ ਕਮੇਟੀ ਨੂੰ ਪਤਾ ਹੈ ਕਿ ਪਾਕਿਸਤਾਨ ਦੀ ਅੰਬੈਸੀ ਨੇ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਵੀਜ਼ੇ ਨਹੀਂ ਦੇਣੇ ਤਾਂ ਕਿਉਂ ਹਰ ਸਾਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਸ਼ਰਧਾਲੂਆਂ ਨੂੰ ਖੱਜਲ ਕਰਦੇ ਹਨ? ਹਰ ਸਾਲ ਸ਼੍ਰੋਮਣੀ ਕਮੇਟੀ, ਸੰਗਤਾਂ ਨੂੰ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਸੱਦਾ ਦਿੰਦੀ ਹੈ।  

ਜਦੋਂ ਸ਼ਰਧਾਲੂ ਅਪਣੇ ਕਾਗ਼ਜ਼-ਪੱਤਰ ਪੂਰੇ ਕਰ ਕੇ, ਜਮ੍ਹਾਂ ਕਰਵਾਉਂਦੇ ਹਨ ਤਾਂ ਅੱਗੋਂ ਕਮੇਟੀ ਇਹ ਕਹਿ ਕੇ ਸਾਰ ਦਿੰਦੀ ਹੈ ਕਿ ਪਾਕਿਸਤਾਨ ਅੰਬੈਸੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਵੀਜ਼ੇ ਨਾ ਦੇ ਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਸ. ਗੋਬਿੰਦ ਸਿੰਘ ਲੋਂਗੋਵਾਲ ਜੀ, ਪਿਛਲੇ ਕਈ ਸਾਲਾਂ ਤੋਂ, ਜਦੋਂ ਸ਼੍ਰੋਮਣੀ ਕਮੇਟੀ ਵਲੋਂ, ਸਿੱਖ ਸ਼ਰਧਾਲੂਆਂ ਨੂੰ ਅਪਣੇ ਪਾਸਪੋਰਟ ਜਮ੍ਹਾਂ ਕਰਵਾਉਣ ਦਾ ਸੱਦਾ ਦਿਤਾ ਜਾਂਦਾ ਹੈ,

ਮੈਂ ਉਸੇ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਕੱਤਰ ਜਾਂ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਪੱਤਰ ਲਿਖ ਕੇ ਜਾਣੂ ਕਰਵਾਉਂਦਾ ਰਿਹਾ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਵੀਜ਼ਾ ਨਹੀਂ ਮਿਲਣਾ, ਸੰਗਤਾਂ ਨੂੰ ਖੱਜਲ ਨਾ ਕਰੋ। ਇਹ ਜਾਣਦੇ ਹੋਏ ਵੀ ਕਿ ਪਾਕਿਸਤਾਨ ਦੀ ਅੰਬੈਸੀ ਨੇ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਵੀਜ਼ਾ ਨਹੀਂ ਦੇਣਾ, ਹਰ ਸਾਲਾਂ ਇਸ ਅਮਲ ਨੂੰ ਦੁਹਰਾਈ ਜਾਣਾ, ਅਣਜਾਣੇ ਵਿਚ ਹੋਈ ਭੁੱਲ ਤਾਂ ਨਹੀਂ ਮੰਨੀ ਜਾ ਸਕਦੀ।

ਪ੍ਰਧਾਨ ਜੀ, ਮੈਂ ਅੱਜ ਫਿਰ ਅਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਜੇ ਸ਼੍ਰੋਮਣੀ ਕਮੇਟੀ ਨੇ ਧੁਮੱਕੜਸ਼ਾਹੀ ਕੈਲੰਡਰ ਦਾ ਖਹਿੜਾ ਨਾ ਛਡਿਆ ਤਾਂ ਆਉਣ ਵਾਲੇ 10 ਸਾਲ ਵੀ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਗਏ ਪਾਸਪੋਰਟਾਂ ਉਪਰ ਪਾਕਿਸਤਾਨ ਦੀ ਅੰਬੈਸੀ ਨੇ ਵੀਜ਼ਾ ਨਹੀਂ ਦੇਣਾ। ਸੰਮਤ 553 ਨਾਨਕਸ਼ਾਹੀ (ਜੂਨ 2021) ਨੂੰ ਜਥਾ ਭੇਜ ਤਾਂ ਸਕਦੇ ਹੋ ਪਰ ਉਸ ਜਥੇ ਨੂੰ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਉਲੀਕੇ ਗਏ ਸਮਾਗਮਾਂ ਵਿਚ ਸ਼ਾਮਲ ਹੋਣ ਬਿਨਾਂ ਹੀ ਵਾਪਸ ਪਰਤਣਾ ਪਵੇਗਾ।

ਯਾਦ ਰਹੇ ਸੰਮਤ 543 ਨਾਨਕਸ਼ਾਹੀ (ਜੂਨ 2013 ਈ:) ਵਿਚ ਵੀ ਸ਼੍ਰੋਮਣੀ ਕਮੇਟੀ ਵਲੋਂ ਭੇਜਿਆ ਗਿਆ ਜਥਾ ਵੀ 8 ਜੂਨ ਨੂੰ ਗਿਆ ਸੀ ਅਤੇ 13 ਜੂਨ ਨੂੰ, ਉਥੇ ਉਲੀਕੇ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਬਿਨਾਂ ਹੀ ਵਾਪਸ ਆ ਗਿਆ ਸੀ। ਸ਼੍ਰੋਮਣੀ ਕਮੇਟੀ ਸੰਮਤ 561 ਨਾਨਕਸ਼ਾਹੀ (ਜੂਨ 2029 ਈ:) ਵਿਚ ਹੀ ਜਥਾ ਭੇਜ ਸਕੇਗੀ।
ਸੰਮਤ 535 ਤੋਂ ਸੰਮਤ 541 ਨਾਨਕਸ਼ਾਹੀ (2003-4 ਤੋਂ 2009-10 ਈ:) ਦੇ ਸਮੇਂ ਦੌਰਾਨ, ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਰੇ ਗੁਰਪੁਰਬ ਅਤੇ ਹੋਰ ਦਿਹਾੜੇ ਮਨਾਏ ਜਾਂਦੇ ਰਹੇ ਹਨ ਤਾਂ ਅਜਿਹੀ ਕੋਈ ਸਮੱਸਿਆ ਨਹੀਂ ਸੀ ਆਈ।

ਹੁਣ ਪਿਛਲੇ 8 ਸਾਲਾਂ ਤੋਂ, ਹਰ ਸਾਲ ਇਹ ਸਮੱਸਿਆ ਆ ਰਹੀ ਹੈ ਅਤੇ ਭਵਿੱਖ ਵਿਚ ਵੀ ਹਰ ਸਾਲ ਆਵੇਗੀ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਭੇਜੇ ਜਾਣ ਵਾਲੇ ਜਥੇ ਨੂੰ ਕਦੇ ਕੋਈ ਸਮੱਸਿਆ ਨਹੀ ਆਈ। ਇਸ ਸਾਲ ਵੀ ਸ਼੍ਰੋਮਣੀ ਕਮੇਟੀ ਵਲੋਂ ਅਪਣਾ ਜਥਾ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਉਲੀਕੇ ਗਏ ਪ੍ਰੋਗਰਾਮ ਮੁਤਾਬਕ (15 ਹਾੜ) ਹੀ ਭੇਜਿਆ ਜਾਣਾ ਹੈ। ਜੇ ਵਿਰੋਧ ਕਰਨਾ ਹੀ ਹੈ ਤਾਂ ਜਿਸ ਜਥੇ ਨੂੰ ਵੀਜ਼ੇ ਮਿਲ ਚੁੱਕੇ ਹਨ, ਉਸ ਨੂੰ ਨਾ ਭੇਜਣ ਦਾ ਐਲਾਨ ਕਰੋ।

ਪ੍ਰਧਾਨ ਜੀ, ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤਾ ਜਾਂਦਾ ਕੈਲੰਡਰ ਸੂਰਜੀ ਕੈਲੰਡਰ ਹੈ ਜਿਸ ਦੇ ਸਾਲ ਦੇ 365 ਦਿਨ (1 ਚੇਤ ਤੋਂ 30 ਫੱਗਣ) ਹੁੰਦੇ ਹਨ।  ਇਸ ਕੈਲੰਡਰ ਮੁਤਾਬਕ ਤਾਂ ਹਰ ਸਾਲ, ਹਰ ਦਿਹਾੜਾ ਮੁੜ ਉਸੇ ਤਰੀਕ ਨੂੰ ਆਉਂਦਾ ਹੈ। ਜੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹਰ ਸਾਲ 15 ਹਾੜ ਨੂੰ ਮਨਾਈ ਜਾ ਸਕਦੀ ਹੈ, ਜੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾ ਸਕਦਾ ਹੈ, ਜੇ ਵੈਸਾਖੀ ਹਰ ਸਾਲ 1 ਵੈਸਾਖ ਨੂੰ ਮਨਾਈ ਜਾ ਸਕਦੀ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਹਰ ਸਾਲ 2 ਹਾੜ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ?

ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿਚ ਇਸ ਦਿਹਾੜੇ ਦੀ ਤਰੀਕ, ਹਰ ਸਾਲ ਬਦਲ ਕਿਉਂ ਜਾਂਦੀ ਹੈ? ਕੀ ਇਹ ਸੱਚ ਨਹੀਂ ਕਿ ਜਿਸ ਦਿਨ ਗੁਰੂ ਜੀ ਦੀ ਸ਼ਹੀਦੀ ਹੋਈ ਸੀ ਉਸ ਦਿਨ 2 ਹਾੜ ਸੀ? ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦੇਸ਼-ਵਿਦੇਸ਼ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਜੋ ਹਰ ਸਾਲ, ਇਹ ਦਿਹਾੜਾ 2 ਹਾੜ ਨੂੰ ਮਨਾਉਂਦੀਆਂ ਹਨ ਉਹ ਗੁਰਮਤਿ ਦੇ ਕਿਸ ਸਿਧਾਂਤ ਦੀ ਅਵੱਗਿਆ ਕਰਦੀਆਂ ਹਨ? ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਰੀਕ 2 ਹਾੜ/16 ਜੂਨ ਜੇ ਸਿੱਖ ਸੰਗਤਾਂ ਨੂੰ ਯਾਦ ਹੋ ਜਾਵੇ ਤਾਂ ਸ਼੍ਰੋਮਣੀ ਕਮੇਟੀ ਨੂੰ ਕੀ ਇਤਰਾਜ਼ ਹੈ?

ਸ. ਗੋਬਿੰਦ ਸਿੰਘ ਲੋਂਗੋਵਾਲ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿਜੇ ਧੁਮੱਕੜਸ਼ਾਹੀ ਨੂੰ ਰੱਦ ਕਰ ਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਤੁਹਾਡੇ ਅਧਿਕਾਰ ਖੇਤਰ ਵਿਚ ਨਹੀਂ ਹੈ ਤਾਂ ਘੱਟੋ-ਘੱਟ ਅਜਿਹਾ ਪੱਕਾ ਪ੍ਰਬੰਧ ਕਰ ਦਿਉ ਤਾਂ ਜੋ ਆਉਣ ਵਾਲੇ ਸਾਲਾਂ ਵਿਚ, ਜਦੋਂ ਇਹ ਪਹਿਲਾਂ ਹੀ ਪਤਾ ਹੋਵੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਥੇ ਨੂੰ ਵੀਜ਼ਾ ਨਹੀਂ ਮਿਲਣਾ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਸ਼ਹੀਦੀ ਦਿਹਾੜੇ ਤੇ ਜਥਾ ਭੇਜਣ ਦੇ ਨਾਮ ਤੇ ਸੰਗਤਾਂ ਨੂੰ ਖੱਜਲ-ਖੁਆਰ ਨਾ ਕਰ ਸਕਣ।

 ਪ੍ਰਧਾਨ ਜੀ, ਜੇ ਆਪ ਜੀ ਨੂੰ ਯਾਦ ਹੋਵੇ ਤਾਂ ਪਿਛਲੇ ਮਹੀਨੇ (3 ਮਈ) ਸਾਡੀ ਫ਼ੋਨ ਤੇ ਹੋਈ ਗੱਲਬਾਤ ਦੌਰਾਨ, ਮੇਰੀ ਸ਼ਿਕਾਇਤ ਰੂਪੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਆਪ ਜੀ ਨੇ ਵਾਅਦਾ ਕੀਤਾ ਸੀ ਕਿ, ਅੱਗੋਂ ਤੋਂ ਆਉਣ ਵਾਲੇ ਹਰ ਪੱਤਰ ਜਾਂ ਈ-ਮੇਲ ਦਾ ਜਵਾਬ ਦੇਣ ਦਾ ਪੱਕਾ ਪ੍ਰਬੰਧ ਕਰ ਦਿਤਾ ਜਾਵੇਗਾ। ਪਰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਆਪ ਜੀ ਦਾ ਉਹ ਵਾਅਦਾ ਵਫ਼ਾ ਨਹੀਂ ਹੋਇਆ।

ਖ਼ਿਆਲ ਰੱਖੋ, ਹੁਣ ਆਪ ਜੀ ਸਿਆਸੀ ਲੀਡਰ ਨਹੀਂ ਸਗੋਂ ਧਾਰਮਕ ਸੰਸਥਾ ਦੇ ਮੁਖੀ ਹੋ। ਧਾਰਮਿਕ ਵਿਅਕਤੀਆਂ ਨੂੰ ਸਿਆਸੀ ਲੀਡਰਾਂ ਵਾਂਗ ਫੋਕੇ ਲਾਰੇ ਲਾਉਣੇ ਸ਼ੋਭਾ ਨਹੀਂ ਦਿੰਦੇ। ਆਸ ਕਰਦੇ ਹਾਂ ਕਿ ਆਪ ਜੀ ਇਸ ਪਾਸੇ ਜ਼ਰੂਰ ਧਿਆਨ ਦਿਉਗੇ।
ਧਨਵਾਦ।
ਸਤਿਕਾਰ ਸਹਿਤ

ਸੰਪਰਕ : sarbjits@gmail.com

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement