ਗੰਢਾ ਤੇ ਅਚਾਰ 
Published : Jun 13, 2018, 4:59 am IST
Updated : Jun 13, 2018, 4:59 am IST
SHARE ARTICLE
Pickle
Pickle

ਡਾਕਟਰੀ ਦੇ ਵਿਦਿਆਰਥੀਆਂ ਦਾ ਇਮਤਿਹਾਨ ਲੈਣ ਲਈ ਬਾਹਰੀ ਪ੍ਰੀਖਿਅਕ ਵਜੋਂ ਜੰਮੂ ਗਏ ਨੂੰ ਮੈਨੂੰ ਤੀਜਾ ਦਿਨ ਸੀ। ਦੋ ਦਿਨਾਂ ਵਿਚ ਆਲਾ-ਦੁਆਲਾ ਵੇਖਿਆ। ਕੁੱਝ...

ਡਾਕਟਰੀ ਦੇ ਵਿਦਿਆਰਥੀਆਂ ਦਾ ਇਮਤਿਹਾਨ ਲੈਣ ਲਈ ਬਾਹਰੀ ਪ੍ਰੀਖਿਅਕ ਵਜੋਂ ਜੰਮੂ ਗਏ ਨੂੰ ਮੈਨੂੰ ਤੀਜਾ ਦਿਨ ਸੀ। ਦੋ ਦਿਨਾਂ ਵਿਚ ਆਲਾ-ਦੁਆਲਾ ਵੇਖਿਆ। ਕੁੱਝ ਲਿਖਣ ਨੂੰ ਮਨ ਕੀਤਾ ਪਰ ਸਮੇਂ ਦੀ ਕਮੀ ਸੀ। ਜੰਮੂ ਵਿਚੋਂ ਮੈਂ ਤਿੰਨ ਵਾਰ ਲੰਘਿਆ, ਪਰ ਇਥੇ ਰਹਿਣ ਦਾ ਇਹ ਪਹਿਲਾ ਮੌਕਾ ਹੈ। ਸ਼ਹਿਰ ਵਿਚ ਮੈਂ ਜੰਮੂ ਕਲੱਬ ਦੇ ਇਕ ਕਮਰੇ ਵਿਚ ਠਹਿਰਿਆ ਹੋਇਆ ਹਾਂ।

ਛੋਟੇ ਹੁੰਦਿਆਂ ਜਦ ਕੰਪਨੀ ਬਾਗ਼ ਅੰਮ੍ਰਿਤਸਰ ਵਿਚ ਵੱਖ ਵੱਖ ਕਲੱਬਾਂ ਕੋਲੋਂ ਪੈਦਲ ਜਾਂ ਸਾਈਕਲ ਉਤੇ ਲੰਘਦੇ ਹੁੰਦੇ ਸਾਂ ਤਾਂ ਪਾਸੇ ਹਟਾਏ ਹੋਏ ਪਰਦਿਆਂ ਵਾਲੀਆਂ ਬਾਰੀਆਂ ਵਿਚੋਂ ਦੀ, ਅੰਦਰ ਤਾਸ਼ ਜਾਂ ਜੂਆ ਖੇਡਦੇ, ਪੈੱਗ ਲਾਉਂਦੇ, ਮੌਜ ਮਸਤੀ ਕਰਦੇ ਅਮੀਰਾਂ ਵਲ ਵੇਖ ਕੇ ਕਲੱਬ ਦੇ ਨਾਂ ਨਾਲ ਨਫ਼ਤਰ ਜਿਹੀ ਹੋ ਜਾਂਦੀ ਸੀ। ਉਂਜ ਇਕ ਹਸਰਤ ਨਾਲ ਤਕ ਕੇ ਸੋਚੀਦਾ ਸੀ ਕਿ ਇਸ ਤਰ੍ਹਾਂ ਦੀ ਜਗ੍ਹਾ ਸਾਡੀ ਪਹੁੰਚ ਤੋਂ ਬਾਹਰ ਹੈ।

ਹੁਣ ਭਾਵੇਂ ਇਹ ਪਹੁੰਚ ਬਣੀ ਹੈ, ਪਰ ਇਹ ਐਸ਼ਪ੍ਰਸਤੀ ਵਾਸਤੇ ਨਹੀਂ। ਇਥੇ ਵੀ ਉਹੀ ਮਿਹਨਤ ਕਰ ਰਿਹਾ ਹਾਂ ਜੋ ਸਾਰੀ ਉਮਰ ਕੀਤੀ ਹੈ। ਹਾਂ, ਇਸ ਤਰ੍ਹਾਂ ਦੀ ਮੁਸ਼ੱਕਤ ਲਈ ਆਰਾਮਦਾਇਕ ਮਾਹੌਲ ਚਾਹੀਦਾ ਹੈ, ਜੋ ਕਲੱਬ ਦੇ ਠਹਿਰਨ ਵਾਲੇ ਕਮਰੇ ਵਿਚ ਮੌਜੂਦ ਸੀ। ਸਵੇਰ ਤੋਂ ਬਾਅਦ-ਦੁਪਹਿਰ ਢਾਈ-ਤਿੰਨ ਵਜੇ ਤਕ ਪ੍ਰੈਕਟੀਕਲ ਲੈਣਾ, ਖਾਣੇ ਤੋਂ ਬਾਅਦ ਥੋੜਾ ਜਿਹਾ ਆਰਾਮ ਅਤੇ ਫਿਰ ਸ਼ਾਮ ਨੂੰ ਤੇ ਦੇਰ ਰਾਤ ਤਕ ਥਿਊਰੀ ਦੇ ਪਰਚੇ ਚੈੱਕ ਕਰਨਾ। ਢੀਠ ਬਣ ਕੇ, ਮਨ ਮਾਰ ਕੇ ਕਰਨ ਵਾਲਾ, ਸਖ਼ਤ ਮਿਹਨਤ ਦਾ ਕੰਮ ਹੈ ਪਰਚੇ ਚੈੱਕ ਕਰਨ ਦਾ।

ਬਾਹਰ ਏਨਾ ਕੁੱਝ ਵੇਖਣ ਵਾਲਾ ਹੁੰਦਾ ਹੈ, ਪਰ ਕਮਰੇ ਵਿਚ ਹੀ ਬੰਦ ਹੋ ਕੇ ਬੈਠੇ ਰਹੋ। ਕੀ ਕਰੀਏ, ਕਰਨਾ ਪੈਂਦਾ ਹੈ, ਕਿਉਂਕਿ ਇਸ ਮਿੱਥੇ ਸਮੇਂ ਵਿਚ, ਥਿਊਰੀ ਦਾ ਕੰਮ ਵੀ ਮੁਕੰਮਲ ਕਰ ਕੇ ਜਾਣਾ ਹੁੰਦਾ ਹੈ।ਪਹਿਲੇ ਦੋ ਦਿਨ ਅਤੇ ਤੀਜੇ ਦਿਨ ਤੜਕੇ ਸਾਢੇ ਤਿੰਨ ਤੋਂ ਛੇ ਵਜੇ ਤਕ ਵਾਧੂ ਸਮਾਂ ਲਾ ਕੇ, ਮੈਂ ਸਾਰੇ ਹੀ ਪਰਚੇ ਚੈੱਕ ਕਰ ਲਏ ਅਤੇ ਸਵੇਰ ਦੀ ਸੈਰ ਲਈ ਨਿਕਲ ਤੁਰਿਆ। ਸ਼ਹਿਰ ਤੋਂ ਬਾਹਰ ਦੀ ਦਿਸ਼ਾ ਵਲ ਚਲਦਾ ਚਲਦਾ ਮੈਂ ਤਵੀ ਦਾ ਪੁਲ ਪਾਰ ਕਰ ਕੇ ਸ਼ਹੀਦ ਸੇਖੋਂ ਦੇ ਬੁੱਤ ਤਕ ਪਹੁੰਚ ਗਿਆ। ਰਾਤ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਸੀ।

ਪਹਾੜਾਂ, ਨਦੀਆਂ ਤੇ ਹਰਿਆਵਲ ਦੇ ਕੁਦਰਤੀ ਨਜ਼ਾਰੇ, ਘੱਟ ਪ੍ਰਦੂਸ਼ਣ, ਘੱਟ ਟ੍ਰੈਫ਼ਿਕ, ਮੰਦਰ, ਕਈ ਥਾਈਂ ਸੁਰੱਖਿਆ ਬਲਾਂ ਦੇ ਨਾਕੇ, ਹਰ ਫ਼ਿਰਕੇ ਦੇ ਲੋਕਾਂ ਦੀ ਵਸੋਂ, ਭੋਲੇ-ਭਾਲੇ ਲੋਕ, ਬਾਹੂ ਕਿਲ੍ਹਾ, ਮੰਦਰ ਅਤੇ ਥੋੜੇ ਡੋਗਰੀ ਅੰਸ਼ ਨਾਲ ਸੱਭ ਪੰਜਾਬੀ ਬੋਲਦੇ ਲੋਕ, ਇਥੋਂ ਦੀਆਂ ਵਿਸ਼ੇਸ਼ਤਾਈਆਂ ਹਨ। ਅਖ਼ਨੂਰ ਰੋਡ ਵਾਲੀ ਨਹਿਰ ਵੀ ਆਕਰਸ਼ਕ ਹੈ।

ਰਾਤ ਕਲੱਬ ਦੇ ਰੇਸਤਰਾਂ ਵਿਚ, ਅੰਦਰਲੇ ਅਤੇ ਬਾਹਰੀ ਪ੍ਰੀਖਿਅਕਾਂ ਸਮੇਤ ਪੈਥਾਲੋਜੀ ਵਿਭਾਗ ਦੇ ਸਾਰੇ ਸਟਾਫ਼ ਦਾ ਡਿਨਰ ਸੀ। ਠੰਢਾ-ਠਾਰ ਸੰਗਮਰਮਰੀ, ਏ.ਸੀ. ਡਾਈਨਿੰਗ ਹਾਲ, ਹਲਕਾ ਸੰਗੀਤ, ਅਮੀਰ ਅਤੇ ਭੜਕੀਲੇ ਕਪੜਿਆਂ ਵਾਲੇ ਐਸ਼ਪ੍ਰਸਤ ਲੋਕ ਪੀਣ ਅਤੇ ਖਾਣ ਵਾਲੇ ਕਈ ਤਰ੍ਹਾਂ ਦੇ ਸ਼ਾਕਾਹਾਰੀ ਅਤੇ ਮਾਸਾਹਾਰੀ ਵਿਅੰਜਨਾਂ ਦੇ ਆਰਡਰ ਦਿਤੇ ਜਾ ਰਹੇ ਸਨ। 

ਸਾਡੇ ਮੇਜ਼ ਉਤੇ ਤਿੰਨ ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ, ਮਹਿੰਗੇ ਅੰਗਰੇਜ਼ੀ ਬਰਾਂਡ ਦੀ ਵਿਸਕੀ ਦੇ ਘੁੱਟ ਭਰ ਰਹੇ ਸਨ। ਵੇਟਰ, ਇਕ ਫ਼ੁੱਲ ਪਲੇਟ ਵਿਚ ਟਿਸ਼ੂ ਪੇਪਰ ਵਿਛਾ ਕੇ, ਉਸ ਵਿਚ ਦੋ ਛੋਟੀਆਂ ਕੌਲੀਆਂ ਅਤੇ ਦੋ ਛੋਟੇ ਚਮਚੇ ਰੱਖ ਲਿਆਇਆ ਅਤੇ ਮੇਜ਼ ਉਤੇ ਰਖਦਾ ਹੋਇਆ ਬੋਲਿਆ, ''ਸਰ...  ਮੈਂਗੋ ਪਿਕਲ ਐਂਡ ਸਿੰਪਲ ਅਨੀਅਨ ਸੈਲੇਡ।”

ਯਾਨੀ ਕਿ ਅੰਬ ਦਾ ਅਚਾਰ ਅਤੇ ਗੰਢਾ। ਖਾਣੇ ਦੇ ਪਕਵਾਨਾਂ ਨਾਲ ਨੱਕੋ-ਨੱਕ ਭਰੇ ਮੇਜ਼ ਉਤੇ ਇਨ੍ਹਾਂ ਦੋ ਛੋਟੀਆਂ ਕੌਲੀਆਂ ਨੇ ਦਿਲ ਖ਼ੁਸ਼ ਕਰ ਦਿਤਾ। ਇਹੀ ਤਾਂ ਮੇਰੀ ਮਨਪਸੰਦ ਡਿਸ਼ ਹੈ। ਮੈਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹਨ ਜਦ ਹਾੜ੍ਹ-ਸਾਉਣ ਦੇ ਦਿਨੀਂ ਸਕੂਲ ਤੋਂ ਛੁਟੀਆਂ ਹੋਣੀਆਂ ਤਾਂ ਪੱਠੇ-ਦੱਥੇ ਦਾ ਕੰਮ ਸਵੇਰੇ ਸਵੇਰੇ ਹੀ ਮੁਕਾ ਲੈਣਾ। ਚੁਮਾਸਿਆਂ ਦੇ ਇਨ੍ਹਾਂ ਦਿਨਾਂ ਵਿਚ ਘਰ ਦੇ ਵਿਹੜੇ ਅੰਦਰ ਲਗੀਆਂ ਧਰੇਕਾਂ ਦੀ ਠੰਢੀ ਅਤੇ ਸੰਘਣੀ ਛਾਵੇਂ ਬਹਿ ਜਾਣਾ।

ਮਾਂ ਨੇ ਤੰਦੂਰ ਦੀਆਂ ਗਰਮਾ-ਗਰਮ, ਸਰਗਲੀਆਂ ਚੋਪੜੀਆਂ ਰੋਟੀਆਂ ਉਤੇ ਅੰਬ ਦਾ ਅਚਾਰ ਰੱਖ ਕੇ, ਨਾਲ ਸਾਬੂਤ ਗੰਢਾ ਫੜਾ ਦੇਣਾ। ਅਣਛਿੱਲੇ ਗੰਢੇ ਨੂੰ ਮੰਜੇ ਦੇ ਪਾਵੇ ਉਤੇ ਰੱਖ ਕੇ ਮੁੱਕੀ ਨਾਲ ਭੰਨਣਾ। ਧਰੇਕਾਂ ਦੀ ਛਾਵੇਂ ਬਹਿ ਕੇ ਜੋ ਸਵਾਦ ਉਸ ਗੰਢੇ ਅਤੇ ਅਚਾਰ ਦਾ ਆਉਂਦਾ ਹੈ ਉਸ ਵਰਗੀ ਅੱਜ ਤਕ ਨਾ ਕੋਈ ਡਿਸ਼ ਬਣੀ ਹੈ ਅਤੇ ਨਾ ਕੋਈ ਕਲੱਬ ਜਾਂ ਰੇਸਤਰਾਂ।
ਸੰਪਰਕ : 98728-43491

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement