'ਤੁਸੀ ਕਿਹੋ ਜਿਹੀ ਪੰਜਾਬੀ ਲਿਖਦੇ ਹੋ?'
Published : Jun 13, 2018, 4:44 am IST
Updated : Jun 13, 2018, 4:44 am IST
SHARE ARTICLE
Punjabi in Phones
Punjabi in Phones

ਮੈਂ  ਅਪਣੇ ਫ਼ੇਸਬੁੱਕ ਅਕਾਊਂਟ ਵਿਚ ਪਾਕਿਸਤਾਨ ਦੇ ਇਕ ਲੇਖਕ ਸਲੀਮ ਪਾਸ਼ਾ ਜੀ ਨੂੰ ਕੁੱਝ ਦਿਨ ਪਹਿਲਾਂ ਦੋਸਤ ਬਣਾਇਆ ਸੀ। ਮੈਂ ਫ਼ੇਸਬੁੱਕ ਤੇ ਉਨ੍ਹਾਂ ਨਾਲ ਬਹੁਤ ਗੱਲਾਂ....

ਮੈਂ  ਅਪਣੇ ਫ਼ੇਸਬੁੱਕ ਅਕਾਊਂਟ ਵਿਚ ਪਾਕਿਸਤਾਨ ਦੇ ਇਕ ਲੇਖਕ ਸਲੀਮ ਪਾਸ਼ਾ ਜੀ ਨੂੰ ਕੁੱਝ ਦਿਨ ਪਹਿਲਾਂ ਦੋਸਤ ਬਣਾਇਆ ਸੀ। ਮੈਂ ਫ਼ੇਸਬੁੱਕ ਤੇ ਉਨ੍ਹਾਂ ਨਾਲ ਬਹੁਤ ਗੱਲਾਂ ਸਾਂਝੀਆਂ ਕੀਤੀਆਂ। ਮੈਨੂੰ ਗ਼ਲਤ ਨਾ ਸਮਝਿਆ ਜਾਵੇ ਕਿ ਇਹ ਪਾਕਿਸਤਾਨ ਤੋਂ ਵਿਅਕਤੀਆਂ ਨੂੰ ਦੋਸਤ ਕਿਉਂ ਬਣਾਉਂਦਾ ਹੈ? ਇਸ ਦਾ ਇਕ ਕਾਰਨ ਇਹ ਹੈ ਕਿ ਸਿੱਖ ਧਰਮ ਨਾਲ ਸਬੰਧਤ ਹੋਣ ਕਰ ਕੇ ਇਕ ਤਾਂ ਗੁਰੂ ਨਾਨਕ ਦੇਵ ਜੀ ਦੀ ਜਨਮ-ਭੂਮੀ ਨਨਕਾਣਾ ਸਾਹਿਬ ਸਦਾ ਸਿੱਖਾਂ ਦੇ ਮਨਾਂ ਵਿਚ ਵਸਦੀ ਰਹੇਗੀ ਅਤੇ ਦੂਜਾ ਸਾਡੇ ਵੱਡੇ-ਵਡੇਰੇ ਉਧਰੋਂ ਚੱਕ ਨੰਬਰ 35 (ਜੜ੍ਹਾਂਵਾਲਾ) ਤੋਂ ਆਏ ਸਨ।

ਮੈਨੂੰ ਹੈਰਾਨੀ ਹੋਈ ਜਦੋਂ ਉਨ੍ਹਾਂ ਮੈਨੂੰ ਦਸਿਆ ਕਿ ਉਨ੍ਹਾਂ ਨੂੰ ਗੁਰਮੁਖੀ ਯਾਨੀ ਕਿ ਸਾਡੇ ਵਾਲੀ ਪੰਜਾਬੀ ਬਿਲਕੁਲ ਵੀ ਸਮਝ ਨਹੀਂ ਆਉਂਦੀ। ਫਿਰ ਮੈਂ ਉਨ੍ਹਾਂ ਤੋਂ ਸਵਾਲ ਪੁਛਿਆ ਕਿ ਮੈਂ ਸੁਣਿਆ ਹੈ ਕਿ ਭਾਰਤ ਦੇ ਪੰਜਾਬ ਨੂੰ ਛੱਡ ਕੇ ਜੇ ਸੱਭ ਤੋਂ ਵੱਧ ਪੰਜਾਬੀ ਬੋਲੀ ਜਾਂਦੀ ਹੈ ਤਾਂ ਉਹ ਪਾਕਿਸਤਾਨ ਦੇ ਪੰਜਾਬ ਵਿਚ ਹੈ। ਪਰ ਫਿਰ ਵੀ ਤੁਸੀ ਸਾਡੀ ਪੰਜਾਬੀ ਕਿਉਂ ਨਹੀਂ ਸਮਝ ਸਕਦੇ? ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਬੋਲਦੇ ਉਹ ਪੰਜਾਬੀ ਹੀ ਹਨ ਪਰ ਉਨ੍ਹਾਂ ਦੀ ਪੰਜਾਬੀ ਦੀ ਲਿਪੀ 'ਸ਼ਾਹਮੁਖੀ' ਹੈ।

ਉਨ੍ਹਾਂ ਅੱਗੇ ਦਸਿਆ ਕਿ ਆਮ ਤੌਰ ਤੇ ਅਜੋਕੇ ਯੁੱਗ ਵਿਚ ਹੁਣ ਪੰਜਾਬੀ ਦੀਆਂ ਤਿੰਨ ਲਿਪੀਆਂ ਲੋਕਾਂ ਦੁਆਰਾ ਵਰਤੋਂ ਵਿਚ ਲਿਆਂਦੀਆਂ ਜਾ ਰਹੀਆਂ ਹਨ:
1. ਗੁਰਮੁਖੀ ਲਿਪੀ (ਜੋ ਪੂਰਬੀ ਪੰਜਾਬ ਵਿਚ ਬੋਲੀ ਜਾਂਦੀ ਹੈ)
2. ਸ਼ਾਹਮੁਖੀ ਲਿਪੀ (ਜੋ ਪਛਮੀ ਪੰਜਾਬ ਵਿਚ ਬੋਲੀ ਜਾਂਦੀ ਹੈ)। ਬਾਬਾ ਫ਼ਰੀਦ ਜੀ, ਵਾਰਿਸ ਸ਼ਾਹ ਅਤੇ ਬਾਬਾ ਬੁੱਲ੍ਹੇ ਸ਼ਾਹ ਜੀ ਨੇ ਅਪਣੀਆਂ ਪ੍ਰਸਿੱਧ ਰਚਨਾਵਾਂ ਸ਼ਾਹਮੁਖੀ ਲਿਪੀ ਵਿਚ ਹੀ ਲਿਖੀਆਂ ਸਨ। 

3. ਰੋਮਨ ਲਿਪੀ (ਜੋ ਆਮ ਤੌਰ ਤੇ ਪੰਜਾਬੀ ਸ਼ਬਦ ਅਸੀ ਅਪਣਾ ਸੰਦੇਸ਼ ਦੂਜੇ ਵਿਅਕਤੀ ਨੂੰ ਭੇਜਣ ਲਈ ਇੰਗਲਿਸ਼ (ਰੋਮਨ ਲਿਖੀ) ਵਿਚ ਲਿਖਦੇ ਹਾਂ ਜਿਵੇਂ ਮਿਸਾਲ ਦੇ ਤੌਰ ਤੇ Hello, Ki haal aei ji?

ਇਸ ਤੋਂ ਪਹਿਲਾਂ ਮੈਨੂੰ ਸਿਰਫ਼ ਪੰਜਾਬੀ ਦੀ ਗੁਰਮੁਖੀ ਲਿਖੀ ਬਾਰੇ ਹੀ ਗਿਆਨ ਸੀ। ਖ਼ੈਰ, ਹਰ ਦਿਨ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ ਹੀ ਜਾਂਦਾ ਹੈ। ਬਸ ਲੋੜ ਹੈ ਕਿ ਵੇਖਣ ਵਾਲੀ ਸਾਡੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਅਤੇ ਸਿਖਣ ਲਈ ਬੁੱਧੀ ਹੋਣੀ ਚਾਹੀਦੀ ਹੈ। ਇਵੇਂ ਹੀ ਸਲੀਮ ਪਾਸ਼ਾ ਜੀ ਨਾਲ ਮੁਲਾਕਾਤ ਮੈਨੂੰ ਬਹੁਤ ਕੁਝ ਸਿਖਾ ਗਈ। 

ਗੱਲਾਂ ਕਰਦੇ ਕਰਦੇ ਉਨ੍ਹਾਂ ਮੈਨੂੰ ਇਕ ਗੱਲ ਆਖੀ ਤੇ ਮੈਂ ਉਨ੍ਹਾਂ ਨੂੰ ਲਿਖਿਆ ਕਿ ਮੇਰੇ ਖ਼ਿਆਲ ਵਿਚ, ਤੁਸੀ Majak ਕਰ ਰਹੇ ਹੋ। ਫਿਰ ਉਨ੍ਹਾਂ ਮੈਨੂੰ ਸਵਾਲ ਕੀਤਾ ਕਿ ਤੁਹਾਡੀ ਗੁਰਮੁਖੀ ਲਿਪੀ ਵਿਚ ਜੱਜੇ ਯਾਨੀ ਕਿ J (ਜੱਜੇ) ਦੀ ਅਤੇ 'ਜ਼' ਯਾਨੀ ਕਿ Z ਦੋਨਾਂ ਦੀ ਅਵਾਜ਼ ਹੈ, ਫਿਰ ਤੁਸੀ ਸਾਰੇ ਪੰਜਾਬੀ ਮਜ਼ਾਕ ਨੂੰ ਮਜਾਕ ਕਿਉਂ ਆਖਦੇ ਹੋ? ਉਹ ਕਹਿੰਦੇ ਇਕੱਲੇ ਤੁਸੀ ਹੀ ਨਹੀਂ, ਮੈਂ ਹੋਰਨਾਂ ਪੰਜਾਬੀਆਂ ਵਿਚ ਵੀ ਇਹ ਗੱਲ ਨੋਟ ਕੀਤੀ ਹੈ। ਮੈਂ ਤਾਂ ਉਨ੍ਹਾਂ ਦੇ ਸਵਾਲ ਦਾ ਸਿਰਫ਼ ਏਨਾ ਹੀ ਜਵਾਬ ਦੇ ਸਕਿਆ ਕਿ ਇਹ ਸ਼ੁਰੂ ਤੋਂ ਹੀ ਰੀਤ ਚਲਦੀ ਆ ਰਹੀ ਹੈ

ਅਤੇ ਵੈਸੇ ਵੀ ਸਾਡੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੇ ਸ਼ੁਰੂ ਤੋਂ ਇਵੇਂ ਹੀ ਸਿਖਾਇਆ ਸੀ। ਮੈਂ ਉਨ੍ਹਾਂ ਨੂੰ ਇਹ ਵੀ ਦਸਿਆ ਕਿ ਹਰ 30-40 ਕਿਲੋਮੀਟਰ ਬਾਅਦ ਬੋਲੀ ਦਾ ਲਹਿਜਾ ਬਦਲ ਜਾਂਦਾ ਹੈ, ਸੋ ਸ਼ਾਇਦ ਇਸ ਦਾ ਵੀ ਕੁੱਝ ਅਸਰ ਹੋਵੇ। ਫਿਰ ਉਹ ਕਹਿਣ ਲੱਗੇ ਕਿ Zee “V ਨੂੰ ਤਾਂ ਤੁਸੀ ਸਹੀ ਲਿਖਦੇ ਹੋ। ਉਹ ਕਹਿੰਦੇ ਇਸ ਹਿਸਾਬ ਨਾਲ ਤੁਹਾਨੂੰ Zee “V ਨੂੰ Jee “V (ਜ਼ੀ ਦੀ ਥਾਂ ਜੀ) ਲਿਖਣਾ ਚਾਹੀਦਾ ਹੈ। ਉਹ ਕਹਿੰਦੇ ਕਿ ਇਹ ਕੀ ਭੰਬਲਭੂਸਾ ਜਿਹਾ ਪਾਉਂਦੇ ਹੋ ਤੁਸੀ? ਕਦੇ ਜ਼ ਦੀ ਆਵਾਜ਼ ਨੂੰ ਜ ਦੀ ਆਵਾਜ਼ ਨਾਲ ਬੋਲਦੇ ਹੋ ਅਤੇ ਕਦੇ ਜ਼ ਦੀ ਆਵਾਜ਼ ਨੂੰ ਜ਼ ਯਾਨੀ ਕਿ ਉਸ ਦੀ ਮੂਲ ਆਵਾਜ਼ ਨਾਲ ਬੋਲਦੇ ਹੋ? 

ਫਿਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇਸ ਗੱਲ ਤੇ ਲੇਖ ਲਿਖਾਂਗਾ। ਮੈਂ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਮੈਂ ਬੇਸ਼ੱਕ ਛੋਟੀ ਉਮਰ ਦਾ ਲੇਖਕ ਹਾਂ, ਉਹ ਵੀ ਰੋਜ਼ਾਨਾ ਸਪੋਕਸਮੈਨ ਦੀ ਕਿਰਪਾ ਸਦਕਾ ਜਿਨ੍ਹਾਂ ਨੇ ਮੇਰੇ ਜਿਹੇ ਤੁੱਛ ਵਿਅਕਤੀ ਨੂੰ ਅਖ਼ਬਾਰ ਵਿਚ ਜਗ੍ਹਾ ਦਿਤੀ, ਇਸ ਲਈ ਮੈਂ ਸਦਾ ਇਸ ਅਖ਼ਬਾਰ ਦਾ ਤੇ ਇਸ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਦਾ ਸਦਾ ਰਿਣੀ ਰਹਾਂਗਾ।

ਮੈਂ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਮੈਂ ਬੇਸ਼ੱਕ ਛੋਟੀ ਉਮਰ ਦਾ ਲੇਖਕ ਹਾਂ ਪਰ ਸਾਡੇ ਦੇਸ਼ ਵਿਚ ਵੱਡੀ ਗਿਣਤੀ ਵਿਚ ਸੁਲਝੇ ਅਤੇ ਸੂਝਵਾਨ ਲੇਖਕ ਮੌਜੂਦ ਹਨ ਜੋ ਤੁਹਾਡੀ ਗੱਲ ਦਾ ਜਵਾਬ ਦੇਣ ਦੀ ਅਤੇ ਇਸ ਗੱਲ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰਨਗੇ।ਪਹਿਲਾਂ ਤਾਂ ਇਸ ਲੇਖ ਨੂੰ ਲਿਖਣ ਦੀ ਮੇਰੀ ਹਿੰਮਤ ਨਹੀਂ ਸੀ ਪੈ ਰਹੀ। ਮੈਂ ਸੋਚਿਆ ਕਿ ਪਾਠਕ ਕੀ ਕਹਿਣਗੇ ਕਿ ਵੈਸੇ ਤਾਂ ਇਹ ਲੇਖ ਲਿਖਦਾ ਹੈ ਪਰ ਇਸ ਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਪਰ ਫਿਰ ਸੋਚਿਆ ਸੱਚਾਈ ਵੀ ਤੁਹਾਡੇ ਸਾਹਮਣੇ ਲਿਆਉਣੀ ਜ਼ਰੂਰੀ ਹੈ ਤੇ ਉਹ ਵੀ ਉਹ ਸੱਚਾਈ ਜਿਸ ਵਿਚ ਸਾਡੀ ਮਾਂ-ਬੋਲੀ ਉਤੇ ਸਵਾਲ ਉਠਿਆ ਸੀ।

ਸੋ ਬੜੀ ਸੋਚ ਵਿਚਾਰ ਕਰ ਕੇ ਮੈਂ ਇਸ ਲੇਖ ਨੂੰ ਲਿਖਣ ਦਾ ਫ਼ੈਸਲਾ ਲਿਆ ਤੇ ਸੋਚਿਆ ਕਿ ਕੋਈ ਗੱਲ ਨਹੀਂ, ਜੋ ਹੋਵੇਗਾ ਵੇਖਿਆ ਜਾਵੇਗਾ। ਮੈਂ ਇਹ ਵੀ ਸੋਚਿਆ ਕਿ ਹੋਰ ਲੇਖਕ ਇਸ ਦਾ ਜਵਾਬ ਦੇ ਦੇਣਗੇ ਅਤੇ ਸਾਡੇ ਵਰਗਿਆਂ ਨੂੰ ਕੁੱਝ ਸਿਖਣ ਲਈ ਮਿਲੇਗਾ।ਇਕ ਗੱਲ ਹੋਰ ਕਿ 8 ਅਪ੍ਰੈਲ, 2012 ਨੂੰ ਪਾਕਿਸਤਾਨ ਦੇ ਹੀ ਪ੍ਰਸਿੱਧ ਲੇਖਕ 'ਮੁਹੰਮਦ ਜ਼ਕਰੀਆ ਆਫ਼ਤਾਬ' ਜੀ ਦਾ 'ਮਾਂ ਮਹੇਟਰ' ਲੇਖ ਛਪਿਆ ਸੀ, ਜਿਸ ਵਿਚ ਉਨ੍ਹਾਂ ਇਕ ਬਹੁਤ ਹੀ ਵਧੀਆ ਗੱਲ ਆਖੀ ਸੀ। ਉਨ੍ਹਾਂ ਲਿਖਿਆ ਸੀ ਕਿ ਪੰਜਾਬੀ ਤੇ ਪਹਿਲਾ ਜ਼ੁਲਮ ਸਿੱਖਾਂ ਨੇ ਇਸ ਦਾ ਨਾਂ ਗੁਰਮੁਖੀ ਰੱਖ ਕੇ ਕੀਤਾ ਸੀ ਅਤੇ ਦੂਜਾ ਜ਼ੁਲਮ ਮੁਸਲਮਾਨਾਂ ਨੇ ਸ਼ਾਹਮੁਖੀ ਰੂਪ ਦੇ ਕੇ ਕਰ ਦਿਤਾ।

ਉਨ੍ਹਾਂ ਇਹ ਵੀ ਲਿਖਿਆ ਕਿ ਮਤਰੇਈ ਮਾਂ ਦਾ ਰਵਈਆ ਵੇਖ ਕੇ, ਜਿਥੇ ਲਹਿੰਦੇ ਪੰਜਾਬ ਵਿਚ ਪੰਜਾਬੀ ਭੁੱਬਾਂ ਮਾਰ-ਮਾਰ ਰੋਂਦੀ ਹੈ, ਉਥੇ ਚੜ੍ਹਦੇ ਪੰਜਾਬ ਵਿਚ ਜਾ ਕੇ ਨਿਮਾਣੀ ਮਾਂ ਨੇ ਹਿੰਦੀ ਦਾ ਬਾਲ ਗੋਦ ਲੈ ਲਿਆ। ਮੇਰੀ ਮੁਹੰਮਦ ਜ਼ਕਰੀਆ ਆਫ਼ਤਾਬ ਜੀ ਅੱਗੇ ਵੀ ਬੇਨਤੀ ਹੈ ਕਿ ਜੇ ਪੰਜਾਬੀ ਦੀਆਂ ਲਿਪੀਆਂ ਗੁਰਮੁਖੀ ਅਤੇ ਸ਼ਾਹਮੁਖੀ ਨੂੰ ਜਿਵੇਂ ਕਿ ਉਨ੍ਹਾਂ ਨੇ ਅਪਣੇ ਲੇਖ ਵਿਚ ਜ਼ੁਲਮ ਦਸਿਆ ਹੈ

ਤਾਂ ਕ੍ਰਿਪਾ ਕਰ ਕੇ ਉਹ ਪੰਜਾਬ ਦੀ ਮੂਲ ਲਿਪੀ ਅਤੇ ਪੰਜਾਬੀ ਦੇ ਮੂਲ ਰੂਪ ਬਾਰੇ ਜ਼ਰੂਰ ਚਾਨਣਾ ਪਾਉਣ ਅਤੇ ਦੂਜਾ ਇਹ ਹਿੰਦੀ ਦੇ ਬਾਲ ਬਾਰੇ ਵੀ ਵਿਸਥਾਰ 'ਚ ਦੱਸਣ ਦੀ ਖੇਚਲ ਕਰਨ।ਸੋ ਅੰਤ ਵਿਚ ਮੈਂ ਇਹੋ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਲੇਖਕਾਂ ਜਾਂ ਬੁੱਧੀਜੀਵੀਆਂ ਨੂੰ ਇਸ ਗੱਲ ਬਾਰੇ ਜਾਣਕਾਰੀ ਹੈ, ਉਹ ਅਪਣਾ ਪੱਖ ਜ਼ਰੂਰ ਰੱਖਣ। 
ਸੰਪਰਕ : 98031-02589

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement