ਕੀ ਕੋਈ ਕੇਂਦਰੀ ਰਾਜਨੀਤਕ ਪਾਰਟੀ ਸਿੱਖਾਂ ਦੀ ਸਹਿਯੋਗੀ ਪਾਰਟੀ ਹੈ?
Published : Jul 13, 2018, 1:04 am IST
Updated : Jul 13, 2018, 1:04 am IST
SHARE ARTICLE
Indira Gandhi Former Prime Minister of India
Indira Gandhi Former Prime Minister of India

ਸਿੱਖ ਕੌਮ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦੀ ਤਕਰੀਬਨ 1.6 ਫ਼ੀ ਸਦੀ ਹੈ, ਇੰਨੀ ਥੋੜ੍ਹੀ ਨਫ਼ਰੀ ਹੋਣ ਦੇ ਬਾਵਜੂਦ ਵੀ, ਦੇਸ਼ ਦੀ ਆਜ਼ਾਦੀ ਵਿਚ ਬਹੁਤ ਵੱਡਾ ਹਿੱਸਾ ਪਾਇਆ.......

ਸਿੱਖ ਕੌਮ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦੀ ਤਕਰੀਬਨ 1.6 ਫ਼ੀ ਸਦੀ ਹੈ। ਇੰਨੀ ਥੋੜ੍ਹੀ ਨਫ਼ਰੀ ਹੋਣ ਦੇ ਬਾਵਜੂਦ ਵੀ, ਦੇਸ਼ ਦੀ ਆਜ਼ਾਦੀ ਵਿਚ ਬਹੁਤ ਵੱਡਾ ਹਿੱਸਾ ਪਾਇਆ ਤੇ ਕੁਰਬਾਨੀਆਂ ਕੀਤੀਆਂ। ਆਜ਼ਾਦੀ ਤੋਂ ਪਹਿਲਾਂ, ਸਿੱਖ ਕੌਮ ਇਕ ਤੀਜੀ ਧਿਰ ਵਜੋਂ ਅੰਗਰੇਜ਼ਾਂ ਵਲੋਂ ਪ੍ਰਵਾਨਤ ਹੋਈ ਪਰ ਉਸ ਵੇਲੇ ਦੇ ਕਾਂਗਰਸੀ ਆਗੂਆਂ ਦੇ ਭਰੋਸੇ, ਸਿੱਖ ਲੀਡਰਾਂ ਨੇ ਹਿੰਦੁਸਤਾਨ ਨਾਲ ਰਹਿਣ ਦਾ ਫ਼ੈਸਲਾ ਕੀਤਾ। ਇਸ ਦੇ ਬਾਵਜੂਦ ਦੇਸ਼ ਦੇ ਅਤਿ ਦੁਖਦਾਈ ਬਟਵਾਰੇ ਦਾ ਸੰਤਾਪ ਝਲਿਆ। ਜਦੋਂ ਉਸ ਵੇਲੇ ਦੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਨੇ ਜਵਾਹਰ ਲਾਲ ਨਹਿਰੂ ਨੂੰ ਸਿੱਖਾਂ ਨਾਲ ਕੀਤੇ ਹੋਏ ਵਾਅਦੇ ਯਾਦ ਕਰਵਾਏ ਤਾਂ ਇਕ ਟੁਕ ਜਵਾਬ ਮਿਲਿਆ ਕਿ ਹੁਣ

ਹਾਲਾਤ ਬਦਲ ਗਏ ਹਨ। ਸਿੱਖਾਂ ਨੇ ਦਿੱਲੀ ਇਕ ਰੋਸਮਈ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਤੇ 1948 ਵਿਚ ਜਦੋਂ ਮਾਸਟਰ ਤਾਰਾ ਸਿੰਘ ਦਿੱਲੀ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਉਤੇ ਗ੍ਰਿਫ਼ਤਾਰ ਕਰ ਲਿਆ ਤੇ ਇਹ ਦੇਸ਼ ਦੀ ਆਜ਼ਾਦੀ ਤੋਂ ਉਪਰੰਤ ਪਹਿਲੀ ਸਿਆਸੀ ਗ੍ਰਿਫ਼ਤਾਰੀ ਸੀ। ਸਿੱਖ ਲੀਡਰਾਂ ਵਲੋਂ ਅਪੀਲਾਂ, ਦਲੀਲਾਂ ਤੇ ਬੇਨਤੀਆਂ ਨੂੰ ਬੂਰ ਕਿਥੇ ਪੈਣਾ ਸੀ। ਆਜ਼ਾਦ ਭਾਰਤ ਵਿਚ ਰਹਿੰਦਿਆਂ, ਅਪਣੀ ਮੰਗ ਪੰਜਾਬੀ ਸੂਬੇ ਦੀ ਰਖੀ ਗਈ। ਸਾਰੇ ਦੇਸ਼ ਵਿਚ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੀ ਨਵੇਂ ਸਿਰਿਉਂ ਵੰਡ ਦੀ ਪ੍ਰਤੀਕਿਰਿਆ ਸ਼ੁਰੂ ਹੋਈ ਸੀ ਪਰ ਸਿੱਖਾਂ ਦੀ ਮੰਗ ਨੂੰ ਨਜ਼ਰਅੰਦਾਜ਼ ਹੀ ਕੀਤਾ ਗਿਆ। ਪੰਜਾਬ ਵਿਚ ਰਿਆਸਤਾਂ ਨੂੰ ਇਕੱਠੇ ਕਰ ਕੇ

ਪੈਪਸੂ ਦਾ ਨਿਰਮਾਣ ਹੋਇਆ। ਇਹ ਸਾਰਾ ਇਲਾਕਾ ਬਹੁਲ ਸਿੱਖ ਆਬਾਦੀ ਵਾਲਾ ਸੀ। ਜੇ ਇਸ ਵਿਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਤੇ ਹੋਰ ਪੰਜਾਬੀ ਇਲਾਕੇ ਸ਼ਾਮਲ ਕਰ ਲਏ ਜਾਂਦੇ ਤਾਂ ਸਿੱਖਾਂ ਦੀ, ਵੱਡੀ ਮੰਗ ਪੂਰੀ ਹੋ ਜਾਣੀ ਸੀ ਪਰ ਕਾਂਗਰਸ ਅੰਦਰ ਬੈਠੇ ਫ਼ਿਰਕੂ ਸੋਚ ਵਾਲੇ ਲੋਕ ਤਾਂ ਕੁੱਝ ਹੋਰ ਹੀ ਸੋਚੀ ਬੈਠੇ ਸਨ। ਜਿਸ ਤੋਂ ਬਾਅਦ ਪੈਪਸੂ ਨੂੰ ਤੋੜ ਕੇ ਪੰਜਾਬ ਵਿਚ ਸ਼ਾਮਲ ਕਰ ਦਿਤਾ ਗਿਆ। ਜਦੋਂ ਪੰਜਾਬ ਵਿਚ ਸਿੱਖਾਂ ਦੀ, ਪੰਜਾਬੀ ਸੂਬੇ ਦੀ ਸਥਾਪਨਾ ਦੀ ਮੰਗ ਜ਼ੋਰ ਫੜਨ ਲੱਗੀ ਤਾਂ ਪੰਜਾਬ ਦੇ ਫ਼ਿਰਕੂ ਜਨਸੰਘੀਆਂ ਨੇ ਮਹਾਂ ਪੰਜਾਬ ਦੀ ਮੰਗ ਰੱਖ ਦਿਤੀ। ਕੇਂਦਰ ਸਰਕਾਰ ਤਾਂ ਪਹਿਲਾਂ ਹੀ ਇਹੀ ਕੁੱਝ ਚਾਹੁੰਦੀ ਸੀ। ਅਕਾਲੀ ਦਲ ਦੀ

ਆਵਾਜ਼ 'ਤੇ ਲੱਗੇ ਹੋਏ ਮੋਰਚੇ ਵਿਚ 52 ਹਜ਼ਾਰ ਸਿੰਘਾਂ ਸਿੰਘਣੀਆਂ ਨੇ ਗ੍ਰਿਫ਼ਤਾਰੀ ਦਿਤੀ। ਲਾਲ ਬਹਾਦਰ ਸ਼ਾਸਤਰੀ ਨੇ ਸ. ਹੁਕਮ ਸਿੰਘ ਸਪੀਕਰ ਦੀ ਪ੍ਰਧਾਨਗੀ ਹੇਠ, ਇਕ ਕਮੇਟੀ ਦੀ ਸਥਾਪਨਾ ਕੀਤੀ। ਇੰਦਰਾ ਗਾਂਧੀ ਨੇ ਅਪਣੀ ਸਵੈਜੀਵਨੀ ਵਿਚ ਲਿਖਿਆ ਹੈ ''ਮੈਂ ਬਹੁਤ ਘਾਬਰੀ ਹੋਈ ਸੀ। ਸ. ਹੁਕਮ ਸਿੰਘ ਦਾ ਤਾਂ ਸਿੱਖਾਂ ਪ੍ਰਤੀ ਝੁਕਾਅ ਸੀ। ਮੈਂ ਚਵਾਨ ਸਾਹਿਬ ਕੋਲ ਤੇ ਹੋਰਾਂ ਕੋਲ ਗਈ।'' ਅਸਲ ਗੱਲ ਤਾਂ ਭਾਸ਼ਾ ਦਾ ਆਧਾਰ ਤੇ ਪੰਜਾਬੀ ਸੂਬੇ ਦੀ ਸਥਾਪਨਾ ਸਬੰਧੀ ਇਕ ਕਮੇਟੀ ਨੇ ਰੀਪੋਰਟ ਦੇਣੀ ਸੀ। ਇਥੋਂ ਹੀ ਅੰਦਾਜ਼ਾ ਲਾਈਏ ਕਿ ਇੰਦਰਾ ਗਾਂਧੀ ਦੀ ਸਿੱਖਾਂ ਤੇ ਸਿੱਖ ਮੰਗਾਂ ਪ੍ਰਤੀ ਸੋਚ ਕਿਹੋ ਜਿਹੀ ਸੀ। ਸੰਨ 1961 ਦੀ ਮਰਦਮ ਸ਼ੁਮਾਰੀ ਵੇਲੇ

ਹਿੰਦੂਪ੍ਰਸਤ ਫ਼ਿਰਕੂ ਪ੍ਰੱੈਸ ਨੇ ਪੰਜਾਬ ਦੇ ਹਿੰਦੂਆਂ ਨੂੰ ਅਪਣੀ ਮਾਂ-ਬੋਲੀ ਹਿੰਦੀ ਲਿਖਵਾਉਣ ਲਈ ਕਿਹਾ ਤੇ ਉਤਸ਼ਾਹਤ ਕੀਤਾ ਗਿਆ। ਜਦੋਂ ਪੰਜਾਬ ਦੇ ਹਿੰਦੂ ਦੀ ਘਰ ਵਿਚ ਬੋਲਣ ਵਾਲੀ ਭਾਸ਼ਾ ਪੰਜਾਬੀ, ਉਨ੍ਹਾਂ ਦੇ ਗੀਤ ਪੰਜਾਬੀ ਤੇ ਵੈਣ ਵੀ ਪੰਜਾਬੀ ਵਿਚ ਸਨ ਤਾਂ ਫਿਰ ਹਿੰਦੀ ਕਿਧਰੋਂ ਆ ਗਈ? ਇਹ ਇਨ੍ਹਾਂ ਜਨਸੰਘੀਆਂ ਦੀ ਫ਼ਿਰਕੂ ਸੋਚਣੀ ਸੀ। ਥੋੜਾ ਹੋਰ ਅੱਗੇ ਚਲੀਏ ਕਿ ਜਦੋਂ 1 ਨਵੰਬਰ 1966 ਨੂੰ ਅਜੋਕਾ ਪੰਜਾਬ ਹੋਂਦ ਵਿਚ ਲਿਆਂਦਾ ਗਿਆ ਤਾਂ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਪੰਜਾਬ ਵਿਚ ਸ਼ਾਮਲ ਨਾ ਕੀਤੇ ਗਿਆ। ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਵੰਡ ਦਾ ਹਰਿਆਣੇ ਤੇ ਰਾਜਸਥਾਨ ਨੂੰ ਵੀ ਹਿੱਸੇਦਾਰ ਬਣਾਇਆ ਗਿਆ ਤੇ ਇਸ ਤਰ੍ਹਾਂ ਪੰਜਾਬ

ਦੀ ਸਿੱਖ ਕਿਸਾਨੀ ਤੇ ਆਰਥਕਤਾ 'ਤੇ ਸੱਟ ਮਾਰੀ ਗਈ। ਇਥੋਂ ਦੀ ਫ਼ਿਰਕੂ ਪ੍ਰੈੱਸ ਨੇ ਪੰਜਾਬ ਵਿਚ ਰਹਿੰਦੇ ਹਿੰਦੂ-ਸਿੱਖਾਂ ਦੇ ਆਪਸੀ ਖ਼ੁਸ਼ਗਵਾਰ ਸਬੰਧਾਂ 'ਚ ਖਟਾਸ ਪਾਉਣ ਦੀ ਕੋਈ ਕਸਰ ਨਾ ਛੱਡੀ। ਸੰਨ 1978 ਵਿਚ, ਜਦੋਂ ਅੰਮ੍ਰਿਤਸਰ ਵਿਚ, ਨਿਰੰਕਾਰੀਆਂ ਨੇ ਰੋਸ ਪ੍ਰਗਟ ਕਰਦੇ, ਨਿਹੱਥੇ ਸਿੰਘਾਂ 'ਤੇ ਗੋਲੀਆਂ ਚਲਾ ਕੇ 13 ਸਿੰਘ ਮਾਰ ਦਿਤੇ ਤਾਂ ਲਾਲਾ ਜਗਤ ਨਰੈਣ ਦੀ ਅਖ਼ਬਾਰ ਨੇ ਨਿਰੰਕਾਰੀਆਂ ਦੀ ਪਿੱਠ ਠੋਕੀ ਤੇ ਹਮਾਇਤੀ ਬਣੇ। ਗੱਲ ਕੀ ਸੀ ਕਿ ਹਰ ਸਿੱਖ ਹੱਕੀ ਮੰਗ 'ਤੇ ਸਿੱਖਾਂ ਪ੍ਰਤੀ ਵਿਰੋਧ, ਭਾਜਪਾ ਦੇ ਇਹ ਸਮਰਥਕ ਕਰਦੇ ਰਹੇ। ਸੰਨ 1983 ਵਿਚ ਜਦੋਂ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚਾ ਚਲ ਰਿਹਾ ਸੀ ਤਾਂ ਸਿੱਖਾਂ ਦੀ ਮੰਗ ਸੀ ਕਿ

ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਤਾ ਜਾਵੇ। ਸ਼ਹਿਰ ਵਿਚੋਂ ਮਾਸ ਤੇ ਸਿਗਰਟਨੋਸ਼ੀ ਦੀਆਂ ਦੁਕਾਨਾਂ ਬਾਹਰ ਕੀਤੀਆਂ ਜਾਣ। ਇਸ  ਵਿਰੁਧ, ਹਿੰਦੂ ਮਹਾਂ ਸੰਮਤੀ ਵਾਲਿਆਂ ਨੇ ਅੰਮ੍ਰਿਤਸਰ ਵਿਚ ਇਕ ਜਲੂਸ ਕਢਿਆ, ਤ੍ਰਿਸ਼ੂਲਾਂ ਉਤੇ ਸਿਗਰਟਾਂ ਟੰਗ ਕੇ ਤੇ ਨਾਹਰੇ ਲਗਾਏ ਗਏ, ''ਕਛ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ।'' ਅੰਮ੍ਰਿਤਸਰ ਸਟੇਸ਼ਨ ਉਤੇ ਲੱਗੀ ਹੋਈ ਇਸ ਸ਼ਹਿਰ ਦੇ ਸੰਸਥਾਪਕ ਗੁਰੂ ਰਾਮਦਾਸ ਜੀ ਦੀ ਤਸਵੀਰ ਨੂੰ ਤੋੜ ਕੇ ਉਸ 'ਤੇ ਥੁਕਿਆ ਗਿਆ। ਉਥੇ ਸਥਾਪਤ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਤੋੜ ਦਿਤਾ ਗਿਆ। ਇਹ ਸੀ, ਇਨ੍ਹਾਂ ਫ਼ਿਰਕੂ ਭਾਜਪਾਈਆਂ ਦੀ ਸੋਚ ਤੇ ਇਹ ਕਿਸੇ ਪੱਖੋਂ ਵੀ ਅਕਾਲੀ ਦਲ ਦੀਆਂ ਮੰਗਾਂ ਦੇ

Lal Bahadur Shastri Former Prime Minister of IndiaLal Bahadur Shastri Former Prime Minister of India

ਹਾਮੀ ਨਹੀਂ ਸਨ। ਸੰਨ 1983 ਤੇ 1984 ਵਿਚ ਜਦੋਂ ਸਿੱਖ ਮੰਗਾਂ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਚਲ ਰਹੀ ਸੀ ਤਾਂ ਕਿਸੇ ਉਚ ਭਾਜਪਾ ਆਗੂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਇਹ ਨਾ ਕਿਹਾ ਕਿ ਅਕਾਲੀ ਦਲ ਦੀਆਂ ਮੰਗਾਂ ਕੋਈ ਦੇਸ਼ ਵਿਰੋਧੀ ਨਹੀਂ ਤੇ ਇਸ ਰਾਜਨੀਤਕ ਮਸਲੇ ਦਾ ਹੱਲ ਰਾਜਨੀਤਕ ਢੰਗ ਨਾਲ ਹੀ ਕਰਨਾ ਚਾਹੀਦਾ ਹੈ। ਪੰਜਾਬ ਵਿਚ ਜਦੋਂ ਪੁਲਿਸ ਦਾ ਜਬਰ ਚਲ ਰਿਹਾ ਸੀ ਤੇ ਕੁੱਝ ਵਾਰਦਾਤਾਂ ਵਿਚ ਇਕ ਫ਼ਿਰਕੇ ਦੇ ਬੰਦੇ ਬਸਾਂ ਵਿਚੋਂ ਕੱਢ ਕੇ ਮਾਰੇ ਜਾ ਰਹੇ ਸਨ ਤਾਂ ਭਾਜਪਾ ਆਗੂਆਂ ਨੇ ਇਕ ਵਾਰੀ ਵੀ ਨਹੀਂ ਕਿਹਾ ਕਿ ਇਨ੍ਹਾਂ ਕਾਰਿਆਂ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਸਗੋਂ ਵਾਰ-ਵਾਰ ਇਹੀ ਕਿਹਾ ਗਿਆ ਕਿ ਮਾਰਨ

ਵਾਲੇ ਸਿੱਖ ਅਤਿਵਾਦੀ ਹਨ ਜਦਕਿ ਸੰਤ ਹਰਚੰਦ ਸਿੰਘ ਲੌਂਗੋਂਵਾਲ ਤੇ ਸੰਤ ਜਰਨੈਲ ਸਿੰਘ ਵਾਰ-ਵਾਰ ਇਹੀ ਕਹਿੰਦੇ ਰਹੇ ਕਿ ਇਸ ਤਰ੍ਹਾਂ ਇਕ ਫ਼ਿਰਕੇ ਦੇ ਬੰਦਿਆਂ ਨੂੰ ਮਾਰਨਾ, ਇਹ ਸਿੱਖਾਂ ਦਾ ਕੰਮ ਨਹੀਂ। ਜੂਨ 1984 ਤੋਂ ਪਹਿਲਾਂ, ਦਿੱਲੀ ਵਿਚ ਭਾਜਪਾਈ ਨੇਤਾ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੇ ਇਕ ਜਲੂਸ ਕਢਿਆ ਤੇ ਬੈਨਰ ਸਨ ਕਿ ਸਰਕਾਰ ਦਰਬਾਰ ਸਾਹਿਬ ਸਮੂਹ ਉਤੇ ਫ਼ੌਜ ਭੇਜ ਕੇ ਕਾਰਵਾਈ ਕਰੇ। ਲਾਲ ਕ੍ਰਿਸ਼ਨ ਅਡਵਾਨੀ ਨੇ ਅਪਣੀ ਕਿਤਾਬ ਵਿਚ ਲਿਖਿਆ ਹੈ ਕਿ ਅਸੀ ਇੰਦਰਾ ਗਾਂਧੀ ਨੂੰ ਸਲਾਹ ਦਿਤੀ ਸੀ ਕਿ ਦਰਬਾਰ ਸਾਹਿਬ ਸਮੂਹ 'ਤੇ ਫ਼ੌਜੀ ਕਾਰਵਾਈ ਕਰੇ। ਇਸ ਸੱਭ ਕੁੱਝ ਤੋਂ ਅਸਲ ਸੱਚ ਤਾਂ ਇਹ

ਨਿਕਲਦਾ ਹੈ ਕਿ ਭਾਜਪਾ ਦੇ ਇਹ ਪ੍ਰਮੁੱਖ ਨੇਤਾ ਕਿਸੇ ਗੱਲੋਂ ਵੀ ਸਿੱਖਾਂ ਤੇ ਸਿੱਖ ਭਾਵਨਾਵਾਂ ਪ੍ਰਤੀ ਕੋਈ ਹਮਦਰਦੀ ਨਹੀਂ ਸਨ ਰਖਦੇ। ਇੰਦਰਾ ਗਾਂਧੀ ਦਾ ਦਰਬਾਰ ਸਾਹਿਬ ਸਮੂਹ 'ਤੇ ਫ਼ੌਜੀ ਕਾਰਵਾਈ ਕਰਨੀ ਤਾਂ ਕਿਸੇ ਗੱਲੋਂ ਕਾਬਲੇ ਬਰਦਾਸ਼ਤ ਨਹੀਂ ਸੀ ਪਰ ਇਨ੍ਹਾਂ ਭਾਜਪਾ ਨੇਤਾਵਾਂ ਦੀ ਅੰਦਰੂਨੀ ਸੋਚ ਵੀ ਤਾਂ ਨਹੀਂ ਵਿਸਾਰਨੀ ਚਾਹੀਦੀ। ਜਦੋਂ ਨਵੰਬਰ '84 ਵਿਚ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖ ਨਸਲਕੁਸ਼ੀ ਹੋਈ ਤਾਂ ਕਿਸੇ ਇਕ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇ ਵੀ ਲੋਕ ਸਭਾ ਜਾਂ ਰਾਜ ਸਭਾ ਵਿਚ, ਇਹ ਨਹੀਂ ਕਿਹਾ ਕਿ ਇਸ ਸਾਰੇ ਕਾਸੇ ਦੀ ਜ਼ਿੰਮੇਵਾਰੀ ਕਾਂਗਰਸ ਸਰਕਾਰ ਤੇ ਇਨ੍ਹਾਂ ਦੇ ਨੇਤਾਵਾਂ ਦੀ ਹੈ। ਜਦੋਂ ਭੋਪਾਲ ਗੈਸ ਕਾਂਡ-ਜਿਹੜਾ ਇਸ

ਨਸਲਕੁਸ਼ੀ ਤੋਂ ਸਿਰਫ਼ ਤਿੰਨ ਦਿਨ ਬਾਅਦ ਹੋਇਆ ਸੀ, ਇਸ ਸਬੰਧੀ ਤਾਂ ਸਦਨ ਵਿਚ ਸੋਗ ਦਾ ਮਤਾ ਵੀ ਪਾਇਆ ਗਿਆ ਪਰ ਭਾਜਪਾ ਨੇ ਇਹ ਤਾਂ ਨਹੀਂ ਕਿਹਾ ਕਿ ਦਿੱਲੀ ਤੇ ਬਾਕੀ ਸ਼ਹਿਰਾਂ ਵਿਚ ਬੇਦੋਸ਼ੇ ਤੇ ਨਿਹੱਥੇ ਸਿੱਖ ਮਾਰੇ ਗਏ ਹਨ, ਉਸ ਬਾਰੇ ਵੀ ਅਫਸੋਸ ਦਾ ਮਤਾ ਪਾਇਆ ਜਾਵੇ। ਕਿਸੇ ਇਕ ਭਾਜਪਾ ਦੇ ਨੇਤਾ ਨੇ ਇਹ ਕਦੇ ਨਹੀਂ ਕਿਹਾ ਕਿ ਜੂਨ '84 ਦੌਰਾਨ ਹਜ਼ਾਰਾਂ ਫੜੇ ਹੋਏ ਸਿੰਘ ਰਿਹਾਅ ਕੀਤੇ ਜਾਣ। ਨਵੰਬਰ '84 ਵਿਚ ਸਿੱਖ ਕਤਲੇਆਮ ਨੂੰ ਭਾਜਪਾ ਨੇ ਚੋਣਾਂ ਵਿਚ ਕਾਂਗਰਸ ਵਿਰੁਧ ਉਨ੍ਹਾਂ ਨੂੰ ਭੰਡਣ ਲਈ ਵਰਤਿਆ ਪਰ ਹਮਦਰਦੀ ਵਜੋਂ ਇਕ ਅੱਖ਼ਰ ਵੀ 1984 ਤੋਂ ਬਾਅਦ ਉਨ੍ਹਾਂ ਨੂੰ ਨਾ ਜੁੜਿਆ। ਇਹੋ ਜਿਹੀਆਂ ਮਿਸਾਲਾਂ ਤਾਂ ਹੋਰ ਵੀ ਕਈ ਹਨ।

ਜਦੋਂ ਪਹਿਲੀ ਵਾਰ ਦੇਸ਼ ਵਿਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣੀ ਤਾਂ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਰੇਲ ਸਫ਼ਰ ਦੌਰਾਨ ਲੇਖਕ ਨੂੰ ਦਸਿਆ ਕਿ ਅਕਾਲੀ ਦਲ ਦਾ ਨਾ ਕੋਈ ਹਮਦਰਦ ਤੇ ਨਾ ਹੀ ਕੋਈ ਸਹਿਯੋਗੀ ਹੈ। ਜੇ ਕੋਈ ਅਹੁਦਾ ਸਿੱਖਾਂ ਨੂੰ ਦੇਣਾ ਪਵੇ ਤਾਂ ਪਹਿਲਾਂ ਤਾਂ ਇਹ ਭਾਜਪਾ ਵਾਲੇ ਰਾਸ਼ਟਰੀ ਸਿੱਖ ਸੰਗਤ ਵਿਚੋਂ ਲਭਦੇ ਹਨ। ਹੁਣੇ-ਹੁਣੇ ਬਣੀਆਂ ਭਾਜਪਾ ਦੀਆਂ ਪ੍ਰਾਂਤਕ ਸਰਕਾਰਾਂ ਸਿੱਖਾਂ ਨਾਲ ਕੀਤੀਆਂ ਅਤਿ ਦੀਆਂ ਵਧੀਕੀਆਂ ਦਾ ਜ਼ਿਕਰ ਹੀ ਕਰਾਂਗੇ। ਗੁਜਰਾਤ ਵਿਚ ਪਿਛਲੇ 45 ਸਾਲਾਂ ਦੇ ਸਮੇਂ ਤੋਂ ਵੱਧ ਉਥੇ ਵਸ ਰਹੇ ਸਿੱਖ ਕਿਸਾਨਾਂ ਨੂੰ ਜ਼ਮੀਨਾਂ ਛੱਡਣ ਦਾ ਹੁਕਮ ਦਿਤਾ ਗਿਆ। ਸਰਕਾਰ ਦੇ ਇਸ ਫ਼ੈਸਲੇ ਵਿਰੁਧ ਸੈਸ਼ਨ ਕੋਰਟ

ਤੇ ਹਾਈ ਕੋਰਟ ਨੇ ਸਿੱਖ ਕਿਸਾਨਾਂ ਦੇ ਹੱਕ ਵਿਚ ਫ਼ੈਸਲਾ ਦਿਤਾ। ਗੁਜਰਾਤ ਸਰਕਾਰ ਨੇ ਇਸ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਹੋਈ ਹੈ। ਜੇ ਇਹ ਗੱਲ ਹੈ ਤਾਂ ਫਿਰ ਕਿਥੇ ਹੈ ਭਾਜਪਾ ਦੀ ਸਿੱਖਾਂ ਪ੍ਰਤੀ ਨੇਕ ਤੇ ਦੋਸਤਾਨਾ ਭਾਵਨਾ ਦੀ ਗੱਲ? ਜੇ ਸਿੱਖਾਂ ਪ੍ਰਤੀ ਸੱਚੀਂ ਹੀ ਭਾਜਪਾ ਦੀ ਨੇੜਤਾ ਹੈ ਤਾਂ ਇਹ ਅਪੀਲ ਸੁਪਰੀਮ ਕੋਰਟ ਵਿਚੋਂ ਵਾਪਸ ਅੱਜ ਤਕ ਕਿਉਂ ਨਹੀਂ ਲਈ ਗਈ? ਉਤਰਾਂਚਲ ਵਿਚ ਹਰਿਦੁਆਰ, ਗੰਗਾ ਕਿਨਾਰੇ ਗੁਰਦਵਾਰਾ ਗਿਆਨ ਗੋਦੜੀ ਸੀ, ਜਿਸ ਦੀ ਪੁਨਰ ਬਹਾਲੀ ਲਈ ਉਤਰਾਂਚਲ ਦੀ ਭਾਜਪਾ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਵਫ਼ਦ ਵੀ ਮਿਲੇ, ਬੇਨਤੀਆਂ ਤੇ ਦਲੀਲਾਂ ਵੀ ਦਿਤੀਆਂ ਪਰ ਅੱਜ ਤਕ

ਵੀ ਕੁੱਝ ਨਹੀਂ ਹੋਇਆ। ਭਾਜਪਾ ਦੀ ਸਰਕਾਰ ਮੇਘਾਲਿਆ ਵਿਚ ਹੈ, ਉਥੋਂ ਦੇ ਵਸਨੀਕ ਸ਼ਿਲਾਂਗ ਵਿਚੋਂ ਘਟਗਿਣਤੀ ਸਿੱਖਾਂ ਨੂੰ ਕਢਣਾ ਚਾਹੁੰਦੇ ਹਨ ਤੇ ਉਥੋਂ ਦੇ ਗੁਰਦਵਾਰਾ ਸਾਹਿਬ 'ਤੇ ਪੱਥਰ ਵੀ ਮਾਰੇ ਗਏ। ਹੁਣ ਤਕ ਉਥੋਂ ਦੀ ਸੂਬਾਈ ਸਰਕਾਰ ਸਿੱਖਾਂ ਨੂੰ ਉਨ੍ਹਾਂ ਦੀ ਹਿਫ਼ਾਜ਼ਤ ਲਈ ਕੋਈ ਭਰੋਸਾ ਨਹੀਂ ਦੇ ਸਕੀ। ਕੁੱਝ ਦਿਨ ਹੀ ਹੋਏ, ਹੇਮਕੁੰਟ ਜਾਣ ਵਾਲੇ ਯਾਤਰੂਆਂ ਦੀਆਂ ਕਾਰਾਂ, ਮੋਟਰ ਸਾਈਕਲਾਂ ਤੇ ਬਸਾਂ ਤੋਂ ਨਿਸ਼ਾਨ ਸਾਹਿਬ ਉਤਾਰ ਦਿਤੇ ਗਏ। ਇਥੇ ਭਾਜਪਾ ਦੀ ਪ੍ਰਾਂਤਕ ਸਰਕਾਰ ਨੇ ਉਨ੍ਹਾਂ ਪੁਲਿਸ ਕਰਮਚਾਰੀਆਂ ਤੇ ਹੋਰਾਂ ਵਿਰੁਧ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਸਿੱਖ ਟਰੱਕ ਡਰਾਈਵਰਾਂ ਨੂੰ ਕੱਢ-ਕੱਢ ਕੇ ਮਾਰਨ

Hukam SinghHukam Singh

ਦੀਆਂ ਫ਼ੋਟੋ ਵਾਇਰਲ ਹੋ ਰਹੀਆਂ ਹਨ ਤੇ ਇਹ ਸਾਰਾ ਕੁੱਝ ਕਿਉਂ ਹੋ ਰਿਹਾ ਹੈ ਤੇ ਉਹ ਵੀ ਉਸ ਪਾਰਟੀ ਦੀ ਸਰਕਾਰ ਵਲੋਂ, ਜਿਨ੍ਹਾਂ ਨਾਲ ਸਾਡੀ ਭਾਈਵਾਲੀ ਹੈ?
ਉਪਰੋਕਤ ਲੇਖ ਵਿਚ ਕੁੱਝ ਕੁ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਤਾਕਿ ਸਾਨੂੰ 'ਅਪਣਿਆਂ' ਬਾਰੇ ਸਮਝ ਆ ਸਕੇ। ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ, ਸਿੱਖ ਹੱਕਾਂ ਤੇ ਹਕੂਕ ਪ੍ਰਤੀ ਕਦੇ ਵੀ ਸੰਜੀਦਾ ਨਹੀਂ ਰਹੀ। ਕਈ ਕਾਂਗਰਸੀ ਤਰਕ ਦਿੰਦੇ ਹੋਏ ਕਹਿੰਦੇ ਹਨ ਕਿ ਕਾਂਗਰਸ ਵਲੋਂ ਹੀ ਡਾ. ਮਨਮੋਹਨ ਸਿੰਘ, ਇਕ ਸਿੱਖ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਤੇ ਦੋ ਸਿੱਖ ਫ਼ੌਜਾਂ ਦੇ ਜਰਨੈਲ ਵੀ ਬਣਾਏ ਗਏ। ਇਸ ਦਾ ਜਵਾਬ ਇਹ ਹੈ ਕਿ ਡਾ.

ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣਾ ਸੋਨੀਆਂ ਗਾਂਧੀ ਦੀ ਮਜਬੂਰੀ ਸੀ। ਜੇ ਦੋ ਫ਼ੌਜ ਮੁਖੀ ਸਿੱਖਾਂ ਨੂੰ ਬਣਾਇਆ ਗਿਆ ਤਾਂ ਉਨ੍ਹਾਂ ਦੀ ਸੀਨੀਅਰਤਾ ਸੀ ਤੇ ਦੂਜੀ ਗੱਲ ਕਿ ਸਿੱਖਾਂ ਦਾ ਫ਼ੌਜ ਵਿਚ ਭਰਤੀ ਕੋਟਾ ਵਧਾਇਆ ਜਾਵੇ, ਇਹ ਗੱਲ ਤਾਂ ਅਜੇ ਤਕ ਕਿਸੇ ਨੇ ਨਹੀਂ ਮੰਨੀ ਤੇ ਕਿੰਨੇ ਸਮੇਂ ਤੋਂ ਇਹ ਮੰਗ ਕੇਂਦਰ ਸਰਕਾਰ ਕੋਲ ਰਖੀ ਗਈ ਹੈ। ਇਸੇ ਤਰ੍ਹਾਂ ਕਈ ਭਾਜਪਾਈ ਵੀਰ ਇਹ ਕਹਿੰਦੇ ਹਨ ਕਿ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਇਕ ਸਰਦਾਰ ਨੂੰ ਲਗਾਇਆ ਗਿਆ ਸੀ ਤੇ ਭਾਰਤੀ ਹਵਾਈ ਸੈਨਾ ਦਾ ਮੁਖੀ ਵੀ ਇਕ ਏਅਰ ਮਾਰਸ਼ਲ ਸਿੱਖ ਹੀ ਹੈ। ਇਹ ਕਹੀਏ ਕਿ ਇਨ੍ਹਾਂ ਦੋ ਅਹੁਦਿਆਂ ਤੇ ਸੀਨੀਅਰਤਾ ਦੀ ਕਦਰ ਕਰਨ ਲਈ ਧਨਵਾਦ। ਅੱਜ ਵੀ

ਦੇਸ਼ ਦੇ 23 ਸੂਬਿਆਂ ਵਿਚ ਕੋਈ ਇਕ ਵੀ ਸਿੱਖ ਗਵਰਨਰ ਨਹੀਂ, ਫਿਰ ਕੀ ਹੋਈ ਸਾਡੀ ਭਾਈਵਾਲੀ? ਸਾਡੀ ਅਕਾਲੀ ਲੀਡਰਸ਼ਿਪ ਥਾਂ-ਥਾਂ 'ਤੇ ਹਰ ਵੇਲੇ ਇਹੀ ਕਹਿੰਦੀ ਹੈ ਕਿ ਸਾਡਾ ਤਾਂ ਭਾਜਪਾ ਨਾਲ ਨਹੁੰ-ਮਾਸ ਵਾਲਾ ਰਿਸ਼ਤਾ ਹੈ। ਸੱਚ ਤਾਂ ਇਹ ਹੈ ਕਿ ਇਸ ਰਿਸ਼ਤੇ ਦੀ ਦੁਹਾਈ ਤਾਂ ਸਿੱਖ ਨੇਤਾ ਹੀ ਪਾਉਂਦੇ ਹਨ, ਕਦੇ ਭਾਜਪਾ ਨੇਤਾਵਾਂ ਨੇ ਤਾਂ ਇਹ ਨਹੀਂ ਕਿਹਾ ਤੇ ਨਾ ਹੀ ਉਨ੍ਹਾਂ ਦੀਆਂ ਪਿਛੇ ਦਸੀਆਂ ਕਾਰਵਾਈਆਂ ਕਿਸੇ ਗੱਲ ਦੀ ਪੁਸ਼ਟੀ ਕਰਦੀਆਂ ਹਨ। ਦਰਅਸਲ ਇਹ ਦੋਵੇਂ ਵੱਡੀਆਂ ਪਾਰਟੀਆਂ ਸਿੱਖ ਮੁਫ਼ਾਦ ਪ੍ਰਤੀ ਕੋਈ ਸਦਭਾਵਨਾ ਨਹੀਂ ਰਖਦੀਆਂ। ਹੋ ਸਕਦੈ ਇਨ੍ਹਾਂ ਪਾਰਟੀਆਂ ਦਾ ਕੋਈ ਇਕੱੜ ਦੁੱਕੜ ਨੇਤਾ ਸਿੱਖਾਂ ਪ੍ਰਤੀ ਕੋਈ ਹਮਦਰਦੀ ਰਖਦਾ ਹੋਵੇ।

ਸੋਚਣਾ ਹੋਵੇਗਾ ਕਿ ਸਿੱਖ ਇਸ ਹਾਲਤ ਵਿਚ ਕਿਸ ਵੱਡੀ ਪਾਰਟੀ ਨਾਲ ਰਹਿਣ? ਇਸ ਦਾ ਜਵਾਬ ਇਹ ਹੈ ਕਿ ਅਸੀਂ ਸਾਰੇ ਸਿੱਖ ਸੋਚ ਦੇ ਧਾਰਨੀ ਬਣੀਏ ਤੇ ਇਹੀ ਹੋਣੀ ਚਾਹੀਦੀ ਹੈ ਸਾਡੀ ਆਸਥਾ। ਜੇ ਅਕਾਲੀ ਦਲ ਸਹੀ ਅਰਥਾਂ ਵਿਚ ਸਿੱਖ ਕੌਮ ਦੀ ਨੁਮਾਇਦਗੀ ਕਰੇ ਤਾਂ ਸਾਨੂੰ ਸਿੱਖਾਂ ਨੂੰ ਕਿਸੇ ਵੱਡੀ ਰਾਜਨੀਤਕ ਪਾਰਟੀ ਦਾ ਮੂੰਹ ਵੇਖਣ ਦੀ ਵੀ ਲੋੜ ਨਹੀਂ। ਪੰਜਾਬ ਵਿਚ 117 ਦੇ ਹਾਊਸ ਵਿਚ 76 ਹਲਕੇ ਸਿੱਖ ਬਹੁਗਿਣਤੀ ਵਾਲੇ ਹਨ। ਜੇ ਸਾਡੀ ਸੋਚ ਸਿੱਖੀ ਵਾਲੀ ਹੈ ਤੇ ਸਾਡਾ ਕਿਰਦਾਰ 'ਸਿੱਖ' ਵਾਲਾ ਹੈ ਤਾਂ ਯਕੀਨਨ, ਅਕਾਲੀ ਦਲ ਨੂੰ ਪੰਜਾਬ ਵਿਚੋਂ ਕੋਈ ਹਰਾ ਹੀ ਨਹੀਂ ਸਕਦਾ।

ਫਿਰ ਸਾਡੇ ਵਲ ਵੇਖਣਗੀਆਂ ਵੱਡੀਆਂ ਪਾਰਟੀਆਂ, ਨਾ ਕਿ ਸਾਨੂੰ ਉਨ੍ਹਾਂ ਦਾ ਪਿਛਲੱਗ ਬਣਨਾ ਪਵੇਗਾ। ਇਕ ਰੁਬਾਈ ਯਾਦ ਆਉਂਦੀ ਹੈ।
''ਅਪਣਾ ਤਾਣ ਭਰੋਸਾ ਅਪਣਾ ਦੋਵੇਂ ਮਿੱਤਰ ਸਹਾਈ,
ਨਿਰੇ ਭਰੋਸੇ ਤਾਕਤਵਰ ਦੇ ਰਹਿਣਾ ਮੂਰਖਤਾਈ।''

ਹਰ ਸਿੱਖ ਤੇ ਲੀਡਰ, ਸਿੱਖੀ ਤੇ ਸਿੱਖ ਸੋਚ ਦਾ ਮੁਜੱਸਮਾ ਹੋਵੇ ਤਾਂ ਸਾਨੂੰ ਕਿਸੇ ਦਾ ਮੂੰਹ ਵੇਖਣ ਦੀ ਲੋੜ ਨਹੀਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਤੇ ਉਲੀਕੇ ਰਾਹ ਉਤੇ ਚੱਲਣ ਦੀ ਲੋੜ ਹੈ। ਸਾਨੂੰ ਸਮਝ ਹੋਵੇ ਕਿ ਸਾਡਾ ਮਿੱਤਰ ਕੌਣ ਹੈ ਤੇ ਮਤਲਬੀ ਮਿੱਤਰ ਕਿਹੜਾ ਹੈ। ਸਿੱਖ ਬਹੁਤ ਲਾਇਕ ਤੇ ਕਾਬਲ ਹੋਵੇ ਤੇ ਆਪਾਂ ਯਹੂਦੀਆਂ ਤੋਂ ਸਿਖੀਏ। ਹਰ ਸਿੱਖ ਦੂਜੇ ਸਿੱਖ ਦੀ ਤੇ ਸਿੱਖ ਲੋੜਵੰਦ ਦੀ ਬਾਂਹ ਫੜੇ ਤੇ ਸਮੁੱਚਾ ਸਿੱਖ ਭਾਈਚਾਰਾ ਇਕੱਠਾ ਹੋਵੇ ਤੇ ਰਖੀਏ ਭਰੋਸਾ ਗੁਰੂ ਉਤੇ, ਫਿਰ ਵੱਡੀਆਂ ਪਾਰਟੀਆਂ ਦੀ ਮੁਥਾਜੀ ਕਰਨ ਦੀ ਲੋੜ ਨਹੀਂ ਰਹੇਗੀ।      ਸੰਪਰਕ : 88720-06924

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement