ਜਿੱਤ ਦੀਆਂ ਬਰੂਹਾਂ ਤੋਂ ਮੁੜੇ ਬਰਗਾੜੀ ਮੋਰਚੇ ਉਤੇ ਇਕ ਨਜ਼ਰ
Published : Jan 14, 2019, 4:16 pm IST
Updated : Jan 14, 2019, 4:16 pm IST
SHARE ARTICLE
Bargari Morcha
Bargari Morcha

ਅਖ਼ੀਰ ਵਿਚ ਕਹਿ ਸਕਦੇ ਹਾਂ ਕਿ ਜਥੇਦਾਰ ਨੂੰ ਸਰਕਾਰੀ ਏਜੰਸੀਆਂ ਅਪਣੇ ਅਕੀਦੇ ਤੋਂ ਡੁਲਾਉਣ ਵਿਚ ਸਫ਼ਲ ਹੋ ਗਈਆਂ ਜਿਸ ਦਾ ਨਤੀਜਾ ਇਹ ਨਿਕਲਿਆ........

ਅਖ਼ੀਰ ਵਿਚ ਕਹਿ ਸਕਦੇ ਹਾਂ ਕਿ ਜਥੇਦਾਰ ਨੂੰ ਸਰਕਾਰੀ ਏਜੰਸੀਆਂ ਅਪਣੇ ਅਕੀਦੇ ਤੋਂ ਡੁਲਾਉਣ ਵਿਚ ਸਫ਼ਲ ਹੋ ਗਈਆਂ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮੋਰਚਾ ਜਿੱਤ ਦੀਆਂ ਬਰੂਹਾਂ ਤੋਂ ਹਾਰ ਝੋਲੀ ਪਵਾ ਕੇ ਵਾਪਸ ਮੁੜ ਆਇਆ। ਜਥੇਦਾਰ ਮੰਡ ਨੇ ਮੋਰਚਾ ਸਮਾਪਤੀ ਲਈ ਸਰਕਾਰ ਨਾਲ ਅਧੂਰਾ ਸਮਝੌਤਾ ਕਰ ਕੇ ਕੌਮ ਦਾ ਭਰੋਸਾ ਹੀ ਨਹੀਂ ਗੁਆਇਆ ਸਗੋਂ ਉਨ੍ਹਾਂ ਵਲੋਂ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਤੀ ਅਰਦਾਸ ਤੋਂ ਪਿੱਛੇ ਹਟਣ ਨਾਲ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੌਹੀਨ ਹੋਈ ਹੈ, ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਦੀ ਵੀ ਤੌਹੀਨ ਹੋਈ ਹੈ

ਜਿਸ ਬਦਲੇ ਉਨ੍ਹਾਂ ਨੂੰ ਇਕ ਦਿਨ ਅਪਣੀ ਗ਼ਲਤੀ ਦਾ ਅਹਿਸਾਸ ਜ਼ਰੂਰ ਹੋਵੇਗਾ ਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਇਸ ਗ਼ਲਤੀ ਦੀ ਖਿਮਾ ਯਾਚਨਾ ਕਰਨੀ ਪਵੇਗੀ। ਜਥੇਦਾਰ ਮੰਡ ਨੇ ਬੇਸ਼ੱਕ ਸਮੱਸਿਆਂ ਵਿਚੋਂ ਨਿਕਲਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਵੀ ਕੀਤੀ, ਪ੍ਰੰਤੂ ਹੁਣ ਹਲਾਤ ਦਸਦੇ ਹਨ ਕਿ ਜਥੇਦਾਰ ਮੰਡ ਉਤੇ ਕੌਮ ਦਾ ਵਿਸ਼ਵਾਸ ਬੱਝਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਗਈਆਂ ਹਨ। ਕੁੱਝ ਵੀ ਹੋਵੇ ਇਹ ਕੌੜਾ ਸੱਚ ਹੈ ਕਿ ਕੌਮ ਦੀ ਇਹ ਜਿੱਤ ਕੇ ਹਾਰੀ ਬਾਜ਼ੀ ਨੇ ਇਕ ਵਾਰ ਫਿਰ ਦੁਸ਼ਮਣ ਤਾਕਤਾਂ ਦੇ ਹੌਸਲੇ ਵਧਾ ਦਿਤੇ ਹਨ ਤੇ ਸਿੱਖ ਕੌਮ ਨੂੰ ਘੋਰ ਨਿਰਾਸ਼ ਕੀਤਾ ਹੈ।

ਬਰਗਾੜੀ ਮੋਰਚੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਣ ਕਰ ਕੇ, ਇਸ ਦੀਆਂ ਸਾਰੀਆਂ ਗਤੀਵਿਧਆਂ ਮੇਰੀਆਂ ਨਜ਼ਰਾਂ ਦੇ ਸਾਹਮਣੇ ਤੋਂ ਹੋ ਕੇ ਗੁਜ਼ਰਦੀਆਂ ਰਹੀਆਂ ਹਨ। ਵੱਖ-ਵੱਖ ਧੜਿਆਂ, ਸੰਸਥਾਵਾਂ, ਟਕਸਾਲਾਂ, ਸੰਪਰਦਾਵਾਂ ਤੇ ਸੰਤਾਂ ਦੇ ਯੋਗਦਾਨ ਬਾਰੇ ਵੀ ਗਹਿਰੀ ਜਾਣਕਾਰੀ ਹੈ। ਕੌਣ, ਕਿਹੜੇ ਢੰਗ ਨਾਲ ਮੋਰਚੇ ਤੋਂ ਲਾਭ ਲੈਣ ਲਈ ਯਤਨਸ਼ੀਲ ਰਿਹਾ ਹੈ? ਕੌਣ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰਦਾ ਰਿਹਾ ਹੈ? ਕੌਣ ਮੋਰਚੇ ਦੀ ਸਫ਼ਲਤਾ ਲਈ ਇਮਾਨਦਾਰੀ ਨਾਲ ਮਿਹਨਤ ਕਰਦਾ ਰਿਹਾ ਹੈ? ਕੌਣ ਸਫ਼ਲਤਾ ਨੂੰ ਅਸਫ਼ਲਤਾ ਵਿਚ ਬਦਲਣ ਦੇ ਮਾਰੂ ਯਤਨ ਬਹੁਤ ਚਲਾਕੀ ਨਾਲ ਕਰਦਾ ਰਿਹਾ ਹੈ?

ਇਹ ਸੱਭ ਮੈਂ ਹਮੇਸ਼ਾ ਬੜਾ ਨੇੜਿਉਂ ਵੇਖਦਾ ਰਿਹਾ ਹਾਂ। ਮੈਂ ਬਰਗਾੜੀ ਵਿਚ ਉਨ੍ਹਾਂ ਚੇਹਰਿਆਂ ਨੂੰ ਵੀ ਪੜ੍ਹਨ ਦੇ ਯਤਨ ਵਿਚ ਰਿਹਾ ਹਾਂ, ਜਿਹੜੇ ਬੜੇ ਬੀਬੇ, ਸਾਊ ਤੇ ਸਮਰਪਿਤ ਭਾਵਨਾ ਵਾਲੇ ਵਿਖਾਈ ਦਿੰਦੇ, ਪ੍ਰੰਤੂ ਅਸਲ ਵਿਚ ਉਹ ਪੰਥ ਦਾ ਦਰਦ ਨਹੀਂ ਸਿਰਫ਼ ਸਿਆਸਤ ਦੀ ਪਾਰੀ ਖੇਡਦੇ ਹੀ ਵੇਖੇ ਗਏ। ਮੈਂ ਉਨ੍ਹਾਂ ਲੋਕਾਂ ਨੂੰ ਵੀ ਬੜੇ ਗਹੁ ਨਾਲ ਵੇਖਦਾ ਰਿਹਾ ਹਾਂ ਜਿਹੜੇ ਕੈਮਰੇ ਸਾਹਮਣੇ ਕੁੱਝ ਹੋਰ ਤੇ ਕੈਮਰੇ ਤੋਂ ਪਾਸੇ ਹੋ ਕੇ ਕੁੱਝ ਹੋਰ ਤਰ੍ਹਾਂ ਦਾ ਵਰਤਾਉ ਕਰਦੇ ਸਨ। ਬਰਗਾੜੀ ਮੋਰਚੇ ਨੇ ਮੈਨੂੰ ਉਨ੍ਹਾਂ ਲੋਕਾਂ ਦੀ ਅਸਲੀਅਤ ਜਾਣਨ ਵਿਚ ਵੀ ਵੱਡਾ ਯੋਗਦਾਨ ਪਾਇਆ, ਜਿਹੜੇ ਪਿਛਲੇ ਲੰਮੇ ਅਰਸੇ ਤੋਂ ਭਾਵੇਂ ਸਿਆਸੀ ਪਿੜ ਵਿਚ ਮਾਤ ਖਾਂਦੇ ਆ ਰਹੇ ਹਨ,

ਪਰ ਕਿਤੇ ਨਾ ਕਿਤੇ ਪੰਥਕ ਹਲਕਿਆਂ ਵਿਚ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਰਿਹਾ ਹੈ। ਮੈਂ ਉਹ ਲੋਕ ਇਸ ਮੋਰਚੇ ਵਿਚ ਕਾਮਯਾਬੀ ਨਾਲ ਸਿਆਸਤ ਖੇਡਦੇ ਵੇਖੇ ਹਨ ਜਿਨ੍ਹਾਂ ਨੂੰ ਅਕਸਰ ਲੋਕ ਸਿਆਸਤ ਤੋਂ ਅਨਾੜੀ ਸਮਝਦੇ ਆ ਰਹੇ ਹਨ। ਬਰਗਾੜੀ ਦੇ ਇਨਸਾਫ਼ ਮੋਰਚੇ ਦਾ ਦੁਖਦਾਈ ਪਹਿਲੂ ਵੀ ਇਹੀ ਹੈ ਕਿ ਇਸ ਦੇ ਸੰਚਾਲਕ ਤੇ ਪ੍ਰਬੰਧਕ ਕੌਮੀ ਭਾਵਨਾਵਾਂ ਨੂੰ ਤਿਲਾਂਜਲੀ ਦੇ ਕੇ ਉਸ ਰਸਤੇ ਤੇ ਕਾਹਲ ਨਾਲ ਤੁਰ ਪਏ, ਜਿਹੜੇ ਰਸਤੇ 'ਤੇ ਚੱਲ ਕੇ ਹੁਣ ਤਕ ਰਵਾਇਤੀ ਅਕਾਲੀ ਆਗੂ ਕੌਮੀ ਹਿਤਾਂ ਨੂੰ ਕੁਰਬਾਨ ਕਰਦੇ ਆਏ ਹਨ।

ਸਰਕਾਰ ਨਾਲ ਲਗਾਤਾਰ ਹੁੰਦੀ ਗੱਲਬਾਤ ਵਿਚ ਮੋਰਚਾ ਪ੍ਰਬੰਧਕ, ਕਮੇਟੀ ਦੇ ਸਾਰੇ ਮੈਂਬਰ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਸੰਤ ਸਮਾਜ ਦੇ ਆਗੂ ਸ਼ਾਮਲ ਹੁੰਦੇ ਰਹੇ। ਪਰ ਮੋਰਚਾ ਸਮਾਪਤੀ ਲਈ ਕੀਤੇ ਗਏ ਸਮਝੌਤੇ ਵਿਚ ਭਾਗੀਦਾਰ ਗੁਰਦੀਪ ਸਿੰਘ ਬਠਿੰਡਾ, ਸਿਮਰਨਜੀਤ ਸਿੰਘ ਮਾਨ, ਪਰਮਜੀਤ ਸਿੰਘ ਸਹੌਲੀ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਖੁਦ ਜਥੇਦਾਰ ਧਿਆਨ ਸਿੰਘ ਮੰਡ ਦੇ ਨਾਂ ਸਾਹਮਣੇ ਆ ਰਹੇ ਹਨ। ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਗੁਰੂ ਦੇ ਸਨਮੁਖ ਅਰਦਾਸ ਕਰ ਕੇ ਕੀਤੇ ਅਪਣੇ ਹੀ ਫ਼ੈਸਲੇ ਦੇ ਉਲਟ ਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਵਿਰੁਧ ਜਾ ਕੇ ਕੀਤੇ

ਇਸ ਸਮਝੌਤੇ ਨੂੰ ਮੂਕ ਸਹਿਮਤੀ ਦੇਣ ਵਾਲਿਆਂ ਵਿਚ ਦਲ ਖ਼ਾਲਸਾ, ਸਾਬਕਾ ਫ਼ੈਡਰੇਸ਼ਨ ਆਗੂ ਤੇ ਮੋਰਚੇ ਦੀਆਂ ਸਹਿਯੋਗੀ ਜਥੇਬੰਦੀਆਂ ਸ਼ਾਮਲ ਹਨ। ਪ੍ਰੰਤੂ ਮੋਰਚਾ ਪ੍ਰਬੰਧਕਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬਾਬਾ ਫ਼ੌਜਾ ਸਿੰਘ ਸੁਭਾਨੇ ਵਾਲੇ ਤੇ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਇਸ ਕੌਮ ਵਿਰੋਧੀ ਸਮਝੌਤੇ ਦੀ ਖੁੱਲ੍ਹੇ ਰੂਪ ਵਿਚ ਵਿਰੋਧਤਾ ਕੀਤੀ। ਜਦੋਂ ਕਿ ਬਲਜੀਤ ਸਿੰਘ ਦਾਦੂਵਾਲ ਬਾਅਦ ਵਿਚ ਭਾਵੇਂ ਜਥੇਦਾਰ ਮੰਡ ਦੇ ਮੋਰਚਾ ਸਮਾਪਤ ਕਰਨ ਵਾਲੇ ਫ਼ੈਸਲੇ ਤੋਂ ਅਪਣੇ ਆਪ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਸਚਾਈ ਇਹ ਹੈ ਕਿ ਭਾਈ ਦਾਦੂਵਾਲ ਨੇ ਮੋਰਚਾ ਸਮਾਪਤੀ ਵਾਲੇ ਦਿਨ 9 ਦਸੰਬਰ ਨੂੰ ਸਟੇਜ ਦੀ ਜ਼ਿੰਮੇਵਾਰੀ ਨਿਭਾਉਂਦਿਆਂ

ਜਿਥੇ ਸਿੱਖ ਸੰਗਤਾਂ ਦੇ ਰੋਹ ਨੂੰ  ਭੜਕਣ ਤੋਂ ਰੋਕਣ ਵਿਚ ਮੁੱਖ ਭੂਮਿਕਾ ਨਿਭਾਈ, ਉਥੇ ਜਥੇਦਾਰ ਧਿਆਨ ਸਿੰਘ ਮੰਡ ਦੇ ਸਮਾਪਤੀ ਭਾਸ਼ਣ ਤੋਂ ਪਹਿਲਾਂ ਮੋਰਚੇ ਨੂੰ ਸਮੇਟਣ ਲਈ ਜ਼ਮੀਨ ਤਿਆਰ ਕਰਨ ਵਿਚ ਵੀ ਉਨ੍ਹਾਂ ਨੇ ਮੁੱਖ ਭੂਮਿਕਾ ਅਦਾ ਕੀਤੀ। ਉਹ ਜਥੇਦਾਰ ਦਾਦੂਵਾਲ ਹੀ ਸਨ ਜਿਨ੍ਹਾਂ ਨੇ ਸੰਗਤਾਂ ਨੂੰ ਇਹ ਕਹਿ ਕੇ ਭੰਬਲਭੂਸੇ ਵਿਚ ਪਾਇਆ ਕਿ “ਮੋਰਚਾ ਲਗਾਤਾਰ ਜਾਰੀ ਹੈ, ਜਥੇਦਾਰ ਮੰਡ ਜੇ ਚਾਹੁਣ ਮੋਰਚਾ ਏਥੇ ਹੀ ਰਖਣਾ ਹੈ ਤਾਂ ਵੀ ਅਸੀ ਉਨ੍ਹਾਂ ਦੇ ਨਾਲ ਹਾਂ ਤੇ ਜੇਕਰ ਉਹ ਮੋਰਚੇ ਨੂੰ ਇਥੋਂ ਚੁੱਕ ਕੇ ਪਿੰਡਾਂ ਦੀਆਂ ਸੱਥਾਂ ਵਿਚ ਲਿਜਾਣਾ ਚਾਹੁੰਦੇ ਹਨ ਤਾਂ ਵੀ ਅਸੀ ਉਨ੍ਹਾਂ ਨਾਲ ਹਾਂ।''

(ਜਥੇਦਾਰ ਮੰਡ ਨੇ ਸੰਗਤਾਂ ਨੂੰ ਸਾਂਤ ਕਰਨ ਲਈ ਮੋਰਚਾ ਚੁੱਕਣ ਵੇਲੇ ਇਹੋ ਬਹਾਨਾ ਬਣਾਇਆ ਸੀ) ਜਿਥੇ ਮੋਰਚੇ ਦੇ ਸਾਢੇ ਛੇ ਮਹੀਨਿਆਂ ਦੇ ਸਮੇਂ ਦੌਰਾਨ ਜਥੇਦਾਰ ਧਿਆਨ ਸਿੰਘ ਮੰਡ ਨੇ ਅਪਣੇ ਉਤੇ ਲਗਿਆ ਗਰਮ ਖ਼ਿਆਲੀ ਹੋਣ ਦਾ ਠੱਪਾ ਲਾਹੁਣ ਲਈ ਮੋਰਚੇ ਵਿਚ ਕੌਮੀ ਆਜ਼ਾਦੀ ਦੀ ਗੱਲ ਕਰਨ ਤੇ ਖ਼ਾਲਿਸਤਾਨ ਦੇ ਨਾਹਿਰਿਆਂ ਤੇ ਪੂਰਨ ਪਾਬੰਦੀ ਲਗਾ ਕੇ ਮੋਰਚੇ ਨੂੰ ਸ਼ਾਂਤਮਈ ਰੱਖਣ ਵਿਚ ਸਫ਼ਲਤਾ ਹਾਸਲ ਕੀਤੀ, ਉਥੇ ਸਿਮਰਨਜੀਤ ਸਿੰਘ ਮਾਨ ਨੇ ਭਾਵੇਂ ਜਥੇਦਾਰ ਮੰਡ ਦੇ ਰੋਕਣ ਦੇ ਬਾਵਜੂਦ ਵੀ ਗਾਹੇ-ਬ-ਗਾਹੇ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕੀਤੀ

ਪ੍ਰੰਤੂ ਮੋਰਚਾ ਸਮਾਪਤੀ ਵਾਲੇ ਦਿਨ ਉਨ੍ਹਾਂ ਦੇ ਭਾਸ਼ਨ ਵਿਚ ਪਹਿਲੀ ਵਾਰ ਪੰਜਾਬ ਸਰਕਾਰ ਦੀ ਤਰਫ਼ਦਾਰੀ ਕਰਨ ਦੀ ਝਲਕ ਸਪੱਸ਼ਟ ਰੂਪ ਵਿਚ ਸੁਣੀ ਗਈ।
ਜੇ ਹੁਣ ਮੋਰਚਾ ਸਮਾਪਤੀ ਦੀ ਗੱਲ ਕਰੀਏ ਤਾਂ ਇਹ ਸਪੱਸ਼ਟ ਤੌਰ ਉਤੇ ਕਿਹਾ ਜਾ ਸਕਦਾ ਹੈ ਕਿ ਇਹ ਮੋਰਚਾ ਵੀ ਆਗੂਆਂ ਦੀ ਨਿਜੀ ਲੋਭ ਲਾਲਸਾ ਦੀ ਭੇਟ ਚੜ੍ਹਿਆ ਹੈ ਕਿਉਂਕਿ ਜਿਹੜੀਆਂ ਮੰਗਾਂ ਮੰਨਣ ਦੀ ਦੁਹਾਈ ਮੋਰਚਾ ਚੁੱਕਣ ਤੋਂ ਕੁੱਝ ਦਿਨ ਪਹਿਲਾਂ ਪਾਉਣੀ ਸ਼ੁਰੂ ਹੋ ਗਈ ਸੀ, ਉਹ ਮੰਗਾਂ ਤਾਂ ਸਰਕਾਰ ਦੇ ਮੋਰਚੇ ਵਿਚ ਆ ਰਹੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਅਪਣੀਆਂ ਮੁਢਲੀਆਂ ਫੇਰੀਆਂ ਵਿਚ ਹੀ ਪੂਰਾ ਕਰਨ ਦਾ ਵਾਅਦਾ ਕਰ ਚੁੱਕੇ ਸਨ।

ਇਹ ਗੱਲ ਤਾਂ ਮੈਨੂੰ ਉਸ ਮੌਕੇ ਹੀ ਭਾਵ ਮੋਰਚੇ ਤੋਂ ਤਕਰੀਬਨ ਡੇਢ ਕੁ ਮਹੀਨਾ ਬਾਅਦ ਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਹੋਈ ਬੈਠਕ ਤੋਂ ਬਾਅਦ ਮੋਰਚੇ ਦੇ ਦੋ ਜ਼ਿੰਮੇਵਾਰ ਪ੍ਰਬੰਧਕੀ ਮੈਂਬਰਾਂ ਨੇ ਖ਼ੁਦ ਦੱਸੀ ਸੀ ਕਿ ਮੰਤਰੀ ਸਾਹਬ ਨੇ ਭਰੋਸਾ ਦਿਵਾਇਆ ਹੈ ਕਿ ਬੇਅਦਬੀ ਦੇ ਦੋਸ਼ੀ ਕੁੱਝ ਫੜੇ ਜਾ ਚੁੱਕੇ ਹਨ ਤੇ ਰਹਿੰਦੇ ਜਲਦੀ ਫੜ ਲਏ ਜਾਣਗੇ। ਬੰਦੀ ਸਿੱਖਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਨੇ ਲਿਖਤੀ ਚਾਰਾਜੋਈ ਸ਼ੁਰੂ ਕਰ ਦਿਤੀ ਹੈ ਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਨਾਮਜ਼ਦ ਹੋਏ ਹਨ, ਉਨ੍ਹਾਂ ਨੂੰ ਵੀ ਸਰਕਾਰ ਗ੍ਰਿਫ਼ਤਾਰ ਕਰ ਲਵੇਗੀ।

ਉਨ੍ਹਾਂ ਨੇ ਇਹ ਗੱਲ ਬੜੇ ਫ਼ਖ਼ਰ ਨਾਲ ਉਸ ਮੌਕੇ ਦੱਸੀ ਸੀ ਕਿ ਸਰਕਾਰ ਨੇ ਸਾਡੀ ਜਿਹੜੀ ਇਕ ਵਾਧੂ ਮੰਗ ਵੀ ਪੂਰੀ ਕਰ ਦਿਤੀ ਹੈ, ਉਹ ਬਰਗਾੜੀ ਨੂੰ ਬਰਗਾੜੀ ਸਾਹਬ ਵਿਚ ਤਬਦੀਲ ਕਰਨਾ ਹੈ। ਫਿਰ ਸਵਾਲ ਉਠਦਾ ਹੈ ਕਿ ਹੁਣ ਨਵਾਂ ਕੀ ਕੀਤਾ ਗਿਆ? ਸਗੋਂ ਉਸ ਸਮੇਂ ਸਰਕਾਰ ਦੋਸ਼ੀ ਪੁਲਿਸ ਵਾਲਿਆਂ ਨੂੰ ਫੜਨ ਦਾ ਵਾਅਦਾ ਵੀ ਕਰ ਰਹੀ ਸੀ, ਜਦੋਂ ਕਿ ਹੁਣ ਸਰਕਾਰ ਹਾਈਕੋਰਟ ਦਾ ਬਹਾਨਾ ਲਗਾ ਕੇ ਕਾਤਲਾਂ ਨੂੰ ਫੜਨ ਤੋਂ ਪਿੱਛੇ ਹੱਟ ਗਈ ਹੈ। ਉਸ ਮੌਕੇ ਉਕਤ ਆਗੂਆਂ ਦੇ ਦੱਸਣ ਅਨੁਸਾਰ ਮੰਤਰੀ ਸਾਹਬ ਨੇ ਇਥੋਂ ਤਕ ਵੀ ਕਿਹਾ ਸੀ ਕਿ ਜੇਕਰ ਫੜੇ ਗਏ ਪੁਲਿਸ ਅਧਿਕਾਰੀ ਕਿਸੇ ਹੋਰ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਦਾ ਨਾਂ ਲੈਣਗੇ,

ਸਰਕਾਰ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰਨ ਵਿਚ ਢਿੱਲ ਨਹੀਂ ਕਰੇਗੀ, ਜਦੋਂ ਕਿ ਹਿਣ ਅਜਿਹਾ ਕੁੱਝ ਵੀ ਨਹੀਂ ਹੋ ਸਕਿਆ। ਉਨ੍ਹਾਂ ਜ਼ਿੰਮੇਵਾਰ ਆਗੂਆਂ ਨੇ ਜਥੇਦਾਰ ਮੰਡ ਦੇ ਨਾ ਮੰਨਣ ਤੇ ਇਤਰਾਜ਼ ਵੀ ਜਤਾਇਆ ਸੀ। ਉਨ੍ਹਾਂ ਨੇ ਹੀ ਨਹੀਂ ਸਗੋਂ ਮੋਰਚੇ ਨਾਲ ਸਬੰਧਤ ਸਾਰੀਆਂ ਹੀ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਮੰਡ ਨੂੰ ਸਰਕਾਰ ਦੀ ਗੱਲ ਮੰਨ ਕੇ ਮੋਰਚਾ ਸਮਾਪਤ ਕਰਨ ਦਾ ਦਬਾਅ ਵੀ ਪਾਇਆ ਸੀ, ਪ੍ਰੰਤੂ ਉਸ ਮੌਕੇ ਜਥੇਦਾਰ ਮੰਡ ਅਪਣੀ ਕੀਤੀ ਅਰਦਾਸ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਸੀ ਹੋਇਆ। ਹੁਣ ਜਦੋਂ ਮੋਰਚਾ ਚੁੱਕਿਆ ਗਿਆ ਹੈ, ਤਾਂ ਸਾਰਾ ਕੁੱਝ ਉਲਟ ਹੋਇਆ ਹੈ।

ਮੋਰਚਾ ਸਮਾਪਤੀ ਸਮੇਂ ਮੋਰਚੇ ਵਿਚ ਸ਼ਾਮਲ ਬਹੁਤ ਸਾਰੇ ਆਗੂ ਤੇ ਸਮੁੱਚਾ ਖ਼ਾਲਸਾ ਪੰਥ ਸਰਕਾਰ ਦੇ ਲਾਰੇ ਵਾਲੇ ਵਾਅਦੇ ਤੇ ਵਿਸ਼ਵਾਸ ਕਰ ਕੇ ਮੋਰਚਾ ਸਮਾਪਤੀ ਤੇ ਹੱਕ ਵਿਚ ਨਹੀਂ ਸੀ। ਪਰ ਹੁਣ ਜਥੇਦਾਰ ਮੰਡ ਨੇ ਅਪਣੇ ਹੀ ਕੀਤੇ ਵਾਅਦੇ ਤੋਂ ਬਿਲਕੁਲ ਹੀ ਉਲਟ ਜਾ ਕੇ ਸਰਕਾਰ ਦੇ ਕਹਿਣ ਤੇ ਮੋਰਚਾ ਸਮਾਪਤ ਕਰ ਦਿਤਾ। ਜਦੋਂ ਕੁੱਝ ਦਿਨ ਪਹਿਲਾਂ ਮੋਰਚੇ ਵਿਚ ਸਮਾਪਤੀ ਦੀ ਚਰਚਾ ਸ਼ੁਰੂ ਹੋਈ ਸੀ, ਉਸ ਸਮੇਂ ਇਹ ਗੱਲ ਕਿਸੇ ਵੀ ਪੰਥ ਦਰਦੀ ਦੇ ਗਲੇ ਤੋਂ ਹੇਠ ਨਹੀਂ ਸੀ ਉੱਤਰ ਰਹੀ ਕਿ ਜਥੇਦਾਰ ਮੰਡ ਨੇ ਮੋਰਚਾ ਸਮਾਪਤ ਕਰਨ ਨੂੰ ਆਖ਼ਰ ਅਪਣੀ ਸਹਿਮਤੀ ਕਿਵੇਂ ਦੇ ਦਿਤੀ?

ਜਥੇਦਾਰ ਮੰਡ ਵਲੋਂ ਲਏ ਗਏ ਪੰਥਕ ਭਾਵਨਾਵਾਂ ਦੇ ਵਿਰੁਧ ਫ਼ੈਸਲੇ ਤੋਂ ਬਾਅਦ ਜਿਸ ਤਰ੍ਹਾਂ ਪੰਥਕ ਜਥੇਬੰਦੀਆਂ ਵਿਚ ਆਪਸੀ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ, ਉਸ ਉਤੇ ਅਪਣਾ ਸਖ਼ਤ ਪਰ ਸਿਆਣਪ ਭਰਿਆ ਪ੍ਰਤੀਕਰਮ ਦਿੰਦਿਆਂ ਕੌਮ ਦੇ ਤਿਹਾੜ ਜੇਲ ਵਿਚ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਇਸ ਦੂਸ਼ਣਬਾਜ਼ੀ ਨੂੰ ਤੁਰਤ ਬੰਦ ਕਰਨ ਦੇ ਅਦੇਸ਼ ਦਿਤੇ ਹਨ, ਉਸ ਤੋਂ ਜਿਥੇ ਉਨ੍ਹਾਂ ਦੇ ਮਨ ਦੀ ਕੌਮੀ ਭਾਵਨਾ ਪ੍ਰਗਟ ਹੁੰਦੀ ਹੈ, ਉਥੇ ਇਕ ਸੁਲਝੇ ਹੋਏ ਲੋਹਪੁਰਸ਼ ਕੌਮੀ ਆਗੂ ਤੇ ਨਿਪੁੰਨ ਨੀਤੀਵਾਨ ਦੀ ਝਲਕ ਵੀ ਪੈਂਦੀ ਹੈ।

ਜੇਕਰ ਜਥੇਦਾਰ ਮੰਡ ਦੀ ਸ਼ਖ਼ਸੀਅਤ ਦੀ ਗੱਲ ਕੀਤੀ ਜਾਵੇ ਤਾਂ ਬਿਨਾਂ ਸ਼ੱਕ ਉਨ੍ਹਾਂ ਦੇ ਪ੍ਰਵਾਰ ਨੇ ਕੌਮੀ ਸੰਘਰਸ਼ ਵਿਚ ਬਹੁਤ ਵੱਡੀਆਂ ਕੁਰਬਾਨੀਆਂ ਦਿਤੀਆਂ ਹਨ ਤੇ ਸਮੇਤ ਜਥੇਦਾਰ ਮੰਡ ਦੇ ਪੂਰੇ ਪ੍ਰਵਾਰ ਨੇ ਪੁਲਿਸ ਜਬਰ ਨੂੰ ਵੀ ਅਪਣੇ ਪਿੰਡੇ ਉਤੇ ਹੰਢਾਇਆ ਹੈ। ਉਸ ਤੋਂ ਬਾਅਦ ਭਾਵੇਂ ਜਥੇਦਾਰ ਮੰਡ 1989 ਵਿਚ ਸਿਮਰਨਜੀਤ ਸਿੰਘ ਮਾਨ ਨਾਲ ਮੈਂਬਰ ਪਾਰਲੀਮੈਂਟ ਵੀ ਬਣੇ ਤੇ ਲਗਾਤਾਰ ਸ. ਮਾਨ ਨਾਲ ਖੜੇ ਵੀ ਰਹੇ। ਪਰ ਉਹ ਮੁੜ ਕੇ ਕਦੇ ਵੀ ਕੌਮ ਦਾ ਭਰੋਸਾ ਜਿੱਤਣ ਵਿਚ ਸਫ਼ਲ ਨਾ ਹੋ ਸਕੇ।

ਇਥੋਂ ਤਕ ਕਿ 2015 ਵਿਚ ਹੋਏ ਸਰਬੱਤ ਖ਼ਾਲਸਾ ਮੌਕੇ ਵੀ ਖ਼ਾਲਸਾ ਪੰਥ ਨੇ ਸਿਰਫ਼ ਤੇ ਸਿਰਫ਼ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਹੀ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਬ ਬਣਾਉਣ ਤੇ ਜੈਕਾਰਿਆਂ ਦੀ ਗੂੰਜ ਨਾਲ ਸਹਿਮਤੀ ਦਿਤੀ ਸੀ। ਬਾਅਦ ਵਿਚ ਥਾਪੇ ਗਏ ਜਥੇਦਾਰਾਂ ਤੇ ਭਾਵੇਂ ਉਸ ਮੌਕੇ ਕੌਮ ਨੇ ਬਹੁਤੀ ਸਹਿਮਤੀ ਨਹੀਂ ਸੀ ਦਿਤੀ ਤੇ ਨਾ ਹੀ ਉਹ ਬਾਅਦ ਵਿਚ ਤਕਰੀਬਨ ਤਿੰਨ ਸਾਲ ਤਕ ਕੌਮ ਦਾ ਭਰੋਸਾ ਜਿੱਤਣ ਵਿਚ ਸਫ਼ਲ ਹੀ ਹੋ ਸਕੇ। ਪਰ ਤਿੰਨ ਸਾਲ ਦੇ ਲੰਮੇ ਅਰਸੇ ਬਾਅਦ (ਇਥੇ ਤਿੰਨ ਸਾਲ ਨੂੰ ਲੰਮਾ ਅਰਸਾ ਲਿਖਣ ਦਾ ਭਾਵ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ਼ ਲੈਣ ਲਈ

ਇਹ ਸਮਾਂ ਸਿੱਖ ਕੌਮ ਲਈ ਬਹੁਤ ਲੰਮਾ ਹੈ) ਇਕ ਜੂਨ 2018 ਦੇ ਇਨਸਾਫ਼ ਮੋਰਚਾ ਲਗਾਉਣ ਸਮੇਂ ਜਥੇਦਾਰ ਮੰਡ ਵਲੋਂ ਮੰਗਾਂ ਮਨਾਏ ਜਾਣ ਤਕ ਮੋਰਚਾ ਜਾਰੀ ਰੱਖਣ ਤੇ ਨਾ ਮੰਨਣ ਦੀ ਸੂਰਤ ਵਿਚ ਸ਼ਹਾਦਤ ਦੇਣ ਦੇ ਐਲਾਨ ਤੋਂ ਬਾਅਦ ਕੌਮ ਨੇ ਜਥੇਦਾਰ ਮੰਡ ਉਤੇ ਕੁੱਝ ਭਰੋਸਾ ਕੀਤਾ। ਜਿਉਂ-ਜਿਉਂ ਮੋਰਚਾ ਚਲਦਾ ਗਿਆ, ਲੋਕ ਜਥੇਦਾਰ ਦੀ ਦ੍ਰਿੜਤਾ ਦੇ ਕਾਇਲ ਹੁੰਦੇ ਗਏ ਤੇ ਇਕ ਸਮਾਂ ਉਹ ਵੀ ਆਇਆ ਜਦੋਂ ਅਕਾਲੀ ਦਲ ਬਾਦਲ ਤੇ ਕਾਂਗਰਸ ਨੂੰ ਛੱਡ ਕੇ ਸਮੁੱਚਾ ਪੰਥ ਜਥੇਦਾਰ ਮੰਡ ਦੀ ਅਗਵਾਈ ਕਬੂਲਣ ਲਈ ਮਜਬੂਰ ਹੋ ਗਿਆ। ਇਸ ਵਰਤਾਰੇ ਦੇ ਦਰਮਿਆਨ ਜਥੇਦਾਰ ਮੰਡ ਦੇ ਸੁਭਾਅ ਵਿਚ ਬਹੁਤ ਬਦਲਾਅ ਵੇਖਿਆ ਗਿਆ।

ਜਿਹੜਾ ਜਥੇਦਾਰ ਮੋਰਚੇ ਦੇ ਲੰਗਰ ਵਿਚ ਪੰਗਤਾਂ ਵਿਚ ਸੰਗਤਾਂ ਨਾਲ ਬੈਠ ਕੇ ਲੰਗਰ ਛਕਿਆ ਕਰਦਾ ਸੀ, ਉਹ ਅਪਣੇ ਨਿਜੀ ਤੰਬੂ ਵਿਚ ਸਪੈਸ਼ਲ ਤਿਆਰ ਹੋ ਕੇ ਆਉਂਦਾ ਲੰਗਰ ਛਕਣ ਵਿਚ ਅਪਣੀ ਸ਼ਾਨ ਸਮਝਣ ਲੱਗ ਪਿਆ ਜਿਸ ਨੂੰ ਸੰਗਤਾਂ ਨੇ ਸਿੱਖ ਮਰਿਯਾਦਾ ਵਿਰੁਧ ਹੋਣ ਦੇ ਬਾਵਜੂਦ ਵੀ ਬੁਰਾ ਨਾ ਮਨਾਇਆ। ਲਿਹਾਜ਼ਾ ਸੰਗਤਾਂ ਦੀ ਇਸ ਅਥਾਹ ਅੰਨ੍ਹੀ ਸ਼ਰਧਾ ਨੇ ਜਥੇਦਾਰ ਨੂੰ ਮਨਮਾਨੀਆਂ ਕਰਨ ਦੇ ਰਾਹ ਤੋਰ ਦਿਤਾ। ਜਿਥੇ ਮੋਰਚੇ ਦੇ ਬਹੁਤ ਸਾਰੇ ਜ਼ਿੰਮੇਵਾਰ ਵਿਅਕਤੀਆਂ ਦੀਆਂ ਸਰਕਾਰ ਦੇ ਵੱਖ-ਵੱਖ ਮੰਤਰੀਆਂ ਨਾਲ ਗੁਪਤ ਬੈਠਕਾਂ ਲਗਾਤਾਰ ਹੁੰਦੀਆਂ ਰਹੀਆਂ।

ਉਥੇ ਕਿਸੇ ਸਮੇਂ ਪ੍ਰਬੰਧਕਾਂ ਨੂੰ ਸਰਕਾਰ ਨਾਲ ਬਰਗਾੜੀ ਤੋਂ ਬਾਹਰ ਜਾ ਕੇ ਗੱਲਬਾਤ ਕਰਨ ਦੀ ਸਖ਼ਤੀ ਨਾਲ ਮਨਾਹੀ ਕਰਨ ਵਾਲਾ ਜਥੇਦਾਰ ਖ਼ੁਦ ਸਰਕਾਰ ਦੇ ਮੰਤਰੀਆਂ ਤੇ ਉੱਚ ਅਧਿਕਾਰੀਆਂ ਨਾਲ ਰਾਤਾਂ ਦੇ ਹਨੇਰਿਆਂ ਵਿਚ ਮੋਰਚਾ ਸਥਾਨ ਤੋਂ ਦੂਰ ਬੈਠਕਾਂ ਕਰਨ ਲੱਗ ਪਿਆ। ਉਨ੍ਹਾਂ ਦੀਆਂ ਸਿੱਧੀਆਂ ਤਾਰਾਂ ਜੁੜਨ ਨਾਲ ਮੋਰਚੇ ਨੂੰ ਬਹੁਤ ਵੱਡੀ ਢਾਹ ਲੱਗੀ। ਅਖ਼ੀਰ ਵਿਚ ਕਹਿ ਸਕਦੇ ਹਾਂ ਕਿ ਜਥੇਦਾਰ ਨੂੰ ਸਰਕਾਰੀ ਏਜੰਸੀਆਂ ਅਪਣੇ ਅਕੀਦੇ ਤੋਂ ਡੁਲਾਉਣ ਵਿਚ ਸਫ਼ਲ ਹੋ ਗਈਆਂ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮੋਰਚਾ ਜਿੱਤ ਦੀਆਂ ਬਰੂਹਾਂ ਤੋਂ ਹਾਰ ਝੋਲੀ ਪਵਾ ਕੇ ਵਾਪਸ ਮੁੜ ਆਇਆ।

ਜਥੇਦਾਰ ਮੰਡ ਨੇ ਮੋਰਚਾ ਸਮਾਪਤੀ ਲਈ ਸਰਕਾਰ ਨਾਲ ਅਧੂਰਾ ਸਮਝੌਤਾ ਕਰ ਕੇ ਕੌਮ ਦਾ ਭਰੋਸਾ ਹੀ ਨਹੀਂ ਗੁਆਇਆ ਸਗੋਂ ਉਨ੍ਹਾਂ ਵਲੋਂ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਤੀ ਅਰਦਾਸ ਤੋਂ ਪਿੱਛੇ ਹਟਣ ਨਾਲ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੌਹੀਨ ਹੋਈ ਹੈ, ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਦੀ ਵੀ ਤੌਹੀਨ ਹੋਈ ਹੈ ਜਿਸ ਬਦਲੇ ਉਨ੍ਹਾਂ ਨੂੰ ਇਕ ਦਿਨ ਅਪਣੀ ਗ਼ਲਤੀ ਦਾ ਅਹਿਸਾਸ ਜ਼ਰੂਰ ਹੋਵੇਗਾ ਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੋ ਕੇ ਇਸ ਗ਼ਲਤੀ ਦੀ ਖਿਮਾ ਯਾਚਨਾ ਕਰਨੀ ਪਵੇਗੀ।

ਪਿੱਛੇ ਜਹੇ ਜਥੇਦਾਰ ਮੰਡ ਨੇ ਬੇਸ਼ੱਕ ਇਸ ਸਮੱਸਿਆਂ ਵਿਚੋਂ ਨਿਕਲਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਵੀ ਕੀਤੀ, ਪ੍ਰੰਤੂ ਹੁਣ ਹਲਾਤ ਇਹ ਦਸਦੇ ਹਨ ਕਿ ਜਥੇਦਾਰ ਮੰਡ ਉਤੇ ਕੌਮ ਦਾ ਵਿਸ਼ਵਾਸ ਬੱਝਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਗਈਆਂ ਹਨ। ਕੁੱਝ ਵੀ ਹੋਵੇ ਇਹ ਕੌੜਾ ਸੱਚ ਹੈ ਕਿ ਕੌਮ ਦੀ ਇਹ ਜਿੱਤ ਕੇ ਹਾਰੀ ਬਾਜ਼ੀ ਨੇ ਇਕ ਵਾਰ ਫਿਰ ਦੁਸ਼ਮਣ ਤਾਕਤਾਂ ਦੇ ਹੌਸਲੇ ਵਧਾ ਦਿਤੇ ਹਨ ਤੇ ਸਿੱਖ ਕੌਮ ਨੂੰ ਘੋਰ ਨਿਰਾਸ਼ ਕੀਤਾ ਹੈ।

ਬਘੇਲ ਸਿੰਘ ਧਾਲੀਵਾਲ
ਸੰਪਰਕ : 99142-58142

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement