ਸਾਡੀਆਂ ਮਰ ਰਹੀਆਂ ਲੋਕ-ਬੋਲੀਆਂ ਤੇ ਬੋਲੀਆਂ ਵਿਚਲੇ ਰਿਸ਼ਤੇ
Published : May 14, 2018, 6:34 am IST
Updated : May 14, 2018, 6:34 am IST
SHARE ARTICLE
Punjabi Culture
Punjabi Culture

ਕਹਿੰਦੇ ਹਨ ਕਿ ਕਿਸੇ ਕੌਮ ਦੇ ਸਭਿਆਚਾਰ ਤੇ ਸਮਾਜਕ ਤਾਣੇ-ਬਾਣੇ ਦਾ ਪਤਾ ਉਸ ਕੌਮ ਦੇ ਲੋਕ-ਗੀਤਾਂ, ਅਖਾਉਤਾਂ ਤੇ ਲੋਕ ਬੋਲੀਆਂ ਵਿਚੋਂ ਪਤਾ ਚਲਦਾ ਹੈ। ਸਾਡੇ ਅਚਾਰ-ਵਿਹਾਰ...


ਕਹਿੰਦੇ ਹਨ ਕਿ ਕਿਸੇ ਕੌਮ ਦੇ ਸਭਿਆਚਾਰ ਤੇ ਸਮਾਜਕ ਤਾਣੇ-ਬਾਣੇ ਦਾ ਪਤਾ ਉਸ ਕੌਮ ਦੇ ਲੋਕ-ਗੀਤਾਂ, ਅਖਾਉਤਾਂ ਤੇ ਲੋਕ ਬੋਲੀਆਂ ਵਿਚੋਂ ਪਤਾ ਚਲਦਾ ਹੈ। ਸਾਡੇ ਅਚਾਰ-ਵਿਹਾਰ, ਖ਼ੁਸ਼ੀਆਂ, ਗਮੀਆਂ, ਪਹਿਰਾਵਾ, ਖਾਣ-ਪੀਣ ਸੱਭ ਕੁੱਝ ਇਨ੍ਹਾਂ ਰਾਹੀਂ ਹੀ ਬਿਆਨ ਹੁੰਦਾ ਹੈ। ਪ੍ਰੰਤੂ ਹੁਣ ਹਾਲਾਤ ਬਦਲ ਚੁੱਕੇ ਹਨ, ਵਕਤ ਬਦਲ ਗਿਆ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਅਸੀ ਬਦਲ ਗਏ ਹਾਂ। ਕੁੱਝ ਤਾਂ ਜ਼ਰੂਰ ਬਦਲਿਆ ਹੈ ਕਿਉਂਕਿ ਹੁਣ ਤਾਂ ਨਾ ਕੋਈ ਲੋਕ-ਗੀਤ ਸੁਣਨਾ ਚਾਹੁੰਦਾ ਹੈ, ਨਾ ਅਖਾਉਤਾਂ ਤੇ ਨਾ ਲੋਕ ਬੋਲੀਆਂ। ਅਸੀ ਅਗਾਂਹ ਹੋਰ ਅਗਾਂਹ ਵੱਧਣ ਦੀ ਦੌੜ ਵਿਚ ਸੱਭ ਕੁੱਝ ਗਵਾ ਲਿਆ ਹੈ। 
ਕਿਸੇ ਸਮੇਂ ਵਿਆਹਾਂ ਵਿਚ ਲਗਦੀ ਰੌਣਕ ਵੇਖ ਕੇ ਇੰਦਰ ਦਾ ਸਵਰਗ ਫ਼ਿੱਕਾ ਪੈ ਜਾਂਦਾ ਸੀ। ਜੋ ਅੱਜ ਸਿਰਫ਼ ਡੀ.ਜੇ. ਦੇ ਕੰਨ ਪਾੜਦੇ ਸ਼ੋਰ ਤੇ ਸ਼ਰਾਬੀਆਂ ਦੀ ਹੁੱਲੜਬਾਜ਼ੀ ਤਕ ਸੀਮਿਤ ਹੋ ਕੇ ਰਹਿ ਗਏ ਹਨ। ਨਵੀਂ ਪਨੀਰੀ ਵਿਚ 95 ਫ਼ੀ ਸਦੀ ਨੂੰ ਵਿਆਹ ਵਿਚ ਪੈਂਦੀਆਂ ਬੋਲੀਆਂ ਦਾ ਰੱਤੀ ਮਾਤਰ ਵੀ ਪਤਾ ਨਹੀਂ। 4.9 ਫ਼ੀ ਸਦੀ ਨੂੰ ਪਤਾ ਹੋਵੇਗਾ ਪ੍ਰੰਤੂ ਬੋਲੀ ਪਾਉਣੀ ਨਹੀਂ ਆਉਂਦੀ।
ਅਜਕਲ ਦੀਆਂ ਬੀਬੀਆਂ ਵੀ ਬੋਲੀਆਂ ਵਾਲੇ ਪਾਸਿਉਂ ਕੋਰੇ ਕਾਗ਼ਜ਼ ਵਰਗੀਆਂ ਹੀ ਹਨ। ਇਹ ਵੀ ਅਜਕਲ ਡੀ.ਜੇ. ਉਤੇ ਗੀਤ ਲਗਾਉਂਦੀਆਂ ਹਨ, 'ਡੀ.ਜੇ ਵਾਲੇ ਗਾਣਾ ਤੂੰ ਚਲਾ ਦੇ।' ਫਿਰ ਨਾਗਨ ਡਾਂਸ ਸ਼ੁਰੂ ਹੁੰਦਾ ਹੈ। ਘੰਟੇ ਕੁ ਵਿਚ ਬੀਬੀਆਂ ਦੀ ਬੱਸ ਹੋ ਜਾਂਦੀ ਹੈ ਤੇ ਚਲੋ ਜੀ ਨੱਚਣ ਵਾਲਾ ਨਗ ਪੂਰਾ। ਇਹ ਹਵਾ 20-25 ਕੁ ਸਾਲਾਂ ਦੀ ਜ਼ਿਆਦਾ ਵਰਗੀ ਹੈ। ਨਹੀਂ ਤਾਂ ਅਸੀ ਵੀ ਬਚਪਨ ਵਿਚ ਵਿਆਹਾਂ ਵਿਚ ਪੈਂਦੀਆਂ ਬੋਲੀਆਂ ਤੇ ਧਮਾਲਾਂ ਦੇ ਚਸ਼ਮਦੀਦ ਗਵਾਹ ਹਾਂ। ਦੋ-ਦੋ ਘੰਟੇ ਗਿੱਧਾ ਪੈਂਦਾ। ਤੀਵੀਆਂ ਵਾਲੇ ਪਾਸਿਉਂ ਬੋਲੀ ਆਉਂਦੀ, ਕੋਈ ਬੰਦਾ ਜਵਾਬ ਵੀ ਦਿੰਦਾ। ਪ੍ਰੰਤੂ ਤੀਵੀਆਂ ਦੇ ਮੁਕਾਬਲੇ ਬੰਦੇ ਵਿਚਾਰੇ ਛੇਤੀ ਹੀ ਹਥਿਆਰ ਸੁੱਟ ਦਿੰਦੇ। ਮੈਂ ਖ਼ੁਦ ਵੀ ਕਾਲਜ ਟਾਇਮ ਬੋਲੀਆਂ ਪਾਉਣ ਸਿੱਖ ਗਿਆ ਸੀ ਤੇ ਅੱਜ ਵੀ ਕਿਸੇ ਵਿਆਹ ਸਮੇਂ ਮੈਂ ਇਕੱਲਾ ਹੀ ਸਾਰੀਆਂ ਭਾਬੀਆਂ ਦਾ ਬਾਖ਼ੂਬ ਮੁਕਾਬਲਾ ਕਰਦਾ ਹਾਂ। ਆਉ ਵੇਖਦੇ ਹਾਂ ਕਿ ਪੁਰਾਣੇ ਸਮੇਂ ਦੀਆਂ ਬੋਲੀਆਂ ਵਿਚ ਉਸੇ ਸਮੇਂ ਦੇ ਸਮਾਜ ਦੇ ਕਿਹੜੇ ਕੰਮਾਂ ਧੰਦਿਆਂ, ਰੀਤੀ ਰਿਵਾਜਾਂ, ਰਿਸ਼ਤਿਆਂ ਦਾ ਵਰਨਣ ਕਿਵੇਂ ਕੀਤਾ ਜਾਂਦਾ ਸੀ ਤੇ ਕਿਵੇਂ ਉਹ ਬੋਲੀਆਂ ਸਾਡੇ ਸਮਾਜ ਦਾ ਸ਼ੀਸ਼ਾ ਕਹੀਆਂ ਜਾ ਸਕਦੀਆਂ ਹਨ।
ਵਿਆਹ ਵਿਚ ਬਰਾਤਾਂ ਬੰਝਣ ਵਾਲੇ ਸਮੇਂ ਤਾਂ ਮੈਂ ਵੇਖੇ ਨਹੀਂ। ਪ੍ਰੰਤੂ ਅੱਜ ਤੋਂ 20-25 ਕੁ ਸਾਲ ਪਹਿਲਾਂ ਦੇ ਗਿੱਧੇ ਦਾ ਨਜ਼ਾਰਾ ਮੈਂ ਅੱਖੀਂ ਵੇਖਿਆ ਹੈ। ਉਦੋਂ ਵੀ ਅੱਜ ਦੇ ਵਿਆਹ ਨਾਲੋਂ ਕਾਫ਼ੀ ਵਖਰੇਵਾਂ ਹੁੰਦਾ ਸੀ। ਅਜਕਲ ਤਾਂ ਜਾਗੋ ਵੀ ਲਾਈਟਾਂ ਵਾਲੀ ਅਉਣ ਲੱਗ ਪਈ ਹੈ। ਸੱਭ ਮਾਲਕ ਦੇ ਰੰਗ, ਵਕਤ ਤੇ ਤਕਦੀਰਾਂ ਦੀ ਖੇਡਾਂ। ਇਕ ਘੇਰੇ ਵਿਚ ਸਾਰੇ ਤੀਵੀਆਂ ਤੇ ਆਦਮੀ ਖੜੇ ਹੁੰਦੇ। ਦਿਉਰ, ਜੇਠ, ਜੀਜੇ, ਸਾਲੀਆਂ, ਭਾਬੀਆਂ ਆਦਿ ਸੱਭ ਸ਼ਾਮਲ ਹੁੰਦੇ। ਨਵੀਂ ਵਹੁਟੀ ਘਰ ਆਈ ਹੁੰਦੀ ਤੇ ਬੋਲੀ ਪੈਂਦੀ।
'ਚੰਨ ਵਰਗੀ ਭਰਜਾਈ, ਮੇਰਾ ਦਿਉਰ ਵਿਆਹ ਕੇ ਲਿਆਇਆ,
ਹੱਥੀ ਉਸ ਦੇ ਛਾਪਾਂ ਛੱਲੇ, ਪੈਰੀ ਝਾਂਜਰਾਂ ਪਾਈਆਂ,
ਗਿੱਧੇ ਵਿਚ ਨਚਦੀ ਦਾ, ਦੇਵੇ ਰੂਪ ਦੁਹਾਈਆਂ।''
ਬੋਲੀ ਚੱਕ ਲਈ ਜਾਂਦੀ। ਨਵੀਂ ਵਹੁਟੀ ਦਾ ਸੂਹਾ ਰੰਗ ਸ਼ਰਮ ਨਾਲ ਹੋਰ ਸੂਹਾ ਹੋ ਜਾਂਦਾ। ਦਿਉਰ ਜੀ ਵੀ ਵਹੁਟੀ ਮਿਲਣ ਦੀ ਖ਼ੁਸ਼ੀ ਵਿਚ ਪੂਰੀ ਧਮਾਲ ਪਾਉਂਦੇ। ਯਾਨੀਕਿ ਨਵੀ ਵਹੁਟੀ ਦਾ ਰੂਪ ਬੋਲੀ ਰਾਹੀਂ ਪ੍ਰਗਟ ਹੁੰਦਾ। ਪ੍ਰੰਤੂ ਅਜਕਲ ਪਹਿਲੀ ਗੱਲ ਤਾਂ ਦਿਉਰ ਹੁੰਦਾ ਹੀ ਨਹੀਂ ਕਿਉਂਕਿ ਜੇ ਪਹਿਲਾ ਬੱਚਾ ਮੁੰਡਾ ਹੋਵੇ ਤਾਂ 99 ਫ਼ੀ ਸਦੀ ਲੋਕ ਦੂਜਾ ਬੱਚਾ ਜੰਮਦੇ ਹੀ ਨਹੀਂ ਤੇ ਜੇ ਭੁੱਲ ਭੁਲੇਖੇ ਹੋਵੇ ਤਾਂ ਉਹ ਵਿਆਹ ਵਿਚ ਨਹੀਂ ਵੜਦੇ ਕਿਉਂਕਿ ਕਿਸੇ ਘਰ ਥਵਾਕ ਨਹੀਂ ਰਿਹਾ। ਹਰ ਕਿਸੇ ਦਾ ਮੂੰਹ ਅੱਡੋ ਅੱਡ ਤੇ ਜੇ ਮਿੰਨਤਾ ਤਰਲੇ ਕਰ ਕੇ ਆ ਵੀ ਜਾਣ ਤਾਂ ਵਿਆਹ ਹੀ ਖ਼ਰਾਬ ਕਰਨਗੇ। ਸਵਾਰਦੇ ਕੁੱਝ ਨਹੀਂ।           
ਫਿਰ ਦੂਜੀ ਬੋਲੀ ਆਉਂਦੀ। ਦੋਵੇਂ ਜੀਆਂ ਦੀ ਲੜਾਈ ਤੇ ਰੁੱਸੇ ਨੂੰ ਮਨਾਉਣ ਦੇ ਤਰੀਕੇ ਦੱਸੇ ਹੁੰਦੇ। ਜਿਵੇ :-
ਅੜੀਏ, ਅੜੀਏ, ਅੜੀਏ, ਰੁੱਸੇ ਮਾਹੀਏ ਦਾ ਕੀ ਕਰੀਏ।
ਜੇ ਅੰਦਰ ਵੜੇ ਤਾਂ ਮਗਰੇ ਵੜੀਏ, 
ਚੁੰਨੀ ਲਾਹ ਪੈਰਾਂ ਵਿਚ ਧਰੀਏ।
ਇਕ ਵਾਰੀ ਬੋਲੋ ਜੀ, ਆਪਾਂ ਫਿਰ ਕਦੇ ਨਾ ਲੜੀਏ।
ਕਹਿਣ ਦਾ ਭਾਵ ਕਿ ਨਵੀਂ ਵਿਆਹੀ ਜੋੜੀ ਨੂੰ ਬੋਲੀ ਰਾਹੀਂ ਸਮਝਾਇਆ ਜਾਂਦਾ ਕਿ ਮਾੜੀ ਮੋਟੀ ਨੋਕ-ਝੋਕ ਦੋਹਾਂ ਜੀਆਂ ਵਿਚ ਹੁੰਦੀ ਹੀ ਆਈ ਹੈ ਤੇ ਇਸ ਤਰ੍ਹਾਂ ਘੁੱਲ ਮਿਲ ਕੇ ਰਹਿਣਾ। ਪ੍ਰੰਤੂ ਪਹਿਲੀ ਗੱਲ ਤਾਂ ਅਜਕਲ ਮਾਹੀਆ ਰੁੱਸ ਕੇ ਅੰਦਰ ਨੂੰ ਨਹੀਂ ਬਾਹਰ ਨੂੰ ਭਜਦਾ ਹੈ। ਕਹੂ ਜਾਂ ਤਾਂ ਮੈਂ ਗੱਡੀ ਥੱਲੇ ਆਉਣਾ, ਜਾ ਫ਼ਾਹਾ ਲੈਨਾਂ, ਜਾਂ ਖ਼ੂਹ ਵਿਚ ਛਾਲ ਮਾਰਦਾਂ ਤੇ ਨਵੀਂ ਵਿਆਹੀ ਵਿਚਾਰੀ ਮਨਾ ਕੇ ਕਿਥੋਂ ਲਿਆਵੇ। ਦੂਜੀ ਗੱਲ ਵਹੁਟੀ ਕੋਲ ਮਨਾਉਣ ਵਾਸਤੇ ਪਹਿਲਾਂ ਤਾਂ ਚੁੰਨੀ ਹੀ ਨਹੀਂ ਹੁੰਦੀ, ਕਿਉਂਕਿ ਜੀਨਸ-ਟੌਪ ਪਾਇਆ ਹੁੰਦਾ, ਚੁੰਨੀ ਦਾ ਕੀ ਕੰਮ ਤੇ ਦੂਜਾ ਉਹ ਜੀ ਜੀ ਕਰ ਕੇ ਨਹੀਂ ਮਨਾਉਂਦੀ ਅਗਲੀ ਤਾਂ ਸਿੱਧਾ ਡਾਂਗ ਤੇ ਡੇਰਾ ਰਖਦੀ ਹੈ ਕਿ ਜੇ ਤਾਂ ਸਿੱਧਾ ਮੰਨ ਜੇ ਗਾ ਤਾਂ ਠੀਕ ਹੈ ਨਹੀਂ ਦਹੇਜ ਦਾ ਪਰਚਾ ਪਵਾ ਕੇ ਕਰਾਉਂ ਅੰਦਰ। ਨਵੀਂ ਵਗੀ ਹਵਾ ਨੇ ਸਾਰੇ ਪਵਿੱਤਰ ਰਿਸ਼ਤੇ ਤਾਰ-ਤਾਰ ਕਰ ਕੇ ਰੱਖ ਦਿਤੇ। ਫਿਰ ਸ਼ੁਰੂ ਹੁੰਦੀ ਭਾਬੀਆਂ ਤੇ ਜੇਠਾਂ ਦੀ ਨੋਕ ਝੋਕ। ਭਾਬੀਆਂ ਦੀ ਬੋਲੀਆਂ ਦੇ ਜਵਾਬ ਵੀ ਜ਼ਰੂਰ ਆਉਂਦੇ ਤੇ ਜੇ ਬੋਲੀ ਦਾ ਸਹੀ ਜਵਾਬ ਨਾਂ ਵੀ ਲਭਦਾ ਤਾਂ ਬੋਲੀ ਦੇ ਬਦਲੇ ਬੋਲੀ ਜ਼ਰੂਰ ਪੈਂਦੀ। ਇੰਝ ਰੋਣਕ ਮੇਲਾ ਸਿਖਰੀਂ ਪਹੁੰਚ ਜਾਂਦਾ।
“ਮੈ ਤਾਂ ਜੇਠ ਨੂੰ ਜੀ ਜੀ ਕਹਿੰਦੀ, ਮੈਨੂੰ ਕਹਿੰਦਾ ਬੱਕਰੀ,
ਵੇ ਜੇਠਾ ਸੂਰਮਿਆਂ, ਫਿਰ ਕਿਸੇ ਦਿਨ ਟੱਕਰੀ।''
ਲਉ ਜੀ ਜੇਠ ਜੀ ਨੂੰ ਖੁੱਲ੍ਹ ਕੇ ਵੰਗਾਰ ਪਾ ਦਿਤੀ ਜਾਂਦੀ ਤੇ ਜੇਠ ਵਿਚਾਰਾ ਜਿਹਾ ਹੋ ਕੇ ਤਾੜੀਆਂ ਮਾਰ ਛਡਦਾ ਪ੍ਰੰਤੂ ਕੋਈ-ਕੋਈ ਜਵਾਬ ਵੀ ਜ਼ਰੂਰ ਦਿੰਦਾ।
“ਪਿੰਡਾਂ ਵਿਚ ਪਿੰਡ ਸੁਣੀਦਾ, ਪਿੰਡ ਸੁਣੀਦਾ ਰਾਣੀ,
ਘੁੰਡ ਦਾ ਇਥੇ ਕੰਮ ਕੀ ਗਿੱਧੇ ਵਿਚ, ਇਥੇ ਤੇਰੇ ਹਾਣੀ,
ਜਾਂ 
ਘੁੰਡ ਕਢਦੀ ਬਹੁਤੀ ਸੋਹਣੀ, ਜਾਂ ਘੁੰਡ ਕਢਦੀ ਕਾਣੀ,
ਖੁੱਲ੍ਹ ਕੇ ਨੱਚ ਲੈ ਨੀ, ਬਣ ਜਾਂ ਗਿੱਧੇ ਦੀ ਰਾਣੀ।''
ਪ੍ਰੰਤੂ ਅਜਕਲ ਦੇ ਜ਼ਮਾਨੇ ਵਿਚ ਕਾਣੀ ਤਾਂ ਭਾਵੇਂ ਘੁੰਡ ਕੱਢ ਲਵੇ। ਪ੍ਰੰਤੂ ਸੋਹਣੀ ਨਹੀਂ ਕਢਦੀ। ਕਿਉਂਕਿ ਉਸ ਕੋਲ ਘੁੰਡ ਵਾਸਤੇ ਚੁੰਨੀ ਹੀ ਨਹੀਂ ਹੁੰਦੀ। ਫਿਰ ਦਿਉਰਾਂ ਦੀ ਛਾਮਤ ਆ ਜਾਂਦੀ।
''ਦਿਉਰ ਮੇਰੇ ਨੂੰ ਅੱਡ ਕਰ ਦਿਤਾ, ਦੇ ਕੇ ਸੇਰ ਕੁ ਆਟਾ,
ਵੇ ਨਿੱਤ ਕੌਣ ਲੜੇ, ਕੌਣ ਪਟਾਵੇ ਝਾਟਾ।''
ਅਜਕਲ ਪਹਿਲਾਂ ਤਾਂ ਅੱਡ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਵਿਆਹ ਤੋਂ ਪਹਿਲਾਂ ਹੀ ਕੇਵਲ ਘਰ ਨਹੀਂ ਲਗਭਗ ਸ਼ਹਿਰ ਵੀ ਅੱਡੋ ਅੱਡ ਹੁੰਦੇ ਹਨ ਤੇ ਸੇਰ ਕੁ ਆਟੇ ਨਾਲ ਅਜਕਲ ਦੀ ਮਹਿੰਗਾਈ ਵਿਚ ਬਣਦਾ ਹੀ ਕੀ ਹੈ। ਅੱਗੋਂ ਵੀ ਜਵਾਬ ਤਿਆਰ ਹੁੰਦਾ।
ਪਾਣੀ, ਪਾਣੀ, ਪਾਣੀ, ਲੰਮਾ ਸਾਰਾ ਘੁੰਡ ਕੱਢਿਆ,
ਤੇਰੀ ਨਖਰੋ ਦੀ ਰਮਜ਼ ਪਛਾਣੀ, ਮੈਂ ਤੇਰਾ ਦਿਉਰ ਲਗਦਾ,
ਘੁੰਡ ਚੱਕ ਦੇ ਨਾ ਬਣ ਬਿਗਾਨੀ, ਭਾਬੀ ਤੇਰੀ ਤੌਰ ਵੇਖ ਕੇ,
ਮੈਨੂੰ ਛੇੜਦੇ ਸਥਾਂ ਵਿਚ ਹਾਣੀ, ਮੈਂ ਨੀ ਤੇਰਾ ਮੁੱਖ ਵੇਖਿਆ,
ਕੋਈ ਲਗਦੀ ਏ ਉਲਟ ਕਹਾਣੀ, ਲੋਕੋ ਵੀਰਾ ਲੁੱਟਿਆ ਗਿਆ,
ਭਾਬੀ ਨਿੱਕਲੀ ਅੱਖ ਦੀ ਕਾਣੀ।
ਭਾਬੀ ਨੂੰ ਜਵਾਬ ਪੂਰੀ ਤਾਕਤ ਨਾਲ ਮੋੜ ਕੇ ਦਿਤਾ ਜਾਂਦਾ। ਪੂਰਾ ਚਕਚੋਲਰ ਪੈਂਦਾ। ਪਰ ਅਜਕਲ ਨਹੀਂ ਅੱਖ ਦੀ ਕਾਣੀ ਆ ਸਕਦੀ। ਪਹਿਲਾਂ 10 ਵਾਰੀ ਵੇਖਦੇ ਨੇ ਅਗਲੇ। ਆਉਣ ਵਾਲੇ ਸਮੇਂ ਵਿਚ ਲਗਦਾ ਵੀ ਮੈਡੀਕਲ ਚੈਕਅੱਪ ਵੀ ਹੋਇਆ ਕਰੂ?
ਫਿਰ ਛੜਿਆਂ ਵਲ ਮੁਹਾਰਾ ਮੋੜ ਲਈਆਂ ਜਾਂਦੀਆਂ। ਪਹਿਲਾਂ ਛੜੇ ਸ਼ੁਗਲ ਮੇਲਿਆਂ ਵਾਸਤੇ ਮਸ਼ਹੂਰ ਹੁੰਦੇ ਸਨ ਤੇ ਇਨ੍ਹਾਂ ਦੀ ਅਲੱਗ ਹੀ ਪਛਾਣ ਹੁੰਦੀ ਸੀ, ਪ੍ਰੰਤੂ ਅਜਕਲ ਇਨ੍ਹਾਂ ਦਾ ਵੀ ਉਹ ਰੁਤਬਾ ਨਹੀਂ ਰਿਹਾ।
ਬੋਲੀ ਪਾਈਏ ਤਾਂ ਬੋਲੀ ਪਾਈਏ ਲਲਕਾਰ ਕੇ,
ਛੜਿਆਂ ਦਾ ਦਿਲ ਤੋੜ ਦੇਈਏ ਅੱਡੀ ਮਾਰ ਕੇ।
ਬੋਲੀ ਪਾਈਏ ਤਾਂ ਕਰੀਏ ਨਾ ਇਕ ਮਿੱਕ ਜੀ,
ਬੋਲੀ ਮਾਰੀਏ ਛੜੇ ਦੀ ਹਿੱਕ ਵਿਚ ਜੀ।
ਵਿਚਾਰੇ ਛੜੇ ਸਿਵਾਏ ਹੱਸਣ ਤੋਂ ਹੋਰ ਕੁੱਝ ਨਾ ਕਰ ਸਕਦੇ, ਪ੍ਰੰਤੂ ਕਈ ਮੋੜ ਵੀ ਕਰ ਦਿੰਦੇ ਤੇ ਭਾਬੀ ਨੂੰ ਸਾਕ ਲਿਆਉਣ ਵਾਸਤੇ ਤਰਲਾ ਵੀ ਕਰਦੇ।
''ਸੁਣ ਨੀ ਭਾਬੀ ਸਾਕ ਲਿਆ ਦੇ, ਮਾਰ ਨਾ ਜਾਵੀ ਠੱਗੀ,
ਨੀ ਸੌ ਘੋੜਿਆਂ ਤੇ ਬਰਾਤ ਆਉਗੀ, ਤੇਰੀ ਖ਼ਾਤਰ ਬੱਘੀ,
ਵੀਰ ਤੇਰੇ ਲਈ ਸੋਨੇ ਦਾ ਕੈਂਠਾ, ਤੇਰੇ ਲਈ ਫੁੱਲ ਸੱਗੀ,
ਮਿੰਨਤਾਂ ਕਰਦੇ ਦੀ, ਦਾੜ੍ਹੀ ਹੋ ਗਈ ਬੱਗੀ।''
ਨਾਲੇ ਬੋਲੀ ਦਾ ਮੋੜ ਹੋ ਜਾਂਦਾ, ਨਾਲੇ ਭਾਬੀ ਦੀ ਮਿੰਨਤ ਹੋ ਜਾਂਦੀ ਤੇ ਨਾਲੇ ਗਿੱਧੇ ਵਿਚ ਰੰਗ ਬੰਨਿਆ ਜਾਂਦਾ। ਪ੍ਰੰਤੂ ਅਜਕਲ ਪਹਿਲੀ ਗੱਲ ਤਾਂ ਛੜੇ ਹੁੰਦੇ ਹੀ ਘੱਟ ਹਨ। ਕੋਈ ਨਾ ਕੋਈ ਬੰਨ੍ਹ ਸੁੱਭ ਕਰ ਹੀ ਲੈਂਦੇ ਹਨ, ਭਾਵੇਂ ਗੱਪ ਮਾਰ ਕੇ ਹੀ ਸਹੀ ਤੇ ਜੇ ਹਨਠ, ਵੀ ਤਾਂ ਉਨ੍ਹਾਂ ਦੀ ਪਹਿਲਾਂ ਵਰਗੀ ਚੜ੍ਹਾਈ ਜਾਂ ਰੁਤਬਾ ਨਹੀਂ ਰਿਹਾ। ਜਿਵੇਂ ਪਹਿਲਾਂ ਛੜਿਆਂ ਦੇ ਵਾੜਿਆਂ ਵਿਚ ਮੁਰਗੇ ਰਿਝਦੇ ਸਨ।
ਫਿਰ ਦੁਬਾਰਾ ਜੇਠ ਜੀ ਵਲ ਮੂੰਹ ਹੋ ਜਾਂਦਾ :-
ਮੈਂ ਤੇ ਜਠਾਣੀ ਦੋਵੇਂ ਤੀਰਥਾਂ ਨੂੰ ਚਲੀਆਂ,
ਜੇਠ ਭੈੜਾ ਪੁੱਛੇ ਦੋਵੇਂ ਕਿਥੇ ਚਲੀਆਂ,
ਉਤੋਂ ਟਾਇਮ ਗੱਡੀ ਦਾ ਹੋਣ ਲਗਿਆ,
ਜੇਠ ਮਾਰ ਕੇ ਦੁਹੱਥੜਾ ਰੋਣ ਲਗਿਆ।
ਪ੍ਰੰਤੂ ਸਮਾਂ ਬਦਲ ਗਿਆ ਹੈ। ਰਿਸ਼ਤੇ ਉਹ ਨਹੀਂ ਰਹੇ। ਪਹਿਲੀ ਗੱਲ ਤਾਂ ਦਰਾਣੀ ਤੇ ਜਠਾਣੀ ਕਿਤੇ ਇਕੱਠੀਆਂ ਜਾਣੋਂ ਹੀ ਹੱਟ ਗਈਆਂ। ਦੂਜੀ ਗੱਲ ਜਾਣਾ ਹੋਵੇ ਤਾਂ ਗੱਡੀ ਉਡੀਕਣ ਦੀ ਲੋੜ ਨਹੀਂ ਰਹੀ। ਘਰ-ਘਰ ਕਾਰਾਂ, ਮੋਟਰਸਾਈਕਲ ਤੇ ਮਿੰਟ ਮਿੰਟ ਉਤੇ ਬੱਸਾਂ ਦੇ ਰੂਟ। ਤੀਜੀ ਗੱਲ ਅਜਕਲ ਦੇ ਜੇਠ ਦੁਹੱਥੜਾ ਮਾਰ ਕੇ ਨਹੀਂ ਰੋਂਦੇ। ਉਹ ਤਾਂ ਮਸ਼ਹੂਰ ਪਾਕਿਸਤਾਨੀ ਡਰਾਮੇ ਦੇ ਕਲਾਕਾਰ ਵਾਂਗ ਸੋਚਦੇ ਰਹਿੰਦੇ ਹਨ ਕਿ
''ਕਦੇ ਤਾਂ ਪੇਕੇ ਜਾਹ ਬੀਬਾ, ਆਵੇ ਸੁਖ ਦਾ ਸਾਹ ਬੀਬਾ।''
ਫਿਰ ਦੁਬਾਰਾ ਦਿਉਰ ਦੀ ਸ਼ਾਮਤ ਆ ਜਾਂਦੀ। ਦਿਉਰਾਂ ਨੂੰ ਖਿੱਚ ਕੇ ਪੰਡਾਲ ਵਿਚ ਲਿਆਂਦਾ ਜਾਂਦਾ। ਸਾਰੀਆਂ ਭਾਬੀਆਂ ਪਾਸੇ ਝੁਰਮਟ ਪਾ ਲੈਂਦੀਆਂ।
“ਲਆ ਦਿਉਰਾ ਤੇਰਾ ਕੁੜਤਾ ਧੋ ਦਿਆਂ, 
ਵਿਚ ਪਾ ਕਲਮੀ ਸ਼ੋਰਾ,
ਵਿਚ ਭਰਜਾਈਆਂ ਦੇ ਬੋਲ ਕਲਿਹਰੀਆ ਮੋਰਾ।''
ਤੇ ਗਿਧੇ ਦੇ ਪਿੜ ਵਿਚ ਦਿਉਰ ਨੂੰ ਸੱਚਮੁਚ ਹੀ ਕਲਹਿਰੀ ਮੋਰ ਬਣਾ ਦਿਤਾ ਜਾਂਦਾ ਤੇ ਅਜਕਲ ਪਹਿਲੀ ਗੱਲ ਤਾਂ ਦਿਉਰ ਕੁੜਤਾ ਪਾਉਂਦਾ ਹੀ ਨਹੀਂ। ਸਰਟਾਂ ਤੇ ਟੀ-ਸ਼ਰਟਾਂ ਦਾ ਸ਼ੌਂਕੀਨ ਹੈ ਤੇ ਦੂਜੀ ਗੱਲ ਕਲਮੀ ਸ਼ੋਰੇ ਦੀ ਵੀ ਲੋੜ ਨਹੀਂ ਰਹੀ। ਕਪੜੇ ਜਾਂ ਤਾਂ ਬਾਜ਼ਾਰ ਵਿਚੋਂ ਧੋਬੀ ਕੋਲੋਂ ਹੀ ਧੂਹ ਕੇ ਆਉਂਦੇ ਹਨ ਜਾਂ ਕਪੜੇ ਧੋਣ ਵਾਲੀ ਮਸ਼ੀਨ ਦਾ ਬਟਨ ਮਰੋੜਨ ਦੀ ਦੇਰ ਹੈ, ਕੁੜਤਾ ਮਿੰਟੋ-ਮਿੰਟੀ ਧੋਤਾ ਜਾਂਦਾ ਹੈ। ਫਿਰ ਮਾਹੀਏ ਦੀ ਵਾਰੀ ਆ ਜਾਂਦੀ। ਮਾਹੀਆ ਜੋ ਹੁਣ ਤਕ ਪਿਛੇ ਖੜਾ ਹੁੰਦਾ ਖਿੱਚ ਕੇ ਮੈਦਾਨ ਵਿਚ ਕਰ ਲਿਆ ਜਾਂਦਾ।
ਲੋਕਾਂ ਦੇ ਮਾਹੀਏ ਤਾਂ ਲੰਮ ਸਲੰਮੇ,
ਮੇਰਾ ਮਾਹੀਆ ਪਾਵੇ ਦੇ ਮੇਚ ਦਾ ਨੀ,
ਜੀ.ਟੀ.ਰੋਡ ਤੇ ਪਕੌੜੇ ਵੇਚਦਾ ਨੀ।
ਉਹ ਮਾਹੀਏ ਹੀ ਚੰਗੇ ਸਨ, ਜੋ ਅਜਿਹੀ ਬੋਲੀ ਨੂੰ ਖੇਡ ਮਖੌਲ ਹੀ ਸਮਝਦੇ ਸਨ, ਨਹੀਂ ਅਜਕਲ ਵਾਲੇ ਤਾਂ ਮਰੋੜਾ ਖਾ ਜਾਂਦੇ ਹਨ ਕਿ ਮੇਰੀ ਤਾਂ ਸਾਰਿਆਂ ਸਾਹਮਣੇ ਬੇਇਜ਼ਤੀ ਕਰ ਦਿਤੀ ਤੇ ਜਾਂ ਫਿਰ ਅਜਕਲ ਦੇ ਮਾਹੀਏ ਨਸ਼ੇ ਵਿਚ ਏਨੇ ਟੱਲੀ ਹੁੰਦੇ ਹਨ ਕਿ ਸੱਭ ਕੁੱਝ ਉੱਪਰੋਂ ਹੀ ਲੰਘ ਜਾਂਦਾ ਹੈ। ਫਿਰ ਮਾਹੀਆ ਵੀ ਮੋੜ ਕਰਦਾ, ਪ੍ਰੰਤੂ ਅਪਣੀ ਤੀਵੀਂ ਦਾ ਗੁਣਗਾਣ ਕਰ ਕੇ : 
“ਨੀ ਮੈਂ ਤਾਂ ਤੈਨੂੰ ਲੈਣ ਆ ਗਿਆ, ਤੂੰ ਵੜ ਬੈਠੀ ਖੂੰਜੇ,
ਨੀ ਕੱਲੇ ਭੌਰ ਦਾ ਚਿੱਤ ਨੀ ਲਗਦਾ, ਸੁੰਨੀ ਹਵੇਲੀ ਗੂੰਜੇ,
ਨੀ ਕੌਣ ਤਾਂ ਮੇਰੇ ਭਾਂਡੇ ਮਾਂਜੂ, ਕੌਣ ਵਿਹੜੇ ਨੂੰ ਹੂੰਝੇ,
ਲੈ ਕੇ ਜਾਊਗਾਂ, ਮੋਤੀ ਬਾਗ ਦੀਏ ਕੂੰਜੇ।''
ਇਕਲੇ ਰਿਸ਼ਤੇ ਹੀ ਨਹੀਂ ਉਦੋਂ ਉਸ ਵਕਤ ਦੀ ਜ਼ਮੀਨ, ਪਾਣੀ, ਆਰਥਕ ਹਾਲਾਤ, ਆਉਣ-ਜਾਣ, ਖਾਣ-ਪੀਣ ਆਦਿ ਸੱਭ ਕੁੱਝ ਬੋਲੀਆਂ ਵਿਚੋਂ ਸਮਝਿਆ ਜਾ ਸਕਦਾ ਸੀ ਜਿਵੇ:-
''ਸਾਉਣ ਮਹੀਨੇ ਮੀਂਹ ਨਾਂ ਪੈਂਦੇ, ਸੁੱਕੀਆਂ ਪਈਆਂ ਜ਼ਮੀਨਾਂ,
ਜ਼ਮੀਨਾਂ ਵਾਹੁੰਦੇ ਬਲਦ ਹਾਰ ਗਏ, ਗੱਭਰੂ ਗਿੱਝਗੇ ਫੀਮਾ,
ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ।''
ਜਾਂ
''ਸੁਣ ਨੀ ਚਾਚੀਏ, ਸੁਣ ਨੀ ਤਾਈਏ, ਸੁਣ ਵੱਡੀਏ ਭਰਜਾਈਏ,
ਕੁੜਤੀ ਜੇਬ ਬਿਨਾ, ਜੇਬ ਬਿਨਾ ਨਾ ਪਾਈਏ,
ਸਹੁਰੇ ਕੰਤ ਬਿਨਾ, ਕੰਤ ਬਿਨਾਂ ਨਾ ਜਾਈਏ,
ਪੇਕੇ ਵੀਰ ਬਿਨਾਂ, ਵੀਰ ਬਿਨਾ ਨਾ ਜਾਈਏ,
ਰੰਗ ਦੇ ਕਾਲੇ ਨੂੰ, ਮੋਗਿਉਂ ਕਲੀ ਕਰਾਈਏ।''
ਤੇ ਅਜਕਲ ਇਕ ਜੇਬ ਛੱਡੋ ਜੀਨਸ ਦੇ 4-5 ਜੇਬਾਂ ਹੁੰਦੀਆਂ ਹਨ। ਸਹੁਰੇ ਕੰਤ ਬਿਨਾਂ ਜਾਣ ਦੀ ਅਜਕਲ ਕੋਈ ਕੰਡੀਸ਼ਨ ਨਹੀਂ ਰਹੀ ਤੇ ਨਾ ਪੇਕੀ ਵੀਰ ਬਿਨਾ ਜਾਣ ਦੀ। ਰੰਗ ਦੇ ਕਾਲੇ ਨੂੰ ਕਲੀ ਕਰਾਉਣਾ ਸੱਭ ਤੋਂ ਸੌਖਾ ਹੋ ਗਿਆ ਹੈ। ਥਾਂ-ਥਾਂ ਤੇ ਬਿਊਟੀ ਪਾਰਲਰ, ਜਿਥੇ ਮਰਜ਼ੀ ਕਲੀ ਕਰਾ ਲਉ। ਬੱਸ ਪੈਸਾ ਚਾਹੀਦਾ।
ਫਿਰ ਹਾਲਾਤ ਇਹ ਵੀ ਹੁੰਦੇ ਸੀ ਕਿ ਕਿਸੇ ਘਰ ਵਿਆਹ ਦਾ ਸਾਰੇ ਪਿੰਡ ਨੂੰ ਚਾਅ ਹੋਣਾ। ਸਾਰਿਆਂ ਨੇ ਮਿਲ ਕੇ ਕੜਾਹੀ ਤੇ ਕੰਮ ਕਰਨਾ ਤੇ ਰਾਤ ਨੂੰ ਸੱਭ ਨੇ ਮਿਲ ਕੇ ਗਿੱਧੇ ਵਿਚ ਬੋਲੀਆਂ ਪਾਉਣੀਆਂ। ਵਿਆਹ ਲਗਭਗ ਸਾਰੇ ਹੀ ਸਿਆਲ ਦੀ ਰੁੱਤੇ ਹੁੰਦੇ ਕਿਉਂਕਿ ਉਦੋਂ ਅੱਜ ਵਾਂਗ ਏ.ਸੀ ਦੀ ਸਹੂਲਤ ਨਹੀਂ ਸੀ ਹੁੰਦੀ। ਗਰਮੀ ਵਿਚ ਮੇਲੀਆਂ ਦਾ ਮੁੜ ਕੇ ਨਾਲ ਕੋਈ ਹਾਲ ਨਹੀਂ ਸੀ ਰਹਿੰਦਾ ਜਿਵੇਂ ਇਸ ਬੋਲੀ ਵਿਚ ਸਪੱਸ਼ਟ ਹੈ ਕਿ :-
“ਗਿੱਧਾ ਗਿੱਧਾ ਕਰੇਂ ਮੇਲਣੇ, ਗਿੱਧਾ ਪਊ ਬਥੇਰਾ,
ਨੀ ਅੱਖ ਪੱਟ ਕੇ ਝਾਕ ਮੇਲਣੇ, ਭਰਿਆ ਪਿਆ ਬਨੇਰਾ, 
ਪਿੰਡ ਦੇ ਵਿਚ ਨਾ ਰਹਿ ਗਿਆ ਕੋਈ, ਨਾ ਬੁਢੜਾ ਨਾ ਠੇਰਾ, 
ਤੈਨੂੰ ਠੰਢ ਲਗਦੀ, ਸੜੇ ਕਾਲਜਾਂ ਮੇਰਾ।
ਬਾਕੀ ਅਜਕਲ ਵਾਂਗ ਹੱਥੀ ਕਿਰਤ ਕਰਨ ਵਿਚ ਉਦੋਂ ਕੋਈ ਸ਼ਰਮ ਮਹਿਸੂਸ ਨਹੀਂ ਸੀ ਕਰਦਾ। ਪੱਠੇ ਲਿਆਉਣੇ ਨੀਰੇ ਪਾਉਣੇ, ਧਾਰਾਂ ਕਢਣੀਆਂ। ਹੋਰ ਤਾਂ ਹੋਰ ਛੜੇ ਵੀ ਵਿਚਾਰੇ ਅਪਣਾ ਕੰਮ ਆਪ ਕਰਦੇ ਸਨ ਜਿਵੇ :-
''ਚਿੱਟਾ ਚਾਦਰਾ ਪੱਗ ਗੁਲਾਬੀ, ਖੂਹ ਤੇ ਬੈਠਾ ਧੋਵੇ,
ਸਾਬਣ ਥੋੜਾ ਮੈਲ ਬਥੇਰੀ, ਉੱਚੀ ਉੱਚੀ ਰੋਵੇ,
ਛੜੇ ਵਿਚਾਰੇ ਦਾ, ਕੌਣ ਚਾਦਰਾ ਧੋਵੇ।''
ਜਾਂ
ਕੱਖ ਵੀ ਲਿਆਉਨਾ, ਪੱਠੇ ਵੀ ਲਿਆਉਨਾ,
ਨਾਲੇ ਪਾਲਦਾਂ ਖੋਲ੍ਹੀ, ਨੀ ਦੋਹੇਂ ਵੇਲੇ ਦੁੱਧ ਇਹ ਦੇਵੇ,
ਤੂੰ ਭਰਕੇ ਬਾਲਟੀ ਚੋਅ ਲਈ, ਤੂੰਹੀਉਂ ਮੇਰੇ ਭਾਂਡੇ ਮਾਂਜਣੇ,
ਤੂੰਹੀਉਂ ਮੇਰੀ ਗੋਲੀ, 
ਕਰੰਦ ਗਜ ਵਰਗੀ, ਜੇ ਮੁੜ ਕੇ ਬਰਾਬਰ ਬੋਲੀ।
ਇਸ ਤਰ੍ਹਾਂ ਬੜਾ ਕੁੱਝ ਬਦਲ ਗਿਆ ਹੈ। ਜੇ ਸਿਰਫ਼ ਇਕੋ ਚੀਜ਼ ਨਹੀਂ ਬਦਲੀ ਤਾਂ ਉਹ ਹੈ ਮਰਦ ਪ੍ਰਧਾਨ ਸੋਚ। ਕੁੜੀਆਂ ਨੂੰ ਨੀਵਾ ਤੇ ਕਮਜ਼ੋਰ ਸਮਝਣ ਦੀ ਸੋਚ। ਬੱਸ ਇਹੀ ਗੱਲ ਜੋ ਪਹਿਲਾਂ ਵੀ ਸੀ ਤੇ ਹੁਣ ਵੀ ਹੈ। ਬਾਕੀ ਸੱਭ ਕੁੱਝ ਬਦਲ ਗਿਆ ਜਾਂ ਅਤੀਤ ਦਾ ਪਰਛਾਵਾਂ ਬਣ ਕੇ ਰਹਿ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement