ਜਦੋਂ ਮੈਂ ਡਟ ਕੇ ਨਕਲ ਮਾਰੀ
Published : May 14, 2018, 12:29 pm IST
Updated : May 14, 2018, 12:29 pm IST
SHARE ARTICLE
Cheating
Cheating

ਸੰਨ 1984 'ਚ ਮੈਂ ਐਸ.ਡੀ. ਕਾਲਜ ਬਰਨਾਲਾ ਵਿਖੇ ਬੀ.ਏ. ਫ਼ਾਈਨਲ ਵਿਚ ਪੜ੍ਹਦਾ ਸੀ। ਛੇਵੀਂ ਜਮਾਤ ਤੋਂ ਲੈ ਕੇ ਤੇਰ੍ਹਵੀਂ ਤਕ ਮੈਂ ਕਦੇ ਵੀ ਅੰਗਰੇਜ਼ੀ ਵਿਸ਼ੇ ...


ਸੰਨ 1984 'ਚ ਮੈਂ ਐਸ.ਡੀ. ਕਾਲਜ ਬਰਨਾਲਾ ਵਿਖੇ ਬੀ.ਏ. ਫ਼ਾਈਨਲ ਵਿਚ ਪੜ੍ਹਦਾ ਸੀ। ਛੇਵੀਂ ਜਮਾਤ ਤੋਂ ਲੈ ਕੇ ਤੇਰ੍ਹਵੀਂ ਤਕ ਮੈਂ ਕਦੇ ਵੀ ਅੰਗਰੇਜ਼ੀ ਵਿਸ਼ੇ ਵਿਚੋਂ ਫੇਲ੍ਹ ਨਹੀਂ ਸੀ ਹੋਇਆ। ਜੂਨ 1984 ਦਾ ਸਾਕਾ ਵਰਤਣ ਪਿਛੋਂ ਪੰਜਾਬ ਵਿਚ ਪੜ੍ਹਾਈ ਦੀ ਹਾਲਤ ਵੀ ਬੜੀ ਪ੍ਰਭਾਵਤ ਹੋਈ। ਸਾਲਾਨਾ ਪੇਪਰਾਂ ਦਾ ਜਦ ਨਤੀਜਾ ਆਇਆ ਤਾਂ ਮੈਨੂੰ ਬੜੀ ਹੈਰਾਨੀ ਅਤੇ ਪ੍ਰੇਸ਼ਾਨੀ ਹੋਈ ਕਿ ਮੈਂ ਅੰਗਰੇਜ਼ੀ 'ਚੋਂ ਫੇਲ੍ਹ ਹੋ ਗਿਆ ਅਤੇ ਮੇਰੇ 21 ਨੰਬਰ ਆਏ। ਜਦਕਿ ਪਾਸ ਹੋਣ ਲਈ 75 'ਚੋਂ 26 ਨੰਬਰ ਚਾਹੀਦੇ ਸਨ। ਮੈਨੂੰ ਪਤਾ ਲਗਿਆ ਕਿ ਕਈ ਵਿਦਿਆਰਥੀ ਅਜਿਹੇ ਵੀ ਪਾਸ ਹੋ ਗਏ ਜਿਨ੍ਹਾਂ ਕਦੇ ਵੀ ਪਹਿਲੀ ਵਾਰ ਕੋਈ ਵੀ ਜਮਾਤ ਰੀਅਪੀਅਰ ਤੋਂ ਬਿਨਾਂ ਪਾਸ ਕੀਤੀ ਹੋਵੇ। ਹਾਲਾਤ ਐਸੇ ਸਨ ਕਿ ਕਾਲਜ ਵਿਚ ਪੇਪਰ ਫ਼ੌਜ ਦੀ ਹਿਫ਼ਾਜ਼ਤ ਵਿਚ ਹੋ ਰਹੇ ਸਨ ਅਤੇ ਕਈ ਸੂਪਰਵਾਈਜ਼ਰ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੀ ਲੱਗੇ ਹੋਏ ਸਨ। 
ਕਾਲਜ ਨਾਲੋਂ ਨਾਤਾ ਟੁੱਟ ਗਿਆ। ਮੈਂ ਕਿਸੇ ਪਾਸੇ ਵੀ ਦਾਖ਼ਲਾ ਲੈਣ ਜੋਗਾ ਨਾ ਰਿਹਾ। ਅਖ਼ੀਰ ਹੌਸਲਾ ਬੁਲੰਦ ਕਰ ਕੇ ਫਿਰ ਅੰਗਰੇਜ਼ੀ ਦੇ ਪੇਪਰ ਦੀ ਤਿਆਰੀ ਸ਼ੁਰੂ ਕਰ ਦਿਤੀ। ਮਨ ਨੂੰ ਤਸੱਲੀ ਸੀ ਕਿ 'ਕੋਈ ਗੱਲ ਨਹੀਂ ਸਿਰਫ਼ ਇਕੋ ਹੀ ਪੇਪਰ ਹੈ।' ਘਰ ਅਤੇ ਖੇਤ ਬਹਿ ਕੇ ਖੂਬ ਅੰਗਰੇਜ਼ੀ ਦੀ ਤਿਆਰੀ ਕਰ ਕੇ ਜਦ ਪੇਪਰ ਦੇਣ ਮਗਰੋਂ ਨਤੀਜਾ ਆਇਆ ਤਾਂ ਫਿਰ 21 ਨੰਬਰ ਹੀ ਆਏ। ਬੜੀ ਮਾਯੂਸੀ ਹੋਈ। ਚਲੋ ਕੋਈ ਗੱਲ ਨਹੀਂ ਤੀਸਰੀ ਵਾਰੀ ਫਿਰ ਜ਼ੋਰ-ਸ਼ੋਰ ਨਾਲ ਤਿਆਰੀ ਕਰ ਕੇ ਜਦ ਪੇਪਰ ਪਿਛੋਂ ਨਤੀਜਾ ਆਇਆ ਤਾਂ ਅੰਕ 21 ਹੀ ਆਏ। ਨੰਬਰ ਕਾਰਡ ਵੇਖਣ ਸੁਣਨ ਵਾਲੇ ਵੀ ਮੇਰੇ ਵਾਂਗ ਅਚੰਭਿਤ ਹੋਏ ਕਿ ਤਿੰਨ ਵਾਰ 21 ਨੰਬਰ ਹੀ ਆਉਣਾ ਬੜੀ ਅਜੀਬ ਗੱਲ ਸੀ। 
ਜਿੰਨੇ ਮੂੰਹ ਉਨੀਆਂ ਗੱਲਾਂ। ਕੋਈ ਕਹੇ ਯੂਨੀਵਰਸਟੀ ਜਾ ਕੇ ਆ 'ਆਹ ਖੜਿਆ ਪਟਿਆਲਾ', ਕੋਈ ਕਹੇ ਰੀਵੈਲਿਊਏਸ਼ਨ ਕਰਾ 'ਤੇਰੇ ਨਾਲ ਧੋਖਾ ਹੋ ਰਿਹੈ। ਤਿੰਨ ਵਾਰ 21 ਨੰਬਰ, ਇਹ ਹੋ ਈ ਨਹੀਂ ਸਕਦਾ।' ਮੇਰਾ ਦਿਲ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਮਾਂ ਤਾਂ ਮੈਨੂੰ ਪਹਿਲਾਂ ਹੀ ਕਾਲਜ ਪੜ੍ਹਾ ਕੇ ਖ਼ੁਸ਼ ਨਹੀਂ ਸੀ। ਕਈ ਵਾਰ ਉਹ ਸਵੇਰ ਵੇਲੇ ਆਨੀ-ਬਹਾਨੀ ਕਿਸੇ ਹੋਰ ਕੰਮ ਲੱਗ ਕੇ ਰੋਟੀ ਨਾ ਪਕਾਉਂਦੀ ਅਤੇ ਮੈਨੂੰ ਭੁੱਖੇ ਹੀ ਕਾਲਜ ਜਾਣਾ ਪੈਂਦਾ। ਉਸ ਦੇ ਮੂੰਹੋਂ ਕਦੇ ਨਹੀਂ ਸੀ ਸੁਣਿਆ ਕਿ ਉਸ ਨੂੰ ਮੇਰੀ ਅਜਿਹੀ ਹਾਲਤ ਤੇ ਤਰਸ ਆਇਆ ਹੋਵੇ। ਸਗੋਂ ਕਹਿੰਦੀ 'ਪੜ੍ਹਦੈ ਆਵਦੇ ਲਈ ਪੜ੍ਹਦੈ। ਕਿਸੇ ਤੇ ਕੀ ਜ਼ੋਰ।' ਮੁਸੀਬਤ ਵੇਲੇ ਸੱਭ ਫੋਕੇ ਹੌਸਲੇ ਦਿੰਦੇ ਹਨ। ਮਹੀਨਾ ਡੇਢ ਮਹੀਨਾ ਬੀਤ ਜਾਣ ਮਗਰੋਂ ਕਿੰਗ ਬਰੂਸ ਦੇ ਅਠਵੀਂ ਵਾਰ ਮਕੜੀ ਦੇ ਚੜ੍ਹਨ ਦੀ ਕੋਸ਼ਿਸ਼ ਕਰਨ ਅਤੇ ਸਫ਼ਲਤਾ ਪ੍ਰਾਪਤ ਕਰਨ ਵਾਂਗ ਡਿੱਗੀਆਂ-ਢੱਠੀਆਂ ਆਸਾਂ ਨੂੰ ਕੱਠਾ ਕਰ ਕੇ ਚੌਥੀ ਵਾਰ ਪੇਪਰ ਦੇਣ ਦੀ ਤਿਆਰੀ ਸ਼ੁਰੂ ਕਰ ਦਿਤੀ। ਘਰ ਮੈਂ ਕਦੀ-ਕਦਾਈਂ ਹੀ ਕਿਤਾਬ ਚੁਕਦਾ। ਬਹੁਤੀ ਤਿਆਰੀ ਮੈਂ ਖੇਤ ਮੋਟਰ ਵਾਲੀ ਕੋਠੀ ਵਿਚ ਬਹਿ ਕੇ ਕਰਦਾ ਰਹਿੰਦਾ। ਇਨ੍ਹਾਂ ਦਿਨਾਂ 'ਚ ਅੰਗਰੇਜ਼ੀ ਪੜ੍ਹਦੇ ਨੂੰ ਮੈਨੂੰ ਅਪਣੇ-ਆਪ ਤੋਂ ਹੀ ਸ਼ਰਮ ਮਹਿਸੂਸ ਹੋਣ ਲੱਗ ਪਈ ਸੀ, 'ਕੋਈ ਵੇਖੇਗਾ ਤਾਂ ਕੀ ਕਹੇਗਾ?' ਅਖ਼ੀਰ ਚੌਥੀ ਵਾਰ ਪੇਪਰ ਦਿਤਾ। ਇਸ ਵਾਰ ਵੀ ਮੈਂ ਫ਼ੇਲ੍ਹ ਹੋ ਗਿਆ। ਪਰ ਚੰਗਾ ਇਹ ਹੋਇਆ ਕਿ 21 ਦੀ ਥਾਂ ਇਸ ਵਾਰ ਮੇਰੇ 22 ਅੰਕ ਆਏ। 
ਪੇਪਰ ਦੇਣ ਦਾ ਅਖ਼ੀਰਲਾ ਪੰਜਵਾਂ ਮੌਕਾ ਹੀ ਹੁਣ ਬਾਕੀ ਰਹਿ ਗਿਆ ਸੀ। ਜੇ ਇਸ ਵਾਰ ਵੀ ਇਹੀ ਹਾਲਤ ਰਹਿੰਦੀ ਤਾਂ ਬੀ.ਏ. ਦੇ ਸਾਰੇ ਵਿਸ਼ਿਆਂ ਦੇ ਮੁੜ ਪੇਪਰ ਦੇਣੇ ਪੈਣੇ ਸਨ। ਹੁਣ ਤਕ ਇਕ ਸਹਿਣਸ਼ੀਲ ਵਿਦਿਆਰਥੀ ਦੇ ਤੌਰ ਤੇ ਮੇਰੇ ਵਲੋਂ ਕੀਤੀਆਂ ਸੱਭ ਕੋਸ਼ਿਸ਼ਾਂ ਅਸਫ਼ਲ ਹੋ ਚੁਕੀਆਂ ਸਨ। ਕਿਤਾਬਾਂ ਵੇਖ ਕੇ ਡਰ ਆਉਣ ਲੱਗ ਪਿਆ ਸੀ। ਮਨ ਵਿਚ ਤਰ੍ਹਾਂ-ਤਰ੍ਹਾਂ ਦੇ ਘਟੀਆ ਵਿਚਾਰਾਂ ਨੇ ਵਾਸਾ ਕਰ ਲਿਆ। ਚੜ੍ਹਦੀ ਜਵਾਨੀ ਦਾ ਕੀਮਤੀ ਸਮਾਂ ਮੇਰਾ ਕਿਵੇਂ ਅਜਾਈਂ ਜਾ ਰਿਹਾ ਸੀ। ਅਪਣੇ ਆਪ ਨੂੰ ਫਿਟ ਲਾਹਨਤਾਂ ਦੇਣ ਤੋਂ ਬਿਨਾਂ ਕੋਈ ਕੰਮ ਬਾਕੀ ਨਹੀਂ ਸੀ ਰਹਿ ਗਿਆ। ਸਕੂਲ-ਕਾਲਜ ਦੀਆਂ ਕਿਤਾਬਾਂ ਪੜ੍ਹਨ ਤੋਂ ਬਿਨਾਂ ਦੂਸਰੇ ਰਸਾਲੇ, ਅਖ਼ਬਾਰ ਅਤੇ ਹੋਰ ਕਿਤਾਬਾਂ ਦਾ ਸ਼ੌਕ ਮੈਨੂੰ ਛੇਵੀਂ ਜਮਾਤ ਤੋਂ ਹੀ ਪੈ ਚੁਕਿਆ ਸੀ। ਸ਼ਾਇਦ ਇਸ ਕਰ ਕੇ ਹੀ ਮੈਂ ਅਖ਼ੀਰਲੇ ਪੇਪਰ ਦੇਣ ਦੀ ਫ਼ੀਸ ਭਰ ਹੀ ਦਿਤੀ। 
ਹੁਣ ਜਿਉਂ-ਜਿਉਂ ਅਖ਼ੀਰਲੇ ਇਮਤਿਹਾਨ ਦੀ ਤਰੀਕ ਨੇੜੇ ਆਉਂਦੀ ਗਈ, ਮੈਂ ਤਿਆਰੀ ਵਲੋਂ ਅਵੇਸਲਾ ਹੀ ਰਿਹਾ। ਜੇ ਘਰੋਂ ਕਿਸੇ ਨੇ ਕਹਿਣਾ ਕਿਤਾਬ ਚੱਕ ਲੈ ਤਾਂ ਮੈਂ ਗੱਲ ਅਣਸੁਣੀ ਕਰ ਛਡਦਾ। ਸਲੇਬਸ ਤਾਂ ਕਿੰਨੀ ਵਾਰ ਪੜ੍ਹ ਚੁਕਿਆ ਸੀ ਅਤੇ ਰਟ ਚੁਕਿਆ ਸੀ। ਕੋਈ ਐਸੀ ਚੀਜ਼ ਨਹੀਂ ਸੀ ਜਿਹੜੀ ਮੈਨੂੰ ਨਾ ਆਉਂਦੀ ਹੋਵੇ। ਬੀ.ਏ. ਦੀ ਅੰਗਰੇਜ਼ੀ ਦੇ ਪੇਪਰ ਯੁੱਧ ਨੂੰ ਚਾਰ ਵਾਰ ਹਾਰ ਕੇ ਵੀ ਮੈਂ ਅਖ਼ੀਰਲੀ ਵਾਰ ਮੈਦਾਨ 'ਚ ਜਾ ਹਾਜ਼ਰ ਹੋਇਆ। 
ਕਮਰੇ ਵਿਚ ਮੈਨੂੰ ਵੇਖ ਕੇ ਹੈਰਾਨੀ ਹੋਈ ਕਿ ਉਥੇ ਪੇਪਰ ਦੇਣ ਵਾਲੇ ਮੇਰੇ ਸਣੇ ਸਿਰਫ਼ 7 ਵਿਦਿਆਰਥੀ ਹੀ ਸਨ ਜਿਨ੍ਹਾਂ 'ਚੋਂ ਮੈਂ ਕਿਸੇ ਨੂੰ ਵੀ ਨਹੀਂ ਸੀ ਜਾਣਦਾ ਕਿਉਂਕਿ ਮੇਰੇ ਨਾਲ ਪੜ੍ਹਨ ਵਾਲੇ ਕਦੋਂ ਦੇ ਪਾਸ ਹੋ ਚੁੱਕੇ ਸਨ। ਪ੍ਰਸ਼ਨ ਪੱਤਰ ਫੜਨ ਸਾਰ ਮੈਂ ਤੇਜ਼ੀ ਨਾਲ ਲਿਖਣਾ ਸ਼ੁਰੂ ਕਰ ਦਿਤਾ। ਸਿਰ ਚੁੱਕ ਕੇ ਮੈਂ ਉਦੋਂ ਵੇਖਿਆ ਜਦ ਸੂਪਰਵਾਈਜ਼ਰ ਸਾਹਿਬ ਨੇ ਉੱਚੀ ਆਵਾਜ਼ 'ਚ ਕਿਹਾ ਕਿ 'ਅੱਧਾ ਸਮਾਂ ਬੀਤ ਚੁੱਕਿਐ।' ਫਿਰ ਤੇਜ਼ੀ ਨਾਲ ਲਿਖਣਾ ਸ਼ੁਰੂ ਕਰ ਦਿਤਾ। ਅਖ਼ੀਰ ਫਿਰ ਆਵਾਜ਼ ਆਈ ਸਿਰਫ਼ ਅੱਧਾ ਘੰਟਾ, ਸਮਝੋ ਇਸ ਤੋਂ ਵੀ ਘੱਟ। ਤ੍ਰਬਕ ਕੇ ਸਿਰ ਚੁੱਕ ਕੇ ਆਲੇ-ਦੁਆਲੇ ਵੇਖਿਆ ਕਿ ਚਾਰ ਜਣੇ ਪੇਪਰ ਦੇ ਕੇ ਜਾ ਚੁੱਕੇ ਹਨ। ਸਮਾਂ ਜਿਵੇਂ ਖੰਭ ਲਾ ਕੇ ਉੱਡ ਰਿਹਾ ਸੀ। ਮੇਰੇ ਕੋਲ ਲੇਖ ਲਿਖਣ ਲਈ ਸਿਰਫ਼ 20 ਕੁ ਮਿੰਟ ਹੀ ਬਾਕੀ ਰਹਿੰਦੇ ਸਨ। ਇਕ ਆਹਟ ਤੇ ਕਾਨਾਫੂਸੀ ਨੇ ਮੇਰਾ ਸਾਰਾ ਧਿਆਨ ਹਿਲਾ ਦਿਤਾ। ਕੀ ਵੇਖਦਾ ਹਾਂ ਕਿ ਸਾਨੂੰ ਵਾਰ-ਵਾਰ ਡਾਂਟ ਕੇ ਸਮਾਂ ਯਾਦ ਕਰਾਉਣ ਵਾਲੇ ਸੂਪਰਵਾਈਜ਼ਰ ਸਾਹਿਬ ਮੈਥੋਂ ਤਿੰਨ ਬੈਂਚ ਛੱਡ ਕੇ ਅੱਗੇ ਬੈਠੇ ਮੁੰਡੇ ਨੂੰ ਉਸ ਦੇ ਪ੍ਰਸ਼ਨ ਪੱਤਰ ਤੇ ਹੱਥ ਨਾਲ ਲਿਖੀ ਹੋਈ ਪ੍ਰੈਸੀ ਹੁਸ਼ਿਆਰੀ ਨਾਲ ਫੜਾ ਰਹੇ ਸਨ। 
ਮੈਂ ਇਕਦਮ ਖੜਾ ਹੋਇਆ ਅਤੇ ਸਾਹਿਬ ਤੋ ਗੁਸਲਖ਼ਾਨੇ ਜਾਣ ਦੀ ਇਜਾਜ਼ਤ ਮੰਗੀ। ਮੇਰੇ ਵਲ ਘੜੀ ਦਿਖਾਉਂਦਿਆਂ ਉਨ੍ਹਾਂ ਕਿਹਾ 'ਸਮਾਂ ਤਾਂ 20 ਮਿੰਟਾਂ ਤੋਂ ਵੀ ਘੱਟ ਹੈ। ਉਨੇ 'ਚ ਲਿਖ ਲੈ ਜੋ ਲਿਖ ਹੁੰਦੈ।' ਕਿਸੇ ਜੋਸ਼ ਅਧੀਨ ਮੈਂ ਗੁਸਲਖ਼ਾਨੇ ਵਲ ਨੂੰ ਹੋ ਤੁਰਿਆ। ਅੰਦਰ ਜਾਣ ਦੀ ਥਾਂ ਉਥੇ ਸੁਟੀਆਂ ਗਾਈਡਾਂ 'ਚੋਂ ਮੈਂ ਨਿਊਜ਼ ਪੇਪਰਾਂ ਬਾਰੇ ਲਿਖਿਆ ਪੇਪਰ 'ਚ ਆਇਆ ਲੇਖ ਸਾਹਿਬ ਦੀਆਂ ਅੱਖਾਂ ਸਾਹਮਣੇ ਹੀ ਪਾੜ ਕੇ ਜੇਬ 'ਚ ਪਾਇਆ ਅਤੇ ਬੈਂਚ ਉਤੇ ਬੈਠ ਕੇ ਫ਼ਟਾ ਫ਼ਟਾ ਨਕਲ ਕਰਨੀ ਸ਼ੁਰੂ ਕਰ ਦਿਤੀ। ਹੁਣ ਸੁਪਰਵਾਈਜ਼ਰ ਸਾਹਿਬ ਮੇਰੇ ਸਿਰ ਉਤੇ ਖੜੇ ਮੈਨੂੰ ਡਾਂਟ ਰਹੇ ਸਨ ਪਰ ਮੈਂ ਬੇਖੌਫ਼ ਹੋਇਆ ਨਕਲ ਕਰ ਰਿਹਾ ਸੀ। ਕਦੇ ਪੇਪਰ ਫੜਨ, ਕਦੇ ਕੇਸ ਬਣਾਉਣ ਅਤੇ ਕਾਲਜ ਦੇ ਸਖ਼ਤ ਪ੍ਰਿੰਸੀਪਲ ਨੂੰ ਲਿਆ ਕੇ ਮੈਨੂੰ ਫੜਾਉਣ ਦੀਆਂ ਧਮਕੀਆਂ ਦੇਣ। ਮੇਰੇ ਉਤੇ ਜ਼ਰਾ ਵੀ ਅਸਰ ਨਹੀਂ ਸੀ ਹੋ ਰਿਹਾ। ਉਧਰ ਤਿੰਨ ਘੰਟੇ ਬੀਤ ਗਏ ਅਤੇ ਇਧਰ ਮੇਰਾ ਲੇਖ ਪੂਰਾ ਨਕਲ ਹੋ ਗਿਆ। 
ਪੇਪਰ ਫੜਾ ਕੇ ਜਦ ਮੈਂ ਕਮਰੇ 'ਚੋਂ ਬਾਹਰ ਹੋਣ ਲਗਿਆ ਤਾਂ ਸਾਹਿਬ ਨੇ ਪੁਛਿਆ, ''ਕਾਕਾ, ਸੱਚ ਦਸ ਨਕਲ ਕਰਨ ਦੀ ਏਨੀ ਦਲੇਰੀ ਕਿਥੋਂ ਆਈ?'' ਮੈਂ ਮੁਸਕੁਰਾਉਂਦੇ ਹੋਏ ਕਿਹਾ, ''ਸਰ ਤੁਹਾਨੂੰ ਵੇਖ ਕੇ। ਤੁਸੀ ਜਦੋਂ ਪ੍ਰਸ਼ਨ ਪੱਤਰ ਉਤੇ ਹੱਥ ਲਿਖਤ ਪ੍ਰੈਸੀ ਫੜਾ ਰਹੇ ਸੀ। ਜੇ ਤੁਸੀ ਮੈਨੂੰ ਫਸਾਉਂਦੇ ਤਾਂ ਤੁਹਾਨੂੰ ਮੈਂ ਫਸਾਉਂਦਾ। ਮੇਰੇ ਉਤੇ ਕੇਸ ਛੋਟਾ, ਤੁਹਾਡੇ ਉਤੇ ਵੱਡਾ ਬਣਦਾ।'' ਹੱਥ ਮਲਦਾ ਹੋਇਆ ਸੂਪਰਵਾਈਜ਼ਰ ਅਪਣੇ ਆਪ ਨੂੰ ਕਹਿ ਰਿਹਾ ਸੀ, ''ਬਚੇ, ਕਿੱਥੇ ਸ਼ੇਰ ਦੀ ਮੁੱਛ ਨੂੰ ਹੱਥ ਪਾ ਲਿਆ ਸੀ।''
ਇਸ ਚੱਕਰਵਿਊ 'ਚੋਂ ਨਿਕਲ ਕੇ ਮੈਂ ਅੱਗੇ ਫਿਰ ਪੜ੍ਹਾਈ ਜਾਰੀ ਰੱਖੀ ਕਿਉਂਕਿ ਇਸ ਵਾਰ ਮੇਰੇ 75 'ਚੋਂ 30 ਅੰਕ ਆਏ ਸਨ ਅਤੇ ਮੈਂ ਅੰਗਰੇਜ਼ੀ 'ਚੋਂ ਪਾਸ ਹੋ ਗਿਆ ਸੀ। 1989 ਵਿਚ ਮੈਨੂੰ ਅਪਣੇ ਆਪ ਉਤੇ ਫ਼ਖ਼ਰ ਮਹਿਸੂਸ ਹੋਣ ਲੱਗ ਪਿਆ ਸੀ। ਹੁਣ ਮੈਂ, ਐਮ.ਏ., ਬੀ.ਐੱਡ ਕਹਾ ਸਕਦਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement