ਜਲੰਧਰ ਦੇ ਵਿਆਹਾਂ 'ਚ ਜਦੋਂ ਜਰਮਨ ਨਚਦਾ ਹੈ
Published : May 14, 2018, 12:25 pm IST
Updated : May 14, 2018, 12:25 pm IST
SHARE ARTICLE
Wedding
Wedding

ਵਿਆਹ ਸੀ-ਲਾੜਾ ਸੀ-ਲਾੜੀ ਸੀ-ਬਰਾਤ ਸੀ। ਬੰਦੇ ਸਨ-ਬੀਬੀਆਂ ਸਨ। ਮੈਂ ਵੀ ਹਾਜ਼ਰ ਸੀ। ਬਰਾਤੀ ਸੀ ਜਾਂ ਬਤੌਰ ਗਵਾਹ? ਉਦਾਸੀ ਜਿਹੀ ਸੀ। ਸਾਰੇ ਇਕ-ਦੂਜੇ ਤੋਂ ਮੂੰਹ ਛੁਪਾ ...

ਵਿਆਹ ਸੀ-ਲਾੜਾ ਸੀ-ਲਾੜੀ ਸੀ-ਬਰਾਤ ਸੀ। ਬੰਦੇ ਸਨ-ਬੀਬੀਆਂ ਸਨ। ਮੈਂ ਵੀ ਹਾਜ਼ਰ ਸੀ। ਬਰਾਤੀ ਸੀ ਜਾਂ ਬਤੌਰ ਗਵਾਹ? ਉਦਾਸੀ ਜਿਹੀ ਸੀ। ਸਾਰੇ ਇਕ-ਦੂਜੇ ਤੋਂ ਮੂੰਹ ਛੁਪਾ ਰਹੇ ਸਨ। ਮੈਂ ਵੀ ਸ਼ਰਮਿੰਦਾ ਜਿਹਾ ਹੋ ਕੇ ਖੜਾ ਸੀ। ਇਕ ਵਧੀਆ ਹੋਟਲ ਦੇ ਬਾਹਰਲਾ ਦ੍ਰਿਸ਼। ਹੋਟਲ ਦੇ ਅੰਦਰ ਪ੍ਰਵੇਸ਼ ਕਰਨਾ ਸੀ। 
''ਚਲੋ ਚਲੋ।'' ਇਕ ਆਵਾਜ਼ ਆਈ। 
''ਪਰ ਕਾਹਦੀ ਦੇਰ ਹੈ - ਚਲਣਾ ਕਿਥੇ ਹੈ?''
''ਪਹੁੰਚ ਤਾਂ ਗਏ ਹਾਂ।'' ਦੂਸਰੀ, ਤੀਸਰੀ ਆਵਾਜ਼।
''ਓ ਯਾਰ ਮਾਮਾ ਪਤਾ ਨਹੀਂ ਕਿਥੇ ਰਹਿ ਗਿਆ। ਉਸ ਨੂੰ ਲੈਣ ਗਏ ਨੇ। ਚਲੋ ਲਉ ਉਹ ਮਾਮਾ ਆ ਗਿਆ।'' ਤਸੱਲੀ ਹੋਈ। 
ਮਿਲਣੀਆਂ ਹੋਣ ਲਗੀਆਂ। ਵਾਜਾਂ ਵਜਿਆ। ਮੇਲ ਦਿਉ ਮਹਾਰਾਜ। ਸ਼ਰਮਿੰਦਗੀ ਵਾਲੀ ਗੱਲ ਇਹ ਹੈ ਕਿ ਜਰਮਨ ਤੋਂ ਆਇਆ ਲਾੜਾ ਪੰਜਾਹ ਤੋਂ ਟਪਿਆ ਹੋਇਆ ਸੀ। ਦੋ ਧੀਆਂ ਦਾ ਬਾਪ। ਘਰ ਦੀ ਚਲੀ ਗਈ ਸੀ। ਮੂੰਹ ਤੋਂ ਸਿਹਰਾ ਚੁਕਿਆ ਤਾਂ ਗੱਲ ਸਹੀ ਜਾਪੀ। ਲਾੜਾ ਪੰਜਾਹ ਤੋਂ ਟਪਿਆ ਲਗਦਾ ਵੀ ਸੀ। ਵੱਡੇ ਭਰਾ ਨੇ ਪਿਉ ਦੀ ਜਗ੍ਹਾ ਮਿਲਣੀ ਕੀਤੀ। ਮਾਮਾ, ਪਿਉ ਤੇ ਲਾੜਾ ਇਕੋ ਸ਼ਕਲ ਤੇ ਇਕੋ ਜਿੰਨਾ ਭਾਰ। ਰੰਗ-ਰੂਪ ਇਕੋ ਜਿਹਾ। ਕੁੜੀ ਦਾ ਪਿਉ ਅੱਸੀਆਂ ਦੇ ਨੇੜੇ-ਤੇੜੇ। ਤੁਰਿਆ ਨਾ ਜਾਵੇ। ਫੜ ਕੇ ਮਿਲਣੀ ਕੀਤੀ। ਚਲੋ-ਚਲੋ ਫਿਰ ਹੋਈ। 
''ਲਗਦੇ ਹੱਥ ਚਾਹ ਵੀ - ਚਲੋ-ਚਲੋ।'' ਕੋਈ ਜਣਾ ਬਹੁਤ ਕਾਹਲਾ ਸੀ। ਕੁਲ 25-30 ਬੰਦੇ ਬੀਬੀਆਂ-ਬੰਦੇ। ਸਾਰੇ ਪੰਜਾਹ-ਸੱਠਾਂ ਤੋਂ ਟੱਪੇ ਹੋਏ। 
''ਚਲੋ ਚਲੋ ਚਾਹ ਹੋ ਗਈ। ਚਲੋ-ਚਲੋ ਲਾਵਾਂ ਲਈ ਗੁਰਦਵਾਰੇ।'' ਗੁਰਦਵਾਰਾ ਸਾਹਿਬ ਨੇੜੇ ਹੀ ਸੀ। ਫਿਰ ਵੀ ਪੰਜ-ਛੇ ਜਣੇ ਕਾਰਾਂ 'ਚ ਬਰਾਤੀ ਤੇ ਲੜਕੀ ਦੇ ਘਰ ਵਾਲੇ ਨਾਲ ਗੁਰਦਵਾਰੇ ਪਹੁੰਚੇ। 
''ਚਲੋ-ਚਲੋ - ਭਾਈ ਜੀ ਛੇਤੀ ਕਰੋ।'' ਲਾੜੀ ਆ ਬੈਠੀ ਏ। ''ਬਾਲੜੀ ਜਿਹੀ।'' ''ਨਹੀਂ ਪੈਂਤੀਆਂ ਕੁ ਦੀ ਹੈ। ਓਦਾਂ ਲਗਦੀ ਨਿਆਣੀ ਹੈ।'' ''ਸਿਆਣੀ ਹੈ। ਐਮ.ਕੋਮ. ਹੈ।'' ''ਚਲੋ ਸੰਜੋਗ ਹੈ। ਬਾਹਰ ਚਲੀ ਜਾਊ, ਮੌਜ ਕਰੂ।''
ਫਿਰ ਕਿਸੇ ਨੇ 'ਸ਼ੀ' ਕੀਤਾ। ਮੂੰਹ ਤੇ ਉਂਗਲ ਰੱਖੀ। ਆਵਾਜ਼ਾਂ ਚੁੱਪ ਹੋ ਗਈਆਂ। 
ਪਤਾ ਹੀ ਨਾ ਲੱਗਾ - ਚੌਥੀ ਲਾਂਵ ਵੀ ਪੜ੍ਹੀ ਗਈ। ਅਰਦਾਸ ਹੋ ਗਈ। ਸਾਰੇ ਬਾਹਰ ਆ ਗਏ। ਇਕ-ਦੂਜੇ ਨੂੰ ਵਧਾਈਆਂ ਦੇਣ ਲੱਗੇ। ਲੜਕੀ ਪਰਾਈ ਹੋ ਗਈ। ''ਲੈ ਬਈ ਵਧਾਈਆਂ। ਬਈ ਵਧਾਈਆਂ। ਜਰਮਨ ਵਾਲਿਉ-ਪੰਜਾਬ ਖ਼ਾਲੀ ਕਰ ਚੱਲੇ ਓ?'' ਕਿਸੇ ਆਖਿਆ। 
''ਵੇਖਿਆ ਫਿਰ। ਇਸ ਨੂੰ ਕਹਿੰਦੇ ਨੇ ਜਰਮਨ।''
''ਚਲੋ ਚਲੋ ਹੋਟਲ ਚਲੋ ਹੁਣ। ਬਾਕੀ ਗੱਲਾਂ ਬਾਅਦ ਵਿਚ।''
ਚਲੋ ਚਲੋ ਕਰਦੇ ਬਰਾਤ ਤੇ ਕੁੜੀ ਵਾਲੇ ਹੋਟਲ ਵਾਪਸ ਆ ਗਏ। ਲਾੜੀ ਹੁਣ ਲਾੜੇ ਦੇ ਨਾਲ ਸੀ। ਲਾੜੇ ਦਾ ਦੂਜਾ ਵਿਆਹ ਸੀ। ਪਹਿਲੀ, ਦੋ ਕੁੜੀਆਂ ਲੈ ਕੇ ਉਧਰ ਹੀ ਜਰਮਨ ਕਿਸੇ ਨਾਲ ਚਲੀ ਗਈ ਸੀ। ''ਵੇਖ ਲੈ ਪਹਿਲੀ ਵਾਲੀ ਦੀ ਵੱਡੀ ਕੁੜੀ ਹੈਅਦਾਂ ਦੀ ਹੀ ਸੀ। ਸੁੱਖ ਨਾਲ ਹੱਡੀ ਪੈਰੀਂ ਖੁੱਲ੍ਹੀ - ਵੀਹਾਂ-ਬਾਈਆਂ ਦੀ।'' ਕਿਸੇ ਬੀਬੀ ਦੀ ਆਵਾਜ਼ ਸੀ। ''ਨੀ ਚੁੱਪ ਕਰ ਹਾਅ ਦੇਖ।'' ਦੂਜੀ ਬੀਬੀ ਨੇ ਕੂਹਣੀ ਮਾਰ ਕੇ ਇਸ਼ਾਰਾ ਕੀਤਾ। ਲਾੜੇ ਦਾ ਭਰਾ ਨੇੜੇ ਖੜਾ ਸੀ। 
ਵੱਡੇ ਹਾਲ ਵਿਚ ਗੋਲ ਮੇਜ਼ਾਂ ਉਤੇ ਸੱਭ ਸਜ ਗਏ। ਦਾਰੂ ਉਡਣ ਲੱਗੀ। ਲਾੜੇ ਦਾ ਵੱਡਾ ਭਰਾ ਇਕ-ਇਕ ਟੇਬਲ ਉਤੇ ਜਾਵੇ, ''ਚਲੋ ਚਲੋ ਚੁੱਕੋ ਚੁੱਕੋ ਹੁਣ।' ਹੱਥ ਜੋੜੇ। ''ਰੱਬ ਨੇ ਮੌਕਾ ਦਿਤੈ ਖ਼ੁਸ਼ੀ ਦਾ...।'' ਨਾ ਪੀਣ ਵਾਲੇ ਬੰਦੇ ਤੇ ਬੀਬੀਆਂ ਉਠ ਕੇ ਦੂਜੇ ਪਾਸੇ ਜਾਣ ਲਗੀਆਂ ਜਿਧਰ ਨਾ ਪੀਣ ਵਾਲੇ ਬੈਠੇ ਸਨ। ਬੀਬੀਆਂ ਨੇ ਦੁਪੱਟਿਆਂ ਨਾਲ ਮੂੰਹ ਢੱਕ ਲਏ। ''ਆਹ ਭਲਾ ਕੀ ਕਰਦੇ। ਬਿਨਾਂ ਪੀਤਿਆਂ ਨਹੀਂ ਰਹਿ ਹੁੰਦਾ?''
''ਲੈ ਐਧਰ ਦੇਖ ਔਹ ਜਿਹੜੀਆਂ ਜਰਮਨ ਤੋਂ ਆਈਆਂ ਨੇ ਉਹ ਵੀ ਤਾਂ ਪੀਣ ਡਹੀਆਂ ਨੇ - ਸ਼ਰਮ ਨਹੀਂ ਆਉਂਦੀ ਏਦਾਂ ਦੇ ਜਰਮਨ ਨੂੰ। ਇਹਨੀਂ ਏਧਰ ਵੀ ਵਿਗਾੜ 'ਤਾ ਕੰਮ। ਵੇਖ ਕੇ ਮੂੰਹ 'ਚ ਪਾਣੀ ਤਾਂ ਆ ਹੀ ਜਾਂਦੈ।''
ਡੀ.ਜੇ. ਵਾਲੇ ਦੇ ਗੀਤ ਵੱਜਣ ਲਗੇ, ''ਪਟਿਆਲਾ ਪੈੱਗ ਲਾ ਡੈਡੀ ਦਾ...।'' ਉਹ ਬੋਲੇ ਸੁਆਦ ਕੀਤਾ ਬਈ - ਇਕ ਬੁੱਢਾ ਉਠਿਆ। ਉਸ ਨੇ ਗਲਾਸ ਖ਼ਾਲੀ ਕੀਤਾ। ਕੋਲ ਖੜੇ ਵੇਟਰ ਨੇ ਦੂਸਰਾ ਗਲਾਸ ਫਟਾਫਟ ਫੜਾ ਦਿਤਾ। 
''ਓ ਹੈਅਦੇ ਨਾਲ ਕੀ ਬਣਨੈ - ਪਟਿਆਲਾ ਫੜਾ ਕੁੱਝ ਬਣੇ ਵੀ। ਸਾਲੇ ਤੁਪਕਾ-ਤੁਪਕਾ ਪਾ ਕੇ ਲਿਆਉਂਦੇ ਨੇ...।'' ਬੁੱਢਾ ਸ਼ੇਰ ਬਣ ਲਲਕਾਰਿਆ। 
ਇਕ-ਇਕ ਪਟਿਆਲਾ ਲੱਗਣ ਤੋਂ ਬਾਅਦ ਡੀ.ਜੇ. ਅੱਗੇ ਤੁਰਿਆ - ''ਲੱਕ ਟਵੰਟੀ ਏਟ ਕੁੜੀ ਦਾ'' - ''ਲੰਘਿਆ ਨਾ ਕਰ ਬਿਲੋ ਛੜਿਆਂ ਦੀ ਗਲੀ ਤੈਨੂੰ ਪੱਟ ਲੈਣਗੇ।'' ਮੁੜ ਫਿਰ ਪਟਿਆਲਾ ਪੈੱਗ - ਫਿਰ ਪਟਿਆਲਾ ਪਟਿਆਲਾ ਹੁੰਦੀ ਰਹੀ। 
ਡੀ.ਜੇ. ਵਜਦਾ ਰਿਹਾ। ਬਾਬੇ ਦਾਰੂ ਪੀ ਕੇ ਨਚਦੇ ਰਹੇ। ਲਾੜੇ ਦਾ ਭਰਾ ਨੋਟ ਸੁਟਦਾ ਰਿਹਾ। ਹਮਾਂ-ਤੁਮਾਂ ਵੀ ਨੋਟ ਸੁੱਟਣ ਲਗੇ। ਬੋਲੇ ਏਨੇ ਨੋਟ - ਦਸਾਂ ਦੇ - ਵੀਹਾਂ ਦੇ-ਪੰਜਾਹਾਂ ਤੇ ਸੌ-ਸੌ ਦੇ? ਉਸ ਨੂੰ ਕਈ ਹਟਾਉਣ ਵਾਲੇ ਵੀ ਸਨ। ''ਓ ਹਟ ਜਾ ਪਰੇ-ਅੱਗ ਲਾਉਣੀ ਏ ਜਰਮਨ ਨੂੰ? ਭਰਾ ਰੋਜ਼-ਰੋਜ਼ ਵਿਆਹੁਣੇ ਕਿਤੇ?''
ਲਾੜੇ ਦੇ ਭਰਾ ਵਲੋਂ ਸੁੱਟੇ ਨੋਟਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਸੀ। ਜਰਮਨ ਦੇ ਨੋਟਾਂ ਦੀ ਬੇਕਦਰੀ ਸੀ। 
ਉਸ ਦੀ ਨਿਗਾਹ ਸਾਰੇ ਬਰਾਤੀਆਂ ਉਤੇ ਸੀ। ਫਿਰ ਉਹ ਖ਼ੁਦ ਇਕ ਬੋਤਲ ਆਪ ਲੈ ਕੇ ਆਇਆ। ਇਕੱਲੇ ਇਕੱਲੇ ਕੋਲ ਗਿਆ। ''ਆਹ ਟੇਸਟ ਕਰੋ। ਇਹ ਜਰਮਨ ਦੀ ਖ਼ਾਸ ਚੀਜ਼ ਹੈ। ਐਦਾਂ ਦੀ ਦਾਰੂ ਪੂਰੀ ਦੁਨੀਆਂ 'ਚ ਨਹੀਂ ਮਿਲਣੀ।''
''ਲਿਆ ਦਿਖਾ ਯਾਰ ਜਰਮਨ ਦੀ ਦਾਰੂ-ਨਾਲੇ ਸੁੱਟ-ਹਾਅ ਦਾਰੂ ਦੀ ਗੱਲ ਛੱਡ-ਹਾਅ ਜਿਹੜੀ ਵਿਆਹ ਕੇ ਲੈ ਚਲੇ ਹੋ, ਏਦਾਂ ਦੀ ਕੁੜੀ ਲੱਭ ਕੇ ਦਿਖਾ ਜਰਮਨ 'ਚੋਂ ...।'' ਸਾਹਮਣੇ ਵਾਲਾ ਬੋਲਿਆ। 
ਲਾੜੇ ਦਾ ਭਰਾ ਸ਼ਰਮਿੰਦਾ ਜਿਹਾ ਹੋ ਗਿਆ, ''ਇਹ ਗੱਲ ਠੀਕ ਹੈ ਕੁੜੀਆਂ ਪੰਜਾਬ ਦੀਆਂ ਪੰਜਾਬ ਵਰਗੀਆਂ ਕੁੜੀਆਂ ਨਹੀਂ ਮਿਲਦੀਆਂ ਪੂਰੀ ਦੁਨੀਆਂ 'ਚ - ਆਹ ਤਾਂ ਸੋਨਾ ਹੈ...।'' ਉਸ ਲਾੜੇ ਲਾੜੀ ਵਲ ਵੇਖਿਆ। ''ਅੱਛਾ ਚੁੱਕੋ ਚੁੱਕੋ - ਚਲੋ ਚਲੋ ਆਪਾਂ ਦੋ ਵਜੇ ਤੁਰ ਪੈਣੈ।'' ਜਿਵੇਂ ਕੋਈ ਤੌਖਲਾ ਜਿਹਾ ਹੋਵੇ। ਉਹ ਅੱਗੇ ਦੀ ਹੋ ਕੇ ਸਾਰੀਆਂ ਟੇਬਲਾਂ ਉਤੇ ਗਿਆ। ਉਧਰ ਡੀ.ਜੇ. ਵਲ ਜਾ ਕੇ ਨੱਚਣ ਲਗਾ। 
ਸ਼ਰਾਰਤੀ ਜਿਹਾ ਇਕ ਜਾਣੂ ਮੁੰਡਾ ਮੇਰੇ ਕੋਲ ਆ ਬੈਠਾ। ''ਅੰਕਲ ਇਕ ਸ਼ੁਗਲ ਦਿਖਾਵਾਂ?'' 
''ਹਾਂ'' ਮੈਂ ਕਿਹਾ। ਉਹ ਉਠਿਆ ਅਤੇ ਡੀ.ਜੇ. ਵਾਲਿਆਂ ਦੇ ਕੰਨ 'ਚ ਕੁੱਝ ਕਹਿ ਆਇਆ। ਉਹ ਹਸਦਾ-ਹਸਦਾ ਮੇਰੇ ਕੋਲ ਆ ਬੈਠਾ। 
ਬਸ ਫਿਰ ਕੀ ਸੀ 'ਛਹਿ ਕੇ ਵੇਖ ਜੁਆਨਾ ਬਾਬੇ ਭੰਗੜਾ ਪਾਉਂਦੇ ਨੇ - ਬਹਿ ਕੇ ਵੇਖ ਜੁਆਨਾ ਬਾਬੇ ਭੰਗੜਾ ਪਾਉਂਦੇ ਨੇ' ਡੀ.ਜੇ. ਜ਼ੋਰ ਦੀ ਥਿਰਕਣ ਲੱਗਾ। ਬਾਬੇ ਦਾਰੂ ਹੱਥਾਂ 'ਚ ਗਲਾਸ ਫੜ ਕੇ ਨੱਚਣ ਲੱਗੇ। ਬਾਬਿਆਂ ਦੇ ਨਾਲ ਬੈਠੀਆਂ ਬੁਢੀਆਂ ਬੀਬੀ ਵੀ। ਗੱਭਰੂ ਮੁੰਡਾ ਹੱਥ ਵਿਚ ਮੋਬਾਈਲ ਫੜੀ ਬੈਠਾ ਹਸਦਾ ਰਿਹਾ - ''ਇਹ ਮਾਨ ਅੰਕਲ ਵੀ ਬਸ ਮੁੰਡਿਆਂ ਨੂੰ ਮਤ ਦੇਂਦਾ ਬੈਠਣ ਦੀ ਤੇ ਬੁਢਿਆਂ ਨੂੰ ਨਚਾਉਂਦਾ ਹੈ।'' ਉਸ ਨੇ ਨਚਦੇ ਬੁੱਢੇ ਬੁਢੀਆਂ ਵਲ ਵੇਖ ਕੇ ਕਿਹਾ। ਨੱਚਣ ਵਾਲਿਆਂ 'ਚ ਉਸ ਦੇ ਮਾਂ-ਬਾਪ ਵੀ ਸ਼ਾਮਲ ਸਨ। ''ਆਹ ਵੇਖੋ ਮੇਰੀ ਮਾਂ ਹੁਣ ਨਚਦੀ ਹੈ-ਪਰ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ। 
ਗਭਰੂ ਉਠ ਕੇ ਗੇੜੀ ਮਾਰਨ ਚਲਾ ਗਿਆ। 
ਨੱਚਣ ਵਾਲੀ ਜਗ੍ਹਾ ਤੇ ਨੋਟ ਹੀ ਨੋਟ ਸਨ। ਜਰਮਨ ਦੇ ਨੋਟ। ਨਹੀਂ ਭਾਰਤ ਦੇ ਨੋਟ। ਗਾਂਧੀ ਜੀ ਵਾਲੇ ਨੋਟ। ਵੇਖ ਲਉ ਕਿੰਨੇ ਸਿਆਣੇ ਹਨ ਜਰਮਨ ਵਾਲੇ, ਅਪਣੇ ਨੋਟ ਪੈਰਾਂ ਹੇਠਾਂ ਨਹੀਂ ਰੋਲਦੇ। ਮਿਟੀ ਨਹੀਂ ਲੱਗਣ ਦੇਂਦੇ। ਭਾਰਤ ਦੇ ਨੋਟ ਰੁਲਣ ਡਹੇ ਹਨ, ਭਾਵੇਂ ਝਾੜੂ ਨਾਲ ਇਕੱਠੇ ਕਰ ਲਉ। ਸੱਭ ਬਰਾਤੀਆਂ ਦੀ ਨਜ਼ਰ ਨੋਟਾਂ ਦੇ ਢੇਰ ਵਲ ਗਈ। ਪਰ ਉਹ ਸਾਰੇ ਬਰਾਤੀਆਂ ਨੇ ਹੀ ਤਾਂ ਸੁੱਟੇ ਸਨ। ਡੀ.ਜੇ. ਵਾਲੇ ਕਾਰਿੰਦੇ ਨੋਟਾਂ ਵਲ ਵੇਖ ਰਹੇ ਸਨ ਪਰ ਉਨ੍ਹਾਂ ਨੂੰ ਨੋਟ ਨਾ ਚੁੱਕਣ ਦੀ ਹਦਾਇਤ ਸੀ। ਖਾਣਾ ਲੱਗ ਚੁਕਿਆ ਸੀ। ਖਾਣੇ ਵਾਲੀ ਟੇਬਲ ਤੇ ਖੜੇ ਦਿਹਾੜੀਦਾਰ ਬੈਅਰਿਆਂ ਦੀ ਨਿਗਾਹ ਨੋਟਾਂ ਉਤੇ ਸੀ। ਪਰ ਹੋਟਲ ਵਾਲਿਆਂ ਦੀਆਂ ਹਦਾਇਤਾਂ ਸਨ - ਜ਼ਮੀਨ ਤੇ ਪਏ ਨੋਟਾਂ ਨੂੰ ਹੱਥ ਨਹੀਂ ਲਾਉਣੇ। ਹੋਟਲ ਦਾ ਵਕਾਰ ਵਿਗੜਦਾ ਹੈ। ਵਿਦੇਸ਼ੀ ਕਰੰਸੀ ਰੁਲ ਰਹੀ ਹੈ। ਭਲਾ 'ਵਿਦੇਸ਼ੀ ਰਾਜ' ਹੋਰ ਕਿੱਦਾਂ ਦਾ ਹੁੰਦਾ ਹੈ। ਵਿਦੇਸ਼ੀ ਕਰੰਸੀ ਨਹੀਂ ਦੇਸੀ ਹੀ ਹੈ। ਇਹ ਵੀ ਤਾਂ 'ਕਾਲਾ ਧਨ' ਹੈ। 
''ਚਲੋ ਚਲੋ - ਛੇਤੀ ਕਰੋ - ਦੋ ਵੱਜ ਗਏ। ਹੋਟਲ ਦੀ ਬੁਕਿੰਗ ਦੋ ਵਜੇ ਤਕ ਦੀ ਹੈ। ਫਿਰ ਲੇਖੇ ਕਿਸੇ ਹੋਰ ਜਰਮਨ ਵਾਲੇ ਦੀ ਹੀ ਬੁਕਿੰਗ ਹੈ...।'' ਲਾੜੇ ਦਾ ਭਰਾ ਇਕ-ਇਕ ਟੇਬਲ ਤੇ ਜਾ ਕੇ ਹੱਥ ਜੋੜ ਰਿਹਾ ਹੈ।
''ਇਕ ਹੋਰ ਜਰਮਨ ਵਾਲਾ...।''
''ਹੋਰ ਕੀ... ਕੋਈ ਜਰਮਨ ਵਾਲਾ ਨਹੀਂ ਤਾਂ ਫ਼ਰਾਂਸ ਵਾਲਾ ਹੋਵੇਗਾ ਜਾਂ ਕੈਨੇਡਾ ਜਾਂ ਆਸਟਰੇਲੀਆ ਵਾਲਾ ਹੋਵੇਗਾ। ਇੰਗਲੈਂਡ ਤਾਂ ਮੰਦਾ ਹੈ। ਬਾਹਰੋਂ ਵਧੀਆ 'ਦਾਰੂ' ਲਿਆਵੇਗਾ। ਜਰਮਨ ਦੇ ਨੋਟਾਂ ਬਦਲੇ ਪੰਜਾਹਾਂ ਨੂੰ ਢੁਕਿਆ ਬੰਦਾ-ਪੱਚੀਆਂ ਦੀ ਕੁੜੀ ਲੈ ਜਾਵੇਗਾ। ਸਾਨੂੰ ਪਤਾ ਹੀ ਨਹੀਂ ਲਗਦਾ ਸਿਆਣੇ ਕਿੰਨਾ ਵਧੀਆ ਨਜ਼ਾਰਾ ਵੇਖਦੇ ਹਨ। ਨਜ਼ਾਰਾ ਹੀ ਨਹੀਂ ਵੇਖਦੇ। ਬਾਬੇ ਭੰਗੜਾ ਪਾਉਂਦੇ ਹਨ - ਹੁੱਬਦੇ ਹਨ। 
''ਲੈ ਇਹ ਕੋਈ ਨਵੀਂ ਏ ਗੱਲ ਕਿਤੇ? ਨਾਲੇ ਕੱਲਾ ਜਲੰਧਰ ਈ ਥੋੜੈ, ਹੁਣ ਤਾਂ ਕਹਿ ਸਕਦੇ ਆਂ ਸਾਰਾ ਪੰਜਾਬ ਕੋਈ ਬਚਿਐ ਕਿਤੇ...।''
ਅਗਲੇ ਟੌਹਰ ਨਾਲ ਕਹਿੰਦੇ, ''ਦਾਰੂ ਜਰਮਨ ਦੀ ਕੁੜੀ ਪੰਜਾਬ ਦੀ...।'' ਕਿੰਨੇ ਸਿਆਣੇ ਹਨ-ਜਰਮਨ ਵਾਲੇ। 
ਡੀ.ਜੇ. ਦੀ ਸੁਰ ਮੱਧਮ ਹੋ ਕੇ ਗੰਭੀਰ ਹੋ ਗਈ। ਬਰਾਤ ਵਿਦਾ ਹੋ ਰਹੀ ਹੈ। ਕੁੜੀ ਦਾ ਬੁੱਢਾ ਬਾਪ ਅੱਖਾਂ 'ਚੋਂ ਪਾਣੀ ਕੇਰਦਾ ਹੈ। ਡੀ.ਜੇ. ਵਜਦਾ ਹੈ ''ਕੁੜੀ ਦੇ ਨਾਲ ਪਰਾਂਦੀ ਏ ਕੁੜੀ ਜਰਮਨ ਜਾਂਦੀ ਹੈ। ਜੇ ਬਚ ਗਈ ਤਾਂ ਵਾਹ ਭਲੀ ਨਹੀਂ ਧੱਕੇ ਖਾਂਦੀ ਹੈ।''
''ਲਉ ਬਈ ਚਲੋ ਚਲੋ - ਰੰਗਾ ਫਿਰ...।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement