
ਸੰਸਾਰ ਵਿਚ ਕੋਰੋਨਾ ਬੀਮਾਰੀ ਨੂੰ ਫੈਲਿਆਂ ਕੁੱਝ ਮਹੀਨੇ ਹੀ ਹੋਏ ਹਨ ਪਰ ਇਹ ਠੱਲ੍ਹਣ ਦਾ ਨਾਂ ਨਹੀਂ ਲੈ ਰਹੀ ਬਲਕਿ ਲੋਕਾਂ ਦੀ ਹਰ ਰੋਜ਼ ਨੀਂਦ ਉੱਡਾ ਰਹੀ ਹੈ।
ਸੰਸਾਰ ਵਿਚ ਕੋਰੋਨਾ ਬੀਮਾਰੀ ਨੂੰ ਫੈਲਿਆਂ ਕੁੱਝ ਮਹੀਨੇ ਹੀ ਹੋਏ ਹਨ ਪਰ ਇਹ ਠੱਲ੍ਹਣ ਦਾ ਨਾਂ ਨਹੀਂ ਲੈ ਰਹੀ ਬਲਕਿ ਲੋਕਾਂ ਦੀ ਹਰ ਰੋਜ਼ ਨੀਂਦ ਉੱਡਾ ਰਹੀ ਹੈ। ਸੰਸਾਰ ਭਰ ਦੀਆਂ ਸਰਕਾਰਾਂ ਅਪਣੇ-ਅਪਣੇ ਦੇਸ਼ਾਂ ਦੇ ਲੋਕਾਂ ਲਈ ਵੱਧ ਤੋਂ ਵੱਧ ਆਰਥਕ ਸਹੂਲਤਾਂ ਪ੍ਰਦਾਨ ਕਰਨ ਵਲ ਲਗੀਆਂ ਹੋਈਆਂ ਹਨ। ਉਨ੍ਹਾਂ ਦੀ ਮੁਸ਼ਕਲ ਨੂੰ ਸਮਝਦਿਆਂ ਹੋਇਆਂ ਸਮੱਸਿਆਵਾਂ ਦਾ ਹੱਲ ਵਿੱਤੀ ਲਾਭ ਦੇ ਕੇ ਕਰ ਰਹੀਆਂ ਹਨ, ਪਰ ਬੜੇ ਹਿਰਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੌਮ ਦੇ ਨਾਂ ਤੇ 4-5 ਵਾਰੀ ਭਾਸ਼ਣ ਤਾਂ ਦੇ ਚੁੱਕੇ ਹਨ।
ਹਰ ਵਾਰੀ ਕਦੇ ਉਹ ਤਾੜੀਆਂ ਵਜਾਉਣ, ਥਾਲੀਆਂ ਖੜਕਾਉਣ, ਟਾਰਚਾਂ, ਦੀਵੇ ਬਾਲਣ ਜਾਂ ਫਿਰ ਜੈ ਘੌਸ਼, ਹਰ-ਹਰ ਮਹਾਂਦੇਵ ਦੇ ਨਾਹਰੇ ਲਗਾ ਕੇ ਫਰੰਟ ਤੇ ਲੜ ਰਹੇ ਡਾਕਟਰਾਂ, ਨਰਸਾਂ, ਸਿਹਤਕ ਅਮਲੇ, ਪੁਲਿਸ ਵਿਭਾਗ, ਸਫ਼ਾਈ ਕਰਮਚਾਰੀਆਂ ਜਾਂ ਫਿਰ ਉਹ ਕਰਮਚਾਰੀ ਜੋ ਫਰੰਟ ਲਾਈਨ ਉਤੇ ਖੜੇ ਹੋ ਕੇ ਆਪ ਤੇ ਅਪਣੇ ਪ੍ਰਵਾਰ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਕੇ ਲੜ ਰਹੇ ਹਨ, ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੇ ਜਾਣ ਦੀ ਗੱਲ ਕਰਦੇ ਆ ਰਹੇ ਹਨ ਪਰ ਅਸਲ ਵਿਚ ਉਹ ਇਸ ਸਚਾਈ ਨੂੰ ਲੁਕਾ ਕੇ ਅਪਣੀ ਪਾਰਟੀ ਤੇ ਧਰਮ ਨਾਲ ਸਬੰਧਤ ਪ੍ਰੋਗਰਾਮਾਂ ਦਾ ਲੁਕਵੇਂ ਢੰਗ ਨਾਲ ਪ੍ਰਚਾਰ ਕਰ ਰਹੇ ਹੁੰਦੇ ਹਨ।
ਦੇਸ਼ ਦੀਆਂ ਸਰਕਾਰਾਂ ਤੇ ਲੋਕਾਂ ਨੂੰ ਹਰ ਵਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਪੀ ਐਮ ਕੇਅਰ ਫ਼ੰਡ ਜਿਸ ਵਿਚ ਦੇਸ਼ ਦੇ ਅਮੀਰ ਲੋਕਾਂ ਸਮੇਤ ਕਲਾਕਾਰਾਂ, ਖਿਡਾਰੀਆਂ ਤੇ ਇਥੋਂ ਤਕ ਕਿ ਆਮ ਲੋਕਾਂ ਨੇ ਵੀ ਹਜ਼ਾਰਾਂ, ਕਰੋੜ ਰੁਪਇਆ ਕੋਰੋਨਾ ਬੀਮਾਰੀ ਨਾਲ ਲੜਨ ਲਈ ਦਿਤਾ ਹੈ ਤਾਕਿ ਇਸ ਫੰਡ ਵਿਚੋਂ ਉਹ ਸੂਬਿਆਂ ਨੂੰ ਕੋਰੋਨਾ ਬੀਮਾਰੀ ਨਾਲ ਲੜਨ ਲਈ ਕੋਈ ਰਾਹਤ ਪੈਕੇਜ ਦੇਣ। ਪਰ ਹਰ ਵਾਰ ਇਹ ਊਠ ਦੇ ਬੁੱਲ੍ਹ ਵਾਂਗ ਡਿੱਗਣ ਦੀ ਬਜਾਏ ਲਟਕਦਾ ਹੀ ਆ ਰਿਹਾ ਹੈ ਜਿਸ ਕਾਰਨ ਸੂਬਾ ਸਰਕਾਰਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ।
Modi
ਦੇਸ਼ ਦੇ ਕਈ ਸੂਬਿਆਂ ਖ਼ਾਸ ਕਰ ਕੇ ਜਿਥੇ ਭਾਜਪਾ ਵਿਰੋਧੀ ਸਰਕਾਰਾਂ ਹਨ, ਉਨ੍ਹਾਂ ਨਾਲ ਹਰ ਪੜਾਅ ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਦਿੱਲੀ ਸੂਬੇ ਸਮੇਤ ਅਜਿਹੀਆਂ ਹੋਰ ਕਈ ਸਰਕਾਰਾਂ ਇਹ ਦੋਸ਼ ਲਗਾਉਂਦੀਆਂ ਆ ਰਹੀਆਂ ਹਨ। ਪਰ ਮੋਦੀ ਸਾਹਬ ਦੀ ਸਿਹਤ ਉਤੇ ਕੋਈ ਅਸਰ ਨਹੀਂ 'ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ'।
GST
ਪੰਜਾਬ ਨੂੰ ਹੋਰ ਕੋਈ ਸਹੂਲਤ ਦੇਣੀ ਤਾਂ ਦੂਰ ਦੀ ਗੱਲ ਉਸ ਦਾ ਬਣਦੇ ਟੈਕਸ ਤੋਂ ਜੀ.ਐਸ.ਟੀ ਦਾ ਬਕਾਇਆ 4400 ਕਰੋੜ ਰੁਪਇਆ ਵੀ ਨਹੀਂ ਦਿਤਾ ਜਾ ਰਿਹਾ ਜਿਸ ਕਾਰਨ ਕਈ ਛੋਟੇ-ਛੋਟੇ ਵਰਗ ਤੇ ਮੁਲਾਜ਼ਮ ਤਨਖ਼ਾਹਾਂ ਤੋਂ ਵਾਂਝੇ ਹੋਣ ਕਾਰਨ ਉਨ੍ਹਾਂ ਦੇ ਪ੍ਰਵਾਰ ਰੋਟੀ ਲਈ ਵਿਲਕ ਰਹੇ ਹਨ। ਪੰਜਾਬ ਵਿਚ ਆਰਥਕ ਮੰਦੀ ਕਾਰਨ ਸਿਹਤ ਸਹੂਲਤਾਂ ਬੁਰੀ ਤਰ੍ਹਾਂ ਨਿਘਰੀਆਂ ਹੋਈਆਂ ਹਨ। ਹਸਪਤਾਲਾਂ ਵਿਚ ਪੀ.ਪੀ.ਈ ਕਿੱਟਾਂ, ਵੈਂਟੀਲੇਟਰ, ਮਾਸਕ, ਦਸਤਾਨਿਆਂ, ਸੈਨੇਟਾਈਜ਼ਰ ਤੇ ਲੋੜੀਂਦੇ ਸਟਾਫ਼ ਦੀ ਘਾਟ ਹੈ ਜਿਸ ਕਾਰਨ ਪੰਜਾਬ ਵਿਚ ਹੋਰ ਸੂਬਿਆਂ ਮੁਕਾਬਲੇ ਭਾਵੇਂ ਮਰੀਜ਼ ਕੁੱਝ ਘੱਟ ਹਨ ਪਰ ਮੌਤ ਦਰ ਔਸਤਨ 6-7 ਫ਼ੀ ਸਦੀ ਵਿਚਕਾਰ ਹੈ, ਜੋ ਕਿ ਭਾਰਤ ਭਰ ਦੇ ਦੂਜੇ ਸੂਬਿਆਂ ਨਾਲੋਂ ਵੱਧ ਹੈ।
Harsimrat Badal
ਪ੍ਰਧਾਨ ਮੰਤਰੀ ਸਾਹਬ ਨੂੰ ਆਖ਼ਰ ਲੋਕਾਂ ਨੇ ਫ਼ੰਡ ਇਸ ਕਰ ਕੇ ਤਾਂ ਨਹੀਂ ਦਿਤਾ ਸੀ ਕਿ ਉਹ ਉਸ ਉਤੇ ਕੁੰਡਲੀ ਜਾਂ ਜੱਫਾ ਮਾਰ ਕੇ ਬਹਿ ਜਾਣ ਤੇ ਪੰਜਾਬ ਦੇ ਲੋਕ ਮਰਦੇ ਰਹਿਣ? ਅਕਾਲੀ ਦਲ ਬਾਦਲ ਦੀ ਪੰਜਾਬ ਵਲੋਂ ਇਕੋ-ਇਕ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਨਾ ਤਾਂ 'ਪੰਜਾਬ' ਨਾਲ ਕੋਈ ਹਿਤ ਹੈ, ਨਾ ਹੀ ਕੋਰੋਨਾ ਪੀੜਤ 'ਪੰਜਾਬ ਦੇ ਲੋਕਾਂ' ਨਾਲ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸਾਹਬ ਕੋਲੋਂ ਜਦੋਂ ਵੀ ਪੈਸਿਆਂ ਦੀ ਮੰਗ ਕਰਦੇ ਹਨ ਤਾਂ ਪ੍ਰਧਾਨ ਮੰਤਰੀ ਵਲੋਂ ਜਵਾਬ ਆਉਣ ਤੋਂ ਪਹਿਲਾਂ ਹੀ ਬਾਦਲ ਪ੍ਰਵਾਰ ਦੀ ਨੂੰਹ ਬੀਬੀ ਬਾਦਲ ਜਵਾਬ ਦੇ ਕੇ ਅਪਣੀ ਹਾ ਸੋਹੀਣੀ ਹਾਲਤ ਬਿਆਨ ਕਰ ਦਿੰਦੇ ਹਨ ਕਿ ਜਿਵੇਂ 'ਊਠ ਨਾ ਕੁੱਦੇ ਬੋਰੇ ਕੁੱਦੇ' ਹੋਣ। ਕੀ ਕਹੀਏ ਬਾਦਲ ਪ੍ਰਵਾਰ ਦੇ ਇਨ੍ਹਾਂ ਮੋਦੀ ਭਗਤਾਂ ਨੂੰ?
Central Government
ਕੇਂਦਰ ਸਰਕਾਰ ਦਾ ਰਵਈਆ ਗ਼ੈਰ-ਭਾਜਪਾ ਸਰਕਾਰਾਂ ਨਾਲ ਵਿਤਕਰੇ ਵਾਲਾ ਚਲਿਆ ਆ ਰਿਹਾ ਹੈ, ਜੋ ਕਿ ਇਸ ਮਹਾਂਮਾਰੀ ਮੌਕੇ ਉਨ੍ਹਾਂ ਨੂੰ ਬਿਲਕੁਲ ਵੀ ਸੋਭਦਾ ਨਹੀਂ। ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਸਾਂਝਾ ਹੁੰਦਾ ਹੈ ਨਾ ਕਿ ਉਨ੍ਹਾਂ ਸੂਬਿਆਂ ਦਾ ਜਿਥੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੋਵੇ। ਪੰਜਾਬ ਨਾਲ ਹਰਿਆਣਾ ਸੂਬਾ ਲਗਦਾ ਹੈ, ਉਥੋਂ ਦੇ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਪੰਜਾਬ ਨਾਲੋਂ ਹਰ ਪਖੋਂ ਬਿਹਤਰ ਹੋਣ ਕਰ ਕੇ ਉਥੇ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਗੱਲ ਨੂੰ ਵੀ ਇਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਉਥੇ ਲੋੜੀਂਦੀ ਹਰ ਸਹੂਲਤ ਉਸ ਨੂੰ ਭਾਜਪਾ ਦੀ ਕੇਂਦਰੀ ਸਰਕਾਰ ਵਲੋਂ ਮੁਹਈਆ ਕਰਵਾਈ ਜਾਂਦੀ ਹੈ।
File photo
ਕੇਂਦਰ ਸਰਕਾਰ ਦੀ ਨੀਤੀ ਹੁਣੇ ਹੀ ਆਰ.ਟੀ.ਆਈ ਰਾਹੀਂ ਪ੍ਰਾਪਤ ਕੀਤੀ ਸੂਚਨਾ ਤੋਂ ਜੱਗ ਜ਼ਾਹਰ ਹੋ ਚੁਕੀ ਹੈ। ਇਕ ਸਮਾਜ ਸੇਵੀ ਨੇ ਭਾਰਤੀ ਰਿਜ਼ਰਵ ਬੈਂਕ ਕੋਲੋਂ ਇਸ ਗੱਲ ਦੀ ਸੂਚਨਾ ਮੰਗੀ ਸੀ ਜਿਸ ਵਿਚ ਬੈਂਕ ਕੋਲੋਂ ਉਨ੍ਹਾਂ ਲੋਕਾਂ ਦੇ ਨਾਂ ਮੰਗੇ ਸਨ ਜਿਨ੍ਹਾਂ ਨੇ ਬੈਂਕ ਕੋਲੋਂ ਕਰਜ਼ੇ ਲਏ ਸਨ ਤੇ ਫਿਰ ਸਰਕਾਰ ਵਲੋਂ ਮਾਫ਼ ਕਰ ਦਿਤੇ ਗਏ। ਉਸ ਜਾਣਕਾਰੀ ਨੇ ਭਾਰਤੀਆਂ ਦੇ ਹੋਸ਼ ਉਡਾ ਦਿਤੇ ਹਨ ਕਿ ਇਹ ਉਹ 50 ਅਮੀਰ ਅਜ਼ਾਰੇਦਾਰ ਵਿਅਕਤੀ ਹਨ ਜਿਨ੍ਹਾਂ ਵਿਚ ਇਕ ਮੋਦੀ ਵਲੋਂ ਪੁਕਾਰਿਆ ਬਾਈ 'ਮੇਹੁਲ ਚੌਕਸੀ' ਤੇ ਨੀਰਵ ਮੋਦੀ, ਵਿਜੈ ਮਾਲਿਆ, ਪਤਾਂਜਲੀ ਦਾ ਬਾਬਾ ਰਾਮ ਦੇਵ (ਜਿਹੜਾ ਮੋਦੀ ਦੀ ਸਰਕਾਰ ਲਿਆਉਣ ਸਮੇਂ ਵਿਦੇਸ਼ ਵਿਚ ਭਾਰਤੀਆਂ ਦਾ ਕਾਲਾ ਧਨ ਸਰਕਾਰ ਵਲੋਂ ਲਿਆਏ ਜਾਣ ਦੀਆਂ ਵੱਡੀਆਂ-ਵੱਡੀਆਂ ਡੀਂਗਾਂ ਮਾਰਦਾ ਨਹੀਂ ਸੀ ਥਕਦਾ ਤੇ ਹੁਣ ਮੂੰਹ ਵਿਚ ਘੁੰਗਣੀਆਂ ਪਾਈ ਬੈਠਾ ਹੈ) ਆਦਿ ਵਰਗੇ ਸ਼ਾਮਲ ਹਨ।
PM Narendra Modi
ਉਨ੍ਹਾਂ ਵਿਚੋਂ ਕਈ ਸਰਕਾਰ ਦੀ ਸਰਪ੍ਰਸਤੀ ਹੇਠ ਬੈਂਕਾਂ ਦਾ ਕਰਜ਼ਾ ਮਾਰ ਕੇ ਵਿਦੇਸ਼ਾਂ ਵਿਚ ਭੱਜ ਗਏ ਤੇ ਬੈਂਕਾਂ ਨੇ ਉਨ੍ਹਾਂ ਸਾਰਿਆਂ ਦੇ ਲੋਨ ਦੀ ਰਕਮ ਜਿਹੜੀ 68605 ਕਰੋੜ ਰੁਪਏ ਬਣਦੀ ਹੈ 'ਵੱਟੇ ਖਾਤੇ' ਪਾ ਦਿਤੀ। ਇਨ੍ਹਾਂ ਵਿਚ ਬਹੁਤੇ ਉਹ ਸੱਜਣ ਹਨ, ਜਿਨ੍ਹਾਂ ਦੇ ਨਿਜੀ ਸਬੰਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਨ।
ਦੇਸ਼ ਦਾ ਕਿਸਾਨ ਜਿਸ ਨੇ 'ਹਰਾ ਇਨਕਲਾਬ' ਤੇ ਫਿਰ 'ਚਿੱਟਾ ਇਨਕਲਾਬ' ਲਿਆ ਕੇ ਦੇਸ਼ ਨੂੰ ਅੰਨ ਤੇ ਦੁਧ ਪਖੋਂ ਆਤਮ ਨਿਰਭਰ ਬਣਾਇਆ ਸੀ, ਉਹ ਕਿਸਾਨ ਜਿਨਸਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਅਤੇ ਕਰਜ਼ੇ ਵਿਚ ਦਬਿਆ ਹੋਣ ਕਰ ਕੇ ਹਰ ਰੋਜ਼ ਖ਼ੁਦਕੁਸ਼ੀਆਂ ਕਰ ਰਿਹਾ ਹੈ।
Bank
ਉਨ੍ਹਾਂ ਦਾ ਕਰਜ਼ਾ ਮੁਆਫ਼ ਕਰਨ ਲਈ ਕੁੱਝ ਨਹੀਂ ਕੀਤਾ ਜਾ ਰਿਹਾ। ਵੱਡੇ ਵੱਡੇ ਭਾਸ਼ਣਾਂ ਵਿਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀਆਂ ਹਵਾਈ ਗੱਲਾਂ ਕਰ ਕੇ ਕਿਸਾਨਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕਿਆਂ ਜਾ ਰਿਹਾ ਹੈ ਤੇ ਵੱਡੇ-ਵੱਡੇ ਅਜਾਰੇਦਾਰ ਬੈਂਕਾਂ ਦੇ ਕਰਜ਼ੇ ਮੁਆਫ਼ ਕਰਾ ਕੇ ਵਿਦੇਸ਼ਾਂ ਵਿਚ ਮੌਜਾਂ ਲੁੱਟ ਰਹੇ ਹਨ। ਜਿਹੜਾ ਇਹ ਕਿਹਾ ਜਾਂਦਾ ਸੀ ਕਿ ਦੇਸ਼ ਦੀ ਸਰਕਾਰ ਲੋਕਾਂ ਦੀ, ਲੋਕਾਂ ਦੁਆਰਾ ਤੇ ਲੋਕਾਂ ਲਈ ਚੁਣੀ ਗਈ ਹੁੰਦੀ ਹੈ, ਉਹ ਸਰਕਾਰ ਹੁਣ ਲੋਕਾਂ ਦੀ ਨਾ ਹੋ ਕੇ 'ਵੱਡੇ ਵਪਾਰੀਆਂ ਦੀ, ਵੱਡੇ ਵਪਾਰੀਆਂ ਦੁਆਰਾ ਚੁਣੀ ਹੋਈ, ਵੱਡੇ ਵਪਾਰੀਆ ਲਈ' ਬਣ ਚੁਕੀ ਹੈ।
File Photo
ਦੇਸ਼ ਦਾ ਪੜ੍ਹਿਆ ਲਿਖਿਆ ਨੌਜੁਆਨ ਪਹਿਲਾਂ ਹੀ ਬੇਰੁਜ਼ਗਾਰ ਚਲਿਆ ਆ ਰਿਹਾ ਹੈ। ਹੁਣ ਕੋਰੋਨਾ ਮਹਾਂਮਾਰੀ ਦੀ ਆਫ਼ਤ ਨੇ ਰੋਜ਼ਾਨਾ ਦਿਹਾੜੀ ਕਰਨ ਵਾਲੇ ਮਜ਼ਦੂਰਾਂ, ਕਿਸਾਨੀ ਕਾਮਿਆਂ ਨੂੰ ਗੰਭੀਰ ਆਰਥਕ ਮੰਦਹਾਲੀ ਵਿਚ ਸੁੱਟ ਦਿਤਾ ਹੈ। ਉਸ ਲਈ ਹੁਣ ਭੁੱਖਮਰੀ ਦੀ ਸਮੱਸਿਆ ਪੈਦਾ ਹੋ ਗਈ ਹੈ, ਭਾਵੇਂ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ, ਗੁਰਦਵਾਰਿਆਂ ਦੀਆਂ ਕਮੇਟੀਆਂ ਆਦਿ ਭੁੱਖਿਆਂ ਨੂੰ ਰੋਟੀ ਦੇਣ ਦੇ ਆਹਰ ਵਿਚ ਜੁਟੀਆਂ ਹੋਈਆਂ ਹਨ, ਜੋ ਕਿ ਸਾਰਿਅK ਤਕ ਪੁੱਜਣਾ ਅਸੰਭਵ ਹੈ। ਸਰਕਾਰ ਵਲੋਂ ਭੇਜੀ ਜਾ ਰਹੀ ਰਸਦ ਵੀ ਰਾਜਨੀਤੀ ਦਾ ਸ਼ਿਕਾਰ ਹੋ ਚੁੱਕੀ ਹੈ।
Captain
ਕਈਆਂ ਨੂੰ ਗੱਫੇ ਤੇ ਬਹੁਤਿਆਂ ਨੂੰ ਧੱਫੇ ਹੀ ਮਿਲ ਰਹੇ ਹਨ। ਇਸ ਸਮੇਂ ਪੰਜਾਬ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰ ਕੋਸ਼ਿਸ਼ ਕਰ ਕੇ ਪੰਜਾਬ ਵਿਚ ਕਿਸੇ ਨੂੰ ਭੁਖਿਆਂ ਨਾ ਸੌਣ ਦੇਵੇ। ਇਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਾਹਣਾ ਕਰਨੀ ਬਣਦੀ ਹੈ। ਉਨ੍ਹਾਂ ਨੇ ਪਿੱਛੇ ਜਹੇ ਬਿਆਨ ਵਿਚ ਕਿਹਾ ਸੀ ਕਿ ਪੰਜਾਬ ਵਿਚ ਕੋਈ ਵੀ ਮਜ਼ਦੂਰ ਭੁੱਖੇ ਪੇਟ ਨਹੀਂ ਸੌਂਵੇਗਾ ਜਿਸ ਉਤੇ ਕਾਫ਼ੀ ਹੱਦ ਤਕ ਅਮਲ ਵੀ ਹੋਇਆ ਹੈ।
File photo
ਦੇਸ਼ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਇਹੋ ਜਹੇ ਨਾਜ਼ੁਕ ਸਮੇਂ ਉਸ ਆਫਤ ਨਾਲ ਲੜਨ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ਚਲਦਾ ਆ ਰਿਹਾ ਸੀ। ਪਰ ਮੋਦੀ ਸਾਹਬ ਨੇ ਉਸ ਫੰਡ ਦੀ ਥਾਂ ਤੇ ਪੀ ਐਮ ਕੇਅਰ ਫ਼ੰਡ ਬਣਾ ਲਿਆ ਹੈ ਜਿਸ ਬਾਰੇ ਇਹ ਵੀ ਦਸਿਆ ਜਾ ਰਿਹਾ ਹੈ ਕਿ ਇਹ ਆਰ.ਟੀ.ਆਈ ਆਦਿ ਦੇ ਘੇਰੇ ਵਿਚ ਨਹੀਂ ਆਉਂਦਾ ਜਿਸ ਕਾਰਨ ਇਸ ਫੰਡ ਬਾਰੇ ਵੀ ਸ਼ੱਕ ਦੀ ਭਾਵਨਾ ਪੈਦਾ ਹੋ ਰਹੀ ਹੈ ਕਿ ਕਿਧਰੇ ਮੋਦੀ ਸਾਹਬ ਇਸ ਫੰਡ ਨੂੰ, ਅਗਲੀਆਂ ਚੋਣਾਂ ਜਾਂ ਫਿਰ ਪਹਿਲਾਂ ਵਾਂਗ ਹੋਰ ਅਜਾਰੇਦਾਰਾਂ ਦੇ ਕਰਜ਼ੇ ਨੂੰ ਮਾਫ਼ ਕਰ ਕੇ ਦੇਸ਼ ਵਾਸੀਆਂ ਨਾਲ ਹੋਰ ਵੱਡਾ ਧੱਕਾ ਨਾ ਕਰ ਦੇਣ।
PM Narendra Modi
ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਕੱਠੇ ਹੋ ਕੇ ਲਾਮਬੰਦ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਜਬੁਰ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ਦੇ ਲੋਕਾਂ ਵਲੋਂ ਕੋਰੋਨਾ ਬਿਮਾਰੀ ਨਾਲ ਲੜਨ ਲਈ ਪੀ.ਐਮ ਕੇਅਰ ਫੰਡ ਵਿਚ ਦਿਤੀ ਹਜ਼ਾਰਾਂ ਕਰੋੜ ਰੁਪਏ ਦੀ ਰਾਸ਼ੀ ਵਿਚੋਂ ਲੋੜ ਮੁਤਾਬਕ ਹਰ ਸੂਬੇ ਲਈ ਫੰਡ ਦੇਣ ਦਾ ਸਾਂਝਾ ਉਪਰਾਲਾ ਕਰਨ। ਇਕੱਲੇ ਦੁਕਲੇ ਦੇ ਰੌਲਾ ਪਾਉਣ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ।
ਸੰਪਰਕ : 94170-95965