
''ਬਈ ਜੈਲਦਾਰਾਂ ਦਾ ਹਰਿੰਦਰ ਹਨੀ ਵੀ ਕਈ ਦਿਨ ਹੋ ਗਏ ਨੇ, ਬਾਹਰਲੇ ਮੁਲਕ ਵਿਚੋਂ ਆਇਆ ਹੋਇਐ...........
''ਬਈ ਜੈਲਦਾਰਾਂ ਦਾ ਹਰਿੰਦਰ ਹਨੀ ਵੀ ਕਈ ਦਿਨ ਹੋ ਗਏ ਨੇ, ਬਾਹਰਲੇ ਮੁਲਕ ਵਿਚੋਂ ਆਇਆ ਹੋਇਐ। ਉਸ ਨੂੰ ਤਾਂ ਹਾਲੇ ਡੇਢ ਕੁ ਸਾਲ ਹੀ ਹੋਏ ਸੀ ਗਏ ਨੂੰ। ਊਂਅ ਪਹਿਲਾਂ ਨਾਲੋਂ ਨਿਖਰਿਆ ਫਿਰਦੈ।'' ਨਿਹਾਲ ਨੰਬਰਦਾਰ ਨੇ ਸੱਥ ਵਿਚ ਗੱਲ ਛੇੜੀ। ''ਉਏ ਨੰਬਰਦਾਰ ਕਹਿੰਦੈ ਉਥੋਂ ਦਾ ਤਾਂ ਪੌਣ-ਪਾਣੀ ਹੀ ਇਹੋ ਜਿਹੈ ਕਿ ਉਥੇ ਜਾ ਕੇ ਤਾਂ ਬੰਦਾ ਮੱਲੋ-ਮੱਲੀ ਨਿਖਰ ਜਾਂਦੈ, ਜਿਵੇਂ ਬਾਬੇ ਦੀ ਛਪੜੀ ਵਿਚ ਕਾਲੇ ਕਾਂ ਵੜ ਕੇ ਬੱਗੇ ਹੋ ਜਾਂਦੇ ਨੇ। ਬਾਕੀ ਭਾਈ ਉਧਰ ਖਾਣ-ਪੀਣ ਵੀ ਵਧੀਐ। ਹਰ ਚੀਜ਼ ਖ਼ਾਲਸ ਹੈ। ਇਸ ਲਈ ਸਰੀਰ ਤੰਦਰੁਸਤ ਰਹਿੰਦੈ। ਅਪਣੇ ਵਾਂਗ ਨਹੀਂ ਕਿ ਬਨਾਉਟੀ ਦੁੱਧ ਹੀ ਬਣਾ ਬਣਾ ਕੇ ਵੇਚੀ ਜਾਣਾ।'' ਲਾਭ ਕਾਮਰੇਡ ਨੇ ਵਿਚਾਰ ਪੇਸ਼ ਕੀਤੇ।
''ਬਈ ਕਾਮਰੇਡਾ ਕਿਤੇ ਸਾਡਾ ਵੀ ਬਾਹਰਲੇ ਮੁਲਕ ਗੇੜਾ ਲੱਗ ਜਾਂਦਾ ਤਾਂ ਸਾਡੇ ਕਾਲੇ ਰੰਗ ਵਿਚ ਵੀ ਕੁੱਝ ਚਮਕ ਆ ਜਾਂਦੀ। ਨਾਲੇ ਇਸ ਚੰਦਰੀ ਤੋਂ ਖਹਿੜਾ ਛੁਟ ਜਾਂਦਾ। ਇਥੇ ਤਾਂ ਨਸ਼ਾ-ਪੱਤਾ ਵੀ ਚੱਜ ਦਾ ਨਹੀਂ ਮਿਲਦਾ।'' ਭਾਨਾ ਅਮਲੀ ਅਪਣੀ ਮਾਰ ਗਿਆ। ''ਉਏ ਕਾਲੇ ਕਦੇ ਨਾ ਹੁੰਦੇ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ। ਤੂੰ ਤਾਂ ਅਮਲੀਆ ਇਹੋ ਜਿਹਾ ਹੀ ਰਹਿਣੈ, ਭਾਵੇਂ ਸਾਰੀ ਦੁਨੀਆਂ ਘੁੰਮ ਆਈਂ।'' ਗਿੱਦੜਕੁਟਾਂ ਦੇ ਗਿੱਦੜ ਨੇ ਵੀ ਸ਼ੁਰਲੀ ਛੱਡ ਦਿਤੀ। ''ਲੈ ਬਈ ਸਾਹਮਣੇ ਹਨੀ ਵੀ ਆਉਂਦੈ। ਇਹ ਆਪ ਹੀ ਦੱਸੂ ਬਾਹਰਲੇ ਮੁਲਕ ਦਾ ਹਾਲ-ਚਾਲ। ਅਪਣੀਆਂ ਤਾਂ ਐਵੇਂ ਹਵਾ ਵਿਚ ਗੋਲੀਆਂ ਚਲਾਉਣ ਵਾਲੀਆਂ ਗੱਲਾਂ ਨੇ।
ਇਹ ਸੁਣਾਊ ਕੋਈ ਨਵੀਂ ਤਾਜ਼ੀ।'' ਬਚਨੇ ਬੱਘੜ ਨੇ ਵੀ ਅਪਣੀ ਵਾਰੀ ਲੈ ਲਈ। ''ਆ ਬਈ ਹਨੀ ਸਿਆਂ, ਤੇਰੀਆਂ ਗੱਲਾਂ ਹੀ ਕਰੀ ਜਾਂਦੇ ਹਾਂ। ਕਹਿੰਦੇ ਕਈ ਦਿਨ ਹੋ ਗਏ ਨੇ ਆਏ ਨੂੰ। ਕਦੇ ਸੱਥ ਵਿਚ ਵੀ ਗੇੜਾ ਮਾਰ ਲਿਆ ਕਰ ਪਤੰਦਰਾ। ਤੈਨੂੰ ਵੀ ਬਾਹਰਲੇ ਮੁਲਕ ਦੀ ਹਵਾ ਲੱਗ ਗਈ ਏ?'' ਬਿੱਲੂ ਨੇ ਹਨੀ ਤੇ ਅਪਣਾ ਵਾਰ ਕਰ ਦਿਤਾ।
''ਪਹਿਲਾਂ ਤਾਂ ਜੀ, ਸੱਭ ਨੂੰ ਮੇਰੇ ਵਲੋਂ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਅੱਜ ਮੈਂ ਦਿਲੋਂ ਧਾਰ ਕੇ ਆਇਆ ਹਾਂ ਕਿ ਮੈਂ ਬਾਬਿਆਂ, ਚਾਚਿਆਂ, ਤਾਇਆਂ ਤੇ ਬੇਲੀਆਂ ਨੂੰ ਮਿਲ ਕੇ ਆਊਂ। ਅੱਧ-ਪਚੱਧ ਤਾਂ ਤੁਸੀ ਸੱਥ ਵਿਚ ਹੀ ਮਿਲ ਗਏ। ਮੈਂ ਵੀ ਏਸੇ ਸੱਥ ਵਿਚੋਂ ਹੀ ਜੱਬਲੀਆਂ ਮਾਰਦਾ ਗਿਆਂ।
ਕੀ ਹੋਇਆ ਜੇ ਬਾਹਰ ਦਾ ਗੇੜਾ ਲਾ ਲਿਆ।'' ਹਨੀ ਨੇ ਨਿਮਰਤਾ ਨਾਲ ਜਵਾਬ ਦਿਤਾ। ''ਕੋਈ ਬਾਹਰਲੇ ਮੁਲਕ ਦੀ ਗੱਲਬਾਤ ਸੁਣਾ ਭਤੀਜ।'' ਬਚਨੇ ਨੇ ਪੁਛ ਲਿਆ।
''ਤਾਇਆ ਇਕ ਪੰਜਾਬੀ ਗਾਣਾ ਹੈ, 'ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ' ਜਿਹੜੇ ਇਥੇ ਨਜ਼ਾਰੇ ਨੇ ਬਾਹਰਲੇ ਮੁਲਕਾਂ ਵਿਚ ਕਿਥੇ? ਪਹਿਲਾਂ ਤਾਂ ਤਾਇਆ ਉਥੇ ਆਹ ਸੱਥ ਨਹੀਂ ਹੁੰਦੀ, ਜਿਥੇ ਅਪਣਿਆਂ ਨਾਲ ਗੱਲਾਂ-ਬਾਤਾਂ ਕਰ ਕੇ ਢਿੱਡ ਹੌਲਾ ਕਰ ਲਈਏ। ਉਥੇ ਜਾ ਕੇ ਤਾਂ ਬੰਦਾ ਮਸ਼ੀਨ ਬਣ ਜਾਂਦੈ। ਜੇ ਕਿਤੇ ਪੱਬ ਵਿਚ ਇਕੋ ਇਲਾਕੇ ਦੇ ਦੋ-ਚਾਰ ਇਕੱਠੇ ਵੀ ਹੋ ਜਾਣ ਤਾਂ ਉਨ੍ਹਾਂ ਦੀ ਮੱਤ ਨਹੀਂ ਮਿਲਦੀ। ਆਹ ਗੱਲਾਂ ਕਿਥੇ ਧਰੀਆਂ ਪਈਆਂ ਨੇ ਤਾਇਆ।''
''ਲੋਕੀ ਤਾਂ ਕਹਿੰਦੇ ਨੇ ਕਿ ਉਥੇ ਡਾਲਰ ਹੂੰਝਣ ਕੰਨੀ ਪਏ ਨੇ।'' ਬਿਲੂ ਬੋਲਿਆ। ''ਬਈ ਬਿਲੂ ਇਹੋ ਤਾਂ ਅਪਣੇ ਦਿਲਾਂ ਵਿਚ ਗ਼ਲਤਫ਼ਹਿਮੀ ਹੈ। ਬਾਹਰਲੇ ਮੁਲਕਾਂ ਵਿਚ ਡਾਲਰ ਦਰੱਖ਼ਤਾਂ ਨਾਲ ਨਹੀਂ ਲਗਦੇ। ਉਥੇ ਵੀ ਬਾਈ ਮਨ ਮਾਰ ਕੇ ਮਿਹਨਤ ਕਰਨੀ ਪੈਂਦੀ ਹੈ। ਪਹਿਲਾਂ ਤਾਂ ਇਥੋਂ ਜਾਣ ਵੇਲੇ ਹੀ ਘਰ ਦਾ ਮੂੰਹ ਦੂਜੇ ਪਾਸੇ ਹੋ ਜਾਂਦੈ। ਬਾਹਰ ਭੇਜਣ ਵਾਲੇ ਏਜੰਟ ਲੁਟ-ਲੁਟ ਕੇ ਖਾ ਜਾਂਦੇ ਨੇ। ਠੱਗੀਆਂ-ਠੋਰੀਆਂ ਬਹੁਤ ਜ਼ਿਆਦਾ ਹਨ। ਕਈ ਤਾਂ ਜੋ ਸਹੀ ਤਰੀਕੇ ਨਾਲ ਨਹੀਂ ਜਾਂਦੇ, ਜੇਲਾਂ ਵਿਚ ਸਾਰੀ ਉਮਰ ਰੁਲਦੇ ਨੇ। ਕਈ ਰੱਬ ਨੂੰ ਪਿਆਰੇ ਵੀ ਹੋਏ ਨੇ। ਪਿਛੋਂ ਘਰਦਿਆਂ ਤੇ ਜੋ ਬੀਤਦੀ ਹੈ, ਉਹ ਉਹੀ ਜਾਣਨ। ਕਈਆਂ ਨੇ ਤਾਂ ਜ਼ਮੀਨ ਧਰ ਕੇ ਭੇਜੇ ਹੁੰਦੇ ਨੇ।''
''ਫਿਰ ਤਾਂ ਹਨੀ ਐਵੇਂ ਭੇਡ-ਚਾਲ ਹੀ ਹੋਈ।'' ਬਚਨਾ ਹੈਰਾਨ ਸੀ। ''ਤਾਇਆ ਹੋਰ ਸੁਣ, ਜਿਹੜੇ ਸਹੀ ਤਰੀਕੇ ਨਾਲ ਜਾਂਦੇ ਨੇ, ਉਨ੍ਹਾਂ ਦੇ ਕਿਹੜਾ ਉਥੇ ਪੈਰ ਲਗਦੇ ਨੇ। ਉਥੇ ਤਾਂ ਅਪਣੇ ਭਈਆਂ ਤੋਂ ਵੀ ਵੱਧ ਮਿਹਨਤ ਕਰਨੀ ਪੈਂਦੀ ਹੈ। ਪਹਿਲਾਂ ਤਾਂ ਭਈਆਂ ਵਾਂਗ ਹੀ ਇਕ ਕਮਰੇ ਵਿਚ ਦਸ-ਦਸ ਜਣਿਆਂ ਨੂੰ ਰਹਿਣਾ ਪੈਂਦਾ ਹੈ। ਪੇਟ ਬੰਨ੍ਹ ਕੇ ਚਾਰ ਡਾਲਰ ਜੁੜਦੇ ਨੇ। ਬਸ ਇਕੋ ਚੀਜ਼ ਹੈ ਜੋ ਉਧਰ ਨੂੰ ਖਿਚਦੀ ਹੈ ਕਿ ਉਨ੍ਹਾਂ ਦੇ ਡਾਲਰ ਤੇ ਪੌਂਡ ਦੀ ਕੀਮਤ ਜ਼ਿਆਦਾ ਹੈ। ਹਜ਼ਾਰਾਂ ਵਿਚ ਕਮਾਏ ਲੱਖਾਂ ਦੇ ਬਣ ਜਾਂਦੇ ਨੇ। ਹਾਂ ਤਾਇਆ, ਫਿਰ ਏਧਰ ਆ ਕੇ ਸਾਡੇ ਵਰਗੇ ਕਿਰਾਏ ਤੇ ਕਾਰ ਲੈ ਕੇ, ਫੱਕਰਪੁਣਾ ਜ਼ਰੂਰ ਘੋਟ ਲੈਂਦੇ ਨੇ।
ਉਨ੍ਹਾਂ ਦੀ ਇਹ ਟੌਹਰ ਵੇਖ ਕੇ ਦੂਜੇ ਵੀ ਉਧਰ ਨੂੰ ਖਿੱਚੇ ਜਾਂਦੇ ਹਨ। ਇਹ ਤਾਂ ਤਾਇਆ ਥੁੱਕ ਮਿਠੇ ਵਾਲੀ ਗੱਲ ਹੈ। ਜੇ ਐਨੀ ਮਿਹਨਤ ਇਧਰ ਕਰ ਕੇ ਬੱਚਤ ਕੀਤੀ ਜਾਵੇ, ਨਸ਼ੇ-ਪੱਤੇ ਤੋਂ ਬਚਿਆ ਜਾਵੇ ਤਾਂ ਇਥੇ ਵੀ ਵਾਰੇ-ਨਿਆਰੇ ਹੋ ਸਕਦੇ ਨੇ। ਬਾਹਰ ਜਾਣ ਦੀ ਲੋੜ ਹੀ ਨਹੀਂ ਰਹਿੰਦੀ।''ਤੇਰੀਆਂ ਸੱਚੀਆਂ ਤੇ ਸਹੀ ਗੱਲਾਂ ਨੇ ਸਾਡੇ ਤਾਂ ਕੰਨ ਖੋਲ੍ਹ ਤੇ ਭਤੀਜ। ਇਥੇ ਵੀ ਕਈ ਮੁੱਠੀਆਂ ਵਿਚ ਬੁਕੀਂ ਫਿਰਦੇ ਨੇ ਬਾਹਰ ਜਾਣ ਲਈ।'' ''ਉਏ ਬਈ ਮੈਂ ਤਾਂ ਆਪ ਬਾਹਰ ਜਾਣ ਲਈ ਤਿਆਰ ਬੈਠਾ ਸੀ। ਚੰਗਾ ਹੋ ਗਿਆ, ਤੂੰ ਸੱਚ ਦੱਸ ਦਿਤਾ। ਏਥੇ ਬੈਠਿਆਂ ਨੇ ਹੀ ਪੈਸੇ ਬਚਾ ਲਏ।'' ਭਾਨਾ ਵਿਚੋਂ ਹੀ ਬੋਲ ਪਿਆ। ਸਾਰੇ ਹਸਦੇ-ਖੇਡਦੇ ਕਲ ਆਉਣ ਦਾ ਇਕਰਾਰ ਕਰ ਕੇ ਸੱਥ ਵਿਚੋਂ ਵਿਛੜ ਗਏ। ਸੰਪਰਕ : 94633-80503