
ਹਮੇਸ਼ਾ ਲੰਮੇ ਚਲੇ ਸੰਘਰਸ਼ ਹੀ ਲੋਕ ਮਨਾਂ, ਲੋਕ ਚੇਤਿਆਂ ਤੇ ਜੁਗਾਂ-ਜੁਗਾਂ ਤਕ ਪੁੰਗਰਨ ਵਾਲੇ ਨਵੇਂ ਤੱਤਾਂ, ਨਵੀਆਂ ਨਸਲਾਂ ਤੇ ਪਨੀਰੀਆਂ ਤਕ ਪੁਜਦੇ ਹਨ।
ਕੋਈ ਵੀ ਲੜਾਈ, ਜੰਗ, ਯੁੱਧ ਰਣਨੀਤੀ ਬਣਾ ਕੇ ਹੀ ਲੜਿਆ ਜਾਂਦਾ ਹੈ ਤੇ ਕਈ ਵਾਰ ਚਲਦੇ ਯੁਧਾਂ ਵਿਚ ਵੀ ਰਣਨੀਤੀਆਂ ਬਦਲੀਆਂ ਜਾਂਦੀਆਂ ਨੇ ਪਰ ਇਤਿਹਾਸ ਗਵਾਹ ਹੈ ਕਿ ਕਦੇ ਵੀ ਫ਼ੌਜਾਂ ਦੀ ਗਿਣਤੀ ਨਹੀਂ ਜਿੱਤਦੀ। ਜਿੱਤ ਹਮੇਸ਼ਾ ਬੁਲੰਦ ਹੌਸਲਿਆਂ ਦੀ ਤੇ ਮੈਦਾਨ ਵਿਚ ਡੱਟ ਕੇ ਖੜੇ ਰਹਿਣ ਵਾਲਿਆਂ ਦੀ ਹੀ ਹੁੰਦੀ ਏ। ਮੈਦਾਨ ਵਿਚ ਪਿਠ ਦਿਖਾਈ ਨਹੀਂ ਕਿ ਦੂਜੀ ਧਿਰ ਵਿਚ ਜਿੱਤ ਦੇ ਜੈਕਾਰੇ ਗੂੰਜਣ ਲਗਦੇ ਨੇ ਤੇ ਇਕ ਗੱਲ ਹੋਰ। ਇਤਿਹਾਸ ਫਰੋਲ ਲੈਣਾ, ਸੌਖੀ ਤੇ ਛੇਤੀ ਜਿੱਤੀ ਗਈ ਲੜਾਈ ਬੜੀ ਜਲਦੀ ਹੀ ਅਤੀਤ ਦੇ ਸਫ਼ਿਆਂ ਵਿਚ ਕਿਤੇ ਗੁਆਚ ਜਾਂਦੀ ਏ। ਹਮੇਸ਼ਾ ਲੰਮੇ ਚਲੇ ਸੰਘਰਸ਼ ਹੀ ਲੋਕ ਮਨਾਂ, ਲੋਕ ਚੇਤਿਆਂ ਤੇ ਜੁਗਾਂ-ਜੁਗਾਂ ਤਕ ਪੁੰਗਰਨ ਵਾਲੇ ਨਵੇਂ ਤੱਤਾਂ, ਨਵੀਆਂ ਨਸਲਾਂ ਤੇ ਪਨੀਰੀਆਂ ਤਕ ਪੁਜਦੇ ਹਨ।
farmer protest
ਅੱਜ ਸਾਡਾ ਸੰਘਰਸ਼ ਵੀ ਸਾਡੀ ਹੋਂਦ, ਵਜੂਦ ਤੇ ਵਕਾਰ ਦਾ ਏ। ਢੋਈ ਸਾਨੂੰ ਕਿਸੇ ਪਾਸੇ ਵੀ ਨਹੀਂ। ਜੇ ਇਹ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਸਾਡੀ ਕਿਸਾਨੀ, ਸਾਡੇ ਖੇਤ ਖ਼ਤਰੇ ਵਿਚ ਨੇ ਤੇ ਜੇ ਅੱਜ ਹਾਰਦੇ ਹਾਂ, ਪਿੱਠ ਵਿਖਾਉਂਦੇ ਹਾਂ ਤਾਂ ਅਪਣੀਆਂ ਨਸਲਾਂ ਨੂੰ ਕੀ ਜਵਾਬ ਦੇਵਾਂਗੇ? ਮੂੰਹ ਲੁਕਾ ਕੇ, ਮੂੰਹ ਹਨੇਰਿਆਂ ਵਿਚ ਪਿੰਡ, ਘਰ ਵੜਨ ਲਈ ਤਾਂ ਅਸੀ ਠੰਢ, ਮੀਂਹ, ਝੱਖੜ ਨਹੀਂ ਸੀ ਝੇਲੇ। ਵਿਹੜੇ ਵੜਦਿਆਂ ਨੂੰ ਬਾਪੂ ਦੀਆਂ ਉਦਾਸ ਤੇ ਪਥਰਾਈਆਂ ਅੱਖਾਂ ਜਦੋਂ ਸਵਾਲ ਕਰਨਗੀਆਂ ਕਿ ਪੁਤਰਾ ਜਿਸ ਜ਼ਮੀਨ ਦਾ ਮੈਂ ਮਾਲਕ ਸੀ, ਫਿਰ ਤੂੰ ਬਣਿਆ, ਤੇਰਾ ਪੁੱਤਰ ਵੀ ਉਸ ਦਾ ਮਾਲਕ ਬਣਿਆ ਰਹਿ ਸਕੇਗਾ? ਤਾਂ ਕੀ ਜਵਾਬ ਦਿਉਗੇ? ਭਵਿੱਖ ਦੀ ਬੁੱਕਲ ਵਿਚ ਕੀ ਲੁਕਿਆ ਹੋਇਐ, ਸਾਨੂੰ ਪਤਾ ਨਹੀਂ ਪਰ ਅੱਜ ਅਸੀ ਵਿਚਾਲੇ ਬੈਠੇ ਹਾਂ।
farmer
ਭਵਿੱਖ ਦੀ ਬੁੱਕਲ ਵਿਚ ਕੀ ਲੁਕਿਆ ਹੋਇਐ, ਸਾਨੂੰ ਨਹੀਂ ਪਤਾ ਪਰ ਸਾਡਾ ਅੱਜ, ਅੱਜ ਦੇ ਕੀਤੇ ਫ਼ੈਸਲੇ, ਸਾਡਾ ਭਵਿੱਖ ਤੈਅ ਕਰਨਗੇ। ਵੇਖਿਉ ਕਿਤੇ ਸਾਡਾ ਇਕ ਵੀ ਗ਼ਲਤ ਚੁਕਿਆ ਕਦਮ, ਗ਼ਲਤ ਫ਼ੈਸਲਾ, ਸਾਡੀ ਬਹਾਦਰਾਂ, ਨਿਡਰਾਂ, ਸੂਰਬੀਰਾਂ ਦੀ ਕੌਮ ਦੇ ਮੱਥੇ ਕੋਈ ਦਾਗ਼ ਨਾ ਲਗਾ ਦੇਵੇ। ਮਨ ਨੂੰ ਡੋਲਣ ਨਾ ਦਿਉ। ਉਠੋ, ਡਟੋ, ਲੜੋ, ਇਹ ਸਾਡੇ ਹੱਥ ਵਿਚ ਏ। ਇਰਾਦਾ ਸਾਫ਼ ਏ ਤਾਂ ਜਿੱਤ ਸਾਡੀ ਏ।
Farmers Protest
ਢਹਿੰਦੀ ਕਲਾ ਨਹੀਂ ਚਾਹੀਦੀ ਤੇ ਜੰਗ ਰੁਕਣੀ ਨਹੀਂ ਚਾਹੀਦੀ। ਅਸੀ ਅਪਣੀਆਂ ਸ਼ਹਾਦਤਾਂ ਦੇ ਦਿਨ, ਨਵਾਂ ਸਾਲ, ਲੋਹੜੀ ਸੱਭ ਕੁੱਝ ਦਿਲੀ ਦੀਆਂ ਠੰਢੀਆਂ ਸੜਕਾਂ ਤੇ ਬਿਤਾ ਲਿਆ। ਹੋ ਸਕਦੈ, ਸਾਡਾ ਹੋਲਾ, ਮੁਹਲਾ, ਸਾਨੂੰ ਵਿਸਾਖੀ ਵੀ ਇਥੇ ਹੀ ਸ਼ਾਨੋ ਸ਼ੌਕਤ ਨਾਲ ਮਨਾਉਣੀ ਪਵੇ। ਮਨੋਂ ਤਿਆਰ ਰਹੋ। ਬਸ ਡੋਲਣਾ ਨਹੀਂ ਤੇ ਜੰਗ ਜਾਰੀ ਰਖਿਉ।
(ਸੁਖਜੀਵਨ ਕੁਲਬੀਰ ਸਿੰਘ)
ਸੰਪਰਕ : 73409-23044