
ਅਮਰੀਕਾ ਗੈਂਗਸਟਰਾਂ ਦਾ ਜਹਾਜ਼ ਭਰ ਕੇ ਕਿਉਂ ਨਹੀਂ ਭੇਜਦਾ?
ਚੰਡੀਗੜ੍ਹ: ਟਰੰਪ ਦੇ ਰਾਸ਼ਟਰਪਤੀ ਬਣਦਿਆਂ ਹੀ ਪੂਰੀ ਦੁਨੀਆਂ ਵਿਚ ਇੱਕ ਤਰ੍ਹਾਂ ਦਾ ਭੂਚਾਲ ਜਿਹਾ ਆ ਗਿਆ ਹੈ। ਜਿਥੇ ਟਰੰਪ ਨੇ ਵੱਖ-ਵੱਖ ਦੇਸ਼ਾਂ ਉੱਤੇ ਟੈਰਿਫ਼ ਲਗਾਉਣੇ ਸ਼ੁਰੂ ਕੀਤੇ ਉੱਥੇ ਹੀ ਚੋਣ ਮੁਹਿੰਮਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਵਤਨਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ। ਭਾਵੇਂ ਬਹੁਤ ਸਾਰੇ ਦੇਸ਼ਾਂ ਦੇ ਲੋਕ ਅਮਰੀਕਾ ਵਿਚ ਗ਼ੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਪਰ ਇਨ੍ਹਾਂ ਪ੍ਰਵਾਸੀਆਂ ਵਿਚ ਭਾਰਤੀਆਂ ਦੀ ਗਿਣਤੀ ਕਾਫ਼ੀ ਵੱਡੀ ਦੱਸੀ ਜਾ ਰਹੀ ਹੈ।
ਅਮਰੀਕਾ ਵਲੋਂ ਭਾਰਤੀਆਂ ਦਾ ਜਿਹੜਾ ਪਹਿਲਾ ਜਥਾ ਭੇਜਿਆ ਗਿਆ ਉਸ ਨਾਲ ਅਣਮਨੁੱਖੀ ਵਰਤਾਅ ਕੀਤਾ ਗਿਆ। ਫ਼ੌਜੀ ਜਹਾਜ਼ ਚ ਚੜਾਉਣ ਵੇਲੇ ਉਨ੍ਹਾਂ ਨੂੰ ਹਥਕੜੀਆਂ ਤੇ ਬੇੜੀਆਂ ਵਿਚ ਜਕੜਿਆ ਗਿਆ। ਜਿਸ ਦਾ ਦੇਸ਼ ਵਿਚ ਕਾਫੀ ਵਿਰੋਧ ਹੋਇਆ ਤੇ ਪੁੱਛਿਆ ਗਿਆ ਕਿ ਇਹ ਲੋਕ ਅਮਰੀਕਾ ਲਈ ਕਿਵੇਂ ਖ਼ਤਰਾ ਸਨ ਅਤੇ ਇਨਾਂ ਦਾ ਕੀ ਕਸੂਰ ਸੀ। ਕੀ ਇਹ ਲੋਕ ਅਮਰੀਕਾ ਦੀ ਅਰਥ ਵਿਵਸਥਾ ਵਿਚ ਯੋਗਦਾਨ ਨਹੀਂ ਪਾ ਰਹੇ ਸਨ?
ਪੰਜਾਬ ਦੇ ਸਿਆਸਤਦਾਨਾਂ ਨੇ ਸਵਾਲ ਕੀਤਾ ਕਿ ਅਮਰੀਕਾ ਮਿਹਨਤਕਸ਼ ਲੋਕਾਂ ਦੇ ਜਹਾਜ਼ ਭਰ-ਭਰ ਕੇ ਭਾਰਤ ਤਾਂ ਭੇਜ ਰਿਹਾ ਹੈ ਤਾਂ ਉਹ ਇਹ ਵੀ ਜੁਅਰਤ ਕਰੇ ਕਿ ਅਮਰੀਕਾ ਵਿਚ ਰਹਿ ਰਹੇ ਗੈਂਗਸਟਰਾਂ ਦਾ ਜਹਾਜ਼ ਭਰ ਕੇ ਵੀ ਭਾਰਤ ਭੇਜ ਦੇਵੇ। ਕਿਉਂਕਿ ਉਹ ਲੋਕ ਜਿਥੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਹਨ ਉਥੇ ਹੀ ਉਹ ਅਮਰੀਕਾ ਵਿਚ ਰਹਿ ਕੇ ਭਾਰਤ ਵਿਚ ਹੁੰਦੀਆ ਅਪਰਾਧਕ ਗਤੀਵਿਧੀਆਂ ਵਿਚ ਵੀ ਸ਼ਾਮਲ ਹਨ।
ਅਮਰੀਕਾ ਵਿਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦੀ ਘਰ ਵਾਪਸੀ ਦਾ ਸਿਲਸਿਲਾ ਜਾਰੀ ਹੈ। ਅਮਰੀਕਾ ਲਗਾਤਾਰ ਕਾਰਵਾਈ ਕਰ ਰਿਹਾ ਹੈ। ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਗ਼ੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਦੂਜਾ ਜਹਾਜ਼ ਭਾਰਤ ਆ ਰਿਹਾ ਹੈ। ਅਮਰੀਕਾ ਤੋਂ ਵਾਪਸ ਭੇਜੇ ਗਏ ਭਾਰਤੀਆਂ ਨੂੰ ਲੈ ਕੇ ਦੋ ਹੋਰ ਜਹਾਜ਼ ਅੱਜ ਅਤੇ ਭਲਕੇ ਅੰਮ੍ਰਿਤਸਰ ਉਤਰਨ ਵਾਲੇ ਹਨ।
ਇਸ ਫ਼ਲਾਈਟ ’ਚ 119 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਹੋਣਗੇ। ਦੋਵਾਂ ਜਹਾਜ਼ਾਂ ਵਿਚ 276 ਲੋਕ ਡਿਪੋਰਟ ਕੀਤੇ ਜਾ ਰਹੇ ਹਨ। ਇਹ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਵੱਡੇ ਪੱਧਰ ‘ਤੇ ਕਾਰਵਾਈ ਦਾ ਹਿੱਸਾ ਹੈ। ਹਾਲ ਹੀ ਵਿੱਚ ਅਮਰੀਕਾ ਦੇ ਫੌਜੀ ਜਹਾਜ਼ ਸੀ-17 ਗਲੋਬਮਾਸਟਰ ਰਾਹੀਂ 104 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ। ਇਨ੍ਹਾਂ 104 ਵਿਚ 30 ਪੰਜਾਬ ਦੇ, 2 ਚੰਡੀਗੜ੍ਹ ਦੇ, 33 ਹਰਿਆਣਾ ਦੇ, 33 ਗੁਜਰਾਤ ਦੇ, 3 ਮਹਾਰਾਸ਼ਟਰ ਦੇ, 3 ਉੱਤਰਪ੍ਰਦੇਸ਼ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ 13 ਨਾਬਾਲਗ ਵੀ ਸ਼ਾਮਲ ਹਨ।
ਹੱਥਾਂ ਵਿੱਚ ਕਥਿਤ ਹਥਕੜੀਆਂ ਨੂੰ ਲੈ ਕੇ ਸਿਆਸੀ ਹੰਗਾਮਾ ਹੋਇਆ। ਇਸ ਦੀ ਗੂੰਜ ਸੰਸਦ ਵਿੱਚ ਵੀ ਸੁਣਾਈ ਦਿੱਤੀ। ਅਜਿਹੇ ‘ਚ ਉਸ ਘਟਨਾ ਦੇ ਸਿਰਫ 10 ਦਿਨਾਂ ਬਾਅਦ ਦੋ ਹੋਰ ਫਲਾਈਟਾਂ ਭਾਰਤ ‘ਚ ਲੈਂਡ ਕਰਨ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਤੋਂ 119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਫਲਾਈਟ ਨੇ ਉਡਾਣ ਭਰੀ ਹੈ। 119 ਗੈਰ-ਕਾਨੂੰਨੀ ਪਰਵਾਸੀਆਂ ਵਿੱਚੋਂ 67 ਪੰਜਾਬ, 33 ਹਰਿਆਣਾ, 8 ਗੁਜਰਾਤ, 3 ਉੱਤਰ ਪ੍ਰਦੇਸ਼, 2-2 ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਅਤੇ 1-1 ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹਨ।
ਇਸ ਵਿਸ਼ੇ ਉੱਤੇ ਦੇਸ਼ ਵਿਚ ਸਿਆਸਤ ਭਖੀ ਹੋਈ ਹੈ। ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਯਾਤਰਾ ਕੀਤੀ ਤੇ ਉਹ ਰਾਸ਼ਟਰਪਤੀ ਟਰੰਪ ਨੂੰ ਵੀ ਮਿਲੇ ਪਰ ਉਨ੍ਹਾਂ ਭਾਰਤੀਆਂ ਨੂੰ ਅਮਰੀਕਾ ਵਿਚੋਂ ਕੱਢਣ ਦੇ ਮਾਮਲੇ ਵਿਚ ਕੋਈ ਸੰਜ਼ੀਦਗੀ ਨਹੀਂ ਦਿਖਾਈ ਉਲਟਾ ਬੀਤੇ ਦਿਨ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਕਿ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਰਹਿਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ।
ਵਿਰੋਧੀ ਪਾਰਟੀਆਂ ਵਲੋਂ ਇਸ ਬਿਆਨ ਨੂੰ ਦੇਸ਼ ਦੇ ਲੋਕਾਂ ਦੇ ਵਿਰੁਧ ਦੱਸਿਆ ਗਿਆ ਤੇ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੂੰ ਇਸ ਵਿਸ਼ੇ ਉੱਤੇ ਟਰੰਪ ਨਾਲ ਗੱਲਬਾਤ ਕਰਨੀ ਚਾਹੀਦੀ ਸੀ।ਇਸ ਦੇ ਨਾਲ ਹੀ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਪ੍ਰੈਸ ਕਾਨਫ਼ਰੰਸ ਕਰ ਕੇ ਵਿਦੇਸ਼ ਮੰਤਰਾਲੇ ਉਤੇ ਸਵਾਲ ਖੜੇ ਕੀਤੇ ਕਿ ਵਿਦੇਸ਼ ਮੰਤਰਾਲਾ ਅਮਰੀਕੀ ਵਿਦੇਸ਼ ਮੰਤਰਾਲੇ ਨਾਲ ਗੱਲ ਕਿਉਂ ਨਹੀਂ ਕਰਦਾ ਕਿ ਜੇਕਰ ਅਮਰੀਕਾ ਮਿਹਨਤਕਸ਼ ਲੋਕਾਂ ਨੂੰ ਜਹਾਜ਼ ਭਰ-ਭਰ ਕੇ ਭਾਰਤ ਭੇਜ ਸਕਦਾ ਹੈ ਤਾਂ ਉਹ ਗੈਂਗਸਟਰਾਂ ਦਾ ਜਹਾਜ਼ ਭਰ ਕੇ ਭਾਰਤ ਕਿਉਂ ਨਹੀਂ ਭੇਜ ਰਿਹਾ
ਕੀ ਗੈਂਗਸਟਰਾਂ ਨੂੰ ਅਮਰੀਕਾ ਦਾ ਥਾਪੜਾ ਹੈ। ਮੁੱਖ ਮੰਤਰੀ ਨੇ ਕੇਂਦਰ ਉੱਤੇ ਇਹ ਵੀ ਦੋਸ਼ ਲਗਾਇਆ ਕਿ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਲੋਕਾਂ ਦੇ ਜਹਾਜ਼ ਅੰਮ੍ਰਿਤਸਰ ਹੀ ਕਿਉਂ ਉਤਾਰੇ ਜਾ ਰਹੇ ਹਨ। ਉਨ੍ਹਾਂ ਪੰਜਾਬ ਨੂੰ ਬਦਨਾਮ ਕਰਨ ਦੇ ਦੋਸ਼ ਵੀ ਲਗਾਏ ਤੇ ਪੁੱਛਿਆ ਕਿ ਇਹ ਜਹਾਜ਼ ਅੰਬਾਲਾ ਜਾਂ ਅਹਿਮਦਾਬਾਦ ਕਿਉਂ ਨਹੀਂ ਉਤਰ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰੀ ਚੈਨਲਾਂ ਵਲੋਂ ਜਿੰਨੀਆਂ ਵੀ ਇੰਟਰਵਿਊਜ਼ ਦਿਖਾਈਆਂ ਜਾ ਰਹੀਆਂ ਹਨ ਉਸ ਵਿਚ ਜ਼ਿਆਦਾਤਰ ਪੰਜਾਬੀ ਹਨ ਇਸ ਲਈ ਇਹ ਦਿਖਾਇਆ ਜਾ ਰਿਹਾ ਹੈ ਕਿ ਪੰਜਾਬੀ ਹੀ ਗੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹਨ ਜਦਕਿ ਇਹ ਮਸਲਾ ਕੌਮੀ ਪੱਧਰ ਦਾ ਹੈ।