
ਅਜਕਲ ਸਾਰਿਆਂ ਦੇ ਛੋਟੇ-ਛੋਟੇ ਅਤੇ ਸੁਖੀ ਪ੍ਰਵਾਰ ਹਨ | ਮਾਂ-ਬਾਪ ਅਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ | ਸਾਡੇ ਘਰ ਦੇ ਮੈਂਬਰ ਆਪਸ ਵਿਚ ਬਹੁਤ ...
ਅਜਕਲ ਸਾਰਿਆਂ ਦੇ ਛੋਟੇ-ਛੋਟੇ ਅਤੇ ਸੁਖੀ ਪ੍ਰਵਾਰ ਹਨ | ਮਾਂ-ਬਾਪ ਅਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ | ਸਾਡੇ ਘਰ ਦੇ ਮੈਂਬਰ ਆਪਸ ਵਿਚ ਬਹੁਤ ਖ਼ੁਸ਼ ਰਹਿੰਦੇ ਹਨ | ਸੱਸ-ਸਹੁਰੇ ਦੀ ਤਲਵਾਰ ਸਿਰ ਉਤੇ ਨਹੀਂ ਹੁੰਦੀ | ਬਸ ਮੌਜਾਂ ਹੀ ਮੌਜਾਂ | ਪਰ ਅੱਜ ਤੋਂ ਤਕਰੀਬਨ 5-6 ਦਹਾਕੇ ਪਹਿਲਾਂ ਸੱਭ ਦੇ 8-9 ਬੱਚੇ ਹੁੰਦੇ ਸਨ | ਘਰ ਭਰਿਆ-ਭਰਿਆ ਹੁੰਦਾ ਸੀ | ਇਸ ਤਰ੍ਹਾਂ ਲਗਦਾ ਸੀ ਜਿਵੇਂ ਕਿਸੇ ਹੋਸਟਲ 'ਚ ਰਹਿੰਦੇ ਹੋਈਏ | ਬੱਚਿਆਂ ਦੇ ਪਾਲਣ-ਪੋਸਣ ਦੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਸੀ | ਬਾਪ ਬੱਚੇ ਨੂੰ ਕਦੇ ਉਾਗਲ ਫੜ ਕੇ ਨਹੀਂ ਚਲਦਾ ਸੀ | ਗੋਦੀ ਚੁਕਣਾ ਤਾਂ ਦੂਰ ਦੀ ਗੱਲ ਹੁੰਦੀ ਸੀ | ਕਈ-ਕਈ ਘਰਾਂ 'ਚ ਤਾਂ ਏਨੇ ਜ਼ਿਆਦਾ ਬੱਚੇ ਹੁੰਦੇ ਸਨ ਕਿ ਉਹ ਅਪਣੇ ਘਰ ਆਪ ਹੀ ਰਾਮਲੀਲਾ ਖੇਡਦੇ ਸਨ | ਘਰ ਦੇ ਹੀ ਪਾਤਰ ਅਤੇ ਘਰ ਦੇ ਹੀ ਦਰਸ਼ਕ ਹੁੰਦੇ ਸਨ | ਬੱਚਿਆਂ ਦੀ ਏਨੀ ਫ਼ੌਜ 'ਚੋਂ ਇਕ ਅੱਧਾ ਨਾਲਾਇਕ ਵੀ ਨਿਕਲ ਆਉਾਦਾ ਸੀ ਜੋ ਘਰ ਦਾ ਨਾਮ ਮਿੱਟੀ 'ਚ ਮਿਲਾ ਦਿੰਦਾ ਸੀ | ਅਜਿਹੇ ਹੀ ਇਕ ਫ਼ਰਜ਼ੰਦ ਨੇ ਸਾਡੇ ਖ਼ਾਨਦਾਨ 'ਚ ਅਵਤਾਰ ਲਿਆ | ਘਰਦਿਆਂ ਨੇ ਲਾਡ ਨਾਲ ਨਾਮ ਕੁਲਦੀਪਕ ਰਖਿਆ ਸੀ | ਇਸੇ ਦੀਪਕ ਦੀ ਤਾਬ ਸੱਭ ਨੂੰ ਝੱਲਣੀ ਪਈ | ਇਹ ਸਾਡੇ ਤਾਏ ਦਾ ਲੜਕਾ ਸੀ | ਬਚਪਨ ਤੋਂ ਹੀ ਉਹ ਬਹੁਤ ਸ਼ਰਾਰਤੀ ਤੇ ਹੁੜਦੰਗ ਮਚਾਉਣ ਵਾਲਾ ਸੀ | ਉਸ ਦਾ ਕੋਈ ਨਾ ਕੋਈ ਉਲਾਂਭਾ ਰੋਜ਼ ਆਉਾਦਾ ਹੀ ਰਹਿੰਦਾ ਸੀ | ਮੇਰੇ ਤਾਇਆ ਜੀ ਤਾਂ ਗੁਜ਼ਰ ਗਏ ਸਨ, ਇਸ ਕਰ ਕੇ ਸਾਡੇ ਦਾਦਾ ਜੀ ਘਰ ਦੇ ਮੋਹਰੀ ਸਨ | ਸਾਰੇ ਕੰਮ ਦਾਦਾ ਜੀ ਤੋਂ ਪੁੱਛ ਕੇ ਕੀਤੇ ਜਾਂਦੇ ਸਨ | ਬਾਪ ਦਾ ਸਾਇਆ ਸਿਰ ਉਤੇ ਨਾ ਹੋਣ ਕਰ ਕੇ ਉਹ ਬਹੁਤ ਹੀ ਵਿਗੜ ਗਿਆ ਸੀ |
ਉਨ੍ਹਾਂ ਦਿਨਾਂ 'ਚ ਪਿੰਡਾਂ ਅੰਦਰ ਤੀਆਂ ਲਗਦੀਆਂ ਹੁੰਦੀਆਂ ਸਨ | ਕੁੜੀਆਂ ਇਸ ਤਿਉਹਾਰ ਮੌਕੇ ਖ਼ੂਬ ਧੂੜਾਂ ਪੁਟਦੀਆਂ ਸਨ | ਸ਼ਰਾਰਤੀ ਮੁੰਡਿਆਂ ਨੂੰ ਤੀਆਂ 'ਚ ਵੜਨ ਨਹੀਂ ਦਿਤਾ ਜਾਂਦਾ ਸੀ | ਉਸ ਨੇ ਦਾਦਾ ਜੀ ਨੂੰ ਤੀਆਂ 'ਚ ਜਾਣ ਲਈ ਪੁਛਿਆ, ਪਰ ਬਾਬਾ ਜੀ ਨੇ ਸਾਫ਼ ਇਨਕਾਰ ਕਰ ਦਿਤਾ | ਪਰ ਉਹ ਫਿਰ ਵੀ ਨਾ ਟਲਿਆ | ਉਸ ਨੇ ਘਰਦਿਆਂ ਤੋਂ ਚੋਰੀ ਇਕ ਛੋਲਿਆਂ ਦੀ ਛਾਬੜੀ ਤਿਆਰ ਕਰ ਲਈ ਅਤੇ ਉਹ ਲੈ ਕੇ ਤੀਆਂ ਵਿਚ ਵੇਚਣ ਚਲਾ ਗਿਆ | ਆਪ ਤਾਂ ਲੜਕੀਆਂ ਦਾ ਨਾਚ ਵੇਖਣ 'ਚ ਮਸਰੂਫ਼ ਹੋ ਗਿਆ ਅਤੇ ਅੱਧੇ ਤੋਂ ਜ਼ਿਆਦਾ ਛੋਲੇ ਇਕ ਗਧਾ ਖਾ ਗਿਆ | ਬਾਕੀ ਜਿੰਨੇ ਬਚੇ, ਉਹ ਵੇਚ ਕੇ ਘਰ ਆ ਗਿਆ | ਘਰਦਿਆਂ ਨੇ ਗਾਲਾਂ ਕਢੀਆਂ ਪਰ ਉਸ ਉਤੇ ਕੀ ਅਸਰ ਹੋਣਾ ਸੀ?
ਸਕੂਲ ਦਾ ਤਾਂ ਉਸ ਨੇ ਕਦੇ ਮੂੰਹ ਨਹੀਂ ਸੀ ਵੇਖਿਆ | ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਸਕੂਲ ਨਾ ਗਿਆ | ਕੱਦ-ਕਾਠ ਉਸ ਦਾ ਚੰਗਾ ਸੀ | ਸਾਡੇ ਦਾਦਾ ਜੀ ਪਟਵਾਰੀ ਸਨ | ਉਨ੍ਹਾਂ ਦਾ ਸਾਰੇ ਇਲਾਕੇ 'ਚ ਬਹੁਤ ਅਸਰ-ਰਸੂਖ਼ ਸੀ ਜਿਸ ਸਦਕਾ ਉਸ ਨੂੰ ਪੁਲਿਸ 'ਚ ਸਿਪਾਹੀ ਭਰਤੀ ਕਰਵਾ ਦਿਤਾ | ਉਥੇ ਵੀ ਉਸ ਦੇ ਲੱਛਣ ਅਜੀਬ ਸਨ | ਕਿਤੇ ਸ਼ਰਾਬ ਫੜਨ ਜਾਣਾ ਤਾਂ ਉਥੇ ਹੀ ਪੀਣ ਬੈਠ ਜਾਣਾ | ਡਿਊਟੀ ਤੋਂ ਕੁਤਾਹੀ ਅਤੇ ਅਫ਼ਸਰਾਂ ਨਾਲ ਲੜਾਈ ਕਰ ਕੇ ਉਸ ਨੂੰ ਮੁਅੱਤਲ ਕਰ ਦਿਤਾ ਗਿਆ | ਕਾਫ਼ੀ ਦੇਰ ਬਾਅਦ ਉਸ ਨੂੰ ਬਹਾਲ ਵੀ ਕਰ ਦਿਤਾ ਗਿਆ ਸੀ ਪਰ ਉਹ ਅਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ | ਹੁਣ ਤਾਂ ਉਸ ਦੇ ਵਿਆਹ ਦੀ ਉਮਰ ਵੀ ਹੋ ਗਈ ਸੀ ਪਰ ਦਾਦਾ ਜੀ ਉਸ ਦੀਆਂ ਕਰਤੂਤਾਂ ਕਰ ਕੇ ਉਸ ਦੇ ਵਿਆਹ ਦੇ ਵਿਰੁਧ ਸਨ | ਇਕ-ਦੋ ਰਿਸ਼ਤੇ ਆਏ ਵੀ ਪਰ ਦਾਦਾ ਜੀ ਸਾਫ਼ ਜਵਾਬ ਦੇ ਦਿੰਦੇ ਸਨ ਕਿ ਉਹ ਇਸ ਨਾਲਾਇਕ ਦਾ ਵਿਆਹ ਕਰ ਕੇ ਕਿਸੇ ਸ਼ਰੀਫ਼ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਕਰਨਗੇ | ਇਸ ਕਰ ਕੇ ਉਹ ਦਾਦਾ ਜੀ ਨੂੰ ਹਮੇਸ਼ਾ ਕੌੜ ਮੱਝ ਵਾਂਗ ਵੇਖਦਾ ਸੀ | ਫਿਰ ਵੀ ਉਸ ਨੇ ਖੁਸ਼ਾਮਦ ਅਤੇ ਤਰਲਾ ਕਰਦਿਆਂ ਕਿਹਾ:
ਵਾਜਾ ਨਹੀਂ ਤਾਂ ਪੀਪਣੀ ਹੀ ਵਜਾ ਦਿਉ ਦਾਦਾ ਜੀ,
ਘੋੜੀ ਨਹੀਂ ਤਾਂ ਖੋਤੀ ਹੀ ਚੜ੍ਹਾ ਦਿਉ ਦਾਦਾ ਜੀ |
ਪਰ ਦਾਦਾ ਜੀ ਉਤੇ ਉਸ ਦੀਆਂ ਮਿੰਨਤਾਂ ਦਾ ਕੋਈ ਅਸਰ ਨਾ ਹੋਇਆ | ਇਕ ਦਿਨ ਗ਼ਲਤੀ ਨਾਲ ਇਕ ਰਿਸ਼ਤਾ ਆਇਆ ਤਾਂ ਉਸ ਨੇ ਕਿਹਾ ਜੇ ਤਾਂ ਅਪਣੀ ਕੁੜੀ ਵਸਾਉਣੀ ਹੈ ਤਾਂ ਮੇਰੇ ਦਾਦੇ ਨਾਲ ਗੱਲ ਨਹੀਂ ਕਰਨੀ | ਉਸ ਨੇ ਅਪਣੇ ਆਪ ਹੀ ਗੱਲਬਾਤ ਪੱਕੀ ਕਰ ਲਈ | ਵਿਆਹ ਦਾ ਦਿਨ ਆ ਗਿਆ ਪਰ ਦਾਦਾ ਜੀ ਬਰਾਤ ਨਾ ਗਏ | ਉਥੇ ਵੀ ਉਸ ਨੇ ਪੂਰਾ ਜਲੂਸ ਕਢਿਆ | ਲੜਕੀ ਵਾਲਿਆਂ ਦੇ ਘਰੋਂ ਦੋ ਮੁਰਗੀਆਂ ਫੜ ਕੇ ਬੰਦ ਕਰ ਲਿਆਇਆ | ਸਾਰਿਆਂ ਨੇ ਉਸ ਨੂੰ ਫਿੱਟ-ਲਾਹਨਤਾਂ ਪਾਈਆਂ |
ਮੇਰੀ ਤਾਈ ਜੀ ਨੇ ਸੋਚਿਆ ਕਿ ਘਰ 'ਚ ਨਵੀਂ ਵਹੁਟੀ ਆਈ ਹੈ ਅਤੇ ਜੋੜੀ ਨੂੰ ਨੈਣਾਂ ਦੇਵੀ ਦੇ ਦਰਸ਼ਨ ਕਰਵਾ ਲਿਆਉਾਦੇ ਹਾਂ | ਸਾਰਾ ਪ੍ਰਵਾਰ ਨੈਣਾਂ ਦੇਵੀ ਪਹੁੰਚ ਗਿਆ ਜਦੋਂ ਉਥੋਂ ਵਾਪਸ ਆਏ ਤਾਂ ਉਸ ਨੇ ਕਿਹਾ, ''ਕੀ ਕਰਨ ਗਏ ਸੀ, ਕੀ ਲਭਿਆ ਉਥੇ ਜਾ ਕੇ?''
''ਲਭਣਾ ਕੀ ਹੁੰਦੈ, ਬਸ ਦਰਸ਼ਨ ਕਰ ਆਏ ਮਾਤਾ ਦੇ |'' ਤਾਈ ਜੀ ਨੇ ਕਿਹਾ |
''ਮੈਨੂੰ ਤਾਂ ਇਹ ਚਾਂਦੀ ਦਾ ਛਤਰ ਮਿਲਿਆ ਹੈ |'' ਉਸ ਨੇ ਇਕ ਚਮਕਦਾ ਹੋਇਆ ਛਤਰ ਦਿਖਾਉਾਦਿਆਂ ਕਿਹਾ | ਮੇਰੀ ਤਾਈ ਦੁਹੱਬੜ ਮਾਰ ਕੇ ਪਿੱਟੇ, ''ਮਰ ਜਾਣਿਆ ਤੂੰ ਸਾਡੀ ਸਾਰੀ ਯਾਤਰਾ ਖੂਹ 'ਚ ਪਾ ਦਿਤੀ | ਮੈਂ ਤਾਂ ਕਹਿਨੀ ਆਂ ਹਾਲੇ ਵੀ ਮਾਤਾ ਰਾਣੀ ਤੋਂ ਮਾਫ਼ੀ ਮੰਗ ਕੇ ਅਪਣੀ ਭੁੱਲ ਬਖਸ਼ਾ ਲੈ | ਮਾਂ ਮਾਫ਼ ਕਰ ਦੇਵੇਗੀ |'' ਪਰ ਉਸ ਨੇ ਅਜਿਹਾ ਨਾ ਕੀਤਾ |
ਬਸ ਉਸ ਤੋਂ ਬਾਅਦ ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ | ਉਹ ਦਿਨੋਂ-ਦਿਨ ਕਮਜ਼ੋਰ ਹੋ ਰਿਹਾ ਸੀ | ਇਕ ਦਿਨ ਤਾਂ ਉਸ ਨੇ ਹੱਦ ਹੀ ਕਰ ਦਿਤੀ ਜਦੋਂ ਉਸ ਨੇ ਇਕ ਸਪੇਰੇ ਤੋਂ ਸੱਪ ਖ਼ਰੀਦ ਲਿਆ ਅਤੇ ਇਕ ਬਕਰੀ ਵੀ ਰੱਖ ਲਈ ਸੀ | ਇਕ ਦਿਨ ਉਹ ਅਪਣੀ ਬਕਰੀ ਅਤੇ ਸੱਪ ਨੂੰ ਲੈ ਕੇ ਸੰਗਰੂਰ ਇਕ ਤਲਾਬ ਕੋਲ ਘੁੰਮ ਰਿਹਾ ਸੀ | ਉਸੇ ਤਲਾਬ ਉਤੇ ਇਕ ਧੋਬੀ ਕਪੜੇ ਧੋ ਰਿਹਾ ਸੀ | ਇਹ ਉਹੀ ਦਿਨ ਸੀ ਜਿਸ ਦਿਨ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਮੌਤ ਹੋਈ ਸੀ | ਉਸ ਦੀ ਬਕਰੀ ਨੇ ਧੋਬੀ ਦੇ ਕਪੜਿਆਂ ਨੂੰ ਜ਼ਰਾ ਮੂੰਹ ਲਾ ਦਿਤਾ | ਧੋਬੀ ਨੇ ਹੱਥ ਨਾਲ ਬਕਰੀ ਨੂੰ ਪਰੇ ਹਟਾ ਦਿਤਾ | ਬਸ ਫਿਰ ਕੀ ਸੀ ਉਸ ਨੇ ਧੋਬੀ ਨੂੰ ਕਿਹਾ, ''ਤੈਨੂੰ ਪਤਾ ਨਹੀਂ ਅੱਜ ਲਾਲ ਬਹਾਦੁਰ ਸ਼ਾਸਤਰੀ ਦਾ ਨਿਧਨ ਹੋ ਗਿਐ | ਸਾਰੇ ਦੇਸ਼ 'ਚ ਸੋਗ ਮਨਾਇਆ ਜਾ ਰਿਹਾ ਹੈ ਤੇ ਤੈਨੂੰ ਕਪੜੇ ਧੋਣ ਦੀ ਪਈ ਐ?'' ਧੋਬੀ ਨੇ ਕਿਹਾ, ''ਬਾਬੂ ਜੀ ਮੈਂ ਗ਼ਰੀਬ ਆਦਮੀ ਹਾਂ | ਮੇਰਾ ਤਾਂ ਗੁਜ਼ਾਰਾ ਹੀ ਕਪੜੇ ਧੋ ਕੇ ਹੁੰਦਾ ਹੈ | ਮੈਂ ਕੀ ਲੈਣੈ ਸ਼ਾਸਤਰੀ ਤੋਂ |'' ਇਸ ਤੋਂ ਬਾਅਦ ਉਸ ਨੇ ਧੋਬੀ ਨੂੰ ਪਾਣੀ ਵਿਚ ਧੱਕਾ ਦੇ ਦਿਤਾ | ਜਦੋਂ ਉਸ ਨੇ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਿਰ ਵਿਚ ਬਾਲਟੀ ਮਾਰ ਦਿਤੀ | ਧੋਬੀ ਵਿਚਾਰਾ ਉਥੇ ਹੀ ਮਰ ਗਿਆ | ਉਸ ਨੂੰ ਉਮਰ ਕੈਦ ਹੋ ਗਈ | ਇਕ ਦਿਨ ਉਹ ਜੇਲ 'ਚ ਅਪਣੀ ਜ਼ਿੰਦਗੀ ਦੇ ਅਤੀਤ ਦੇ ਪੰਨੇ ਫਰੋਲ ਰਿਹਾ ਸੀ ਕਿ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ | ਉਸ ਦੇ ਅਪਣੇ ਹੀ ਕਾਰਨਾਮੇ ਉਸ ਦੀ ਜਾਨ ਦੇ ਦੁਸ਼ਮਣ ਬਣ ਗਏ |