ਸੰਨ 1003 'ਚ ਗਜ਼ਨਵੀ ਨੇ ਪਹਿਲੀ ਵਾਰ ਵਿਦੇਸ਼ੀ ਭਾਸ਼ਾ (ਫ਼ਾਰਸੀ) ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾ ਦਿਤਾ
Published : Jun 15, 2018, 4:09 am IST
Updated : Jun 15, 2018, 4:09 am IST
SHARE ARTICLE
Maulwi Mohammad jakaula
Maulwi Mohammad jakaula

ਪਰ ਕੀ ਅੱਜ ਵੀ ਪੰਜਾਬੀ, ਪੰਜਾਬ ਦੀ ਸਰਕਾਰੀ ਭਾਸ਼ਾ ਹੈ?

ਹਰ ਭਾਸ਼ਾ ਦਾ ਅਪਣਾ ਇਤਿਹਾਸ ਹੁੰਦਾ ਹੈ। ਵਿਸ਼ਵ ਦੀ ਕੋਈ ਵੀ ਭਾਸ਼ਾ ਰਾਤੋ-ਰਾਤ ਪੈਦਾ ਨਹੀਂ ਹੋਈ, ਸਗੋਂ ਇਸ ਦੇ ਵਿਕਸਤ ਹੋਣ ਪਿਛੇ ਸਦੀਆਂ ਪੁਰਾਣੀ ਪਰੰਪਰਾ ਕਾਰਜਸ਼ੀਲ ਹੁੰਦੀ ਹੈ। ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਗੱਲ ਕਰੀਏ ਤਾਂ ਅਠਵੀਂ-ਨੌਵੀਂ ਸਦੀ ਵਿਚ ਇਸ ਭਾਸ਼ਾ ਦੇ ਇਤਿਹਾਸਕ ਪ੍ਰਮਾਣ ਨਾਥ ਜੋਗੀਆਂ ਦੀਆਂ ਰਚਨਾਵਾਂ ਤੋਂ ਮਿਲ ਜਾਂਦੇ ਹਨ। ਬਾਰ੍ਹਵੀਂ ਸਦੀ ਵਿਚ ਬਾਬਾ ਫ਼ਰੀਦ ਨੇ ਪੰਜਾਬੀ ਨੂੰ ਸਾਹਿਤਕ ਕਿਸਮ ਦੀ ਸ਼ਾਇਰੀ ਵਿਚ ਪੇਸ਼ ਕੀਤਾ।

ਫਿਰ ਤਿੰਨ ਸਦੀਆਂ ਬਾਅਦ ਅਰਥਾਤ ਪੰਦਰਵੀਂ ਸਦੀ ਵਿਚ ਬਾਬੇ ਨਾਨਕ ਨੇ ਜਟਿਲ ਅਤੇ ਗੁੰਝਲਦਾਰ ਅੰਦਾਜ਼ ਵਾਲੇ ਵਿਸ਼ਿਆਂ ਨੂੰ ਸਾਦ ਮੁਰਾਦੀ ਅਤੇ ਆਮ ਲੋਕਾਂ ਦੀ ਬੋਲੀ ਵਿਚ ਪ੍ਰਗਟਾ ਕੇ ਅਗਿਆਨਤਾ ਦੀ ਧੁੰਦ ਨੂੰ ਦੂਰ ਕੀਤਾ। ਇਨ੍ਹਾਂ ਅਰੰਭਕ ਪੜਾਵਾਂ ਤੋਂ ਵੀ ਕੁੱਝ ਹੋਰ ਪਿਛਲਝਾਤ ਮਾਰੀ ਜਾਵੇ ਤਾਂ ਮੌਲਵੀ ਮੁਹੰਮਦ ਜ਼ਕਾਉਲਾ ਦਾ ਜ਼ਿਕਰ ਕਰਨਾ ਲਾਜ਼ਮੀ ਹੋ ਜਾਂਦਾ ਹੈ

ਤਾਕਿ ਇਹ ਗੱਲ ਦ੍ਰਿਸ਼ਟੀਗੋਚਰ ਹੋ ਸਕੇ ਕਿ ਪੰਜਾਬੀ ਭਾਸ਼ਾ ਨੂੰ ਕਿਵੇਂ ਡੋਬਣ ਦੀਆਂ ਸਾਜ਼ਸ਼ਾਂ ਸ਼ੁਰੂ ਤੋਂ ਹੀ ਹੁੰਦੀਆਂ ਰਹੀਆਂ ਹਨ। ਮੌਲਵੀ ਮੁਹੰਮਦ ਜ਼ਕਾਉਲਾ ਨੇ ਅਪਣੀ ਪੁਸਤਕ 'ਤਾਰੀਖ਼-ਏ-ਹਿੰਦੁਸਤਾਨ' ਵਿਚ ਲਿਖਿਆ ਹੈ, ਕਿ ਗਜ਼ਨਵੀ ਨੇ ਧਾਰਮਕ ਅੰਧ ਵਿਸ਼ਵਾਸ ਵਿਚ ਆ ਕੇ 8 ਮੁਹਰਮ, 392 ਹਿਜਰੀ ਅਰਥਾਤ 1003 ਈਸਵੀ ਨੂੰ ਪੰਜਾਬ ਦੀ ਰਾਜ ਭਾਸ਼ਾ ਫ਼ਾਰਸੀ ਬਣਾਉਣ ਦਾ ਹੁਕਮ ਦਿਤਾ। ਉਸ ਧੱਕੜ ਜਰਵਾਣੇ ਦਾ ਹੁਕਮ ਪੱਥਰ ਤੇ ਲਕੀਰ ਵਾਂਗ ਕਾਨੂੰਨ ਸਮਝਿਆ ਗਿਆ। ਇਸ ਤਰ੍ਹਾਂ ਪਹਿਲੀ ਵਾਰੀ ਹਿੰਦੁਸਤਾਨ ਦੀ ਧਰਤੀ ਉਤੇ ਬੋਲੀ ਜਾਣ ਵਾਲੀ ਪੰਜਾਬੀ ਬੋਲੀ ਨੂੰ ਵਿਦੇਸ਼ੀ ਬੋਲੀ ਫ਼ਾਰਸੀ ਦੀ ਦਬੇਲ ਬਣਾ ਦਿਤਾ।

ਪੰਜਾਬ ਦੇ ਇਤਿਹਾਸ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਵੱਸਥਾ ਤੇ ਨਜ਼ਰ ਮਾਰੀਏ ਤਾਂ ਸਮੇਂ ਸਮੇਂ ਤੇ ਹਿੰਦੁਸਤਾਨ ਉਪਰ ਨਿਰੰਤਰ ਹਮਲੇ, ਲੁੱਟਾਂ-ਖੋਹਾਂ, ਜ਼ੁਲਮਾਂ ਅਤੇ ਕਤਲੋਗ਼ਾਰਤ ਨੇ ਪੰਜਾਬੀ ਲੋਕਾਂ ਲਈ ਅਸੁਰੱਖਿਆ ਵਾਲਾ ਮਾਹੌਲ ਬਣਾ ਦਿਤਾ ਸੀ। ਬਾਬੇ ਨਾਨਕ ਨੇ ਪਹਿਲੀ ਵਾਰੀ ਪੰਜਾਬੀਆਂ ਦੀ ਅਣਖ ਨੂੰ ਅਪਣੀ ਕਲਮ ਰਾਹੀਂ ਹਲੂਣਾ ਦਿੰਦਿਆਂ ਅਪਣੇ ਅੰਦਰਲੇ ਸਵੈਮਾਣ ਨੂੰ ਜਗਾਉਣ ਦਾ ਪੈਗ਼ਾਮ ਦਿਤਾ।

ਅਪਣੀ ਭਾਸ਼ਾ ਅਤੇ ਪਹਿਰਾਵੇ ਨੂੰ ਮੁਗ਼ਲਾਂ ਦੀ ਭਾਸ਼ਾ ਅਤੇ ਪਹਿਰਾਵੇ ਦੇ ਮੁਕਾਬਲਤਨ ਅਪਣੇ ਆਪ ਨੂੰ ਨਿਮਨ ਦਰਜੇ ਦੀ ਸਮਝਣ ਵਾਲੀ ਪੰਜਾਬੀ ਕੌਮ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਇਉਂ ਵੰਗਾਰਿਆ ਸੀ, ''ਘਰਿ ਘਰਿ ਮੀਆਂ ਸਭਨਾ ਜੀਆਂ, ਬੋਲੀ ਅਵਰੁ ਤੁਮਾਰੀ।”ਸਮੇਂ ਦੇ ਪਰਿਵਰਤਨ ਨਾਲ ਪੰਜਾਬ ਦੀ ਸਥਾਨਕ ਭਾਸ਼ਾ, ਪਹਿਰਾਵਾ, ਰਹਿਤਲ, ਸਭਿਆਚਾਰ ਤੇ ਸਮਾਜਕ ਵਰਤਾਰੇ ਪ੍ਰਫੁੱਲਤ ਹੋਣ ਲੱਗ ਪਏ। ਪੰਜਾਬੀ ਭਾਸ਼ਾ ਦੇ ਅਰੰਭ ਤੋਂ ਲੈ ਕੇ ਹੁਣ ਤਕ ਸਾਡੇ ਮਹਾਨ ਗੁਰੂ ਸਾਹਿਬਾਨ, ਪੀਰਾਂ ਫ਼ਕੀਰਾਂ, ਸੂਫ਼ੀਆਂ, ਸਾਧੂ-ਸੰਤਾਂ, ਜੋਗੀਆਂ,

ਸਾਹਿਤਕਾਰਾਂ ਆਦਿ ਨੇ ਪੰਜਾਬੀਆਂ ਦੀ ਅਣਖ, ਸਵੈਮਾਣ ਅਤੇ ਉਨ੍ਹਾਂ ਦੀ ਬੋਲੀ ਨੂੰ ਜਿਊਂਦਾ ਰੱਖਣ ਲਈ ਦ੍ਰਿੜਤਾ ਭਰੀ ਵੰਗਾਰ ਭਰੀ ਲੜਾਈ ਲੜੀ। ਆਖ਼ਰ ਲਗਭਗ ਹਜ਼ਾਰ ਸਾਲ ਪਿੱਛੋਂ 13 ਅਪ੍ਰੈਲ, 1968 ਨੂੰ ਪੰਜਾਬ ਦੀ ਭਾਸ਼ਾ ਪੰਜਾਬੀ ਨੂੰ ਰਾਜ ਸਿੰਘਾਸਨ ਉਤੇ ਬਿਰਾਜਮਾਨ ਹੋਣ ਦਾ ਮੌਕਾ ਪ੍ਰਾਪਤ ਹੋਇਆ। ਇਸ ਸੰਦਰਭ ਵਿਚ ਸਿੰਘ ਸਭਾ ਲਹਿਰ ਵਰਗੀ ਧਾਰਮਕ ਤਹਿਰੀਕ ਨੇ ਵੀ ਪੰਜਾਬੀ ਭਾਸ਼ਾ ਦੇ ਮੁਢਲੇ ਲਿਖਤੀ ਵਿਕਾਸ ਵਿਚ ਬਣਦਾ-ਸਰਦਾ ਯੋਗਦਾਨ ਪਾਇਆ।

ਈਸਾਈ ਮਿਸ਼ਨਰੀਆਂ ਨੇ ਜਿਹੜੇ ਕੋਸ਼ ਪ੍ਰਕਾਸ਼ਤ ਕੀਤੇ ਉਨ੍ਹਾਂ  ਰਾਹੀਂ  ਮੁਢਲੇ ਵਿਦਿਅਕ ਅਤੇ ਸਾਹਿਤਕ ਯਤਨਾਂ ਨੂੰ ਉਤਸ਼ਾਹ ਮਿਲਿਆ ਪਰ ਇਸ ਦੇ ਸਮਾਨਾਂਤਾਰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਉਤੇ ਹਮਲਿਆਂ ਦਾ ਦੌਰ ਜਾਰੀ ਰਿਹਾ। ਉਦਾਹਰਣ ਵਜੋਂ 1947 ਤੋਂ ਪਹਿਲਾਂ ਹੀ ਪੰਜਾਬੀ ਬੋਲਦੇ ਇਲਾਕਿਆਂ ਵਿਚ ਵੰਡੀਆਂ ਪਾਉਣ ਦੀਆਂ ਸਾਜ਼ਸ਼ਾਂ ਤੇਜ਼ ਹੋਣ ਲਗੀਆਂ।

ਭਾਰਤੀ ਪੰਜਾਬ ਵਿਚ ਬੋਲੀ ਜਾਣ ਵਾਲੀ ਪੰਜਾਬੀ ਨੂੰ 'ਸਿੱਖੀ ਪੰਜਾਬੀ' ਅਤੇ ਪਾਕਿਸਤਾਨ ਵਿਚ ਬੋਲੀ ਜਾਣ ਵਾਲੀ ਪੰਜਾਬੀ ਨੂੰ 'ਮੁਸਲਮਾਨੀ ਪੰਜਾਬੀ' ਆਖ ਕੇ ਮਨਾਂ ਵਿਚ ਵਖਰੇਵੇਂ ਦੇ ਬੀਜ ਬੀਜਣ ਦੀ ਕੋਸ਼ਿਸ਼ ਕੀਤੀ ਗਈ। ਕਿਸੇ ਵੇਲੇ ਸਾਂਝੇ ਪੰਜਾਬ ਵਿਚ ਇਕੋ ਬੋਲੀ ਪੰਜਾਬੀ ਦਾ ਬੋਲਬਾਲਾ ਸੀ ਪਰ ਪਾਕਿਸਤਾਨ ਬਣਨ ਨਾਲ ਪਾਕਿਸਤਾਨ ਦੀ ਕੇਂਦਰੀ ਹਕੂਮਤ ਵਲੋਂ ਪਾਸ ਕੀਤੇ ਗਏ ਇਕ ਕਾਨੂੰਨੀ ਐਕਟ ਦੀ ਲੋਅ ਵਿਚ ਉਰਦੂ ਨੂੰ ਕੌਮੀ ਜ਼ੁਬਾਨ ਐਲਾਨਿਆ ਗਿਆ। ਹਾਲਾਂਕਿ ਪਾਕਿਸਤਾਨ ਵਿਚ ਮੌਜੂਦਾ ਦੌਰ ਵਿਚ ਵੀ ਸੱਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਹੀ ਹੈ।

ਇਹੀ ਨਹੀਂ ਵੱਖ ਵੱਖ ਫ਼ਿਰਕੇ ਅਤੇ ਮਜ਼ਹਬ ਆਪੋ-ਅਪਣੀ ਭਾਸ਼ਾ ਨੂੰ ਦੂਜੇ ਨਾਲੋਂ ਵੱਡੀ ਅਤੇ ਮਹੱਤਵਪੂਰਨ ਸਿੱਧ ਕਰਨ ਲੱਗ ਪਏ। ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ, ਹਿੰਦੀ ਨੂੰ ਹਿੰਦੂਆਂ ਦੀ ਅਤੇ ਉਰਦੂ ਨੂੰ ਮੁਸਲਮਾਨਾਂ ਦੀ ਭਾਸ਼ਾ ਵਜੋਂ ਜੋੜਿਆ ਜਾਣ ਲੱਗ ਪਿਆ ਜਿਸ ਨਾਲ ਪੰਜਾਬੀ ਭਾਸ਼ਾ ਅਤੇ ਭਾਈਚਾਰੇ ਦਾ ਨੁਕਸਾਨ ਹੋਇਆ।
1967 ਈਸਵੀ ਵਿਚ ਪੰਜਾਬੀ ਦੇ ਰਾਜ-ਭਾਸ਼ਾ ਅਤੇ ਸਿਖਿਆ ਦਾ ਮਾਧਿਅਮ ਬਣਨ ਨਾਲ ਪੰਜਾਬੀ ਭਾਸ਼ਾ ਦੇ ਮਿਆਰੀਕਰਨ ਅਤੇ ਸ਼ੁੱਧ ਉਚਾਰਨ ਦਾ ਮਹੱਤਵ ਹੋਰ ਵੱਧ ਗਿਆ।

ਪੰਜਾਬ ਵਿਧਾਨ ਸਭਾ ਵਲੋਂ ਪੰਜਾਬੀ ਭਾਸ਼ਾ ਐਕਟ 1976 ਵਿਚ ਤਰਮੀਮ ਕਰ ਕੇ ਪੰਜਾਬੀ ਭਾਸ਼ਾ ਵਿਚ ਕੰਮ ਨਾ ਕਰਨ ਵਾਲੇ ਮੁਲਾਜ਼ਮਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਯਮ ਵੀ ਬਣਾਏ ਗਏ ਸਨ। ਸਾਲ 2008 ਵਿਚ ਪੰਜਾਬੀ ਭਾਸ਼ਾ ਨੂੰ ਅਮਲੀ ਤੌਰ ਤੇ ਲਾਗੂ ਕਰਵਾਉਣ ਲਈ ਫਿਰ ਇਕ ਵਾਰੀ ਹੰਭਲਾ ਮਾਰਿਆ ਗਿਆ ਪਰ ਮਹਿਸੂਸ ਹੁੰਦਾ ਹੈ ਕਿ ਅਜੇ ਇਸ ਪਾਸੇ ਹੋਰ ਕਾਰਜ ਕਰਨ ਦੀ ਜ਼ਰੂਰਤ ਹੈ। 

ਪੂੰਜੀਵਾਦੀ ਯੁੱਗ ਤੋਂ ਪਹਿਲਾਂ ਬੱਚਿਆਂ ਦੇ ਜੀਵਨ ਵਿਚ ਭਾਸ਼ਾ ਪ੍ਰਤੀ ਚੇਤਨਾ ਪੈਦਾ ਨਹੀਂ ਸੀ ਹੋਈ ਪਰ ਜਿਉਂ-ਜਿਉਂ ਮਨੋਵਿਗਿਆਨਕ ਨੁਕਤਾ-ਨਿਗਾਹ ਤੋਂ ਆਧੁਨਿਕ ਵਿਦਿਆ-ਪ੍ਰਣਾਲੀ ਵਿਚ ਭਾਸ਼ਾਈ  ਅਹਿਮੀਅਤ ਨੂੰ ਸਮਝਣਾ ਸ਼ੁਰੂ ਕਰ ਦਿਤਾ ਤਾਂ ਪੰਜਾਬੀ ਨੂੰ ਵੀ ਮੁਢਲੀ ਸਿਖਿਆ ਵਜੋਂ ਲਾਜ਼ਮੀ  ਕਰਾਰ ਦਿਤਾ ਗਿਆ। ਆਜ਼ਾਦੀ ਤੋਂ ਬਾਅਦ ਬੱਚਿਆਂ ਲਈ ਜੋ ਪਾਠ-ਪੁਸਤਕਾਂ ਸਕੂਲਾਂ ਵਿਚ ਵਿਸ਼ੇ ਦੇ ਤੌਰ ਤੇ ਨਿਰਧਾਰਤ ਕੀਤੀਆਂ ਗਈਆਂ, ਉਨ੍ਹਾਂ ਵਿਚ ਸੌਖੀ, ਸਰਲ, ਸਹਿਜ ਅਤੇ ਵਿਸ਼ੇਸ਼ ਤੌਰ ਤੇ  ਕੇਂਦਰੀ ਜਾਂ ਟਕਸਾਲੀ ਭਾਸ਼ਾ ਨੂੰ ਹੀ ਲਿਖਤੀ ਰੂਪ ਵਿਚ ਇਸਤੇਮਾਲ ਕੀਤਾ ਜਾਣ ਲੱਗ ਪਿਆ।

ਤਕਨੀਕੀ, ਜਟਿਲ, ਗੁੰਝਲਦਾਰ ਅਤੇ ਰਮਜ਼ਾਂ ਵਾਲੀ ਸ਼ਬਦਵਾਲੀ ਕਿਉਂਕਿ ਬੱਚੇ ਦੀ ਮਾਤ-ਭਾਸ਼ਾ ਨਾਲ ਸਬੰਧਤ ਸਿਖਿਆ ਉਤੇ ਬੁਰਾ ਪ੍ਰਭਾਵ ਪਾ ਸਕਦੀ  ਸੀ, ਇਸ ਲਈ ਅਜਿਹੇ ਪ੍ਰਚੱਲਤ ਅਤੇ ਸੌਖੇ ਸ਼ਬਦਾਂ ਵਾਲੀ ਭਾਸ਼ਾ ਹੀ ਰਚਨਾਤਮਕ ਸਿਖਿਆ ਵਜੋਂ ਸ਼ਾਮਲ ਕੀਤੀ ਗਈ, ਜਿਸ ਨੇ ਪ੍ਰਾਇਮਰੀ ਸਿਖਿਆ ਨੂੰ ਹੋਰ ਵੀ ਰੌਚਕ ਅਤੇ ਮਾਨਣਯੋਗ ਬਣਾਉਣ ਦਾ ਯਤਨ ਕੀਤਾ। ਨਿੱਕੀਆਂ ਅਤੇ ਦਿਲਚਸਪ ਕਹਾਣੀਆਂ, ਕਵਿਤਾਵਾਂ, ਨਾਟਕਾਂ ਅਤੇ ਲੇਖਾਂ ਆਦਿ ਸਾਹਿਤਕ ਵਨਗੀਆਂ ਰਾਹੀਂ ਭਾਸ਼ਾ ਦੀ ਸਿਖਲਾਈ ਆਰੰਭ ਹੋ ਗਈ।

ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਹੀ ਪੂਰੇ ਵਿਸ਼ਵ ਨਾਲ ਜੁੜਨ ਦਾ ਇਕੋ ਇਕ ਮਾਧਿਅਮ ਹੈ। ਅੰਗਰੇਜ਼ੀ ਤੋਂ ਬਗ਼ੈਰ ਕੋਈ ਵਿਗਿਆਨ ਅਤੇ ਗਣਿਤ ਵਰਗੇ ਵਿਸ਼ਿਆਂ ਨੂੰ ਨਹੀਂ ਸਿਖ ਸਕੇਗਾ। ਇਹ ਧਾਰਨਾ ਕੁੱਝ ਹੱਦ ਤਕ ਠੀਕ ਹੈ ਕਿਉਂਕਿ ਇਹ ਕੋਮਾਂਤਰੀ ਪੱਧਰ ਤੇ ਸੰਚਾਰ ਦੀ ਭਾਸ਼ਾ ਹੈ ਪਰ ਦੂਜੇ ਪਾਸੇ ਰੂਸੀ, ਜਰਮਨ ਅਤੇ ਫ਼ਰਾਂਸੀਸੀ ਵਸਨੀਕ ਅਪਣੀਆਂ ਉੱਚ-ਪਧਰੀ ਵਿਗਿਆਨਕ ਖੋਜਾਂ ਉਤੇ ਇਸ ਕਰ ਕੇ ਮਾਣਮੱਤੇ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਇਹ ਖੋਜਾਂ ਅੰਗਰੇਜ਼ੀ ਦੇ ਸਹਾਰੇ ਨਹੀਂ ਸਗੋਂ ਅਪਣੀ ਮਾਤ-ਭਾਸ਼ਾ ਦੇ ਸਿਰ ਤੇ ਹਾਸਲ ਕੀਤੀਆਂ ਹਨ।

ਛਾਪੇਖ਼ਾਨਿਆਂ ਰਾਹੀਂ ਗੁਰਮੁਖੀ ਲਿਪੀ ਦਾ ਸਮੇਂ-ਸਮੇਂ ਤੇ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ ਹੈ ਪਰ ਗਿਆਨ ਵਿਗਿਆਨ ਦੇ ਵਰਤਮਾਨ ਦੌਰ ਵਿਚ ਕੰਪਿਊਟਰ, ਇੰਟਰਨੈਟ ਅਤੇ ਮੋਬਾਈਲਾਂ ਦੇ ਮਾਧਿਅਮ ਦੁਆਰਾ ਭਾਸ਼ਾ ਰਾਹੀਂ ਸੁਨੇਹਿਆਂ ਦੇ ਆਦਾਨ-ਪ੍ਰਦਾਨ ਵਿਚ ਕਾਫੀ ਤੇਜ਼ੀ ਆਈ ਹੈ। ਸੰਨ 2000 ਦੇ ਨੇੜੇ-ਤੇੜੇ ਇੰਟਰਨੈਟ ਤੇ 80 ਫ਼ੀ ਸਦੀ ਤੋਂ ਵੱਧ ਜਾਣਕਾਰੀ ਅੰਗਰੇਜ਼ੀ ਵਿਚ ਉਪਲੱਬਧ ਸੀ।

ਇਸ ਸ਼ਕਤੀਸ਼ਾਲੀ ਸੰਚਾਰ ਮਾਧਿਅਮ ਰਾਹੀਂ ਦਿਤੇ ਜਾਣ ਵਾਲੇ ਸੁਨੇਹੇ ਆਮ ਤੌਰ ਤੇ ਪੰਜਾਬੀ ਸੁਨੇਹੇ ਰੋਮਨ ਲਿਪੀ ਵਿਚ ਟਾਈਪ ਕਰ ਕੇ ਸੰਚਾਰਿਤ ਕੀਤੇ ਜਾਂਦੇ ਹਨ, ਪਰ ਪੰਜਾਬੀ ਦੇ ਭਾਸ਼ਾ-ਪ੍ਰੇਮੀਆਂ ਅਤੇ ਵਿਗਿਆਨੀਆਂ ਨੇ ਇਸ ਮਸਲੇ ਦਾ ਹੱਲ ਵੀ ਲੱਭ ਲਿਆ ਅਤੇ ਹੁਣ ਮੋਬਾਈਲ ਫ਼ੋਨ ਰਾਹੀਂ ਵੱਖ ਵੱਖ ਪੰਜਾਬੀ ਫੌਂਟ ਅਤੇ ਡਿਜ਼ਾਈਨਾਂ ਵਿਚ ਐਸ.ਐਮ.ਐਸ. ਕੀਤੇ ਜਾ ਰਹੇ ਹਨ। ਨਤੀਜੇ ਵਜੋਂ ਪੰਜਾਬੀ ਵਾਕ ਨੂੰ ਰੋਮਨ ਲਿਪੀ ਰਾਹੀਂ ਟਾਈਪ ਕਰਨ ਦੀ ਰੁਚੀ ਘਟਦੀ ਜਾ ਰਹੀ ਹੈ। ਇੰਟਰਨੈਟ ਤੇ ਆਪੋ ਅਪਣੀਆਂ ਮਾਤ-ਭਾਸ਼ਾਵਾਂ ਨੂੰ ਸੰਚਾਰ ਦਾ ਮਾਧਿਅਮ ਬਣਾਇਆ ਜਾ ਰਿਹਾ ਹੈ।

ਅਜੋਕੇ ਸੂਚਨਾ ਅਤੇ ਤਕਨੀਕ ਦੇ ਯੁੱਗ ਵਿਚ ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਕਿ ਅਪਣੀ ਕਿਸੇ ਗੱਲ ਜਾਂ ਭਾਵਨਾ ਦਾ ਕੌਮਾਂਤਰੀ ਪੱਧਰ ਤੇ ਸੰਚਾਰ ਕਰਨ ਲਈ ਅੰਗਰੇਜ਼ੀ ਭਾਸ਼ਾ ਦੀ ਜ਼ਰੂਰਤ ਅਹਿਮ ਨਹੀਂ ਰਹੀ। ਹਾਲ ਵਿਚ ਹੀ ਕੇਂਦਰ ਸਰਕਾਰ ਵਲੋਂ ਨੈਸ਼ਨਲ ਟ੍ਰਾਂਸਲੇਸ਼ਨ ਮਿਸ਼ਨ ਦੀ ਜਿਹੜੀ ਸਥਾਪਨਾ ਕੀਤੀ ਗਈ ਹੈ, ਉਸ ਅਨੁਸਾਰ ਭਾਰਤ ਦੀਆਂ ਪ੍ਰਵਾਨਤ 22 ਕੌਮੀ ਜ਼ੁਬਾਨਾਂ (ਸਾਹਿਤ ਅਕਾਦਮੀ ਵਲੋਂ 24 ਜ਼ੁਬਾਨਾਂ ਪ੍ਰਵਾਨਤ) ਵਿਚ ਵਿਗਿਆਨ ਅਤੇ ਤਕਨੀਕ ਦੀ ਸਿਖਿਆ ਨਾਲ ਸਬੰਧਤ ਪੁਸਤਕਾਂ ਨੂੰ ਆਪੋ ਅਪਣੀਆਂ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਕਰਵਾਉਣ ਦਾ ਕਾਰਜ ਆਰੰਭਿਆ ਗਿਆ ਹੈ।

  ਪਿਛਲੇ ਕੁੱਝ ਅਰਸੇ ਤੋਂ ਦੁਨੀਆਂ ਦੀਆਂ ਜ਼ੁਬਾਨਾਂ ਦੇ ਖ਼ਾਤਮੇ ਦੀਆਂ ਖ਼ਬਰਾਂ ਚਰਚਾ ਵਿਚ ਹਨ। ਇਹ ਨਿਰੀਆਂ ਅਫ਼ਵਾਹਾਂ ਨਹੀਂ ਸਗੋਂ ਇਨ੍ਹਾਂ ਵਿਚ ਸੱਚਾਈ ਵੀ ਛੁਪੀ ਹੋਈ ਹੈ। ਯੂਨੈਸਕੋ ਵਲੋਂ ਕੀਤੇ ਗਏ ਸਰਵੇਖਣ ਅਨੁਸਾਰ ਕਿਸੇ ਵੇਲੇ 6000 ਭਾਸ਼ਾਵਾਂ ਵੱਖ ਵੱਖ ਖੇਤਰਾਂ ਅਤੇ ਉਪ-ਖੇਤਰਾਂ ਵਿਚ ਬੋਲੀਆਂ ਜਾਂਦੀਆਂ ਰਹੀਆਂ ਹਨ ਜਿਨ੍ਹਾਂ ਵਿਚੋਂ ਇਸ ਸਮੇਂ 3 ਹਜ਼ਾਰ ਭਾਸ਼ਾਵਾਂ ਦਾ ਵਜੂਦ ਖ਼ਤਮ ਹੋ ਚੁੱਕਾ ਹੈ।

ਭਾਸ਼ਾ-ਵਿਗਿਆਨ ਦੇ ਖੇਤਰ ਦੀ ਨਵੀਂ ਖੋਜ ਅਨੁਸਾਰ 'ਟਾਈਮਜ਼ ਆਫ਼ ਲੰਡਨ' ਨੇ ਤਾਂ ਇਕ ਦਿਨ ਵਿਚ ਇਕ ਭਾਸ਼ਾ ਦੇ ਮਰਨ ਦੀ ਗੱਲ ਵੀ ਛਾਪੀ ਹੈ। ਇਸ ਅਖ਼ਬਾਰ ਅਨੁਸਾਰ '8 ਜਨਵਰੀ, 1996 ਨੂੰ ਇਕ ਹੋਰ ਰੈੱਡ ਇੰਡੀਅਨ ਭਾਸ਼ਾ ਦੀ ਮੌਤ ਹੋ ਗਈ। ਇਸ ਦਾ ਆਖ਼ਰੀ ਬੋਲਣਹਾਰਾ ਬੀਤੇ ਕੱਲ ਮਰ ਗਿਆ ਜਿਸ ਦੀ ਉਮਰ 76 ਸਾਲਾਂ ਦੀ ਸੀ।'

ਇਥੇ ਇਹ ਨਹੀਂ ਭੁਲਣਾ ਚਾਹੀਦਾ ਕਿ ਜਦੋਂ ਕੋਈ ਭਾਸ਼ਾ ਮਰਦੀ ਹੈ ਉਸ ਨਾਲ ਅਨੇਕ ਰਵਾਇਤਾਂ, ਗੀਤ, ਅਖਾਣ, ਬੁਝਾਰਤਾਂ, ਲੋਕ-ਕਹਾਣੀਆਂ, ਸਮੂਹਕ-ਸਿਆਣਪਾਂ ਅਤੇ ਲਿੱਪੀ ਦਾ ਖ਼ਾਤਮਾ ਵੀ ਹੁੰਦਾ ਹੈ। ਵਰਤਮਾਨ ਸਮੇਂ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਿਚ ਤੇਜ਼ੀ ਲਿਆਉਣ ਲਈ ਇਸ ਨੂੰ ਸਿਖਿਆ, ਪ੍ਰਸ਼ਾਸਨ, ਨਿਆਂਪਾਲਿਕਾ ਅਤੇ ਸਰਕਾਰ ਦੇ ਹੋਰ ਵੱਖ ਵੱਖ ਵਿਭਾਗਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਇਕ ਭਾਸ਼ਾ ਨੀਤੀ ਦੀ ਯੋਜਨਾਬੰਦੀ ਬਣਾਉਣ ਦੀ ਲੋੜ ਹੈ।

ਅੱਜ ਇਸ ਗੱਲ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਦੀ ਹੋਰ ਵਧੇਰੇ ਗੌਰਵਸ਼ੀਲ ਸਥਿਤੀ ਬਣਾਉਣ ਲਈ ਚੀਨ, ਯੌਰਪ ਅਤੇ ਜਾਪਾਨ ਆਦਿ ਪ੍ਰਮੁੱਖ ਵਿਕਸਤ ਦੇਸ਼ਾਂ ਦੀ ਤਰਜ਼ ਤੇ ਸੱਭ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਵਿਗਿਆਨ, ਮੈਡੀਕਲ ਅਤੇ ਇੰਜੀਨੀਅਰਿੰਗ ਦੀ ਦਿਤੀ ਜਾ ਰਹੀ ਉੱਚ ਸਿਖਿਆ ਦਾ ਮਾਧਿਅਮ ਕੇਵਲ ਤੇ ਕੇਵਲ ਮਾਤ ਭਾਸ਼ਾ ਵਿਚ ਹੀ ਹੋਵੇ।

ਇਨ੍ਹਾਂ ਦੇਸ਼ਾਂ ਵਿਚ ਤਾਂ ਡਿਗਰੀਆਂ ਤੇ ਖੋਜਾਂ ਲਈ ਵੀ ਸਿਖਿਆ ਦਾ ਮਾਧਿਅਮ ਮਾਤ-ਭਾਸ਼ਾ ਵਿਚ ਹੀ ਕਰਵਾਇਆ ਜਾ ਰਿਹਾ ਹੈ। ਪੰਜਾਬ ਵਿਚ ਸਥਿਤ ਪਬਲਿਕ ਮਾਡਲ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਬਾਰੇ ਹਦਾਇਤਾਂ ਜਾਰੀ ਕਰ ਕੇ ਉਨ੍ਹਾਂ ਤੇ ਅਮਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਪੰਜਾਬੀ ਮਾਧਿਅਮ ਵਿਚ ਉਚੇਰੀ ਸਿਖਿਆ ਪ੍ਰਾਪਤ ਕਰਨ ਵਾਲਿਆਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹਈਆ ਕਰਵਾਏ ਜਾਣੇ ਚਾਹੀਦੇ ਹਨ।

ਵਿਸ਼ਵ ਪ੍ਰਸਿੱਧ ਪੁਸਤਕ 'ਮੇਰਾ ਦਾਗ਼ਿਸਤਾਨ' ਵਿਚ ਰਸੂਲ ਹਮਜ਼ਾਤੋਵ ਦੀ ਆਖੀ ਗੱਲ ਨੂੰ ਜ਼ਿਹਨ ਵਿਚ ਰੱਖੀਏ ਕਿ ਭਾਸ਼ਾ ਨੂੰ ਬਚਾਉਣ ਦਾ ਅਰਥ ਅਪਣੀ ਸਭਿਅਤਾ ਅਤੇ ਦੇਸ਼ ਨੂੰ ਬਚਾਉਣਾ ਹੁੰਦਾ ਹੈ। ਭਾਸ਼ਾ ਬਚੀ ਰਹੇਗੀ ਤਾਂ ਸਾਡੀ ਪਛਾਣ ਬਚੀ ਰਹੇਗੀ।ਪੰਜਾਬ ਦੀ ਬਜ਼ੁਰਗ ਪੀੜ੍ਹੀ, ਜਿਸ ਦੀ ਯਾਦ ਵਿਚ ਸਭਿਆਚਾਰ ਅਤੇ ਲੋਕਧਾਰਾ ਦਾ ਵਿਸ਼ਾਲ ਖਜ਼ਾਨਾ ਮੌਜੂਦ ਹੈ, ਹੌਲੀ ਹੌਲੀ ਖ਼ਤਮ ਹੁੰਦੀ ਜਾ ਰਹੀ ਹੈ। ਵਰਤਮਾਨ ਪੀੜ੍ਹੀ ਦਾ ਇਸ ਅਨਮੋਲ ਵਿਰਾਸਤ ਨਾਲੋਂ ਸਰੋਕਾਰ ਟੁਟਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਇਹ ਬੇਹੱਦ ਜ਼ਰੂਰੀ ਹੈ

ਕਿ ਵੰਨ-ਸੁਵੰਨੇ ਲੋਕ ਧੰਦਿਆਂ, ਲੋਕ ਕਾਰ-ਵਿਹਾਰ, ਲੋਕ ਕਲਾਵਾਂ ਅਤੇ ਲੋਕ ਸਾਹਿਤ ਵਰਗੇ ਖੇਤਰਾਂ ਨੂੰ ਸੀਨਾ-ਬ-ਸੀਨਾ ਸਾਂਭਣ ਵਾਲੀ ਬਜ਼ੁਰਗ ਪੀੜ੍ਹੀ ਦੀਆਂ ਦਸਤਾਵੇਜ਼ੀ ਫ਼ਿਲਮਾਂ ਬਣਾ ਕੇ ਉਨ੍ਹਾਂ ਦੀ ਕਲਾ ਨੂੰ ਸਾਂਭ ਲਿਆ ਜਾਵੇ। ਇਨ੍ਹਾਂ ਦਸਤਾਵੇਜ਼ੀ ਫ਼ਿਲਮਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ-ਕਾਲਜਾਂ ਵਿਚ ਪ੍ਰਦਰਸ਼ਤ ਕਰ ਕੇ ਨਵੀਂ ਪੀੜ੍ਹੀ ਦੀ ਚੇਤਨਾ ਨੂੰ ਹਲੂਣਿਆ ਜਾਵੇ।

ਵੱਖ ਵੱਖ ਸਭਿਆਚਾਰਕ ਖੇਤਰਾਂ ਵਿਚ ਨਿਪੁੰਨ ਬਜ਼ੁਰਗ ਵਿਅਕਤੀਆਂ ਨੂੰ ਕਾਲਜਾਂ ਅਤੇ ਯੂਨੀਵਰਸਟੀ ਵਿਚ 'ਰੀਸੋਰਸ ਪਰਸਨ' ਵਜੋਂ ਬੁਲਾ ਕੇ ਉਨ੍ਹਾਂ ਨਾਲ ਰੂ ਬ ਰੂ ਅਤੇ ਵਰਕਸ਼ਾਪਾਂ ਦਾ ਬੰਦੋਬਸਤ ਕੀਤਾ ਜਾਵੇ ਅਤੇ ਉਨ੍ਹਾਂ ਕੋਲੋਂ ਇੱਛੁਕ ਵਿਦਿਆਰਥੀਆਂ ਨੂੰ ਸਿਖਲਾਈ ਦਿਵਾਈ ਜਾਵੇ। ਇਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਅਮਲੀ ਰੂਪ ਵਿਚ ਲੋਕ ਸਾਹਿਤ ਜਾਂ ਲੋਕ ਕਲਾਵਾਂ ਦੀਆਂ ਸਭਿਆਚਾਰਕ ਵਿਧੀਆਂ/ਬਣਤਰ ਆਦਿ ਦਾ ਪਤਾ ਲੱਗੇਗਾ ਜਿਸ ਨਾਲ ਉਹ ਪ੍ਰਾਪਤ ਕੀਤੀ ਸਭਿਆਚਾਰਕ ਸਿਖਿਆ ਰਾਹੀਂ ਅਪਣੇ ਰੁਜ਼ਗਾਰ ਦਾ ਮਸਲਾ ਵੀ ਹੱਲ ਕਰ ਸਕਣਗੇ ਅਰਥਾਤ ਸਿਖਿਆ ਰਾਹੀਂ ਰੁਜ਼ਗਾਰ ਦੇ ਵਸੀਲੇ ਪੈਦਾ ਹੋਣਗੇ।

ਕੇਵਲ ਇਹ ਸੋਚ ਕੇ ਹੌਸਲਾ ਢਾਹੁਣ ਦੀ ਲੋੜ ਨਹੀਂ ਕਿ ਪੰਜਾਬੀ ਭਾਸ਼ਾ ਦਾ ਆਉਂਦੇ ਚਾਲੀ-ਪੰਤਾਲੀ ਸਾਲਾਂ ਵਿਚ ਵਜੂਦ ਖ਼ਤਮ ਹੋ ਜਾਵੇਗਾ। ਜੇਕਰ ਅਸੀ ਅਪਣੀ ਮਾਂ-ਬੋਲੀ ਪ੍ਰਤੀ ਦਿਲੋਂ ਸਾਵਧਾਨ ਹੋ ਜਾਈਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀ ਪੰਜਾਬੀ ਭਾਸ਼ਾ ਨੂੰ ਸਹੀ ਅਰਥਾਂ ਵਿਚ ਸਿੰਘਾਸਨ ਉਤੇ ਬਿਠਾਉਣ ਵਿਚ ਕਾਮਯਾਬ ਹੋ ਜਾਵਾਂਗੇ।

ਅੰਤ ਵਿਚ ਲਹਿੰਦੇ ਪੰਜਾਬ ਦੇ ਲੋਕ ਸ਼ਾਇਰ ਬਾਬਾ ਨਜ਼ਮੀ ਦੇ ਸ਼ਬਦਾਂ ਵਿਚ ਮਾਤ ਭਾਸ਼ਾ ਬਾਰੇ ਉਨ੍ਹਾਂ ਸੱਜਣਾਂ ਲਈ ਇਕ ਸੁਨੇਹਾ ਸਾਂਝਾ ਕਰਨਾ ਜ਼ਰੂਰੀ ਸਮਝਦਾ ਹਾਂ ਜਿਹੜੇ ਪੰਜਾਬੀ ਨੂੰ ਹੁਣ ਤਕ ਹੇਠਲੇ ਦਰਜੇ ਦੀ ਭਾਸ਼ਾ ਸਮਝਦੇ ਰਹੇ ਆ ਰਹੇ ਹਨ :

ਅੱਖਰਾਂ ਵਿਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿਚ ਰੱਖ ਦਿਤਾ ਏ ਦੀਵਾ ਬਾਲ ਪੰਜਾਬੀ ਦਾ।
ਜਿਹੜੇ ਕਹਿੰਦੇ ਵਿਚ ਪੰਜਾਬੀ ਵੁਸਅਤ ਨਹੀਂ ਤਹਿਜ਼ੀਬ ਨਹੀਂ।
ਪੜ੍ਹ ਕੇ ਵੇਖਣ ਵਾਰਿਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ।

ਸੰਪਰਕ : 98144-23703

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement