
ਸਵੇਰ ਦਾ ਸਮਾਂ ਹੈ। ਠੰਢੀ-ਠੰਢੀ ਹਵਾ ਚਲ ਰਹੀ ਹੈ। ਇਕ ਮੰਦਰ ਵਲੋਂ 'ਓਮ ਨਮੋ ਸਿਵਾਏ' ਦੀ ਆਵਾਜ਼ ਆ ਰਹੀ ਹੈ। ਗੁਰਦਵਾਰੇ ਵਾਲੇ ਭਾਈ ਜੀ ਬੋਲ ਰਹੇ ਨੇ 'ਉਠੋ ਪਿਆਰਿਉ ...
ਸਵੇਰ ਦਾ ਸਮਾਂ ਹੈ। ਠੰਢੀ-ਠੰਢੀ ਹਵਾ ਚਲ ਰਹੀ ਹੈ। ਇਕ ਮੰਦਰ ਵਲੋਂ 'ਓਮ ਨਮੋ ਸਿਵਾਏ' ਦੀ ਆਵਾਜ਼ ਆ ਰਹੀ ਹੈ। ਗੁਰਦਵਾਰੇ ਵਾਲੇ ਭਾਈ ਜੀ ਬੋਲ ਰਹੇ ਨੇ 'ਉਠੋ ਪਿਆਰਿਉ ਇਸ਼ਨਾਨ ਕਰੋ ਤੇ ਵਾਹਿਗੁਰੂ ਦਾ ਨਾਮ ਜਾਪੋ।' ਕਿਸੇ ਹੋਰ ਪਾਸਿਉਂ ਇਕ ਭਗਤਾਂ ਦੀ ਟੋਲੀ ਜਾਗਰਣ ਸਮਾਪਤੀ ਤੋਂ ਰੰਗ ਬਰਸਾ ਰਹੀ ਹੈ। ਗੱਲ ਕੀ ਸਾਰੀਆਂ ਆਵਾਜ਼ਾਂ ਰਲਗੱਡ ਹੋ ਕੇ ਪ੍ਰਮਾਤਮਾ ਕੋਲ ਪਹੁੰਚ ਰਹੀਆਂ ਹਨ। ਪਰ ਆਹ ਕੀ!
ਇਕ ਦਮ ਸਾਰੀਆਂ ਆਵਾਜ਼ਾਂ ਬੰਦ ਹੋ ਗਈਆਂ। ਓਹੋ! ਇਹ ਤਾਂ ਲਾਈਟ ਚਲੀ ਗਈ। ਬਿਜਲੀ ਤਾਂ ਜਾਣੀ ਹੀ ਹੈ। ਜੂਨ ਮਹੀਨਾ ਹੈ, ਕਿਸਾਨਾਂ ਨੇ ਝੋਨਾ ਲਗਾਉਣਾ ਹੈ। ਉਨ੍ਹਾਂ ਨੂੰ ਬਿਜਲੀ ਦੀ ਸਖ਼ਤ ਲੋੜ ਹੈ, ਕੱਟ ਲਗਣੇ ਸ਼ੁਰੂ ਹੋ ਗਏ ਉਡਕੋ ਮਹਾਰਾਣੀ ਨੂੰ। ਕਦੋਂ ਆਉਂਦੀ ਹੈ, ਉਦੋਂ ਤਕ ਸਾਰੇ ਕੰਮ ਠੱਪ ਬਿਜਲੀ ਆਊ ਤਾਂ ਪਾਣੀ ਆਊ। ਸੱਭ ਨੂੰ ਵਿਹਲਾ ਕਰ ਗਈ।
ਚਲੋ, ਅਖ਼ਬਾਰ ਆ ਗਿਆ ਹੈ, ਉਸ ਨੂੰ ਮੂੰਹ ਮਾਰ ਲੈਂਦੇ ਹਾਂ। ਕੀ ਪੜ੍ਹੀਏ ਅਖ਼ਬਾਰ ਵਿਚ? ਲੁੱਟਾਂ-ਖੋਹਾਂ, ਕਤਲ, ਬਲਾਤਕਾਰ ਧਰਨੇ ਮੁਜ਼ਾਹਰਿਆਂ ਨਾਲ ਪੇਪਰ ਭਰੇ ਪਏ ਨੇ। ਅਨੁਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ, ਪੜ੍ਹ ਕੇ ਦਿਲ ਖਰਾਬ ਹੀ ਹੁੰਦੈ। ਸੁਰੱਖਿਆ ਦਾ ਕੋਈ ਇੰਤਜਾਮ ਨਹੀਂ। ਚਲੋ ਬਿਜਲੀ ਆ ਗਈ। ਰਸੋਈ ਦੁਆਲੇ ਹੋਈਏ। ਨਾਸ਼ਤਾ ਤਿਆਰ ਕਰ ਕੇ ਬੱਚਿਆਂ ਦੇ ਟਿਫ਼ਿਨ ਤਿਆਰ ਹੋ ਗਏ ਨੇ।
ਸਮਾਂ ਤਾਂ ਉਪਰ ਹੋ ਗਿਐ, ਸਕੂਲ ਵੈਨ ਨਹੀਂ ਆਈ, ਉਡੀਕੋ ਉਸ ਨੂੰ। ਕੁੱਝ ਮਿੰਟਾਂ ਵਿਚ ਲੰਮਾ ਹਾਰਨ ਸੁਣਦਾ ਹੈ। ਬੱਚੇ ਕਾਹਲੀ ਨਾਲ ਬੈਗ ਸੰਭਾਲਦੇ ਬੱਸ ਵਿਚ ਬਹਿ ਗਏ। ਉਨ੍ਹਾਂ ਦੇ ਬਾਏ-ਬਾਏ ਕਰਦੇ ਹੱਥ ਅੱਖੋਂ ਓਹਲੇ ਹੋ ਗਏ। ਰਸੋਈ ਦਾ ਕੰਮ ਨਿਬੇੜ ਹੁਣ ਕੰਮ ਵਾਲੀ ਬਾਈ ਦੀ ਉਡੀਕ ਹੈ। ਅੱਜ ਥੋੜਾ ਲੇਟ ਹੋ ਗਈ। ਲਉ ਉਹ ਵੀ ਆ ਗਈ। ਬੂਹਾ ਖੁਲ੍ਹਦਾ ਹੈ। ਉਸ ਦਾ ਮੂੰਹ ਲਟਕ ਰਿਹਾ ਹੈ।
''ਕੀ ਗੱਲ ਹੋ ਗਈ ਤੂੰ ਠੀਕ ਤਾਂ ਹੈਂ?'' ''ਬੀਬੀ ਰਾਤ ਬੁਖ਼ਾਰ ਹੋ ਗਿਆ, ਗੋਲੀ ਲੇਕਰ ਆਈ ਹੂੰ। ਡਾਕਟਰ ਨੇ ਦੂਧ ਕੇ ਸਾਥ ਲੇਨੇ ਕੋ ਕਹਾ, ਪਾਨੀ ਕੇ ਸਾਥ ਹੀ ਲੈ ਲਈ।'' ਆਖ ਉਹ ਝਾੜੂ ਚੁੱਕ ਲੈਂਦੀ ਹੈ। ''ਬਹਿ ਜਾ ਦੋ ਮਿੰਟ ਚਾਹ ਪੀ ਕੇ ਫਿਰ ਸ਼ੁਰੂ ਕਰੀਂ ਕੰਮ। ਮੈਂ ਤੇਰੇ ਲਈ ਵਧੀਆ ਜਹੀ ਚਾਹ ਬਣਾ ਦਿੰਦੀ ਹਾਂ।''ਔਰਤਾਂ ਦੀ ਉਡੀਕ ਅਣਮੁੱਕ ਹੁੰਦੀ ਹੈ। ਇਕ ਮੁਕਦੀ ਹੈ ਦੂਜੀ ਸ਼ੁਰੂ ਹੋ ਜਾਂਦੀ ਹੈ। ਦੁਪਹਿਰ ਦੀ ਰੋਟੀ ਪਾਣੀ ਲਈ ਸਬਜ਼ੀ ਲੈਣੀ ਹੈ। ਉਸ ਦੀ ਬਿੜਕ ਰਖਦੀ ਹਾਂ। 'ਆਲੂ ਲਉ, ਤੋਰੀ ਲਉ, ਕੱਦੂ ਲਉ' ਦਾ ਹੋਕਾ ਦਿੰਦਾ ਉਹ ਦਰ ਅੱਗੇ ਆ ਗਿਆ।
ਭਈਏ ਦੀ ਆਵਾਜ਼ ਸੁਣ ਮੈਂ ਦੁਪੱਟਾ ਤੇ ਪੈਸੇ ਲੈ ਕੇ ਸਬਜ਼ੀ ਲੈ ਲੈਂਦੀ ਹਾਂ। ਦੁਪਹਿਰ ਦੇ ਆਹਰ ਵਿਚ ਜੁਟ ਜਾਂਦੀ ਹਾਂ। ਸਮਾਂ ਉੱਚਾ ਹੁੰਦਾ ਜਾਂਦੈ। ਦੂਰੋਂ ਇਕ ਡਾਕੀਆ ਦਰਾਂ ਕੋਲ ਰੁਕਦਾ ਹੈ। ਸੋਚਦੀ ਹਾਂ ਵੇਖਾਂ ਕੀ ਲਿਆਇਆ ਹੈ? ਕੋਈ ਮੈਗਜ਼ੀਨ ਜਾਂ ਕੋਈ ਪੇਮੈਂਟ ਵਗ਼ੈਰਾ? ਗਰਮੀ ਗਰਮੀ ਹੋਏ ਨੂੰ ਮੈਂ ਇਕ ਠੰਢੇ ਦਾ ਗਿਲਾਸ ਦਿੰਦੀ ਹਾਂ ਤਾਂ ਉਸ ਦੇ ਮੂੰਹ ਉਤੇ ਰੌਣਕ ਆ ਜਾਂਦੀ ਹੈ। ਵਿਚਾਰਾ ਗਰਮੀ ਵਿਚ ਬੇਹਾਲ ਹੋਇਆ ਪਿਆ ਸੀ।
ਦਿਨ ਦੇ ਦੋ ਢਾਈ ਵੱਜ ਗਏ। ਬਚਿਆਂ ਦੀ ਵੈਨ ਆਉਣ ਵਾਲੀ ਹੈ। ਸਮਾਂ ਉਪਰ ਹੋ ਜਾਵੇ ਤਾਂ ਫ਼ਿਕਰ ਲੱਗ ਜਾਂਦੈ। ਬੱਚੇ ਆ ਗਏ ਫਿਰ ਪਤੀ ਦੇਵ ਦਾ ਇੰਤਜ਼ਾਰ ਹੈ। ਕਿਧਰੇ ਦਫ਼ਤਰੋਂ ਮੁੜਦੇ ਕਿਧਰੇ ਦੋਸਤਾਂ ਨਾਲ ਤਬੀਅਤ ਰੰਗੀਨ ਕਰਨ ਨਾ ਬੈਠ ਜਾਣ। ਜਦ ਤਕ ਘਰ ਨਹੀਂ ਮੁੜਦੇ ਜਾਨ ਮੁੱਠੀ ਵਿਚ ਆਈ ਰਹਿੰਦੀ ਹੈ। ਦੁਨੀਆਂ ਕੁਰਬਲ-ਕੁਰਬਲ ਕਰਦੀ ਫਿਰਦੀ ਹੈ, ਤੇਜ਼ੀ ਦਾ ਜ਼ਮਾਨਾ ਹੈ। ਦੁਪਹੀਆ ਵਾਹਨ ਵਾਲਿਆਂ ਨੂੰ ਤਾਂ ਕੀੜੇ-ਮਕੌੜੇ ਹੀ ਸਮਝਦੇ ਹਨ, ਵੱਡੀਆਂ ਗੱਡੀਆਂ ਵਾਲੇ। ਸੁੱਖ ਹੋਵੇ। ਬੁਲੇਟ ਦੀ ਦੁੱਗ-ਦੁੱਗ ਸੁਣ ਕੇ ਸ਼ੁਕਰ ਕਰਦੀ ਹਾਂ, ਰਾਜ਼ੀ ਖ਼ੁਸ਼ੀ ਆ ਗਏ।
ਗੱਲਾਂ ਤਾਂ ਹੋਰ ਬਹੁਤ ਨੇ ਕਰਨ ਲਈ। ਵੱਡਾ ਕਾਕਾ ਮੈਰਿਜ ਪੈਲੇਸ ਵਿਚ ਕਿਸੇ ਫ਼ੰਕਸ਼ਨ ਉਤੇ ਗਿਐ। ਨੱਚਣ ਟੱਪਣ ਦਾ ਸ਼ੌਕੀ ਹੈ। ਜਿੰਨੀ ਦੇਰ ਮਰਜ਼ੀ ਦੇ ਗੀਤ ਲਗਵਾ ਕੇ ਧੁਮਾਲ ਨਹੀਂ ਪਾ ਦਿੰਦੇ, ਉਨੀ ਦੇਰ ਉਨ੍ਹਾਂ ਨੂੰ ਮਜ਼ਾ ਨਹੀਂ ਆਉਂਦਾ। ਪਰ ਉਨ੍ਹਾਂ ਦਾ ਮਜ਼ਾ ਮੇਰੇ ਦਿਲ ਦੀ ਧੜਕਣ ਤੇਜ਼ ਕਰੀ ਰਖਦਾ ਹੈ। ਇਕ ਵੱਜਣ ਵਾਲਾ ਹੈ। ਸੁੱਖ ਹੋਵੇ, ਕਿਉਂ ਨੱਚਦਿਆਂ ਟੱਪਦਿਆਂ ਵਾਕਿਆ ਹੋ ਜਾਂਦੇ ਨੇ।
ਚਲੋ ਹਾਰਨ ਦਿਤਾ ਗੱਡੀ ਨੇ, ਤਾਂ ਉਠ ਕੇ ਦਰਵਾਜ਼ਾ ਖੋਲ੍ਹਦੀ ਹਾਂ। ਉਸ ਨੂੰ ਠੀਕ ਠਾਕ ਵੇਖ ਕੇ ਖ਼ੁਸ਼ ਹੋ ਜਾਂਦੀ ਹਾਂ। ਨੀਂਦ ਆਉਣ ਦੀ ਉਡੀਕ ਵਿਚ ਬਿਸਤਰ ਤੇ ਪੈ ਜਾਂਦੀ ਹਾਂ। ਸੋ ਸਵੇਰੇ ਉਠਣ ਤੋਂ ਲੈ ਕੇ ਰਾਤ ਨੂੰ ਪੈਣ ਵੇਲੇ ਤਕ ਔਰਤਾਂ ਨੂੰ ਕਿੰਨੀਆਂ ਘੜੀਆਂ ਉਡੀਕ ਵਿਚ ਗੁਜ਼ਾਰਨੀਆਂ ਪੈਂਦੀਆਂ ਨੇ, ਇਹ ਤਾਂ ਉਹੀ ਜਾਣਦੀਆਂ ਹਨ। ਚਲੋ ਠੀਕ ਹੈ ਉਡੀਕ ਮੁੱਕਣੀ ਨਹੀਂ, ਚਾਹੀਦੀ, ਕਾਇਮ ਰਹਿਣੀ ਚਾਹੀਦੀ ਹੈ ਕਿਉਂਕਿ ਉਡੀਕ ਆਸ ਦਾ ਦੂਜਾ ਨਾਂ ਹੈ ਅਤੇ ਆਸ ਨਾਲ ਹੀ ਜਹਾਨ ਹੈ। ਸੰਪਰਕ : 82840-20628