
ਅੱਜ ਦੇ ਜ਼ਮਾਨੇ ਵਿਚ ਅਮੀਰਜ਼ਾਦੇ ਜਾਂ ਜਿਸ ਕੋਲ ਚਾਰ ਪੈਸੇ ਹਨ, ਹੱਥੀਂ ਕੰਮ ਕਰ ਕੇ ਖ਼ੁਸ਼ ਨਹੀਂ, ਉਹ ਨੌਕਰ ਰੱਖਣ ਨੂੰ ਤਰਜੀਹ ਦਿੰਦੇ ਹਨ...........
ਅੱਜ ਦੇ ਜ਼ਮਾਨੇ ਵਿਚ ਅਮੀਰਜ਼ਾਦੇ ਜਾਂ ਜਿਸ ਕੋਲ ਚਾਰ ਪੈਸੇ ਹਨ, ਹੱਥੀਂ ਕੰਮ ਕਰ ਕੇ ਖ਼ੁਸ਼ ਨਹੀਂ, ਉਹ ਨੌਕਰ ਰੱਖਣ ਨੂੰ ਤਰਜੀਹ ਦਿੰਦੇ ਹਨ। ਨੌਕਰ ਭਾਵੇਂ ਜੰਮ-ਜੰਮ ਰੱਖਣ, ਕਿਸੇ ਨੂੰ ਕੋਈ ਇਤਰਾਜ ਨਹੀਂ ਪਰ ਨੌਕਰ ਰੱਖਣ ਵੇਲੇ ਕੁੱਝ ਗੱਲਾਂ ਦਾ ਧਿਆਨ ਜ਼ਰੂਰ ਰਖਣਾ ਚਾਹੀਦਾ ਹੈ। ਜਿਵੇਂ ਉਸ ਦਾ ਪੂਰਾ ਪਤਾ ਟਿਕਾਣਾ ਤੇ ਉਸ ਦੀਆਂ ਆਦਤਾਂ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਹੁਣ ਪੰਜਾਬ ਵਿਚ ਬਹੁਤੇ ਜ਼ਿੰਮੀਦਾਰ ਪ੍ਰਵਾਸੀ ਮਜ਼ਦੂਰਾਂ ਨੂੰ ਨੌਕਰੀ ਵਜੋਂ ਪਹਿਲ ਦਿਤੀ ਜਾਂਦੀ ਹੈ ਕਿਉਂਕਿ ਇਹ ਪੰਜਾਬ ਦੇ ਸੀਰੀਆਂ ਨਾਲੋਂ ਸਸਤੇ ਮਿਲ ਜਾਂਦੇ ਹਨ।
ਪਰ ਜਦੋਂ ਕੋਈ ਵਾਰਦਾਤ ਹੁੰਦੀ ਹੈ ਤਾਂ ਉਸ ਮਜ਼ਦੂਰ ਦਾ ਕੋਈ ਅਤਾ ਪਤਾ ਨਹੀਂ ਲਗਦਾ ਫਿਰ ਮਾਲਕ ਪਛਤਾਉਂਦਾ ਹੈ। 'ਫਿਰ ਪਛਤਾਇਆਂ ਕੀ ਬਣੇ ਜਦੋਂ ਚਿੜੀਆਂ ਚੁੱਗ ਗਈਆਂ ਖੇਤ' ਵਾਲੀ ਗੱਲ ਹੋ ਜਾਂਦੀ ਹੈ। ਉਂਜ ਭਾਵੇਂ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਇਹ ਹਦਾਇਤ ਹੈ ਕਿ ਜਿਸ ਨੇ ਵੀ ਪ੍ਰਵਾਸੀ ਨੌਕਰ ਰਖਣਾ ਹੋਵੇ, ਉਸ ਦਾ ਸਾਰਾ ਪਤਾ ਲੈ ਕੇ ਅਪਣੇ ਨੇੜੇ ਦੇ ਥਾਣੇ ਵਿਚ ਦਰਜ ਕਰਾਉਣਾ ਚਾਹੀਦਾ ਹੈ। ਪਰ ਅਸੀ ''ਵੇਖੀ ਜਾਊ ਜਦ ਹੋਊ'' ਦੀ ਨੀਤੀ ਉਤੇ ਚੱਲ ਪੈਂਦੇ ਹਾਂ। ਇਸ ਤਰ੍ਹਾਂ ਹੀ ਸਾਡੇ ਗੁਆਂਢੀ ਪਿੰਡ ਵਿਚ ਨੰਬਰਦਾਰ ਨੇ ਪ੍ਰਵਾਸੀ ਮਜ਼ਦੂਰ ਕੰਮ ਲਈ ਰੱਖ ਲਿਆ।
ਜਦੋਂ ਕਿਤੇ ਉਹ ਰਿਸ਼ਤੇਦਾਰੀ ਜਾਂ ਕਿਤੇ ਕੰਮ ਧੰਦੇ ਬਾਹਰ ਜਾਂਦੇ ਤਾਂ ਉਸ ਨੌਕਰ ਦੇ ਸਹਾਰੇ ਘਰ ਛੱਡ ਜਾਂਦੇ ਸਨ। ਜਦੋਂ ਪ੍ਰਵਾਸੀ ਮਜ਼ਦੂਰ ਨੂੰ ਪਤਾ ਲੱਗ ਗਿਆ ਕਿ ਪ੍ਰਵਾਰ ਮੇਰੇ ਉਤੇ ਵਿਸ਼ਵਾਸ ਕਰਨ ਲੱਗ ਪਿਆ ਹੈ ਤਾਂ ਇਕ ਦਿਨ ਉਹੀ ਮਜ਼ਦੂਰ ਮੌਕਾ ਤਾੜ ਕੇ ਘਰ ਸਾਫ਼ ਕਰ ਕੇ ਤਿੱਤਰ ਹੋ ਗਿਆ। ਜਦੋਂ ਉਹ ਉਸ ਦੇ ਦਿਤੇ ਗ਼ਲਤ ਪਤੇ ਤੇ ਥਾਣੇ ਰਿਪੋਰਟ ਲਿਖਵਾਉਣ ਲਈ ਪਹੁੰਚੇ ਤਾਂ ਉਹ ਥਾਣੇਦਾਰ ਦੀਆਂ ਗੱਲਾਂ ਸੁਣ ਕੇ ਪੈਰ ਪਿਛਾਂਹ ਨੂੰ ਖਿੱਚਣ ਲੱਗੇ। ਥਾਣੇਦਾਰ ਨੇ ਨੰਬਰਦਾਰ ਨੂੰ ਕਿਹਾ ਕਿ ਤੁਸੀ ਤਾਂ ਆਮ ਆਦਮੀ ਹੋ, ਇਹ ਘਟਨਾ ਤਾਂ ਖ਼ੁਦ ਮੇਰੇ ਨਾਲ ਵੀ ਵਾਪਰ ਚੁੱਕੀ ਹੈ।
ਥਾਣੇਦਾਰ ਨੇ ਦਸਿਆ ਕਿ ਮੈਂ ਵੀ ਪ੍ਰਵਾਸੀ ਮਜ਼ਦੂਰ ਰੱਖ ਬੈਠਾ ਸੀ। ਉਹ ਮੇਰਾ ਵੀ ਘਰ ਸਾਫ਼ ਕਰ ਗਿਆ ਸੀ ਜਿਸ ਵਿਚ ਉਹ ਨਕਦੀ, ਸੋਨਾ ਤੇ ਵੀ. ਸੀ. ਆਰ ਲੈ ਗਿਆ ਸੀ। ਪਰ ਜਦੋਂ ਮੈਂ ਪੁਲਿਸ ਵਰਦੀ ਪਾ ਕੇ ਉਸ ਦੇ ਪਿੰਡ ਬਿਹਾਰ ਗਿਆ ਤਾਂ ਉਸ ਦੇ ਘਰ ਵਾਲੇ ਉਲਟਾ ਮੇਰੇ ਗਲ ਪੈ ਗਏ ਕਿ ਤੁਸੀ ਪੁਲਿਸ ਵਾਲੇ ਸਾਡੇ ਮੁੰਡੇ ਨੂੰ ਮਾਰ ਕੇ ਆਏ ਹੋ ਤੇ ਅਸੀ ਤੁਹਾਡੇ ਉਤੇ ਪਰਚਾ ਦਰਜ ਕਰਾਉਂਦੇ ਹਾਂ। ਉਨ੍ਹਾਂ ਨੇ ਉੱਥੇ ਸਾਰਾ ਪਿੰਡ ਇਕੱਠਾ ਕਰ ਲਿਆ ਸੀ। ਇਸ ਤੋਂ ਮਗਰੋਂ ਮਸਾਂ ਅਸੀ ਅਪਣੀ ਜਾਨ ਤੇ ਨੌਕਰੀ ਬਚਾ ਕੇ ਭੱਜ ਕੇ ਆਏ ਸੀ। ਨੰਬਰਦਾਰ ਜੀ ਤੁਸੀ ਤਾਂ ਕਿਹੜੇ ਬਾਗ਼ ਦੀ ਮੂਲੀ ਹੋ।
ਇਸ ਤੋਂ ਬਾਅਦ ਨੰਬਰਦਾਰ ਪ੍ਰਵਾਰ 'ਜਾਨ ਬਚੀ ਲੱਖ ਉਪਾਏ' ਕਹਿ ਕੇ ਘਰ ਆ ਗਏ ਸਨ। ਇਸ ਤਰ੍ਹਾਂ ਹੀ ਜ਼ੀਰਾ ਤਹਿਸੀਲ ਦੇ ਪਿੰਡ ਸਾਧੂਵਾਲਾ ਦੇ ਇਕ ਕਿਸਾਨ ਨੇ ਭਰੇ ਮਨ ਨਾਲ ਅਪਣੀ ਹੱਡਬੀਤੀ ਸੁਣਾਉਂਦਿਆਂ ਦਸਿਆ ਕਿ ਮੈਂ ਵੀ ਇਕ ਪ੍ਰਵਾਸੀ ਮਜ਼ਦੂਰ ਕੰਮ ਲਈ ਰਖਿਆ ਸੀ। ਉਹ ਮੇਰੇ ਨਾਲ 4-5 ਸਾਲ ਵਧੀਆ ਕੰਮ ਉਤੇ ਟਿਕਿਆ ਹੋਇਆ ਸੀ। ਉਸ ਨੇ ਅਪਣਾ ਨਾਮ ਵੀ ਪੰਜਾਬੀ ਪੂਰਨ ਸਿੰਘ ਰੱਖ ਲਿਆ ਸੀ। ਜਦੋਂ ਉਸ ਦੇ ਪਿੰਡਾਂ ਦੇ ਹੋਰ ਮਜ਼ਦੂਰ ਝੋਨਾ ਲਾਉਣ ਲਈ ਖੇਤਾਂ ਵਾਲੀਆਂ ਮੋਟਰਾਂ ਉਤੇ ਆ ਬੈਠੇ ਤਾਂ ਮੇਰਾ ਸੀਰੀ ਤੇ ਪਿੰਡ ਦੇ ਹੋਰ ਪ੍ਰਵਾਸੀ ਮਜ਼ਦੂਰ ਉਨ੍ਹਾਂ ਕੋਲ ਜਾਣ ਲੱਗ ਪਏ।
ਫਿਰ ਉਨ੍ਹਾਂ ਇਕ ਦਿਨ ਯੋਜਨਾ ਬਣਾਈ ਕਿ ਆਪੋ ਅਪਣੇ ਮਾਲਕਾਂ ਤੋਂ ਝੂਠ ਬੋਲ ਕੇ ਜਿੰਨੇ ਵੱਧ ਤੋਂ ਵੱਧ ਪੈਸੇ ਮਿਲਦੇ ਹਨ, ਲੈ ਲਉ ਤੇ ਇਥੋਂ ਰਫ਼ੂ ਚੱਕਰ ਹੋ ਜਾਈਏ। ਕਿਸਾਨ ਦਰਸ਼ਨ ਸਿੰਘ ਨੇ ਦਸਿਆ ਕਿ ਮੈਥੋਂ ਵੀ ਮੇਰਾ ਪ੍ਰਵਾਸੀ ਨੌਕਰ ਘਰੇ ਭੈਣ ਦੇ ਵਿਆਹ ਦਾ ਬਹਾਨਾ ਬਣਾ ਕੇ ਪੈਸੇ ਮੰਗਣ ਲਗਿਆ। ਮੈਂ ਉਸ ਨੂੰ ਪੈਸੇ ਨਾ ਹੋਣ ਦਾ ਵਾਸਤਾ ਪਾਇਆ ਪਰ ਉਹ ਅਪਣੀ ਇਕੋ ਗੱਲ ਉਤੇ ਅੜਿਆ ਹੋਇਆ ਸੀ। ਅਖ਼ੀਰ ਵਿਚ ਮੈਂ ਉਸ ਨੂੰ ਆੜ੍ਹਤੀਏ ਤੋਂ ਦਸ ਹਜ਼ਾਰ ਰੁਪਏ ਲੈ ਕੇ ਦੇ ਦਿਤੇ। ਇਸ ਤੋਂ ਬਾਅਦ ਉਹ ਮੈਨੂੰ ਆਖਣ ਲੱਗਾ ਕਿ ਸਰਦਾਰ ਜੀ, ਮੈਂ ਇਨ੍ਹਾਂ ਪੈਸਿਆਂ ਦਾ ਮਨੀਆਡਰ ਕਰ ਕੇ ਤੁਹਾਡੇ ਮਗਰ ਹੀ ਘਰੇ ਆ ਜਾਂਦਾ ਹਾਂ।
ਉਸ ਨੇ ਤਾਂ ਕੀ ਆਉਣਾ ਸੀ ਫਿਰ ਪਤਾ ਲਗਿਆ ਕਿ ਪਿੰਡ ਦੇ ਸਾਰੇ ਪ੍ਰਵਾਸੀ ਮਜ਼ਦੂਰ ਹੀ ਆਪੋ ਅਪਣੇ ਮਾਲਕਾਂ ਤੋਂ ਪੈਸੇ ਲੈ ਕੇ ਰਫੂਚੱਕਰ ਹੋ ਗਏ ਸਨ। ਇਸ ਤਰ੍ਹਾਂ ਹੀ ਇਕ ਹੋਰ ਮੇਰੇ ਪਿੰਡ ਦੀ ਅਜੀਬ ਘਟਨਾ ਹੈ, ਜਿਥੇ ਮਾਲਕ ਨਾਲੋਂ ਸੀਰੀ ਦੀ ਵੱਧ ਚਲਦੀ ਸੀ। ਮਾਲਕ ਉਸ ਉਤੇ ਲੋੜੋਂ ਵੱਧ ਵਿਸ਼ਵਾਸ ਕਰੀ ਬੈਠਾ ਹੈ। ਇਸ ਘਟਨਾ ਵਿਚ ਇਕ ਗ਼ਰੀਬ ਕਿਸਾਨ ਅਪਣੇ ਨੇੜੇ ਦੇ ਸ਼ਹਿਰ ਯੂਰੀਏ ਦੀਆਂ 5-6 ਬੋਰੀਆਂ ਲੈਣ ਗਿਆ। ਉਸੇ ਦੁਕਾਨ ਉਤੇ ਉਸ ਦੇ ਪਿੰਡ ਦਾ ਧਨਾਢ ਕਿਸਾਨ ਅਪਣਾ ਟਰੈਕਟਰ ਟਰਾਲੀ ਲੈ ਕੇ ਖਾਦ ਲੈਣ ਆ ਗਿਆ।
ਹੁਣ ਉਸ ਨੂੰ ਵੇਖ ਕੇ ਗ਼ਰੀਬ ਕਿਸਾਨ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ, ਕਿਉਂਕਿ ਹੁਣ ਉਸ ਦਾ ਇਕ ਸੌ ਰੁਪਏ ਕਰਾਇਆ ਬਚ ਜਾਣਾ ਸੀ। ਜਦੋਂ ਉਸ ਨੇ ਧਨਾਢ ਕਿਸਾਨ ਤੋਂ ਅਪਣੀਆਂ ਖਾਦ ਦੀਆਂ ਬੋਰੀਆਂ ਟਰਾਲੀ ਉੱਪਰ ਰੱਖ ਕੇ ਲਿਜਾਣ ਲਈ ਪੁਛਿਆ ਤਾਂ ਉਸ ਨੇ ਪਿੰਡ ਦਾ ਬੰਦਾ ਹੋਣ ਕਰ ਕੇ ਹੱਸ ਕੇ ਕਿਹਾ “ਉਏ ਭਰਾਵਾ ਬੋਰੀਆਂ ਜਿੰਨੀਆਂ ਮਰਜ਼ੀ ਰੱਖ ਲਉ, ਹੋਰ ਕੋਈ ਸੇਵਾ ਦੱਸ?'' ਇਹ ਸ਼ਬਦ ਜਦੋਂ ਉਸ ਕਿਸਾਨ ਦੇ ਸੀਰੀ ਨੇ ਸੁਣੇ ਤਾਂ ਝੱਟ ਅਪਣੇ ਮਾਲਕ ਨੂੰ ਕਹਿਣ ਲੱਗਾ, ''ਬਾਈ ਜੀ ਅਜੇ ਤਾਂ ਟਰੈਕਟਰ ਦਾ ਕੰਮ ਕਰਾਉਣਾ ਹੈ ਇਸ ਦੀਆਂ ਬੋਰੀਆਂ ਨਹੀਂ ਆਪਾਂ ਤੋਂ ਲਿਜਾਈਆਂ ਜਾਣੀਆਂ।''
ਉਸ ਦੇ ਸੀਰੀ ਦੀ ਇਹ ਗੱਲ ਸੁਣ ਕੇ ਗ਼ਰੀਬ ਕਿਸਾਨ ਦੀ ਫਿਰ ਜਾਨ ਮੁੱਠੀ ਵਿਚ ਆ ਗਈ, ਹੁਣ ਉਹ ਵਿਚਾਰਾ ਸੋਚ ਰਿਹਾ ਸੀ ਕਿ ਇਥੇ ਤਾਂ ਮਾਲਕ ਨਾਲੋਂ ਵੱਧ ਸੀਰੀ ਦੀ ਚਲਦੀ ਹੈ। ਇਹ ਮਾਲਕ ਤਾਂ ਅਪਣੇ ਸੀਰੀ ਉਤੇ ਲੋੜੋਂ ਵੱਧ ਵਿਸ਼ਵਾਸ ਕਰ ਕੇ ਅਪਣਾ ਵਕਾਰ ਤੇ ਵਿਸ਼ਵਾਸ ਘਟਾਈ ਜਾਂਦਾ ਹੈ। ਸਾਰੇ ਕਿਸਾਨ ਇਕੋ ਜਿਹੇ ਨਹੀਂ ਹੁੰਦੇ। ਸਾਡੇ ਪਿੰਡ ਇਕ ਘਰ ਅਜਿਹਾ ਵੀ ਹੈ, ਜੋ ਸਮੇਂ ਦੇ ਨਾਲ ਨਾਲ ਬਦਲ ਗਿਆ ਹੈ ਤੇ ਅਪਣੇ ਨੌਕਰਾਂ, ਸੀਰੀਆਂ ਨਾਲੋਂ ਦੂਰੀ ਬਣਾ ਕੇ ਰਖਦਾ ਹੈ। ਉਨ੍ਹਾਂ ਦੇ ਸੀਰੀਆਂ ਨੂੰ ਰੋਟੀ ਟੁੱਕ ਉਨ੍ਹਾਂ ਦੇ ਪ੍ਰਵਾਰ ਦੇ ਮਰਦਾਂ ਨੇ ਹੀ ਫੜਾਉਣੀ ਹੁੰਦੀ ਹੈ।
ਉਨ੍ਹਾਂ ਦੇ ਪਸ਼ੂਆਂ ਵਾਲੇ ਪਾਸੇ ਤੇ ਰਿਹਾਇਸ਼ ਵਾਲੇ ਪਾਸੇ ਇਕ ਨਿਕੀ ਜਿਹੀ ਕੰਧ (ਕੰਧੌਲੀ) ਹੈ ਜਿਸ ਕਰ ਕੇ ਸੀਰੀ ਰਿਹਾਇਸ਼ ਵਾਲੇ ਪਾਸੇ ਜਾ ਨਹੀਂ ਸਕਦੇ। ਇਸ ਤੋਂ ਇਲਾਵਾ ਉਹ ਅਪਣੇ ਸੀਰੀ ਨੂੰ ਅਪਣੇ ਬਰਾਬਰ ਵਾਲੀ ਕੁਰਸੀ ਉਤੇ ਨਹੀਂ ਬੈਠਣ ਦਿੰਦੇ। ਜਦੋਂ ਮੈਂ ਉਨ੍ਹਾਂ ਨੂੰ ਇਨ੍ਹਾਂ ਗ਼ਰੀਬ ਸੀਰੀਆਂ ਤੋਂ ਏਨੀ ਦੂਰੀ ਬਣਾ ਕੇ ਰੱਖਣ ਬਾਰੇ ਪੁਛਿਆ ਤਾਂ ਉਨ੍ਹਾਂ ਦਾ ਜਵਾਬ ਵੀ ਬੜਾ ਹੈਰਾਨ ਕਰਨ ਵਾਲਾ ਸੀ। ਉਸ ਨੇ ਦਸਿਆ ਜਦੋਂ ਅਸੀ ਨੌਕਰ ਉਤੇ ਲੋੜੋਂ ਵੱਧ ਵਿਸ਼ਵਾਸ ਕਰਦੇ ਹਾਂ ਤਾਂ ਉਹ ਤੁਹਾਡਾ ਤੇ ਤੁਹਾਡੇ ਘਰ ਦਾ ਸਾਰਾ ਭੇਤ ਪਾ ਲੈਂਦੇ ਹਨ। ਤੁਹਾਡੇ ਘਰ ਵਿਚ ਮਾਮੂਲੀ ਜਿਹਾ ਹੋਇਆ ਤਕਰਾਰ ਵੀ ਲੋਕਾਂ ਵਿਚ ਵਧਾ ਚੜ੍ਹ ਕੇ ਦਸਦਾ ਹੈ।
ਜੇ ਕਿਤੇ ਪ੍ਰਵਾਸੀ ਨੌਕਰ ਹੋਵੇ ਤਾਂ ਉਹ ਮੌਕਾ ਲੱਗਣ ਉਤੇ ਤੁਹਾਡੀਆਂ ਅਲਮਾਰੀਆਂ ਦੀ ਸਫ਼ਾਈ ਵੀ ਕਰ ਸਕਦਾ ਹੈ। ਸੋ ਅਖ਼ੀਰ ਵਿਚ ਕਿਸਾਨ ਵੀਰਾਂ ਤੇ ਹੋਰ ਮਾਲਕਾਂ ਨੂੰ ਬੇਨਤੀ ਹੈ ਕਿ ਨੌਕਰ ਉਤੇ ਲੋੜੋਂ ਵੱਧ ਵਿਸ਼ਵਾਸ ਨਾ ਕਰੋ। ਅਸੀ ਘਾਟਾ ਉਸ ਵੇਲੇ ਖਾਂਦੇ ਹਾਂ ਜਦੋਂ ਘਰ ਦੇ ਨਿੱਕੇ ਮੋਟੇ ਕੰਮ ਨੌਕਰ ਤੋਂ ਹੀ ਕਰਵਾਉਂਦੇ ਹਾਂ। ਕਈ ਘਰ ਤਾਂ ਬਿਸਤਰੇ ਵਿਛਾਉਣ ਤਕ ਦਾ ਕੰਮ ਵੀ ਨੌਕਰ ਤੋਂ ਲੈਂਦੇ ਹਨ। ਜੇਕਰ ਕਿਤੇ ਰਿਸ਼ਤੇਦਾਰੀ ਵਿਚ ਵਿਆਹ ਸ਼ਾਦੀ ਜਾਣਾ ਹੋਵੇ ਤਾਂ ਸਾਰੀ ਜ਼ਿੰਮੇਵਾਰੀ ਨੌਕਰ ਉਤੇ ਹੀ ਨਾ ਪਾ ਕੇ ਜਾਉ, ਘਰ ਦੇ ਪ੍ਰਵਾਰ ਦਾ ਕੋਈ ਨਾ ਕੋਈ ਜੀਅ ਘਰ ਜ਼ਰੂਰ ਰਹੇ। ਇਸ ਤਰ੍ਹਾਂ ਤੁਸੀ ਨੌਕਰਾਂ ਦੀ ਲੁੱਟ ਖਸੁੱਟ ਤੋਂ ਬੱਚ ਸਕੋਗੇ। ਸੰਪਰਕ : 98553-63234