
ਅੱਜ ਕੰਪਿਊਟਰ ਯੁੱਗ ਦਾ ਸਮਾਂ ਹੈ। ਵਿਗਿਆਨ ਨੇ ਸਾਡੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਜੋ ਅਹਿਮ ਖੋਜਾਂ ਕੀਤੀਆਂ, ਇਹ ਵਿਗਿਆਨ ਦੀ ਬਹੁਤ ਵੱਡੀ ਦੇਣ ਹੈ। ਮੋਬਾਈਲ...
ਅੱਜ ਕੰਪਿਊਟਰ ਯੁੱਗ ਦਾ ਸਮਾਂ ਹੈ। ਵਿਗਿਆਨ ਨੇ ਸਾਡੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਜੋ ਅਹਿਮ ਖੋਜਾਂ ਕੀਤੀਆਂ, ਇਹ ਵਿਗਿਆਨ ਦੀ ਬਹੁਤ ਵੱਡੀ ਦੇਣ ਹੈ। ਮੋਬਾਈਲ ਫ਼ੋਨ ਵੀ ਇਸੇ ਦੇਣ ਦਾ ਅਹਿਮ ਅੰਗ ਹੈ। ਬਿਨਾਂ ਸ਼ੱਕ ਮੋਬਾਈਲ ਫ਼ੋਨ ਨੇ ਸਾਡੀ ਜ਼ਿੰਦਗੀ ਵਿਚ ਬਹੁਤ ਵੱਡੀ ਸੰਸਾਰ ਕ੍ਰਾਂਤੀ ਲਿਆਂਦੀ ਹੈ ਅਤੇ ਅੱਜ ਸਾਰੀ ਦੁਨੀਆਂ ਨਾਲ ਅਸੀ ਆਸਾਨੀ ਨਾਲ ਸੰਪਰਕ ਵਿਚ ਰਹਿ ਸਕਦੇ ਹਾਂ, ਪਰ ਹਰ ਕੰਮ ਇਕ ਹੱਦ ਵਿਚ ਰਹਿ ਕੇ ਕਰਨਾ ਹੀ ਸਹੀ ਹੁੰਦਾ ਹੈ ਤੇ ਅਤਿ, ਭਾਵੇਂ ਕਿਸੇ ਵੀ ਗੱਲ ਦੀ ਹੋਵੇ, ਹਮੇਸ਼ਾ ਨੁਕਸਾਨਦਾਇਕ ਹੀ ਸਾਬਤ ਹੋਈ ਹੈ। ਲਾਭ ਪਹੁੰਚਾਉਣ ਵਾਲੀ ਦਵਾਈ ਜਾਂ ਕੋਈ ਖੁਰਾਕ ਵੀ ਜੇਕਰ ਵੱਧ ਵਰਤ ਲਈ ਜਾਵੇ ਤਾਂ ਜਾਨਲੇਵਾ ਬਣ ਜਾਂਦੀ ਹੈ। ਪਰ ਅੱਜ ਅਕਸਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੋਬਾਈਲ ਫ਼ੋਨ ਉਤੇ ਵਟਸਐਪ, ਯੂ-ਟਿਊਬ, ਫੇਸਬੁੱਕ, ਇੰਟਰਨੈੱਟ ਜਾਂ ਵੀਡੀਉ-ਕਾਲਾਂ ਆਦਿ ਉਤੇ ਬਗ਼ੈਰ ਕਾਰਨ ਸਮਾਂ, ਦਿਮਾਗ਼ੀ ਸ਼ਕਤੀ, ਪੈਸਾ, ਸੋਚਣ-ਸਮਝਣ ਦੀ ਸ਼ਕਤੀ ਅਤੇ ਇਕਾਗਰਤਾ ਦਾ ਨਾਸ ਕੀਤਾ ਜਾ ਰਿਹਾ ਹੈ ਅਤੇ ਮੋਬਾਈਲ ਫ਼ੋਨ ਤਣਾਅ, ਉਨੀਂਦਰਾ, ਚਿੜਚਿੜਾਪਣ ਵਰਗੀਆਂ ਅਲਾਮਤਾਂ ਨੂੰ ਜਨਮ ਵੀ ਦੇ ਰਿਹਾ ਹੈ। ਅੱਖਾਂ ਦੀ ਰੌਸ਼ਨੀ, ਆਪਸੀ ਮਿਲਵਰਤਣ, ਵਿਚਾਰ-ਵਟਾਂਦਰਾ ਅਤੇ ਘਰੇਲੂ ਰਿਸ਼ਤਿਆਂ ਵਿਚ ਨਿਘਾਰ ਦਾ ਕਾਰਨ ਵੀ ਮੋਬਾਈਲ ਫ਼ੋਨ ਜਾਂ ਲੈਪਟਾਪ ਆਦਿ ਦੀ ਬੇਲੋੜੀ ਵਰਤੋਂ ਕਰਨਾ ਹੀ ਬਣਦਾ ਜਾ ਰਿਹਾ ਹੈ।
ਦੋ-ਚਾਰ ਜਣਿਆਂ ਦਾ ਆਪਸ ਵਿਚ ਗੱਲਬਾਤ ਕਰਨ ਦੀ ਥਾਂ ਮੋਬਾਈਲ ਫ਼ੋਨਾਂ ਉਤੇ ਬੇਲੋੜੇ ਹੀ ਰੁੱਝੇ ਰਹਿਣਾ, ਗ੍ਰਹਿਸਥੀ ਜੀਵਨ ਨੂੰ ਤਬਾਹ ਕਰ ਕੇ ਤਲਾਕ ਦੀ ਸਮੱਸਿਆ ਨੂੰ ਵੀ ਵਧਾ ਰਿਹਾ ਹੈ ਅਤੇ ਘਰ ਪ੍ਰਵਾਰ ਵਿਚ ਨਕਾਰਾਤਮਕਤਾ ਪੈਦਾ ਹੋ ਰਹੀ ਹੈ। ਵਟਸਐਪ, ਜੋ ਕਿ ਵਿਗਿਆਨ ਦੀ ਇਕ ਬਹੁਤ ਵਧੀਆ ਖੋਜ ਹੈ ਅਤੇ ਕੋਈ ਵੀ ਜ਼ਰੂਰੀ ਦਸਤਾਵੇਜ਼ ਇਕ ਥਾਂ ਤੋਂ ਥੂਜੀ ਥਾਂ ਉਤੇ ਮਿੰਟਾਂ-ਸਕਿੰਟਾਂ ਵਿਚ ਪਹੁੰਚਾਉਣ ਲਈ ਯੋਗ ਹੈ, ਅੱਜ ਸਿਰਫ਼ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਨਾਈਟ ਵਰਗੀਆਂ ਬੇਤੁਕੀਆਂ ਪੋਸਟਾਂ ਭੇਜਣ, ਪੜ੍ਹਨ ਅਤੇ ਡਿਲੀਟ (ਖ਼ਤਮ) ਕਰਨ ਮਾਤਰ ਤਕ ਹੀ ਸੀਮਤ ਕਰ ਦਿਤੀ ਗਈ ਹੈ। ਹਰ ਰੋਜ਼ ਅਜਿਹੀਆਂ ਬਿਨਾਂ ਸਿਰ-ਪੈਰ ਦੀਆਂ ਪੋਸਟਾਂ ਭੇਜਣ, ਪੜ੍ਹਨ ਅਤੇ ਨਸ਼ਟ ਕਰਨ ਵਿਚ ਸਾਡਾ ਸਾਰਿਆਂ ਦਾ ਕਿੰਨਾ ਬੇਸ਼ਕੀਮਤੀ ਸਮਾਂ ਖ਼ਰਾਬ ਹੋ ਰਿਹਾ ਹੈ, ਇਸ ਬਾਰੇ ਸ਼ਾਇਦ ਅਸੀ ਅਣਜਾਣ ਹਾਂ।
ਘਰ ਬੈਠੇ ਮੈਂਬਰਾਂ ਨੂੰ ਗੁਡ-ਮਾਰਨਿੰਗ ਕਹੀਏ, ਭਾਵੇਂ ਨਾ ਕਹੀਏ, ਦੂਰ-ਦੁਰਾਡੇ ਬੈਠੇ ਬੰਦਿਆਂ ਨੂੰ ਗੁੱਡ ਮਾਰਨਿੰਗ, ਗੁੱਡ ਨਾਈਟ ਭੇਜੀ ਜਾਣਾ ਕਿਥੋਂ ਦੀ ਅਕਲਮੰਦੀ ਹੈ? ਅਜਿਹਾ ਕੇਵਲ ਇਕ-ਦੋ ਵਾਰ ਕਰਨਾ ਤਾਂ ਸਹੀ ਹੁੰਦਾ ਹੈ, ਪਰ ਰੋਜ਼ ਕਰਨਾ ਜਾਇਜ਼ ਨਹੀਂ ਹੋ ਸਕਦਾ। ਇਸੇ ਤਰ੍ਹਾਂ ਛੋਟੇ ਬੱਚਿਆਂ ਦਾ ਮੋਬਾਈਲ ਫ਼ੋਨਾਂ ਉਤੇ ਘੰਟਿਆਂਬੱਧੀ ਚਿੰਬੜੇ ਰਹਿਣਾ ਨਜ਼ਰ, ਸੁਭਾਅ, ਮਿਲਵਰਤਣ ਅਤੇ ਪੜ੍ਹਾਈ ਪ੍ਰਤੀ ਇਕਾਗਰਤਾ ਲਈ ਠੀਕ ਨਹੀਂ ਹੁੰਦਾ। ਵਿਆਹਾਂ ਜਾਂ ਹੋਰ ਸਮਾਗਮਾਂ ਉਤੇ ਵੀ ਆਪਸੀ ਗੱਲਬਾਤ ਜਾਂ ਮੇਲ-ਮੁਲਾਕਾਤ ਕਰਨ ਦੀ ਥਾਂ ਵਧੇਰੇ ਸਮਾਂ ਵਾਰ-ਵਾਰ ਫ਼ੋਟੋਆਂ, ਸੈਲਫ਼ੀਆਂ ਲੈਣ ਉਤੇ ਲਗਾ ਦੇਣਾ ਰਿਸ਼ਤਿਆਂ, ਮਾਨਵਤਾ ਅਤੇ ਸਭਿਅਕ ਸਮਾਜ ਲਈ ਗ਼ਲਤ ਹੈ। ਸੋ ਮੋਬਾਈਲ ਫ਼ੋਨ ਨੂੰ ਜ਼ਰੂਰ ਵਰਤੋ, ਪਰ ਲੋੜ ਤੋਂ ਬਾਅਦ ਇਸ ਨੂੰ ਪਾਸੇ ਰੱਖ ਦੇਣਾ ਹੀ ਸਹੀ ਹੋ ਸਕਦਾ ਹੈ, ਤਾਕਿ ਮੋਬਾਈਲ ਫ਼ੋਨ ਸਾਡੇ ਉਤੇ ਹਾਵੀ ਨਾ ਹੋ ਸਕੇ, ਤਾਂ ਹੀ ਵਿਗਿਆਨ ਦੀ ਇਹ ਖੋਜ ਸਾਡੇ ਲਈ ਵਰਦਾਨ ਸਿੱਧ ਹੋ ਸਕਦੀ ਹੈ ਕਿਉਂਕਿ ਕਹਿੰਦੇ ਹਨ ਕਿ ਵਧੇਰੇ ਮਾਤਰਾ ਵਿਚ ਤਾਂ ਖਾਧੀ ਚੀਨੀ (ਖੰਡ) ਵੀ ਜ਼ਹਿਰ ਦਾ ਕੰਮ ਕਰਦੀ ਹੈ।