ਮਰਿਆਦਾ ਤੇ ਰਹਿਤ ਮਰਿਆਦਾ
Published : May 16, 2018, 6:14 am IST
Updated : May 17, 2018, 6:36 pm IST
SHARE ARTICLE
Giani Gurbachan Singh
Giani Gurbachan Singh

''ਬੜੀ ਦੇਰ ਤੋਂ ਇੰਜ ਹੀ ਚਲਦਾ ਆ ਰਿਹਾ ਹੈ'' ਵਰਗੀਆਂ ਹੁੱਜਤਾਂ ਦਾ ਕੈਂਸਰ ਜੋ ਸਿੱਖੀ ਨੂੰ ਲਗਾ ਦਿਤਾ ਗਿਆ ਹੈ...

ਜਦੋਂ ਵੀ ਕਦੇ ਸਿੱਖਾਂ ਦੇ ਭਲੇ ਦੀ ਗੱਲ ਚੱਲੇ ਤਾਂ ਸਾਡੇ ਅਨਪੜ੍ਹ ਅਤੇ ਜਾਹਿਲ 'ਜਥੇਦਾਰ' ਅਤੇ ਉਨ੍ਹਾਂ ਨਾਲ ਘਿਉ-ਖਿਚੜੀ 'ਸੰਤ ਬਾਬੇ' ਮਰਿਆਦਾ ਦੇ ਕੁੱਛੜ ਚੜ੍ਹ ਕੇ ਸਿੱਖ ਸਿਧਾਂਤਾਂ ਦੀ ਬੇੜੀ ਵਿਚ ਵੱਟੇ ਧਰ ਦਿੰਦੇ ਹਨ। ਮੁੱਖ ਤੌਰ ਤੇ ਇਸ ਦੇ ਦੋ ਕਾਰਨ ਮੰਨੇ ਜਾ ਸਕਦੇ ਹਨ।
ਪਹਿਲਾ: ਸ਼ਾਤਰ ਸਿੱਖ ਦੁਸ਼ਮਣਾਂ ਦੀਆਂ ਚਾਲਾਂ, ਜਿਨ੍ਹਾਂ ਨੂੰ ਸਿੱਖੀ ਇਸ ਦੀ ਹੋਂਦ ਹੀ ਫੁੱਟੀ ਅੱਖ ਨਹੀਂ ਭਾਉਂਦੀ ਅਤੇ ਉਹ ਸਿੱਖਾਂ ਨੂੰ ਆਪਸ ਵਿਚ ਲੜਾਉਣ ਦਾ ਅਤੇ ਸਿੱਖ ਸਿਧਾਂਤਾਂ ਦੇ ਜੜ੍ਹੀਂ ਤੇਲ ਦੇਣ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ।


ਦੂਜਾ: ਗ਼ਰਜ਼ਾਂ ਮਾਰੇ ਜਥੇਦਾਰ ਅਤੇ ਉਨ੍ਹਾਂ ਦੇ ਮਤਲਬਪ੍ਰਸਤ ਆਕਾ, ਜਿਨ੍ਹਾਂ ਨੂੰ ਅਪਣੀ ਕੁਰਸੀ ਖ਼ਾਤਰ ਸਿੱਖ ਕੌਮ ਦੀ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਵਿਚ ਕੋਈ ਪ੍ਰਹੇਜ਼ ਨਹੀਂ।
ਵੇਖਿਆ ਜਾਵੇ ਤਾਂ ਮਰਿਆਦਾ ਜਾਂ ਕੋਈ ਕਾਨੂੰਨ ਸਮਾਜ ਦੇ ਭਲੇ ਲਈ ਬਣਾਏ ਜਾਂਦੇ ਹਨ। ਜਿਹੜੀ ਮਰਿਆਦਾ ਜਾਂ ਕਾਨੂੰਨ ਕਿਸੇ ਕੌਮ ਲਈ ਜਾਂ ਮਨੁੱਖਤਾ ਲਈ ਕਲਿਆਣਕਾਰੀ ਨਹੀਂ, ਉਹ ਅੱਗ ਲਾ ਕੇ ਫੂਕਣ ਲਾਇਕ ਹੈ। ਕੁਦਰਤ ਵਲੋਂ ਬਣਾਏ ਕਾਨੂੰਨ ਜਾਂ ਗੁਰੂਆਂ ਵਲੋਂ ਸਥਾਪਤ ਮਰਿਆਦਾ ਨੂੰ ਛੱਡ ਕੇ ਮਨੁੱਖਾਂ (ਭਾਵੇਂ ਉਹ ਕਿੰਨੇ ਵੀ ਸਿਆਣੇ ਕਿਉਂ ਨਾ ਹੋਣ) ਵਲੋਂ ਬਣਾਈ ਕੋਈ ਵੀ ਮਰਿਆਦਾ ਵਿਚ ਸੋਧ ਦੀ ਗੁੰਜਾਇਸ਼ ਰਹਿੰਦੀ ਹੈ ਅਤੇ ਰਹਿਣੀ ਚਾਹੀਦੀ ਹੈ। ਇਸ ਲਈ ਮਰਿਆਦਾ ਜਾਂ ਰਹਿਤ ਮਰਿਆਦਾ ਦੇ ਨਾਂ ਤੇ ਕਿਸੇ ਨੂੰ ਵੀ ਅਤੇ ਕਿਸੇ ਨਾਲ ਵੀ ਧੱਕਾ ਕਰਨ ਦੀ ਆਗਿਆ ਨਹੀਂ ਦਿਤੀ ਜਾ ਸਕਦੀ।


ਸਾਡੇ ਘੜੰਮ ਚੌਧਰੀ ਸਿੱਖ ਮਸਲਿਆਂ ਪ੍ਰਤੀ ਦੇਸੀ ਅਤੇ ਵਿਦੇਸ਼ੀ ਸਰਕਾਰਾਂ ਦੀਆਂ ਵਿਖਾਵੇ ਦੀਆਂ ਲਿਲ੍ਹਕੜੀਆਂ ਕਢਦੇ ਤਾਂ ਅਕਸਰ ਵੇਖੇ ਜਾ ਸਕਦੇ ਹਨ ਅਤੇ ਬਿਆਨਬਾਜ਼ੀ ਪੱਖੋਂ ਇਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਨ ਪਰ ਕੌਮ ਦੇ ਭਲੇ ਲਈ ਸਿਆਣਿਆਂ ਨਾਲ ਬੈਠ ਕੇ ਅਤੇ ਗੁਰਬਾਣੀ ਤੋਂ ਸੇਧ ਲੈ ਕੇ ਕਦੇ ਵੀ ਕਿਸੇ ਸਾਰਥਕ ਨਤੀਜੇ ਤੇ ਪੁੱਜਣ ਲਈ ਸੁਹਿਰਦਤਾ ਨਹੀਂ ਵਿਖਾਉਂਦੇ। ਵਿਖਾਉਣ ਵੀ ਕਿਉਂ? ਉਨ੍ਹਾਂ ਦਾ ਹਲਵਾ ਮੰਡਾ ਤਾਂ ਮਸਲਿਆਂ ਨੂੰ ਲਟਕਾਉਣ ਨਾਲ ਹੀ ਚਲਦਾ ਹੈ। ਇਸ ਲਈ ਉਹ ਨਹੀਂ ਚਾਹੁੰਦੇ ਕਿ ਅਪਣੇ ਆਕਾਵਾਂ ਨੂੰ ਨਾਰਾਜ਼ ਕਰ ਕੇ ਕਿਸੇ ਵੀ ਮਸਲੇ ਦਾ ਹੱਲ ਕੀਤਾ ਜਾਵੇ ਭਾਵੇਂ ਹੀ ਉਹ ਹੱਲ ਕਿੰਨਾ ਵੀ ਸਾਦਾ ਅਤੇ ਸਪੱਸ਼ਟ ਨਜ਼ਰ ਆ ਰਿਹਾ ਹੋਵੇ। ਉਹ ਤਾਂ ਸਗੋਂ ਹਰ ਮਸਲੇ ਨੂੰ, ਮਰਿਆਦਾ, ਪੁਰਾਤਨ ਮਰਿਆਦਾ, ਪੁਰਾਣੀ ਰੀਤ ਜਾਂ ਇਵੇਂ ਹੀ ਚਲਦਾ ਆ ਰਿਹਾ ਕਹਿ ਕੇ ਗਧੀ ਗੇੜ ਵਿਚ ਪਾਈ ਰਖਦੇ ਹਨ। 


ਭਾਵੇਂ ਸਿੱਖ ਸਰੋਕਾਰਾਂ ਦੀ ਫ਼ਹਿਰਿਸਤ ਬੜੀ ਲੰਮੀ ਹੈ ਪਰ ਇਥੇ ਕੁੱਝ ਚਲੰਤ ਅਤੇ ਭਖਦੇ ਮਸਲਿਆਂ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ। 
ਅਕਾਲ ਤਖ਼ਤ ਤੋਂ ਧਮਕੀਆਂ: ਸਿੱਖਾਂ ਦੀ ਸੁਪ੍ਰੀਮ ਕੋਰਟ ਕਹੇ ਜਾਂਦੇ ਪਵਿੱਤਰ ਅਸਥਾਨ ਅਕਾਲ ਤਖ਼ਤ ਨੂੰ ਸਾਡੇ ਚੌਧਰੀਆਂ ਨੇ ਥਾਣੇ ਦਾ ਰੂਪ ਦੇ ਦਿਤਾ ਹੈ। ਇਥੋਂ ਸਿੱਖ ਪੰਥ ਨੂੰ ਰਲ-ਮਿਲ ਕੇ ਇਕੱਠੇ ਬੈਠਣ ਦੇ ਸੰਦੇਸ਼ ਘੱਟ ਪਰ ਤਲਬ ਕਰਨ, ਸਪੱਸ਼ਟੀਕਰਨ ਦੇਣ, ਤਨਖ਼ਾਹ ਲਾਉਣ ਅਤੇ ਸਿੱਖੀ ਵਿਚੋਂ ਛੇਕ ਦੇਣ ਦੇ ਸੰਦੇਸ਼, ਆਦੇਸ਼ ਜਾਂ ਹੁਕਮਨਾਮੇ ਵੱਧ ਜਾਰੀ ਕੀਤੇ ਜਾਂਦੇ ਹਨ। ਇਨ੍ਹਾਂ ਦੇ ਵਿਰੋਧ ਵਿਚ, ਪਰ ਗੁਰਬਾਣੀ ਦੀ ਰੌਸ਼ਨੀ ਵਿਚ, ਕੀਤੀ ਕੋਈ ਵਿਚਾਰ ਜਾਂ ਚਰਚਾ ਇਨ੍ਹਾਂ ਨੂੰ ਹਜ਼ਮ ਨਹੀਂ ਹੁੰਦੀ ਅਤੇ ਸਬੰਧਤ ਸੱਜਣ ਨੂੰ ਬਿਨਾਂ ਕਿਸੇ ਸ਼ਿਕਾਇਤ ਪੇਸ਼ੀ ਲਈ ਬੁਲਾ ਲੈਂਦੇ ਹਨ।

ਇਸ ਦੇ ਉਲਟ ਇਨ੍ਹਾਂ ਦੇ ਮਾਲਕਾਂ ਤੇ ਉਨ੍ਹਾਂ ਦੇ ਹਮ-ਨਿਵਾਲਾ ਲੋਕਾਂ ਵਿਚੋਂ ਕਿਸੇ ਵਲੋਂ ਕੀਤੇ ਕਿਸੇ ਗੁਨਾਹ ਦੀ ਲਿਖਤੀ ਸ਼ਿਕਾਇਤ ਹੋਣ ਤੇ ਵੀ ਇਨ੍ਹਾਂ ਦੇ ਬੁੱਲ੍ਹ ਸੀਤੇ ਜਾਂਦੇ ਹਨ ਜਾਂ ਫਿਰ ਸ਼ਿਕਾਇਤ ਨੂੰ ਵੱਟੇ ਖਾਤੇ ਪਾਉਣ ਲਈ ਕਿਸੇ ਕਮੇਟੀ ਦੇ ਹਵਾਲੇ ਕਰ ਦਿੰਦੇ ਹਨ। ਤੁਸੀ ਅਖ਼ਬਾਰ, ਟੀ.ਵੀ. ਜਾਂ ਕਿਸੇ ਹੋਰ ਮਾਧਿਅਮ ਰਾਹੀਂ ਲੱਖ ਸਪੱਸ਼ਟੀਕਰਨ  ਦੇ ਲਉ, ਉਹ ਇਸ ਨੂੰ ਪ੍ਰਵਾਨ ਨਹੀਂ ਕਰਦੇ ਸਗੋਂ ਅਪਣੀ ਬਣਾਈ ਕਚਹਿਰੀ ਵਿਚ ਪੇਸ਼ ਹੋਣ ਦਾ ਹੁਕਮ ਚਾੜ੍ਹ ਦਿੰਦੇ ਹਨ। ਅਸਲ ਵਿਚ ਇਹ ਆਪ ਕਿਸੇ ਮਰਿਆਦਾ ਨੂੰ ਨਹੀਂ ਮੰਨਦੇ ਸਗੋਂ ਅਜਿਹੀ ਕੋਈ ਮਰਿਆਦਾ ਹੈ ਹੀ ਨਹੀਂ ਜਿਸ ਅਧੀਨ ਕਿਸੇ ਸਿੱਖ ਨੂੰ ਇਸ ਤਰ੍ਹਾਂ ਪੇਸ਼ੀ ਲਈ ਬੁਲਾਇਆ ਜਾ ਸਕੇ।

ਅਕਾਲ ਤਖ਼ਤ ਤੇ ਬੈਠ ਕੇ ਪੇਸ਼ੀ ਅਤੇ ਛੇਕ ਦੇਣ ਦੀਆਂ ਧਮਕੀਆਂ ਦੇਣ ਵਾਲੇ ਨਾ ਸਿਰਫ਼ ਅਕਾਲ ਤਖ਼ਤ ਦੇ ਗੁਨਾਹਗਾਰ ਹਨ ਸਗੋਂ ਕਾਨੂੰਨ ਦੀਆਂ ਨਜ਼ਰਾਂ ਵਿਚ ਧਾਰਮਕ ਭਾਵਨਾਵਾਂ ਭੜਕਾਉਣ ਅਤੇ ਸਮਾਜ ਵਿਚੋਂ ਛੇਕ ਦੇਣ ਦੀਆਂ ਧਮਕੀਆਂ ਦੇਣ ਲਈ ਜ਼ਾਬਤਾ ਫ਼ੌਜਦਾਰੀ ਹੇਠ ਸਜ਼ਾ ਦੇ ਹੱਕਦਾਰ ਹਨ। ਮੈਂ ਉਸ ਵੇਲੇ ਦੀ ਉਡੀਕ ਵਿਚ ਹਾਂ ਜਦੋਂ ਕੋਈ ਸਿੱਖ ਇਨ੍ਹਾਂ ਦੀ ਅਜਿਹੀ ਹਰਕਤ ਲਈ ਇਨ੍ਹਾਂ ਨੂੰ ਅਦਾਲਤ ਵਿਚ ਘਸੀਟੇਗਾ ਅਤੇ ਇਹ ਇਕ ਮੁਜਰਮ ਵਾਂਗ ਅਪਣੀ ਜ਼ਮਾਨਤ ਦਾ ਪ੍ਰਬੰਧ ਕਰਦੇ ਨਜ਼ਰ ਆਉਣਗੇ।


ਹਰਿਮੰਦਰ ਸਾਹਿਬ ਵਿਖੇ ਬੀਬੀਆਂ ਵਲੋਂ ਕੀਰਤਨ: ਨਿਰਸੰਦੇਹ ਦਰਬਾਰ ਸਾਹਿਬ ਸਿੱਖਾਂ ਦੀ ਆਸਥਾ ਦਾ ਸੱਭ ਤੋਂ ਵੱਡਾ ਕੇਂਦਰੀ ਅਸਥਾਨ ਹੈ ਪਰ ਇਹ ਵੀ ਉਸੇ ਤਰ੍ਹਾਂ ਦਾ ਰੱਬ ਦਾ ਘਰ ਹੈ ਜਿਸ ਤਰ੍ਹਾਂ ਦੇ ਹੋਰ ਗੁਰੂ ਘਰ ਜਾਂ ਧਾਰਮਕ ਅਸਥਾਨ ਹਨ। ਉਂਜ ਨਾ ਤਾਂ ਰੱਬ ਨੇ ਅਪਣੇ ਲਈ ਕੋਈ ਖ਼ਾਸ ਘਰ ਬਣਾ ਰਖਿਆ ਹੈ ਅਤੇ ਨਾ ਹੀ ਕਿਸੇ ਆਮ ਇਨਸਾਨ ਜਾਂ ਕਿਸੇ ਮਹਾਂਪੁਰਖ ਵਲੋਂ ਬਣਾਏ ਅਸਥਾਨ ਨੂੰ ਉਸ ਦਾ ਪੱਕਾ ਟਿਕਾਣਾ ਕਿਹਾ ਜਾ ਸਕਦਾ ਹੈ। ਉਹ ਤਾਂ ਸਰਬ ਵਿਆਪਕ ਹੈ। ਫਿਰ ਵੀ ਜੇ ਉਸ ਨੂੰ ਕਿਸੇ ਘਰ ਦੇ ਅੰਦਰ ਹੀ ਵੇਖਣਾ ਚਾਹੋ ਤਾਂ ਉਸ ਨੂੰ ਉਸ ਦੇ ਅਪਣੇ ਬਣਾਏ ਘਰ ਭਾਵ ਮਨੁੱਖ ਦੇ ਹਿਰਦੇ ਵਿਚ ਪੱਕਾ ਆਸਣ ਜਮਾਏ ਹੋਏ ਵੇਖਿਆ ਜਾ ਸਕਦਾ ਹੈ।

ਮੇਰੇ ਨਾਲ ਚਰਚਾ ਕਰਦਿਆਂ ਇਕ ਵਿਦਵਾਨ ਮੈਨੂੰ ਦੱਸ ਰਿਹਾ ਸੀ ਕਿ ਹਰ ਥਾਂ ਦੀ ਅਪਣੀ ਮਹਾਨਤਾ ਅਤੇ ਮਾਨਤਾ ਹੁੰਦੀ ਹੈ ਅਤੇ ਉਸ ਦੀਆਂ ਅਪਣੀਆਂ ਤਰੰਗਾਂ ਹੁੰਦੀਆਂ ਹਨ। ਇਸ ਲਈ ਕਿਸੇ ਹੋਰ ਗੁਰੂ ਘਰ ਨੂੰ ਹਰਿਮੰਦਰ ਸਾਹਿਬ ਦੇ ਬਰਾਬਰ ਦਾ ਦਰਜਾ ਨਹੀਂ ਦਿਤਾ ਜਾ ਸਕਦਾ। ਮੈਂ ਅਜਿਹੀ ਕਿਸੇ ਤੁਲਨਾ ਦੇ ਹੱਕ ਵਿਚ ਨਹੀਂ ਪਰ ਏਨੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਜਿਹੀਆਂ ਤਰੰਗਾਂ ਕਿਸੇ ਇਮਾਰਤ ਵਿਚੋਂ ਨਹੀਂ ਬਲਕਿ ਉਥੇ ਸਿਰਜੇ ਗਏ ਵਾਤਾਵਰਣ ਵਿਚੋਂ ਉਠਦੀਆਂ ਹਨ। ਜਦੋਂ ਕਦੇ ਕੋਈ ਸਿਰਫਿਰਿਆ ਮੱਸਾ ਰੰਘੜ ਏਨੇ ਵੱਡੇ ਰੂਹਾਨੀ ਅਸਥਾਨ ਤੇ ਬੈਠ ਜਾਵੇ ਤਾਂ ਮਨ ਨੂੰ ਖਿੱਚ ਪਾਉਣ ਵਾਲੀਆਂ ਤਰੰਗਾਂ ਨੂੰ ਅਲੋਪ ਹੁੰਦਿਆਂ ਦੇਰ ਨਹੀਂ ਲਗਦੀ।

ਰਹੀ ਗੱਲ ਰਹਿਮੰਦਰ ਸਾਹਿਬ ਵਿਚ ਬੀਬੀਆਂ ਵਲੋਂ ਕੀਰਤਨ ਕਰਨ ਦੀ ਤਾਂ ਕੋਈ ਮਰਿਆਦਾ ਜਾਂ ਰਹਿਤ ਮਰਿਆਦਾ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਦੀ। ਜੇ ਕੋਈ ਰੋਕਦਾ ਹੈ, ਤਾਂ ਉਹ ਹੈ ਸਾਡੇ ਅਜੋਕੇ ਮਹੰਤਾਂ ਦਾ ਅਹੰਮ। ਗੁਰੂ ਬਾਬੇ ਨੇ ਤਾਂ ਔਰਤ ਨੂੰ ਰਾਜਿਆਂ ਦੀ ਜਨਨੀ ਕਹਿ ਕੇ ਮਰਦ ਤੋਂ ਉੱਚਾ ਦਰਜਾ ਦਿਤਾ ਸੀ ਪਰ ਸਾਡੇ ਮਹੰਤ ਉੱਚਾ ਤਾਂ ਕੀ ਅਪਣੇ ਬਰਾਬਰ ਦਾ ਦਰਜਾ ਦੇਣ ਤੋਂ ਵੀ ਆਕੀ ਹਨ। ਬੀਬੀਆਂ ਨੂੰ ਛੋਟਾ ਵਿਖਾਉਣ ਲਈ ਹੀ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਦੀ ਆਗਿਆ ਨਹੀਂ ਦਿਤੀ ਜਾ ਰਹੀ।

ਇਸ ਤਰ੍ਹਾਂ ਕਰ ਕੇ ਇਹ ਚੌਧਰੀ ਗੁਰੂ ਦੀ ਅਵੱਗਿਆ ਦੇ ਦੋਸ਼ੀ ਹਨ ਜਾਂ ਫਿਰ ਉਹ ਅਪਣੇ ਆਪ ਨੂੰ ਗੁਰੂ ਤੋਂ ਵੱਡਾ ਸਮਝਣ ਲੱਗ ਪਏ ਹਨ। ਵੇਖਿਆ ਜਾਵੇ ਤਾਂ ਵੱਡੇ ਪੰਥਕ ਇਕੱਠਾਂ ਜਾਂ ਕੀਰਤਨ ਦਰਬਾਰਾਂ ਵਿਚ ਤਾਂ ਬੀਬੀਆਂ ਦੇ ਕੀਰਤਨ ਕਰਨ ਤੇ ਕੋਈ ਪਾਬੰਦੀ ਨਹੀਂ ਫਿਰ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨਾ ਕਿਵੇਂ ਇਕ ਗੁਨਾਹ ਬਣ ਜਾਂਦਾ ਹੈ? ਇਨ੍ਹਾਂ ਚੌਧਰੀਆਂ ਵਿਚੋਂ ਨਿਜੀ ਤੌਰ ਤੇ ਬਹੁਤ ਸਾਰੇ ਬੀਬੀਆਂ ਦੇ ਕੀਰਤਨ ਕਰਨ ਦੇ ਹੱਕ ਵਿਚ ਵੀ ਹੋਣਗੇ। ਪਰ ਉਹ ਦੂਜੀ ਧਿਰ ਦੀਆਂ ਨਜ਼ਰਾਂ ਵਿਚ ਗੁਨਾਹਗਾਰ ਬਣਨ ਨੂੰ ਤਿਆਰ ਨਹੀਂ ਜਾਪਦੇ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਬੀਬੀਆਂ ਦੇ ਕੀਰਤਨ ਕਰਨ ਨਾਲ ਕੋਈ ਭੁਚਾਲ ਆ ਜਾਏਗਾ, ਕੌਮ ਦੀ ਬਦਨਾਮੀ ਹੋ ਜਾਏਗੀ, ਗੁਰੂ ਨਾਰਾਜ਼ ਹੋ ਜਾਏਗਾ ਜਾਂ ਫਿਰ ਰੱਬ ਹੀ ਰੁੱਸ ਜਾਏਗਾ? ਜੇ ਨਹੀਂ ਤਾਂ ਜਥੇਦਾਰੋ ਅਪਣੀ ਅਕਲ ਨੂੰ ਹੱਥ ਮਾਰੋ ਅਤੇ ਮਰ ਚੁੱਕੀ ਜ਼ਮੀਰ ਨੂੰ ਜਗਾਉ। ਬੀਬੀਆਂ ਨੂੰ ਉਨ੍ਹਾਂ ਦਾ ਖੋਹਿਆ ਹੋਇਆ ਹੱਕ ਆਵਾਜ਼ ਮਾਰ ਕੇ ਦਿਉ ਅਤੇ ਅਪਣੇ ਤੋਂ ਹੋਈ ਭੁੱਲ ਨੂੰ ਸੁਧਾਰੋ। ਕਈ ਵਾਰੀ ਆਮ ਸਿੱਖ ਅਪਣੀ ਨਾਸਮਝਦੀ ਕਰ ਕੇ ਵੀ ਕਿਸੇ ਆਮ ਗੱਲ ਨੂੰ ਮਸਲਾ ਬਣਾ ਕੇ ਇਨ੍ਹਾਂ ਕੋਲੋਂ ਹੱਲ ਕਰਵਾਉਣ ਤੁਰ ਪੈਂਦੇ ਹਨ। ਮਿਸਾਲ ਦੇ ਤੌਰ ਤੇ ਕੁੱਝ ਬੀਬੀਆਂ ਵਲੋਂ ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਅੰਮ੍ਰਿਤ ਛਕਾਉਣ ਦੇ ਅਧਿਕਾਰ ਦੀ ਮੰਗ ਕਰਨਾ, ਜਿਹੜਾ ਰਹਿਤ ਮਰਿਆਦਾ ਵਿਚ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਪ੍ਰਾਪਤ ਹੈ। 


ਲੜੀਵਾਰ ਅਖੰਡ ਪਾਠ: ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਨੂੰ ਬਿਨਾਂ ਵਿਚਾਰੇ ਪੜ੍ਹਨਾ ਨਾ ਕੋਈ ਗੁਣ ਹੈ ਅਤੇ ਨਾ ਹੀ ਕੋਈ ਉਪਕਾਰ ਕਿਉਂਕਿ ਗੁਰਬਾਣੀ ਕੋਈ ਮੰਤਰ ਨਹੀਂ। ਇਥੋਂ ਤਕ ਕਿ ਵਿਚਾਰ ਕੇ ਪੜ੍ਹਨ ਤੋਂ ਬਾਅਦ ਵੀ ਜੇ ਜੀਵਨ ਨੂੰ ਗੁਰਬਾਣੀ ਅਨੁਸਾਰ ਨਹੀਂ ਬਣਾਇਆ ਤਾਂ ਨਾ ਪੜ੍ਹਨ ਦਾ ਕੋਈ ਫ਼ਾਇਦਾ ਨਾ ਵਿਚਾਰਨ ਦਾ। ਠੀਕ ਉਸੇ ਤਰ੍ਹਾਂ ਜਿਵੇਂ ਕੋਈ ਵਕੀਲ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਵੀ ਕਾਨੂੰਨ ਅਨੁਸਾਰ ਵਿਹਾਰ ਨਾ ਕਰੇ। ਅੱਜਕਲ ਸਿੱਖਾਂ ਵਿਚ ਅਖੰਡ ਪਾਠ ਕਰਾਉਣਾ ਇਕ ਫ਼ੈਸ਼ਨ ਬਣ ਗਿਆ ਹੈ।

ਅਖੰਡ ਪਾਠ ਕਰਵਾਉਣ ਦੇ ਹਾਮੀ ਕਈ ਸ਼ਰਧਾਵਾਨ ਸੱਜਣ ਮਾਣ ਨਾਲ ਦਸਦੇ ਹਨ, ''ਵੇਖੋ ਜੀ ਅਸੀ ਤਾਂ ਚੋਟੀ ਦੇ ਅਖੰਡ ਪਾਠੀ ਬੁੱਕ ਕੀਤੇ ਹਨ ਜਿਹੜੇ ਬੜੀ ਸ਼ਰਧਾ ਨਾਲ, ਲਗਾਂ ਮਾਤ੍ਰਾਂ ਦਾ ਖ਼ਿਆਲ ਰਖਦੇ ਹੋਏ ਬੜੇ ਪਿਆਰ ਨਾਲ ਬਾਣੀ ਪੜ੍ਹਦੇ ਹਨ। ਉਮੀਦ ਹੈ ਉਹ ਵਿਚਾਰਦੇ ਵੀ ਹੋਣਗੇ। ਅਸੀ ਵੀ ਜਿੰਨਾ ਹੋ ਸਕੇ ਪ੍ਰਵਾਰ ਸਮੇਤ ਬਾਣੀ ਸ੍ਰਵਣ ਕਰਦੇ ਹਾਂ।'' ਸੋਚਣ ਵਾਲੀ ਗੱਲ ਇਹ ਹੈ ਕਿ ਫ਼ਰੰਟੀਅਰ ਮੇਲ ਦੀ ਸਪੀਡ ਨਾਲ ਪੜ੍ਹੀ ਬਾਣੀ ਕਿੰਨੀ ਕੁ ਵਿਚਾਰੀ ਜਾ ਸਕਦੀ ਹੈ ਅਤੇ ਕਿੰਨੀ ਕੁ ਸਮਝੀ ਜਾ ਸਕਦੀ ਹੈ? ਉਂਜ ਗੁਰਬਾਣੀ ਦੇ ਇਕ ਵਾਕ ਨੂੰ ਸਮਝਣ ਅਤੇ ਕਮਾਉਣ ਲਈ ਇਕ ਜੀਵਨ ਵੀ ਲੱਗ ਸਕਦਾ ਹੈ ਅਤੇ ਇਕ ਜੀਵਨ ਬਦਲ ਵੀ ਸਕਦਾ ਹੈ। 


ਕਿਨਕਾ ਏਕ ਜਿਸੁ ਜੀਅ ਬਸਾਵੈ 
ਤਾ ਕੀ ਮਹਿਮਾ ਗਨੀ ਨ ਆਵੈ।
ਭਾਵੇਂ ਗੁਰਬਾਣੀ ਵਿਚ ਵੇਦਾਂ ਨੂੰ ਪੜ੍ਹਨਾ ਫੋਕਟ ਕਰਮ ਦਸਿਆ ਗਿਆ ਹੈ ਫਿਰ ਵੀ ਵੇਦਾਂ ਨੂੰ ਬਗ਼ੈਰ ਵਿਚਾਰੇ ਝੂਠਾ ਕਹਿਣ ਵਾਲਿਆਂ ਨੂੰ ਤਾੜਨਾ ਵੀ ਕੀਤੀ ਗਈ ਹੈ। 
ਬੇਦ ਕਤੇਬ ਕਹਹੁ ਮਤ ਝੂਠੇ ਝੂਠ ਜੋ ਨਾ ਬਿਚਾਰੈ। 

ਦੂਜੇ ਪਾਸੇ ਸੰਸਾਰ ਦੇ ਸੱਭ ਤੋਂ ਵੱਡੇ ਪੰਡਿਤ ਅਤੇ ਵੇਦਾਂ ਦੇ ਗਿਆਤਾ ਨੂੰ ਮੂਰਖ ਦਸਿਆ ਹੈ ਜਿਹੜਾ ਵੇਦਾਂ ਨੂੰ ਪੜ੍ਹਨ ਤੋਂ ਅੱਗੇ ਨਾ ਵੱਧ ਸਕਿਆ। 
ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ।
ਜਾਂ 
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ 
ਇਨ ਪੜ੍ਹਿਆ ਮੁਕਤਿ ਨ ਹੋਈ। 


ਭਾਵ ਵੇਦਾਂ, ਕਤੇਬਾਂ, ਸਿਮ੍ਰਿਤੀਆਂ ਅਤੇ ਸ਼ਾਸਤਰਾਂ ਨੂੰ ਸਿਰਫ਼ ਪੜ੍ਹਨ ਨਾਲ ਹੀ ਕੋਈ ਭਲਾ ਨਹੀਂ ਹੋ ਸਕਦਾ, ਭਲਾ ਸਿਰਫ਼ ਇਨ੍ਹਾਂ ਵਿਚਲੇ ਗਿਆਨ ਨੂੰ ਵਿਚਾਰਾਂ ਅਤੇ ਅਮਲੀ ਜੀਵਨ ਵਿਚ ਕਮਾਉਣ ਨਾਲ ਹੀ ਹੁੰਦਾ ਹੈ। ਨਾਰੀ ਤਾਂ ਮਨ ਦੀ ਹਉਮੈ ਹੀ ਵਧੇਗੀ। ਫ਼ੁਰਮਾਨ ਹੈ:
ਜੇਤਾ ਪੜਿਆ ਤੇਤਾ ਕੜਿਆ


ਜੇ ਪੜ੍ਹਨ ਨਾਲ ਹੀ ਗੱਲ ਬਣਨੀ ਹੁੰਦੀ ਤਾਂ ਸਾਰੀ ਉਮਰ ਅਖੰਡ ਪਾਠਾਂ ਦੀਆਂ ਰੋਲਾਂ ਲਾਉਣ ਵਾਲੇ ਸਿੰਘ ਸਾਰੇ ਦੇ ਸਾਰੇ ਬ੍ਰਹਮਗਿਆਨੀ ਹੁੰਦੇ। ਪਰ ਨਹੀਂ, ਉਹ ਤਾਂ ਆਮ ਸਾਧਾਰਣ ਸਿੱਖਾਂ ਵਾਂਗ ਹੀ ਵਿਕਾਰਾਂ ਵਿਚ ਗ੍ਰਸਤ ਨਜ਼ਰ ਆਉਂਦੇ ਹਨ। ਰਹਿਤ ਮਰਿਆਦਾ ਵਿਚ ਭਾਵੇਂ ਅਖੰਡ ਪਾਠ ਕਰਨ ਦੀ ਵਿਧੀ ਵਿਧਾਨ ਦਰਜ ਹੈ ਪਰ ਕਿਤੇ ਵੀ ਇਸ ਨੂੰ ਜ਼ਰੂਰੀ ਇਕਰਾਰ ਨਹੀਂ ਦਿਤਾ ਹੋਇਆ। ਰਹੀ ਗੱਲ ਅਖੰਡ ਪਾਠਾਂ ਦੀਆਂ ਲੜੀਆਂ ਦੀ, ਇਸ ਨਾਲ ਸਿੱਖਾਂ ਦਾ ਕੋਈ ਭਲਾ ਹੋਣ ਵਾਲਾ ਨਹੀਂ। ਹਾਂ ਇਸ ਨਾਲ ਬਾਬਿਆਂ ਨੂੰ ਮੋਟਾ ਚੜ੍ਹਾਵਾ ਅਤੇ ਪਾਠੀ ਸਿੰਘਾਂ ਨੂੰ ਰੁਜ਼ਗਾਰ ਮਿਲਦਾ ਰਹੇਗਾ। ਜਾਗੋ ਸਿੱਖੋ ਜਾਗੋ। 


ਆਰਤੀ: ਸਿੱਖਾਂ ਲਈ ਰਹਿਤ ਮਰਿਆਦਾ ਇਕ ਪਵਿੱਤਰ ਦਸਤਾਵੇਜ਼ ਹੈ। ਇਸ ਵਿਚ ਕਿਸੇ ਵਿਅਕਤੀ, ਸੰਗਠਨ, ਡੇਰੇ ਜਾਂ ਬਾਬੇ ਨੂੰ ਤਬਦੀਲੀ ਕਰਨ ਦਾ ਕੋਈ ਅਧਿਕਾਰ ਨਹੀਂ। ਹਾਂ ਲੋੜ ਪੈਣ ਤੇ ਪੰਥ ਦੀ ਇਕਮਤ ਰਾਏ ਨਾਲ ਇਸ ਵਿਚ ਤਬਦੀਲੀ ਕਰਨਾ ਕੋਈ ਗੁਨਾਹ ਨਹੀਂ। ਇਸ ਵੇਲੇ ਕਈ ਡੇਰੇਦਾਰ ਸੰਪ੍ਰਦਾਵਾਂ ਅਤੇ ਟਕਸਾਲਾਂ, ਇਥੋਂ ਤਕ ਕਿ ਪੰਜਾਬ ਤੋਂ ਬਾਹਰਲੇ ਤਖ਼ਤ ਅਪਣੀ ਬਣਾਈ ਹੋਈ ਮਰਿਆਦਾ ਨੂੰ ਲਾਗੂ ਕਰ ਕੇ ਰਹਿਤ ਮਰਿਆਦਾ ਨੂੰ ਸਿੱਧਾ ਚੈਲੰਜ ਕਰ ਰਹੇ ਹਨ। ਉਹ ਅਪਣੀ ਲੋੜ ਅਤੇ ਸਹੂਲਤ ਅਨੁਸਾਰ ਰਹਿਤ ਮਰਿਆਦਾ ਅਤੇ ਅਪਣੀ ਬਣਾਈ ਮਰਿਆਦਾ ਵਿਚੋਂ ਕਿਸੇ ਇਕ ਦੀ ਚੋਣ ਕਰ ਲੈਂਦੇ ਹਨ।

ਪੁੱਛਣ ਤੇ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਇਹ ਤਾਂ ਪੁਰਾਤਨ ਸਮੇਂ ਤੋਂ ਇਵੇਂ ਹੀ ਚਲਿਆ ਆ ਰਿਹਾ ਹੈ। ਇਹ 'ਚਲਿਆ ਆ ਰਿਹਾ' ਦਾ ਜੁਮਲਾ ਭਲੇ ਹੀ ਗੁਰੂ ਦੀ ਅਵੱਗਿਆ ਹੀ ਕਿਉਂ ਨਾ ਕਰ ਰਿਹਾ ਹੋਵੇ। ਗੁਰਬਾਣੀ ਵਿਚ ਰੱਬ ਦੀ ਪੂਜਾ ਦੀ ਨਹੀਂ ਰੱਬ ਨਾਲ ਪ੍ਰੀਤ ਦੀ ਗੱਲ ਕੀਤੀ ਗਈ ਹੈ। ਇਸੇ ਲਈ ਗੁਰੂ ਬਾਬੇ ਨੇ ਆਰਤੀ ਪ੍ਰਥਾਇ ਧਨਾਸਰੀ ਰਾਗ ਵਿਚ ਉਚਾਰੇ ਸ਼ਬਦ ਨਾਲ ਅਸਲੀ ਆਰਤੀ ਦਾ ਮਤਲਬ ਸਮਝਾਇਆ ਪਰ ਸਿੱਖਾਂ ਨੇ ਤਾਂ ਜਿਵੇਂ ਸਹੁੰ ਖਾਧੀ ਹੋਈ ਹੈ ਕਿ ਜਿਨ੍ਹਾਂ ਗੱਲਾਂ ਤੋਂ ਸਾਨੂੰ ਵਰਜਿਆ ਗਿਆ ਸੀ ਅਸੀ ਦੁਗਣੇ ਜੋਸ਼ ਨਾਲ ਉਹੀ ਪੰਡਿਤਾਂ ਵਾਲੀ ਮਰਿਆਦਾ ਨੂੰ ਦੁਹਰਾਉਂਦੇ ਰਹਾਂਗੇ।

ਵੇਖੋ ਤਖ਼ਤ ਹਜ਼ੂਰ ਸਾਹਿਬ ਵਿਖੇ ਕਿਵੇਂ ਜੋਸ਼ ਨਾਲ ਦੀਵਿਆਂ ਦਾ ਥਾਲ ਰੋਜ਼ ਘੁਮਾਇਆ ਜਾਂਦਾ ਹੈ। ਪੰਡਿਤ ਦੀ ਮਰਿਆਦਾ ਨੂੰ ਥੋੜ੍ਹੇ ਸੁਧਰੇ ਰੂਪ ਵਿਚ ਹਰਿਮੰਦਰ ਸਾਹਿਬ ਵਿਚ ਵੀ ਉਵੇਂ ਹੀ ਨਿਭਾਇਆ ਜਾ ਰਿਹਾ ਹੈ। ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ। ਲੋਕਾਂ ਨੂੰ ਮਰਿਆਦਾ ਦਾ ਪਾਠ ਪੜ੍ਹਾਉਣ ਵਾਲੇ ਆਪ ਮਰਿਆਦਾ ਨੂੰ ਕਦੋਂ ਮੰਨਣਾ ਸ਼ੁਰੂ ਕਰਨਗੇ?


ਰਾਗ ਮਾਲਾ: ਰਾਗ ਮਾਲਾ ਦੇ ਨਾਂ ਤੇ ਵੀ ਵੱਖ ਵੱਖ ਧਿਰਾਂ ਵਿਚ ਟਕਰਾਅ ਚਲਿਆ ਆਉਂਦਾ ਹੈ। ਕਈ ਇਸ ਨੂੰ ਗੁਰੂ ਕ੍ਰਿਤ ਆਖੀ ਜਾਂਦੇ ਹਨ ਅਤੇ ਕੋਈ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਰਚੀ ਗਈ ਇਕ ਸਾਧਾਰਣ ਜਹੀ 'ਕਵਿਤਾ' ਅਤੇ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰ ਦਿਤੇ ਗਏ ਹੋਣ ਦਾ ਦਾਅਵਾ ਕਰਦਾ ਹੈ। ਜਿਥੇ ਗੁਰਬਾਣੀ ਗੁਰੂ ਦੀ ਅਤੇ ਰੱਬ ਦੀ ਗੱਲ ਕਰਦੀ ਹੈ, ਰਾਗਮਾਲਾ ਕੇਵਲ ਰਾਗਾਂ ਦੀ ਗੱਲ ਕਰਦੀ ਹੈ। ਇਸ ਤਰ੍ਹਾਂ ਇਹ ਗੁਰਬਾਣੀ ਹੋਣ ਦੇ ਮਾਪਦੰਡ ਉਤੇ ਪੂਰੀ ਨਹੀਂ ਉਤਰਦੀ।

ਜਿਹੜੇ ਲੋਕ ਲਗਾਤਾਰ ਇਹ ਝੂਠ ਬੋਲੀ ਜਾ ਰਹੇ ਹਨ ਕਿ ਰਾਗਮਾਲਾ ਗੁਰੂਕ੍ਰਿਤ ਹੈ, ਜੇ ਉਨ੍ਹਾਂ ਦੀ ਗੱਲ ਮੰਨ ਵੀ ਲਈ ਜਾਵੇ ਤਾਂ ਉਹ ਦੱਸਣ ਕਿ ਇਸ ਵਿਚੋਂ ਮਨੁੱਖਤਾ ਲਈ ਕੀ ਸੁਨੇਹਾ ਮਿਲਦਾ ਹੈ ਅਤੇ ਇਹ ਸਿੱਖ ਨੂੰ ਗੁਰੂ ਅਤੇ ਰੱਬ ਨਾਲ ਕਿਵੇਂ ਜੋੜਦੀ ਹੈ? ਸਿੱਖਾਂ ਲਈ ਸੱਭ ਤੋਂ ਵੱਧ ਭਰੋਸੇਮੰਦ ਦਸਤਾਵੇਜ਼ ਸਿੱਖ ਰਹਿਤ ਮਰਿਆਦਾ ਅਨੁਸਾਰ ਵੀ ਇਹ ਗੁਰਬਾਣੀ ਨਹੀਂ ਕਿਉਂਕਿ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਮੁੰਦਾਵਣੀ ਉਤੇ ਪਾਉਣ ਦੀ ਗੱਲ ਕਹੀ ਗਈ ਹੈ।

ਇਹ ਵਖਰੀ ਗੱਲ ਹੈ ਕਿ ਸਿੱਖਾਂ ਨੂੰ ਦੁਬਿਧਾ ਵਲ ਧਕਦੇ ਹੋਏ ਇਹ ਛੋਟ ਵੀ ਦਿਤੀ ਹੋਈ ਹੈ ਕਿ ਉਹ ਚਾਹੁਣ ਤਾਂ ਸਥਾਨਕ ਰੀਤੀ ਅਨੁਸਾਰ ਰਾਗਮਾਲਾ ਪੜ੍ਹ ਕੇ ਭੋਗ ਪਾ ਸਕਦੇ ਹਨ। ਰਹਿਤ ਮਰਿਆਦਾ ਵਿਚ ਛੱਡੀ ਇਹ ਉਕਾਈ ਹੀ ਅਸਲ ਵਿਚ ਝਗੜੇ ਦੀ ਜੜ੍ਹ ਹੈ। ਸਿੱਖਾਂ ਦੀ ਇਹ ਤ੍ਰਾਸਦੀ ਰਹੀ ਹੈ ਕਿ ਉਹ ਅਮਲੀ ਜੀਵਨ ਵਿਚ ਆਈ ਕਿਸੇ ਬੁਰਾਈ ਨੂੰ ਵੀ ਸਿਰਫ਼ ਇਸ ਲਈ ਛੱਡਣ ਲਈ ਤਿਆਰ ਨਹੀਂ ਹੁੰਦੇ ਕਿ ਇਸ ਨਾਲ ਉਨ੍ਹਾਂ ਦੀ ਹੇਠੀ ਹੁੰਦੀ ਹੈ। ਇਸ ਲਈ ਉਹ ਉਨ੍ਹਾਂ ਵਿਚ ਆ ਚੁੱਕੀ ਹਰ ਬਿਮਾਰੀ ਦਾ ਤਕੜੇ ਹੋ ਕੇ ਸਾਥ ਦਿੰਦੇ ਹਨ।

ਸਿੱਖਾਂ ਦੀਆਂ ਅੱਖਾਂ ਖੋਲ੍ਹਣ ਲਈ ਭਾਈ ਕਿਸ਼ਨ ਸਿੰਘ ਜੀ ਦੀ ਲਿਖੀ ਕਿਤਾਬ 'ਸਿੱਖੀ ਸਿਧਾਂਤ ਸਮੀਖਿਆ' ਵਿਚੋਂ ਕੁੱਝ ਹਵਾਲੇ ਹੇਠਾਂ ਦਿਤੇ ਜਾ ਰਹੇ ਹਨ:
1. ਗੁਰਬਾਣੀ ਇਕੱਤੀ ਰਾਗਾਂ ਵਿਚ ਲਿਖੀ ਗਈ ਹੈ। ਛੇ ਰਾਗ ਅਜਿਹੇ ਹਨ ਜਿਹੜੇ ਇਨ੍ਹਾਂ ਮੁੱਖ ਰਾਗਾਂ ਵਿਚੋਂ ਹੀ ਮਿਲਾ ਕੇ ਗਾਉਣ ਦੀ ਹਦਾਇਤ ਹੈ। ਇਨ੍ਹਾਂ ਰਾਗਾਂ ਦੀ ਕੋਈ ਪਤਨੀ ਜਾਂ ਪੁੱਤਰ ਨਹੀਂ। ਰਾਗਮਾਲਾ ਵਿਚ ਰਾਗਾਂ ਦੀਆਂ ਪਤਨੀਆਂ ਅਤੇ ਪੁੱਤਰਾਂ ਸਮੇਤ ਗਿਣਤੀ ਚੁਰਾਸੀ ਹੈ। 
2. ਗੁਰਬਾਣੀ ਵਿਚ ਸ਼੍ਰੀ ਰਾਗ ਪਹਿਲਾ ਰਾਗ ਹੈ। ਰਾਗਮਾਲਾ ਭੈਰਉ ਨੂੰ ਪਹਿਲਾ ਰਾਗ ਮੰਨਦੀ ਹੈ। 
3. ਗੁਰਬਾਣੀ ਵਿਚ ਦਰਜ, ਮਾਝ, ਰਾਮਕਲੀ, ਪਰਭਾਤੀ, ਬਿਹਾਗੜਾ, ਵਡਹੰਸ, ਤੁਖਾਰੀ, ਨਟ ਨਾਰਾਇਣ, ਜੈਜਾਵੰਤੀ, ਮਾਲੀ ਗਾਉੜਾ, ਜੈਤਸਰੀ ਆਦਿ ਰਾਗਾਂ ਦਾ ਨਾਂ ਰਾਗਮਾਲਾ ਵਿਚ ਦਰਜ ਨਹੀਂ। ਦੂਜੇ ਪਾਸੇ ਰਾਗਮਾਲਾ ਵਿਚ ਖ਼ਾਸ ਤੌਰ ਤੇ ਅੰਕਿਤ ਛੇ ਰਾਗਾਂ ਵਿਚੋਂ ਤਿੰਨ, ਮਾਲਕਉਸਕ, ਦੀਪਕ ਅਤੇ ਮੇਘਰਾਜ ਗੁਰਬਾਣੀ ਵਿਚ ਦਰਜ ਨਹੀਂ ਹਨ। ਵਿਚਾਰੋ ਸਿੱਖੋ ਵਿਚਾਰੋ। 


ਦਸਮ ਗ੍ਰੰਥ: ਸਮੁੱਚਾ ਸਿੱਖ ਪੰਥ ਇਕਮਤ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪਣ ਕੀਤੀ ਸੀ। ਇਸ ਗੱਲ ਵਿਚ ਵੀ ਕੋਈ ਵਿਵਾਦ ਨਹੀਂ ਕਿ ਉਨ੍ਹਾਂ ਦੇ ਜੀਵਨਕਾਲ ਵਿਚ ਦਸਮ ਗ੍ਰੰਥ ਜਾਂ ਕਿਸੇ ਹੋਰ ਗ੍ਰੰਥ ਦੀ ਕੋਈ ਹੋਂਦ ਨਹੀਂ ਸੀ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਦਰਜਾ ਪ੍ਰਾਪਤ ਹੋਵੇ। ਦਸਮ ਗ੍ਰੰਥ ਸਿੱਖਾਂ ਦੇ ਗਲ ਕਿਸ ਨੇ ਅਤੇ ਕਦੋਂ ਮੜ੍ਹਿਆ ਇਹ ਵਖਰੀ ਖੋਜ ਦਾ ਵਿਸ਼ਾ ਹੈ। ਰਹਿਤ ਮਰਿਆਦਾ ਅਨੁਸਾਰ ਵੀ ਸਿੱਖਾਂ ਦੇ ਮੌਜੂਦਾ ਅਤੇ ਜੁਗੋ ਜੁੱਗ ਅਟੱਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ।

ਜਿਹੜੇ ਲੋਕ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾ ਕੇ ਬਰਾਬਰ ਪ੍ਰਕਾਸ਼ ਕਰਵਾ ਰਹੇ ਹਨ ਉਹ ਸ਼ਾਇਦ ਨਹੀਂ ਸਮਝਦੇ ਜਾਂ ਨਹੀਂ ਸਮਝਣਾ ਚਾਹੁੰਦੇ ਕਿ ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜੇ ਵਿਚ ਤਾਂ ਕੋਈ ਫ਼ਰਕ ਨਹੀਂ ਆਉਂਦਾ ਪਰ ਇਸ ਨਾਲ ਗੁਰੂ ਦੀ ਤੌਹੀਨ ਜ਼ਰੂਰ ਹੁੰਦੀ ਹੈ। ਵੈਸੇ ਤਾਂ ਦਸਮ ਗ੍ਰੰਥ ਨਾਂ ਵਾਲੀ ਕਿਤਾਬ ਦੀ ਗੁਰਬਾਣੀ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਫਿਰ ਵੀ ਜੇ ਕਿਸੇ ਧਿਰ ਨੂੰ ਇਸ ਵਿਚੋਂ ਕੋਈ ਕਲਿਆਣਕਾਰੀ ਸਿਖਿਆ ਮਿਲਦੀ ਹੈ ਤਾਂ ਉਨ੍ਹਾਂ ਨੂੰ ਇਸ ਕਿਤਾਬ ਨੂੰ ਗੁਰਦਵਾਰਿਆਂ ਵਿਚੋਂ ਹਟਾ ਕੇ ਅਪਣੇ ਘਰਾਂ ਵਿਚ ਅਰਥਾਂ ਸਮੇਤ ਪੜ੍ਹਨ ਅਤੇ ਅਪਣੇ ਪ੍ਰਵਾਰਾਂ ਨੂੰ ਪੜ੍ਹਾਉਣ ਦੀ ਸਲਾਹ ਦਿਤੀ ਜਾ ਸਕਦੀ ਹੈ।

ਸ਼ਾਇਦ ਇਸ ਕਿਤਾਬ ਨੂੰ ਪੜ੍ਹ ਕੇ ਉਨ੍ਹਾਂ ਦਾ ਜੀਵਨ ਸਫ਼ਲ ਹੋ ਜਾਵੇ। ਆਖ਼ਰ ਸਾਡਾ ਮਕਸਦ ਜੀਵਨ ਨੂੰ ਸੁਖਾਲਾ ਅਤੇ ਸਫ਼ਲ ਬਣਾਉਣਾ ਹੀ ਤਾਂ ਹੈ। ਹਾਂ, ਸਿੱਖਾਂ ਨੂੰ ਇਸ 'ਨਕਲੀ ਗੁਰੂ' ਨੂੰ ਮੱਥੇ ਨਹੀਂ ਟਿਕਵਾਉਣੇ ਚਾਹੀਦੇ। ਪਤਾ ਨਹੀਂ ਸਿੱਖ ਅਸਲੀ ਗੁਰੂ ਦੀ ਪਛਾਣ ਕਦੋਂ ਕਰਨਗੇ?


ਅੰਮ੍ਰਿਤ ਸੰਚਾਰ: ਅੰਮ੍ਰਿਤ ਸੰਚਾਰ ਦੇ ਮਾਮਲੇ ਵਿਚ ਵੀ ਸਿੱਖ ਰਹਿਤ ਮਰਿਆਦਾ ਕੁੱਝ ਹੋਰ ਕਹਿੰਦੀ ਹੈ ਜਦਕਿ ਬਾਬਿਆਂ, ਡੇਰਿਆਂ, ਸੰਪ੍ਰਦਾਵਾਂ ਅਤੇ ਟਕਸਾਲਾਂ ਦੀ ਅਪਣੀ ਅਪਣੀ ਮਰਿਆਦਾ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਖੰਡੇ ਦੀ ਪਾਹੁਲ ਤਿਆਰ ਕਰਨ ਵੇਲੇ ਜਿਹੜੀਆਂ ਪੰਜ ਬਾਣੀਆਂ ਪੜ੍ਹਨ ਦੀ ਹਦਾਇਤ ਕੀਤੀ ਗਈ ਹੈ ਉਨ੍ਹਾਂ ਵਿਚੋਂ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲਈਆਂ ਗਈਆਂ ਹਨ ਅਤੇ ਤਿੰਨ ਦਸਮ ਗ੍ਰੰਥ ਵਿਚੋਂ। ਰਹਿਤ ਮਰਿਆਦਾ ਅਨੁਸਾਰ ਸਿੱਖਾਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਇਸ ਦੇ ਬਰਾਬਰ ਕਿਸੇ ਹੋਰ ਗ੍ਰੰਥ ਨੂੰ ਮਾਨਤਾ ਨਹੀਂ ਦਿਤੀ ਗਈ।

ਫਿਰ ਪਤਾ ਨਹੀਂ ਲਕੀਰ ਦੇ ਫ਼ਕੀਰ ਬਣਦੇ ਹੋਏ ਤਿੰਨ ਬਾਣੀਆਂ ਦਸਮ ਗ੍ਰੰਥ ਵਿਚੋਂ ਲੈ ਲਈਆਂ ਗਈਆਂ। ਇਸ ਤਰ੍ਹਾਂ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੋਟਾ ਵਿਖਾਇਆ ਗਿਆ ਹੈ। ਸਿੱਖ ਰਹਿਤ ਮਰਿਆਦਾ ਬਣਾਉਣ ਵੇਲੇ ਅਣਜਾਣਪੁਣੇ ਵਿਚ ਹੋਈ ਇਸ ਗ਼ਲਤੀ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਕਈ ਸੱਜਣ ਕਹਿੰਦੇ ਹਨ ਕਿ ਜੇ ਅੰਮ੍ਰਿਤ ਸੰਸਕਾਰ ਦੀਆਂ ਬਾਣੀਆਂ ਵਿਚ ਕੋਈ ਤਬਦੀਲੀ ਕੀਤੀ ਗਈ ਤਾਂ ਹੁਣ ਤੋਂ ਪਹਿਲਾਂ ਕੀਤੇ ਗਏ ਸਾਰੇ ਅੰਮ੍ਰਿਤ ਸੰਸਕਾਰ ਬੇਮਾਅਨੇ ਹੋ ਜਾਣਗੇ। ਇਸ ਤਰ੍ਹਾਂ ਦਾ ਭਰਮ ਬੇਲੋੜਾ ਹੈ ਕਿਉਂਕਿ ਅੰਮ੍ਰਿਤ ਛਕਣ ਵੇਲੇ ਪੰਜ ਕਕਾਰ ਧਾਰਨ ਕਰਨ ਅਤੇ ਦਸੀਆਂ ਰਹਿਤਾਂ ਉਤੇ ਅਮਲ ਕਰਨ ਦਾ ਪ੍ਰਣ ਹਮੇਸ਼ਾ ਬਰਕਰਾਰ ਰਹੇਗਾ।

ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਬਾਣੀਆਂ ਕਿੰਨੀਆਂ ਪੜ੍ਹੀਆਂ ਗਈਆਂ ਹਨ। ਉਂਜ ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਦਾ ਨਾਂ ਬਾਅਦ ਵਿਚ ਦਿਤਾ ਗਿਆ ਹੈ, ਇਥੋਂ ਤਕ ਕਿ ਬਾਣੀ ਤੋਂ ਬਿਨਾਂ ਕੋਈ ਹੋਰ ਵਸਤੂ ਅੰਮ੍ਰਿਤ ਹੋ ਹੀ ਨਹੀਂ ਸਕਦੀ। ਫ਼ੁਰਮਾਨ ਹੈ:
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ
ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤ ਨਾਹਿ।
ਜਾਂ 
ਨਾਨਕ ਅੰਮ੍ਰਿਤ ਮਨੈ ਮਾਹਿ ਤਿਨੀ ਪੀਤਾ ਰੰਗ 
ਸਿਉ ਜਿਨ ਕਉ ਲਿਖਿਆ ਆਹਿ
ਜਾਂ 
ਅੰਮ੍ਰਿਤ ਰਸੁ ਰਹਿ ਕੀਰਤਨੋ ਕੋ ਵਿਰਲਾ ਪੀਵੇ।


ਜਿਥੋਂ ਤਕ ਅੰਮ੍ਰਿਤ ਛਕਾਉਣ ਦੀ ਵਿਧੀ ਵਿਧਾਨ ਦਾ ਸਬੰਧ ਹੈ, ਸਿੱਖ ਰਹਿਤ ਮਰਿਆਦਾ ਵਿਚ ਤਾਂ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਵਾਲੇ ਪਿਆਰਿਆਂ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ਫਿਰ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਇਥੋਂ ਤਕ ਕਿ ਅਕਾਲ ਤਖ਼ਤ ਉਤੇ ਵੀ ਅੰਮ੍ਰਿਤ ਛਕਾਉਣ ਵਾਲੇ ਪਿਆਰਿਆਂ ਵਿਚੋਂ ਬੀਬੀਆਂ ਨਦਾਰਦ ਹਨ। ਕਿਹਾ ਜਾ ਸਕਦਾ ਹੈ ਕਿ ਹੋਰ ਡੇਰਿਆਂ-ਸੰਪ੍ਰਦਾਵਾਂ ਵਾਂਗ ਅਕਾਲ ਤਖ਼ਤ ਉਤੇ ਵੀ ਸਿੱਖ ਰਹਿਤ ਮਰਿਆਦਾ ਦੀ ਥਾਂ ਜਥੇਦਾਰਾਂ ਦੀ ਅਪਣੀ ਬਣਾਈ ਮਰਿਆਦਾ ਹੀ ਲਾਗੂ ਕੀਤੀ ਜਾਂਦੀ ਹੈ।


ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਕ ਤਾਂ ਪੱਕੇ ਪੰਜ ਪਿਆਰੇ ਰੱਖਣ ਦੀ ਥਾਂ, ਗ੍ਰੰਥੀ ਸਿੰਘਾਂ, ਕੀਰਤਨੀਆਂ ਜਾਂ ਹੋਰ ਤਿਆਰ ਬਰ ਤਿਆਰ ਸੇਵਾਦਾਰਾਂ ਵਿਚੋਂ ਅਦਲ-ਬਦਲ ਕੇ ਪੰਜ ਪਿਆਰੇ ਤਾਇਨਾਤ ਕੀਤੇ ਜਾਇਆ ਕਰਨ ਅਤੇ ਦੂਜਾ ਇਸ ਘਟਨਾ ਬਦਲੀ ਵੇਲੇ ਬੀਬੀਆਂ ਨੂੰ ਵੀ ਸ਼ਾਮਲ ਹੋਣ ਦਾ ਮੌਕਾ ਦਿਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਪਿੱਛੇ ਜਿਹੇ ਪੰਜ ਪਿਆਰਿਆਂ ਵਲੋਂ ਕੀਤੇ ਬਾਈਕਾਟ ਵਰਗੀ ਸਥਿਤੀ ਤੋਂ ਵੀ ਬਚਿਆ ਜਾ ਸਕੇਗਾ।


ਅੰਤ ਵਿਚ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਲੇਖ ਵਿਚ ਚੁੱਕੇ ਨੁਕਤੇ ਨਾ ਤਾਂ ਅਸਲੋਂ ਨਵੇਂ ਹਨ ਅਤੇ ਨਾ ਹੀ ਅਜਿਹਾ ਹੈ ਕਿ ਇਨ੍ਹਾਂ ਬਾਰੇ ਪਹਿਲਾਂ ਕਦੀ ਵਿਚਾਰ ਚਰਚਾ ਨਾ ਹੋਈ ਹੋਵੇ। ਮੇਰਾ ਮੰਤਵ ਇਨ੍ਹਾਂ ਨੁਕਤਿਆਂ ਨੂੰ ਸਿੱਖ ਚੇਤਿਆਂ ਵਿਚ ਜਗਾਉਣਾ ਅਤੇ ਇਨ੍ਹਾਂ ਦੇ ਸਾਰਥਕ ਹੱਲ ਲਈ ਸਮੂਹ ਸਿੱਖਾਂ ਨੂੰ ਸੁਚੇਤ ਕਰਨਾ ਹੈ। ਨਾ ਹੀ ਲੇਖ ਦਾ ਮਕਸਦ ਕਿਸੇ ਨੂੰ ਛੁਟਿਆਉਣਾ ਜਾਂ ਵਡਿਆਉਣਾ ਹੈ। ਫਿਰ ਵੀ ਜੇ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਇਥੇ ਕਹੀ ਹੋਈ ਕੋਈ ਗੱਲ ਅਣਸੁਖਾਵੀਂ ਲੱਗੇ ਤਾਂ ਲੇਖਕ ਬਗ਼ੈਰ ਸ਼ਰਤ ਖਿਮਾ ਜਾਚਨਾ ਦਾ ਪਾਤਰ ਹੋਵੇਗਾ। ਆਉ ਦੁਬਿਧਾ ਨੂੰ ਦੂਰ ਕਰੀਏ ਅਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਗਵਾਹ ਬਣੀਏ। 

ਹੋਇ ਇਕਤ੍ਰ ਮਿਲਉ ਮੇਰੇ ਭਾਈ
ਦੁਬਿਧਾ ਦੂਰ ਕਰਹੁ ਲਿਵ ਲਾਇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement