
1993 ਵਿਚ ਮੈਂ ਇਕ ਥਾਣੇ ਦਾ ਐੱਸ.ਐੱਚ.ਓ. ਲਗਾ ਹੋਇਆ ਸੀ...............
1993 ਵਿਚ ਮੈਂ ਇਕ ਥਾਣੇ ਦਾ ਐੱਸ.ਐੱਚ.ਓ. ਲਗਾ ਹੋਇਆ ਸੀ। ਉਹ ਥਾਣਾ ਹਰਿਆਣੇ ਦੀ ਹੱਦ ਨਾਲ ਲਗਦਾ ਹੋਣ ਕਾਰਨ ਉਸ ਇਲਾਕੇ ਵਿਚ ਭੁੱਕੀ ਦਾ ਧੰਦਾ ਬਹੁਤ ਚਲਦਾ ਸੀ। ਸਮਾਣੇ ਨਾਲ ਲਗਦੇ ਹਰਿਆਣੇ ਦੇ ਗੂਹਲੇ ਚੀਕੇ ਥਾਣੇ (ਜ਼ਿਲ੍ਹਾ ਕੈਥਲ) ਦੇ ਸਮੱਗਲਰ ਘੋੜੀਆਂ ਉਤੇ ਭੁੱਕੀ ਵੇਚਣ ਲਈ ਇਧਰ ਆਉਂਦੇ ਸਨ। ਇਕੱਲੇ ਇਕੱਲੇ ਸਮੱਗਲਰ ਉਤੇ ਦਰਜਨਾਂ ਮੁਕੱਦਮੇ ਦਰਜ ਸਨ, ਪਰ ਉਹ ਇਸ ਕੰਮ ਤੋਂ ਨਹੀਂ ਸਨ ਟਲਦੇ।
ਟਬਰਾਂ ਦੇ ਟੱਬਰ ਇਸ ਮੁਨਾਫ਼ਾਬਖ਼ਸ਼ ਧੰਦੇ ਵਿਚ ਲੱਗੇ ਹੋਏ ਸਨ। ਉਹ ਖ਼ਾਸ ਤੌਰ ਉਤੇ ਪਟਿਆਲੇ ਦੇ ਥਾਣਾ ਸਮਾਣਾ, ਘੱਗਾ, ਪਾਤੜਾਂ, ਜੁਲਕਾਂ ਤੇ ਜ਼ਿਲ੍ਹਾ ਸੰਗਰੂਰ ਦੇ ਥਾਣਾ ਖਨੌਰੀ, ਮੂਨਕ, ਲਹਿਰਾਗਾਗਾ, ਸੁਨਾਮ, ਭਵਾਨੀਗੜ੍ਹ ਤੇ ਦਿੜਬਾ ਵਿਚ ਭੁੱਕੀ ਸਪਲਾਈ ਕਰਦੇ ਸਨ। ਉਹ ਅਪਣੇ ਕੋਲ ਤਿੱਖੇ ਹਥਿਆਰ ਰਖਦੇ ਸਨ ਤੇ ਦਲੇਰ ਬਹੁਤ ਸਨ। ਇਕ ਦਫ਼ਾ ਇਕ ਸਿਪਾਹੀ ਨੇ ਘੋੜੀ ਦੀ ਲਗਾਮ ਫੜ ਲਈ ਤਾਂ ਉਸ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦਾ ਕੰਨ ਵੱਢ ਦਿਤਾ। ਉਹ ਬਹੁਤ ਹੀ ਸੁਰੱਖਿਅਤ ਤੇ ਵਿਗਿਆਨਕ ਵਿਧੀ ਨਾਲ ਭੁੱਕੀ ਵੇਚਦੇ ਸਨ।
ਉਨ੍ਹਾਂ ਦੇ ਆਉਣ ਤੋਂ ਦਿਹਾੜੀ ਪਹਿਲਾਂ ਹੀ ਪਿੰਡ ਵਿਚਲੇ ਉਨ੍ਹਾਂ ਦੇ ਮੁਖ਼ਬਰ ਖ਼ਬਰ ਫੈਲਾ ਦਿੰਦੇ ਸਨ ਕਿ ਫ਼ਲਾਣੇ ਦਿਨ ਜਹਾਜ਼ ਉਤਰਨਾ (ਭੁੱਕੀ ਆਉਣੀ) ਹੈ। ਫਿਰ ਉਹ ਕਿਸੇ ਉਜਾੜ ਜਗ੍ਹਾ ਉਤੇ ਰੁਕ ਕੇ, ਜਿਥੇ ਪੁਲਿਸ ਦਾ ਗੱਡੀ ਨਾ ਜਾ ਸਕਦੀ ਹੋਵੇ, ਅਰਾਮ ਨਾਲ ਭੁੱਕੀ ਵੇਚਦੇ ਸਨ। ਭੁੱਕੀ ਤੋਲ ਕੇ ਨਹੀਂ, ਸਗੋਂ ਲੀਟਰ ਦੇ ਡੱਬੇ ਨਾਲ ਮਿਣ ਕੇ ਵੇਚੀ ਜਾਂਦੀ ਸੀ। ਭੁੱਕੀ ਦੀਆਂ ਦੋ-ਦੋ ਬੋਰੀਆਂ ਘੋੜੀਆਂ ਉਤੇ ਲੱਦੀਆਂ ਹੁੰਦੀਆਂ ਸਨ। ਕਈ ਵਾਰ ਪੁਲਿਸ ਵਾਲੇ ਸਿਵਲ ਕਪੜੇ ਪਹਿਨ ਕੇ ਅਮਲੀਆਂ ਵਿਚ ਰਲ ਜਾਂਦੇ ਤੇ ਸਮੱਗਲਰਾਂ ਨੂੰ ਢਾਹ ਲੈਂਦੇ ਸਨ। ਉਨ੍ਹਾਂ ਇਸ ਮਸਲੇ ਦਾ ਵੀ ਹੱਲ ਲੱਭ ਲਿਆ। ਉਹ ਅਮਲੀਆਂ ਨੂੰ ਅਪਣੇ ਤੋਂ 30-40 ਗਜ਼ ਦੂਰ ਖੜਾ ਕਰ ਲੈਂਦੇ।
ਫਿਰ ਇਕੱਲੇ ਇਕੱਲੇ ਨੂੰ ਨਜ਼ਦੀਕ ਆਉਣ ਦਿੰਦੇ ਤੇ ਭੁੱਕੀ ਦੇ ਕੇ ਦੂਜੇ ਪਾਸੇ ਦੂਰ ਜਾਣ ਉਤੇ ਹੀ ਦੂਜੇ ਵਿਅਕਤੀ ਨੂੰ ਕੋਲ ਆਉਣ ਦਿੰਦੇ। ਇਸ ਕਾਰਨ ਪੁਲਿਸ ਵਾਲੇ ਇਕੱਠੇ ਹੋ ਕੇ ਉਨ੍ਹਾਂ ਉਤੇ ਹਮਲਾ ਨਹੀਂ ਕਰ ਸਕਦੇ ਸਨ। ਇਕੱਲੇ ਮੁਲਾਜ਼ਮ ਤੋਂ ਉਹ ਜ਼ਿਆਦਾ ਤਾਕਤਵਰ ਸਨ। ਗੋਲੀ ਤੋਂ ਉਹ ਡਰਦੇ ਨਹੀਂ ਸਨ ਕਿਉਂਕਿ ਇਕ ਦੋ ਥਾਵਾਂ ਉਤੇ ਪੁਲਿਸ ਭੁੱਕੀ ਸਮੱਗਲਰਾਂ ਨੂੰ ਗੋਲੀ ਮਾਰ ਬੈਠੀ ਸੀ ਤਾਂ ਬਹੁਤ ਵੱਡਾ ਪੰਗਾ ਪੈ ਗਿਆ ਸੀ। ਇਕ ਦਿਨ ਮੈਨੂੰ ਖ਼ਬਰ ਮਿਲੀ ਕਿ ਕੱਲ ਫਲਾਣੇ ਪਿੰਡ ਜਹਾਜ਼ ਉਤਰਨਾ ਹੈ। ਅਜਿਹੀਆਂ ਖ਼ਬਰਾਂ ਅਮਲੀ ਹੀ ਦਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਫੜੇ ਹੋਏ ਮਾਲ ਵਿਚੋਂ ਕੁੱਝ ਭੁੱਕੀ ਇਨਾਮ ਵਜੋਂ ਫ਼ਰੀ ਮਿਲ ਜਾਂਦੀ ਸੀ।
ਅਗਲੇ ਦਿਨ ਸਵੇਰੇ-ਸਵੇਰ ਮੈਂ 5-7 ਮੁਲਾਜ਼ਮ ਕੈਂਟਰ ਵਿਚ ਲੱਦ ਕੇ ਉਸ ਪਿੰਡ ਵਲ ਚਾਲੇ ਪਾ ਦਿਤੇ। ਸਰਦੀਆਂ ਦੇ ਦਿਨ ਸਨ ਤੇ ਦਿਨ ਅਜੇ ਚੜ੍ਹਿਆ ਹੀ ਸੀ। ਸਾਰੇ ਪਾਸੇ ਧੁੰਦ ਛਾਈ ਪਈ ਸੀ। ਮੁਖ਼ਬਰ ਨੇ ਦਸਿਆ ਕਿ ਸਮੱਗਲਰ ਫ਼ਲਾਣੀ ਸ਼ਮਸ਼ਾਨਘਾਟ ਵਿਚ ਭੁੱਕੀ ਵੇਚ ਰਹੇ ਹਨ। ਉਨ੍ਹਾਂ ਕੋਲ ਘੋੜੀਆਂ ਨਹੀਂ ਹਨ ਤੇ ਚਾਰੇ ਜਣੇ ਪੈਦਲ ਹੀ ਹਨ। ਉਥੇ ਗੱਡੀ ਨਹੀਂ ਜਾਣੀ ਕਿਉਂਕਿ ਰਸਤਾ ਬਹੁਤ ਖ਼ਰਾਬ ਹੈ। ਅਸੀ ਗੱਡੀ ਸਰਪੰਚ ਦੇ ਘਰ ਖੜੀ ਕੀਤੀ ਤੇ ਸ਼ਮਸ਼ਾਨ ਘਾਟ ਵਲ ਕੂਚ ਕਰ ਦਿਤਾ। ਧੁੰਦ ਕਾਰਨ ਬਹੁਤਾ ਦੂਰੋਂ ਵਿਖਾਈ ਨਹੀਂ ਸੀ ਦੇ ਰਿਹਾ। ਅਸੀ ਹੌਲੀ-ਹੌਲੀ ਅੱਗੇ ਵਧਦੇ ਗਏ।
ਜਦੋਂ ਉਹ 20-25 ਗਜ਼ ਰਹਿ ਗਏ ਤਾਂ ਉਨ੍ਹਾਂ ਦੀ ਨਿਗ੍ਹਾ ਸਾਡੇ ਉਤੇ ਪੈ ਗਈ। ਉਹ ਇਕ ਦਮ ਭੁੱਕੀ ਸੁੱਟ ਕੇ ਭੱਜ ਨਿਕਲੇ। ਮੈਂ ਪਿਸਤੌਲ ਲਹਿਰਾ ਕੇ ਲਲਕਾਰਾ ਮਾਰਿਆ, ''ਰੁਕ ਜਾਉ ਨਹੀਂ ਤਾਂ ਗੋਲੀ ਆਈ ਜੇ।” ਉਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਸੀ ਕਿ ਪੁਲਿਸ ਭੁੱਕੀ ਵਾਲਿਆਂ ਨੂੰ ਗੋਲੀ ਨਹੀਂ ਮਾਰਦੀ। ਉਨ੍ਹਾਂ ਵਿਚੋਂ ਇਕ, ਜੋ ਕਿ ਕੁੱਝ ਜ਼ਿਆਦਾ ਹੀ ਹੰਡਿਆ ਵਰਤਿਆ ਬਦਮਾਸ਼ ਲਗਦਾ ਸੀ, ਮੈਨੂੰ ਗਾਲ੍ਹ ਕੱਢ ਕੇ ਬੋਲਿਆ, ''ਮਾਰ ਪਿਉ ਨੂੰ ਜੇ ਹਿੰਮਤ ਹੈਗੀ ਆ।” ਗਾਲ੍ਹ ਸੁਣ ਕੇ ਮੇਰਾ ਕਲੇਜਾ ਫੂਕਿਆ ਗਿਆ। ਮੈਂ ਸਿਪਾਹੀਆਂ ਨੂੰ ਲਲਕਾਰਿਆ ਕਿ ਅੱਜ ਇਹ ਬਚ ਕੇ ਨਾ ਜਾਣ। ਸੜੇ ਬਲੇ ਸਿਪਾਹੀ ਉਨ੍ਹਾਂ ਦੇ ਪਿਛੇ ਪੈ ਗਏ।
ਪਰ ਇਕ ਪਾਸੇ ਰੋਜ਼ ਦੇ ਚੰਡੇ ਹੋਏ ਸਮੱਗਲਰ ਅਤੇ ਦੂਜੇ ਪਾਸੇ ਬੈਠ-ਬੈਠ ਕੇ ਪੋਲੀ ਹੋਈ ਪੁਲਿਸ, ਉਹ ਸਾਡੇ ਹੱਥ ਨਾ ਆਏ। ਪੁਲਿਸ ਪਾਰਟੀ ਨੂੰ ਸਾਹ ਚੜ੍ਹ ਗਿਆ। ਇਕ ਖਿਝੇ ਹੋਏੇ ਹੌਲਦਾਰ ਨੂੰ ਜਦੋਂ ਕੁੱਝ ਹੋਰ ਨਾ ਲੱਭਾ ਤਾਂ ਉਸ ਨੇ ਬੇਧਿਆਨੀ ਨਾਲ ਅਪਣੇ ਹੱਥ ਵਿਚ ਫੜਿਆ ਵਾਇਰਲੈੱਸ ਸੈੱਟ (ਵਾਕੀ ਟਾਕੀ) ਹੀ ਵਗ੍ਹਾ ਇਕ ਸਮੱਗਲਰ ਦੇ ਸਿਰ ਵਿਚ ਮਾਰਿਆ। ਉਹ ਸਮੱਗਲਰ ਸ਼ਾਇਦ ਕਦੇ ਕਿਤੇ ਕ੍ਰਿਕਟ ਦਾ ਪਲੇਅਰ ਹੁੰਦਾ ਸੀ। ਉਸ ਨੇ ਕਪਿਲ ਦੇਵ ਵਾਂਗ ਵਾਕੀ ਟਾਕੀ ਹਵਾ ਵਿਚ ਹੀ ਕੈਚ ਕਰ ਲਿਆ ਤੇ ਭੱਜ ਨਿਕਲਿਆ। ਸਾਡਾ ਕਲੇਜਾ ਮੂੰਹ ਨੂੰ ਆ ਗਿਆ। ਸਾਰੀ ਪੁਲਿਸ ਪਾਰਟੀ ਦੇ ਰੰਗ ਉੱਡ ਗਏ।
ਪੁਲਿਸ ਮਹਿਕਮੇ ਵਿਚ ਹਥਿਆਰ ਜਾਂ ਵਾਇਰਲੈੱਸ ਸੈੱਟ ਗੁੰਮ ਹੋ ਜਾਣਾ ਬਹੁਤ ਸੰਗੀਨ ਜੁਰਮ ਹੈ। ਫਿਰ ਜੇ ਕਿਤੇ ਵਾਇਰਲੈੱਸ ਸੈੱਟ ਸਮੱਗਲਰ ਖੋਹ ਕੇ ਲੈ ਜਾਣ ਤਾਂ ਬਚਾਅ ਦਾ ਕੋਈ ਖ਼ਾਨਾ ਹੀ ਨਹੀਂ ਹੈ। ਸਕਿੰਟਾਂ ਵਿਚ ਪਾਸਾ ਪਲਟ ਗਿਆ। ਸ਼ੇਰ ਵਾਂਗ ਦਹਾੜਨ ਵਾਲੀ ਪੁਲਿਸ ਪਾਰਟੀ ਇਕ ਦਮ ਬਕਰੀ ਬਣ ਗਈ। ਉਹ ਹੌਲਦਾਰ ਮਿਮਿਆਉਂਦਾ ਹੋਇਆ ਤਰਲੇ ਕੱਢਣ ਲੱਗਾ, ''ਓ ਭਰਾ ਮੇਰਾ ਸੈੱਟ ਮੋੜ ਦਿਉ। ਉਏ ਮੇਰੀ ਨੌਕਰੀ ਦਾ ਸਵਾਲ ਹੈ। ਤੁਸੀ ਸਾਡੇ ਇਲਾਕੇ ਵਿਚ ਭਾਵੇਂ ਹੋਰ 'ਜਹਾਜ਼' ਲਾਹ ਲਿਉ।” ਪਰ ਉਹ ਉਸ ਦੇ ਤਰਲੇ ਅਣਸੁਣੇ ਕਰ ਕੇ ਹਿਰਨ ਹੋ ਗਏ। ਅਸੀ ਵੀ ਹੌਲੀ-ਹੌਲੀ ਰੋਂਦੇ ਪਿਟਦੇ ਉਨ੍ਹਾਂ ਦੇ ਪਿਛੇ-ਪਿਛੇ ਭਜਦੇ ਗਏ।
ਅੱਧਾ ਕੁ ਕਿ.ਮੀ. ਅੱਗੇ ਜਾ ਕੇ ਵੇਖਿਆ ਕਿ ਸਮੱਗਲਰ ਵਾਕੀ ਟਾਕੀ ਇਕ ਟਾਹਲੀ ਨਾਲ ਟੰਗ ਗਏ ਸਨ। ਸਾਡੀ ਜਾਨ ਵਿਚ ਜਾਨ ਆਈ। ਹੌਲਦਾਰ ਨੇ ਭੱਜ ਕੇ ਸੈੱਟ ਲਾਹ ਲਿਆ। ਕਈ ਮਹੀਨਿਆਂ ਬਾਅਦ ਜਦੋਂ ਉਹ ਸਮੱਗਲਰ ਫੜੇ ਗਏ ਤਾਂ ਅਸੀ ਉਨ੍ਹਾਂ ਨੂੰ ਪੁਛਿਆ ਕਿ ਉਹ ਸੈੱਟ ਕਿਉਂ ਛੱਡ ਗਏ ਸਨ? ਉਨ੍ਹਾਂ ਦਸਿਆ ਕਿ ਇਕ ਤਾਂ ਉਹ ਡਰ ਗਏ ਸਨ ਕਿ ਹੁਣ ਸਾਰੇ ਇਲਾਕੇ ਦੀ ਪੁਲਿਸ ਉਨ੍ਹਾਂ ਦੇ ਪਿਛੇ ਪੈ ਜਾਵੇਗੀ।
ਦੂਜਾ ਉਨ੍ਹਾਂ ਨੇ ਸੈੱਟ ਦੇ ਬਥੇਰੇ ਬਟਨ ਮਰੋੜੇ ਪਰ ਉਹ ਬੋਲਣੋ ਨਾ ਹਟਿਆ। ਉਨ੍ਹਾਂ ਨੂੰ ਕਿਸੇ ਨੇ ਡਰਾ ਦਿਤਾ ਸੀ ਕਿ ਇਸ ਰਾਹੀਂ ਪੁਲਿਸ ਤੁਹਾਡੀਆਂ ਸਾਰੀਆ ਗੱਲਾਂ ਸੁਣ ਲਵੇਗੀ। ਇਹ ਸੁਣ ਕੇ ਮੈਂ ਸਾਰੇ ਮੁਲਾਜ਼ਮਾਂ ਨੂੰ ਅੱਗੇ ਤੋਂ ਅਪਣੇ ਅਸਤਰ ਸ਼ਸ਼ਤਰ ਚੰਗੀ ਤਰ੍ਹਾਂ ਸੰਭਾਲਣ ਦੀ ਸਖ਼ਤ ਹਦਾਇਤ ਕੀਤੀ ਤੇ ਖ਼ੁਦ ਵੀ ਸਾਰੀ ਨੌਕਰੀ ਇਸ ਦੀ ਪਾਲਣਾ ਕੀਤੀ। ਸੰਪਰਕ : 95011-00062