
ਦੇਸ਼ ਕੌਮ ਤੋਂ ਆਪਾ ਵਾਰਨ ਵਾਲੇ ਸੂਰਬੀਰ ਯੋਧਿਆਂ 'ਚ ਜਿਥੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਯੋਧਿਆਂ ਦੇ ਨਾਂ ਇਤਿਹਾਸ
ਦੇਸ਼ ਕੌਮ ਤੋਂ ਆਪਾ ਵਾਰਨ ਵਾਲੇ ਸੂਰਬੀਰ ਯੋਧਿਆਂ 'ਚ ਜਿਥੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਯੋਧਿਆਂ ਦੇ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਅੰਕਿਤ ਹੋਏ ਮਿਲਦੇ ਹਨ, ਇਸੇ ਤਰ੍ਹਾਂ ਦੇਸ਼ ਕੌਮ ਦਾ ਭਵਿੱਖ ਸਿਰਜਣ ਵਾਲੇ ਰਾਸ਼ਟਰ ਨਿਰਮਾਤਾ ਅਤੇ ਮਾਸਟਰ ਤਬਕੇ ਦੇ ਇਕੋ-ਇਕ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦਾ ਨਾਂ ਵੀ ਹਮੇਸ਼ਾਂ ਚਮਕਦਾ ਰਹੇਗਾ।
Master Karnail Singh Isru
ਸ਼ਹੀਦ ਮਾਸਟਰ ਕਰਨੈਲ ਸਿੰਘ ਜਿਸ ਨੇ 15 ਅਗੱਸਤ 1955 ਨੂੰ ਭਾਰਤ ਦੇ ਇਕ ਟੁਕੜੇ (ਗੋਆ, ਦਮਨ, ਦਿਉ) ਜਿਸ 'ਤੇ ਅਜੇ ਵੀ ਪੁਰਤਗਾਲੀਆਂ ਦਾ ਕਬਜ਼ਾ ਸੀ, ਦੀ ਆਜ਼ਾਦੀ ਲਈ ਅਪਣਾ ਬਲੀਦਾਨ ਦਿਤਾ। ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦਾ ਜਨਮ 1929 ਨੂੰ ਚੱਕ ਨੰਬਰ 50, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਬਾਪੂ ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਪਵਿੱਤਰ ਕੁੱਖ ਤੋਂ ਹੋਇਆ।
File Photo
ਮੁਢਲੀ ਵਿਦਿਆ ਖ਼ੁਸ਼ਪੁਰ ਦੇ ਮਿਸ਼ਨਰੀ ਸਕੂਲ ਤੋਂ ਪ੍ਰਾਪਤ ਕੀਤੀ, ਜਿਥੇ ਉਨ੍ਹਾਂ ਦੇ ਵੱਡੇ ਭਰਾ ਤਖ਼ਤ ਸਿੰਘ ਹੈੱਡਮਾਸਟਰ ਲੱਗੇ ਹੋਏ ਸਨ। ਪਿਤਾ ਜੀ ਚੱਕ ਨੰਬਰ 50 ਵਿਚ ਹੀ ਸਰੀਰ ਛੱਡ ਗਏ ਸਨ ਤੇ ਦੇਸ਼ ਦੀ ਵੰਡ ਸਮੇਂ ਮਾਤਾ ਹਰਨਾਮ ਕੌਰ ਪ੍ਰਵਾਰ ਸਮੇਤ ਪਿੰਡ ਈਸੜੂ ਆ ਗਏ। ਪਾਕਿਸਤਾਨ ਤੋਂ ਆ ਕੇ ਮਾਸਟਰ ਤਖ਼ਤ ਸਿੰਘ ਜ਼ਿਲ੍ਹਾ ਬੋਰਡ ਹਾਈ ਸਕੂਲ ਸ਼ੇਰੇ ਵਾਲਾ ਵਿਚ ਹੈੱਡਮਾਸਟਰ ਲੱਗ ਗਏ।
ਕਰਨੈਲ ਸਿੰਘ ਵੀ ਉਥੇ ਹੀ ਪੜ੍ਹਨ ਲੱਗ ਗਿਆ। ਸਕੂਲੀ ਸਿਖਿਆ ਹਾਸਲ ਕਰਦੇ ਸਮੇਂ ਕਰਨੈਲ ਸਿੰਘ ਅਪਣੇ ਭਰਾ ਤਖ਼ਤ ਸਿੰਘ ਦੀਆਂ ਉਰਦੂ ਤੇ ਪੰਜਾਬੀ 'ਚ ਲਿਖੀਆਂ ਨਜ਼ਮਾਂ ਸਕੂਲ ਦੇ ਹਰ ਸਮਾਗਮ ਮੌਕੇ ਪੜ੍ਹਦਾ ਹੁੰਦਾ ਸੀ। ਸੁਭਾਅ ਤੋਂ ਸੁਤੰਤਰ ਹੋਣ ਕਰ ਕੇ ਕਰਨੈਲ ਸਿੰਘ ਅਪਣੀ ਮਾਤਾ ਕੋਲ ਈਸੜੂ ਆ ਗਿਆ ਅਤੇ ਖੰਨੇ ਦੇ ਖ਼ਾਲਸਾ ਸਕੂਲ ਵਿਚ ਦਾਖ਼ਲਾ ਲੈ ਕੇ ਕਰਨੈਲ ਸਿੰਘ ਹਰ ਰੋਜ਼ 24 ਕਿਲੋਮੀਟਰ ਆਉਣ ਜਾਣ ਦਾ ਰਸਤਾ ਪੈਦਲ ਚੱਲ ਕੇ ਵੀ ਜਮਾਤਾਂ 'ਚੋਂ ਹਮੇਸ਼ਾ ਮੋਹਰੀ ਆਉਂਦਾ ਰਿਹਾ।
Master Karnail Singh Isru
ਇਸੇ ਦੌਰਾਨ ਉਹ ਸਟੂਡੈਂਟਸ ਫ਼ੈਡਰੇਸ਼ਨ ਦਾ ਸਰਗਰਮ ਮੈਂਬਰ ਬਣ ਗਿਆ। ਇਸ ਸਮੇਂ ਵਿਚ ਹੀ ਸਰਕਾਰ ਵਲੋਂ ਫ਼ੀਸਾਂ 'ਚ ਕੀਤੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਵਲੋਂ ਸੰਘਰਸ਼ ਦਾ ਬਿਗਲ ਵਜਾ ਦਿਤਾ ਗਿਆ। ਖੰਨਾ ਇਲਾਕੇ ਦੇ ਵਿਦਿਆਰਥੀਆਂ ਦੀ ਕਮਾਂਡ ਕਰਨੈਲ ਸਿੰਘ ਨੇ ਸੰਭਾਲੀ ਜਿਸ ਪਿਛੋਂ ਉਸ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ ਤੇ ਉਹ ਛੋਟੇ ਮੋਟੇ ਸਿਆਸੀ ਜਲਸਿਆਂ 'ਚ ਭਾਗ ਲੈਣ ਲਗ ਪਿਆ।
ਪਿੰਡ 'ਚ ਸੂਰਜ ਡੁੱਬਣ ਪਿਛੋਂ ਪੀਪੇ ਵਜਾ ਕੇ ਡੋਂਡੀ ਪਿੱਟ ਕੇ ਲੋਕਾਂ ਨੂੰ ਇਕੱਠੇ ਕਰ ਲੈਂਦਾ ਤੇ ਜੋਸ਼ੀਲੇ ਭਾਸ਼ਣ, ਕਵਿਤਾਵਾਂ ਤੇ ਗੀਤ ਆਦਿ ਸੁਣਾ ਕੇ ਅਪਣੇ ਖ਼ਿਆਲਾਂ ਅਤੇ ਵਿਚਾਰਾਂ ਦੁਆਰਾ ਜਾਗ੍ਰਿਤ ਕਰਦਾ। ਪਿੰਡ 'ਚ ਗੁਰਪੁਰਬ ਮਨਾਏ ਜਾਣ ਸਮੇਂ ਕਰਨੈਲ ਸਿੰਘ ਧਾਰਮਕ ਗੀਤਾਂ ਰਾਹੀਂ ਅਪਣੀ ਹਾਜ਼ਰੀ ਲਵਾਉਂਦਾ। ਇਸੇ ਦੌਰਾਨ ਗੋਆ, ਦਮਨ ਤੇ ਦਿਉ ਦੀ ਸਤੰਤਰਤਾ ਸਬੰਧੀ ਦੇਸ਼ ਦੇ ਇਨਕਲਾਬੀਆਂ ਨੇ ਸਾਰੇ ਸੂਬਿਆਂ ਦੇ ਗੱਭਰੂਆਂ ਨੂੰ ਸਤਿਆਗ੍ਰਹਿ (ਜੋ 15 ਅਗੱਸਤ 1955 ਵਾਲੇ ਦਿਨ ਕੀਤਾ ਜਾਣਾ ਸੀ) 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ
Independence Day
ਕਿਉਂਕਿ ਦੇਸ਼ ਦੇ ਉਕਤ ਕੁੱਝ ਹਿੱਸਿਆ 'ਤੇ ਹਾਲੇ ਵੀ ਪੁਰਤਗਾਲੀਆਂ ਦਾ ਕਬਜ਼ਾ ਸੀ, ਜਿਸ ਨੂੰ ਆਜ਼ਾਦ ਕਰਵਾਉਣਾ ਜ਼ਰੂਰੀ ਸੀ। ਪੰਜਾਬ ਤੋਂ ਵੀ ਇਕ ਪਾਰਟੀ ਕਾਮਰੇਡ ਕਿਸ਼ੋਰੀ ਲਾਲ ਦੀ ਅਗਵਾਈ 'ਚ ਸਤਿਆਗ੍ਰਹਿ 'ਚ ਸ਼ਾਮਲ ਹੋਣ ਲਈ ਰਵਾਨਾ ਹੋਈ। ਕਹਿੰਦੇ ਹਨ ਕਿ ਕਰਨੈਲ ਸਿੰਘ ਨੂੰ ਇਨ੍ਹਾਂ ਲੋਕਾਂ ਨੇ ਪਾਰਟੀ 'ਚ ਸ਼ਾਮਲ ਹੋਣ ਦੀ ਆਗਿਆ ਨਾ ਦਿਤੀ ਪਰ ਜਿਨ੍ਹਾਂ ਦੇ ਮਨ ਵਿਚ ਦੇਸ਼ ਪਿਆਰ ਦਾ ਜਜ਼ਬਾ ਹੋਵੇ ਉਹ ਕਿਥੇ ਰੁਕਦੇ ਹਨ।
ਕਰਨੈਲ ਸਿੰਘ ਜੋ ਉਸ ਸਮੇਂ ਜਗਰਾਂਉਂ ਵਿਖੇ ਮਾਸਟਰੀ ਰਿਫ਼ਰੈਸ਼ਰ ਕੋਰਸ ਕਰ ਰਿਹਾ ਸੀ, ਅਪਣੀ ਘੜੀ ਤੇ ਸਾਈਕਲ ਵੇਚ ਕੇ ਅਤੇ ਕੁੱਝ ਰੁਪਏ ਪੈਸੇ ਦੋਸਤਾਂ ਮਿੱਤਰਾਂ ਤੋਂ ਉਧਾਰੇ ਫੜ ਕੇ ਲੁਧਿਆਣਾ ਤੋਂ ਮੁੰਬਈ ਵਾਸਤੇ ਗੱਡੀ ਚੜ੍ਹਿਆ ਅਤੇ ਲੁਧਿਆਣਾ ਸਟੇਸ਼ਨ ਤੋਂ ਹੀ ਇਕ ਪੱਤਰ ਅਪਣੇ ਵੱਡੇ ਭਰਾ ਨੂੰ ਲਿਖਿਆ ਕਿ “ਮੈਂ ਬਿਨਾਂ ਆਗਿਆ ਲਏ ਸਤਿਆਗ੍ਰਹਿ 'ਚ ਸ਼ਾਮਲ ਹੋਣ ਜਾ ਰਿਹਾ ਹਾਂ। ਇਜਾਜ਼ਤ ਦੇ ਦੇਣੀ ਕਿਉਂਕਿ ਮੈਂ ਸ਼ਾਇਦ ਹੁਣ ਮੁੜ ਨਹੀਂ ਸਕਾਂਗਾ।''
Mumbai Railway Station
ਮੁੰਬਈ ਰੇਲਵੇ ਸਟੇਸ਼ਨ 'ਤੇ 12 ਅਕਤੂਬਰ 1955 ਨੂੰ ਉਹ ਪੰਜਾਬੀ ਸੱਤਿਆਗ੍ਰਹਿ ਟੋਲੀ ਵਿਚ ਸ਼ਾਮਲ ਹੋ ਗਿਆ। ਇਸ ਉਪਰੰਤ ਅਗਲੇ ਦਿਨ 13 ਅਗੱਸਤ ਨੂੰ ਪੂਨਾ ਵਿਖੇ ਦੇਸ਼ ਦੇ ਸਾਰੇ ਭਾਗਾਂ ਤੋਂ ਆਏ ਸੱਤਿਆਗ੍ਰਹੀਆਂ ਨੇ ਅਪਣੀਆਂ ਪਾਰਟੀਆਂ ਦੇ ਝੰਡੇ ਗੋਆ ਵਿਮੋਚਨ ਸਮਿਤੀ ਕੋਲ ਜਮ੍ਹਾਂ ਕਰਵਾ ਦਿਤੇ ਤੇ ਰਾਸ਼ਟਰੀ ਝੰਡੇ ਲੈ ਲਏ। ਹੁਣ ਰਾਸ਼ਟਰੀ ਸਤਿਆਗ੍ਰਹਿ ਜਥੇ ਦੀ ਕਮਾਂਡ ਇਕ ਬੰਗਾਲੀ ਕਾਮਰੇਡ ਚੇਤਨਾ ਦੇ ਹਵਾਲੇ ਕਰ ਦਿਤੀ ਗਈ।
ਜਿਵੇਂ ਵੀ ਹੋ ਸਕਿਆ ਸਾਰੇ ਅੰਦੋਲਨਕਾਰੀ 15 ਅਗੱਸਤ 1955 ਨੂੰ ਸਵੇਰ ਹੋਣ ਤਕ ਗੋਆ ਦੀ ਸਰਹੱਦ 'ਤੇ ਪਹਿਲਾਂ ਅੱਧਾ ਕਿਲੋਮੀਟਰ ਦੂਰੀ 'ਤੇ ਇਕੱਠੇ ਹੋ ਗਏ। ਲੀਡਰ ਦੇ ਹੁਕਮ ਅਨੁਸਾਰ ਚਾਰ-ਚਾਰ ਦੀਆਂ ਟੋਲੀਆਂ ਬਣਾਈਆਂ ਅਤੇ ਕਤਾਰਬੰਦੀ ਕੀਤੀ ਗਈ। ਗੋਆ ਦੀ ਧਰਤੀ 'ਤੇ ਕਦਮ ਰੱਖਣ ਤੋਂ ਪਹਿਲਾਂ ਗੀਤ ਗਾਏ ਤੇ ਭੰਗੜੇ ਪਾਏ ਗਏ, ਜਿਸ ਦੀ ਅਗਵਾਈ ਕਰਨੈਲ ਸਿੰਘ ਨੇ ਖ਼ੁਦ ਕੀਤੀ ਅਤੇ ਕੌਮੀ ਝੰਡਾ ਲਹਿਰਾਇਆ ਗਿਆ।
Indian flag
ਸਾਰਿਆਂ ਨੇ ਕੌਮੀ ਤਰਾਨਾ ਗਾ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿਤੀ। ਪੁਰਤਗਾਲੀਆਂ ਵਲੋਂ ਦਿਤੀ ਗਈ ਚਿਤਾਵਨੀ ਦੀ ਪ੍ਰਵਾਹ ਨਾ ਕਰਦਿਆਂ ਗੋਆ ਦੀ ਸਰਹੱਦ ਅੰਦਰ ਚਾਰ-ਚਾਰ ਦੀਆਂ ਟੁਕੜੀਆਂ ਵਿਚ ਨਾਅਰੇ ਮਾਰਦੇ ਦਾਖ਼ਲ ਹੋਣ ਲੱਗੇ। ਸਾਮਰਾਜੀ ਸਿਪਾਹੀਆਂ ਨੇ ਗੋਲੀਆਂ ਦੀ ਪਹਿਲੀ ਬੁਛਾੜ ਦਰੱਖ਼ਤਾਂ ਵਲ ਕੀਤੀ। ਜਦੋਂ ਸਿੱਧੀ ਗੋਲੀਬਾਰੀ ਹੋਈ ਤਾਂ ਕੁੱਝ ਗੋਲੀਆਂ ਕਾਮਰੇਡ ਚੇਤਨਾ ਨੂੰ ਲਗੀਆਂ। ਜ਼ਖਮੀ ਚੇਤਨਾ ਕੋਲੋਂ ਝੰਡਾ ਡਿੱਗਣ ਹੀ ਲਗਿਆ ਸੀ ਕਿ ਸਤਵੀਂ-ਅਠਵੀਂ ਕਤਾਰ 'ਚੋਂ ਕਰਨੈਲ ਸਿੰਘ ਇਕ ਦਮ ਤੇਜ਼ੀ ਨਾਲ ਅੱਗੇ ਵਧਿਆ ਤੇ ਰਾਸ਼ਟਰੀ ਝੰਡਾ ਫੜ ਲਿਆ।
ਬਸ ਫਿਰ ਕੀ ਸੀ, ਗੋਲੀਆਂ ਕਰਨੈਲ ਸਿੰਘ ਦੀ ਛਾਤੀ ਵਿਚ ਸਿੱਧੀਆਂ ਵਜੀਆਂ ਤੇ ਉਹ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਮਾਰਦਾ-ਮਾਰਦਾ ਗੋਆ ਦੇ ਇਸ ਖ਼ਿੱਤੇ ਲਈ ਅਪਣੀ ਸ਼ਹਾਦਤ ਦੇ ਗਿਆ ਅਤੇ ਪਿੰਡ ਈਸੜੂ , ਪੰਜਾਬ ਤੇ ਭਾਰਤ ਦਾ ਨਾਂ ਰੌਸ਼ਨ ਕਰ ਕੇ ਲੱਖਾਂ ਗੱਭਰੂਆਂ ਤੇ ਭਾਰਤ ਵਾਸੀਆਂ ਦਾ ਮਾਰਗ ਦਰਸ਼ਨ ਕਰ ਗਿਆ। ਸਾਰੇ ਸ਼ਹੀਦਾਂ ਦਾ ਸਸਕਾਰ ਪੂਨਾ ਵਿਖੇ ਹੀ ਕੀਤਾ ਗਿਆ।
ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਹਰ ਸਾਲ 15 ਅਗੱਸਤ ਨੂੰ ਪਿੰਡ ਈਸੜੂ ਵਿਖੇ ਇਕ ਭਾਰੀ ਮੇਲਾ ਭਰਦਾ ਹੈ, ਜਿਥੇ ਇਸ ਦਿਨ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਵੱਡੀਆਂ ਵੱਡੀਆਂ ਸਿਆਸੀ ਕਾਨਫ਼ਰੰਸਾਂ ਕਰ ਕੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ।
- ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਭਲਾਈ ਮੰਤਰੀ (ਪੰਜਾਬ ਸਰਕਾਰ)
ਮੋਬਾਇਲ: 9815545390 , ਸਾਧੂ ਸਿੰਘ ਧਰਮਸੋਤ