Sharp Sword: ਸਾਰਾ ਜ਼ੋਰ ਧੀਆਂ ਨੂੰ ਸਮਝਾਉਣ ’ਤੇ ਲਾਉਣ ਵਾਲੇ ਮਾਪੇ ਅਪਣੇ ਪੁੱਤਰਾਂ ਨੂੰ ਸਹੀ ਸੰਸਕਾਰ ਕਿਉਂ ਨਹੀਂ ਦਿੰਦੇ?
Sharp Sword: ਸਾਡੇ ਦੇਸ਼ ਦੀ ਮਹਿਲਾ ਰਾਸ਼ਟਰਪਤੀ ਦਾ ਬੀਤੇ ਦਿਨਾਂ ’ਚ, ਔਰਤਾਂ ਦੀ ਸੁਰੱਖਿਆ, ਬੇਪੱਤੀ ਤੇ ਦੇਹਿਕ ਸ਼ੋਸ਼ਣ ਸਬੰਧੀ ਆਇਆ ਬਿਆਨ ਬੇਹੱਦ ਮਹੱਤਵਪੂਰਨ, ਲੋੜੀਂਦਾ ਤੇ ਚ੍ਰਚਿਤ ਹੈ। ਆਖ਼ਰ, ਮੁਲਕ ਦੀ ਪਹਿਲੀ ਨਾਗਰਿਕ ਨੇ ਵੀ ਅਪਣੀ ਚਿੰਤਾ ਜ਼ਾਹਰ ਕਰਦਿਆਂ, ਇਸ ਵਰਤਾਰੇ ਨੂੰ ਖ਼ਤਮ ਕਰਨ ਦੀ ਹਦਾਇਤ ਕੀਤੀ ਹੈ ਕਿਉਂਕਿ ਨਿਰਭੈਆ ਕਾਂਡ (2012) ’ਤੇ ਕਾਨੂੰਨੀ ਬਦਲਾਅ ਉਪ੍ਰੰਤ ਵੀ ਜਦੋਂ ਔਰਤਾਂ ਪ੍ਰਤੀ ਵਹਿਸ਼ੀ, ਘਿਨੌਣਾ, ਸ਼ਰਮਨਾਕ, ਦਰਦਨਾਕ ਅਤੇ ਨਿੰਦਣਯੋਗ ਰਵੱਈਆ, ਪਹਿਲਾਂ ਤੋਂ ਵੀ ਵੱਧ ਤੀਬਰਤਾ ਨਾਲ ਚਾਲੂ ਹੈ ਤਾਂ ਦੇਸ਼ ਦੀ ਰਫ਼ਤਾਰ, ਤਰੱਕੀ ਤੇ ਵੱਕਾਰ ਦਾ ਪ੍ਰਭਾਵਤ ਹੋਣਾ ਲਾਜ਼ਮੀ ਹੈ।
ਦੇਹ ਵਪਾਰ, ਅਸ਼ਲੀਲਤਾ ਤੇ ਬਲਾਤਕਾਰ ਭਾਵੇਂ ਕਿਸੇ ਨਾ ਕਿਸੇ ਰੂਪ ’ਚ ਦੁਨੀਆਂ ਦੇ ਹਰ ਕੋਨੇ ’ਚ ਵਾਪਰ ਰਹੇ ਹਨ ਪਰ ਜਿਸ ਤਰ੍ਹਾਂ ਦੀ ਭਿਅੰਕਰਤਾ, ਜ਼ਬਰਦਸਤੀ, ਜ਼ੁਲਮ, ਵਧੀਕੀ ਤੇ ਪਸ਼ੂ-ਬਿਰਤੀ ਸਾਡੀ ਧਰਤੀ ’ਤੇ ਦਿਖਾਈ ਦਿੰਦੀ ਹੈ, ਉਸ ਜਹੀ ਹੋਰਨਾਂ ਥਾਵਾਂ ’ਤੇ ਘੱਟ ਹੀ ਨਜ਼ਰੀ ਪੈਂਦੀ ਹੈ।
ਕਿਸੇ ਸ਼ਾਇਰ ਦੀ ਜ਼ੁਬਾਨੀ ਕਹਿਣਾ ਚਾਹਾਂਗੀ :
ਮੈਂ ਬੰਦੇ ਨੂੰ ਜੀਵਨ ਦੇਵਾਂ,
ਇਹ ਤਿੱਖੀ ਤਲਵਾਰ ਹੈ ਕਰਦਾ?
ਸੌ ਸੌ ਵਾਰ ਮੈਂ ਵਾਰੀ ਜਾਵਾਂ,
ਮੇਰੇ ਹੀ ਉੱਤੇ ਵਾਰ ਹੈ ਕਰਦਾ?
ਇਹ ਉਹੀ ਦੇਸ਼ ਹੈ ਜਿੱਥੇ ਵੱਡੀ ਭੈਣ ਵੀ ਬੇਬੇ (ਬੇਬੇ ਨਾਨਕੀ) ਅਖਵਾਉਂਦੀ ਰਹੀ ਹੈ ਅਤੇ ਜਵਾਨ-ਜਹਾਨ ਗੁਰੂ ਮਹਿਲ ਮਾਤਾ ਸਾਹਿਬ ਕੌਰ, ਸਮੁੱਚੇ ਖ਼ਾਲਸੇ ਦੀ ਮਾਤਾ। ਭਾਈ ਗੁਰਦਾਸ ਜੀ ਨੇ ਚਾਰ ਸਦੀਆਂ ਪਹਿਲਾਂ, ਔਰਤ-ਸਤਿਕਾਰ ਨੂੰ ਸਦੀਵਤਾ ਦਿੰਦਿਆਂ ਸਮਝਾਇਆ ਸੀ :-
‘‘ਦੇਖਿ ਪਰਾਈਆ ਚੰਗੀਆਂ ਮਾਵਾਂ
ਭੈਣਾਂ ਧੀਆਂ ਜਾਣੈ॥’’
ਕੀ ਸਾਨੂੰ ਅਪਣੇ ਚੌਗਿਰਦੇ ’ਚ ਅਜਿਹੀ ਕੋਈ ਵੀ ਸ਼ੁਭ-ਭਾਵਨਾ ਨਜ਼ਰ ਆਉਂਦੀ ਹੈ? ਗੁਰਬਖ਼ਸ਼ ਸਿੰਘ ਪ੍ਰੀਤਲੜੀ, ਅਰਬਿੰਦੋ ਤੇ ਹੋਰ ਵਿਚਾਰਵਾਨਾਂ ਦੇ ਅਨੁਭਵੀ ਬਚਨ ਕਿਤੇ ਪ੍ਰਤੱਖ ਸੱਚ ਹੁੰਦੇ ਜਾਪਦੇ ਹਨ ਕਿ ਕਿਸੇ ਵੀ ਦੇਸ਼, ਕੌਮ ਅਤੇ ਸਭਿਆਚਾਰ ਦੀ ਤਰੱਕੀ ਦੇ ਦਰਸ਼ਨ ਉਥੋਂ ਦੀਆਂ ਇਸਤਰੀਆਂ ਦੀ ਉੱਨਤੀ ਤੇ ਦਸ਼ਾ ਤੋਂ ਹੁੰਦੇ ਹਨ। ਨਿਸ਼ਚੇ ਹੀ ਜੇਕਰ ਸਾਡੀਆਂ ਬਹੂ-ਬੇਟੀਆਂ ਅੱਜ ਬਿਖੜੇ ਰਾਹਾਂ ਦੀਆਂ ਪਾਂਧੀ ਹਨ ਤਾਂ ਦੇਸ਼ ਦੇ ਵਧਦੇ ਅਰਥਚਾਰੇ ਦੀਆਂ ਡੀਗਾਂ ਮਾਰਨਾ ਫ਼ਜ਼ੂਲ ਹੀ ਹੈ। ਜਿਹੜਾ ਦੇਸ਼ ਤੇ ਸਮਾਜ ਅਪਣੀ ਔਰਤ ਨੂੰ ਮਨਪਸੰਦ ਮਾਹੌਲ, ਆਲਾ-ਦੁਆਲਾ ਤੇ ਢੁਕਵੀਂ ਥਾਂ ਪ੍ਰਦਾਨ ਨਹੀਂ ਕਰ ਸਕਿਆ, ਉਸ ਦੇਸ਼ ਦਾ ਤਾਣਾ-ਪੇਟਾ ਅੱਜ ਵੀ ਖਿਲਰਿਆ ਤੇ ਕਲ ਵੀ ਖਿੰਡਿਆ।
2012 ’ਚ ਦੇਸ਼ ਦੀ ਰਾਜਧਾਨੀ ’ਚ, ਦੇਰ ਰਾਤ ਇਕ ਪੈਰਾਮੈਡੀਕਲ ਵਿਦਿਆਰਥਣ ਦਾ ਚਲਦੀ ਬੱਸ ’ਚ ਵਹਿਸ਼ੀਆਨਾ ਖੇਹ-ਖ਼ਰਾਬਾ, ਚਲਦੀ ਬੱਸ ’ਚੋਂ ਨਗਨ ਹਾਲਤ ’ਚ ਉਸ ਨੂੰ ਧੱਕ ਕੇ ਬਾਹਰ ਸੁਟਣਾ, ਉਸ ਦੇ ਗੁਪਤ ਅੰਗਾਂ ’ਚ ਲੋਹੇ ਦੀਆਂ ਰਾਡਾਂ ਧਕਣੀਆਂ ਤੇ ਮੌਤ ਤੋਂ ਵੀ ਭਿਅੰਕਰ ਹਾਲਾਤ ਪੈਦਾ ਕਰਨੇ, ਆਪਾਂ ਸੱਭ ਨੇ ਸੁਣੇ ਤੇ ਪੜ੍ਹੇ। ਪਿੱਛੋਂ, ਲੰਮੇ ਅੰਦੋਲਨ, ਸਮਾਜਕ ਅਸ਼ਾਂਤੀ, ਕਾਨੂੰਨੀ ਬਦਲਾਅ, ਗੁਨਾਹਗਾਰ ਨੂੰ ਸਜ਼ਾਏ ਮੌਤ ਦੇਣੀ (ਨਾਬਾਲਗ਼ ਦਾ ਬਚਾਅ) ਵਾਪਰੇ।
ਉਮੀਦ ਬੱਝੀ ਸੀ ਕਿ ਹੁਣ ਅਜਿਹੀਆਂ ਅਣਹੋਣੀਆਂ ਨੂੰ ਠੱਲ੍ਹ ਪੈ ਸਕੇਗੀ ਪਰ ਬੀਤੇ ਸਮਿਆਂ ਵਿਚ ਫਿਰ ਬਾਹੂਬਲੀਆਂ ਨੇ ਕੰਜ ਕੁਆਰੀਆਂ ਦੇ ਸਤ ਭੰਗ ਕਰਨ ’ਚ ਕੋਈ ਕਸਰ ਨਾ ਛੱਡੀ-ਹਾਥਰਸ, ਕਠੂਆ, ਉਨਾਭ ਤੋਂ ਵੀ ਪਹਿਲਾਂ ਬਿਲਕੀਸ ਬਾਨੋ ਦੀ ਉਦਾਹਰਣ, ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿਣ ਦਿੰਦੀ ਕਿ ਅੱਜ ਵੀ ਸਾਡੇ ਬਹੁ-ਗਿਣਤੀ ਮਰਦ ਔਰਤ ਨੂੰ ਮਹਿਜ ਇਕ ਜਿਸਮ, ਹੱਡ ਮਾਸ ਦਾ ਪੁਤਲਾ ਤੇ ਭੋਗਣ ਦੀ ਵਸਤੂ ਹੀ ਸਮਝਦੇ ਹਨ - ਬਰਾਬਰ ਦਾ ਤੇ ਬਿਹਤਰ ਸਾਥੀ ਤੇ ਦੋਸਤ ਨਹੀਂ।
ਪੌਣੀ ਸਦੀ ਤੋਂ ਵੀ ਪਹਿਲਾਂ ਲਿਖੇ ਕਾਵਿ-ਬੋਲਾਂ ਰਾਹੀਂ ਅੰਮ੍ਰਿਤਾ ਪ੍ਰੀਤਮ ਨੇ ਅਪਣੀ ਪੀੜਾ ਦੀ ਤਰਜ਼ਮਾਨੀ ਇੰਜ ਕੀਤੀ ਸੀ :-
ਵੀਹ ਹਜ਼ਾਰ ਸਾਲ ਹੋਏ, ਇਸ ਸਭਿਅਤਾ ਨੂੰ ਬਣਿਆ।
ਫਿਰ ਵੀ ’ਕੱਲੀ ਔਰਤ ਨੂੰ ਤੱਕ ਕੇ,
ਖਾਣ ਨੂੰ ਪੈਂਦਾ ਹੈ ਆਦਮੀ।
ਭੁੱਖੇ ਦਾ ਭੁੱਖਾ, ਉਸੇ ਤਰ੍ਹਾਂ ਵਹਿਸ਼ੀ।
ਵੀਹ ਸਾਲ ਤੋਂ ਭਾਵ ਬਹੁਤ ਪੁਰਾਣੇ ਸਮਿਆਂ ਤੋਂ ਹੀ ਹੈ। ਅੱਜ, ਪਹਿਲੇ ਸਮਿਆਂ ਤੋਂ ਵੀ ਜ਼ਿਆਦਾ ਹਾਲਾਤ ਖ਼ਰਾਬ ਹਨ। ਭਾਵੇਂ ਉਹ ਅੱਜ ਗਗਨਾਂ ਦੀ ਰਾਣੀ ਹੈ, ਫ਼ੌਜਾਂ ’ਚ ਕਾਰਜਸ਼ੀਲ ਹੈ, ਪੁਲਾੜ ਗਾਹ ਰਹੀ ਹੈ, ਪਾਤਾਲਾਂ ’ਚ ਉੱਤਰ ਰਹੀ ਹੈ, ਅਫ਼ਸਰੀ ਕਮਾ ਰਹੀ ਹੈ, ਪੁਲਿਸ ਦੀ ਆਹਲਾ ਅਫ਼ਸਰ ਹੈ, ਕਮਾਂਡੋ ਦੀ ਡਿਊਟੀ ਵੀ ਦੇ ਰਹੀ ਹੈ, ਗਿਆਨ ਵਿਗਿਆਨ ’ਚ ਲੋਹਾ ਮਨਵਾ ਰਹੀ ਹੈ, ਖੇਡਾਂ ’ਚ ਨਾਂ ਕਮਾ ਰਹੀ ਹੈ ਤੇ ਦੇਸ਼ਾਂ-ਮੁਲਕਾਂ ਵਿਚ ਉਚੇਰੇ ਪਦਾਂ ’ਤੇ ਵੀ ਆਸੀਨ ਹੈ ਪਰ ਹਰ ਆਮ ਤੇ ਖ਼ਾਸ ਦੇ ਸਿਰ ’ਤੇ ਬੇਫ਼ਿਕਰੀ ਦੀ ਛਤਰੀ ਨਹੀਂ ਦਿਸਦੀ।
ਮਨੀਪੁਰ ਵਿਖੇ, ਬੀਤੇ ਵਰਿ੍ਹਆਂ ਵਿਚ ਵਾਪਰਿਆ ਇਕ ਹੌਲਨਾਕ ਕਾਂਡ, ਕੀ ਕਿਸੇ ਦੇ ਚੇਤਿਆਂ ’ਚੋਂ ਕਿਰ ਸਕਦਾ ਹੈ ਭਲਾਂ? ਹਰਗਿਜ਼ ਵੀ ਨਹੀਂ, ਕਿਉਂਕਿ ਉੱਥੇ ਤਾਂ ਕਬੀਲਿਆਂ ਦੀ ਆਪਸੀ ਖਹਿਬਾਜ਼ੀ ’ਚ ਔਰਤ ਦੀ ਗਰਿਮਾ ਹੀ ਦਾਅ ’ਤੇ ਲਾ ਦਿਤੀ ਗਈ। ਅਲਫ਼ ਨੰਗੀਆਂ ਕਰ ਕੇ, ਸ਼ਰੇਆਮ ਗਲੀਆਂ ਕੂਚਿਆਂ ’ਚ ਘੁਮਾਈਆਂ ਤੇ ਇਨ੍ਹਾਂ ਨਾਲ ਮਸ਼ਟੰਡਿਆਂ ਨੇ ਅਜਿਹੀਆਂ ਆਪਹੁਦਰੀਆਂ ਤੇ ਗੰਦੀਆਂ ਹਰਕਤਾਂ ਕੀਤੀਆਂ ਕਿ ਹਰ ਬਾਜ਼ਮੀਰ ਬੰਦਾ ਤੜਪ ਉਠਿਆ।
ਮਨੁੱਖਤਾ ਸ਼ਰਮਸਾਰ ਹੋ ਉਠੀ। ਇਨਸਾਨੀਅਤ ਦਫ਼ਨ ਕਰ ਦਿਤੀ ਗਈ ਤੇ ਪਸਰ ਗਿਆ ਸਾਰੇ ਪਾਸੇ ਜੰਗਲ ਰਾਜ। ਉਸ ਵੇਲੇ ਸ਼ਾਇਦ ਸਾਡੀ ਰਾਸ਼ਟਰਪਤੀ ਨੂੰ ਪਤਾ ਨਹੀਂ ਲੱਗ ਸਕਿਆ (ਕਿਉਂਕਿ ਉੱਥੇ ਵੀ ਕੇਂਦਰ ਸਰਕਾਰ ਵਾਲੀ ਪਾਰਟੀ ਦੀ ਹੀ ਹਕੂਮਤ ਸੀ) ਤੇ ਪਛਮੀ ਬੰਗਾਲ! ਕਿਉਂਕਿ ਵਿਰੋਧੀ ਪਾਰਟੀ ਦਾ ਰਾਜ ਭਾਗ ਹੈ, ਇਸ ਲਈ ਚਿੰਤਾ, ਫ਼ਿਕਰ ਜ਼ਾਹਰ ਕਰਨਾ ਜ਼ਰੂਰੀ ਸਮਝਿਆ।
ਅੱਜ ਦੇ ਪਰਚਿਆਂ ’ਚ, ਫਿਰ ਸਾਡੀ ਰਾਸ਼ਟਰਪਤੀ ਨੇ ਲੜਕੀਆਂ ਦੀ ਆਰਥਕ ਨਿਰਭਰਤਾ ’ਤੇ ਜ਼ੋਰ ਦਿਤਾ ਹੈ ਪਰ ਜਦੋਂ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਹੀ ਨਹੀਂ ਕੀਤੀ ਜਾ ਰਹੀ, ਆਰਥਕ ਮਜ਼ਬੂਤੀ ਆਵੇਗੀ ਕਿਵੇਂ? ਰੈਜ਼ੀਡੈਂਟ ਡਾਕਟਰ ਬੀਬੀ ਦੀ ਖੇਹ ਖ਼ਰਾਬੇ ਉਪਰੰਤ, ਨਿਰਦਈ ਹਤਿਆ, ਸਾਡੇ ਢਾਂਚੇ ਦਾ ਦੀਵਾਲੀਆਪਣ ਸਿੱਧ ਕਰਦੀ ਹੈ। 36-36 ਘੰਟੇ ਲਗਾਤਾਰ ਡਿਊਟੀ-ਚਾਰਟ ਹੱਥਾਂ ’ਚ ਥਮ੍ਹਾਉਣ ਵਾਲੇ ਪਿ੍ਰੰਸੀਪਲ, ਮੈਡੀਕਲ ਨਿਗਰਾਨ ਜਾਂ ਹੋਰ ਜ਼ਿੰਮੇਵਾਰ ਅਧਿਕਾਰੀ ਕੀ ਟਰੇਨੀ ਡਾਕਟਰਾਂ ਨੂੰ (ਲੜਕੀ ਹੈ ਜਾਂ ਲੜਕਾ) ਬੰਦਾ ਨਹੀਂ ਸਮਝਦੇ? ਮੇਰੇ ਅਪਣੇ ਪੁੱਤਰ ਦੇ ਵੇਲੇ ਵੀ ਅਜਿਹੇ ਵਰਤਾਰੇ ਤੋਂ ਅਸੀਂ ਬਹੁਤ ਦੁਖੀ ਹੁੰਦੇ ਰਹੇ ਹਾਂ।
ਬਲਾਤਕਾਰਾਂ ਦੇ ਨਿੱਤ ਨਵੇਂ ਵਾਪਰ ਰਹੇ ਕੇਸਾਂ ਦੀ ਕਿਹੜੀ-ਕਿਹੜੀ ਘਟਨਾ ਦਾ ਜ਼ਿਕਰ ਕਰਾਂ, ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ। ਅਖੇ ਹਰ 16ਵੇਂ ਮਿੰਟ ’ਚ ਇਹ ਕਹਿਰ ਢਹਿੰਦਾ ਹੈ ਕਿਸੇ ਬੱਚੀ, ਮੁਟਿਆਰ ਤੇ ਮਹਿਲਾ ਉਤੇ-ਦੋ ਮਹੀਨੇ ਦੀ ਦੁੱਧ ਚੁੰਘਦੀ ਬੱਚੀ ਤੋਂ ਲੈ ਕੇ, 80-90 ਸਾਲ ਦੀ ਬੇਬੇ ਵੀ ਹਵਸ ਦਾ ਸ਼ਿਕਾਰ ਸੁਣੀਂਦੀ ਹੈ। ਘਰ ’ਚ ਵੀ ਬਚਾਅ ਨਹੀਂ, ਸਕੇ ਬਾਪ, ਮਤਰੇਏ ਪਿਤਾ, ਭਰਾ, ਕਜ਼ਨ, ਮਾਮੇ, ਮਾਸੜ, ਫੁੱਫੜ, ਤਾਏ, ਚਾਚੇ, ਦਾਦੇ ਤੇ ਨਾਨੇ -ਸੱਭ ਦੇ ਕਿੱਸੇ ਛਪਦੇ ਹਨ ਅਖ਼ਬਾਰਾਂ ਵਿਚ। ਅਣਵਿਆਹੀਆਂ ਮਾਵਾਂ ਬਣ ਰਹੀਆਂ ਬੱਚੀਆਂ ਨੌਂ-ਦਸ ਸਾਲ ਦੀ ਉਮਰ ਦੀਆਂ ਵੀ ਸੁਣਦੇ ਪੜ੍ਹਦੇ ਹਾਂ। ਕਹਿਰ ਆਇਆ ਪਿਐ ਸਾਡੇ ਦੇਸ਼ ਵਿਚ। ਪਹਿਲਾਂ ਮੰਨਿਆ ਜਾਂਦਾ ਸੀ ਕਿ ਨੰਗੇਜ, ਲੱਚਰਤਾ, ਕਾਮੁਕਤਾ ਇਸ ਲਈ ਜ਼ਿੰਮੇਵਾਰ ਹਨ ਪਰ ਮਹਾਰਾਸ਼ਟਰ ਦੀਆਂ ਚਾਰ-ਚਾਰ ਸਾਲਾ ਸਕੂਲੀ ਬੱਚੀਆਂ ਦੇ ਜਿਸਮਾਨੀ ਸ਼ੋਸ਼ਣ ਪਿੱਛੇ ਅਜਿਹਾ ਹਰਗਿਜ਼ ਨਹੀਂ ਸੀ।
ਦੇਹਰਾਦੂਨ ਵਿਖੇ ਬੱਸ ਵਿਚ ਪੰਜ ਗੁੰਡਿਆਂ ਵਲੋਂ ਮਧੋਲੀ ਗਈ ਮੁਟਿਆਰ ਦਾ ਕਸੂਰ ਇਹੋ ਹੀ ਸੀ ਕਿ ਉਸ ਦੀ ਬੱਸ ਖੁੰਝ ਗਈ ਸੀ। ਕਲ ਨਿੱਤਨੇਮ ਤੋਂ ਵਿਹਲੀ ਹੋ ਕੇ ਜਿਵੇਂ ਹੀ ਅਖ਼ਬਾਰ ਚੁਕੀ ਤਾਂ ਮਾਨਸਾ ਜ਼ਿਲ੍ਹੇ ਦੀ ਉਸ ਅਭਾਗਣ ਅਧਿਆਪਕਾ ਦੀ ਮੌਤ ਬਾਰੇ ਪਤਾ ਲੱਗਾ ਜਿਸ ਦੀ ਸਕੂਲ ਜਾਂਦਿਆਂ ਦੀ ਤਿੰਨ ਮੁਸ਼ਟੰਡਿਆਂ ਨੇ ਇੱਜ਼ਤ ਲੁਟੀ ਸੀ।
ਇਸ ਸਦਮੇ ਤੇ ਅਣਹੋਣੀ ਨੂੰ ਨਾ ਸਹਾਰਦਿਆਂ ਉਸ ਨੇ ਘਰ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਇਸ ਜ਼ਾਲਮ ਦੁਨੀਆਂ ਨੂੰ ਅਲਵਿਦਾ ਕਹਿ ਦਿਤੀ। ਇਕ ਜ਼ਿੰਮੇਵਾਰ ਅਧਿਆਪਕਾ ਨਾਲ ਇਹ ਕੁੱਝ ਵਾਪਰ ਸਕਦੈ ਤਾਂ ਪਾੜ੍ਹੀਆਂ ਬੱਚੀਆਂ, ਆਂਗਨਵਾੜੀਆਂ ’ਚ ਆ ਰਹੀਆਂ ਨਿੱਕੀਆਂ ਨਿਆਣੀਆਂ, ਕਾਲਜਾਂ ’ਚ ਪੜ੍ਹ ਰਹੀਆਂ ਮੁਟਿਆਰਾਂ, ਵਿਆਹਾਂ ਤੇ ਵਿਦੇਸ਼ਾਂ ਦਾ ਝਾਂਸਾ ਦੇ ਕੇ ਸ਼ਿਕਾਰ ਬਣ ਰਹੀਆਂ ਲੜਕੀਆਂ ਨੂੰ ਕੌਣ ਬਚਾਊ?
ਨਿਰਭੈਆ ਕਾਂਡ ਵੇਲੇ, ਮੇਰੀ ਆਸਟ੍ਰੇਲੀਆ ਰਹਿੰਦੀ ਡਾਕਟਰ ਬੇਟੀ ਦੀ ਬੌਸ (ਡਾਇਰੈਕਟਰ) ਮਾਰਲਿਨ ਨੇ ਮੈਨੂੰ ਫ਼ੋਨ ’ਤੇ ਕਿਹਾ ਸੀ ਕਿ ਅਪਣੇ ਮੁੰਡਿਆਂ ਨੂੰ ਸਮਝਾਉ (“each your boys) ਅਰਥਾਤ ਸਾਰਾ ਜ਼ੋਰ ਧੀਆਂ ਨੂੰ ਸਮਝਾਉਣ ’ਤੇ ਲਾਉਣ ਵਾਲੇ ਮਾਪੇ ਅਪਣੇ ਪੁੱਤਰਾਂ ਨੂੰ ਵੀ ਸ਼ੁਰੂ ਤੋਂ ਹੀ ਕਿਉਂ ਨਹੀਂ ਇਹ ਸੰਸਕਾਰ ਦਿੰਦੇ? ਭੈਣ ਦੀ ਸੁਰੱਖਿਆ ਲਈ ਵਚਨਬੱਧ ਭਰਾ, ਘਰ ਦੀ ਚਾਰ ਦੀਵਾਰੀ ਤੋਂ ਬਾਹਰ ਕਿਉਂ ਰਾਕਸ਼ਸ਼ ਬਣ ਜਾਂਦਾ ਹੈ?
ਪਹਿਲੇ ਵੇਲਿਆਂ ’ਚ, ਗੁਣੀ ਗਿਆਨੀ, ਦਾਦੇ-ਨਾਨੇ ਤੇ ਘਰ ਦੀਆਂ ਵਡੇਰੀਆਂ ਬੀਬੀਆਂ ਸ਼ੁਰੂ ਤੋਂ ਹੀ ਸ਼ਾਲੀਨਤਾ, ਪਵਿੱਤਰਤਾ, ਸਿਸ਼ਟਾਚਾਰ, ਚੰਗੇ ਇਖ਼ਲਾਕ ਤੇ ਨਿਮਰਤਾ ਦੀ ਗੱਲ ਕਰ ਕੇ ਔਲਾਦ ਅੰਦਰ ਸਦਗੁਣਾਂ ਦਾ ਵਾਸ ਕਰਾ ਦਿੰਦੇ ਸਨ ਪਰ ਹੁਣ ਸੱਭ ਦੀ ਟੇਕ ਮੋਬਾਈਲ ’ਤੇ ਇਸ ਵਲੋਂ ਪਰੋਸਿਆ ਜਾ ਰਿਹਾ ਗੰਦ ਹੈ। ਨੰਗੀਆਂ ਲੁੱਚੀਆਂ ਫ਼ਿਲਮਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਵੀ ਕੁਰਾਹੇ ਪਾ ਦਿਤੈ।
ਅਮਰੀਕਾ ਫੇਰੀ ਦੌਰਾਨ, ਮੇਰੀਆਂ ਭੈਣਾਂ ਨੇ ਮੈਨੂੰ ਅਜਿਹੇ ਮੁਸਲਿਮ ਪ੍ਰਵਾਰ ਵੀ ਮਿਲਾਏ ਜਿਨ੍ਹਾਂ ਦੇ ਘਰਾਂ ਅੰਦਰ ਟੀਵੀ ਨਹੀਂ ਸਨ ਤੇ ਬੱਚਿਆਂ ਕੋਲ ਮੋਬਾਈਲ ਫ਼ੋਨ। ਕੁੱਝ ਪ੍ਰਵਾਰ ਤਾਂ ਅਜਿਹੇ ਮੌਜੂਦ ਸਨ ਜਿਨ੍ਹਾਂ ਦੇ ਬੱਚੇ ਉਨ੍ਹਾਂ ਦੇ ਕਹਿਣੇ ’ਚ ਹਨ ਪਰ ਬਹੁਗਿਣਤੀ ਮਾਪੇ ਅੱਜ ਰੋ ਰਹੇ ਹਨ ਕਿ ਬੱਚੇ ਉਨ੍ਹਾਂ ਤੋਂ ਲਾਂਭੇ ਹੋ ਗਏ ਹਨ।
ਸਮੁੱਚੇ ਤੌਰ ’ਤੇ ਇਹੀ ਕਹਿਣਾ ਚਾਹਾਂਗੀ ਕਿ ਸਾਰੇ ਸਮਾਜਕ ਤਾਣੇ ਬਾਣੇ ਦੇ ਉਲਝ ਜਾਣ ਕਾਰਨ ਅੱਜ ਸਾਡੀਆਂ ਧੀਆਂ ਬੜੀ ਦੁਬਿਧਾ ਵਿਚ ਹਨ। ਕੇਸਾਂ ਦਾ ਲਟਕਦੇ ਜਾਣਾ, ਢਿੱਲਾ ਨਿਆਂ, ਰਿਪੋਰਟਾਂ ਦਰਜ ਹੀ ਨਾ ਹੋਣੀਆਂ, ਸਿਆਸੀ ਦਖ਼ਲ-ਅੰਦਾਜ਼ੀ, ਸਰਕਾਰੀ ਪੁਸ਼ਤ ਪਨਾਹੀ ਤੇ ਘਰਾਂ ਅੰਦਰਲੇ ਦਬਾਅ ਕਾਰਨ ਲੜਕੀਆਂ ਬਹੁਤ ਵਾਰ ਇਨਸਾਫ਼ ਉਡੀਕਦੀਆਂ ਹੀ ਤੁਰ ਜਾਂਦੀਆਂ ਹਨ।
ਗੁਰੂ ਪਾਤਸ਼ਾਹੀਆਂ ਨੇ ‘ਕੌਰ’ (ਸ਼ਹਿਜਾਦੀ) ਦੀ ਬਖ਼ਸ਼ਿਸ਼ ਕਰ ਕੇ ਤੇ ਖੰਡੇ ਬਾਟੇ ਦੀ ਪਾਹੁਲ ਦੇ ਕੇ ਔਰਤ ਨੂੰ ਸਬਲ ਬਣਾਇਆ ਸੀ। ਸਵੈ ਰਖਿਆ ਦੇ ਗੁਰ ਸਿਖ ਕੇ, ਜੂਡੋ-ਕਰਾਟੇ ਤੇ ਗਤਕੇ ਦੀ ਸਿਖਲਾਈ ਹੋਰ ਵੀ ਸਹਾਇਕ ਸਿੱਧ ਹੋ ਸਕਦੀ ਹੈ। ਅਪਣੀ ਇੱਜ਼ਤ ਦੀ ਰਾਖੀ ਆਪ ਕਰਨੀ ਸਿੱਖਣ ਧੀਆਂ ਕਿਉਂਕਿ ਅੱਜ ਸਮਾਂ ਤੇ ਹਾਲਾਤ ਬਦਲ ਗਏ ਹਨ।