
18ਵੀਂ ਸਦੀ ਵਿਚ ਇਕ ਕਿਤਾਬਚਾ ਲਿਖਿਆ ਗਿਆ ਤੇ ਉਸ ਦਾ ਨਾਮ ਬਚਿੱਤਰ ਨਾਟਕ ਰੱਖ ਦਿਤਾ ਗਿਆ।
ਮੁਹਾਲੀ: ਜੇਕਰ ਤੁਸੀ ਖੋਜੀ ਨਹੀਂ ਹੋ ਤਾਂ ਮੈਂ ਅਰਾਮ ਨਾਲ ਤੁਹਾਨੂੰ ਮੂਰਖ ਬਣਾ ਸਕਦਾ ਹਾਂ। ਜੇ ਤੁਸੀ ਇਤਿਹਾਸ ਖ਼ੁਦ ਨਹੀਂ, ਪੜ੍ਹਿਆ ਉਸ ਇਤਿਹਾਸ ਨੂੰ ਸਮਝਿਆ ਨਹੀਂ, ਕੇਵਲ ਬਾਬਿਆਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਹੀ ਕੀਤਾ ਹੈ ਤਾਂ ਮੈਂ ਤੁਹਾਨੂੰ ਅਰਾਮ ਨਾਲ ਮੂਰਖ ਬਣਾ ਸਕਦਾ ਹਾਂ। ਜੇ ਤੁਸੀ ਗੁਰਬਾਣੀ ਖ਼ੁਦ ਨਹੀਂ ਪੜ੍ਹਦੇ ਤਾਂ ਮੈਂ ਅਪਣੇ ਹਿਸਾਬ ਨਾਲ (ਵਿਆਕਰਣ ਨੂੰ ਛੁਪਾ ਕੇ) ਅਰਥ ਕਰ ਕੇ ਤੁਹਾਨੂੰ ਮੂਰਖ ਬਣਾ ਸਕਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀ ਅਪਣੇ ਇਤਿਹਾਸ, ਗੁਰੂ ਇਤਿਹਾਸ, ਸਿੱਖ ਇਤਿਹਾਸ, ਗੁਰਬਾਣੀ ਤੋਂ ਅਣਜਾਣ ਹੋ। ਤੁਸੀ ਸੱਭ ਕੁੱਝ ਕਰ ਸਕਦੇ ਹੋ, ਪੈਸਾ ਤੁਹਾਡੇ ਕੋਲੋਂ ਜਿੰਨਾ ਮਰਜ਼ੀ ਲੈ ਲਉ ਧਰਮ ਦੇ ਨਾਂ ਤੇ ਸੋਨਾਂ ਜਿੰਨਾ ਮਰਜ਼ੀ ਲੈ ਲਉ ਪਰ ਜੇਕਰ ਤੁਹਾਨੂੰ ਆਖ ਦੇਈਏ ਕਿ ਧਰਮ ਨੂੰ ਸਹੀ ਅਰਥਾਂ ਵਿਚ ਸਮਝੋ ਜੀ ਤਾਂ ਤੁਸੀ ਉਹ ਨਹੀਂ ਕਰ ਸਕਦੇ। ਲਿਖਾਰੀ, ਵਿਦਵਾਨ ਜਾਂ ਬੁਧੀਜੀਵੀ ਕੌਮ ਦਾ ਬਹੁਤ ਵੱਡਾ ਥੰਮ੍ਹ ਹੁੰਦੇ ਹਨ। ਇਨ੍ਹਾਂ ਨੂੰ ਹੀ ਅੰਗਰੇਜ਼ੀ ਵਿਚ ਥਿੰਕ ਟੈਂਕ ਆਖਿਆ ਜਾਂਦਾ ਹੈ। ਅਸੀ ਸਾਰੇ ਹੀ ਜਾਣਦੇ ਹਾਂ ਕਿ ਜੰਗ ਦੇ ਮੈਦਾਨ ਵਿਚ ਟੈਂਕ ਸੱਭ ਤੋਂ ਸ਼ਕਤੀਸ਼ਾਲੀ ਹਥਿਆਰ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਦੂਰ ਤਕ ਮਾਰ ਕਰਨ ਲਈ ਅਤੇ ਵੱਡੇ-ਵੱਡੇ ਕਿਲ੍ਹੇ ਤੇ ਦੀਵਾਰਾਂ ਢਹਿ ਢੇਰੀ ਕਰਨ ਲਈ ਕੀਤੀ ਜਾਂਦੀ ਹੈ ਜਿਸ ਤਰ੍ਹਾਂ 84 ਦੇ ਦੌਰ ਵਿਚ ਜ਼ਾਲਮ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਨੂੰ ਢਾਹੁਣ ਲਈ ਟੈਂਕਾਂ ਦੀ ਵਰਤੋਂ ਕੀਤੀ ਸੀ। ਇਸੇ ਤਰ੍ਹਾਂ ਤੁਹਾਡੇ ਮਨ ਜਾਂ ਸੋਚ ਅੰਦਰ ਬਣੇ ਕਈ ਪ੍ਰਕਾਰ ਤੇ ਅਨੇਕਾਂ ਹੀ ਕਿਸਮ ਦੇ ਕਿਲ੍ਹਿਆਂ ਨੂੰ ਤੋੜਨ ਲਈ ਵਿਦਵਾਨਾਂ ਦੀ ਵਰਤੋਂ ਕੀਤੀ ਜਾਦੀ ਹੈ।
Guru Granth sahib ji
ਮਨੁੱਖ ਆਦਿ ਕਾਲ ਤੋਂ ਹੀ ਲਿਖਦਾ ਆਇਆ ਹੈ। ਲਿਖਣ ਦੀ ਇਸੇ ਕਲਾ ਕਾਰਨ ਸਾਡੇ ਧਾਰਮਕ ਗ੍ਰੰਥ ਹੋਂਦ ਵਿਚ ਆਏ। ਇਸੇ ਤਰ੍ਹਾਂ ਸਾਡਾ ਸਿੱਖ ਇਤਿਹਾਸ ਲਿਖਤੀ ਰੂਪ ਵਿਚ ਸਾਡੇ ਕੋਲ ਮੌਜੂਦ ਹੈ। ਇਕ ਬਹੁਤ ਹੀ ਅਹਿਮ ਗੱਲ ਆਪ ਜੀ ਦੇ ਨਾਲ ਇਸ ਲੇਖ ਦੇ ਸ਼ੁਰੂ ਵਿਚ ਹੀ ਕਰ ਲੈਣੀ ਮੈਂ ਜ਼ਰੂਰੀ ਸਮਝਦਾ ਹਾਂ। ਉਹ ਇਹ ਹੈ ਕਿ ਸਮਾਂ ਬੀਤਣ ਦੇ ਨਾਲ ਨਾਲ ਇਤਿਹਾਸ ਤੇ ਗ੍ਰੰਥ ਬਦਲ ਜਾਂਦੇ ਹਨ। ਇਨ੍ਹਾਂ ਵਿਚਲੀ ਸ਼ਬਦਾਵਲੀ ਵੀ ਬਦਲ ਜਾਂਦੀ ਹੈ ਜਾਂ ਬਦਲ ਦਿਤੀ ਜਾਂਦੀ ਹੈ। ਧਰਮ ਇਕ ਦੂਜੇ ਦਾ ਪ੍ਰਭਾਵ ਕਬੂਲ ਕਰ ਲੈਂਦੇ ਹਨ। ਇਹ ਭਾਣਾ ਹਰ ਕੌਮ ਨਾਲ ਹੀ ਵਾਪਰਦਾ ਹੈ ਤੇ ਵਾਪਰਦਾ ਕਿਵੇਂ ਹੈ, ਇਸ ਦੀ ਪੂਰੀ ਜਾਣਕਾਰੀ ਕੁਲਬੀਰ ਸਿੰਘ ਕੌੜਾ ਨੇ ਅਪਣੀ ਪੁਸਤਕ 'ਤੇ ਸਿੱਖ ਵੀ ਨਿਗ਼ਲਿਆ ਗਿਆ' ਵਿਚ ਵਿਸਥਾਰ ਪੂਰਵਕ ਦਿਤੀ ਹੈ। ਉਦਾਹਰਣ ਦੇ ਤੌਰ ਉਤੇ 18ਵੀਂ ਸਦੀ ਵਿਚ ਇਕ ਕਿਤਾਬਚਾ ਲਿਖਿਆ ਗਿਆ ਤੇ ਉਸ ਦਾ ਨਾਮ ਬਚਿਤਰ ਨਾਟਕ ਰੱਖ ਦਿਤਾ ਗਿਆ।
Guru Granth Sahib Ji
ਕਿਸ ਨੇ ਲਿਖਿਆ ਕੋਈ ਅਤਾ ਪਤਾ ਨਹੀਂ ਲੱਗਾ। ਕੁੱਝ ਸਮਾਂ ਲੰਘਣ ਤੋਂ ਬਾਅਦ (ਤਕਰੀਬਨ 150 ਸਾਲ) ਇਸ ਨੂੰ ਦਸਮ ਗ੍ਰੰਥ, ਕੁੱਝ ਸਮਾਂ ਹੋਰ ਲੰਘਣ ਤੋਂ ਬਾਅਦ ਸ੍ਰੀ ਦਸਮ ਗ੍ਰੰਥ ਸਾਹਿਬ ਤੇ ਕੁੱਝ ਸਮਾਂ ਹੋਰ ਲੰਘਣ ਤੋਂ ਬਾਅਦ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿਣਾ ਸ਼ੁਰੂ ਕਰ ਦਿਤਾ ਗਿਆ। ਤਕਰੀਬਨ ਦੋ ਸੋ ਸਾਲਾਂ ਵਿਚ ਇਹ ਬਚਿਤਰ ਨਾਟਕ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਬਣ ਗਿਆ। ਜੇਕਰ ਸਿੱਖ ਇਸੇ ਤਰ੍ਹਾਂ (ਸਾਰੇ ਨਹੀਂ) ਘੁਗੂ ਬਣੇ ਸੁਤੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋ ਦਸਮ ਕੱਟ ਕੇ ਇਸ ਬਚਿਤਰ ਨਾਟਕ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾ ਦਿਤਾ ਜਾਵੇਗਾ। ਗੁਰੂ ਫ਼ੁਰਮਾਨ ਹੈ “ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ” ਪੰਨਾ-34। ਜਦੋਂ ਕਿ ਸਿੱਖ ਪੰਥ ਦਾ ਇਕੋ ਹੀ ਗ੍ਰੰਥ ਹੈ ਇਕੋ ਹੀ ਗੁਰੁ ਹੈ, ਕੇਵਲ ਤੇ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ। ਇਕ ਪੰਥ ਦਾ ਇਕੋ ਗ੍ਰੰਥ ਹੈ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੋ ਸੌ ਸਾਲਾਂ ਦੇ ਅੰਦਰ ਇਸ ਵਿਚਲੀਆਂ ਰਚਨਾਵਾਂ ਵਿਚ ਵੀ ਕਾਫ਼ੀ ਬਦਲਾਅ ਆਇਆ। ਇਸ ਖ਼ਤਰੇ ਨੂੰ ਮਹਿਸੂਸ ਕਰਦੇ ਹੋਏ ਕਈ ਸਿੱਖ ਵਿਦਵਾਨਾਂ ਨੇ ਸੰਗਤਾਂ ਨੂੰ ਸੁਚੇਤ ਕੀਤਾ। ਜਸਬੀਰ ਸਿੰਘ ਦੁਬਈ ਵਾਲਿਆਂ ਨੇ ਤਾਂ ਪੰਜ ਲੱਖ ਦਾ ਇਨਾਮ ਦੇਣ ਦਾ ਐਲਾਨ ਕਰ ਦਿਤਾ ਜੇਕਰ ਕੋਈ ਸਿੱਧ ਕਰ ਦੇਵੇ ਕਿ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ। ਉਨ੍ਹਾਂ ਨੇ ਅਪਣੀ ਕਲਮ ਰਾਹੀਂ ਚਾਰ ਪੁਸਤਕਾਂ ਲਿਖੀਆਂ 'ਦਸਮ ਗ੍ਰੰਥ ਦਾ ਲਿਖਾਰੀ ਕੌਣ' ਜਿਸ ਦਾ ਅੱਜ ਤਕ ਕੋਈ ਜਵਾਬ ਨਹੀਂ ਦੇ ਸਕਿਆ। ਇਹ ਸਿੱਖ ਵਿਦਵਾਨ ਸ਼ਾਇਦ ਅੱਜ ਵੀ ਮੋਹਾਲੀ ਵਿਖੇ ਰਹਿੰਦੇ ਹਨ।
Guru Granth Sahib Ji
ਲਿਖਣ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ। ਤੁਹਾਡੀ ਦਿਮਾਗ਼ੀ ਅਤੇ ਸ੍ਰੀਰਕ ਸ਼ਕਤੀ ਨੂੰ ਖਤਮ ਕਰਨ ਲਈ ਹਜ਼ਾਰਾਂ ਨਹੀਂ ਲੱਖਾਂ ਹੀ ਕਿਤਾਬਾਂ ਲਿਖ ਦਿਤੀਆਂ ਗਈਆਂ ਹਨ। ਹਿਟਲਰ ਭਾਵੇਂ ਕਿ ਅਪਣੇ ਸਮੇਂ ਦਾ ਜ਼ਾਲਮ ਹਾਕਮ ਸੀ ਪਰ ਉਸ ਦੀ ਇਕ ਗੱੱਲ ਮੈਨੂੰ ਹਮੇਸ਼ਾ ਹੀ ਯਾਦ ਰਹਿੰਦੀ ਹੈ। ਉਹ ਸ਼ਰਧਾਵਾਨ ਲਿਖਾਰੀ, ਵਿਕਾਊ ਲਿਖਾਰੀ, ਅਧੂਰੇ ਗਿਆਨ ਵਾਲੇ ਲਿਖਾਰੀ ਨੂੰ ਸਮਾਜ ਦਾ ਕਬਾੜ ਆਖ ਕੇ ਬਲਾਉਂਦਾ ਸੀ। ਜਿਹੜੀ ਕੌਮ ਅਪਣੇ ਇਤਿਹਾਸ ਪ੍ਰਤੀ ਅਵੇਸਲੀ ਹੁੰਦੀ ਹੈ, ਉਹ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਜ਼ਿਆਦਾ ਨੁਕਸਾਨ ਝਲਦੀ ਹੈ। ਉਸ ਕੌਮ ਦੇ ਵਾਰਸ ਹਮੇਸ਼ਾ ਹੀ ਦੁਬਿਧਾ ਵਿਚ ਰਹਿੰਦੇ ਹਨ ਜੋ ਇਤਿਹਾਸ ਦੀ ਖੋਜ ਨਹੀਂ ਕਰਦੇ। ਗੁਰਬਾਣੀ ਆਖਦੀ ਹੈ ਕਿ 'ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ£ (ਪੰਨਾ 727) ਪਰ ਸਾਡਾ ਖੋਜ ਕਰਨ ਵਲ ਕਦੇ ਵੀ ਧਿਆਨ ਨਹੀਂ ਜਾਂਦਾ ਤੇ ਨਾ ਹੀ ਖੋਜ ਕਰਨ ਵਾਲੇ ਸਾਨੂੰ ਪਸੰਦ ਹਨ। ਸਗੋਂ ਖੋਜ ਕਰਨ ਵਾਲਿਆਂ ਤੇ ਤਾਂ ਧਾਰਾ 295-ਏ ਲਗਾ ਦਿਤੀ ਜਾਂਦੀ ਹੈ। ਉਨ੍ਹਾਂ ਦੇ ਮੂੰਹ ਬੰਦ ਕਰਵਾ ਦਿਤੇ ਜਾਂਦੇ ਹਨ। ਕਿਸੇ ਕਿਤਾਬ ਅਖ਼ਬਾਰ ਜਾਂ ਰਸਾਲੇ ਵਿਚ ਛਪੀ ਕੋਈ ਰਚਨਾ, ਲੇਖ ਪੜ੍ਹ ਕੇ ਜਾਂ ਕਿਸੇ ਸਾਧ, ਬਾਬੇ (ਅਜੋਕੇ) ਜਾਂ ਕਥਾਵਾਚਕ ਕੋਲੋਂ ਸੁਣ ਕੇ ਉਸ ਨੂੰ ਸਹੀ ਮੰਨ ਲੈਣ ਨਾਲ ਬੜਾ ਹੀ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਦਾ ਖ਼ਮਿਆਜ਼ਾ ਤੁਸੀ ਇਕੱਲੇ ਨਹੀਂ ਸਗੋਂ ਤੁਹਾਡਾ ਪ੍ਰਵਾਰ ਤੁਹਾਡੇ ਮਿੱਤਰ ਰਿਸ਼ਤੇਦਾਰ ਵੀ ਭੁਗਤਦੇ ਹਨ। ਉਦਾਹਰਣ ਦੇ ਤੌਰ ਤੇ ਤੁਸੀ ਆਮ ਹੀ ਪੜ੍ਹਿਆ ਤੇ ਸੁਣਿਆ ਵੀ ਹੋਵੇਗਾ ਕਿ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ “ਮੈਂ ਅਪਣੇ ਟੋਪੀ ਵਾਲੇ ਸਿੱਖਾਂ ਨੂੰ ਵੇਖ ਰਿਹਾ ਹਾਂ, ਜੋ ਪੱਛਮ ਤੋਂ ਆਉਣਗੇ ਅਤੇ ਮੁਗ਼ਲ ਰਾਜ ਦਾ ਖ਼ਾਤਮਾ ਕਰਨਗੇ।''
ਹੁਣ ਇਹ ਗੱਲ ਥੋੜਾ ਜਿਹਾ ਦਿਮਾਗ਼ ਰੱਖਣ ਵਾਲਾ ਵੀ ਸਮਝ ਸਕਦਾ ਹੈ ਕਿ ਅਜਿਹੀ ਝੂਠੀ ਗੱਲ ਸਿੱਖ ਇਤਿਹਾਸ ਵਿਚ ਕਿਸ ਨੇ ਲਿਖਵਾਈ ਹੋਵੇਗੀ। ਜ਼ਰਾ ਸੋਚੋ ਪਛਮ ਤੋਂ ਟੋਪੀ ਪਾ ਕੇ ਕੌਣ ਆਇਆ ਸੀ? ਹਾਂ ਮੇਰੇ ਵੀਰੋ, ਭੈਣੋ ਅੰਗਰੇਜ਼ ਹੀ ਤਾਂ ਆਏ ਸੀ, ਸਿੱਧੀ ਜਹੀ ਗੱਲ ਹੈ ਕਿ ਇਸ ਗੱਪ ਗਪੋੜ ਨੂੰ ਅੰਗਰੇਜ਼ਾਂ ਨੇ ਹੀ ਸਿੱਖਾਂ ਦੇ ਗੁਰੂ ਇਤਿਹਾਸ ਵਿਚ ਲਿਖਵਾਇਆ ਤੇ ਪ੍ਰਚਾਰਿਆ ਹੋਵੇਗਾ ਕਿਉਂਕਿ ਇਸ ਝੂਠ ਦਾ ਵੱਧ ਤੋਂ ਵੱਧ ਲਾਭ ਅੰਗਰੇਜ਼ਾਂ ਨੂੰ ਹੀ ਹੋਣਾ ਸੀ ਪਰ ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਉਸ ਸਮੇਂ ਛਪਣ ਵਾਲੇ ਮਾਸਕ ਪੱਤਰ 'ਸਿੱਖ ਰੀਵੀਊ' ਵਿਚ ਇਕ ਲੇਖ ਪ੍ਰਕਾਸ਼ਤ ਕਰਵਾਇਆ ਜਿਸ ਵਿਚ ਲੇਖਕ ਨੇ ਸਿੱਧ ਕਰ ਦਿਤਾ ਕਿ ਇਹ ਗੱਲ ਬਿਲਕੁਲ ਮਨਘੜਤ ਹੈ ਤੇ ਸਿੱਖਾਂ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਕਬੂਲ ਕਰਨ ਲਈ ਘੜ ਕੇ ਪ੍ਰਚਾਰੀ ਗਈ ਹੈ। ਇਸੇ ਤਰ੍ਹਾਂ ਦੀ ਇਕ ਹੋਰ ਸਾਖੀ ਜੋ ਬਾਬਿਆਂ ਸਾਧੜਿਆਂ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਨਾਮ ਨਾਲ ਜੋੜੀ ਉਹ ਸੀ ਗੁਰੂ ਸਾਹਿਬ ਜੀ ਨੂੰ ਭੋਰੇ ਵਿਚ ਤਪ ਕਰਦਾ ਵਿਖਾਉਣਾ। ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸਾਖੀਕਾਰਾਂ ਨੇ ਤਪ ਕਰਦੇ ਵਿਖਾ ਦਿਤਾ। ਹੁਣ ਇਸ ਗੱਲ ਦਾ ਫ਼ਾਇਦਾ ਕਿਸ ਨੂੰ ਹੋਣਾ ਸੀ, ਦੱਸੋ ਸੰਗਤ ਜੀ?
ਜੀ ਹਾਂ ਵਿਹਲੜ ਸਾਧਾਂ ਨੂੰ। ਇਨ੍ਹਾਂ ਵਿਹਲੜ ਸਾਧਾਂ ਨੇ ਅਪਣੀਆਂ ਸਟੇਜਾਂ ਤੋਂ ਉੱਚੀ-ਉੱਚੀ ਕੂਕ-ਕੂਕ ਕੇ ਪ੍ਰਚਾਰ ਕੀਤਾ ਕਿ ਗੁਰੁ ਤੇਗ ਬਹਾਦਰ ਜੀ ਭੋਰੇ ਵਿਚ ਤਪ ਕਰਦੇ ਹੁੰਦੇ ਸੀ ਤੇ ਅਸੀ ਵੀ ਭੋਰੇ ਵਿਚ ਅੱਠ-ਅੱਠ ਘੱਟੇ ਤਪ ਕਰਦੇ ਹਾਂ। ਸਾਡੇ ਵੱਡੇ ਬਾਬਾ ਜੀ ਤੇ ਉਨ੍ਹਾਂ ਦੇ ਵੱਡੇ ਬਾਬਾ ਜੀ ਵੀ ਭੋਰੇ ਵਿਚ ਤਪ ਕਰਿਆ ਕਰਦੇ ਸੀ। ਵੇਖੋ ਅਸੀ ਕਿੰਨੇ ਮਹਾਨ ਹਾਂ ਵਗੈਰਾ-ਵਗੈਰਾ। ਪਰ ਗੁਰਬਾਣੀ ਤਾਂ ਤਪ ਨੂੰ ਮਾਨਤਾ ਹੀ ਨਹੀਂ ਦਿੰਦੀ, ਅਸੀ ਰੋਜ਼ ਹੀ ਪੜ੍ਹਦੇ ਹਾਂ “ਤੀਰਥੁ ਤਪੁ ਦਇਆ ਦਤੁ ਦਾਨੁ ਜੇ ਕੋ ਪਾਵੈ ਤਿਲ ਕਾ ਮਾਨੁ£” ਕੀ ਰੋਜ਼ ਹੀ ਇਹ ਸ਼ਬਦ ਪੜ੍ਹਨ ਵਾਲੇ ਗੁਰੂ ਤੇਗ ਬਹਾਦਰ ਜੀ ਭੋਰੇ ਵਿਚ ਤਪ ਕਰ ਸਕਦੇ ਹਨ? ਹੁਣ ਬਿਲਕੁਲ ਇਸੇ ਤਰ੍ਹਾਂ ਜਿਹੜੇ ਸ਼ਾਕਤਮਤੀਏ, ਨਸ਼ੇ ਕਰਨ ਵਾਲੇ, ਵਿਭਚਾਰੀ, ਸਿੱਖੀ ਦਾ ਖ਼ਾਤਮਾ ਕਰਨਾ ਚਾਹੁੰਦੇ ਸਨ, ਜਿਹੜੇ ਇਕ ਪੰਥ ਤੇ ਇਕੋ ਗ੍ਰੰਥ ਨੂੰ ਖ਼ਤਮ ਕਰਨਾ ਚਾਹੁੰਦੇ ਸਨ, ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਕ ਹੋਰ ਗ੍ਰੰਥ ਖੜਾ ਕਰ ਦਿਤਾ। ਹੁਣ ਸਿੱਖ ਸੰਗਤਾਂ ਆਪ ਹੀ ਸਮਝ ਲੈਣ ਕਿ ਇਹ ਕਿਸ ਨੇ ਕੀਤਾ ਤੇ ਕਿਸ ਨੇ ਕਰਵਾਇਆ। ਇਤਿਹਾਸ ਦੀ ਮਹਾਨਤਾ ਦੇ ਸਹੀ ਅਰਥ ਜਦੋਂ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਨੂੰ ਪਤਾ ਲੱਗੇ ਤਾਂ ਉਹ ਤੁਰਤ ਹੀ ਇਤਿਹਾਸ ਇਕੱਠਾ ਕਰਨ ਤੁਰ ਪਏ। ਉਨ੍ਹਾਂ ਦੀਆਂ ਲਿਖੀਆਂ ਹੋਈਆਂ ਤਿੰਨ ਪੁਸਤਕਾਂ ਇਤਿਹਾਸਕ ਖੋਜ ਭਾਗ ਪਜਿਲਾ ਦੂਜਾ ਤੇ ਤੀਜਾ ਪੜ੍ਹਨ ਯੋਗ ਹਨ। ਕਰਮ ਸਿੰਘ ਜੀ ਹਿਸਟੋਰੀਅਨ ਦੀ ਇਸ ਕਿਤਾਬ ਦਾ ਮੁੱਖ ਬੰਦ ਲਿਖਦੇ ਹੋਏ ਹੀਰਾ ਸਿੰਘ ਦਰਦ ਆਖਦੇ ਹਨ ਕਿ ਧਨ ਦੋਲਤ ਖੋਹੀ ਜਾਏ ਤਾਂ ਉਹ ਮਿਹਨਤ ਕੀਤਿਆਂ ਮੁੜ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰ ਕਿਸੇ ਦੀ ਇਤਿਹਾਸਕ ਜਾਂ ਵਿਗਿਆਨਕ ਖੋਜ ਜੋ ਕੋਮੀ ਦੌਲਤ ਹੁੰਦੀ ਹੈ, ਜੇ ਅਲੋਪ ਹੋ ਜਾਵੇ ਤਾਂ ਉਸ ਤੋਂ ਕੌਮ ਸਦਾ ਲਈ ਮਹਿਰੂਮ ਹੋ ਜਾਂਦੀ ਹੈ। (ਬਾਕੀ ਅਗਲੇ ਹਫ਼ਤੇ)
ਹਰਪ੍ਰੀਤ ਸਿੰਘ, ਸੰਪਰਕ : 98147-02271