ਜੰਡ ਦੀਆਂ ਭੁੱਬਾਂ
Published : Dec 16, 2020, 7:51 am IST
Updated : Dec 16, 2020, 7:51 am IST
SHARE ARTICLE
file photo
file photo

ਧਾਰੋਵਾਲ ਕਾਨਫ਼ਰੰਸ ਸਮੇਂ ਭਾਈ ਕਰਤਾਰ ਸਿੰਘ ਝੱਬਰ ਦੀ ਤਕਰੀਰ

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੁਹਾਲੀ: ਸਿੱਖਾਂ ਵਿਚ ਨਵੀਂ ਜਾਗਰਤੀ ਨੇ ਅੰਗੜਾਈ ਲਈ। ਮਹੰਤਾਂ ਦੀਆਂ ਕਾਲੀਆਂ ਕਰਤੂਤਾਂ ਦਿਨ-ਬ-ਦਿਨ ਉਜਾਗਰ ਹੋਣ ਲਗੀਆਂ। ਇਸ ਲਹਿਰ ਨੇ ਜਿਥੇ ਸਿੱਖ ਚਿੰਤਕ ਪੈਦਾ ਕੀਤੇ ਹਨ, ਉਥੇ ਗੁਰਦਵਾਰਿਆਂ ਵਿਚ ਹੋ ਰਹੀਆਂ ਮਨਮਤਾਂ ਦੀ ਜਾਣਕਾਰੀ ਸੰਗਤਾਂ ਨੂੰ ਦੇਣ ਵਿਚ ਪੂਰੀ ਤਰ੍ਹਾਂ ਕਾਮਯਾਬ ਹੋਏ। ਜ਼ਿਆਦਾ ਗੁਰਦਵਾਰਿਆਂ ਦਾ ਪ੍ਰਬੰਧ ਮਹੰਤਾਂ ਪਾਸ ਜਾ ਚੁੱਕਾ ਸੀ ਜੋ ਅਪਣੀਆਂ ਮਨਆਈਆਂ ਕਰ ਰਹੇ ਸਨ। ਗੁਰਦੁਆਰਾ ਸੁਧਾਰ ਲਹਿਰ : ਗੁਰਦਵਾਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਦਾ ਬੀੜਾ ਗੁਰਦਵਾਰਾ ਬੇਰ ਸਾਹਿਬ ਸਿਆਲਕੋਟ ਤੋਂ ਸ਼ੂਰੂ ਕੀਤਾ ਗਿਆ। ਇਸ ਗੁਰਦਵਾਰੇ ਦਾ ਮਹੰਤ ਗਿਆਨ ਸਿੰਘ ਸੀ ਤੇ ਇਸ ਦੀ ਮੌਤ ਉਪਰੰਤ ਉਸ ਦਾ ਪੁੱਤਰ ਮਹੰਤ ਬਣਿਆ। ਸਥਾਨਕ ਹਿੰਦੂਆਂ ਨੇ ਪੂਰੀ ਵਾਹ ਲਗਾਈ ਕਿ ਇਹ ਮਹੰਤ ਬਣਿਆ ਰਹੇ। ਸਥਾਨਕ ਸਿੱਖ ਸੰਗਤਾਂ ਨੇ ਜਥੇਦਾਰ ਖੜਕ ਸਿੰਘ ਦੀ ਅਗਵਾਈ ਹੇਠ ਗੁਰਦਵਾਰਾ ਬੇਰ ਸਾਹਿਬ, ਮਹੰਤ ਦੇ ਕਬਜ਼ੇ ਵਿਚੋਂ ਮੁਕਤ ਕਰਵਾਇਆ। ਇਸ ਉਪਰੰਤ ਅਕਾਲ ਤਖ਼ਤ ਦਾ ਪ੍ਰਬੰਧ ਵੀ ਸੰਗਤਾਂ ਨੇ ਅਪਣੇ ਹੱਥ ਕਰ ਲਿਆ ਸੀ। ਇਸ ਤਰ੍ਹਾਂ ਗੁਰਦਵਾਰੇ ਮਹੰਤਾਂ ਦੇ ਕਬਜ਼ੇ ਵਿਚੋਂ ਛੁਡਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

SikhSikh

19 ਨਵੰਬਰ 1920 ਨੂੰ ਗੁਰਦਵਾਰਾ ਪੰਜਾ ਸਾਹਿਬ ਹਸਨ ਅਬਦਾਲ ਤੋਂ ਪੂਰਨ ਸਨਾਤਨੀ ਮਹੰਤ ਦਾ ਕਬਜ਼ਾ ਜਦੋਂ ਖ਼ਤਮ ਕੀਤਾ ਸੀ ਤਾਂ ਸਥਾਨਕ ਹਿੰਦੂ ਭਾਈਚਾਰਾ ਇਸ ਮਹੰਤ ਦੇ ਹੱਕ ਵਿਚ ਨਿੱਤਰ ਆਇਆ ਸੀ। ਪੁਲਿਸ ਦੀ ਸੂਝ-ਬੂਝ ਨਾਲ ਤੇ ਸਿੱਖਾਂ ਦੀ ਵਧਦੀ ਤਾਕਤ ਨੇ ਇਹ ਮਸਲਾ ਹੱਲ ਕਰਵਾ ਲਿਆ ਪਰ ਸਥਾਨਕ ਹਿੰਦੂਆਂ ਨੇ ਮਹੰਤ ਨੂੰ ਬਹਾਲ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਸੀ। ਇਕ ਹਜੂਮ ਦੀ ਸ਼ਕਲ ਵਿਚ ਸਥਾਨਕ ਭਾਈਚਾਰੇ ਨੇ ਬੀਬੀਆਂ ਨੂੰ ਨਾਲ ਲੈ ਕੇ ਪੂਰਾ ਦਬਾਅ ਬਣਾਉਣ ਦਾ ਯਤਨ ਕੀਤਾ ਪਰ ਉਹ ਕਾਮਯਾਬ ਨਾ ਹੋਏ। ਗੁਰਦਵਾਰਾ ਸੱਚਾ ਸੌਦਾ ਦੀਆਂ ਖ਼ਬਰਾਂ ਦਿੱਲ ਨੂੰ ਵਲੂੰਧਰ ਦੇਣ ਵਾਲੀਆਂ ਸਨ। ਇਸ ਮਹੰਤ ਸਬੰਧੀ ਤਮਾਕੂਨੋਸ਼ੀ, ਵਿਭਚਾਰ, ਮੂਰਤੀ ਪੂਜਾ ਤੇ ਹੋਰ ਬਹੁਤ ਸਾਰੀਆਂ ਸਿੱਖ ਸਿਧਾਂਤ ਵਿਰੋਧੀ ਕਾਰਵਾਈਆਂ ਨਾ ਬਰਦਾਸ਼ਤ ਯੋਗ ਸਨ। 27 ਦਸੰਬਰ 1920 ਨੂੰ ਇਸ ਗੁਰਦਵਾਰੇ ਦਾ ਕਬਜ਼ਾ ਮਹੰਤ ਕੋਲੋਂ ਖੋਹਿਆ ਗਿਆ।

SikhSikh

31 ਜਨਵਰੀ 1921 ਨੂੰ ਗੁਰਦਵਾਰਾ ਗੁਰੂ ਕਾ ਬਾਗ਼ ਅੰਮ੍ਰਿਤਸਰ ਦਾ ਮਹੰਤ ਲਿਖਤੀ ਇਕਰਾਰਨਾਮੇ ਤਹਿਤ 300/- ਰੁਪਏ ਮਾਸਕ ਭੱਤੇ ਉਤੇ ਕਬਜ਼ਾ ਛੱਡ ਗਿਆ ਸੀ ਪਰ ਚਲਾਕ ਮਹੰਤ ਨੇ ਉਹ ਕਬਜ਼ੇ ਵਾਲੀ ਲਿਖਤ ਕਿਸੇ ਤਰ੍ਹਾਂ ਹਾਸਲ ਕਰ ਕੇ ਖੁਰਦ-ਬੁਰਦ ਕਰ ਦਿਤੀ ਸੀ ਜਿਸ ਕਰ ਕੇ ਇਹ ਕਬਜ਼ਾ ਛੱਡਣ ਤੋਂ ਇਨਕਾਰੀ ਹੋ ਗਿਆ। ਅਖ਼ੀਰ ਨੂੰ 23 ਅਗੱਸਤ 1921 ਨੂੰ ਦੁਬਾਰਾ ਮਹੰਤ ਨੂੰ ਗੁਰੂ ਕੇ ਬਾਗ਼ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਸੀ। ਇੰਜ ਹੋਰ ਵੀ ਬਹੁਤ ਸਾਰੇ ਅਕਾਲੀਆਂ ਨੇ ਮਹੰਤਾਂ ਦੇ ਕਬਜ਼ੇ ਵਿਚੋਂ ਗੁਰਦਵਾਰੇ ਆਜ਼ਾਦ ਕਰਵਾ ਲਏ ਸਨ। ਮਹੰਤਾਂ ਤੋਂ ਗੁਰਦਵਾਰੇ ਮੁਕਤ ਕਰਵਾਉਣ ਦੀ ਇਕ ਲਹਿਰ ਹਨੇਰੀ ਵਾਂਗ ਖੜੀ ਹੋ ਗਈ। ਵੇਖਦਿਆਂ-ਵੇਖਦਿਆਂ ਭਾਈ ਜੋਗਾ ਸਿੰਘ ਦਾ ਗੁਰਦਵਾਰਾ ਪਿਸ਼ੌਰ, ਗੁਰਦਵਾਰਾ ਜਮਰੌਦ, ਸੱਚਾ ਸੌਦਾ ਗੁਰਦਵਾਰੇ ਨੇੜੇ ਗੁਰਦਵਾਰਾ ਬਾਬੇ ਕੀ ਬੇਰ, ਸ਼ੇਖੂਪੁਰੇ ਮਹਾਂਰਾਣੀ ਨਕੈਣ ਦਾ ਗੁਰਦਵਾਰਾ ਪ੍ਰਮੁੱਖ ਹਨ। ਇਨ੍ਹਾਂ ਦਿਨਾਂ ਵਿਚ ਅਕਾਲੀਆਂ ਦਾ ਦਬਦਬਾ ਏਨਾ ਹੋ ਗਿਆ ਸੀ ਕਿ ਬਹੁਤ ਸਾਰੇ ਗੁਰਦਵਾਰਿਆਂ ਦੇ ਮਹੰਤ ਮਾਫ਼ੀ ਮੰਗ ਕੇ ਪੰਥਕ ਮਰਿਆਦਾ ਮੁਤਾਬਕ ਗੁਰਦਵਾਰਿਆਂ ਦਾ ਪ੍ਰਬੰਧ ਕਰਨ ਲਈ ਰਾਜ਼ੀ ਹੋ ਗਏ।

ਗਾਂਧੀ ਦੀ ਭਾਵਨਾ : ਮੋਹਨ ਦਾਸ ਕਰਮ ਚੰਦ ਗਾਂਧੀ ਦੀ ਅੰਦਰਲੀ ਹਾਲਤ ਦਰ ਕਿਨਾਰ ਨਹੀਂ ਕੀਤੀ ਜਾ ਸਕਦੀ ਜਿਹੜੀ ਇਨ੍ਹਾਂ ਮਹੰਤਾਂ ਦੇ ਹੱਕ ਵਿਚ ਭੁਗਤਦੀ ਨਜ਼ਰ ਆਉਂਦੀ ਹੈ, ''ਮੁਝੇ ਮਾਲੂਮ ਹੂਆ ਹੈ ਕਿ ਕੁੱਛ ਨੌਜੁਆਨ ਸਿੱਖ ਗੁਰਦਵਾਰੋਂ ਪਰ ਕਬਜ਼ੇ ਕਰ ਰਹੇ ਹੈਂ, ਯਿਹ ਠੀਕ ਨਹੀਂ ਹੈ, ਮਹੰਤ ਲੋਗੋਂ ਕੋ ਨਿਕਾਲ ਕਰ ਗੁਰਦਵਾਰੋਂ ਪਰ ਕਬਜ਼ਾ ਕਰਨਾ ਜਬਰ ਹੈ। ਹਮ ਕੋ ਮਿਲ ਕਰ ਕਾਂਗਰਸ ਕੇ ਸਾਥ ਕਾਮ ਕਰਨਾ ਚਾਹੀਏ।”
ਚਲਾਕ ਮਹੰਤ ਨਰੈਣੂ : ਗੁਰਦਵਾਰਾ ਨਨਕਾਣਾ ਸਾਹਿਬ ਦੇ ਪ੍ਰਬੰਧ ਦਾ ਵਿਗਾੜ ਮਹੰਤ ਸਾਧੂ ਰਾਮ ਤੋਂ ਸ਼ੁਰੂ ਹੁੰਦਾ ਹੈ ਜਿਹੜਾ ਸਿਰੇ ਦਾ ਵਿਭਚਾਰੀ ਤੇ ਅਯਾਸ਼ ਆਦਮੀ ਸੀ। ਇਸ ਦੇ ਮਰਨ ਉਪਰੰਤ ਕ੍ਰਿਸ਼ਨ ਦਾਸ ਮਹੰਤ ਬਣਿਆ ਜੋ ਉਸ ਤੋਂ ਵੀ ਘਟੀਆ ਕਿਸਮ ਦਾ ਬੰਦਾ ਸੀ। ਇਨ੍ਹਾਂ ਦੋਹਾਂ ਨੇ ਅਪਣੇ ਬੱਚਿਆਂ ਦੇ ਵਿਆਹਾਂ ਉਤੇ ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਮੁਜਰੇ ਕਰਵਾਉਣ ਨੂੰ ਕੋਈ ਮਾੜਾ ਕਰਮ ਨਹੀਂ ਗਿਣਿਆ ਸੀ। ਕ੍ਰਿਸ਼ਨ ਦਾਸ ਮਹੰਤ ਨੇ ਅਪਣੀ ਨਾਜਾਇਜ਼ ਔਲਾਦ ਦੀ ਪਾਰਟੀ ਕੀਤੀ। ਸ਼ਰਾਬ ਦਾ ਪੂਰਾ ਦੌਰ ਚਲਿਆ ਜਿਸ ਵਿਚ ਮਹੰਤ ਕ੍ਰਿਸ਼ਨ ਦਾਸ ਜ਼ਿਆਦਾ ਸ਼ਰਾਬੀ ਹੋ ਗਿਆ।  ਅਜਿਹੀ ਹਾਲਤ ਵਿਚ ਮਹੰਤ ਨਰੈਣੂ ਨੇ ਗੁਰਦਵਾਰਾ ਨਨਕਾਣਾ ਸਾਹਿਬ ਦੀਆਂ ਚਾਬੀਆਂ ਕ੍ਰਿਸ਼ਨ ਦਾਸ ਦੀ ਜੇਬ ਵਿਚੋਂ ਕੱਢ ਲਈਆਂ ਸਨ। ਥੋੜੇ ਸਮੇਂ ਵਿਚ ਕ੍ਰਿਸ਼ਨ ਦਾਸ ਮਰ ਗਿਆ ਤੇ ਨਰੈਣੂ ਦਾ ਰਾਹ ਮੋਕਲਾ ਹੋ ਗਿਆ।

ਮਹੰਤ ਨਾਰਾਇਣ ਦਾਸ ਨੇ ਇਹ ਲਿਖਤੀ ਵਾਅਦਾ ਕੀਤਾ ਕਿ ਮੈਂ ਇਨ੍ਹਾਂ ਦੋਹਾਂ ਵਾਂਗ ਬਦ ਫ਼ੈਲੀਆਂ ਨਹੀਂ ਕਰਾਂਗਾ। ਮੈਂ ਗੁਰਦਵਾਰੇ ਦੀ ਸੇਵਾ ਤਨੋਂ ਮਨੋਂ ਕਰਾਂਗਾ। ਪਰ ਥੋੜਾ ਸਮਾਂ ਹੀ ਲੰਘਿਆ ਸੀ ਕਿ ਇਹ ਵੀ ਬਦਫ਼ੈਲੀਆਂ ਤੇ ਉਤਰ ਆਇਆ। ਇਸ ਨੇ ਵੀ ਇਕ ਮਰਾਸਣ ਰੱਖ ਲਈ ਸੀ ਜਿਸ ਵਿਚੋਂ ਦੋ ਲੜਕੇ ਤੇ ਦੋ ਲੜਕੀਆਂ ਪੈਦਾ ਹੋਈਆਂ। 1917 ਵਿਚ ਇਸ ਨੇ ਗੁਰਦਵਾਰਾ ਨਨਕਾਣਾ ਸਾਹਿਬ ਵਿਖੇ ਮੁਜਰਾ ਕਰਵਾਇਆ ਜਿਸ ਦਾ ਸਾਰੇ ਸਿੱਖ ਜਗਤ ਅਤੇ ਸਿੰਘ ਸਭਾਵਾਂ ਨੇ ਜ਼ੋਰਦਾਰ ਵਿਰੋਧ ਕੀਤਾ। 1918 ਵਿਚ ਇਕ ਸਿੰਧੀ ਪ੍ਰਵਾਰ ਗੁਰਦਵਾਰਾ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਆਇਆ ਸੀ। ਉਸ ਦੀ 13 ਸਾਲ ਦੀ ਲੜਕੀ ਨਾਲ ਮਹੰਤ ਦੇ ਗੁੰਡਿਆਂ ਨੇ ਕੁਕਰਮ ਕਰ ਦਿਤਾ। ਇਸੇ ਸਾਲ ਹੀ ਜੜ੍ਹਾਂਵਾਲ ਤੋਂ ਛੇ ਬੀਬੀਆਂ ਗੁਰਦਵਾਰਾ ਸਾਹਿਬ ਆਈਆਂ ਸਨ ਤਾਂ ਮਹੰਤ ਤੇ ਉਸ ਦੇ ਬਾਕੀ ਮਹੰਤਾਂ ਨੇ ਬੀਬੀਆਂ ਨਾਲ ਕੁਕਰਮ ਕੀਤਾ। ਹੋਰ ਵੀ ਬਹੁਤ ਸਾਰੀਆਂ ਕਾਲੀਆਂ ਕਰਤੂਤਾਂ ਮਹੰਤ ਕਰ ਰਿਹਾ ਸੀ ਪਰ ਕਈ ਇਜ਼ਤ ਦੇ ਮਾਰੇ ਚੁੱਪ ਰਹਿਣ ਵਿਚ ਹੀ ਭਲਾ ਸਮਝਦੇ ਸਨ।

ਧਾਰੋਵਾਲ ਕਾਨਫ਼ਰੰਸ ਸਮੇਂ ਭਾਈ ਕਰਤਾਰ ਸਿੰਘ ਝੱਬਰ ਦੀ ਤਕਰੀਰ : ਗੁਰਦਵਾਰਾ ਨਨਕਾਣਾ ਸਾਹਿਬ ਤੋਂ ਗੁਰਬਾਣੀ ਪ੍ਰਚਾਰ ਕਰਨ ਦੀ ਥਾਂ ਉਤੇ ਮਹੰਤ ਅਯਾਸ਼ੀ ਕਰ ਰਿਹਾ ਸੀ। ਮਹੰਤ ਤੇ ਇਸ ਦੇ ਨਾਲ ਰਹਿਣ ਵਾਲੇ ਸਾਰੇ ਬਦ ਇਖ਼ਲਾਕੀਆਂ ਕਰ ਰਹੇ ਸਨ। ਮਹੰਤ ਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਹੁਣ ਅਕਾਲੀਏ ਗੁਰਦਵਾਰਿਆਂ ਦਾ ਕਬਜ਼ਾ ਲੈ ਰਹੇ ਹਨ ਤੇ ਕੱਲ੍ਹ ਨੂੰ ਮੇਰੀ ਵਾਰੀ ਵੀ ਆ ਜਾਣੀ ਹੈ, ਇਸ ਲਈ ਮਹੰਤ ਨੇ ਅਪਣੇ ਬਚਾਅ ਲਈ ਇਲਾਕੇ ਦੇ ਬਦਮਾਸ਼ਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿਤਾ। ਗੁਰਦਵਾਰਾ ਨਨਕਾਣਾ ਸਹਿਬ ਨੂੰ ਮਹੰਤ ਕੋਲੋਂ ਆਜ਼ਾਦ ਕਰਵਾਉਣ ਲਈ 1, 2, 3 ਅਕਤੂਬਰ 1920 ਨੂੰ ਪਿੰਡ ਧਾਰੋਵਾਲ ਇਕ ਵੱਡੀ ਕਾਨਫ਼ਰੰਸ ਰੱਖੀ ਗਈ। ਇਸ ਕਾਨਫ਼ਰੰਸ ਵਿਚ ਭਾਈ ਕਰਤਾਰ ਸਿੰਘ ਝੱਬਰ ਨੇ ਗੁਰਦਵਾਰੇ ਦੀ ਸਾਰੀ ਵਿਚਾਰ ਸੰਗਤ ਸਾਹਮਣੇ ਰੱਖੀ। ਅਜਿਹੇ ਵਿਚਾਰ ਸੁਣ ਕੇ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਗੁਰਦਵਾਰਾ ਨਨਕਾਣਾ ਸਾਹਿਬ ਅਜ਼ਾਦ ਕਰਵਾਉਣ ਲਈ ਸ਼ਹੀਦੀ ਜਥਾ ਬਣਾ ਲਿਆ।

ਮਹੰਤ ਦੀ ਅੰਦਰਖਾਤੇ ਸਿੱਖਾਂ ਨਾਲ ਸਿੱਝਣ ਦੀ ਤਿਆਰੀ : ਮਹੰਤ ਨੂੰ ਜਦੋਂ ਪਤਾ ਚਲਿਆ ਕਿ ਗੁਰਦਵਾਰਾ ਨਨਕਾਣਾ ਸਾਹਿਬ ਦਾ ਕਬਜ਼ਾ ਲੈਣ ਲਈ ਭਾਈ ਕਰਤਾਰ ਸਿੰਘ ਝੱਬਰ ਪ੍ਰੋਗਰਾਮ ਬਣਾ ਰਿਹਾ ਹੈ ਤਾਂ ਉਸ ਨੇ ਵੀ ਅੰਦਰੂਨੀ ਤੌਰ ਤੇ 400 ਭਾੜੇ ਦੇ ਟੱਟੂ ਭਰਤੀ ਕਰ ਲਏ ਸਨ। ਇਲਾਕੇ ਦੇ ਨਾਮੀ ਬਦਮਾਸ਼ ਰਾਂਝਾ ਤੇ ਰਿਹਾਣਾ ਨੂੰ ਅਕਾਲੀਆਂ ਨਾਲ ਦੋ ਹੱਥ ਕਰਨ ਦੀ ਸਾਰੀ ਕਮਾਂਡ ਸੰਭਾਲ ਦਿਤੀ। ਡਾ. ਹਰਜਿੰਦਰ ਸਿੰਘ ਦਿਲਗੀਰ ਦੇ ਕਥਨ ਅਨੁਸਾਰ ਮਹੰਤ : ਨਰੈਣ ਦਾਸ ਨੇ ਕਰਤਾਰ ਸਿੰਘ ਬੇਦੀ (ਭਤੀਜਾ ਖੇਮ ਸਿੰਘ ਬੇਦੀ) ਦੀ ਮਦਦ ਨਾਲ ਮਹੰਤਾਂ, ਸਾਧੂਆਂ, ਬੇਦੀਆਂ ਦਾ ਇੱਕ ਇਕੱਠ 12 ਨਵੰਬਰ 1920 ਨੂੰ ਅਖਾੜਾ ਸੰਗਲ ਵਾਲਾ (ਨੇੜੇ ਦਰਬਾਰ ਸਾਹਿਬ ਅੰਮ੍ਰਿਤਸਰ) ਵਿਚ ਕੀਤਾ।  ਮਹੰਤ ਗੋਬਿੰਦ ਦਾਸ (ਜਮਸ਼ੇਰ) ਦੀ ਪ੍ਰਧਾਨਗੀ ਹੇਠ 53 ਮਹੰਤ ਇਸ ਇਕੱਠ ਵਿਚ ਸ਼ਾਮਲ ਹੋਏ। ਇਥੇ ਫ਼ੈਸਲਾ ਹੋਇਆ ਕਿ ਅਕਾਲੀਆਂ ਦਾ ਟਾਕਰਾ ਜ਼ੋਰ-ਸ਼ੋਰ ਨਾਲ ਕੀਤਾ ਜਾਵੇ।  ਮਹੰਤ ਨਰੈਣ ਦਾਸ ਨੇ ਬੇਦੀ ਕਰਤਾਰ ਸਿੰਘ ਨਾਲ-ਰਲ ਕੇ 60 ਹਜ਼ਾਰ ਰੁਪਏ ਇਕੱਠੇ ਕੀਤੇ ਤੇ ਲਾਹੌਰ ਤੋਂ ਹਫ਼ਤਾਵਰੀ 'ਸੰਤ ਸੇਵਕ' ਅਖ਼ਬਾਰ ਸ਼ੁਰੂ ਕੀਤਾ, ਜੋ ਮੁਫ਼ਤ ਵਿਚ ਵੰਡਿਆ ਜਾਂਦਾ ਰਿਹਾ। ਇਸ ਦੇ ਨਾਲ਼ ਹੀ ਮਹੰਤ ਨੇ ਅਪਣੀ ਵਖਰੀ 'ਗੁਰਦਵਾਰਾ ਕਮੇਟੀ' ਬਣਾ ਲਈ ਜੋ ਵਿਖਾਵੇ ਵਜੋਂ ਸੀ ਪਰ ਗੱਲਬਾਤ ਵਿਚ ਇਸ ਦਾ ਕੋਈ ਰੋਲ ਨਹੀਂ ਸੀ। ਇਸ ਕਮੇਟੀ ਦਾ ਪ੍ਰਧਾਨ ਮਹੰਤ ਨਰੈਣ ਦਾਸ ਤੇ ਸਕੱਤਰ ਬਸੰਤ ਦਾਸ ਮਾਣਕ ਨੂੰ ਬਣਾ ਲਿਆ।

ਜਥੇਦਾਰ ਕਰਤਾਰ ਸਿੰਘ ਝੱਬਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਚਿੱਠੀ : ਮਹੰਤ ਅੰਦਰੋਂ ਪੂਰੀ ਤਰ੍ਹਾਂ ਡਰਿਆ ਹੋਇਆ ਸੀ। ਬਾਹਰਲੇ ਤਲੋਂ ਉਹ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਜਾਰੀ ਰਖਣਾ ਚਾਹੁੰਦਾ ਸੀ ਪਰ ਅੰਦਰੋਂ ਅੰਦਰੀ ਗੰਢ ਤੁਪ ਕਰ ਕੇ ਗੁਰਦਵਾਰੇ ਦਾ ਕਬਜ਼ਾ ਲੈਣਾ ਚਾਹੁਣ ਵਾਲਿਆਂ ਨੂੰ ਸਬਕ ਵੀ ਸਿਖਾਉਣਾ ਚਾਹੁੰਦਾ ਸੀ। ਜਨਵਰੀ 1921 ਵਿਚ ਸ. ਕਰਤਾਰ ਸਿੰਘ ਝੱਬਰ ਨੇ ਸ਼੍ਰੋਮਣੀ ਕਮੇਟੀ ਨੂੰ ਇਕ ਚਿੱਠੀ ਲਿਖੀ ਸੀ ਕਿ ਮਹੰਤ ਵਿਰੁਧ ਸਾਨੂੰ ਤੁਰਤ ਕਾਰਵਾਈ ਕਰਨੀ ਚਾਹੀਦੀ ਹੈ। 24 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਵਿਚ ਇਸ ਚਿੱਠੀ ਉਤੇ ਵਿਚਾਰ ਹੋਈ ਕਿ 4, 5, 6 ਮਾਰਚ 1921 ਨੂੰ ਨਨਕਾਣਾ ਸਾਹਿਬ ਵਿਖੇ ਕਾਨਫਰੰਸ ਕੀਤੀ ਜਾਏ ਤੇ ਮਹੰਤ ਨੂੰ ਸੁਧਰ ਜਾਣ ਨੂੰ ਕਿਹਾ ਜਾਏ ਨਾਲ ਹੀ ਮਹੰਤ ਨਾਲ ਗੱਲਬਾਤ ਕਰਨ ਲਈ ਇਕ ਸਬ-ਕਮੇਟੀ ਬਣਾ ਦਿਤੀ। ਇਸ ਕਮੇਟੀ ਵਿਚ ਕਰਤਾਰ ਸਿੰਘ ਝੱਬਰ, ਭਾਈ ਜੋਧ ਸਿੰਘ, ਤੇਜਾ ਸਿੰਘ ਸਮੁੰਦਰੀ, ਬੂਟਾ ਸਿੰਘ ਵਕੀਲ ਤੇ ਕੇਹਰ ਸਿੰਘ ਪੱਟੀ ਸ਼ਾਮਲ ਸਨ। ਇਸ ਕਮੇਟੀ ਨੇ ਮਹੰਤ ਨੂੰ ਗੱਲਬਾਤ ਕਰਨ ਲਈ 7, 8, 9 ਫ਼ਰਵਰੀ 1921 ਦੇ ਦਿਨ ਗੁਰਦਵਾਰਾ ਖਰਾ ਸੌਦਾ ਵਿਚ ਬੁਲਾ ਲਿਆ।

ਮਹੰਤ ਵਲੋਂ ਗੱਲਬਾਤ ਨੂੰ ਲਟਕਾਉਣਾ : ਚਲਾਕ ਮਹੰਤ ਨੇ ਆਪ ਜਾਣ ਦੀ ਬਜਾਏ ਮਹੰਤ ਸੁੰਦਰ ਦਾਸ ਅਤੇ ਹਰੀ ਦਾਸ ਨੂੰ ਭੇਜ ਦਿਤਾ ਤੇ ਨਾਲ ਹੀ ਕਹਿ ਦਿਤਾ ਕਿ ਉਹ 15 ਫ਼ਰਵਰੀ ਨੂੰ ਸ਼ੇਖੂਪੁਰੇ ਮਿਲੇਗਾ ਪਰ 14 ਫ਼ਰਵਰੀ ਨੂੰ ਪਤਾ ਚੱਲ ਗਿਆ ਸੀ ਕਿ ਮਹੰਤ ਨਹੀਂ ਆ ਰਿਹਾ, ਸਗੋਂ ਉਸ ਨੇ ਕਿਹਾ ਮੈਂ ਲਾਹੌਰ ਮਿਲਾਂਗਾ ਪਰ ਉਹ ਲਾਹੌਰ ਵੀ ਨਾ ਆਇਆ। ਦਰਅਸਲ ਮਹੰਤ ਅਕਾਲੀਆਂ ਨੂੰ ਗੁਮਰਾਹ ਕਰ ਰਿਹਾ ਸੀ ਤੇ ਅੰਦਰਖਾਤੇ ਅਕਾਲੀਆਂ ਨਾਲ ਪੂਰੀ ਤਰ੍ਹਾਂ ਸਿੱਝਣ ਦੀ ਤਿਆਰੀ ਵਿਚ ਜੁਟਿਆ ਹੋਇਆ ਸੀ।

ਮਹੰਤ ਦੀ ਆਨਾ ਕਾਨੀ ਕਰਨ ਤੋਂ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਉਸ ਦੀ ਅੰਦਰਲੀ ਤਿਆਰੀ ਦਾ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਇਕ ਜ਼ਰੂਰੀ ਇਕੱਤਰਤਾ ਗੁਰਦਵਾਰਾ ਖਰਾ ਸੌਦਾ ਵਿਖੇ ਬੁਲਾਈ ਜਿਸ ਵਿਚ ਭਾਈ ਲਛਮਣ ਸਿੰਘ ਤੇ ਭਾਈ ਬੂਟਾ ਸਿੰਘ ਨੂੰ ਵੀ ਬੁਲਾਇਆ ਗਿਆ। ਮਹੰਤ ਦੀ ਅੰਦਰਲੀ ਨੀਤ ਸਬੰਧੀ ਵਿਚਾਰ ਹੋਇਆ ਕਿ ਮਹੰਤ 5 ਮਾਰਚ ਨੂੰ ਇਕੱਤਰਤਾ ਦੇ ਬਹਾਨੇ ਚੋਣਵੇਂ ਸਿੱਖ ਆਗੂਆਂ ਨੂੰ ਕਤਲ ਕਰਨਾ ਚਾਹੁੰਦਾ ਹੈ। ਮਹੰਤ ਦੀ ਇਸ ਨਾਪਾਕ ਚਾਲ ਨੂੰ ਸਮਝਦਿਆਂ ਭਾਈ ਕਰਤਾਰ ਸਿੰਘ ਝੱਬਰ ਤੇ ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਬੂਟਾ ਸਿੰਘ ਸ਼ੇਖੂਪੁਰਾ ਨੇ ਯੋਜਨਾ ਬਣਾਈ ਕਿ ਕਿਉਂ ਨਾ ਉਦੋਂ ਐਕਸ਼ਨ ਲਿਆ ਜਾਏ ਜਦੋਂ ਮਹੰਤ ਲਾਹੌਰ ਸਨਾਤਨੀ ਮੀਟਿੰਗ ਵਿਚ ਹਿੱਸਾ ਲੈ ਰਿਹਾ ਹੋਵੇ। ਇਹ ਦਸਣਾ ਉੱਚਿਤ ਰਹੇਗਾ ਕਿ ਮਹੰਤ ਨਰੈਣੂ ਨੇ ਹੋਰ ਮਹੰਤਾਂ ਨੂੰ ਨਾਲ ਲੈ ਕੇ ਇਹ ਮਤਾ ਪਕਾਇਆ ਸੀ ਕਿ ਗੁਰਦਵਾਰਿਆਂ ਦਾ ਕਬਜ਼ਾ ਕਿਸੇ ਵੀ ਕੀਮਤ ਤੇ ਨਾ ਛਡਿਆ ਜਾਏ। ਇਸੇ ਲਈ ਅਕਾਲੀਆਂ ਨੂੰ ਸਬਕ ਸਿਖਾਉਣ ਲਈ ਲਾਹੌਰ ਵਿਚ ਸਨਾਤਨੀ ਮਤ ਵਾਲਿਆਂ ਦੀ ਮੀਟਿੰਗ ਰੱਖੀ ਹੋਈ ਸੀ।

ਮਹੰਤ ਸਿੱਖਾਂ ਵਿਰੁਧ 19-20 ਫ਼ਰਵਰੀ ਲਾਹੌਰ ਵਿਚ ਹੋਣ ਵਾਲੀ 'ਸਨਾਤਨੀ ਸਿੱਖ ਕਾਨਫ਼ਰੰਸ' ਵਿਚ ਹਿੱਸਾ ਲੈਣ ਜਾ ਰਿਹਾ ਹੈ। ਇਸ ਮੀਟਿੰਗ ਵਿਚ ਸਾਰੇ ਬੇਦੀ, ਸੋਢੀ, ਭੱਲੇ, ਉਦਾਸੀ, ਨਿਰਮਲੇ, ਨਾਮਧਾਰੀ, ਨਿਹੰਗ, ਅੱਡਣ ਸ਼ਾਹੀਏ, ਸੁਥਰਾ ਸ਼ਾਹੀਏ, ਗਹਿਰ ਗੰਭੀਰੀਏ, ਨਿਰੰਕਾਰੀ, ਚਰਨਦਾਸੀਏ, ਸਨਾਤਨੀ, ਮਹੰਤ ਤੇ ਸਾਧ ਬੁਲਾਏ ਗਏ ਸਨ। ਇਸ ਮੀਟਿੰਗ ਦੀ ਪ੍ਰਧਾਨਗੀ ਕਰਤਾਰ ਸਿੰਘ ਬੇਦੀ ਨੇ ਕਰਨੀ ਸੀ। ਇਸ ਵਿਚ ਅਕਾਲੀਆਂ ਦਾ ਟਾਕਰਾ ਕਰਨ ਵਾਸਤੇ ਸਾਂਝੀ ਐਕਸ਼ਨ ਵਿਉਂਤ ਤਿਆਰ ਹੋਣੀ ਸੀ।

ਸ਼੍ਰੋਮਣੀ ਕਮੇਟੀ ਦਾ ਫ਼ੈਸਲਾ : ਗੁਰਦੁਆਰੇ ਦਾ ਕਬਜ਼ਾ ਲੈਣ ਦੀ ਖਬਰ ਜਦੋਂ ਸਿੱਖ ਆਗੂਆਂ ਨੂੰ ਮਿਲੀ ਤਾਂ ਸਿੱਖ ਆਗੂਆਂ ਨੇ ਇਕ ਇਕਤ੍ਰੱਤਾ ਜਲਦੀ ਵਿਚ ਬੁਲਾਈ ਜਿਸ ਵਿਚ ਭਾਈ ਸਰਦੂਲ ਸਿੰਘ ਕਵੀਸ਼ਰ, ਸੁੰਦਰ ਸਿੰਘ ਲਾਇਲਪੁਰੀ, ਜਸਵੰਤ ਸਿੰਘ ਝਬਾਲ ਤੇ ਦਲੀਪ ਸਿੰਘ ਸਾਂਗਲਾ ਵੀ ਹਾਜ਼ਰ ਸਨ। ਇਸ ਮੀਟਿੰਗ ਨੇ ਫ਼ੈਸਲਾ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਦੀਵਾਨ (4,5,6 ਮਾਰਚ 1921) ਤੋਂ ਪਹਿਲਾਂ ਕੋਈ ਜਥਾ ਨਾਨਕਾਣਾ ਸਾਹਿਬ ਉਤੇ ਕਬਜ਼ਾ ਨਾ ਕਰੇ।  ਮੀਟਿੰਗ ਨੇ ਭਾਈ ਦਲੀਪ ਸਿੰਘ ਤੇ ਜਸਵੰਤ ਸਿੰਘ ਦੀ ਡਿਊਟੀ ਲਗਾਈ ਕਿ ਉਹ ਕਰਤਾਰ ਸਿੰਘ ਝੱਬਰ ਨੂੰ ਰੋਕਣ ਵਾਸਤੇ ਖਰਾ ਸੌਦਾ ਜਾਣ। ਜਦੋਂ ਭਾਈ ਦਲੀਪ ਸਿੰਘ ਖਰਾ ਸੌਦਾ ਪੁੱਜੇ ਤਾਂ ਜਥੇਦਾਰ ਝੱਬਰ ਉਥੋਂ ਜਾ ਜਾ ਚੁੱਕੇ ਸਨ। ਭਾਈ ਦਲੀਪ ਸਿੰਘ ਚੰਦਰਕੋਟ ਜਾ ਕੇ ਕਰਤਾਰ ਸਿੰਘ ਝੱਬਰ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਸਮਝਾਇਆ ਸੀ ਕਿ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਫ਼ੈਸਲੇ ਅਨੁਸਾਰ ਗੁਰਦਵਾਰਾ ਨਾਨਕਾਣਾ ਸਾਹਿਬ ਦੇ ਕਬਜ਼ੇ ਸਬੰਧੀ ਕਾਹਲ ਨਾ ਕੀਤੀ ਜਾਏ।

ਗੁਰਦਵਾਰੇ ਦੇ ਦਰਸ਼ਨ ਕਰਨ ਦੀ ਭਾਵਨਾ : ਜਥੇਦਾਰ ਝੱਬਰ ਹੁਰਾਂ ਨੇ ਕਿਹਾ ਸੀ ਕਿ “ਜਿਹੜਾ ਸੁਨੇਹਾ ਮੈਨੂੰ ਮਿਲਿਆ ਹੈ ਉਹ ਸੁਨੇਹਾ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਤੁਰਤ ਪੁਜਦਾ ਕਰਨਾ ਚਾਹੀਦਾ ਹੈ।'' ਭਾਈ ਦਲੀਪ ਸਿੰਘ ਨੇ ਭਾਈ ਵਰਿਆਮ ਸੰਘ ਦੀ ਸੇਵਾ ਲਗਾਈ ਕਿ ਭਾਈ ਲਛਮਣ ਸਿੰਘ ਨੂੰ ਫ਼ਾਟਕ ਉਤੇ ਰੋਕਿਆ ਜਾਏ। ਓਧਰ ਭਾਈ ਲਛਮਣ ਸਿੰਘ ਨਾਨਕਾਣਾ ਸਾਹਿਬ ਦੇ ਬਾਹਰ ਭੱਠੇ ਤਕ ਪਹੁੰਚ ਚੁੱਕੇ ਸਨ। ਉਥੇ ਭਾਈ ਵਰਿਆਮ ਸਿੰਘ ਨੇ ਚਿੱਠੀ ਭਾਈ ਲਛਮਣ ਸਿੰਘ ਨੂੰ ਦਿਤੀ। ਭਾਈ ਲਛਮਣ ਸਿੰਘ ਨੇ ਵਾਪਸ ਮੁੜਨ ਲਈ ਸਾਰੇ ਜਥੇ ਨੂੰ ਕਿਹਾ ਤਾਂ ਸਾਰੇ ਵਾਪਸ ਮੁੜਨ ਲਈ ਰਾਜ਼ੀ ਹੋ ਗਏ ਸਨ। ਇਸ ਸਮੇਂ ਭਾਈ ਟਹਿਲ ਸਿੰਘ ਨੇ ਕਿਹਾ ਕਿ “ਕਬਜ਼ਾ ਭਾਵੇਂ ਨਾ ਲਿਆ ਜਾਏ ਪਰ ਹੁਣ ਆਏ ਹਾਂ ਚਲੋ ਮੱਥਾ ਟੇਕ ਕੇ ਚਲਦੇ ਹਾਂ। ਉਸੇ ਵੇਲੇ ਸਾਰਿਆਂ ਨੇ ਹਾਂ ਵਿਚ ਹਾਂ ਮਿਲਾ ਕੇ ਗੁਰਦਵਾਰਾ ਸਾਹਿਬ ਨੂੰ ਚਾਲੇ ਪਾ ਦਿਤੇ। ਕਈਆਂ ਨੇ ਇਸ਼ਨਾਨ ਕੀਤਾ ਫਿਰ ਗੁਰਦਵਾਰਾ ਸਾਹਿਬ ਜਾ ਕੇ ਮੱਥਾ ਟੇਕਿਆ ਜੈਕਾਰੇ ਲਗਾਏ ਗਏ। ਏਨੇ ਸਮੇਂ ਵਿਚ ਮਹੰਤ ਨੂੰ ਤਿਆਰੀ ਕਰਨ ਦਾ ਮੌਕਾ ਮਿਲ ਗਿਆ।                    
          (ਬਾਕੀ ਅਗਲੇ ਹਫ਼ਤੇ)
 

ਪ੍ਰਿੰ. ਗੁਰਬਚਨ ਸਿੰਘ ਪੰਨਵਾ,ਸੰਪਰਕ : 99155-29725

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement