Guru Teg Bahadur ji: ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ

By : GAGANDEEP

Published : Dec 16, 2023, 1:43 pm IST
Updated : Dec 16, 2023, 1:43 pm IST
SHARE ARTICLE
 Guru Teg Bahadur ji martyrdom day
Guru Teg Bahadur ji martyrdom day

Guru Teg Bahadur ji: ਆਪ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਵਿਖੇ ਹੋਇਆ।

Guru Teg Bahadur ji martyrdom day : ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਸਾਹਿਬ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਚਲੇ ਗਏ। ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਇ ਜੀ, ਬਾਬਾ ਸੂਰਜ ਮੱਲ, ਬਾਬਾ ਅਟੱਲ ਰਾਏ ਅਤੇ ਬੀਬੀ ਵੀਰੋ ਹਨ।

ਅੋਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। 1675 ਦੇ ਦਿਨ ਕਸ਼ਮੀਰੀ ਪੰਡਿਤਾਂ ਦਾ ਇਕ ਜੱਥਾ ਵੀ ਚੱਕ ਨਾਨਕੀ ਆਇਆ। ਉਹ ਇਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਅਪਣੇ ਨਾਲ ਲੈ ਕੇ ਆਏ ਸਨ। ਭਾਈ ਕਿਰਪਾ ਰਾਮ, ਕਸ਼ਮੀਰ ਵਿਚ ਸਿੱਖ ਧਰਮ ਦੇ ਸੱਭ ਤੋਂ ਵੱਡੇ ਪ੍ਰਚਾਰਕਾਂ ਵਿਚੋਂ ਇਕ ਸਨ। ਕਸ਼ਮੀਰੀ ਬ੍ਰਾਹਮਣ ਇਸ ਸਿੱਖ ਆਗੂ ਦੀ ਬਾਂਹ ਫੜ ਕੇ ਚੱਕ ਨਾਨਕੀ ਆਏ ਅਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਆ ਕੇ ਫ਼ਰਿਆਦ ਕੀਤੀ।

ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦਸਿਆ ਕਿ ਅਸੀ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਅਸੀ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਵੀ ਅਪਣੀ ਬੇਵੱਸੀ ਜ਼ਾਹਰ ਕੀਤੀ ਹੈ। ਸਾਨੂੰ ਕੋਈ ਵੀ ਬਹੁੜੀ ਨਹੀਂ ਹੋਇਆ।

 

ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਕੇ ਉਨ੍ਹਾਂ ਨੂੰ ਕਿਹਾ ਕਿ, ”ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਉ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਪੰਡਿਤ ਮੁਸਲਮਾਨ ਬਣ ਜਾਣਗੇ।” ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿਚ ਜਾਨ ਆਈ। ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ।

ਗੁਰੂ ਜੀ ਨੇ ਕਿਹਾ ਇਸ ਸਮੇਂ ਕਿਸੇ ਮਹਾਨ ਆਤਮਾ ਦੀ ਕੁਰਬਾਨੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸੱਨਾਟਾ ਛਾ ਗਿਆ। ਇਸ ਸਮੇਂ ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ।

ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਕੇ ਵਿਖਾ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ। ਇਸ ਤਰ੍ਹਾਂ ਗੁਰੂ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ।

ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ।

 ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿੱਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਫੜ ਲਈ ਹੈ।

ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਅਤੇ ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਦੇ ਅਟੱਲ ਨਿਸ਼ਚੈ ਨੂੰ ਵੇਖ ਕੇ ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ। ਆਪਣੀ ਇਸ ਹਾਰ ਨੂੰ ਵੇਖ ਕੇ ਉਸ ਨੇ ਅੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।

ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ।ਭਾਈ ਸਤੀ ਦਾਸ ਜੀ ਨੂੰ ਰੂ ਵਿਚ ਲਪੇਟ ਕੇ ਸ਼ਹੀਦ ਕੀਤਾ ਗਿਆ ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਸਿਖਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।

ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ:

"ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥ 

ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਸ਼ਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲਟਕਾਏ ਜਾਣ ਪਰ ਸ਼ਹੀਦੀ ਤੋਂ ਤੁਰੰਤ ਬਾਅਦ ਅਜਿਹੀ ਹਨੇਰੀ ਝੁੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਉੱਠੇ।

ਭਾਈ ਜੈਤਾ ਜੀ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਵਰ ਦਿੱਤਾ। ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਵਣਜਾਰਾ ਜੀ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦੇ ਸਰੀਰ ਦਾ ਦਾਹ-ਸਸਕਾਰ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement