ਖਹਿਰੇ ਦੀ ਖੜ-ਖੜ, ਠੱਕ ਠੱਕ!
Published : Aug 17, 2018, 9:36 am IST
Updated : Aug 17, 2018, 9:36 am IST
SHARE ARTICLE
Sukhpal Singh Khaira
Sukhpal Singh Khaira

ਸਾਡੇ ਆਲੇ ਦੁਆਲੇ ਹੋ ਰਹੀਆਂ ਘਟਨਾਵਾਂ ਬਾਰੇ ਸੁਣਦਿਆਂ ਪੜ੍ਹਦਿਆਂ ਉਨ੍ਹਾਂ ਦੇ ਨਕਸ-ਅਕਸ, ਕਦੇ-ਕਦੇ ਅਪਣੇ ਮਨ-ਮਸਤਕ ਦੀ ਪਟਾਰੀ ਵਿਚ ਪਈਆਂ ਯਾਦਾਂ...............

ਸਾਡੇ ਆਲੇ ਦੁਆਲੇ ਹੋ ਰਹੀਆਂ ਘਟਨਾਵਾਂ ਬਾਰੇ ਸੁਣਦਿਆਂ ਪੜ੍ਹਦਿਆਂ ਉਨ੍ਹਾਂ ਦੇ ਨਕਸ-ਅਕਸ, ਕਦੇ-ਕਦੇ ਅਪਣੇ ਮਨ-ਮਸਤਕ ਦੀ ਪਟਾਰੀ ਵਿਚ ਪਈਆਂ ਯਾਦਾਂ ਨਾਲ ਜਾ ਟਕਰਾਉਂਦੇ ਹਨ। ਵਰਤਮਾਨ ਦੇ ਕਈ ਘਟਨਾਕ੍ਰਮ ਯਾਦਾਂ ਵਿਚਲੇ ਦ੍ਰਿਸ਼ਾਂ ਨਾਲ ਕਈ ਵਾਰ ਇੰਨ-ਬਿੰਨ ਅਤੇ ਕਦੇ ਅੱਧ-ਪਚੱਧੇ ਰੂਪ ਵਿਚ ਮੇਲ ਖਾ ਜਾਂਦੇ ਹਨ। ਦਿਲ ਹੀ ਦਿਲ ਇਨ੍ਹਾਂ ਦਾ ਮੇਲ-ਮੁਕਾਬਲਾ ਕਰਦਿਆਂ ਜੀਅ ਕਰਨ ਲਗਦਾ ਹੈ ਕਿ ਕਿਉਂ ਨਾ ਇਨ੍ਹਾਂ ਨੂੰ ਹੋਰਾਂ ਨਾਲ ਵੀ ਸਾਂਝਾ ਕਰੀਏ? ਪੜ੍ਹਨ ਸੁਣਨ ਵਾਲੇ ਹੋਰ ਪਾਠਕ ਵੀ ਇਨ੍ਹਾਂ ਦਾ ਲੁਤਫ਼ ਉਠਾਉਣਗੇ।

ਲੰਘੀ 2 ਅਗੱਸਤ ਨੂੰ ਬਠਿੰਡੇ ਵਿਚ 'ਆਪ' ਦੇ ਕੁੱਝ ਵਿਧਾਨਕਾਰਾਂ ਦੀ ਕਨਵੈਨਸ਼ਨ, ਉਨ੍ਹਾਂ ਦੀ ਆਸ ਨਾਲੋਂ ਵੀ ਕਿਤੇ ਵੱਧ ਕੇ ਕਾਮਯਾਬ ਰਹੀ। ਇਸ ਇਕੱਠ ਦੇ ਮੁੱਖ ਸੂਤਰਧਾਰ ਸੁਖਪਾਲ ਸਿੰਘ ਖਹਿਰਾ ਜਦੋਂ ਅਖ਼ੀਰ ਵਿਚ ਜੇਤੂ ਅੰਦਾਜ਼ ਨਾਲ ਦਿਲੀ ਬੈਠੀ 'ਆਪ' ਦੀ ਹਾਈ ਕਮਾਂਡ ਵਿਰੁਧ ਠੁੱਕਦਾਰ ਸ਼ਬਦਾਵਲੀ ਰਾਹੀਂ ਰੋਸ ਪ੍ਰਗਟਾ ਰਹੇ ਸਨ ਤਾਂ ਅਮਰੀਕਾ ਬੈਠਿਆਂ ਉਹ ਭਾਸ਼ਣ 'ਲਾਈਵ' ਸੁਣਦਿਆਂ ਹੋਇਆਂ ਮੈਨੂੰ ਅਪਣੀ ਇਕ ਪ੍ਰਵਾਰਕ ਘਟਨਾ ਯਾਦ ਆ ਗਈ। ਸੰਨ 83-84 ਵਿਚ ਅਸੀ ਸਾਰਾ ਪ੍ਰਵਾਰ ਅਪਣੇ ਪਿੰਡ ਰਹਿੰਦੇ ਸਾਂ। ਮੇਰੇ ਵੱਡੇ ਬੇਟੇ ਦੇ ਜਨਮ ਤੋਂ ਡੇਢ ਕੁ ਸਾਲ ਬਾਦ ਦੂਜੇ ਬੇਟੇ ਦਾ ਜਨਮ ਹੋਇਆ।

ਵੱਡਾ ਕਾਕਾ ਭਰੇ-ਭਕੁੰਨੇ ਪ੍ਰਵਾਰ ਦਾ ਜੇਠਾ ਪੋਤਰਾ ਹੋਣ ਕਰ ਕੇ ਸਾਰੇ ਹੀ ਉਸ ਨੂੰ ਖ਼ੂਬ ਲਾਡ ਲਡਾਉਂਦੇ। ਸੋਹਣਾ ਸੁਣੱਖਾ ਅਤੇ ਤੇਜ਼ ਜਿਹੇ ਸੁਭਾਅ ਕਰ ਕੇ ਉਹ ਸੱਭ ਨੂੰ ਮੋਹ ਲੈਂਦਾ। ਉਦੋਂ ਉਹ ਤੋਤਲੀ ਜ਼ੁਬਾਨ ਵਿਚ ਗੱਲਾਂ ਮਾਰਨ ਲੱਗ ਪਿਆ ਸੀ ਤੇ ਟੌਹਰ ਜਹੀ ਵਿਚ ਛੋਟੇ ਕਾਕੇ ਉਤੇ ਰੋਹਬ ਜਿਹਾ ਪਾਈ ਰਖਦਾ। ਇਕ ਵਾਰ ਮੈਂ ਸਾਰਾ ਦਿਨ ਨੋਟ ਕਰਦਾ ਰਿਹਾ ਕਿ ਉਹ ਕੁੱਝ ਬਾਹਲਾ ਹੀ 'ਸਮਾਰਟ' ਬਣਦਾ ਹੋਇਆ ਕਈ ਪੁਠੀਆਂ ਸਿਧੀਆਂ ਸ਼ਰਾਰਤਾਂ ਕਰੀ ਜਾ ਰਿਹਾ ਸੀ। ਰਾਤ ਦੀ ਰੋਟੀ ਵੇਲੇ ਉਸ ਨੇ ਕੋਈ ਅਜਿਹੀ ਗੱਲ ਕੀਤੀ ਕਿ ਮੈਥੋਂ ਉਸ ਨੂੰ ਝਿੜਕ ਹੋ ਗਿਆ। ਨਾਲੇ ਮੈਂ ਉਸ ਨੂੰ ਬਾਹੋਂ ਫੜ ਕੇ ਤਾੜਦਿਆਂ ਹੋਇਆਂ ਥੋੜਾ ਝੰਜੋੜ ਦਿਤਾ।

ਮੂੰਹ ਮਸੂਦਰ ਜਿਹਾ ਕਰ ਕੇ ਉਹ ਉਠੇ-ਪੁਠੇ ਹੋ ਗਿਆ। ਗੱਲ ਆਈ ਗਈ ਹੋ ਗਈ ਤੇ ਅਸੀ ਸਾਰਾ ਟੱਬਰ ਰੋਟੀ ਖਾਣ ਬਹਿ ਗਏ। ਮੈਨੂੰ ਹੁਣ ਤਕ ਯਾਦ ਹੈ ਕਿ ਉਸ ਰਾਤ ਸਾਡੇ ਘਰ ਖੀਰ ਬਣੀ ਹੋਈ ਸੀ। ਟੱਬਰ ਦੇ ਸਾਰੇ ਜੀਅ ਆਪੋ ਅਪਣੀਆਂ ਥਾਲੀਆਂ, ਬਾਟੀਆਂ ਜਾਂ ਛੰਨਿਆ ਵਿਚ ਖੀਰ ਪਾ ਕੇ ਛਕਣ ਲੱਗ ਪਏ। ਜਿਉਂ ਹੀ ਸਾਡੇ ਚਮਚੇ ਖੜਕਣ ਲੱਗੇ ਤਾਂ ਸਾਡੇ ਦਰਵਾਜ਼ੇ ਉਤੇ 'ਖੜ ਖੜ-ਠੱਕ ਠੱਕ' ਦੀ ਆਵਾਜ਼ ਆਈ! ਅਸੀ ਸਾਰੇ ਹੈਰਾਨ ਹੋਏ ਕਿ ਸਾਡਾ ਦਰਵਾਜ਼ਾ ਤਾਂ ਖੁੱਲ੍ਹਾ ਹੀ ਹੈ, ਫਿਰ ਉਹਦੇ ਨਾਲ ਲਟਕਦੇ ਗੋਲ ਗੋਲ ਕੁੰਡਿਆਂ ਨੂੰ ਕੌਣ ਖੜਕਾ ਰਿਹਾ ਹੋਵੇਗਾ?

ਸਾਡੇ ਵਿਚੋਂ ਕਿਸੇ ਨੇ ਕਿਹਾ 'ਕੌਣ ਐ?' ਤਾਂ ਦਰਵਾਜ਼ੇ ਪਿੱਛਿਉਂ ਵੱਡੇ ਕਾਕੇ ਦੀ ਆਵਾਜ਼ ਆਈ, ''ਮੈਂ .... ਐਥੇ... ਨੁਛਿਆ (ਰੁਸਿਆ) ਖ਼ਲਾਂ (ਖੜਾ) ਆਂ।'' ਉਸ ਦੀ ਇਹ ਤੋਤਲੀ ਜਹੀ ਗੱਲ ਸੁਣ ਕੇ ਸਾਡੀ ਸੱਭ ਦੀ ਮਮਤਾ ਛਲਕ ਪਈ। ਮੈਂ ਤੇ ਮੇਰੀ ਪਤਨੀ ਖੀਰ ਛੱਡ ਦੇ ਦਰਵਾਜ਼ੇ ਵਲ ਨੂੰ ਭੱਜੇ ਦਰਵਾਜ਼ੇ ਪਿੱਛੇ ਲੁਕ ਕੇ ਰੁੱਸੇ ਖੜੇ ਨੂੰ ਛਾਤੀ ਨਾਲ ਲਾਇਆ.... ਲਾਡ ਨਾਲ ਮੱਥਾ ਚੁੰਮਿਆਂ... 'ਪੂਚ ਪੂਚ' ਕਰ ਕੇ ਪਤਿਆਇਆ। ਪਿਆਰ ਨਾਲ ਉਸ ਦਾ ਰੋਸਾ ਦੂਰ ਕੀਤਾ ਤਾਂ ਉਹ ਅਪਣੇ 'ਅਸਲੀ ਰੰਗ ਵਿਚ ਆ ਕੇ  ਸਾਡੇ ਸੱਭ ਦੇ ਨਾਲ ਬਹਿ ਕੇ ਮਸਕੇ ਲਗਾ-ਲਗਾ ਖ਼ੀਰ ਖਾਣ ਲੱਗ ਪਿਆ।

ਵੈਸੇ ਤਾਂ ਆਮ ਆਦਮੀ ਪਾਰਟੀ ਵਿਚ ਮਚੀ ਹੋਈ ਆਪਾ-ਧਾਪੀ ਅਤੇ ਪਈ ਫੁੱਟ ਦੇ ਅਸਲ ਕਾਰਨਾਂ ਬਾਰੇ ਪਾਰਟੀ ਵਾਲੇ ਹੀ ਜਾਣਦੇ ਹੋਣਗੇ। ਪਰ ਮੌਜੂਦਾ ਭੁਚਾਲ ਬਾਰੇ ਮੀਡੀਆ ਵਿਚ ਛਪਦੀਆਂ ਖ਼ਬਰਾਂ ਤੋਂ ਇਹੀ ਅੰਦਾਜ਼ਾ ਲਗਦਾ ਹੈ ਕਿ ਸੁਖਪਾਲ ਸਿੰਘ ਖਹਿਰੇ ਦਾ ਤੇਜ਼ ਤਰਾਰ ਹੋਣਾ ਅਤੇ ਉਸ ਦਾ ਸਿਰ ਕਢਵਾਂ ਸਿਆਸੀ ਕਦ 'ਆਪ' ਦੀ ਹਾਈ ਕਮਾਂਡ ਨੂੰ ਬਹੁਤਾ ਹਜ਼ਮ ਨਹੀਂ ਹੋ ਰਿਹਾ। ਬਾਕੀ ਵਿਧਾਨਕਾਰਾਂ ਨਾਲੋਂ ਉਸ ਦੇ ਵੱਧ ਤਜਰਬੇ ਅਤੇ ਸਰਗਰਮ ਰੋਲ ਨੂੰ 'ਆਪ' ਦੀ ਚੜ੍ਹਤ ਲਈ ਵਰਤਣ ਦੀ ਬਜਾਏ, ਹਾਈ ਕਮਾਂਡ ਨੇ ਉਸ ਕੋਲੋਂ ਵਿਰੋਧੀ ਧਿਰ ਦੇ ਆਗੂ ਵਾਲਾ ਅਹੁਦਾ ਖੋਹ ਕੇ ਉਸ ਦੀ ਬਾਂਹ ਫੜ ਕੇ ਝੰਜੋੜ ਦਿਤਾ ਹੈ।

ਇਸੇ ਰੋਸ ਵਿਚ ਆ ਕੇ ਉਸ ਨੇ ਅਪਣੇ ਸਾਥੀਆਂ ਨਾਲ ਬਠਿੰਡੇ ਵਾਲੀ ਕਨਵੈਨਸ਼ਨ ਕੀਤੀ ਹੈ। ਮਾਨੋ ਜਿਵੇਂ ਮੇਰੇ ਪੁੱਤਰ ਵਾਂਗ ਦਰਵਾਜ਼ੇ ਓਹਲੇ ਖੜ ਕੇ ਉਸ ਨੇ ਪੂਰੇ ਜ਼ੋਰ ਨਾਲ 'ਖੜ ਖੜ-ਠੱਕ-ਠੱਕ' ਕੀਤੀ ਹੈ। ਉਸ ਵਲੋਂ ਬਠਿੰਡੇ ਵਿਚ ਕੀਤਾ ਗਿਆ ਇਹ 'ਖੜਕਾ' ਜੇ ਸੱਤ ਸਮੁੰਦਰੋਂ ਪਾਰ ਵੀ 'ਧਮਕ' ਪਾ ਗਿਆ ਹੈ, ਤਾਂ ਬਿਨਾਂ ਸ਼ੱਕ ਇਹ 'ਦਿੱਲੀ' ਨੂੰ ਵੀ ਜ਼ਰੂਰ ਸੁਣਾਈ ਦੇ ਗਿਆ ਹੋਵੇਗਾ।

ਹੁਣ ਵੇਖਣਾ ਇਹ ਹੈ ਕਿ ਕੀ ਦਿੱਲੀ ਹਾਈ ਕਮਾਂਡ ਵਾਲੇ 'ਨੁੱਛੇ ਖੜੇ' ਖਹਿਰਾ ਦੀ 'ਖੱਟ ਖੱਟ' ਸੁਣ ਕੇ ਉਸ ਨੂੰ ਅਪਣੇ ਪਾਰਟੀ ਪ੍ਰਵਾਰ ਦਾ ਇਕ 'ਸਮਾਰਟ ਅੰਗ' ਸਮਝਦਿਆਂ ਗਲ ਨਾਲ ਲਾਉਂਦੇ ਹਨ ਜਾਂ ਉਸ ਦੇ ਤਜਰਬੇ ਅਤੇ ਤੇਜ਼ ਤਰਾਰੀ ਨੂੰ ਕੋਈ ਨਵੇਂ ਰਾਹ ਖੋਜਣ ਲਈ ਅਪਣੇ ਹਾਲ ਉਤੇ ਹੀ ਛੱਡ ਦੇਣਗੇ? ਫਿਲਹਾਲ ਪੰਜਾਬ ਵਾਸੀ ਇਉਂ ਕਹਿੰਦੇ ਪ੍ਰਤੀਤ ਹੁੰਦੇ ਹਨ : 

ਬਚ ਕੇ ਹਮ ਕਿਧਰ ਜਾਏਂ ਇਸ ਸਿਆਸੀ ਜੰਗਲ ਮੇਂ,
ਇਕ ਤਰਫ਼ ਦਰਿੰਦਾ ਹੈ ਇਕ ਤਰਫ਼ ਸ਼ਿਕਾਰੀ ਹੈ।
ਇਸ ਕਰ ਕੇ 'ਆਪ' ਵਾਲਿਉ : 
ਕਦਮ ਕਦਮ ਪੇ ਯਹਾਂ ਰਹਜ਼ਨੋਂ ਕੋ ਖ਼ਤਰਾ ਹੈ,
ਜੁਦਾ ਜੁਦਾ ਨਾ ਚਲੋ ਕਾਰਵਾਂ ਬਨ ਕੇ ਚਲੋ।

ਸੰਪਰਕ : 001-408-915-1268

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement