ਪ੍ਰਾਕ੍ਰਿਤ ਬੋਲੀਆਂ ਦਾ ਸੱਚ-ਪੱਕ
Published : Apr 18, 2021, 7:33 am IST
Updated : Apr 18, 2021, 7:33 am IST
SHARE ARTICLE
punjabi language
punjabi language

ਪੰਜਾਬੀਆਂ ਨੇ ਉਰਦੂ ਅਤੇ ਹਿੰਦੀ ਦਾ ਗ਼ਲਬਾ ਗਲੇ ਵਿਚ ਪਾ ਕੇ ਗੁਲਾਮੀ ਗਲ ਪਾ ਲਈ ਹੈ

ਪ੍ਰਾਕ੍ਰਿਤ ਬੋਲੀ ਦਾ ਅਰਥ ਹੈ ਕੁਦਰਤੀ ਬੋਲੀ। ਅਸਲ ਵਿਚ ਇਸ ਦੇ ਪੱਖੀ ਜੈਨੀ ਅਤੇ ਬੋਧੀ ਮੰਨੇ ਜਾਂਦੇ ਹਨ ਜਿਨ੍ਹਾਂ ਦੇ ਧਰਮ ਗੁਰੂ ਮਹਾਂਵੀਰ ਅਤੇ ਸਿਧਾਰਥ ਮੰਨੇ ਜਾਂਦੇ ਹਨ। ਮਹਾਂਵੀਰ ਦਾ ਸਬੰਧ ਮਗਧ ਦੇਸ਼ ਨਾਲ ਹੈ ਅਤੇ ਮਹਾਤਮਾ ਬੁੱਧ ਦਾ ਸਬੰਧ ਅੱਜ ਦੇ ਨੇਪਾਲ ਨਾਲ ਹੈ। ਡੇਵਿਡ ਰਈਸ ਅਨੁਸਾਰ ਪਾਲੀ ਪ੍ਰਾਕ੍ਰਿਤ ਸਿਧਾਰਥ ਬੁੱਧ ਦੀ ਮਾਂ ਬੋਲੀ ਹੈ। ਇਸੇ ਤਰ੍ਹਾਂ ਜੈਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਬਾਨੀ ਦੀ ਮਾਂ ਬੋਲੀ ਅਰਧ ਮਗਧੀ ਹੈ। ਡੇਵਿਡ ਰਈਸ ਦਾ ਇਹ ਵੀ ਦਾਅਵਾ ਹੈ ਕਿ ਕੌਸ਼ਲ ਦੇਸ਼ ਦੀਆਂ ਹੱਦਾਂ ਗੰਗਾਂ ਨਦੀ ਤਕ ਸਨ ਅਤੇ ਇਨ੍ਹਾਂ ਦਾ ਇਲਾਵਾ ਕਾਫ਼ੀ ਲੰਮਾ ਚੌੜਾ ਸੀ। ਬੁੱਧ ਜਗਿਆਸੂ ਦੇ ਤੌਰ ਤੇ ਸਿਖਦੇ ਵੀ ਰਹੇ ਅਤੇ ਜੋਗ ਸਾਧਨਾਂ ਵੀ ਕਰਦੇ ਰਹੇ।  ਅਲਾਰਾ ਕਲਾਮਾ ਉਨ੍ਹਾਂ ਦੇ ਯੋਗ ਗੁਰੂ ਰਹੇ ਹਨ ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਨੇ ਸਖ਼ਤ ਯੋਗ ਸਾਧਨਾਵਾਂ ਵੀ ਕੀਤੀਆਂ।

 

Punjabi Language Punjabi Language

ਇਸ ਸਖ਼ਤ ਯੋਗ ਕਰ ਕੇ ਉਨ੍ਹਾਂ ਦਾ ਸਰੀਰ ਕਮਜ਼ੋਰ ਹੋ ਗਿਆ ਅਤੇ ਇਸ ਤੋਂ ਉਨ੍ਹਾਂ ਨੇ ਇਹ ਸਿੱਟਾ ਕਢਿਆ ਕਿ ਸਖ਼ਤ ਸਾਧਨਾ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨੂੰ ਕਰਨ ਲਈ ਉਨ੍ਹਾਂ ਨੇ ਇਕ ਤਰੀਕਾ ਲਭਿਆ ਜਿਸ ਦਾ ਨਾਂ ਮੱਧ ਵਰਗ ਰਖਿਆ। ਇਸ ਵਿਚਾਰਧਾਰਾ ਨੂੰ ਅਲੱਗ ਦੱਸਣ ਲਈ ਉਨ੍ਹਾਂ ਨੇ ਅਪਣੀ ਬੋਲੀ ਅਤੇ ਧਾਰਮਕ ਰੀਤਾਂ ਵਰਤੀਆਂ। ਇਸ ਤਰ੍ਹਾਂ ਪਾਲੀ ਤੋਂ ਪਤਾ ਲਗਦਾ ਹੈ ਕਿ ਪਹਿਲਾਂ ਸ਼ੁਰੂ ਵਿਚ ਇਸ ਦੇ ਪ੍ਰਚਾਰਕ ਸੰਸਕ੍ਰਿਤ ਵਿਚ ਪ੍ਰਚਾਰ ਕਰਦੇ ਸਨ। ਪੜ੍ਹੇ ਲਿਖੇ ਵਰਗ, ਕੁਲੀਨ ਵਰਗ ਜਾਂ ਧਾਰਮਕ ਕੰਮਾਂ ਵਾਲੇ ਹੀ ਸੰਸਕ੍ਰਿਤ ਦੀ ਵਰਤੋਂ ਕਰਦੇ ਸਨ ਤੇ ਜਨ-ਸਧਾਰਨ ਦੀ ਬੋਲੀ ਨਾਲ ਇਸ ਦਾ ਕੋਈ ਸਬੰਧ ਨਹੀਂ ਸੀ। ਇਸ ਪ੍ਰਕਾਰ ਆਮ ਲੋਕ ਅਪਣੀਆਂ ਹੀ ਬੋਲੀਆਂ ਬੋਲਦੇ ਸਨ। ਅਪਣੀ ਬੋਲ ਚਾਲ ਦੀਆਂ ਲੋੜਾਂ ਦਾ ਬੁੱਤਾ ਅਪਣੀਆਂ ਬੋਲੀਆਂ ਨਾਲ ਹੀ ਸਾਰਦੇ ਸਨ। ਇਸ ਤਰ੍ਹਾਂ ਆਮ ਬੋਲੀਆਂ ਅਤੇ ਸੰਸਕ੍ਰਿਤ ਵਿਚਕਾਰ ਟਕਰਾਅ ਵੀ ਰਿਹਾ ਹੋਵੇਗਾ, ਜਿਵੇਂ ਕਿ ਬ੍ਰਾਹਮਣ, ਬੋਧੀਆਂ ਅਤੇ ਜੈਨੀਆਂ ਦਾ ਆਪਸ ਵਿਚ ਟਕਰਾਅ ਰਿਹਾ ਹੈ।

Punjabi Language Punjabi Language

ਇਸ ਤਰ੍ਹਾਂ ਜੈਨੀਆਂ ਨੇ ਅਪਣਾ ਪ੍ਰਚਾਰ ਅਰਧ ਮਾਗਧੀ ਅਤੇ ਸੰਸਕ੍ਰਿਤ ਪੱਖੀਆਂ ਨੇ ਇਸ ਦੇ ਉਲਟ ਸੰਸਕ੍ਰਿਤ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ। ਇਸ ਤਰ੍ਹਾਂ ਮਾਗਧੀ ਬੋਲੀ ਨੂੰ ਮੌਲਣ ਦਾ ਮੌਕਾ ਮਿਲਿਆ। ਇਸ ਨਾਲ ਲੋਕ ਕਾਫ਼ੀ ਪ੍ਰਭਾਵਤ ਹੋਏ ਜਿਸ ਕਰ ਕੇ ਲੋਕ ਇਨ੍ਹਾਂ ਦੇ  ਧਰਮ ਵਿਚ ਰਲ ਗਏ। ਇਸ ਪ੍ਰਕਾਰ ਹੁਣ ਪ੍ਰਾਕ੍ਰਿਤਾਂ ਦਾ ਉਭਾਰ ਹੋਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਨਾ ਤਾਂ ਪਾਲੀ ਬੋਲੀ ਬੁੱਧ ਸਿਧਾਰਥ ਨੇ ਬਣਾਈ ਅਤੇ ਨਾ ਹੀ ਅਰਧ ਮਾਗਧੀ ਮਹਾਂਵੀਰ ਨੇ ਬਣਾਈ। ਇਹ ਆਮ ਲੋਕਾਂ ਦੀਆਂ ਹੀ ਬੋਲੀਆਂ ਸਨ ਜਿਨ੍ਹਾਂ ਵਿਚ ਉਨ੍ਹਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਸ ਪ੍ਰਕਾਰ ਆਮ ਲੋਕਾਂ ਨੂੰ ਗ਼ੈਰ ਕੁਦਰਤੀ ਬੋਲੀਆਂ ਤੋਂ ਛੁਟਕਾਰਾ ਮਿਲਿਆ। ਇਸ ਪ੍ਰਕਾਰ ਪ੍ਰਾਕ੍ਰਿਤ ਲਿਖਾਰੀਆਂ ਨੇ ਵੀ ਅਪਣੀ ਵਿਆਕਰਣ ’ਤੇ ਕੰਮ ਕਰਨਾ ਸ਼ੁਰੂ ਕੀਤਾ ਤਾਕਿ ਲੋਕਾਂ ਨੂੰ ਪ੍ਰਾਕ੍ਰਿਤ ਬੋਲੀਆਂ ਦੇ ਨੇਮਾਂ ਦਾ ਪਤਾ ਤਾਂ ਲੱਗੇ ਕਿ ਇਹ ਬੋਲੀਆਂ ਉੱਜਡ ਨਹੀਂ ਅਤੇ ਇਸ ਪ੍ਰਕਾਰ ਲੋਕਾਂ ਨੂੰ ਅਪਣੀ ਬੋਲੀ ਤੇ ਮਾਣ ਹੋਣਾ ਸ਼ੁਰੂ ਹੋ ਸਕੇ। ਇਸ ਨਾਲ ਉਨ੍ਹਾਂ ਨੂੰ ਸਭਿਆਚਾਰ, ਜ਼ਿੰਦਗੀ ਅਤੇ ਅਪਣੇ ਸ਼ਬਦ ਘੜਨ ਦੀ ਸੋਝੀ ਆ ਗਈ। ਇਸ ਪ੍ਰਕਾਰ ਉਨ੍ਹਾਂ ਨੇ ਕਈ ਵੱਖੋ-ਵੱਖ ਪ੍ਰਾਕ੍ਰਿਤਾਂ ਵਿਚ ਲਿਖਣਾ ਸ਼ੁਰੂ ਕੀਤਾ।

Punjabi Language Punjabi Language

ਵਰਰੁੱਚੀ ਪ੍ਰਾਕ੍ਰਿਤਾਂ ਦਾ ਪਹਿਲਾ ਗਰੈਮੇਰੀਅਨ ਮੰਨਿਆ ਜਾਂਦਾ ਹੈ, ਜਿਸ ਨੇ ਪ੍ਰਾਕ੍ਰਿਤ ਪ੍ਰਕਾਸ਼ ਦੀ ਰਚਨਾ ਕੀਤੀ। ਇਸ ਵਿਚ ਉਸ ਨੇ 4 ਬੋਲੀਆਂ ਦਾ ਜ਼ਿਕਰ ਕੀਤਾ ਜਿਵੇਂ ਕਿ ਮਾਗਧੀ, ਅਰਧ-ਮਾਗਧੀ, ਸ਼ੌਰਸੇਨੀ ਅਤੇ ਪਸ਼ਾਚੀ ਆਦਿ। ਪਸ਼ਾਚੀ ਨੂੰ ਭੂਤਾਂ ਦੀ ਬੋਲੀ ਕਿਹਾ ਜਾਂਦਾ ਹੈ। ਇਸ ਪਿਛੋਂ ਅਚਾਰਿਆ ਹੇਮ ਚੰਦਰ ਨੇ ਬਾਰਵੀਂ ਸਦੀ ਵਿਚ ਇਕ ਵਿਆਕਰਣ ਦੀ ਰਚਨਾ ਕੀਤੀ ਜਿਸ ਵਿਚ ਉਸ ਨੇ ਵਰਰੁੱਚੀ ਦੀ ਵਿਆਕਰਨ ਨਾਲੋਂ ਦੋ ਵੱਧ ਬੋਲੀਆਂ ਦੱਸੀਆਂ ਜਿਵੇਂ ਮਾਗਧੀ, ਅਰਧ ਮਾਗਧੀ, ਸ਼ੌਰਸੇਨੀ, ਪਸ਼ਾਚੀ, ਚੂਲੀਕਾ ਪਸ਼ਾਚੀ ਅਤੇ ਅਪਭ੍ਰੰਸ਼ ਆਦਿ। ਜਦ ਤੋਂ ਸੰਸਾਰ ਵਿਚ ਲੋਕ ਰਾਜ ਦਾ ਬੋਲਬਾਲਾ ਹੋਇਆ ਤਦ ਤੋਂ ਹੀ ਲੋਕ ਬੋਲੀਆਂ ਵਿਚ ਜ਼ਿਆਦਾ ਸਹਿਤ ਰਚਨਾ ਹੋਣ ਲੱਗ ਪਈ। ਇਸ ਤਰ੍ਹਾਂ ਲੋਕਾਂ ਵਿਚ ਸਵੈ ਮਾਣ ਆਇਆ ਕਿ ਸਾਡੀਆਂ ਬੋਲੀਆਂ ਪੁਰਾਤਨ ਬੋਲੀਆਂ ਨਾਲੋਂ ਘੱਟ ਨਹੀਂ ਹਨ। ਜਿਹੜੇ ਲੋਕ ਪੁਰਾਣੀਆਂ ਰਾਜਨੀਤਕ ਪ੍ਰਣਾਲੀਆਂ ਵਿਚ ਦਬਾਅ ਦਿਤੇ ਗਏ ਸਨ, ਹੁਣ ਉਨ੍ਹਾਂ ਨੂੰ ਉਭਾਰਨ ਦਾ ਮੌਕਾ ਮਿਲਿਆ, ਜਿਹੜੇ ਪਹਿਲਾਂ ਹੀਣ ਭਾਵਨਾ ਦਾ ਸ਼ਿਕਾਰ ਹੋਏ ਸਨ। ਪਹਿਲਾਂ ‘ਸਮਰੱਥ ਕੋ ਦਸ਼ ਨਹੀਂ ਗੁਸਾਈਂ’ ਵਾਲੀ ਨੀਤੀ ਹੀ ਸੀ।

Punjabi Language Punjabi Language

ਅੱਜ ਵੋਟਾਂ ਦੇ ਰਾਜ ਵਿਚ ਵੀ ਲੋਕਾਂ ਕੋਲੋਂ ਵੋਟਾਂ ਲੈ ਕੇ ਸਮਰੱਥ ਕਹਾਉਣ ਵਾਲੇ ਲੋਕਾਂ ਵਿਚ ਹੀ ਬਦਲਾਅ ਆਇਆ ਹੈ। ਇੰਜ ਸਿਰਫ਼ ਵੇਖਣ ਵਿਚ ਹੀ ਲਗਦਾ ਹੈ ਕਿ ਲੋਕਰਾਜ ਬਰਾਬਰੀ ਦਾ ਹੱਕ ਦਿੰਦਾ ਹੈ। ਇਸ ਵਿਚ ਬਹੁਤਾ ਨੁਕਸਾਨ ਘੱਟ ਗਿਣਤੀਆਂ ਨੂੰ ਹੀ ਹੁੰਦਾ ਹੈ। ਬਹੁ-ਗਿਣਤੀ ਨੂੰ ਖ਼ੁਸ਼ ਕਰਨ ਲਈ ਕਾਨੂੰਨ ਛਿੱਕੇ ਟੰਗ ਦਿਤਾ ਜਾਂਦਾ ਹੈ। ਇਸ ਤਰ੍ਹਾਂ ਲੋਕ ਰਾਜ ਦਾ ਟੀਚਾ ਵਿਚਾਲੇ ਹੀ ਫਸ ਜਾਂਦਾ ਹੈ। ਇਸ ਤੋਂ ਪ੍ਰਭਾਵਤ ਹੋ ਕੇ ਲੋਕਾਂ ਨੇ ਖਾੜਕੂ ਲਹਿਰਾਂ ਨੂੰ ਜਨਮ ਦਿਤਾ। ਜੇਕਰ ਖਾੜਕੂ ਲਹਿਰ ਘੱਟ ਗਿਣਤੀ ਦੀ ਹੈ ਤਾਂ ਦਬਾ ਦਿਤੀ ਜਾਂਦੀ ਹੈ ਅਤੇ ਜੇਕਰ ਇਹ ਲਹਿਰ ਬਹੁਗਿਣਤੀ ਦੀ ਹੈ ਤਾਂ ਚਾਲੂ ਰਹਿਣ ਦਿਤੀ ਜਾਂਦੀ ਹੈ। ਇਸ ਤਰ੍ਹਾਂ ਹਾਕਮ ਬਹੁਗਿਣਤੀ ਦੀ ਖ਼ੁਸ਼ੀ ਵੇਖ ਕੇ ਹੀ ਭੁਗਤਦਾ ਹੈ। ਇਸ ਕਰ ਕੇ ਘੱਟ ਗਿਣਤੀ ਦੇ ਲੋਕਾਂ ਦੀਆਂ ਬੋਲੀਆਂ, ਲਿਪੀਆਂ ਅਤੇ ਮੰਗਾਂ ਦਾ ਘੱਟ ਹੀ ਖ਼ਿਆਲ ਰਖਿਆ ਜਾਂਦਾ ਹੈ। ਜੇ ਘੱਟ ਗਿਣਤੀ ਸੱਚ ਵੀ ਹੋਵੇ ਤਾਂ ਉਨ੍ਹਾਂ ਨੂੰ ਚਾਣਕਿਆ ਨੀਤੀ ਵਰਤ ਕੇ ਜਿਵੇਂ ਸਾਮ, ਦਾਨ, ਭੇਤ ਅਤੇ ਦੰਡ ਰਾਹੀਂ ਦਬਾਅ ਦਿਤਾ ਜਾਂਦਾ ਹੈ। ਇਸ ਪ੍ਰਕਾਰ ਉਨ੍ਹਾਂ ਦਾ ਕੋਈ ਹਾਲ ਚਾਲ ਪੁੱਛਣ ਵਾਲਾ ਨਹੀਂ ਹੁੰਦਾ।

Punjabi LanguagePunjabi Language

ਇਸ ਪ੍ਰਕਾਰ ਜੈਨੀਆਂ ਅਤੇ ਬੋਧੀਆਂ ਦੇ ਧਰਮ ਦੇ ਉਭਾਰ ਨਾਲ ਬੋਲੀਆਂ ਨੂੰ ਉਭਰਨ ਦਾ ਮੌਕਾ ਮਿਲਿਆ। ਪ੍ਰਾਕ੍ਰਿਤ ਲਿਖਾਰੀਆਂ ਨੇ ਵੀ ਸਾਹਿਤ ਰਚਨਾ ਸ਼ੁਰੂ ਕੀਤੀ। ਪਰ ਉਨ੍ਹਾਂ ਨੇ ਸ਼ਬਦਾਵਲੀ ਸੰਸਕ੍ਰਿਤ ਵਾਲੀ ਹੀ ਰੱਖੀ। ਇਸ ਪ੍ਰਕਾਰ ਸੰਸਕ੍ਰਿਤ ਪੱਖੀਆਂ ਨੂੰ ਮੌਕਾ ਮਿਲਦਾ ਰਿਹਾ ਕਿ ਇਹ ਬੋਲੀਆਂ ਸੰਸਕ੍ਰਿਤ ਦੇ ਮੁਕਾਬਲੇ ਅਸ਼ੁੱਧ ਬੋਲੀਆਂ ਹਨ ਜਿਸ ਦਾ ਸਬੂਤ ਸਾਨੂੰ ਵਰਰੁੱਚੀ ਦੀ ਵਿਆਕਰਨ ਨੂੰ ਸੰਸਕ੍ਰਿਤ ਵਿਚ ਲਿਖਿਆ ਜਾਣਾ ਅਤੇ ਇਸੇ ਤਰ੍ਹਾਂ ਅਚਾਰਿਆ ਹੇਮ ਚੰਦਰ ਦੁਆਰਾ ‘ਸ਼ਬਦਨੁਸ਼ਾਸਨ’ ਦਾ ਸੰਸਕ੍ਰਿਤ ਵਿਚ ਲਿਖੇ ਜਾਣ ਤੋਂ ਮਿਲਦਾ ਹੈ। ਇਥੋਂ ਇਹ ਪਤਾ ਲਗਦਾ ਹੈ ਕਿ ਪ੍ਰਾਕ੍ਰਿਤ ਬੋਲੀਆਂ ਦੇ ਵਿਦਵਾਨਾਂ ਵਿਚ ਵੀ ਸੰਸਕ੍ਰਿਤ ਪ੍ਰਤੀ ਸਨਮਾਨ ਸੀ ਅਤੇ ਇਸ ਲਈ ਸੰਸਕ੍ਰਿਤ ਦੀ ਵੀ ਘੋਖ ਕਰਦੇ ਸਨ। ਇਸ ਪ੍ਰਕਾਰ ਪ੍ਰਾਕ੍ਰਿਤ ਪੱਖੀਆਂ ਵਿਚ ਉਤਸ਼ਾਹ ਦੀ ਘਾਟ ਹੋਣ ਕਰ ਕੇ ਪ੍ਰਾਕ੍ਰਿਤ ਬੋਲੀਆਂ ਨੂੰ ਗਿਰਾਵਟ ਵਾਲੇ ਪਾਸੇ ਲੈ ਗਏ।

Punjabi LanguagePunjabi Language

ਮਹਿਮੂਦ ਗਜ਼ਨਵੀ ਨੇ ਜਦੋਂ ਲਾਹੌਰ ਦਰਬਾਰ ਤੇ ਕਬਜ਼ਾ ਕੀਤਾ ਤਾਂ ਉਸ ਨੇ ਰਾਜ ਦਰਬਾਰ ਦੀ ਬੋਲੀ ਫਾਰਸੀ ਲਾਗੂ ਕਰ ਦਿਤੀ। ਆਰੀਆਂ ਨੇ ਵੀ ਇਸੇ ਤਰ੍ਹਾਂ ਕੀਤਾ ਸੀ ਜਿਵੇਂ ਪਹਿਲਾਂ ਵੇਦ ਬੋਲੀ ਅਤੇ ਫਿਰ ਸੰਸਕ੍ਰਿਤ ਘੜ ਕੇ, ਇਹ ਬੋਲੀ ਇਥੇ ਲੋਕਾਂ ਤੇ ਥੋਪ ਦਿਤੀ। ਰਾਜ ਕਾਜ ਦੇ ਕੰਮਾਂ ਅਤੇ ਪੜ੍ਹਾਈ ਦਾ ਮਾਧਿਅਮ ਵੀ ਬਣਾ ਦਿਤਾ। ਤੁਰਕੀ ਤੋਂ ਆਏ ਲੋਕ ਪਾਰਸੀ ਨੂੰ ਪਿਛੋਂ ਫਾਰਸੀ ਕਹਿਣ ਲੱਗੇ ਅਤੇ ਇਨ੍ਹਾਂ ਨੇ ਵੀ ਫ਼ਾਰਸੀ ਲਾਗੂ ਕੀਤੀ। ਪ੍ਰਾਕ੍ਰਿਤ ਬੋਲੀਆਂ ਦੀ ਗਿਰਾਵਟ ਦਾ ਇਕ ਹੋਰ ਵੀ ਕਾਰਨ ਹੈ ਜਿਵੇਂ ਇਹ ਬੋਲੀਆਂ ਕੋਈ ਕੁਲ ਭਾਰਤੀ ਨਹੀਂ ਸਨ। ਅੰਗਰੇਜ਼ ਵਿਦਵਾਨਾਂ ਨੇ ਵੀ ਇਹ ਗੱਲ ਧੁਮਾ ਦਿਤੀ ਕਿ ਇਹ ਬੋਲੀਆਂ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਜਦ ਕਿ ਬੱਪ ਜੋ ਕਿ ਮੈਕਸ ਮਲੂਰ ਦਾ ਉਸਤਾਦ ਸੀ, ਮੰਨਦਾ ਹੈ ਕਿ ਗਰੀਕ ਅਤੇ ਸੰਸਕ੍ਰਿਤ ਦੀ ਫੋਨੋਲੋਜੀ ਵਿਚ ਕੁੱਝ ਵੀ ਸਾਂਝਾ ਨਹੀਂ।

ਪ੍ਰਾਕ੍ਰਿਤਾਂ ਵਿਚ ਬਹੁਤ ਸਾਰੀ ਸ਼ਬਦਾਵਲੀ ਵੇਦ ਜਾਂ ਸੰਸਕ੍ਰਿਤ ਵਿਚੋਂ ਲੈ ਕੇ ਵਰਤੀ ਜਾਣ ਕਰ ਕੇ, ਸੰਸਕ੍ਰਿਤ ਦਾ ਪ੍ਰਾਕ੍ਰਿਤਾਂ ਤੇ ਦਬ-ਦਬਾ ਸ਼ੁਰੂ ਹੋ ਗਿਆ। ਸੰਸਕ੍ਰਿਤ ਨੇ ਪਹਿਲਾਂ ਪ੍ਰਾਕ੍ਰਿਤ ਤੋਂ ਅਤੇ ਫਿਰ ਲੋਕ ਬੋਲੀਆਂ ਤੋਂ ਸ਼ਬਦਾਵਲੀ ਲਈ ਭਾਵ ਚੋਰੀ ਕੀਤੀ, ਜਿਸ ਨੂੰ ਸੰਸਕ੍ਰਿਤਵਾਦੀਆਂ ਨੇ ਅਪਣਾ ਕਹਿਣਾ ਸ਼ੁਰੂ ਕਰ ਦਿਤਾ। ਜਿਨ੍ਹਾਂ ਨੇ ਸੰਸਕ੍ਰਿਤ ਦਾ ਅਧਿਐਨ ਨਹੀਂ ਕੀਤਾ ਉਹ ਸਹਿਜ ਹੀ ਇਸ ਚਾਲ ਵਿਚ ਫਸ ਜਾਂਦੇ ਹਨ ਅਤੇ ਚੋਰੀ ਕੀਤੇ ਸ਼ਬਦ ਦਸਣ ਤੋਂ ਇਨਕਾਰ ਕਰ ਦਿਤਾ ਜਾਂਦਾ ਹੈ।
ਅਸ਼ੋਕ ਵੇਲੇ ਪਾਲੀ ਸਰਕਾਰੀ ਬੋਲੀ ਬਣਨ ਕਰ ਕੇ ਲੋਕ ਬੋਲੀਆਂ ਵਿਚ ਪਾਲੀ ਦੇ ਸ਼ਬਦ ਰਚ-ਮਿਚ ਗਏ ਅਤੇ ਪ੍ਰਾਕ੍ਰਿਤਾਂ ਵਿਚ ਪੰਜਾਬੀ ਦੇ ਅਨੇਕਾਂ ਸ਼ਬਦ ਆਏ ਹਨ, ਜਿਨ੍ਹਾਂ ਨੂੰ ਪ੍ਰਾਕ੍ਰਿਤ ਵਾਲਿਆਂ ਨੇ ਅਪਣੇ ਹੀ ਮੰਨ ਲਿਆ। ਜਿਸ ਤਰ੍ਹਾਂ ਸੰਸਕ੍ਰਿਤ ਵਾਲਿਆਂ ਨੇ ਦੇਸੀ ਬੋਲੀਆਂ ਦੇ ਸ਼ਬਦ ਚੋਰੀ ਕਰ ਕੇ ਅਪਣੇ ਸ਼ਬਦ ਬਣਾ ਲਏ ਅਤੇ ਇਸੇ ਤਰ੍ਹਾਂ ਪ੍ਰਾਕ੍ਰਿਤਾਂ ਵਾਲਿਆਂ ਨੇ ਵੀ ਦੇਸੀ ਬੋਲੀਆਂ ਦੇ ਸ਼ਬਦ ਲੈ ਕੇ ਅਪਣੇ ਬਣਾ ਲਏ।

ਸੰਸਕ੍ਰਿਤ ਅਤੇ ਪ੍ਰਾਕ੍ਰਿਤਾਂ ਦੀ ਖਹਿਬਾਜ਼ੀ ਵਿਚ ਦੂਸਰੀਆਂ ਲੋਕ ਬੋਲੀਆਂ ਨੂੰ ਉਭਰਨ ਦਾ ਮੌਕਾ ਮਿਲਿਆ। ਜਿਵੇਂ ਕਸ਼ਮੀਰੀ ਵਿਚ ਮਾਈ ਲੱਲ ਅਤੇ ਪੰਜਾਬ ਵਿਚ ਅਬਦੁਲ ਰਹਿਮਾਨ ਨੇ ਲਿਖਿਆ। ਮਹਿਮੂਦ ਗਜ਼ਨਵੀ ਵੇਲੇ ਉਥੋਂ ਦੇ ਲੋਕਾਂ ਦੀ ਬੋਲੀ ਨਾ ਤਾਂ ਪ੍ਰਾਕ੍ਰਿਤ ਸੀ ਅਤੇ ਨਾ ਹੀ ਸੰਸਕ੍ਰਿਤ ਸੀ। ਉਸ ਨੇ ਅਪਣੇ ਦਰਬਾਰ ਦੀ ਸਰਕਾਰੀ ਬੋਲੀ ਫਾਰਸੀ ਲਾਗੂ ਕੀਤੀ। ਚਾਂਦ ਬਰਦਈ ਦੁਆਰਾ ਦਿਤੇ ਗਏ ਖੜੀ ਬੋਲੀ ਦੇ ਨਮੂਨਿਆਂ ਤੋਂ ਪਤਾ ਚਲਦਾ ਹੈ ਕਿ ਲੋਕ ਬੋਲੀਆਂ ਨੂੰ ਜੈਨੀਆਂ, ਬੋਧੀਆਂ, ਆਰੀਆਂ ਅਤੇ ਹੋਰ ਬਾਹਰਲੇ ਧਾੜਵੀਆਂ ਨੇ ਦਬਾਇਆ। ਜਦ ਸੰਸਕ੍ਰਿਤ ਵਾਲਿਆਂ ਦੀ ਮੁੜ ਚੜ੍ਹਤ ਹੋਈ ਤਾਂ ਉਨ੍ਹਾਂ ਨੇ ਸੰਸਕ੍ਰਿਤ ਨੂੰ ਉਭਾਰਿਆ ਜੋ ਕਿ ਆਮ ਲੋਕਾਂ ਦੀ ਬੋਲੀ ਨਹੀਂ ਸੀ। ਇਹ ਆਰੀਆਂ ਨੇ ਧੱਕੇ ਨਾਲ ਲਾਗੂ ਕੀਤੀ ਹੋਈ ਸੀ। ਇਸੇ ਤਰ੍ਹਾਂ ਅਸ਼ੋਕ ਨੇ ਵੀ ਪਾਲੀ ਨੂੰ ਧੱਕੇ ਨਾਲ ਲਾਗੂ ਕੀਤਾ ਹੋਇਆ ਸੀ। ਇਸ ਪ੍ਰਕਾਰ ਜਿਥੇ ਜਿਥੇ ਭਾਰਤੀ ਉਪ ਮਹਾਂਦੀਪਾਂ ਵਿਚ ਅਸ਼ੋਕ ਦਾ ਰਾਜ ਰਿਹਾ ਉਥੇ ਪਾਲੀ ਸਰਕਾਰੀ ਬੋਲੀ ਦਾ ਦਰਜਾ ਹਾਸਲ ਕਰ ਗਈ ਜਿਸ ਕਰ ਕੇ ਇਸ ਦੇ ਵਿਗੜੇ ਸ਼ਬਦ ਵੀ ਪ੍ਰਚਲਿਤ ਹੋ ਗਏ। ਪ੍ਰਾਕ੍ਰਿਤ ਅਤੇ ਸੰਸਕ੍ਰਿਤ ਤੋਂ ਹਟ ਕੇ ਇਕ ਹੋਰ ਬੋਲੀ ਚਲਦੀ ਸੀ, ਜਿਸ ਨੂੰ ਸੰਸਕ੍ਰਿਤ ਵਾਲੇ ਨੇ ਅਪਭ੍ਰੰਸ਼ ਕਹਿੰਦੇ ਸਨ। ਇਸ ਦਾ ਮਤਲਬ ਹੁੰਦਾ ਹੈ ਡੀ-ਗਰੇਡ ਬੋਲੀ। ਸੰਸਕ੍ਰਿਤਵਾਦੀ ਇਨ੍ਹਾਂ ਨੂੰ ਟਿੱਚਰਾਂ ਕਰਨ ਲਈ ਅਪਭ੍ਰੰਸ਼ ਕਹਿੰਦੇ ਸਨ।

ਹੁਣ ਤਕ ਦੀ ਖੋਜ ਤੋਂ ਪਤਾ ਚਲਦਾ ਹੈ ਕਿ ਅਪਭ੍ਰੰਸ਼ ਬੋਲਣ ਵਾਲਿਆਂ ਦਾ ਭੂਗੋਲ ਹਾਲੇ ਤਕ ਵੀ ਵਿਦਵਾਨ ਤੈਅ ਨਹੀਂ ਕਰ ਸਕੇ।  ਅੱਜ ਦੀਆਂ ਮਾਡਰਨ ਕਹੀਆਂ ਜਾਣ ਵਾਲੀਆਂ ਬੋਲੀਆਂ ਤਾਂ ਮੁੱਢ-ਕਦੀਮ ਤੋਂ ਹੀ ਲੋਕਾਂ ਰਾਹੀਂ ਬੋਲੀਆਂ ਜਾ ਰਹੀਆਂ ਹਨ। ਇਨ੍ਹਾਂ ਬੋਲੀਆਂ ਨੂੰ ਸੱਭ ਤੋਂ ਵੱਧ ਨੁਕਸਾਨ ਆਰੀਆਂ ਲੋਕਾਂ ਨੇ ਹੀ ਪਹੁੰਚਾਇਆ ਹੈ ਅਤੇ ਇਨ੍ਹਾਂ ਨੂੰ ਮੌਲਣ ਦਾ ਮੌਕਾ ਨਾ ਦਿਤਾ। ਇਨ੍ਹਾਂ ਨੇ ਇਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ, ਉਨ੍ਹਾਂ ਦਾ ਅਰੀਆਕਰਨ ਕਰ ਦਿਤਾ। ਸਿੱਟੇ ਵਜੋਂ ਲੋਕ ਬੋਲੀਆਂ ਦਾ ਘਾਣ ਹੋ ਗਿਆ। ਪ੍ਰਾਕ੍ਰਿਤਾਂ ਦੇ ਗਰੈਮੇਰੀਅਨਾਂ ਨੇ ਅਪਣੀਆਂ ਲਿਖਤਾਂ ਵਿਚ ਇਹ ਨਹੀਂ ਦਸਿਆ ਕਿ ਪ੍ਰਾਕ੍ਰਿਤ ਬੋਲੀਆਂ ਦੇ ਵਿਆਕਰਣ ਕਿਹੜੀਆਂ ਲਿਪੀਆਂ ਵਿਚ ਲਿਖੇ ਗਏ ਸਨ, ਜਿਵੇਂ ਵੇਦਾਂ ਬਾਰੇ ਨਹੀਂ ਦਸਦੇ ਕਿ ਇਹ ਕਿਹੜੀ ਲਿਪੀ ਵਿਚ ਲਿਖੇ ਗਏ ਸਨ। ਜਦ ਅਸੀ ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਪਾਲੀ ਦੀਆਂ ਕਵਿਤਾਵਾਂ ਦਾ ਆਪਸੀ ਟਾਕਰਾ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਸੰਸਕ੍ਰਿਤ ਦੀਆਂ ਕਵਿਤਾਵਾਂ ਨਾਲੋਂ ਪ੍ਰਾਕ੍ਰਿਤਾਂ ਦੀਆਂ ਕਵਿਤਾਵਾਂ ਵਧੀਆ ਹਨ ਅਤੇ ਪ੍ਰਾਕ੍ਰਿਤਾਂ ਦੀਆਂ ਕਵਿਤਾਵਾਂ ਨਾਲੋਂ ਅਪਭ੍ਰੰਸ਼ ਦੀਆਂ ਕਵਿਤਾਵਾਂ ਵਧੀਆ ਹਨ। ਸੰਸਕ੍ਰਿਤ ਦੀ ਵਿਆਕਰਣ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਬੋਲੀਆਂ ਦੀ ਵਿਆਕਰਣ ਨਾਲੋਂ ਕਾਫ਼ੀ ਗੁੰਝਲਦਾਰ ਹੈ।

ਪੰਜਾਬ ਪੁਰਾਣੇ ਸਮੇਂ ਤੋਂ ਹੀ ਅਪਣੀ ਹੋਂਦ ਲਈ ਲੜਦਾ ਆ ਰਿਹਾ ਹੈ। ਪਰ ਇਥੋਂ ਦੇ ਲੋਕਾਂ ਦੀ ਆਪਸੀ ਫੁੱਟ ਕਰ ਕੇ ਹੀ ਬਾਹਰਲੇ ਧਾੜਵੀ ਇਨ੍ਹਾਂ ਤੇ ਭਾਰੂ ਹੁੰਦੇ ਰਹੇ। ਜਦੋਂ ਸਾਡੇ ਪੰਜਾਬੀ ਸਾਰੇ ਜਾਬਰ ਕੋਲੋਂ ਹਾਰ ਜਾਂਦੇ ਸਨ ਤਾਂ ਉਹ ਥੋਪੀਆਂ ਹੋਈਆਂ ਸ਼ਰਤਾਂ ਨੂੰ ਆਸਾਨੀ ਨਾਲ ਮੰਨ ਲੈਂਦੇ ਸਨ, ਜਿਸ ਦਾ ਅੱਜ ਪੰਜਾਬੀਆਂ ਦੀਆਂ ਪੀੜ੍ਹੀਆਂ ਨੂੰ ਨੁਕਸਾਨ ਹੋ ਰਿਹਾ ਹੈ। ਸਾਡੇ ਇਤਿਹਾਸ ਤੋਂ ਪਤਾ ਨਹੀਂ ਲਗਦਾ ਕਿ ਸਾਡੀ ਬੋਲੀ, ਨਸਲ ਅਤੇ ਨਿਜ਼ਾਮ ਕਿਹੜਾ ਸੀ। ਇਥੋਂ ਤਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜਿਆਂ ਨੇ ਵੀ ਅਜਿਹਾ ਕੰਮ ਕੀਤਾ ਜਿਹੜਾ ਕਿ ਅਪਣਾ ਨਹੀਂ ਸੀ, ਬਲਕਿ ਉਹ ਜਾਂ ਤਾਂ ਇਸਲਾਮ ਜਾਂ ਫਿਰ ਆਰੀਆਂ ਦਾ ਹੀ ਸੀ। ਕਈ ਸਿੱਖ ਲਿਖਾਰੀ ਇਸ ਗੱਲ ਦੀ ਹਮਾਇਤ ਕਰਦੇ ਹਨ ਕਿ ਰਾਜ ਦੇ ਬਿਨਾਂ ਧਰਮ ਨਹੀਂ ਚਲ ਸਕਦਾ। ਜਦੋਂ ਅਸੀ ਸਿੱਖ ਇਤਿਹਾਸ ਵਿਚ ਝਾਤੀ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਸਿੱਖ ਰਾਜਿਆਂ ਨੇ ਸਿੱਖੀ ਸਿਧਾਂਤਾਂ ਦੀ ਕਿੰਨੀ ਕੁ ਪਾਲਣਾ ਕੀਤੀ। ਉਨ੍ਹਾਂ ਨੇ ਗੁਰਬਾਣੀ ਅਤੇ ਪੰਜਾਬੀ ਦਾ ਕਿੰਨਾ ਕੁ ਪ੍ਰਚਾਰ ਕੀਤਾ? ਜਦਕਿ ਗੁਰੂ ਨਾਨਕ ਦੇਵ ਜੀ ਨੇ ਅਪਣੀ ਮਾਂ ਬੋਲੀ ਪੋਠੋਹਾਰੀ ਵਿਚ ਗੁਰਬਾਣੀ ਰਚ ਕੇ ਦਸ ਦਿਤਾ ਕਿ ਇਹ ਦੇਸੀ ਬੋਲੀਆਂ ਕਿਸੇ ਗੱਲੋਂ ਊਣੀਆਂ ਨਹੀਂ ਹਨ। ਫਿਲਾਸਫ਼ੀ ਵਰਗੇ ਸੂਖ਼ਮ ਸਿਧਾਂਤਾਂ ਨੂੰ ਵੀ ਇਨ੍ਹਾਂ ਬੋਲੀਆਂ ਵਿਚ ਪ੍ਰਗਟ ਕੀਤਾ ਜਾ ਸਕਦਾ ਹੈ।

ਇਥੋਂ ਦੇ ਲੋਕਾਂ ਦੀ ਮਾਨਸਿਕਤਾ ਅਪਣੇ ਸਭਿਆਚਾਰ, ਧਰਮ, ਬੋਲੀ ਅਤੇ ਅਧਿਕਾਰਾਂ ਕਰ ਕੇ ਅਪਣੇ ਆਪ ਨੂੰ ਇਕਜੁੱਟ ਰੱਖਣ ਵਿਚ ਅਸਫ਼ਲ ਰਹੀ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਜੇ ਤੁਸੀ ਇਕਜੁੱਟ ਰਹਿਣਾ ਹੈ ਤਾਂ ਤੁਹਾਨੂੰ ਕਿਸੇ ਖਾਸ ਵਿਚਾਰਧਾਰਾ ਦੀ ਵੀ ਲੋੜ ਹੈ, ਜਿਹੜੇ ਤੁਹਾਡੇ ਅਧਿਕਾਰਾਂ, ਫ਼ਰਜ਼ਾਂ ਅਤੇ ਕਰੈਕਟਰ ਉਸਾਰੀ ਲਈ ਤੁਹਾਡੇ ਵਿਚ ਏਕਾ ਸਥਾਪਤ ਕਰ ਸਕੇ। ਸਾਂਝੀ ਬੋਲੀ ਅਤੇ ਸਾਂਝਾ ਧਰਮ ਹੀ ਲੋਕਾਂ ਵਿਚ ਸਾਂਝੀ ਕੜੀ ਦਾ ਕੰਮ ਕਰ ਸਕਦਾ ਹੈ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰ ਕੇ ਪੁਰਾਣੀਆਂ ਦੋ ਜਾਂ ਤਿੰਨ ਸਦੀਆਂ ਤੋਂ ਪੰਜਾਬ ਦੇ ਵਾਸ਼ਿੰਦਿਆਂ ਨੇ ਸਥਾਪਤ ਨਿਜ਼ਾਮਾਂ ਵਿਰੁਧ ਮੱਥਾ ਡਾਹਿਆ ਹੈ ਅਤੇ ਬਹੁਤ ਸਾਰੀਆਂ ਕੁਰਬਾਨੀਆਂ ਦਿਤੀਆਂ ਜਿਸ ਨਾਲ ਲੋਕਾਂ ਵਿਚ ਇਕ ਨਵੀਂ ਰੂਹ ਫੂਕੀ ਗਈ। ਉਨ੍ਹਾਂ ਵਿਚ ਨਾ ਤਾਂ ਜਾਤ ਪਾਤ ਦਾ ਅਸਰ ਸੀ ਅਤੇ ਨਾ ਹੀ ਚੌਧਰੀ ਦੇ ਪਿਛਲਗ ਬਣਨ ਦਾ ਕੋਈ ਰੁਝਾਨ ਸੀ।

ਜਿੰਨਾ ਚਿਰ ਸਿੱਖੀ ਵਿਚ ਅਜਿਹਾ ਚਲਦਾ ਰਿਹਾ ਉਨਾ ਚਿਰ ਫਤਿਹਯਾਬ ਹੁੰਦੇ ਰਹੇ। ਜਿਵੇਂ ਡਾ. ਇਕਬਾਲ ਨੇ ਅਪਣੀ ਕਵਿਤਾ ਵਿਚ ਲਿਖਿਆ ਹੈ ਕਿ ਜਦ ਮੁਸਲਮਾਨ ਗੁਆਂਢੀਆਂ ਦੀ ਵਿਚਾਰਧਾਰਾ ਵਲ ਖਿੱਚੇ ਗਏ ਤਾਂ ਉਹ ਇਸ ਖਿੱਚ ਦੇ ਕਾਰਨ ਰੱਬੀ ਰਹਿਮਤਾਂ ਤੋਂ ਮਹਿਰੂਮ ਹੋ ਗਏ। ਅੱਜ ਸੰਸਾਰ ਦੇ ਪੰਜਾਬੀਆਂ ਦਾ ਮਸਲਾ ਹੈ ਕਿ ਉਹ ਕਿਵੇਂ ਇਕਜੁੱਟ ਅਤੇ ਕਿਵੇਂ ਪੰਜਾਬੀ ਸਮਾਜ ਨੂੰ ਮਜ਼ਬੂਤ ਕਰ ਸਕਣ। ਚਾਹੇ ਉਹ ਭਾਰਤ ਦੇ ਪੰਜਾਬੀ ਹੋਣ ਅਤੇ ਚਾਹੇ ਉਹ ਪਾਕਿਸਤਾਨ ਦੇ ਪੰਜਾਬੀ ਹੋਣ, ਜਦੋਂ ਉਹ ਸਾਰੇ ਅਪਣੇ ਆਪ ਨੂੰ ਪੰਜਾਬੀ ਟੱਬਰ ਦੇ ਤੌਰ ’ਤੇ ਸੋਚਣਗੇ, ਉਦੋਂ ਹੀ ਉਨ੍ਹਾਂ ਦੇ ਮੋਢਿਆਂ ਤੋਂ ਹਿੰਦੀ ਅਤੇ ਉਰਦੂ ਦਾ ਗਲਬਾ ਉਤਰੇਗਾ ਕਿਉਂਕਿ ਉਹ ਹੁਣ ਅਪਣਾ ਕਮਾਇਆ ਧੰਨ ਉਰਦੂ ਅਤੇ ਹਿੰਦੀ ’ਤੇ ਖਰਚ ਕਰ ਰਹੇ ਹਨ ਜਦਕਿ ਇਨ੍ਹਾਂ ਦੋਵੇਂ ਬੋਲੀਆਂ ਦਾ ਪੰਜਾਬ ਨਾਂਲ ਕੋਈ ਸਬੰਧ ਨਹੀਂ ਸੀ। ਇਸ ਕਰ ਕੇ ਹੀ 1947 ਵਿਚ ਪੰਜ ਲੱਖ ਲੋਕਾਂ ਦਾ ਕਤਲ ਹੋਇਆ।

ਹੁਣ ਫਿਰ ਪੰਜਾਬੀਆਂ ਨੇ ਉਰਦੂ ਅਤੇ ਹਿੰਦੀ ਦਾ ਗ਼ਲਬਾ ਗਲੇ ਵਿਚ ਪਾ ਕੇ ਗੁਲਾਮੀ ਗਲ ਪਾ ਲਈ ਹੈ। 1947 ਵੇਲੇ ਜਿਹੜੀ ਗਲਤੀ ਭਾਰਤ-ਪਾਕਿ ਦੀ ਵੰਡ ਵੇਲੇ ਪੰਜਾਬੀ ਲੋਕਾਂ ਨੇ ਕੀਤੀ, ਉਸ ਨਾਲ ਪੰਜਾਬੀ ਨਸਲ ਦੇ ਲੋਕਾਂ ਦਾ ਘਾਣ ਹੋਇਆ ਹੈ। ਸਿੱਟੇ ਵਜੋਂ ਲੋਕਾਂ ਦੇ ਘਰ-ਬਾਰ ਅਤੇ ਜਾਇਦਾਦਾਂ ਬਰਬਾਦ ਹੋਈਆਂ ਅਤੇ ਇੱਜ਼ਤਾਂ ਪੈਰਾਂ ਵਿਚ ਰੁਲੀਆਂ। ਜਿਨ੍ਹਾਂ ਲੋਕਾਂ ਲਈ ਪੰਜਾਬੀ ਲੋਕਾਂ ਨੇ ਕੁਰਬਾਨੀਆਂ ਦਿਤੀਆਂ, ਉਨ੍ਹਾਂ ਦੇ ਅਹਿਸਾਨ ਨੂੰ ਅੱਖੋਂ ਪਰੋਖੇ ਕਰਦੇ ਹੋਏ ਕਿਹਾ ਕਿ ‘ਅੰਦਾਜ਼ੇ ਕਾ ਗ਼ਲਤੀ ਹੋ ਗਿਆ’ ਅਤੇ ਇਸ ਤਰ੍ਹਾਂ ‘ਅੰਦਾਜ਼ੇ ਕਾ ਗ਼ਲਤੀ ਹੋ ਗਿਆ’ ਕਹਿਣ ਵਾਲਿਆਂ ਦਾ ਕੋਈ ਵੀ ਮੈਂਬਰ ਆਜ਼ਾਦੀ ਦੀ ਭੇਂਟ ਨਹੀਂ ਚੜ੍ਹਿਆ। ਪੰਜਾਬੀ ਲੋਕਾਂ ਨੂੰ, ਬੰਗਾਲੀ ਲੋਕਾਂ ਦੇ ਬੰਗਾਲੀ ਪ੍ਰਤੀ ਪਿਆਰ ਅਤੇ ਕੁਰਬਾਨੀ ਦੀ ਭਾਵਨਾ ਵੇਖ ਕੇ ਵੀ ਅਜੇ ਤਕ ਸਮਝ ਨਹੀਂ ਆਈ, ਜਿਹੜੀ ਕਿ ਉਨ੍ਹਾਂ ਨੇ ਅਪਣੀ ਹੋਂਦ ਲਈ ਦਿਤੀ। ਪੰਜਾਬੀਆਂ ਨੇ ਵੀ ਅਪਣੀ ਹੋਂਦ ਲਈ ਕੁਰਬਾਨੀਆਂ ਦਿਤੀਆਂ ਪਰ ਬੰਗਾਲੀਆਂ ਵਾਂਗ ਪੰਜਾਬੀ ਲੋਕ ਅਪਣੀ ਪੰਜਾਬੀ ਪ੍ਰਤੀ ਪਿਆਰ ਅਤੇ ਸਮਝ ਨਹੀਂ ਰਖਦੇ।

ਸਾਡੇ ਵਿਚ ਹਾਲੇ ਤਕ ਵੀ ਪੰਜਾਬੀ ਬੋਲੀ ਅਤੇ ਕਲਚਰ ਲਈ ਉਮੰਗ ਨਹੀਂ ਉਪਜੀ ਜਿਸ ਕਰ ਕੇ ਪੰਜਾਬੀ ਸੰਸਾਰ ਵਿਚ ਅਜੇ ਤਕ ਵੀ ਅਪਣੀ ਥਾਂ ਨਹੀਂ ਬਣਾ ਸਕੀ। ਪੰਜਾਬੀ ਮੁਸਲਮਾਨ ਭਰਾ ਪੰਜਾਬੀ ਤਾਂ ਬੋਲਦਾ ਹੈ ਪਰ ਟਾਵਾਂ ਹੀ ਪੰਜਾਬੀ ਵਿਚ ਲਿਖਦਾ ਹੈ ਪਰ ਜੇਕਰ ਪੰਜਾਬੀ ਲਿਖਦਾ ਹੈ ਤਾਂ ਉਹ ਪੰਜਾਬੀ ਅਲਿਫ਼-ਬੇ ਵਿਚ ਲਿਖਦਾ ਹੈ। ਇਸ ਨਾਲ ਪੰਜਾਬੀਆਂ ਵਿਚ ਆਪਸੀ ਤਾਲਮੇਲ ਨਹੀਂ ਰਹਿੰਦਾ। ਬੰਗਾਲ ਵਿਚ ਜੇਕਰ ਬੰਗਾਲੀ ਮੁਸਲਮਾਨ ਭਰਾ ਬੰਗਾਲੀ ਲਿਖਦਾ ਹੈ ਤਾਂ ਉਹ ਅਪਣੀ ਬੰਗਾਲੀ ਲਿਪੀ ਵਿਚ ਹੀ ਲਿਖਦਾ ਹੈ। ਜੇ ਬੰਗਾਲੀ ਹਿੰਦੂ ਭਰਾ ਬੰਗਾਲੀ ਲਿਖਦਾ ਹੈ ਤਾਂ ਉਹ ਵੀ ਬੰਗਾਲੀ ਲਿਪੀ ਵਿਚ ਹੀ ਲਿਖਦਾ ਹੈ। ਇਸ ਨਾਲ ਬੰਗਾਲੀਆਂ ਦੀ ਕਲਗੀ ਥੱਲੇ ਨਹੀਂ ਡਿਗਦੀ, ਜੇਕਰ ਉਨ੍ਹਾਂ ਨੇ ਉਰਦੂ ਜਾਂ ਹਿੰਦੀ ਨਹੀਂ ਪੜ੍ਹੀ। ਸਾਨੂੰ ਸਮੁੱਚੇ ਪੰਜਾਬੀ ਲੋਕਾਂ ਨੂੰ ਬੰਗਾਲੀ ਲੋਕਾਂ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਅਪਣੀ ਬੋਲੀ ਨੂੰ ਇਕ ਲਿਪੀ ਵਿਚ ਲਿਖੀਏ ਅਤੇ ਪੰਜਾਬੀ ਪੜ੍ਹਨ ਨੂੰ ਪਹਿਲ ਦਈਏ। ਜੇਕਰ ਸਾਰੇ ਸੰਸਾਰ ਦੇ ਪੰਜਾਬੀ, ਪੰਜਾਬੀ ਦੇ ਤੌਰ ’ਤੇ ਇਕਜੁੱਟ ਹੋ ਜਾਣ ਤਾਂ ਪੰਜਾਬੀ ਸੰਸਾਰ ਵਿਚ 8ਵੇਂ ਨੰਬਰ ’ਤੇ ਆ ਸਕਦੀ ਹੈ।

ਅਸੀ ਜਾਣਕਾਰੀ ਲਈ ਹੋਰ ਬੋਲੀਆਂ ਵੀ ਸਿਖ ਸਕਦੇ ਹਾਂ, ਜਿਸ ਨਾਲ ਸਾਡੀ ਜਾਣਕਾਰੀ ਵਿਚ ਹੋਰ ਵਾਧਾ ਹੋ ਸਕਦਾ ਹੈ। ਪਰ ਸਾਡਾ ਵਤੀਰਾ ਬੰਗਾਲੀਆਂ ਦੇ ਵਤੀਰੇ ਦੇ ਬਿਲਕੁਲ ਉਲਟ ਹੈ। ਅਸੀ ਅਪਣਾ ਧੰਨ ਹੋਰ ਭਾਸ਼ਾਵਾਂ ਨੂੰ ਸਿਖਣ ’ਤੇ ਬਰਬਾਦ ਕਰ ਰਹੇ ਹਾਂ। ਸਾਨੂੰ ਹੋਰ ਭਾਸ਼ਾਵਾਂ ਵੀ ਜ਼ਰੂਰ ਸਿਖਣੀਆਂ ਚਾਹੀਦੀਆਂ ਹਨ, ਜਿਸ ਕਾਰਨ ਸਾਡਾ ਅਰਥਚਾਰਾ ਵੀ ਉਭਰ ਸਕੇ ਅਤੇ ਜੀਵਨ ਵੀ ਸੁਖਾਲਾ ਹੋ ਸਕੇ। ਸੰਸਾਰ ਦੇ ਵਿਦਵਾਨਾਂ ਦਾ ਵਿਚਾਰ ਹੈ ਕਿ ਜੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਵਿਚ ਤਾਲੀਮ ਦਿਤੀ ਜਾਵੇ ਤਾਂ ਵਿਦਿਆ ਬੱਚਿਆਂ ਨੂੰ ਅਸਾਨੀ ਨਾਲ ਆ ਜਾਂਦੀ ਹੈ ਅਤੇ ਦੂਜੀਆਂ ਬੋਲੀਆਂ ਦੀ ਖੇਚਲ ਤੋਂ ਮੁਕਤੀ ਮਿਲ ਜਾਂਦੀ ਹੈ।
ਨਾਜ਼ਰ ਸਿੰਘ, ਮੋਬਾਈਲ : 94641-58136

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement