ਪ੍ਰਣਬ ਮੁਖਰਜੀ ਨੇ ਨਾਗਪੁਰ ਸਮਾਗਮ ਵਿਚ ਪੜ੍ਹਾਇਆ ਅਸਲ ਰਾਸ਼ਟਰਵਾਦ ਦਾ ਪਾਠ
Published : Jun 18, 2018, 6:03 pm IST
Updated : Jun 18, 2018, 6:03 pm IST
SHARE ARTICLE
Pranab Mukherji
Pranab Mukherji

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਕ ਖ਼ਬਰ ਮੀਡੀਆ ਵਿਚ ਬਹਿਸ ਦਾ ਵਿਸ਼ਾ ਬਣੀ ਹੋਈ ਸੀ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ

ਮੁਹੰਮਦ ਅੱਬਾਸ ਧਾਲੀਵਾਲ:- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਕ ਖ਼ਬਰ ਮੀਡੀਆ ਵਿਚ ਬਹਿਸ ਦਾ ਵਿਸ਼ਾ ਬਣੀ ਹੋਈ ਸੀ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਰ.ਐਸ.ਐਸ. ਦੇ ਨਾਗਪੁਰ ਸਮਾਗਮ ਦਾ ਦਾਅਵਤ ਨਾਮਾ ਕਬੂਲ ਕਰ ਲਿਆ ਸੀ। ਦੇਸ਼ ਦੀਆਂ ਕਈ ਸਿਆਸੀ ਪਾਰਟੀਆਂ ਪ੍ਰਣਬ ਮੁਖਰਜੀ ਦੇ ਇਸ ਫ਼ੈਸਲੇ ਤੋਂ ਇਕ ਤਰ੍ਹਾਂ ਨਾਲ ਹੈਰਾਨ ਹੋਈਆਂ। ਜਦ ਕਿ 'ਪ੍ਰਣਬ' ਦਾ ਆਰ.ਐਸ.ਐਸ ਦੇ ਸਮਾਗਮ ਵਿਚ ਸ਼ਮੂਲੀਅਤ ਫ਼ਰਮਾਉਣ ਦਾ ਫ਼ੈਸਲਾ ਕੁੱਝ ਪਾਰਟੀਆਂ ਨੂੰ ਤਾਂ ਬਿਲਕੁਲ ਵੀ ਹਜ਼ਮ ਨਹੀਂ ਸੀ ਹੋ ਰਿਹਾ।

ਇਕ ਅਣ-ਸੁਲਝੀ ਪਹੇਲੀ ਬਣਿਆ ਸਾਬਕਾ ਰਾਸ਼ਟਰਪਤੀ ਦਾ ਇਹ ਫ਼ੈਸਲਾ ਅੰਦਰੋਗਤੀ ਪਹਿਲੀ ਨਜ਼ਰੇ ਵੇਖਣ ਤੇ ਸਭਨਾਂ ਨੂੰ ਅੰਤਰ ਆਤਮਾ ਦੀ ਵਿਚਾਰਧਾਰਾ ਦੇ ਉਲਟ ਵਿਰੋਧਾਭਾਸੀ ਮਹਿਸੂਸ ਹੋ ਰਿਹਾ ਸੀ। ਇਹੋ ਕਾਰਨ ਹੈ ਕਿ ਸਿਆਸੀ ਦਲਾਂ ਦੇ ਨਾਲ-ਨਾਲ ਆਮ ਜਨਤਾ ਵਿਚਕਾਰ ਵੀ ਇਸ ਦਾਅਵਤਨਾਮੇ ਵਿਚ 'ਪ੍ਰਣਬ' ਦੀ ਸ਼ਿਰਕਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਤੇ ਖੁੰਢ-ਚਰਚਾਵਾਂ ਦਾ ਬਾਜ਼ਾਰ ਗਰਮ ਸੀ।

ਪਰ ਪ੍ਰਣਬ ਮੁਖਰਜੀ ਹਮੇਸ਼ਾਂ ਦੀ ਤਰ੍ਹਾਂ ਅਪਣੇ  ਲਏ ਫ਼ੈਸਲੇ ਉਤੇ ਅਟਲ ਰਹੇ, ਅਰਥਾਤ ਉਨ੍ਹਾਂ ਨਾਗਪੁਰ ਵਿਖੇ ਨਾ-ਸਿਰਫ਼ ਆਰ.ਐਸ.ਐਸ ਦੇ ਸਮਾਗਮ ਵਿਚ ਸ਼ਿਰਕਤ ਕੀਤੀ, ਸਗੋਂ ਸੰਘ ਸੇਵਕਾਂ ਨੂੰ ਸੰਬੋਧਨ ਕਰਦਿਆਂ ਅਪਣੇ ਵੱਡਮੁੱਲੇ ਵਿਚਾਰਾਂ ਰਾਹੀਂ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਤੇ ਆਤਮਾ ਦੇ ਦਰਸ਼ਨ ਵੀ ਕਰਵਾਏ। ਜਿਵੇਂ ਕਿ ਅਸੀ ਜਾਣਦੇ ਹਾਂ ਕਿ ਬਾਗ਼ ਵਿਚ ਖਿੜੇ ਵੱਖ-ਵੱਖ ਕਿਸਮ ਦੇ ਫੁੱਲ ਅਪਣੀਆਂ ਵੱਖੋ-ਵਖਰੀਆਂ ਖ਼ੁਸ਼ਬੂਆਂ ਬਿਖੇਰਦੇ ਹਨ। ਇਹ ਸੰਭਵ ਨਹੀਂ ਕਿ ਗੁਲਾਬ ਦਾ ਫੁੱਲ ਇਕ ਦਿਨ ਲਈ ਗੇਂਦੇ ਦੀ ਬਾਗੀਚੀ ਵਿਚ ਜਾ ਕੇ ਅਪਣੀ ਖ਼ੁਸ਼ਬੂ ਜਾਂ ਸ਼ਨਾਖ਼ਤ ਬਦਲ ਦੇਵੇ।

ਸਗੋਂ ਗੁਲਾਬ ਦੇ ਫੁੱਲ ਵਿਚੋਂ ਗੇਂਦੇ ਦੀ ਬਾਗ਼ੀਚੀ ਵਿਚ ਜਾ ਕੇ ਵੀ ਮਹਿਕ ਹਮੇਸ਼ਾ ਗੁਲਾਬ ਦੀ ਹੀ ਆਵੇਗੀ। ਇਸੇ ਤਰ੍ਹਾਂ ਪ੍ਰਣਬ ਮੁਖ਼ਰਜੀ ਨੇ ਅਪਣੇ ਖ਼ਿਤਾਬ ਦੌਰਾਨ ਦੇਸ਼ ਵਿਚ ਵਸਦੇ ਵੱਖ-ਵੱਖ ਸੱਤ ਵੱਡੇ ਧਰਮਾਂ ਦੇ ਪੈਰੋਕਾਰਾਂ ਦੇ ਪਿਆਰ ਭਰੇ ਰਿਸ਼ਤਿਆਂ ਦਾ ਵਿਖਾਵਾ ਕਰਦਿਆਂ ਤੇ ਦੇਸ਼ ਦੇ ਸੰਵਿਧਾਨ ਦੀ ਵਿਆਖਿਆ ਕਰਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਸਾਡਾ ਸੰਵਿਧਾਨ ਅਨੇਕਤਾ ਨੂੰ ਪ੍ਰਵਾਨ ਕਰਦਾ ਹੈ। ਪ੍ਰਣਬ ਮੁਖ਼ਰਜੀ ਨੇ ਅਸਲ ਰਾਸ਼ਟਰਵਾਦ ਦੀ ਪ੍ਰੀਭਾਸ਼ਾ ਦਿੰਦਿਆਂ ਕਿਹਾ ਰਾਸ਼ਟਰ, ਰਾਸ਼ਟਰਵਾਦ, ਦੇਸ਼ਭਗਤੀ, ਇਹ ਸੱਭ ਸਿਧਾਂਤ ਆਪਸ ਵਿਚ ਜੁੜੇ ਹੋਏ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡਾ ਰਾਸ਼ਟਰਵਾਦ ਕਿਸੇ ਖੇਤਰ, ਭਾਸ਼ਾ ਜਾਂ ਧਰਮ ਨਾਲ ਬੰਨ੍ਹਿਆ ਹੋਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਦਰਅਸਲ ਸਾਡੇ ਰਾਸ਼ਟਰਵਾਦ ਦਾ ਪ੍ਰਵਾਹ ਸੰਵਿਧਾਨ ਵਿਚੋਂ ਹੁੰਦਾ ਹੈ ਤੇ ਦੇਸ਼ ਦੀ ਆਤਮ ਵੰਨ-ਸੁਵੰਨਤਾ ਸਹਿਨਸ਼ੀਲਤਾ ਵਿਚ ਵਸਦੀ ਹੈ। ਸਾਡੇ ਲਈ ਜਮਹੂਰੀਅਤ ਹੀ ਸੱਭ ਤੋਂ ਅਹਿਮ ਮਾਰਗਦਰਸ਼ਕ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਨਫ਼ਰਤ, ਅਸਿਹਣਸ਼ੀਲਤਾ ਸਿਰਫ਼ ਤੋੜਨ ਦਾ ਕੰਮ ਕਰਦੀ ਹੈ ਜੋੜਨ ਦਾ ਨਹੀਂ।

ਪ੍ਰਣਬ ਮੁਖ਼ਰਜੀ ਨੇ ਰਾਸ਼ਟਰੀਯ ਸਵੈਮ ਸੇਵਕ ਸੰਘ ਦੇ ਗੜ੍ਹ ਭਾਵ ਨਾਗਪੁਰ ਦੇ ਸਮਾਗਮ ਵਿਚ ਜਿਸ ਬਿੰਦਾਸ ਤੇ ਦਬੰਗਮਈ ਅੰਦਾਜ਼ ਵਿਚ ਭਾਰਤ ਦੇ ਇਕ ਰੰਗ, ਇਕ ਭਾਸ਼ਾ, ਇਕ ਧਰਮ ਵਾਲੇ ਦੇਸ਼ ਦੀ ਹੋਛੀ ਤੇ ਸੌੜੀ ਸੋਚ ਵਾਲੀ ਥਿਊਰੀ ਤੋਂ ਇਨਕਾਰ ਕੀਤਾ। ਉਹ ਯਕੀਨਨ ਦੇਸ਼ ਦੇ ਅਮਨ ਪਸੰਦ ਤੇ ਭਾਈਚਾਰਕ ਸਾਂਝ ਤੇ ਸਾਂਝੀਵਾਲਤਾ ਦਾ ਪੈਗ਼ਾਮ ਦੇਣ ਵਾਲੇ ਲੋਕਾਂ ਲਈ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਦੇ ਇਨ੍ਹਾਂ, ਸਮੇਂ ਦੀ ਲੋੜ ਅਨੁਸਾਰ ਕਹੇ ਵਿਚਾਰਾਂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ, ਘੱਟ ਹੈ। ਬਿਨਾਂ ਸ਼ੱਕ ਉਕਤ ਵਿਚਾਰਾਂ ਦੀ ਪੇਸ਼ਕਾਰੀ ਲਈ ਪ੍ਰਣਬ ਮੁਖ਼ਰਜੀ ਮੁਬਾਰਕਬਾਦ ਦੇ ਹੱਕਦਾਰ ਹਨ।.

ਵੇਖਿਆ ਜਾਵੇ ਤਾਂ ਦੇਸ਼ ਦੇ ਲੋਕਾਂ ਨੇ ਫ਼ਿਰਕੂ ਪੁਣੇ ਤੇ ਨਫ਼ਰਤ ਦੀਆਂ ਹਨੇਰੀਆਂ ਵਿਚਕਾਰ ਹੁਣ ਤਕ ਬਹੁਤ ਸਾਰੇ ਤਸੀਹੇ ਤੇ  ਥਪੇੜੇ ਬਰਦਾਸ਼ਤ ਕੀਤੇ ਹਨ ਅਤੇ ਕਿੰਨਾ ਹੀ ਜਾਨੀ ਅਤੇ ਮਾਲੀ ਨੁਕਸਾਨ  ਸਹਿਣ ਕੀਤਾ ਹੈ ਜਦ ਕਿ ਧਾਰਮਕ ਦੰਗਿਆਂ ਦੀ ਲਪੇਟ ਵਿਚ ਕਿੰਨੀਆਂ ਮਾਵਾਂ ਨੇ ਅਪਣੇ ਪੁੱਤਰ ਗਵਾਏ ਹਨ ਅਤੇ ਕਿੰਨੀਆਂ ਹੀ ਭੈਣਾਂ ਨੇ ਅਪਣੇ ਭਰਾ ਤੇ ਕਿੰਨੀਆਂ ਔਰਤਾਂ ਨੇ ਅਪਣੇ ਸੁਹਾਗ ਗਵਾਏ ਹਨ ਅਤੇ ਕਿੰਨੇ ਹੀ ਬੱਚੇ ਬੇ-ਸਹਾਰਾ ਤੇ ਯਤੀਮ ਹੋਏ ਹਨ।

ਭਾਵ ਫ਼ਿਰਕੂ ਨਫ਼ਰਤ ਦੇ ਕਿੰਨੇ ਜ਼ਖ਼ਮ ਅੱਜ ਵੀ ਮਨੁੱਖਤਾ ਦੇ ਜਿਸਮ ਤੇ ਅੱਲੇ ਤੇ ਹਰੇ ਹਨ, ਇਹ ਜ਼ਖ਼ਮ ਨਾਸੂਰ ਨਾ ਬਣ ਜਾਣ, ਇਸ ਲਈ ਇਨ੍ਹਾਂ ਨੂੰ ਆਪਸੀ ਭਾਈਚਾਰਕ ਸਾਂਝ ਤੇ ਏਕਤਾ ਵਰਗੀ ਮਲ੍ਹਮ ਦੀ ਬੇ-ਹੱਦ ਜ਼ਰੂਰਤ ਹੈ। ਦਰਅਸਲ ਸਾਬਕਾ ਰਾਸ਼ਟਰਪਤੀ ਦੇ ਉਕਤ ਨਾਗਪੁਰ ਵਿਚਲੇ ਭਾਸ਼ਣ ਤੇ ਅੱਜ ਸਾਰੇ ਦੇਸ਼ ਵਾਸੀਆ ਨੂੰ ਹੀ ਵਿਚਾਰ ਕਰਨ ਦੀ ਲੋੜ ਹੈ।

ਅਸਲ ਵਿਚ ਉਕਤ ਭਾਸ਼ਣ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਸਾਡਾ ਦੇਸ਼ ਅਸਲ ਵਿਚ ਇਕ ਬਹੁਤ ਵੱਡਾ ਬਾਗ਼ ਹੈ ਜਿਸ ਵਿਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਪਾਰਸੀ, ਜੈਨੀ, ਬੋਧੀ  ਜਿਹੇ ਅਲੱਗ-ਅਲੱਗ ਧਰਮਾਂ ਰੂਪੀ  ਕਿਸਮ ਦੇ ਫੁੱਲ ਅਪਣੀਆਂ-ਅਪਣੀਆਂ ਖ਼ੁਸ਼ਬੂਆਂ ਬਿਖੇਰ ਰਹੇ ਹਨ। ਕਿਸੇ ਵੀ ਬਾਗ਼ ਦੀ ਖ਼ੂਬਸੂਰਤੀ ਦਾ ਰਾਜ਼ ਹਮੇਸ਼ਾ ਉਸ ਵਿਚ ਖਿੜੇ ਵੰਨ-ਸੁਵੰਨੇ ਫੁੱਲਾਂ ਦੀ ਖ਼ੂਬਸੂਰਤੀ ਵਿਚ ਛੁਪਿਆ ਹੁੰਦਾ ਹੈ। ਬਾਗ਼ ਦੇ ਫੁੱਲਾਂ ਨੂੰ ਜੇਕਰ ਕੋਈ ਨਫ਼ਰਤਨੁਮਾ ਕੀੜਾ ਲਗਦਾ ਹੈ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਇਸ ਨਾਲ ਕਿਸੇ ਇਕ ਕਿਸਮ ਦੇ ਫੁੱਲ ਨੂੰ ਹੀ ਖ਼ਤਰਾ ਪੈਦਾ ਹੋਵੇਗਾ।

 ਸਗੋਂ ਜੇਕਰ ਬਾਗ਼ ਦਾ ਮਾਲੀ ਇਸ ਨਫ਼ਰਤਨੁਮਾ ਕੀੜੇ ਦਾ ਵਕਤ ਰਹਿੰਦੇ ਇਲਾਜ ਨਹੀਂ ਕਰਦਾ ਤਾਂ ਇਸ ਦਾ ਖ਼ਤਰਾ ਸਮੁੱਚੇ ਬਾਗ਼ ਦੀ ਹੋਂਦ ਨੂੰ ਹੀ ਹੋ ਸਕਦਾ ਹੈ। ਇਸ ਲਈ ਬਾਗ਼ ਦੇ ਮਾਲੀ ਦਾ ਫ਼ਰਜ਼ ਬਣਦਾ ਹੈ ਕਿ ਉਹ ਵੇਲੇ ਸਿਰ ਇਸ ਨਫ਼ਰਤਨੁਮਾ ਕੀੜੇ ਦਾ ਪੱਕਾ ਇਲਾਜ ਕਰੇ ਤਾਕਿ ਸਮੁੱਚੇ ਬਾਗ਼ ਦੇ ਵਜੂਦ ਤੇ ਕੋਈ ਆਂਚ ਨਾ ਆਵੇ ਅਤੇ ਸੱਭ ਤਰ੍ਹਾਂ ਦੇ ਫੁੱਲ ਅਪਣੀਆਂ ਖ਼ੁਸ਼ਬੂਆਂ ਤੇ ਸੁਗੰਧਾਂ ਫ਼ਿਜ਼ਾ ਵਿਚ ਬਿਖੇਰ-ਬਿਖੇਰ ਬਾਗ਼ ਦੇ ਵਾਤਾਵਰਣ ਨੂੰ ਸ਼ੁੱਧ ਤੇ ਸਾਫ਼ ਰੱਖ ਸਕਣ ਵਿਚ ਅਪਣੀ ਸਾਕਾਰਤਮਕ ਭੂਮਿਕਾ ਨਿਭਾਅ ਸਕਣ। ਯਕੀਨਨ ਇਸੇ ਵਿਚ ਸੱਭ ਤਰ੍ਹਾਂ ਦੇ ਫੁੱਲਾਂ ਤੇ ਸਮੁੱਚੇ ਬਾਗ਼ (ਦੇਸ਼) ਦੀ ਬਿਹਤਰੀ ਤੇ ਤਰੱਕੀ ਦਾ ਰਾਜ਼ ਛੁਪਿਆ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement