
ਕਿਸਾਨਾਂ ਵਲੋਂ ਅਨਾਜ ਨੂੰ ਪਹਿਲਾ ਘਰ ਵਿਚ ਸੰਭਾਲਿਆ ਜਾਂਦਾ ਸੀ ਅਤੇ ਸਮਾਂ ਮਿਲਣ ਤੇ ਸ਼ਹਿਰ ਜਾ ਕੇ ਵੇਚਿਆ ਜਾਂਦਾ ਸੀ।
ਕਦੇ ਸਮਾਂ ਹੁੰਦਾ ਸੀ ਕਿ ਪੰਜਾਬ ਵਿਚ ਹਾੜੀ-ਸਾਉਣੀ ਦੀ ਫ਼ਸਲ ਘਰ ਆਉਣ ਤੋਂ ਬਾਅਦ ਅਨਾਜ ਦੀ ਸਾਂਭ-ਸੰਭਾਲ ਦਾ ਵੱਡਾ ਕੰਮ ਪ੍ਰਵਾਰਾਂ ਨੂੰ ਕਰਨਾ ਪੈਂਦਾ ਸੀ। ਉਸ ਸਮੇਂ ਅੱਜ ਵਾਂਗ ਅਨਾਜ ਦੀਆਂ ਮੰਡੀਆਂ ਅਤੇ ਸਰਕਾਰੀ ਖ਼ਰੀਦ ਦਾ ਪ੍ਰਬੰਧ ਨਹੀਂ ਸੀ ਹੁੰਦਾ। ਦੂਜੇ ਕਿਸਾਨਾਂ ਨੂੰ ਅਪਣੀ ਫ਼ਸਲ ਸ਼ਹਿਰਾਂ ਵਿਚ ਜਾ ਕੇ ਵੇਚਣੀ ਪੈਂਦੀ ਸੀ। ਆਵਾਜਾਈ ਦੇ ਸਾਧਨ ਵੀ ਘੱਟ ਸਨ ਅਤੇ ਰਸਤੇ ਵੀ ਕੱਚੇ ਅਤੇ ਧੂੜ ਮਿੱਟੀ ਵਾਲੇ। ਗੱਡਿਆਂ ਵਿਚ ਅਨਾਜ ਲੱਦ ਕੇ ਸ਼ਹਿਰ ਤਕ ਪਹੁੰਚਣਾ ਕਾਫ਼ੀ ਮੁਸ਼ਕਲ ਹੁੰਦਾ ਸੀ। ਇਸ ਲਈ ਕਿਸਾਨਾਂ ਵਲੋਂ ਅਨਾਜ ਨੂੰ ਪਹਿਲਾ ਘਰ ਵਿਚ ਸੰਭਾਲਿਆ ਜਾਂਦਾ ਸੀ ਅਤੇ ਸਮਾਂ ਮਿਲਣ ਤੇ ਸ਼ਹਿਰ ਜਾ ਕੇ ਵੇਚਿਆ ਜਾਂਦਾ ਸੀ।
ਉਨ੍ਹਾਂ ਦਿਨਾਂ ਵਿਚ ਪਿੰਡਾਂ ਵਿਚ ਘਰ ਵੀ ਕੱਚੇ ਅਤੇ ਕੱਚੇ ਫ਼ਰਸ਼ਾਂ ਵਾਲੇ ਹੀ ਹੁੰਦੇ ਸਨ। ਛੱਤਾਂ ਵੀ ਘਾਹ-ਫੂਸ ਦੀਆਂ ਜਾਂ ਵੱਧ ਤੋਂ ਵੱਧ ਇੱਟ ਬਾਲਾ ਪਾ ਕੇ ਬਣਾਈਆਂ ਜਾਂਦੀਆਂ ਸਨ। ਅਜਿਹੀ ਹਾਲਤ ਵਿਚ ਅਨਾਜ ਵੀ ਮਿੱਟੀ ਦੇ ਬਣੇ ਵੱਡੇ-ਵੱਡੇ ਬਰਤਨਾਂ ਵਿਚ ਸਾਂਭਿਆ ਜਾਂਦਾ ਸੀ ਜਿਨ੍ਹਾਂ ਨੂੰ ਭੜੋਲਿਆਂ ਦਾ ਨਾਂ ਦਿਤਾ ਜਾਂਦਾ ਸੀ।
ਅਨਾਜ ਤਾਂ ਹਰ ਘਰ ਦੀ ਜ਼ਰੂਰਤ ਹੁੰਦੀ ਸੀ, ਇਸ ਲਈ ਇਸ ਦੀ ਸੰਭਾਲ ਨੂੰ ਪੂਰੇ ਪ੍ਰਵਾਰ ਵਲੋਂ ਵੱਧ ਮਹੱਤਤਾ ਦਿਤੀ ਜਾਂਦੀ ਸੀ ਅਤੇ ਹਰ ਘਰ ਵਿਚ ਉਹ ਮਿੱਟੀ ਦੇ ਭੜੋਲੇ ਜ਼ਰੂਰ ਰੱਖੇ ਜਾਂਦੇ ਸਨ। ਕਈ ਘਰਾਂ ਵਿਚ ਤਾਂ ਇਹ ਭੜੋਲੇ ਬਹੁਤ ਵੱਡੇ-ਵੱਡੇ ਹੁੰਦੇ ਸਨ ਜਿਨ੍ਹਾਂ ਵਿਚ ਕਈ-ਕਈ ਮਣ ਅਨਾਜ ਆ ਜਾਂਦਾ ਸੀ। ਇਹ ਭੜੌਲੇ ਆਮ ਕਰ ਕੇ ਗੁਲਾਈ ਜਾਂ ਚੌੜੇ ਆਧਾਰ ਨਾਲ ਉੱਚੇ ਬਣਾਏ ਜਾਂਦੇ ਸਨ ਅਤੇ ਉਪਰੋਂ ਢੱਕਣ ਦਾ ਪ੍ਰਬੰਧ ਕਰ ਕੇ ਉਨ੍ਹਾਂ ਵਿਚ ਅਨਾਜ ਪਾਇਆ ਜਾਂਦਾ ਸੀ ਪਰ ਇਸ ਅਨਾਜ ਨੂੰ ਸੌਖਾ ਕੱਢਣ ਲਈ ਹੇਠਲੇ ਸਿਰੇ ਵਿਚ ਇਕ ਮੋਰੀ ਰੱਖੀ ਜਾਂਦੀ ਸੀ ਜਿਸ ਵਿਚੋਂ ਲੋੜ ਅਨੁਸਾਰ ਅਨਾਜ ਕੱਢ ਲਿਆ ਜਾਂਦਾ ਸੀ।
ਪਰ ਇਹ ਭੜੋਲੇ ਵੀ ਪੇਂਡੂ ਔਰਤਾਂ ਵਲੋਂ ਬੜੇ ਸਲੀਕੇ ਨਾਲ ਬਣਾਏ ਜਾਂਦੇ ਸਨ ਅਤੇ ਪਿੰਡਾਂ ਦੀਆਂ ਕਈ-ਕਈ ਔਰਤਾਂ ਤਾਂ ਇਨ੍ਹਾਂ ਭੜੌਲਿਆਂ ਨੂੰ ਬਣਾਉਣ ਵਿਚ ਮਾਹਰ ਹੁੰਦੀਆਂ ਸਨ ਜਿਸ ਤਰ੍ਹਾਂ ਪਹਿਲਾ ਦਸਿਆ ਗਿਆ ਹੈ ਕਿ ਅਨਾਜ ਦੀ ਸੰਭਾਲ ਬਹੁਤ ਜ਼ਰੂਰੀ ਹੁੰਦੀ ਸੀ। ਇਸ ਦਾ ਇਕ ਕਾਰਨ ਇਹ ਵੀ ਹੁੰਦਾ ਸੀ ਕਿ ਘਰ ਕੱਚੇ ਅਤੇ ਫ਼ਰਸ਼ ਵੀ ਕੱਚੇ ਹੋਣ ਕਾਰਨ ਘਰਾਂ ਵਿਚ ਚੂਹੇ ਆਮ ਹੀ ਆ ਜਾਂਦੇ ਸਨ ਜੋ ਅਨਾਜ ਦਾ ਕਾਫ਼ੀ ਨੁਕਸਾਨ ਕਰਦੇ।
ਪਰ ਇਹ ਭੜੋਲੇ ਚੂਹਿਆਂ ਤੋਂ ਅਨਾਜ ਬਚਾਉਣ ਵਿਚ ਚੰਗੇ ਸਹਾਈ ਹੁੰਦੇ ਸਨ। ਕਈ ਵੱਡੇ ਪ੍ਰਵਾਰਾਂ ਨੂੰ ਤਾਂ ਅਨਾਜ ਵੱਧ ਹੋਣ ਦੀ ਜ਼ਰੂਰਤ ਲਈ ਉਸ ਨੂੰ ਵੱਡੀਆਂ-ਵੱਡੀਆਂ ਕੋਠੀਆਂ ਵਿਚ ਰੱਖਣਾ ਪੈਂਦਾ ਸੀ ਜੋ ਚੰਗੀ ਫ਼ਸਲ ਆਉਣ ਤੇ ਅਨਾਜ ਨਾਲ ਭਰ ਜਾਂਦੀਆਂ ਸਨ। ਇਸੇ ਕਰ ਕੇ ਹੀ ਸਾਡੀ ਸਭਿਆਚਾਰਕ ਦੇਣ ਅਨੁਸਾਰ ਜਦੋਂ ਕਦੇ ਬਾਰਸ਼ ਘੱਟ ਹੁੰਦੀ ਤਾਂ ਅਨਾਜ ਦੇ ਘੱਟ ਹੋਣ ਦੀ ਚਿੰਤਾ ਵੀ ਵੱਧ ਜਾਂਦੀ ਸੀ ਤਾਂ ਪ੍ਰਵਾਰ ਦੇ ਸੱਭ ਮੈਂਬਰਾਂ ਦੀ ਚਿੰਤਾ ਵਿਚ ਬੱਚੇ ਵੀ ਭਾਗੀਵਾਲ ਬਣ ਕੇ ਅਤੇ ਬੱਦਲਾਂ ਨੂੰ ਦੇਖ ਗਲੀਆਂ ਵਿਚ ਗਾਉਣ ਲਗਦੇ:
ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ।
ਕੁਦਰਤੀ ਗੱਲ ਹੀ ਸੀ ਕਿ ਅੱਜ ਵਾਂਗ ਅਨਾਜ ਭੰਡਾਰ ਲਈ ਸਰਕਾਰੀ ਗੁਦਾਮ ਜਾਂ ਸਟੀਲ ਦੇ ਬਣੇ ਵੱਡੇ-ਵੱਡੇ ਢੋਲ ਨਹੀਂ ਸਨ ਹੁੰਦੇ, ਬਸ ਕੇਵਲ ਮਿੱਟੀ ਦੇ ਭੜੋਲੇ ਹੀ ਕੰਮ ਆਉਂਦੇ ਸਨ। ਉਨ੍ਹਾਂ ਦਿਨਾਂ ਵਿਚ ਅਨਾਜ ਵੀ ਮੋਟਾ ਅਨਾਜ ਭਾਵ ਕਣਕ-ਮੱਕੀ, ਛੋਲੇ, ਜਵਾਰ-ਬਾਜਰਾ ਹੀ ਵੱਧ ਹੁੰਦਾ ਸੀ। ਪੰਜਾਬ ਵਿਚ ਧਾਨ ਦੀ ਖੇਤੀ ਬਹੁਤ ਘੱਟ ਹੁੰਦੀ ਸੀ, ਹਾਂ ਕਿਤੇ ਕਿਤੇ ਰੇਤਲੀ ਜ਼ਮੀਨ ਵਿਚ ਮੁੰਗਫਲੀ ਦੀ ਫ਼ਸਲ ਵੀ ਚੰਗੀ ਹੋ ਜਾਂਦੀ ਸੀ।
ਪਰ ਫ਼ਸਲਾਂ ਲਈ ਪਾਣੀ ਦੀ ਘਾਟ ਕਾਰਨ, ਬਹੁਤੀ ਖੇਤੀ ਮੀਂਹ ’ਤੇ ਹੀ ਨਿਰਭਰ ਹੁੰਦੀ ਸੀ ਅਤੇ ਇਸੇ ਕਾਰਨ ਕਈ ਖੇਤਰਾਂ ਵਿਚ ਛੋਲਿਆਂ ਦੀ ਫ਼ਸਲ ਵੱਧ ਹੁੰਦੀ ਸੀ। ਮੈਨੂੰ ਯਾਦ ਹੈ ਕਿ ਸਾਡੇ ਪਿੰਡ ਮੇਰੇ ਬਾਬਾ ਜੀ ਨੇ ਜਦੋਂ ਇਕ ਨਿਆਈ ਵਾਲੇ ਖੇਤ ਵਿਚ ਛੋਲੇ ਬੀਜੇ ਤਾਂ ਇੰਨੀ ਫ਼ਸਲ ਹੋਈ ਕਿ ਘਰ ਵਿਚ ਸੱਭ ਭੜੌਲੇ ਭਰ ਗਏ ਅਤੇ ਛੋਲਿਆਂ ਦੇ ਰੱਖਣ ਦੀ ਥਾਂ ਨਾ ਮਿਲੇ ਤਾਂ ਬਹੁਤ ਸਾਰੇ ਛੋਲੇ ਉਂਜ ਹੀ ਕੁੱਝ ਗ਼ਰੀਬਾਂ ਨੂੰ ਚੁਕਾ ਦਿਤੇ। ਪਰ ਇਹ ਕੁਦਰਤੀ ਹੀ ਸੀ ਕਿ ਭੜੌਲਿਆਂ ਅਤੇ ਛੋਲਿਆਂ ਦਾ ਅਥਾਹ ਮਿਲਾਪ ਰਿਹਾ ਹੈ। ਇਹੀ ਕਾਰਨ ਸੀ ਕਿ ਪੰਜਾਬੀ ਸਭਿਆਚਾਰ ਵਿਚ ਛੋਲਿਆਂ ਅਤੇ ਭੜੌਲਿਆਂ ਨੂੰ ਖ਼ੂਬ ਪ੍ਰਚਾਰਿਆ ਗਿਆ ਜਿਸ ਤਰ੍ਹਾਂ ਇਕ ਮੁਟਿਆਰ ਨੂੰ ਜਦੋਂ ਵੱਡੀ ਉਮਰ ਦੇ ਭਾਰੇ ਵਿਅਕਤੀ ਨਾਲ ਵਿਆਹਿਆ ਗਿਆ ਤਾਂ ਇਸ ਲੋਕ
ਗੀਤ ਦੀਆਂ ਤੁਕਾਂ ਉਸ ਮੁਟਿਆਰ ਦੇ ਮੂੰਹੋਂ ਸੁਨਣ ਨੂੰ ਮਿਲਦੀਆਂ:
ਬਾਪੂ ਤੇ ਚਾਚਾ ਵਿਊਂਤ ਬਣਾਉਂਦੇ,
ਫੁੱਫੜ ਬਣ ਗਿਆ ਵਿਚੋਲਾ।
ਸੱਠ ਸਾਲਾਂ ਦਾ ਬੂੜਾ ਸਹੇੜਿਆ,
ਮੈਂ ਸੀ ਪਿੰਡ ਦਾ ਪਟੋਲਾ।
ਨੀ ਰੁੜ ਜਾਣੀ ਦਾ ਛੋਲਿਆਂ ਦਾ ਭੜੋਲਾ।
ਇਸੇ ਤਰ੍ਹਾਂ ਜਦੋਂ ਕਿਸੇ ਵਿਆਹ ਵਿਚ ਨਾਨਕਾ ਮੇਲ ਆਉਂਦਾ ਤਾਂ ਨਾਨਕੀਆਂ ਅਤੇ ਦਾਦਕੀਆਂ ਵਿਚ ਸਿੱਠਣੀਆਂ ਦਾ ਖ਼ੂਬ ਮੁਕਾਬਲਾ ਹੁੰਦਾ ਪਰ ਮਾਮੀ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਈਆਂ ਜਾਂਦੀਆਂ। ਭਾਵੇਂ ਨਾਨਕਾ ਮੇਲ ਦੀ ਖ਼ੂਬ ਸੇਵਾ ਹੁੰਦੀ ਪਰ ਮਾਮੀ ਨੂੰ ਤਾਂ ਲੱਡੂ ਖਾਂਦੀ ਨੂੰ ਦੇਖ, ਦਾਦਕੀਆਂ ਸਿੱਠਣੀਆਂ ਦਾ ਮੀਂਹ ਵਰਸਾ ਦੇਂਦੀਆਂ ਅਤੇ ਕਹਿੰਦੀਆਂ:
ਐਨਾ ਚਾਅ ਲੱਡੂਆਂ ਦਾ, ਮਾਮੀ ਖਾਹ ਖਾਹ ਹੋਈ ਭੜੌਲਾ।
ਫਿਰ ਜਦੋਂ ਵਿਆਹ ਵਿਚ ਪਿੰਡ ਦੀਆਂ ਔਰਤਾਂ ਨਾਨਕੀਆਂ ਨਾਲ ਮਿਲ ਗਿੱਧੇ ਦਾ ਪਿੜ ਬੰਨ੍ਹਦੀਆਂ ਤਾਂ ਹਰ ਮੁਟਿਆਰ ਨੱਚ-ਨੱਚ ਧੂੜਾਂ ਪੁੱਟ ਦੇਂਦੀ ਅਤੇ ਹਰ ਔਰਤ ਨੂੰ ਗਿੱਧੇ ਵਿਚ ਗੇੜਾ ਦੇਣ ਦਾ ਮੌਕਾ ਮਿਲਦਾ। ਪਰ ਨਾਨਕਾ ਮੇਲ ਵਿਚ ਆਈ ਭਾਰੇ ਕੱਦ-ਕਾਠ ਦੀ ਮਾਮੀ ਨੂੰ ਦੇਖ, ਕੋਈ ਮੁਟਿਆਰ ਕਹਿ ਹੀ ਦੇਂਦੀ:
ਆ ਨੀ ਮਾਮੀਏ ਦੇਦੇ ਗੇੜਾ, ਬਣ ਕੇ ਅੱਜ ਪਟੋਲਾ।
ਪਰ ਜਦੋਂ ਉਹ ਮਾਮੀ ਨੱਚਣ ਤੋਂ ਕੁੱਝ ਨਾ ਨੁਕਰ ਕਰਦੀ ਤਾਂ ਦੂਜੀ ਕੋਈ ਮੁਟਿਆਰ ਮੌਕਾ ਸਾਂਭ ਕੇ ਤੁਰਤ ਕਹਿ ਦੇਂਦੀ:
ਨੀ ਇਹਨੇ ਕੀ ਨੱਚਣਾ, ਇਹ ਤਾਂ ਛੋਲਿਆਂ ਦਾ ਭੜੋਲਾ।
ਇਸ ਤਰ੍ਹਾਂ ਜਿਥੇ ਇਨ੍ਹਾਂ ਛੋਲਿਆਂ ਦੇ ਭੜੌਲਿਆਂ ਨੇ ਪੰਜਾਬੀ ਸਭਿਆਚਾਰ ਨੂੰ ਚਾਰ ਚੰਨ ਲਗਾਏ ਉਥੇ ਪੁਰਾਣੇ ਬਜ਼ੁਰਗ ਇਨ੍ਹਾਂ ਭੜੌਲਿਆਂ ਨੂੰ ਬੈਂਕ-ਲੋਕਰਾਂ ਦੀ ਤਰ੍ਹਾਂ ਵੀ ਵਰਤਦੇ ਸਨ। ਪੁਰਾਣੇ ਸਮਿਆਂ ਵਿਚ ਪਿੰਡਾਂ ਵਿਚ ਬੈਂਕ ਤਾਂ ਹੈ ਹੀ ਨਹੀਂ ਸਨ ਪਰ ਨੋਟਾਂ ਦੀ ਥਾਂ ਵੀ ਚਾਂਦੀ ਦੇ ਰੁਪਏ ਜਾਂ ਤਾਂਬੇ ਦੇ ਸਿੱਕੇ ਚਲਦੇ ਸਨ। ਇਸ ਲਈ ਇਨ੍ਹਾਂ ਚਾਂਦੀ ਦੇ ਰੁਪਇਆਂ ਨੂੰ ਬਜ਼ੁਰਗ ਕਪੜੇ ਦੀਆਂ ਥੈਲੀਆਂ ਵਿਚ ਪਾ ਕੇ ਇਨ੍ਹਾਂ ਅਨਾਜ ਦੇ ਭੜੌਲਿਆਂ ਵਿਚ ਰੱਖ ਦੇਂਦੇ ਸਨ ਤਾਕਿ ਉਹ ਚੋਰੀ ਆਦਿ ਤੋਂ ਸੁਰੱਖਿਅਤ ਰਹਿਣ ਅਤੇ ਲੋੜ ਸਮੇਂ ਉਨ੍ਹਾਂ ਨੂੰ ਵਰਤ ਲਿਆ ਜਾਵੇ ਖ਼ਾਸ ਕਰ ਕੇ ਪੇਂਡੂ ਵਿਆਹਾਂ ਦੇ ਦਿਨਾਂ ਵਿਚ ਇਹ ਭੜੌਲੇ, ਲੋਕਰਾਂ ਦੀ ਤਰ੍ਹਾਂ ਬਹੁਤ ਕੰਮ ਆਉਂਦੇ ਪਰ ਅਨਾਜ ਕੱਢਣ ਸਮੇਂ ਇਨ੍ਹਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ। ਕਈ ਘਰਾਂ ਵਿਚ ਇਨ੍ਹਾਂ ਭੜੌਲਿਆਂ ਨੂੰ ਘੱਟ ਉਚਾਈ ਦੇ ਰੱਖ ਕੇ ਮੱਟ ਵੀ ਕਿਹਾ ਜਾਂਦਾ ਸੀ ਜਿਹੜੇ ਆਟਾ-ਦਾਲਾਂ ਆਦਿ ਰੱਖਣ ਲਈ ਵਰਤੇ ਜਾਂਦੇ ਸਨ।
ਪਰ ਸਮੇਂ ਨੇ ਵਿਕਾਸ ਦੀ ਅਜਿਹੀ ਗਤੀ ਫੜੀ ਕਿ ਪਿੰਡਾਂ ਦੇ ਕੱਚਿਆਂ ਘਰਾਂ ਦੇ ਨਾਲ ਹੀ ਮਿੱਟੀ ਦੇ ਇਹ ਭੜੌਲੇ ਖ਼ਤਮ ਹੀ ਹੋ ਗਏ। ਪਿੰਡਾਂ ਵਿਚ ਨਵੇਂ-ਨਵੇਂ ਪੱਕੇ ਮਕਾਨ ਅਤੇ ਕੋਠੀਆਂ ਬਣਨ ਨਾਲ ਭੜੌਲੇ ਰੱਖਣ ਨੂੰ ਥਾਂ ਹੀ ਨਹੀਂ ਰਹੀ ਅਤੇ ਇਨ੍ਹਾਂ ਭੜੌਲਿਆਂ ਦੀ ਥਾਂ ਸਟੀਲ ਦੇ ਵੱਡੇ-ਵੱਡੇ ਢੋਲਾਂ ਜਾਂ ਡਰੰਮਾਂ ਨੇ ਲੈ ਲਈ ਪਰ ਪੁਰਾਣੇ ਭੜੌਲੇ ਅੱਜ ਵੀ ਪੰਜਾਬੀ ਸਭਿਆਚਾਰ ਦੀ ਮਿਠਾਸ ਵਿਚ ਸਮੋਏ ਹੋਏ ਹਨ। ਅਜੋਕੇ ਸਮੇਂ ਵਿਚ ਤਾਂ ਕਿਸਾਨ ਅਨਾਜ ਨੂੰ ਘਰ ਲੈ ਕੇ ਹੀ ਨਹੀਂ ਆਉਂਦੇ। ਮਸ਼ੀਨੀ ਯੁੱਗ ਹੋਣ ਕਾਰਨ ਫ਼ਸਲ ਕੱਟ ਕੇ ਅਨਾਜ ਨੂੰ ਸਿੱਧਾ ਹੀ ਟਰੈਕਟਰ-ਟਰਾਲੀਆਂ ਰਾਹੀਂ ਮੰਡੀਆਂ ਵਿਚ ਭੇਜ ਦਿਤਾ ਜਾਂਦਾ ਹੈ ਅਤੇ ਭੜੌਲਿਆਂ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ।
-ਬਹਾਦਰ ਸਿੰਘ ਗੋਸਲ ਮਕਾਨ ਨੰ: 3098, ਸੈਕਟਰ-37ਡੀ, ਚੰਡੀਗੜ੍ਹ। 98764-52223