
ਯੂ.ਪੀ. ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
ਲਖਨਊ: ਲਖਨਊ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਬੁਧਵਾਰ ਨੂੰ ਕਿਹਾ ਕਿ ਇੱਥੇ ਇਕ ਦਲਿਤ ਬਜ਼ੁਰਗ ਨੂੰ ਕਥਿਤ ਤੌਰ ਉਤੇ ਉਸ ਦਾ ਪਿਸ਼ਾਬ ਚੱਟਣ ਲਈ ਮਜਬੂਰ ਕੀਤੇ ਜਾਣ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ, ‘‘ਸਰਕਾਰ ਅਜਿਹੀਆਂ ਘਟਨਾਵਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਦਲਿਤਾਂ, ਗ਼ਰੀਬਾਂ ਅਤੇ ਵਾਂਝੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ। ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇਸ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।’’ ਦੱਸਣਯੋਗ ਹੈ ਕਿ 20 ਅਕਤੂਬਰ ਨੂੰ 60 ਸਾਲ ਦੇ ਦਲਿਤ ਵਿਅਕਤੀ ਰਾਮਪਾਲ ਰਾਵਤ ਨੂੰ ਕਥਿਤ ਤੌਰ ਉਤੇ ਕਾਕੋਰੀ ਥਾਣਾ ਖੇਤਰ ਦੇ ਪੁਰਾਨੀ ਬਾਜ਼ਾਰ ਇਲਾਕੇ ’ਚ ਸ਼ੀਤਲਾ ਮੰਦਰ ਨੇੜੇ ਜ਼ਮੀਨ ਚੱਟਣ ਲਈ ਮਜਬੂਰ ਕੀਤਾ ਗਿਆ ਸੀ। ਆਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਇਸ ਨੂੰ ਜਾਤੀ ਆਧਾਰਤ ਮਾਨਸਿਕਤਾ ਦਾ ਸ਼ਰਮਨਾਕ ਪ੍ਰਦਰਸ਼ਨ ਕਰਾਰ ਦਿਤਾ ਹੈ। ਆਜ਼ਾਦ ਨੇ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ, ‘‘ਇਹ ਸਿਰਫ ਅਪਰਾਧ ਨਹੀਂ ਹੈ, ਸਗੋਂ ਸਦੀਆਂ ਪੁਰਾਣੀ ਜਾਤੀਵਾਦੀ ਅਤੇ ਜਗੀਰੂ ਮਾਨਸਿਕਤਾ ਦਾ ਨੰਗਾ ਪ੍ਰਦਰਸ਼ਨ ਹੈ। ਦੋਸ਼ੀ ਆਰ.ਐਸ.ਐਸ. ਵਰਕਰ ਨੇ ਨਾ ਸਿਰਫ ਬਜ਼ੁਰਗ ਵਿਅਕਤੀ ਨੂੰ ਜਾਤੀਵਾਦੀ ਗਾਲ੍ਹਾਂ ਨਾਲ ਅਪਮਾਨਿਤ ਕੀਤਾ ਬਲਕਿ ਉਸ ਨੂੰ ਜ਼ਮੀਨ ਚੱਟਣ ਲਈ ਵੀ ਮਜਬੂਰ ਕੀਤਾ।’’
ਦਲਿਤ ਆਗੂ ਨੇ ਮੁਲਜ਼ਮਾਂ ਨੂੰ ਐਸ.ਸੀ./ਐਸ.ਟੀ. (ਅੱਤਿਆਚਾਰ ਰੋਕਥਾਮ) ਐਕਟ ਤਹਿਤ ਗ੍ਰਿਫਤਾਰ ਕਰਨ ਅਤੇ ਪੀੜਤ ਨੂੰ ਸਰਕਾਰੀ ਸੁਰੱਖਿਆ ਅਤੇ ਮੁਆਵਜ਼ੇ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਦੇ ਸ਼ਾਸਨ ’ਚ ਦਲਿਤ ਹੋਣਾ ਅਪਰਾਧ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਇਕ ਵਫ਼ਦ ਜਲਦੀ ਹੀ ਪੀੜਤ ਅਤੇ ਉਸ ਦੇ ਪਰਵਾਰ ਨੂੰ ਮਿਲੇਗਾ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ‘ਐਕਸ’ ਉਤੇ ਇਕ ਪੋਸਟ ’ਚ ਕਿਹਾ, ‘‘ਕਿਸੇ ਦੀ ਗਲਤੀ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਅਪਮਾਨਜਨਕ ਅਤੇ ਅਣਮਨੁੱਖੀ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਸਿਰਫ਼ ਤਬਦੀਲੀ ਹੀ ਬਦਲਾਅ ਲਿਆਵੇਗੀ!’’ ਕਾਂਗਰਸ ਨੇ ਇਕ ਐਕਸ ਪੋਸਟ ਵਿਚ ਹਿੰਸਾ ਦੀ ਨਿੰਦਾ ਕੀਤੀ ਅਤੇ ਦੋਸ਼ ਲਾਇਆ ਕਿ ਅਪਰਾਧੀ ਆਰ.ਐਸ.ਐਸ. ਵਰਕਰ ਸੀ। ਪਾਰਟੀ ਨੇ ਕਿਹਾ, ‘‘ਬਜ਼ੁਰਗ ਵਿਅਕਤੀ ਮੰਦਰ ਦੇ ਵਿਹੜੇ ਵਿਚ ਬੈਠਾ ਸੀ ਜਦੋਂ ਬਿਮਾਰੀ ਕਾਰਨ ਉਸ ਨੇ ਗਲਤੀ ਨਾਲ ਪਿਸ਼ਾਬ ਕੀਤਾ।
ਗੁੱਸੇ ਵਿਚ ਆਏ ਆਰ.ਐਸ.ਐਸ. ਵਰਕਰ ਮੌਕੇ ਉਤੇ ਪਹੁੰਚੇ ਅਤੇ ਉਸ ਉਤੇ ਜਾਤੀਵਾਦੀ ਟਿਪਣੀਆਂ ਕਰਦੇ ਹੋਏ ਉਸ ਨੂੰ ਪਿਸ਼ਾਬ ਚੱਟਣ ਲਈ ਮਜਬੂਰ ਕੀਤਾ।’’ ਹਾਲਾਂਕਿ ਪੁਲਿਸ ਨੇ ਕਿਹਾ ਕਿ ਮੁਲਜ਼ਮ ਦਾ ਸੱਜੇ-ਪੱਖੀ ਸੰਗਠਨ ਕੌਮੀ ਸਵੈਮਸੇਵਕ ਸੰਘ ਨਾਲ ਕੋਈ ਸਬੰਧ ਨਹੀਂ ਹੈ। ਮੁਲਜ਼ਮ ਸਵਾਮੀ ਕਾਂਤ ਉਰਫ ਪੰਮੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਮਪਾਲ ਦੇ ਪੋਤੇ ਮੁਕੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦਾਦਾ ਨੂੰ ਸਾਹ ਲੈਣ ਵਿਚ ਤਕਲੀਫ ਹੋਈ ਸੀ ਅਤੇ ਖੰਘਦੇ ਸਮੇਂ ਉਨ੍ਹਾਂ ਨੇ ਗਲਤੀ ਨਾਲ ਪਿਸ਼ਾਬ ਕੀਤਾ। ਮੁਕੇਸ਼ ਕੁਮਾਰ ਨੇ ਦਸਿਆ ਕਿ ਉਸ ਦੇ ਦਾਦਾ ਡਰ ਗਏ ਅਤੇ ਜਦੋਂ ਉਨ੍ਹਾਂ ਨੂੰ ਪਿਸ਼ਾਬ ਚੱਟਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਚੱਟ ਲਿਆ। ਉਸ ਨੇ ਦਾਅਵਾ ਕੀਤਾ ਕਿ ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦੇ ਪਿਤਾ ਨੂੰ ਥਾਂ ਧੋਣ ਲਈ ਮਜਬੂਰ ਕੀਤਾ। ਮੁਕੇਸ਼ ਕੁਮਾਰ ਨੇ ਦਸਿਆ ਕਿ ਮੁੱਖ ਮੰਦਰ ਉਸ ਥਾਂ ਤੋਂ ਘੱਟੋ ਘੱਟ 40 ਮੀਟਰ ਦੀ ਦੂਰੀ ਉਤੇ ਸੀ ਜਿੱਥੇ ਉਸ ਦੇ ਦਾਦਾ ਉਤੇ ਪਿਸ਼ਾਬ ਕਰਨ ਦਾ ਦੋਸ਼ ਲਗਾਇਆ ਗਿਆ ਸੀ।