Ticket To Canada: ਪੰਜਾਬਣਾਂ ਦੀ ‘ਟਿਕਟ ਟੂ ਕੈਨੇਡਾ’ ਬਨਾਮ ਕੁੱਝ ਲੱਚਰ ਐਪਸ
Published : Aug 19, 2024, 7:48 am IST
Updated : Aug 19, 2024, 7:48 am IST
SHARE ARTICLE
'Ticket to Canada' of Punjabis vs some luxury apps
'Ticket to Canada' of Punjabis vs some luxury apps

Ticket To Canada: ਕਿੱਥੇ ਅਲੋਪ ਹੋ ਗਏ ਬੇਗਾਨੀਆਂ ਨੂੰਹਾਂ-ਧੀਆਂ ਦੀ ਰਾਖੀ ਕਰਨ ਵਾਲੇ ਨਿਡਰ-ਨਿਧੜਕ ਤੇ ਗ਼ੈਰਤਮੰਦ ਪੰਜਾਬੀ?

 

Ticket To Canada: ਰਾਜਨੀਤੀ ਤੇ ਜਿਸਮ ਫ਼ਰੋਸ਼ੀ, ਦੁਨੀਆਂ ਵਿਚ ਢੇਰ ਚਿਰਾਂ ਤੋਂ ਪ੍ਰਚਲਤ ਰਹੇ ਹਨ। ਅੱਜ ਵੀ ਇਹ ਪੂਰੇ ਧੜੱਲੇ ਨਾਲ, ਪੂਰੇ ਸੰਸਾਰ ’ਚ ਪ੍ਰਚਲਤ ਹਨ। ਨਾ ਸਿਰਫ਼ ਪ੍ਰਚਲਤ ਹੀ ਸਗੋਂ ਅਪਣੇ ਵਰਤਮਾਨ ਸਰੂਪ ਵਿਚ, ਬੇਹੱਦ ਖ਼ਤਰਨਾਕ, ਵਿਸਫੋਟਕ, ਮਾਰੂ, ਭਿਆਨਕ ਤੇ ਤਬਾਹਕੁੰਨ ਵੀ ਬਣ ਚੁੱਕੇ ਹਨ ਕਿਉਂਕਿ ਟੈਕਨੌਲੋਜੀ, ਸੂਚਨਾ ਖੇਤਰ ਅਤੇ ਸੰਚਾਰ ਵਿਧੀਆਂ ਦੇ ਨਵੀਨੀਕਰਨ, ਆਧੁਨਿਕੀਕਰਨ ਅਤੇ ਸਧਾਰਨੀਕਰਨ ਕਰ ਕੇ, ਅੱਜ ਪਛੜੇ ਤੋਂ ਪਛੜੇ ਇਲਾਕੇ, ਦੁਰਾਡੇ ਦੇ ਪਿੰਡਾਂ ਤੇ ਵਿਸ਼ਾਲ ਮਹਾਂਨਗਰਾਂ ਤਕ ਪਹੁੰਚ ਤੇ ਸੰਪਰਕ ਆਸਾਨ ਹੋ ਜਾਣ ਕਰ ਕੇ, ਇਕ ਆਮ ਪਿੰਡ ਦੀ ਜੰਮਪਲ ਮੁਟਿਆਰ ਹਰ ਖੇਤਰ ਬਾਰੇ ਨਾ ਵੀ ਸਹੀ ਪਰ ਵਿਦੇਸ਼ ਜਾਣ ਦੇ ਢੰਗ ਤਰੀਕਿਆਂ, ਵਿਧੀਆਂ, ਸੰਭਾਵਨਾਵਾਂ, ਜੁਗਾੜਾਂ, ਵਿਗਾੜਾਂ, ਏਜੰਟਾਂ ਦੇ ਮੱਕੜ ਜਾਲ ਤੇ ਉਚਿਤ-ਅਨੁਚਿਤ ਸੱਭ ਰਾਹਾਂ ਤੋਂ ਵਾਕਫ਼ ਹੋ ਚੁਕੀ ਹੈ (ਸਕੇ ਭੈਣ ਭਰਾ ਵੀ ਲਾਵਾਂ ਦਿਖਾ ਕੇ ਪਤੀ-ਪਤਨੀ ਵਜੋਂ ਟਿਕਟ ਟੂ ਕੈਨੇਡਾ ਲੈ ਚੁਕੇ ਹਨ) ਇਧਰਲਾ ਤੇ ਉਧਰਲਾ ਪੰਜਾਬੀ ਸਮਾਜ, ਇਸ ਮਸਲੇ ਵਿਚ ਕਿੰਨਾ ਕੁ ਨਿੱਘਰ ਚੁੱਕਾ ਹੈ, ਇਸ ਦੀ ਟੋਹ ਲੈਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਜ਼ਰੂਰ ਕਰਾਂਗੇ। 

ਕੁੱਝ ਵਰ੍ਹੇ ਪਹਿਲਾ ਵਿਦੇਸ਼ੋਂ ਆਈਆਂ ਭੈਣਾਂ ਨੂੰ ਜਹਾਜ਼ ਚੜ੍ਹਾਉਣ ਲਈ ਮੈਂ ਅੰਮ੍ਰਿਤਸਰ ਏਅਰਪੋਰਟ ਗਈ। ਅੰਦਰਲੇ ਹਾਲ ’ਚ ਨੇੜੇ ਹੀ ਇਕ ਧੀ ਤੇ ਉਸ ਦੇ ਸਾਧਾਰਣ ਦਿਸਦੇ ਪੇਂਡੂ ਮਾਪੇ ਨਜ਼ਰੀਂ ਪਏ ਤੇ ਥੋੜ੍ਹੀ ਹੀ ਦੂਰੀ ’ਤੇ ਇਕ ਸੁੰਦਰ ਗੱਭਰੂ ਅਪਣੇ ਬਾਪ ਲਾਗੇ ਖੜਾ ਦਿਸਿਆ। ਆਦਤਨ ਮੈਂ ਉਸ ਬੇਟੀ ਨੂੰ ਬਾਹਰ ਜਾਣ ਦਾ ਸਬੱਬ ਪੁੱਛ ਲਿਆ ਜਿਹੜੀ ਕੁੱਝ ਮਹੀਨੇ ਪਹਿਲਾਂ ਹੀ ਜਮ੍ਹਾਂ ਦੋ ਦੀ ਪ੍ਰੀਖਿਆ ਪਾਸ ਕਰ ਕੇ ਤੇ ਆਈਲੈਟਸ ਕਰ ਕੇ, ਟੋਰਾਂਟੋ ਲਾਗੇ ਕਿਸੇ ਕਾਲਜ ’ਚ ਦਾਖ਼ਲਾ ਲੈ ਕੇ ਜਾ ਰਹੀ ਸੀ। ਇਵੇਂ ਹੀ ਨਵੇਂ-ਨਵੇਂ ਵਾਲ ਕਟਵਾ ਕੇ, ਪੜ੍ਹਨ ਜਾ ਰਿਹਾ ਸਿੱਖ ਲੜਕਾ ਵੀ ਉੱਚੀ ਮੈਰਿਟ ’ਚ ਪਾਸ ਹੋ ਕੇ ਤੇ ਆਈਲੈਟਸ ’ਚੋਂ ਚੰਗੇ ਬੈਂਡ ਲੈ ਕੇ ਬਾਹਰ ਪੜ੍ਹਨ ਜਾ ਰਿਹਾ ਸੀ। ਕੈਲੀਫ਼ੋਰਨੀਆ ਰਹਿੰਦੀ ਭੈਣ (ਜੋ ਉਧਰਲੀ ਸਥਿਤੀ ਤੋਂ ਭਲੀਭਾਂਤ ਵਾਕਫ਼ ਸੀ) ਨੇ ਸਹਿਜੇ ਹੀ ਪੁੱਛ ਲਿਆ ਕਿ ਬੇਟੀ ਰਹਿਣਾ ਕਿੱਥੇ ਹੈ? ਉਹ ਖ਼ਾਮੋਸ਼ ਰਹੀ।

ਫਿਰ ਲੜਕੇ ਨੂੰ ਪੁਛਿਆ ਤਾਂ ਉਸ ਦਾ ਬਾਪ ਬੋਲਿਆ ਕਿ ਉਥੇ ਪਹੁੰਚ ਕੇ ਕੋਈ ਜੁਗਾੜ ਕਰੂ। ਲਾਗਿਉਂ ਹੀ ਧੀ ਦੇ ਮਾਪੇ ਬੋਲੇ ਕਿ ਜਿੱਥੇ ਤੂੰ ਰਹੇਂਗਾ, ਸਾਡੀ ਧੀ ਨੂੰ ਵੀ ਉੱਥੇ ਹੀ ਰੱਖ ਲਵੀਂ। ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਅਜੋਕੇ ਪੰਜਾਬੀਆਂ ਦੀ ਮਾਨਸਕਤਾ-ਬੇਗ਼ੈਰਤੀ, ਬੇਸ਼ਰਮੀ, ਬੇਹਯਾਈ ਤੇ ਬੁਰੀ ਸੋਚ ਦੀ। ‘ਟਿਕਟ ਟੂ ਕੈਨੇਡਾ’ ਇਕ ਕੈਨੇਡੀਅਨ ਪੰਜਾਬੀ ਟੀਵੀ ਚੈਨਲ ਹੈ ਜਿਹੜਾ ਹਰ ਹੀਲਾ-ਵਸੀਲਾ ਵਰਤ ਕੇ ਕੈਨੇਡਾ ਦੀ ਵਿਸ਼ਾਲ ਧਰਤੀ ’ਤੇ ਅੱਪੜਨ ਵਾਲੇ ਨੌਜਵਾਨਾਂ (ਖ਼ਾਸ ਕਰ ਕੇ ਮੁਟਿਆਰਾਂ) ਦੀ ਅਜੋਕੀ ਦੁਰਦਸ਼ਾ, ਦੁਰਗਤੀ, ਬੇਪੱਤੀ ਤੇ ਬੇਲਗਾਮ ਜੀਵਨ ਸ਼ੈਲੀ ਦੀ ਚੀਰ ਫਾੜ ਕਰ ਕੇ, ਉਨ੍ਹਾਂ ਨੂੰ ਗੌਰਵਮਈ, ਲਾਸਾਨੀ ਤੇ ਵਿਲੱਖਣ ਵਿਰਸੇ ਦੀ ਯਾਦ ਕਰਵਾ ਕੇ ਸੰਭਲਣ ਦਾ ਹੋਕਾ ਦੇ ਰਿਹੈ ਤਾਂ ਜੋ ਉਨ੍ਹਾਂ ਨੂੰ ਲਚਰਤਾ, ਨੰਗੇਜ, ਕਾਮੁਕਤਾ, ਅਸ਼ਲੀਲਤਾ ਤੇ ਵਿਭਚਾਰ ਤੋਂ ਰੋਕਿਆ ਜਾ ਸਕੇ।

‘ਵਰਚੂਅਲ ਸੈਕਸ’ (ਆਨਲਾਈਨ ਗੰਦ) ਪ੍ਰੋਸਣ ਵਾਲੀਆਂ ਉਂਜ ਤਾਂ ਬਹੁਤ ਸਾਰੀਆਂ ਐਪਸ ਦਾ ਜ਼ਿਕਰ ਕੀਤਾ ਗਿਆ ਸੀ (ਇਸ ਟੀਵੀ ਚੈਨਲ ਵਲੋਂ) ਪ੍ਰੰਤੂ ਦੋ ਦੀ ਚਰਚਾ ਪੂਰੇ ਵਿਸਥਾਰ ’ਚ ਕੀਤੀ ਗਈ ਜਿੱਥੇ ਰੂਸੀ, ਯੂਰਪੀਅਨ, ਚੀਨੀ, ਜਾਪਾਨੀ ਤੇ ਦੂਸਰੇ ਏਸ਼ੀਆਈ ਮੁਲਕਾਂ ਦੀਆਂ ਕੁੜੀਆਂ ਅਪਣੇ ਜਿਸਮਾਂ ਦੀ ਸ਼ਰ੍ਹੇਆਮ ਨੁਮਾਇਸ਼ ਕਰ ਕੇ ਸੌਖਾ ਪੈਸਾ ਕਮਾਉਣ ਦਾ ਜੁਗਾੜ ਕਰ ਰਹੀਆਂ ਹਨ। ਅਚੰਭਾ ਉਦੋਂ ਹੋਇਆ ਜਦੋਂ ਕੈਨੇਡਾ ਦੀ ਅਤਿ ਦੀ ਮਹਿੰਗਾਈ, ਨਸ਼ਾਖੋਰੀ ਤੇ ਰਹਿਣ-ਸਹਿਣ ਦੇ ਪੱਧਰ ’ਚ ਫਿੱਟ ਨਾ ਹੋ ਸਕਣ ਵਾਲੀਆਂ ਪੰਜਾਬਣਾਂ ਨੇ ਵੀ Only 1pps (ਓਨਲੀ ਐਪਸ) ਤੇ 2lind 4ates (ਬਲਾਈਂਡ ਡੇਟਸ) ਰਾਹੀਂ ਆਣੀਆਂ ਪੁੱਠੀਆਂ ਚਾਲਾਂ ਜੱਗ ਜ਼ਾਹਰ ਕਰ ਦਿਤੀਆਂ। ਫ਼ੇਸਬੁੱਕ, ਇੰਸਟਾਗ੍ਰਾਮ ਤੇ ਹੋਰ ਮਾਧਿਅਮਾਂ ਦੀ ਵਰਤੋਂ ਕਰਦਿਆਂ, ਪਛਮੀ ਸਭਿਆਚਾਰ ਦੀ ਇਸ ਅਤਿ-ਅੰਤ ਘਿਨੌਣੀ ਤੇ ਨਿੰਦਣਯੋਗ ਖੁਲ੍ਹ ਤੇ ਕਰਤੂਤ ਨੂੰ ਅਪਣਾਉਂਦਿਆਂ ਜਦੋਂ ਮਾਈ ਭਾਗੋ ਜਹੀ ਬਹਾਦਰ ਸਿੰਘਣੀ ਦੀ ਵਿਰਾਸਤ ਵਾਲੀਆਂ ਪੰਜਾਬਣਾਂ ਨੰਗੇਜ ਤੇ ਜਿਸਮ ਫ਼ਰੋਸ਼ੀ ਦਾ ਰਾਹ ਚੁਣ ਰਹੀਆਂ ਹਨ ਤਾਂ ਸਭਿਆਚਾਰਕ ਨਿਘਾਰ, ਨਿਵਾਣ ਤੇ ਭੁਚਾਲ ਆਉਣਾ ਲਾਜ਼ਮੀ ਹੈ।

‘ਮੇਰੀ ਜ਼ਿੰਦਗੀ, ਮੇਰੀ ਹੈ, ਮੈਂ ਜੋ ਮਰਜ਼ੀ ਕਰ ਸਕਦੀ ਹਾਂ’ ਇਹ ਨਾਹਰਾ ਗੂੰਜ ਰਿਹੈ ਅੱਜ ਉਧਰ ਵੀ ਤੇ ਬਹੁਤ ਹੱਦ ਤਕ ਇਧਰ ਵੀ। ਇਸੇ ਕਰ ਕੇ, ਧਰਤੀ-ਮਾਂ ਤੇ ਜਣਨਹਾਰੀ ਮਾਂ ਦੀ ਪੁਕਾਰ ਅਣਸੁਣੀ ਕਰ ਕੇ ਜੰਮੀਆਂ ਜਾਈਆਂ ਬਿਕਨੀਆਂ ਪਾਉਣ ਵਲ ਰੁਚਿਤ ਹੋ ਰਹੀਆਂ ਹਨ। ਕੈਨੇਡਾ ਦੇ ਬੇਸਮੈਂਟਾਂ, ਤੰਬੂਆਂ ਤੇ ਹੋਰ ਸਸਤੇ ਟਿਕਾਣਿਆਂ ’ਚ ਰਹਿਣ ਲਈ ਮਜਬੂਰ ਪੰਜਾਬੀ (10-10 ਲੜਕੇ, 4-4 ਜਾਂ 5-5 ਲੜਕੀਆਂ) ਕਿਸੇ ਨਵੇਂ ਸਭਿਆਚਾਰ ਨੂੰ ਸਿਰਜ ਰਹੇ ਹਨ, ਇਸ ਵਲੋਂ ਇਧਰਲੇ ਮਾਪੇ ਅੱਖਾਂ ਮੀਟੀ ਬੈਠੇ ਹਨ। ਗਜ਼ਨੀ ਦੇ ਬਾਜ਼ਾਰ ’ਚੋਂ ਬੇਗਾਨੀਆਂ ਬਹੂ-ਬੇਟੀਆਂ ਨੂੰ ਛੁਡਾ-ਛੁਡਾ ਕੇ ਉਨ੍ਹਾਂ ਦੇ ਘਰੀਂ ਪਹੁੰਚਾਉਣ ਵਾਲੇ ਨਿਡਰ-ਨਿਧੜਕ ਤੇ ਗ਼ੈਰਤਮੰਦ ਪੰਜਾਬੀ ਕਿੱਥੇ ਅਲੋਪ ਹੋ ਗਏ? ਕਿਉਂਕਿ ਹੁਣ ਦੇ ਬਾਪ ਤਾਂ ਇਕ ਓਪਰੇ, ਅਣਜਾਣ ਤੇ ਪਰਾਏ ਮੁੰਡੇ ਨੂੰ ਅਪਣੀ ਧੀ ਨੂੰ ਨਾਲ ਰੱਖਣ ਦੇ ਭਰੋਸੇ ’ਤੇ ਵਿਦੇਸ਼ ਤੋਰ ਰਹੇ ਹਨ।

ਇੰਨੀ ਗਿਰਾਵਟ? ਇਸ ਕਦਰ ਬਾਹਰੀ ਝਾਕ? ਪੈਸੇ ਦੀ ਹੋੜ? ਖ਼ੁਦ ਬਾਹਰ ਜਾ ਵੱਸਣ ਦੀ ਤਰਕੀਬ? ਇਹ ਸਿਲਸਿਲਾ ਬੇਰੋਕ ਤੇ ਬੇਖ਼ੌਫ਼ ਜਾਰੀ ਹੈ। ਘਰ, ਪਲਾਟ, ਜਾਇਦਾਦਾਂ ਵੇਚ ਵੱਟ ਕੇ ਵੀ ਅਸੀਂ 25-25 ਲੱਖ, ਪੰਜਾਹ-ਪੰਜਾਹ ਲੱਖ ਰੋੜ੍ਹ ਰਹੇ ਹਾਂ ਤਾਂ ਜੋ ਪਹਿਲਾਂ ਔਲਾਦ ਤੇ ਮਗਰੇ ਖ਼ੁਦ ਮਾਪੇ, ਬਾਹਰਲੀਆਂ ਧਰਤੀਆਂ ਦੇ ‘ਨਜ਼ਾਰੇ’ ਮਾਣ ਸਕਣ। ਲੱਖਾਂ ਪੰਜਾਬੀ ਅੱਜ ਬੇਗ਼ਾਨੇ ਮੁਲਕਾਂ ਦੀਆਂ ਸੁੱਖ ਸਹੂਲਤਾਂ ਮਾਣ ਵੀ ਰਹੇ ਹਨ ਪ੍ਰੰਤੂ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਹੁਤ ਵੱਡੀਆਂ ਤੇ ਗੰਭੀਰ ਹਨ ਤੇ ਪਹਿਲੇ ਵੇਲਿਆਂ ਤੋਂ ਵਖਰੇ ਕਿਸਮ ਦੀਆਂ ਵੀ।

‘ਓਨਲੀ ਐਪ’ ’ਤੇ ਪੈਸੇ ਅਦਾ ਕਰ ਕੇ, ਲੜਕਾ-ਧਿਰ ਲੜਕੀ ਨੂੰ ਨਹਾਉਂਦੇ, ਕਪੜੇ ਬਦਲਦੇ, ਬਿਕਨੀ ’ਚ, ਜਿੰਨੀ ਵੀ ਨੰਗੀ ਦੇਖਣੀ ਚਾਹੇ ਦੇਖ ਕੇ ਮਨ ਪਰਚਾ ਸਕਦਾ ਹੈ। ਜਿੰਨੀ ਨਗਨਤਾ, ਉਨੀ ਕਾਮੁਕ ਉਤੇਜਨਾ ਤੇ ਓਨੀ ਹੀ ਵੱਧ ਕਮਾਈ। ਵਿਦੇਸ਼ੀ ਕੁੜੀਆਂ ਇਸ ਗੰਦੇ ਕੰਮ ’ਚ ਚਿਰਾਂ ਤੋਂ ਖੁਭੀਆਂ ਹੋਈਆਂ ਸੁਣੀਦੀਆਂ ਸਨ ਪ੍ਰੰਤੂ ਹੁਣ ਧੜਾਧੜ ਕੈਨੇਡਾ ਜਾ ਰਹੀਆਂ ਅੱਲੜ ਪੰਜਾਬਣਾਂ ਵੀ ਪਿੱਛੇ ਨਹੀਂ ਰਹੀਆਂ।

ਮਹਿੰਗੀਆਂ ਫ਼ੀਸਾਂ, ਰਹਿਣ-ਸਹਿਣ ਦੇ ਬੇਲਗਾਮ ਖ਼ਰਚੇ, ਕੰਮਾਂ ਦੀ ਘਾਟ, ਨਸ਼ਿਆਂ ਦੀ ਭਰਮਾਰ, ਫਿਰੌਤੀਆਂ, ਹਾਦਸਿਆਂ ਤੇ ਲੁੱਟਾਂ-ਖੋਹਾਂ ਕਾਰਨ ਉੱਥੇ ਰਹਿਣਾ ਤੇ ਟਿਕ ਸਕਣਾ ਸੌਖਾ ਨਹੀਂ ਰਿਹਾ। ਇਧਰ ਪੰਜਾਬ ’ਚ, ਕੀ ਪਿੰਡ, ਕੀ ਕਸਬੇ, ਕੀ ਸ਼ਹਿਰ, ਹਰ ਸਕੂਲ-ਪਾਸ ਕਰ ਲੈਣ ਵਾਲਾ ਨੌਜਵਾਨ (ਧੀ ਜਾਂ ਪੁੱਤ) ਜਹਾਜ਼ ਚੜ੍ਹਨ ਦੇ ਸੁਪਨੇ ਲੈਣ ਲੱਗ ਪੈਂਦੈ। ਇਥੋਂ ਤਕ ਕਿ ਆਈਲੈਟਸ ਚੰਗੇ ਬੈਂਡਾਂ ’ਚ ਕਰ ਲੈਣ ਵਾਲੀਆਂ ਕੁੜੀਆਂ, ਮੁੰਡਾ-ਧਿਰ ਦਾ ਤੀਹ-ਤੀਹ ਲੱਖ ਖ਼ਰਚਾ ਕੇ, ਬਾਹਰ ਜਾ ਰਹੀਆਂ ਨੇ ਤੇ ਕਈ ਵਾਰ ਉਧਰ ਲੜਕੇ (ਪਤੀ) ਨੂੰ ਬੁਲਾਉਣ ਤੋਂ ਹੀ ਮੁਨਕਰ ਹੋ ਜਾਂਦੀਆਂ ਹਨ। ਅਜਿਹੇ ਕੇਸਾਂ ਵਿਚ ਲੜਕਿਆਂ ਵਲੋਂ ਖ਼ੁਦਕੁਸ਼ੀਆਂ ਕਰ ਲਈਆਂ ਜਾਂਦੀਆਂ ਹਨ। ਬੜਾ ਹੀ ਨਿਰਾਲਾ ਆਲਮ ਹੈ ਇਸ ਵਕਤ-ਜਿਵੇਂ ਹਰ ਪੰਜਾਬੀ, ਉਡਾਰੀ ਮਾਰ ਕੇ ਵਿਦੇਸ਼ਾਂ ਨੂੰ ਉਡ ਜਾਣਾ ਲੋਚਦਾ ਹੋਵੇ।

ਕੀ ਇਹ ਪੰਜਾਬ ਸਰਕਾਰ (ਪਹਿਲੀਆਂ ਸਰਕਾਰਾਂ ’ਤੇ ਵੀ) ’ਤੇ ਬਦਨੁਮਾ ਧੱਬਾ ਨਹੀਂ? ਜੇ ਇਥੇ ਜੀਣ-ਥੀਣ ਦੇ ਬਾਇੱਜ਼ਤ ਪ੍ਰਬੰਧ ਹੁੰਦੇ ਤਾਂ ਪ੍ਰਦੇਸਾਂ ਦੀ ਖ਼ਾਕ ਛਾਣਨ ਲਈ ਕਿਉਂ ’ਨੱਠਾ ਫਿਰਦੈ? ਕਿਉਂ ਇਥੋਂ ਦੀਆਂ ਧੀਆਂ ਅਪਣੀ ਤੇ ਪੰਜਾਬ ਦੀ ਪੱਤ ਰੋਲ ਰਹੀਆਂ ਨੇ? ਆਖ਼ਰ ਅੱਧੀ ਸਦੀ ਪਹਿਲਾਂ, ਅਸੀਂ ਵੀ ਗਹਿਗੱਚ ਅਕਾਦਮਿਕ ਮੁਕਾਬਲੇ ਕਰ ਕੇ, ਅਪਣੇ ਲਈ ਸਨਮਾਨਯੋਗ ਸਥਾਨ ਹਾਸਲ ਕੀਤੇ ਹੀ ਸਨ ਪਰ ਅੱਜ ਹਾਲਾਤ ਹੋਰ ਵੀ ਤ੍ਰਾਹੁਣੇ, ਭਿਆਨਕ ਤੇ ਸਾਹ-ਸੂਤਵੇਂ ਹਨ। ਕਿੰਨੇ ਹੀ ਪੜ੍ਹੇ ਲਿਖੇ ਬੇਰੁਜ਼ਗਾਰ ਦਿਹਾੜੀਆਂ ਲਾਹੁਣ ਲਈ ਮਜਬੂਰ ਹਨ ਤੇ ਕਿੰਨੇ ਖ਼ੁਦਕੁਸ਼ੀਆਂ ਕਰਨ ਲਈ ਵੀ।

ਦੇਸ਼ ਦੀ ਆਜ਼ਾਦੀ ਤੋਂ ਅਠੱਤਰ ਸਾਲਾਂ ਬਾਅਦ ਵੀ ਹਾਲਾਤ ਨਹੀਂ ਸੁਧਰੇ। ਜਿਨ੍ਹਾਂ ਆਦਰਸ਼ਾਂ, ਉਮੀਦਾਂ ਤੇ ਪ੍ਰਾਪਤੀਆਂ ਲਈ ਸਾਡੇ ਵਡੇਰਿਆਂ ਨੇ ਵਰ੍ਹੇ ਜਦੋ-ਜਹਿਦ ਕੀਤੀ, ਜਲਾਵਤਨੀਆਂ ਭੋਗੀਆਂ, ਫਾਂਸੀ ਦੇ ਰੱਸੇ ਚੁੰਮੇ, ਕਾਲੇ ਪਾਣੀ ਪੀਤੇ ਤੇ ਅਕਹਿ- ਅਸਹਿ ਕਸ਼ਟ ਸਹਾਰੇ, ਉਨ੍ਹਾਂ ਦੀ ਪੂਰਤੀ ਅਜੇ ਵੀ ਨਹੀਂ ਹੋਈ। ਰਾਜਨੀਤੀ ਨੇ ਸਾਡਾ ਸਚਿਆਰਪਣ, ਭੋਲਾਪਣ, ਆਨ-ਸ਼ਾਨ, ਵਿਰਾਸਤ ਤੇ ਆਪਸੀ ਸਾਂਝ ਸੱਭ ਖ਼ਤਮ ਕਰ ਦਿਤੀ ਤੇ ਨੌਜਵਾਨਾਂ ਨੂੰ ਹਾਸ਼ੀਏ ’ਤੇ ਧੱਕ ਦਿਤੈ। ਇਸ ਕਰ ਕੇ ਵੀ ਵਿਦੇਸ਼ਾਂ ਨੂੰ ਨਿਕਲ ਜਾਣ ਦਾ ਰੁਝਾਨ, ਸ਼ੈਤਾਨ ਦੀ ਆਂਦਰ ਵਾਂਗ ਵਧਦਾ ਜਾ ਰਿਹੈ। ਹੁਣ ਸਥਿਤੀ ਇਹ ਬਣ ਗਈ ਹੈ ਕਿ ਪਿੰਡਾਂ ਦੇ ਪਿੰਡ, ਮੁਹੱਲਿਆਂ ਦੇ ਮੁਹੱਲੇ, ਪੂਰੀਆਂ ਬਸਤੀਆਂ ਖ਼ਾਲੀ ਹੋ ਚੁਕੀਆਂ ਹਨ, ਘਰਾਂ ਨੂੰ ਜੰਦਰੇ ਲਗ ਚੁੱਕੇ ਹਨ ਤੇ ਰਾਖੀ ਲਈ ਪ੍ਰਵਾਸੀਆਂ ਨੂੰ ਰਖਿਆ ਜਾ ਰਿਹੈ।

ਕਦੇ ਸੋਹਣੇ ਦੇਸ਼ਾਂ ’ਚੋਂ ਇਕ ਰਹੇ ਪੰਜਾਬ ਨੂੰ ਵਾਕਈ ਕਿਸੇ ਚੰਦਰੇ ਦੀ ਨਜ਼ਰ ਲੱਗ ਗਈ ਹੈ। ਇਸ ਦੇ ਧੀਆਂ ਪੁੱਤਰ ਵਿਦੇਸ਼ੀ ਧਰਤੀਆਂ ’ਤੇ ਪਹੁੰਚ ਕੇ, ਬਹੁਤ ਸਾਰੇ ਗ਼ਲਤ ਤੇ ਅਣਮਨੁੱਖੀ ਕੰਮਾਂ ’ਚ ਖਚਿਤ ਹਨ। ਗੁਰੂ ਮਹਿਲਾਂ, ਬੇਬੇ ਨਾਨਕੀ ਤੇ ਹੋਰ ਮਾਣਮੱਤੀਆਂ ਬੀਬੀਆਂ ਦੀਆਂ ਵਾਰਸ-ਪੰਜਾਬਣਾਂ, ਅੱਜ ਜਿਸਮ-ਫ਼ਰੋਸ਼ੀ ਕਰ ਕੇ, ਬੇਗ਼ੈਰਤੇ ਕੰਮਾਂ ’ਚ ਫਸ ਕੇ, ਅਪਣੀ ਸਰਜ਼ਮੀਂ ਤੇ ਪਿਛਲਿਆਂ ਨੂੰ ਬਦਨਾਮ ਕਰ ਰਹੀਆਂ ਹਨ। ਲੋੜ ਹੈ ਅੱਜ ਸੁਪਨਿਆਂ ਦੀ ਦੁਨੀਆਂ ਤੋਂ ਜਾਗਣ ਦੀ, ਅਪਣੇ ਅਸਲ ਨੂੰ ਪਹਿਚਾਨਣ ਦੀ, ਸਾਧਾਰਣ ਤਰਜ਼ੇ ਜੀਵਨ ਜਿਊਣ ਦੀ ਅਤੇ ਅਪਣੀ ਮਰਿਆਦਾ ਨੂੰ ਕਾਇਮ ਰੱਖਣ ਦੀ। ਕਿਸੇ ਸ਼ਾਇਰ ਨੇ ਲਿਖਿਆ ਹੈ :-

ਹਰ ਰਾਤ ਕੋ ਦੁਲਹਨ ਸਜਤੀ ਹੂੰ,
ਹਰ ਸੁਬਹ ਜਨਾਜ਼ਾ ਹੋਤਾ ਹੈ।
ਮੇਰੇ ਘੁੰਗਰੂ ਸੋਨੇ ਨਹੀਂ ਦੇਤੇ,
ਜਬ ਸਾਰਾ ਆਲਮ ਸੋਤਾ ਹੈ।

ਪਰ ਹੁਣ ਤਾਂ ਹਾਲਾਤ ਹੀ ਬਦਲ ਗਏ ਹਨ। ਮਜਬੂਰੀਆਂ ਮਰਜ਼ੀਆਂ ’ਚ ਬਦਲ ਗਈਆਂ ਹਨ। ਜੀਵਨ ਦੇ ਆਦਰਸ਼ ਬਦਲ ਗਏ ਹਨ ਤੇ ਘ੍ਰਿਣਤ ਸਮਝੇ ਜਾਂਦੇ ਕੰਮ ਕਰਨੋਂ ਵੀ ਕੋਈ ਝਿਜਕ ਨਹੀਂ ਰਹੀ।  ਕਾਸ਼!! ਸਾਡੀਆਂ ਬਹੂ-ਬੇਟੀਆਂ ਅਪਣੀ ਮਾਣਮੱਤੀ ਸਭਿਅਤਾ ਨੂੰ ਮੁੜ ਪਹਿਚਾਣਨ ਲੱਗ ਜਾਣ।

 

..

ਕੁਲਵੰਤ ਕੌਰ (ਡਾ.)
ਮੋ: 98156-20515

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement