Punjabi In Canada: ਕੈਨੇਡਾ ਨੌਜਵਾਨਾਂ ਦੇ ਸੁਪਨਿਆਂ ਦੀ ਧਰਤੀ
Published : Nov 19, 2023, 12:27 pm IST
Updated : Nov 19, 2023, 12:28 pm IST
SHARE ARTICLE
Canada
Canada

ਕੈਨੇਡਾ ਵਿਚ ਜਨਮ ਲੈਣ ਵਾਲੇ ਭਾਰਤੀ ਬੱਚਿਆਂ ’ਤੇ ਵੀ ਦਿਨੋ-ਦਿਨ ਇਹ ਪ੍ਰਭਾਵ ਪੈ ਰਿਹਾ ਹੈ।

ਪਿਛਲੇ ਦਿਨੀਂ ਮੈਨੂੰ ਕੈਨੇਡਾ ਜੋ ਕਿ ਹੁਣ ਦੂਸਰਾ ਪੰਜਾਬ ਬਣ ਚੁੱਕਾ ਹੈ, ਦੀ ਯਾਤਰਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ 45 ਦਿਨਾਂ ਵਿਚ ਕੈਨੇਡਾ ਦੇ ਇਤਿਹਾਸ ਅਤੇ ਹੁਣ ਦੇ ਸਮੇਂ ਬਾਰੇ ਬਹੁਤ ਕੁੱਝ ਜਾਣਨ ਦਾ ਮੌਕ ਮਿਲਿਆ। ਕੁੱਝ ਗੱਲਾਂ ਦੀ ਤੁਲਨਾ ਅਪਣੇ ਦੇਸ਼ ਨਾਲ ਵੀ ਕੀਤੀ। ਉਹ ਹਲਕੀਆਂ ਫੁਲਕੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ, ਅਪਣੇ ਸੁਝਾਅ ਜ਼ਰੂਰ ਸਾਂਝੇ ਕਰਨਾ।  

‘‘ਪਾਪਾ ਇਹ ਤੁਹਾਡਾ ਮਕਾਨ ਹੈ, ਤਹਾਨੂੰ ਜਿਵੇਂ ਠੀਕ ਲਗਦੈ ਤੁਸੀ ਇਸ ਵਿਚ ਕੋਈ ਤਬਦੀਲੀ ਕਰਨੀ ਹੈ ਤਾਂ ਕਰ ਲਵੋ। ਜਦੋਂ ਮੈਂ ਅਪਣਾ ਮਕਾਨ ਬਣਾਇਆ ਤਾਂ ਉਹ ਮੈਂ ਅਪਣੀ ਪਸੰਦ ਅੁਨਸਾਰ ਬਣਾ ਲਵਾਂਗਾ।’’ ਇਹ ਗੱਲ ਜਦੋਂ ਅਸੀ ਭਾਰਤ ਵਿਚ ਕਰਾਂਗੇ ਜਾਂ ਸੁਣਾਂਗੇ ਤਾਂ ਕਿੰਨੀ ਅਜੀਬ ਲੱਗੇਗੀ। ਪਰ ਕੈਨੇਡਾ ਜੋ ਹੁਣ ਪੰਜਾਬੀਆਂ ਲਈ ਦੂਜਾ ਘਰ ਬਣ ਗਿਆ ਹੈ, ਉਥੋਂ ਦੇ ਨੌਜਵਾਨ ਅਪਣੇ ਮਾਪਿਆਂ ਨੂੰ ਇੰਝ ਹੀ ਕਹਿੰਦੇ ਹਨ।

ਕੈਨੇਡਾ ਵਿਚ ਜਨਮ ਲੈਣ ਵਾਲੇ ਭਾਰਤੀ ਬੱਚਿਆਂ ’ਤੇ ਵੀ ਦਿਨੋ-ਦਿਨ ਇਹ ਪ੍ਰਭਾਵ ਪੈ ਰਿਹਾ ਹੈ। 18 ਸਾਲ ਦੀ ਉਮਰ ਪੂਰੀ ਹੋਣ ’ਤੇ ਬੱਚੇ ਮਾਪਿਆਂ ਤੋਂ ਅਲੱਗ ਰਹਿਣ ਲੱਗ ਜਾਂਦੇ ਹਨ। ਅਪਣਾ ਕੰਮ ਕਰਦੇ, ਪੜ੍ਹਾਈ ਕਰਦੇ ਅਤੇ ਅਪਣਾ ਮਕਾਨ ਬਣਾਉਂਦੇ ਹਨ। ਇਹ ਗੱਲ ਵੇਖਣ ਸੁਣਨ ਨੂੰ ਬੇਸ਼ਕ ਅਜੀਬ ਲਗਦੀ ਹੋਵੇ ਪਰ ਬੱਚਿਆਂ ਨੂੰ ਅਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਇਹ ਇਕ ਚੰਗੀ ਪਿਰਤ ਹੈ।

ਭਾਰਤ ਵਿਚ ਤਾਂ ਮਾਂ-ਬਾਪ ਅਪਣੀਆਂ ਸੱਤ ਪੁਸ਼ਤਾਂ ਲਈ ਕਮਾਈ ਕਰ ਕੇ ਦੇ ਜਾਂਦੇ ਹਨ, ਇਸ ਲਈ ਬੇਸ਼ਕ ਉਨ੍ਹਾਂ ਨੂੰ ਕੋਈ ਵੀ ਗ਼ਲਤ ਢੰਗ ਤਰੀਕਾ ਅਪਨਾਉਣਾ ਪਵੇ। ਇਸ ਕਾਰਨ ਹੀ ਕਈ ਵਾਰ ਬੱਚੇ ਮਾਂ-ਬਾਪ ਦੀ ਗ਼ਲਤ ਢੰਗ ਨਾਲ ਕੀਤੀ ਕਮਾਈ ਕਾਰਨ ਗ਼ਲਤ ਆਦਤਾਂ ਵਿਚ ਪੈ ਜਾਂਦੇ ਹਨ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਕੈਨੇਡਾ ਵਿਚ ਬੱਚੇ ਮਾਪਿਆਂ ਨੂੰ ਨਹੀਂ ਪੁਛਦੇ ਜਾਂ ਸਤਿਕਾਰ ਨਹੀਂ ਕਰਦੇ, ਇਹ ਵੀ ਪੂਰੀ ਤਰ੍ਹਾਂ ਠੀਕ ਨਹੀਂ। ਭਾਰਤ ਵਾਂਗ ਜਿਹੜੇ ਬੱਚਿਆਂ ਨੂੰ ਮਾਂ-ਬਾਪ ਚੰਗੇ ਸੰਸਕਾਰ ਦਿੰਦੇ ਹਨ, ਉਹ ਮਾਪਿਆਂ ਕੋਲ ਆਉਂਦੇ ਵੀ ਰਹਿੰਦੇ ਹਨ ਤੇ ਖ਼ੁਸ਼ੀ ਗ਼ਮੀ ਤੇ ਇਕੱਠੇ ਵੀ ਹੁੰਦੇ ਰਹਿੰਦੇ ਹਨ।

ਮੈਨੂੰ ਪਿਛਲੇ ਦਿਨੀਂ ਬੱਚਿਆਂ ਕਾਰਨ ਦੂਜੀ ਵਾਰ ਕੈਨੇਡਾ ਜਾਣ ਦਾ ਮੌਕਾ ਮਿਲਿਆ। ਪਹਿਲੀ ਵਾਰ ਮੈਂ ਕੇਵਲ 15-20 ਦਿਨਾਂ ਲਈ ਹੀ ਗਿਆ ਸੀ। ਪਰ ਇਸ ਵਾਰ ਕੋਈ ਨਾ ਹੀ ਕੋਈ ਇਤਰਾਜ਼ ਵਾਲਾ ਪ੍ਰਮਾਣ ਪੱਤਰ, ਨਾ ਕੋਈ ਅਗਾਊਂ ਛੁੱਟੀ ਦੀ ਮਨਜ਼ੂਰੀ। ਇਸ ਲਈ ਇਸ ਵਾਰ ਮੇਰੀ ਯਾਤਰਾ ਪਹਿਲੀ ਯਾਤਰਾ ਨਾਲੋਂ ਤਿੰਨ ਗੁਣਾ ਸਮੇਂ ਦੀ ਯਾਨੀ ਕਿ 45 ਦਿਨਾਂ ਦੀ ਸੀ।

ਇਸੇ ਕਾਰਨ ਇਸ ਵਾਰ ਬਹੁਤ ਕੱੁਝ ਵੇਖਣ ਅਤੇ ਜਾਣਨ ਦਾ ਮੌਕਾ ਮਿਲਿਆ। ਦੋਵੇਂ ਬੇਟੇ ਸਿਮਰਨ (ਮੋਂਟਰੀਅਲ) ਅਤੇ ਹਰਮਨ (ਕਿੰਗਸਟਨ) ਦੋ ਵੱਖ-ਵੱਖ ਸ਼ਹਿਰਾਂ ਵਿਚ, ਰਿਸ਼ਤੇਦਾਰਾਂ ਦੀ ਗਿਣਤੀ ਵਿਚ ਵਾਧਾ ਅਤੇ ਬੇਟੀ (ਮੇਰੀ ਸਵਰਗਵਾਸੀ ਸਾਲੀ ਦੀ ਲੜਕੀ ਦੀਪੀ) ਦੀ ਮੈਰਿਜ ਉਹ ਵੀ ਇਕ ਅਲੱਗ ਸ਼ਹਿਰ ਵਿਚ ਹੋਈ, ਇਸ ਕਾਰਨ ਸੁਭਾਵਕ ਸੀ ਕਿ ਅਲੱਗ ਅਲੱਗ ਸਥਾਨ ਵੇਖਣ ਦਾ ਚੰਗਾ ਮੌਕਾ ਮਿਲਿਆ।

ਅਸਲ ਵਿਚ ਸਾਡੇ ਜਾਣ ਦਾ ਸੱਭ ਤੋਂ ਮੁੱਖ ਕਾਰਨ ਵੀ ਦੀਪੀ ਦਾ ਵਿਆਹ ਹੀ ਸੀ। ਦੀਪੀ ਦੇ ਪਾਪਾ (ਡਾ. ਨਰੋਤਮ ਕੋਛੜ) ਅਤੇ ਭਰਾ (ਕੋਮਲ) ਨੂੰ ਵੀਜ਼ਾ ਨਾ ਮਿਲਿਆ। ਉਸ ਦੀ ਮਾਂ ਦੀਪੀ ਕੈਨੇਡਾ ਜਾਣ ਤੋਂ ਕੁੱਝ ਸਮੇਂ ਬਾਅਦ ਹੀ ਨਾਮੁਰਾਦ ਬੀਮਾਰੀ ਕਾਰਨ ਸਾਨੂੰ ਛੱਡ ਗਈ ਸੀ, ਇਸ ਲਈ ਉਸ ਦੇ ਮਾਂ-ਬਾਪ ਵਜੋਂ ਸਾਡਾ ਜਾਣਾ ਜ਼ਰੂਰੀ ਵੀ ਸੀ ਅਤੇ ਸਾਡਾ ਫ਼ਰਜ਼ ਵੀ ਸੀ। ਬੱਚਿਆਂ ਦਾ ਅਪਣੇ-ਅਪਣੇ ਕੰਮਾਂ ਨੌਕਰੀਆਂ ਵਿਚ ਸਥਾਪਤ ਹੋਣ ਕਰ ਕੇ ਬੇਫ਼ਿਕਰੀ ਨਾਲ ਘੁੰਮਣਾ ਵੀ ਇਕ ਕਾਰਨ ਸੀ। ਜਿਵੇਂ-ਜਿਵੇ ਮੈਂ ਉਥੋਂ ਦੀਆਂ ਇਤਿਹਾਸਕ ਅਤੇ ਸੁੰਦਰ ਥਾਵਾਂ ਵੇਖਦਾ ਰਿਹਾ ਉਵੇਂ ਉਵੇਂ ਹੀ ਸਫ਼ਰਨਾਮੇ ਨੂੰ ਕਲਮਬੱਧ ਕਰਨ ਦਾ ਮਨ ਬਣਦਾ ਗਿਆ।

ਯਾਤਰਾਵਾਂ ਨਾਲ ਜਿਥੇ ਵਿਅਕਤੀ ਦਾ ਮਨੋਰੰਜਨ ਹੁੰਦੈ, ਉਥੇ ਹੀ ਵਿਅਕਤੀ ਦੀ ਜਾਣਕਾਰੀ ਵਿਚ ਵੀ ਵਾਧਾ ਹੁੰਦਾ ਹੈ। ਇਸ ਜਾਣਕਾਰੀ ਵਿਚ ਇਤਿਹਾਸ ਦੀ ਜਾਣਕਾਰੀ ਪਹਿਰਾਵੇ ਦੀ ਜਾਣਕਾਰੀ ਦੇ ਨਾਲ-ਨਾਲ ਉਥੋਂ ਦੇ ਲੋਕਾਂ ਦੀ ਭਾਸ਼ਾ, ਸਭਿਆਚਾਰ, ਰਹਿਣ ਸਹਿਣ ਤੇ ਖਾਣ-ਪੀਣ ਦੀ ਜਾਣਕਾਰੀ ਵੀ ਮਿਲਦੀ ਹੈ। ਦਿਨੋ-ਦਿਨ ਨੌਜਵਾਨਾਂ ਦਾ ਕੈਨੇਡਾ ਵਲ ਜਾਣਾ ਕੇਵਲ ਰੁਜ਼ਗਾਰ ਨਹੀਂ, ਇਸ ਦੇ ਹੋਰ ਵੀ ਬਹੁਤ ਕਾਰਨ ਹਨ। ਕੈਨੇਡਾ ਦੀ ਧਰਤੀ ’ਤੇ ਗਿਆ ਕੋਈ ਨੌਜਵਾਨ ਉਥੋਂ ਦੇ ਵਾਤਾਵਰਣ, ਰਹਿਣ-ਸਹਿਣ, ਕੰਮ-ਕਾਰ, ਟ੍ਰੈਫ਼ਿਕ ਦੇ ਨਿਯਮਾਂ, ਹਰ ਕੰਮ ਬਿਨਾਂ ਰਿਸ਼ਵਤ ਅਤੇ ਸਮਾਂ ਹੱਦ ਵਿਚ ਹੋਣ ਦੀਆਂ ਗੱਲਾਂ ਕਰਦਾ ਹੈ ਤਾਂ ਸੁਭਾਵਕ ਹੈ ਕਿ ਉਹ ਵਿਦੇਸ਼ ਨੂੰ ਭੱਜੇਗਾ। 

ਇਸ ਵਾਰ ਬਿਤਾਏ 45 ਦਿਨਾਂ ਵਿਚ ਮੈਂ ਮਹਿਸੂਸ ਕੀਤਾ ਕਿ ਪੰਜਾਬੀਆਂ ਨੇ ਇਥੇ ਅਪਣੀ ਵਖਰੀ ਪਹਿਚਾਣ ਬਣਾਈ ਹੈ। ਕੈਨੇਡਾ ਵਰਗੇ ਦੇਸ਼ ਵਿਚ ਜਿਥੇ ਕਿਸੇ ਸਮੇਂ ਭਾਰਤੀਆਂ ਨਾਲ ਨਸਲੀ ਵਿਤਕਰਾ ਕੀਤਾ ਜਾਂਦਾ ਸੀ, ਉਸ ਦੇਸ਼ ਵਿਚ ਅੱਜ 16-17 ਮੈਬਰ ਪਾਰਲੀਮੈਂਟ ਹਾਊਸ ਆਫ਼ ਕਾਮਨ ਵਿਚ ਚੁਣੇ ਜਾਂਦੇ ਹਨ। ਪੰਜਾਬੀ ਸਰਬਜੀਤ ਸਿੰਘ ਮਾਰਵਾਹ ਨਾ ਕੇਵਲ  ਸੈਨੇਟ ਦਾ ਮੈਂਬਰ ਹੈ ਬਲਕਿ ਕੈਨੇਡਾ ਦੇ ਸੱਭ ਤੋਂ ਵੱਡੇ ਬੈਂਕ, ਸਕੋਸ਼ੀਆ ਬੈਂਕ ਦਾ ਮੀਤ ਪ੍ਰਧਾਨ ਹੈ।

ਰਾਜਨੀਤੀ ਤੋਂ ਇਲਾਵਾ ਖੇਤੀਬਾੜੀ, ਵਪਾਰ, ਨੌਕਰਸ਼ਾਹੀ ਅਤੇ ਫ਼ੌਜ ਵਿਚ ਵੀ ਅਪਣੀ ਵਖਰੀ ਪਹਿਚਾਣ ਬਣਾਈ ਹੈ। ਯਾਨੀ ਕਿ ਹਰ ਖੇਤਰ ਵਿਚ ਭਾਰਤੀਆਂ ਖ਼ਾਸ ਕਰ ਪੰਜਾਬੀਆਂ ਨੇ ਅਪਣੀ ਹੋਂਦ ਦਾ ਮੁਜ਼ਾਹਰਾ ਕੀਤਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਕਸਬੇ ਦੇ ਰਹਿਣ ਵਾਲੇ ਸ. ਬੁੱਕਣ ਸਿੰਘ ਨੇ ਤਾਂ ਪਹਿਲੇ ਵਿਸ਼ਵ ਯੁੱਧ ਸਮੇਂ 1919 ਵਿਚ ਕੈਨੇਡਾ ਫ਼ੌਜ ਵਲੋਂ ਫਰਾਂਸ ਖ਼ਿਲਾਫ਼ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਇਹ ਪੰਜਾਬੀਆਂ ਦੀ ਜੁਝਾਰੂ ਪ੍ਰਵਿਰਤੀ ਹੀ ਸੀ ਕਿ ਬੇਸ਼ੱਕ ਨਸਲੀ ਭੇਦਭਾਵ ਕੀਤਾ ਜਾ ਰਿਹਾ ਹੋਵੇ, ਫਿਰ ਵੀ ਜਿਸ ਮਿੱਟੀ ’ਤੇ ਰਹਿ ਰਹੇ ਹਨ ਉਸ ਦੀ ਰਖਿਆ ਲਈ ਅਪਣੀ ਜਾਨ ਦੇ ਦੇਂਦੇ ਹਨ।

ਸਾਡੇ ਨੌਜਵਾਨਾਂ ਦਾ ਵਿਦੇਸ਼ ਵਿਚ ਜਾਣਾ ਕਿਹਾ ਜਾਂਦਾ ਹੈ ਕਿ ਚਿੰਤਾ ਦਾ ਵਿਸ਼ਾ ਹੈ ਪਰ ਸਰਕਾਰਾਂ ਸਾਡੇ ਨੌਜਵਾਨਾਂ ਬਾਰੇ ਕਿੰਨਾ ਕੁ ਸੋਚਦੀਆਂ ਹਨ, ਇਸ ਬਾਰੇ ਅਸੀ ਭਲੀ ਭਾਂਤ ਜਾਣਦੇ ਹਾਂ। ਅਸੀ ਵੇਖ ਸਕਦੇ ਹਾਂ ਕਿ ਇਕ ਨੌਜਵਾਨ 10 ਸਾਲ ਵਿਚ ਜੇਕਰ ਨੌਕਰੀ ਪ੍ਰਾਪਤ ਕਰ ਵੀ ਲੈਂਦਾ ਹੈ ਤਾਂ ਕੀ ਅਸੀ ਕਹਿ ਸਕਦੇ ਹਾਂ ਕਿ ਉਹ ਅਪਣੀ ਪੂਰੀ ਇਮਾਨਦਾਰੀ ਨਾਲ ਅਪਣਾ ਮਕਾਨ ਬਣਾ ਲਵੇਗਾ?

ਕੀ ਅਪਣੀ ਗੱਡੀ ਜਾਂ ਹੋਰ ਘਰੇਲੂ ਸਹੂਲਤਾਂ ਮਿਲ ਸਕਣਗੀਆਂ? ਪਰ ਮੈਂ ਵੇਖਿਆ ਕਿ ਕੈਨੇਡਾ ਜਾਂ ਕੋਈ ਹੋਰ ਦੇਸ਼ ਵੀ ਹੋਵੇ, ਉਥੇ 8-9 ਸਾਲ ਵਿਚ ਹੀ ਇਹ ਸਾਰੀਆਂ ਸਹੂਲਤਾਂ ਪੂਰੀ ਇਮਾਨਦਾਰੀ ਨਾਲ ਕੰਮ ਕਰ ਕੇ ਹਾਸਲ ਕਰ ਲੈਂਦਾ ਹੈ। ਇਸ ਬਾਰੇ ਵੇਖਣ ਲਈ ਮੈਨੂੰ ਕਿਸੇ ਸਰਵੇ ਦੀ ਲੋੜ ਨਹੀਂ। ਅੱਜ ਮੇਰੇ ਬੇਟੇ ਨੂੰ ਕੈਨੇਡਾ ਗਏ ਨੂੰ 8 ਸਾਲ ਦਾ ਸਮਾਂ ਹੋ ਗਿਆ ਹੈ ਅਤੇ ਉਹ ਜ਼ਿੰਦਗੀ ਦੀ ਹਰ ਸਹੂਲਤ ਦਾ ਆਨੰਦ ਮਾਣ ਰਿਹਾ ਹੈ, ਜਿਹੜੀ ਕਿ ਇਕ ਆਮ ਵਿਅਕਤੀ ਨੂੰ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਦੂਜੇ ਬੇਟੇ ਨੂੰ ਅਜੇ ਦੋ ਸਾਲ ਦਾ ਸਮਾਂ ਹੋਇਆ ਹੈ।

ਇਹ ਹੀ ਨਹੀਂ ਉਸ ਨਾਲ ਗਏ ਕੋਈ ਉਨ੍ਹਾਂ ਦੇ ਹੀ 20 ਦੇ ਕਰੀਬ ਦੋਸਤ ਬਹੁਤ ਵਧੀਆ ਜ਼ਿੰਦਗੀ ਦਾ ਲੁਤਫ਼ ਲੈ ਰਹੇ ਹਨ। ਮੈਂ ਕੋਈ ਨੌਜਵਾਨਾਂ ਨੂੰ ਉਤਸ਼ਾਹਤ ਨਹੀਂ ਕਰ ਰਿਹਾ ਪਰ ਜੋ ਅਸਲੀਅਤ ਹੈ ਅਤੇ ਜੋ ਲੋਕ ਅੱਜ ਕਹਿ ਰਹੇ ਹਨ ਕਿ ਉਥੇ ਨੌਜਵਾਨ ਭੁੱਖੇ ਮਰ ਰਹੇ ਹਨ, ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਇਕ ਵਾਰ ਨਵੀਂ ਥਾਂ ’ਤੇ ਜਾ ਕੇ ਸੰਘਰਸ਼ ਤਾਂ ਕਰਨਾ ਹੀ ਪੈਂਦਾ ਹੈ। 

ਹੁਣ ਜੇ ਆਪਾਂ ਅਪਣੇ ਦੇਸ਼ ਦੀ ਗੱਲ ਕਰੀਏ ਤਾਂ ਗੈ੍ਰਜੂਏਸ਼ਨ ਕਰਨ ਤੋਂ ਅੱਠ ਸਾਲ ਬਾਅਦ ਇਕ ਵਿਅਕਤੀ ਕਿੰਨਾ ਕੁ ਅਪਣੇ ਆਪ ਨੂੰ ਸਥਾਪਤ ਕਰ ਸਕਦਾ ਹੈ, ਇਹ ਅਸੀ ਵੇਖ ਹੀ ਰਹੇ ਹਾਂ। ਇਕ ਵਿਅਕਤੀ ਜੋ ਇਮਾਨਦਾਰੀ ਨਾਲ ਕੰਮ ਕਰਦਾ ਹੈ ਤਾਂ ਰਿਟਾਇਰਮੈਂਟ ਤਕ ਜਾ ਕੇ ਮਸਾਂ ਮਕਾਨ ਬਣਾਉਂਦਾ ਹੈ, ਪਰ ਕੈਨੇਡਾ ਵਿਚ ਜੇ ਵਿਅਕਤੀ ਸਖ਼ਤ ਮਿਹਨਤ ਕਰਦਾ ਹੈ ਤਾਂ ਉਸ ਨੂੰ ਨਿਰਾਸ਼ ਨਹੀਂ ਹੋਣਾ ਪੈਂਦਾ। ਉਸ ਦਾ ਫਲ ਉਸ ਨੂੰ ਜ਼ਰੂਰ ਮਿਲਦਾ ਹੈ।

ਇਕ ਹੋਰ ਗੱਲ ਜੋ ਮੈਂ ਸਾਂਝੀ ਕਰਨੀ ਚਾਹੁੰਦਾਂ ਹਾਂ, ਉਹ ਇਹ ਹੈ ਕਿ ਇਥੇ ਘਰ ਵਿਚ ਹਰ ਕੰਮ ਤਹਾਨੂੰ ਆਪ ਕਰਨਾ ਪੈਂਦਾ ਹੈ। ਤੁਸੀ ਕਿੰਨੀ ਵੀ ਕਮਾਈ ਕਰਦੇ ਹੋ ਘਰੇ ਕਪੜੇ ਧੋਣ, ਭਾਂਡੇ ਮਾਂਜਣ ਅਤੇ ਬੱਚੇ ਨੂੰ ਸਾਂਭਣ ਲਈ ਕਿਸੇ ਨੂੰ ਰੱਖ ਨਹੀਂ ਸਕਦੇ ਜਾਂ ਇਹ ਕਹਿ ਲਵੋ ਕਿ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਇਥੇ ਹਰ ਕੰਮ ਤਹਾਨੂੰ ਆਪ ਕਰਨਾ ਪੈਂਦਾ ਹੈ।

ਬੇਸ਼ਕ ਤੁਸੀ ਕਿੰਨੀ ਵੀ ਕਮਾਈ ਕਰਦੇ ਹੋ, ਤੁਸੀ ਘਰੇ ਕਪੜੇ ਧੋਣ, ਭਾਂਡੇ ਮਾਂਜਣ ਜਾਂ ਬੱਚੇ ਨੂੰ ਸਾਂਭਣ ਲਈ ਕਿਸੇ ਨੂੰ ਨਹੀਂ ਰੱਖ ਸਕਦੇ।
ਸਾਡੇ ਮੁਲਕ ਵਾਂਗ ਕੈਨੇਡਾ ਵੀ ਬਿ੍ਰਟਿਸ਼ ਸਰਕਾਰ ਦੇ ਅਧੀਨ ਰਿਹਾ ਬਲਿਕ ਕੈਨੇਡਾ ਵਿਚ ਅਜੇ ਵੀ ਇੰਗਲੈਂਡ ਦੀ ਰਾਣੀ (ਹੁਣ ਰਾਜਾ) ਦਾ ਨੁਮਾਇੰਦਾ (ਗਵਰਨਰ ਜਰਨਲ) ਦੇ ਨਾਂ ਤੇ ਚਲਦਾ ਹੈ। ਕੈਨੇਡਾ ਵਿਚ ਅਜੇ ਵੀ ਜਿਸ ਤਰ੍ਹਾਂ ਸਾਡੇ ਦੇਸ਼ ਵਿਚ ਰਾਸ਼ਟਰਪਤੀ ਜਾਂ ਸੰਵਿਧਾਨ ਦੇ ਨਾਂ ’ਤੇ ਸਹੁੰ ਚੁਕਾਈ ਜਾਂਦੀ ਹੈ ਪਰ ਇਥੇ ਅਜੇ ਵੀ ਰਾਣੀ ਦੇ ਨਾਂ ’ਤੇ ਹੀ ਸਹੁੰ ਚੁਕੀ ਜਾਂਦੀ ਹੈ।
(ਚਲਦਾ)

ਡਾ: ਸੰਦੀਪ ਘੰਡ ਸਾਬਕਾ ਜ਼ਿਲ੍ਹਾ ਅਧਿਕਾਰੀ 
ਨਹਿਰੂ ਯੁਵਾ ਕੇਂਦਰ ਮਾਨਸਾ
ਮੋ. 9478231000

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement