
ਕੇਂਦਰ
ਦੀ ਕਾਂਗਰਸ ਸਰਕਾਰ ਨੇ 'ਵੰਡੋ ਅਤੇ ਰਾਜ ਕਰੋ' ਦੀ ਪੁਰਾਣੀ ਨੀਤੀ ਉਤੇ ਚੱਲਣ ਦਾ
ਅੰਦਰਖ਼ਾਤੇ ਫ਼ੈਸਲਾ ਹੀ ਕਰ ਲਿਆ। ਇਸ ਕੰਮ ਵਿਚ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਖੁਫ਼ੀਆ
ਏਜੰਸੀਆਂ ਨੇ ਪੂਰੀ ਦਿਲਚਸਪੀ ਲਈ। ਉਸ ਵੇਲੇ ਇਹ ਗੱਲ ਆਮ ਸੀ ਕਿ ਸਰਕਾਰ ਦੇ ਕਹਿਣ ਤੇ ਆਲ
ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕਾਰਕੁਨਾਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ
ਪ੍ਰੋਫ਼ੈਸਰ ਦਰਸ਼ਨ ਸਿੰਘ ਉਤੇ ਦਬਾਅ ਰਖਣਾ ਸ਼ੁਰੂ ਕਰ ਦਿਤਾ ਤਾਂ ਜੋ ਉਹ ਆਪ ਹੀ ਤਿਆਗ ਪੱਤਰ
ਦੇ ਦੇਣ ਅਤੇ ਉਨ੍ਹਾਂ ਦੀ ਥਾਂ ਤੇ ਭਾਈ ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖ਼ਤ ਸਾਹਿਬ ਦਾ
ਜਥੇਦਾਰ ਨਿਯੁਕਤ ਕੀਤਾ ਜਾ ਸਕੇ।
ਪ੍ਰੋਫ਼ੈਸਰ ਦਰਸ਼ਨ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਤਿਆਗ ਪੱਤਰ ਦੇ ਦਿਤਾ ਅਤੇ ਭਾਈ ਜਸਬੀਰ ਸਿੰਘ ਰੋਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਾ ਦਿਤੇ ਗਏ। ਇਨ੍ਹਾਂ ਵਿਚੋਂ ਕਿਸੇ ਦਾ ਵੀ ਜਾਹੋ ਜਲਾਲ ਸੰਤ ਜਰਨੈਲ ਸਿੰਘ ਵਰਗਾ ਨਹੀਂ ਸੀ ਅਤੇ ਨਾ ਹੀ ਖਾੜਕੂਆਂ ਉਤੇ ਅਸਰਦਾਰ ਪ੍ਰਭਾਵ ਸੀ। ਇਹ ਇਕ ਬਹੁਤ ਮੁਸ਼ਕਲ ਸਮਾਂ ਸੀ। ਇਕ ਪਾਸੇ ਤਾਂ ਕੁੱਝ ਗ਼ਲਤ ਅਨਸਰ ਦਰਬਾਰ ਸਾਹਿਬ ਵਿਚ ਬੈਠ ਕੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਕੋਲੋਂ ਪੈਸੇ ਝਾੜਦੇ ਸਨ ਅਤੇ ਬਾਹਰ ਗ਼ੈਰ-ਕਾਨੂੰਨੀ ਕਾਰਵਾਈਆਂ ਕਰ ਕੇ ਮੁੜ ਦਰਬਾਰ ਸਾਹਿਬ ਆ ਪਹੁੰਚਦੇ।
ਸਰਕਾਰ ਅਪਣੀ ਉਲੀਕੀ 'ਵੰਡੋ ਅਤੇ ਰਾਜ ਕਰੋ' ਵਾਲੀ ਨੀਤੀ
ਉਤੇ ਅਮਲ ਕਰਦਿਆਂ ਬਹੁਤ ਹੁਸ਼ਿਆਰੀ ਨਾਲ ਕੰਮ ਕਰਨ ਲੱਗੀ ਤਾਂ ਜੋ ਖਾੜਕੂ ਜਥੇਬੰਦੀਆਂ ਵਿਚ
ਇਕ-ਦੂਜੇ ਪ੍ਰਤੀ ਬੇਭਰੋਸਗੀ ਵਧਦੀ ਜਾਵੇ ਅਤੇ ਉਨ੍ਹਾਂ ਵਿਚ ਵਿਥਾਂ ਹੋਰ ਚੌੜੀਆਂ ਹੋ ਜਾਣ।
ਜਦੋਂ ਵੀ.ਪੀ. ਸਿੰਘ, ਰਾਜੀਵ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਤਾਂ ਹਰਮਿੰਦਰ
ਸਿੰਘ ਸੰਧੂ ਅਤੇ ਉਸ ਦੇ ਕੁੱਝ ਹੋਰ ਸਾਥੀਆਂ ਨੂੰ ਜੇਲ ਵਿਚੋਂ ਰਿਹਾਅ ਕਰ ਦਿਤਾ ਗਿਆ, ਇਸ
ਉਮੀਦ ਨਾਲ ਕਿ ਸਿੱਖ ਸਟੂਡੈਂਟ ਫ਼ੈਡਰੇਸ਼ਨ ਵਿਚ ਆਪਸੀ ਪਾੜਾ ਵੱਧ ਜਾਵੇਗਾ।
ਬਾਬਾ ਗੁਰਬਚਨ
ਸਿੰਘ ਮਾਨੋ ਚਾਹਲ ਪਾਕਿਸਤਾਨ ਵਿਚੋਂ ਵਾਪਸ ਆ ਗਏ ਸਨ ਅਤੇ ਉਨ੍ਹਾਂ ਨੂੰ ਵੀ ਪਾਕਿਸਤਾਨ
ਵਲੋਂ ਕਿਸੇ ਸਮਰਥਨ ਦਾ ਹੁੰਗਾਰਾ ਨਹੀਂ ਸੀ ਮਿਲਿਆ। ਇਕ ਨਵਾਂ ਗਰੁੱਪ ਖ਼ਾਲਿਸਤਾਨ ਕਮਾਂਡੋ
ਫੋਰਸ (ਗੁਰਜੰਟ ਸਿੰਘ), ਭਿੰਡਰਾਂਵਾਲਾ ਟਾਈਗਰ ਫੋਰਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ
ਫ਼ੈਡਰੇਸ਼ਨ ਦਾ ਬਣ ਗਿਆ ਅਤੇ ਇਸ ਸਾਰੇ ਪਿੱਛੇ ਕੇਂਦਰੀ ਇੰਟੈਲੀਜੈਂਸ ਏਜੰਸੀਆਂ ਦਾ ਹੱਥ ਸੀ।
ਮੁਲਾਏਧਰ ਕ੍ਰਿਸ਼ਨ ਨੇ ਅਪਣੀ ਕਿਤਾਬ ਵਿਚ ਇਸ ਦਾ ਪ੍ਰਗਟਾਵਾ ਕੀਤਾ ਹੈ। ਇਸ ਨਵੇਂ ਗੁਰੱਪ
ਦੇ ਵਿਰੋਧੀ ਸਨ ਖ਼ਾਲਿਸਤਾਨ ਕਮਾਂਡੋ ਫੋਰਸ (ਪੰਜਵੜ), ਖ਼ਾਲਿਸਤਾਨ ਕਮਾਂਡੋ ਫੋਰਸ ਜ਼ਫਰਵਾਲ,
ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਬੁੱਧ ਸਿੰਘ ਵਾਲਾ) ਅਤੇ ਬੱਬਰ ਖ਼ਾਲਸਾ। ਮੁਲਾਏਧਰ ਕ੍ਰਿਸ਼ਨ ਨੇ
ਲਿਖਿਆ ਹੈ ਕਿ ਉਸ ਦਾ ਅਗਲੇਰਾ ਕੰਮ ਸੀ ਕਿ ਬੱਬਰਾਂ ਦੇ ਧੜੇ ਵਿਚ ਵੰਡੀਆਂ ਪਾਈਆਂ ਜਾਣ।
ਬੱਬਰ ਖ਼ਾਲਸਾ ਦੇ ਵਧਾਵਾ ਸਿੰਘ ਅਤੇ ਮਹਿਲ ਸਿੰਘ ਨੂੰ ਬੱਬਰ ਜਥੇਬੰਦੀ ਨੇ ਖਾਰਜ ਕਰ ਦਿਤਾ ਅਤੇ ਸਰਕਾਰ ਦੀਆਂ ਵੰਡਣ ਦੀਆਂ ਤਰਕੀਬਾਂ ਨੂੰ ਬੂਰ ਪੈਣ ਲੱਗਾ। ਇਨ੍ਹਾਂ ਸੱਭ ਖਾੜਕੂ ਜਥੇਬੰਦੀਆਂ ਦੇ ਵਖਰੇ-ਵਖਰੇ ਧੜਿਆਂ ਵਿਚ ਬੇਇਤਬਾਰੀ, ਬੇਭਰੋਸਗੀ ਅਤੇ ਸ਼ੱਕ ਘਰ ਕਰ ਗਿਆ। ਇਹ ਆਪਸ ਵਿਚ ਅੰਦਰੋਂ ਅੰਦਰੀ ਖਹਿਬੜਨ ਲੱਗ ਪਏ ਅਤੇ ਇਹੀ ਕੁੱਝ ਸਰਕਾਰ ਦਿਲੋਂ ਚਾਹੁੰਦੀ ਸੀ।
ਮਈ 1988 ਵਿਚ ਕੁੱਝ ਨੌਜਵਾਨ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਇਕ ਕੰਡਿਆਲੀ
ਤਾਰ ਲਾਉਣ ਦਾ ਉਪਰਾਲਾ ਕਰਨ ਲੱਗੇ ਤਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਰੋਕਿਆ। ਉਨ੍ਹਾਂ
ਨੌਜਵਾਨਾਂ ਨੇ ਸਰਬਦੀਪ ਸਿੰਘ ਵਿਰਕ, ਜੋ ਪੁਲਿਸ 'ਚ ਡੀ.ਆਈ.ਜੀ. ਸਨ, ਨੂੰ ਗੋਲੀਆਂ ਮਾਰ
ਕੇ ਜ਼ਖ਼ਮੀ ਕਰ ਦਿਤਾ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਹਰਕਤ ਵਿਚ ਆ ਗਈ ਤੇ ਇਸ ਗੱਲ ਦਾ
ਖਦਸ਼ਾ ਹੋਇਆ ਕਿ ਖਾੜਕੂ ਫਿਰ ਇਕੱਠੇ ਹੋ ਕੇ ਕੁੱਝ ਵੀ ਹੋਰ ਕਾਰਾ ਕਰ ਸਕਦੇ ਹਨ। ਸ਼ਹਿਰ ਵਿਚ
ਕਰਫ਼ਿਊ ਲਗਾ ਦਿਤਾ ਗਿਆ ਤੇ ਡਿਪਟੀ ਕਮਿਸ਼ਨਰ ਸਰਬਜੀਤ ਸਿੰਘ ਦਾ ਵਿਚਾਰ ਸੀ ਕਿ ਇਨ੍ਹਾਂ
ਦਰਬਾਰ ਸਾਹਿਬ ਵਿਚ ਰਹਿੰਦੇ ਖਾੜਕੂਆਂ ਨੂੰ ਥਕਾ ਕੇ ਬਾਹਰ ਲਿਆਂਦਾ ਜਾਵੇ।
ਉਸ ਸਮੇਂ
ਕੇ.ਪੀ.ਐਸ. ਗਿੱਲ ਨੂੰ ਦਿੱਲੀ ਤੋਂ ਇਹ ਹਦਾਇਤਾਂ ਮਿਲੀਆਂ ਕਿ ਭਾਈ ਜਸਵੀਰ ਸਿੰਘ ਰੋਡੇ
ਨੂੰ ਵਿਚ ਪਾ ਕੇ ਖਾੜਕੂਆਂ ਨਾਲ ਗੱਲਬਾਤ ਕੀਤੀ ਜਾਵੇ ਤਾਕਿ ਉਹ ਬਾਹਰ ਆ ਜਾਣ। ਜੇ.
ਰਾਬੀਰੀਉ, ਜੋ ਗਵਰਨਰ ਦੇ ਸਲਾਹਕਾਰ ਸਨ, ਨੇ ਵੀ ਡਿਪਟੀ ਕਮਿਸ਼ਨਰ ਨੂੰ ਕਰਫ਼ਿਊ ਹਟਾ ਲੈਣ ਦੀ
ਸਲਾਹ ਦਿਤੀ। ਪਰ ਪੁਲਿਸ ਮੁਖੀ ਗਿੱਲ ਅਤੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸੱਭ ਹਦਾਇਤਾਂ ਦੇ
ਬਾਵਜੂਦ ਕਰਫ਼ਿਊ ਜਾਰੀ ਰਖਿਆ। ਪੁਲਿਸ ਨੇ ਸਾਰਾ ਮਿਲਟਰੀ ਫੋਰਸ ਦਾ ਇਕ ਆਪਰੇਸ਼ਨ, ਜਿਸ ਨੂੰ
'ਬਲੈਕ ਥੰਡਰ' ਦਾ ਨਾਂ ਦਿਤਾ ਗਿਆ, ਕੀਤਾ। (ਇਸ ਦਾ ਵੇਰਵਾ ਪਹਿਲਾਂ ਦਿਤਾ ਗਿਆ ਹੈ) ਇਸ
ਸਮੇਂ ਅਕਾਲੀ ਦਲ ਦੇ ਨੇਤਾ, ਅਪਣੇ ਮੁੜਵਸੇਬੇ ਦੇ ਯਤਨਾਂ ਵਿਚ ਸਨ।
ਬਾਦਲ ਧੜੇ ਨੇ ਦਰਬਾਰ ਸਾਹਿਬ ਵਲ ਮਾਰਚ ਕਰਨ ਦਾ ਐਲਾਨ ਕੀਤਾ ਅਤੇ ਬਰਨਾਲਾ ਧੜੇ ਨੇ ਰਾਜ ਭਵਨ ਨੂੰ ਘੇਰਾ ਘੱਤਣ ਦੀ ਧਮਕੀ ਦਿਤੀ। ਪਰ ਇਨ੍ਹਾਂ ਦੋਹਾਂ ਨੇ ਬਿਨਾਂ ਕੁੱਝ ਕੀਤੇ ਅਪਣੇ ਆਪ ਦੀ ਗ੍ਰਿਫ਼ਤਾਰੀ ਦਿਤੀ। ਉਧਰੋਂ ਦਰਬਾਰ ਸਾਹਿਬ ਸਮੂਹ ਵਿਚੋਂ ਸਾਰੇ ਖਾੜਕੂ ਹੱਥ ਖੜੇ ਕਰਦੇ ਹੋਏ ਬਾਹਰ ਆ ਗਏ। ਇਕ ਨੌਜਵਾਨ ਸੁਰਜੀਤ ਸਿੰਘ ਪੈਂਟਾ ਬਾਹਰ ਆਉਂਦਿਆਂ ਪਿੱਛੇ ਮੁੜ ਗਿਆ ਅਤੇ ਡਿੱਗ ਪਿਆ। ਉਸ ਨੇ ਸਾਈਨਾਈਡ ਦਾ ਕੈਪਸੂਲ ਖਾ ਕੇ ਮਰਨਾ ਬਿਹਤਰ ਸਮਝਿਆ ਤਾਕਿ ਪੁਲਿਸ ਦੇ ਹੱਥ ਨਾ ਆ ਸਕੇ। ਕੇਂਦਰ ਸਰਕਾਰ ਦਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਉਤੇ ਪੂਰਾ ਪ੍ਰਭਾਵ ਸੀ ਅਤੇ ਭਾਈ ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਉਤਾਰ ਕੇ ਫਿਰ ਪ੍ਰੋਫ਼ੈਸਰ ਦਰਸ਼ਨ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿਤਾ ਗਿਆ।
ਸਰਕਾਰ ਅਤੇ ਪ੍ਰਸ਼ਾਸਨ ਨੇ ਖਾੜਕੂਆਂ ਦੇ ਆਤਮਸਮਰਪਣ ਨੂੰ ਅਪਣੀ ਜਿੱਤ ਸਮਝਿਆ ਪਰ ਇਹ ਖ਼ੁਸ਼ਫਹਿਮੀ ਥੋੜ੍ਹੇ ਹੀ ਸਮੇਂ ਦੀ ਰਹੀ। ਖ਼ਾਲਿਸਤਾਨ ਕਮਾਂਡੋ ਫੋਰਸ ਦੇ ਜਵਾਨਾਂ ਨੇ, ਪੰਜਾਬ ਤੋਂ ਬਾਹਰੋਂ ਆਏ ਮਜ਼ਦੂਰਾਂ ਉਤੇ ਗੋਲੀਆਂ ਚਲਾ ਕੇ ਸਤਲੁਜ-ਯਮੁਨਾ ਲਿੰਕ ਨਹਿਰ ਉਤੇ 30 ਬੰਦੇ ਮਾਰ ਮੁਕਾਏ। ਫਿਰ 20 ਮਈ ਨੂੰ 45 ਹੋਰਾਂ ਨੂੰ ਦਿਨ ਦਿਹਾੜੇ ਖ਼ਤਮ ਕਰ ਦਿਤਾ ਗਿਆ। ਇਹੋ ਜਿਹਾ ਕਿਵੇਂ ਤੇ ਕਿਉਂ ਹੋਇਆ? ਨੌਜਵਾਨ ਖਾੜਕੂ ਕਿਉਂ ਬਣੇ? ਇਸ ਦੇ ਕਈ ਕਾਰਨ ਸਨ। ਸੱਭ ਤੋਂ ਪਹਿਲਾਂ ਤਾਂ ਇਹ ਕਿ ਜਦੋਂ ਪੁਲਿਸ 15 ਤੋਂ 25 ਸਾਲ ਦੇ ਨੌਜਵਾਨਾਂ ਨੂੰ ਫੜ ਕੇ ਲੈ ਜਾਂਦੀ ਅਤੇ ਉਨ੍ਹਾਂ ਦਾ ਖੁਰਾ ਖੋਜ ਵੀ ਨਾ ਮਿਲਦਾ ਤਾਂ ਯਕੀਨਨ ਉਸੇ ਘਰ ਦੇ ਕਈ ਬੰਦੇ ਖਾੜਕੂਆਂ ਦੀਆਂ ਸਫ਼ਾਂ ਵਿਚ ਜਾ ਰਲਦੇ। ਇਹ ਸੱਭ ਕੁੱਝ ਪੁਲਿਸ ਤਸ਼ੱਦਦ ਅਤੇ ਬਦਲੇ ਦੀ ਭਾਵਨਾ ਕਰ ਕੇ ਹੋਇਆ।
ਕਈ ਬੇਧਰਮੀ ਨੌਜਵਾਨਾਂ ਦਾ ਖਾੜਕੂਆਂ ਵਿਚ ਸ਼ਾਮਲ ਹੋਣ ਦਾ ਇਕ ਕਾਰਨ ਹੋਰ ਵੀ ਸੀ ਕਿ ਵਿਚੋਂ ਉਹ ਕਿਸੇ ਸੰਘਰਸ਼ ਵਿਚ ਤਾਂ ਨਹੀਂ ਸਨ ਪਰ ਲੁੱਟ-ਖਸੁੱਟ ਦੇ ਇਰਾਦੇ ਨਾਲ ਉਨ੍ਹਾਂ ਨੇ ਇਨ੍ਹਾਂ ਵਿਚ ਰਲਣ ਦਾ ਤਰੀਕਾ ਲੱਭ ਲਿਆ। ਕੇਵਲ ਇਹ ਹੀ ਨਹੀਂ, ਤਕਰੀਬਨ ਹਰ ਰੈਂਕ ਦੇ ਪੁਲਿਸ ਅਫ਼ਸਰ ਉਨ੍ਹਾਂ ਸਾਲਾਂ ਵਿਚ ਅਮੀਰ ਹੋ ਗਏ ਅਤੇ ਲੱਖਾਂ ਰੁਪਏ ਦੀਆਂ ਜਾਇਦਾਦਾਂ ਉਨ੍ਹਾਂ ਬਣਾਈਆਂ। ਭਾਵੇਂ ਪ੍ਰਸ਼ਾਸਨ ਨੂੰ ਇਨ੍ਹਾਂ ਬਾਰੇ ਗਿਆਨ ਸੀ ਪਰ ਉਹ ਕੁੱਝ ਵੀ ਕਾਰਵਾਈ ਕਰਨ ਲਈ ਤਿਆਰ ਨਹੀਂ ਸੀ।
ਰਾਜੀਵ ਗਾਂਧੀ 1989 ਵਿਚ ਸੰਸਦ ਵਿਚ ਬਹੁਮਤ ਨਾ ਹੋਣ ਕਰ ਕੇ ਸਰਕਾਰ ਨਾ ਬਣਾ ਸਕਿਆ। ਪਰ ਸਰਕਾਰ ਨੇ ਸ. ਸਿਮਰਨਜੀਤ ਸਿੰਘ ਮਾਨ, ਹਰਮਿੰਦਰ ਸੰਧੂ, ਭਾਈ ਮਨਜੀਤ ਸਿੰਘ ਅਤੇ ਅਤਿੰਦਰਪਾਲ ਸਿੰਘ ਨੂੰ ਰਿਹਾਅ ਕਰ ਦਿਤਾ। ਯੂਨਾਈਟਿਡ ਅਕਾਲੀ ਦਲ ਨੂੰ ਪੰਜਾਬ ਵਿਚ 6 ਲੋਕ ਸਭਾ ਸੀਟਾਂ ਉਤੇ ਜਿੱਤ ਮਿਲੀ। ਹਰਮਿੰਦਰ ਸੰਧੂ ਦਾ ਕਤਲ ਹੋ ਗਿਆ ਅਤੇ ਕੇਂਦਰ ਸਰਕਾਰ ਬਦਲਣ ਕਰ ਕੇ ਸਿਧਾਰਥਾ ਸ਼ੰਕਰ ਰੇਅ ਦੀ ਥਾਂ ਤੇ ਨਿਰਮਲ ਕੁਮਾਰ ਮੁਖਰਜੀ ਪੰਜਾਬ ਦੇ ਗਵਰਨਰ ਬਣਾਏ ਗਏ।
ਵਿਸ਼ਵਨਾਥ ਪ੍ਰਤਾਪ ਸਿੰਘ ਦੇ
ਪ੍ਰਧਾਨ ਮੰਤਰੀ ਬਣਨ ਤੇ ਪੰਜਾਬ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਿਮਰਨਜੀਤ ਸਿੰਘ ਮਾਨ
ਦੀ ਚੜ੍ਹਤ ਸਿਖਰਾਂ ਉਤੇ ਸੀ ਅਤੇ 17 ਦਸੰਬਰ 1987 ਨੂੰ ਕੇਂਦਰੀ ਗ੍ਰਹਿ ਮੰਤਰੀ ਮੁਫ਼ਤੀ
ਮੁਹੰਮਦ ਸਈਦ ਨੇ ਪੰਜਾਬ ਮਸਲੇ ਦੇ ਹੱਲ ਲਈ ਇਕ ਮਸੌਦਾ ਤਿਆਰ ਕੀਤਾ, ਭਾਰਤੀ ਵਿਧਾਨ ਦੇ
ਘੇਰੇ ਵਿਚ ਰਹਿੰਦਿਆਂ। ਸਿਮਰਨਜੀਤ ਸਿੰਘ ਨੇ ਸਖ਼ਤ ਰੁਖ ਅਖਤਿਆਰ ਕਰੀ ਰਖਿਆ। ਕੇਂਦਰ ਸਰਕਾਰ
ਨੂੰ ਇਸ ਗੱਲ ਦਾ ਡਰ ਸੀ ਕਿ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਕਰਵਾਏ ਜਾਣ ਤੇ
ਸਿਮਰਨਜੀਤ ਸਿੰਘ ਦੀ ਪਾਰਟੀ ਜੇ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਇਹ ਖ਼ਾਲਿਸਤਾਨ ਦਾ ਮਤਾ
ਪਾਸ ਕਰ ਦੇਣਗੇ। ਪੰਜਾਬ ਦੇ ਪੁਲਿਸ ਅਧਿਕਾਰੀ, ਜਿਨ੍ਹਾਂ ਨੇ ਰਜਵੀਂ ਅਤੇ ਸੰਪੂਰਨ ਤਾਕਤ
ਦਾ ਨਸ਼ਾ ਵੇਖਿਆ ਸੀ, ਨਹੀਂ ਸੀ ਚਾਹੁੰਦੇ ਕਿ ਪੰਜਾਬ ਵਿਚ ਚੋਣਾਂ ਹੋਣ। ਸਰਕਾਰ ਨੇ ਗੱਲਬਾਤ
ਦੀ ਨੀਤੀ ਵਾਲਾ ਰਾਹ ਖੁੱਲ੍ਹਾ ਰਖਿਆ।
ਸੁਬੋਧ ਕਾਂਤ ਸਹਾਏ ਅਪ੍ਰੈਲ 1990 ਤੋਂ ਜੂਨ
1991 ਤਕ ਗ੍ਰਹਿ ਵਿਭਾਗ ਦੇ ਮਨਿਸਟਰ ਆਫ਼ ਸਟੇਟ ਰਹੇ। ਖ਼ੁਦ ਦਿਲਚਸਪੀ ਲੈਂਦੇ ਹੋਏ ਉਨ੍ਹਾਂ
ਖਾੜਕੂਆਂ ਨਾਲ ਗੱਲਬਾਤ ਕਰਨ ਲਈ ਰਸਤੇ ਖੋਲ੍ਹੇ। ਇਸ ਸਬੰਧ ਵਿਚ ਲੇਖਕ ਦੀ ਗੱਲ ਅੰਮ੍ਰਿਤਸਰ
ਦੇ ਸਤਨਾਮ ਸਿੰਘ ਕੰਡਾ ਨਾਲ ਹੋਈ। ਸ. ਸਤਨਾਮ ਸਿੰਘ ਕੰਡਾ ਸਿੱਖ ਸਟੂਡੈਂਟ ਫ਼ੈਡੇਰਸ਼ਨ ਨਾਲ
ਪਹਿਲਾਂ ਸਬੰਧਤ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨਾਲ ਵੀ ਨੇੜਤਾ ਰੱਖੀ।
ਉਨ੍ਹਾਂ ਨੇ ਅਪਣੀ ਭੇਂਟ ਦੌਰਾਨ ਸੰਨ 1983 ਅਤੇ ਇਸ ਤੋਂ ਬਾਅਦ ਵਿਚ ਵਾਪਰਦੀਆਂ ਘਟਨਾਵਾਂ,
ਇੰਟੈਰੋਗੇਸ਼ਨ ਸੈਂਟਰਾਂ ਵਿਚ ਸਿੱਖ ਨੌਜਵਾਨਾਂ ਉਤੇ ਤਸ਼ੱਦਦ ਅਤੇ ਸਿੱਖ ਪ੍ਰਵਾਰਾਂ ਉਤੇ
ਸਖ਼ਤੀ ਕਾਰਨ ਹੀ ਖਾੜਕੂਵਾਦ ਵਧਣ ਦੀ ਵਿਸਤਾਰਤ ਜਾਣਕਾਰੀ ਲੇਖਕ ਨੂੰ ਦਿਤੀ।
ਉਨ੍ਹਾਂ ਨਾਲ
ਕੀਤੀ ਭੇਂਟਵਾਰਤਾ ਵਿਚ ਉਨ੍ਹਾਂ ਇਸ ਬਾਰੇ ਬਹੁਤ ਸੰਖੇਪ ਸ਼ਬਦਾਂ ਵਿਚ ਦਸਿਆ ਕਿ ਦਰਬਾਰ
ਸਾਹਿਬ ਉਤੇ ਹਮਲਾ ਕਿਵੇਂ ਹੋਇਆ? ਇਸ ਤੋਂ ਬਾਅਦ ਸੁਬੋਧ ਕਾਂਤ ਸਹਾਏ ਨੇ ਕਿਵੇਂ
ਅੰਮ੍ਰਿਤਸਰ ਆ ਕੇ ਗੱਲਬਾਤ ਕੀਤੀ, ਇਸ ਬਾਰੇ ਵੀ ਜਾਣਕਾਰੀ ਦਿਤੀ:
ਸਵਾਲ - ਕੰਡਾ ਜੀ, ਤੁਹਾਡੀ ਸੰਤ ਜਰਨੈਲ ਸਿੰਘ ਨਾਲ ਮੁਲਾਕਾਤ ਕਦੋਂ ਹੋਈ, ਕੌਣ ਤੁਹਾਡੇ ਨਾਲ ਸੀ ਤੇ ਕੀ ਗੱਲ ਹੋਈ?
ਜਵਾਬ
- 1982 'ਚ ਪੁਲਿਸ ਨੇ ਮੇਰੇ ਉਤੇ ਜਹਾਜ਼ ਅਗਵਾ ਕਰਨ ਦਾ ਕੇਸ ਪਾ ਦਿਤਾ ਕਿ ਇਸ ਬੰਦੇ ਨੇ
ਪਲਾਨਿੰਗ ਕੀਤੀ ਸੀ। ਮੈਂ ਉਸ ਸਮੇਂ ਦੌਰਾਨ ਅੰਮ੍ਰਿਤਸਰ ਜੇਲ ਅਤੇ ਕਪੂਰਥਲਾ ਜੇਲ 'ਚ ਰਿਹਾ
ਹਾਂ। ਕਪੂਰਥਲੇ ਤੋਂ ਫਿਰ ਮੇਰੀ ਹਾਈ ਕੋਰਟ ਤੋਂ ਜ਼ਮਾਨਤ ਹੋ ਗਈ ਹੈ। ਜਦੋਂ ਜ਼ਮਾਨਤ ਦੇ ਕੇ
ਵਾਪਸ ਆਇਆ ਤਾਂ ਮੈਨੂੰ ਸੰਦੇਸ਼ ਦਿਤਾ ਗਿਆ ਕਿ ਅਸੀ ਕਲ ਭਿੰਡਰਾਂਵਾਲੇ ਨੂੰ ਮਿਲਣਾ ਹੈ।
ਉਹ
ਸਾਡੇ ਕੋਲੋਂ ਸਾਰੀ ਗੱਲਬਾਤ ਪੁੱਛ ਰਹੇ ਸਨ ਕਿ ਕਿਸ ਤਰ੍ਹਾਂ ਤੁਹਾਨੂੰ ਇੰਟੈਰੋਗੇਟ
ਕੀਤਾ। ਅਜੇ ਅਸੀ ਗੱਲ ਕਰਦੇ ਹੀ ਸੀ ਕਿ ਫ਼ਾਰੂਖ਼ ਅਬਦੁੱਲਾ ਆ ਗਿਆ। ਉਸ ਨੇ ਬੋਲੇ ਸੋ
ਨਿਹਾਲ... ਦਾ ਜੈਕਾਰਾ ਛਡਿਆ। ਫਿਰ ਸੰਤ ਜੀ ਅਤੇ ਫਾਰੂਖ ਅਬਦੁਲਾ ਨੇ ਇਕ ਪਾਸੇ ਹੋ ਕੇ
ਕੋਈ ਗੱਲਬਾਤ ਕੀਤੀ। ਉਨ੍ਹਾਂ ਕੇਂਦਰ ਸਰਕਾਰ ਦਾ ਕੋਈ ਸੰਦੇਸ਼ ਦਿਤਾ। ਉਹ ਤਸਵੀਰ ਅਖ਼ਬਾਰਾਂ
'ਚ ਵੀ ਛਪੀ।
ਸਵਾਲ - ਕੀ ਗੱਲਾਂ ਕੀਤੀਆਂ ਉਸ ਵੇਲੇ ਤੁਹਾਡੇ ਨਾਲ?
ਜਵਾਬ - ਸਾਡੇ
ਸਾਹਮਣੇ ਤਾਂ ਹਾਲ ਚਾਲ ਪੁਛਿਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜਦੋਂ ਸਰਕਾਰ ਕਿਸੇ
ਵਿਰੁਧ ਕੇਸ ਬਣਾਉਂਦੀ ਹੈ ਤਾਂ ਉਸ ਦਾ ਹਾਲ ਕੀ ਕਰਦੀ ਹੈ ਅਤੇ ਤਸ਼ੱਦਦ ਕਰਦੀ ਹੈ। ਸਾਨੂੰ
ਹੌਸਲਾ ਹੀ ਦਿਤਾ ਉਨ੍ਹਾਂ ਨੇ।
ਸਵਾਲ - ਇਹ ਗੱਲ ਕਿਹੜੀ ਤਰੀਕ ਅਤੇ ਮਹੀਨੇ ਦੀ ਹੈ?
ਜਵਾਬ - ਇਹ '82 ਦੇ ਦਸੰਬਰ ਦੀ ਗੱਲ ਹੈ।
ਸਵਾਲ - ਜੂਨ '84 ਵਿਚ ਤੁਸੀ ਸ਼ੁਰੂ ਉਥੋਂ ਕੀਤੀ ਸੀ ਗੱਲ। ਮਈ ਦੇ ਅਖੀਰ 'ਚ ਕੀ-ਕੀ ਹਾਲਤ ਸੀ ਅਤੇ ਕਿਵੇਂ ਗੱਲ ਵਧੀ ਦਰਬਾਰ ਸਾਹਿਬ ਉਤੇ ਹਮਲੇ ਦੀ?
ਜਵਾਬ - ਪਹਿਲੀ ਜੂਨ ਨੂੰ ਸੀ.ਆਰ.ਪੀ. ਨੇ ਇਕਦਮ ਫ਼ਾਈਰਿੰਗ ਸ਼ੁਰੂ ਕਰ ਦਿਤੀ। ਦੋ-ਚਾਰ ਜਿਹੜੇ ਸਿੱਖ ਨੌਜੁਆਨ ਸਨ, ਉਨ੍ਹਾਂ ਨੂੰ ਗੋਲੀ ਮਾਰ ਦਿਤੀ ਗਈ।
ਸਵਾਲ - ਤੁਸੀ ਆਪ ਕਿੱਥੇ ਸੀ ਉਸ ਵੇਲੇ?
ਜਵਾਬ
- ਜਲ੍ਹਿਆਂ ਵਾਲੇ ਬਾਗ਼ ਦੇ ਨਾਲ ਹੀ ਮੇਰਾ ਘਰ ਹੈ। ਸਾਨੂੰ ਉਥੋਂ ਸਾਰੀ ਪ੍ਰਕਿਰਿਆ ਨਜ਼ਰ
ਆਉਂਦੀ ਸੀ ਕਿਉਂਕਿ ਸਾਡੇ ਘਰ ਦੇ ਪਿਛਲੇ ਪਾਸੇ ਇਕ ਧਰਮਸ਼ਾਲਾ ਸੀ। ਉਥੇ ਉਨ੍ਹਾਂ ਨੇ
ਮਸ਼ੀਨਗੰਨ... ਐਲ.ਐਮ.ਜੀ. ਬੀੜੀ ਸੀ ਅਤੇ ਉਥੋਂ ਫ਼ਾਇਰ ਕਰਦੇ ਸਨ।
ਸਵਾਲ - ਜਦੋਂ ਉਨ੍ਹਾਂ ਨੇ ਮਸ਼ੀਨ ਗੰਨਾਂ ਅਤੇ ਹੋਰ ਗੰਨਾਂ ਚਲਾਈਆਂ, ਅੰਦਰੋਂ ਕੋਈ ਕਾਰਵਾਈ ਨਹੀਂ ਸੀ ਹੋਈ?
ਜਵਾਬ
- ਅੰਦਰੋਂ ਕੋਈ ਫ਼ਾਇਰ ਨਹੀਂ ਸੀ ਹੋਇਆ। ਸ਼ਾਮ ਨੂੰ ਕਰਫ਼ੀਊ ਲਗਾ ਦਿਤਾ ਗਿਆ। ਜਲ੍ਹਿਆਂ
ਵਾਲੇ ਬਾਗ਼, ਫੁਹਾਰੇ ਵਾਲੇ ਚੌਕ ਤੋਂ ਜਲ੍ਹਿਆਂ ਵਾਲਾ ਗੇਟ ਖੋਲ੍ਹ ਕੇ ਇਨ੍ਹਾਂ ਨੇ
ਸਪਾਈਲੇਨ ਬਣਾਈ ਸੀ। ਜਨਰਲ ਬਰਾੜ ਅਤੇ ਦੂਜਾ ਜਨਰਲ ਦਿਆਲ ਦੋਵੇਂ ਜਲ੍ਹਿਆਂ ਵਾਲੇ ਬਾਗ਼ ਵਿਚ
ਖਲੋਤੇ ਸਨ। ਮੈਂ ਅਪਣੀ ਅੱਖੀਂ ਵੇਖਿਆ। ਫ਼ਾਇਰਿੰਗ ਤਾਂ ਫਿਰ ਰੁਕੀ ਨਹੀਂ, ਉਹ ਤਾਂ ਇਵੇਂ
ਸੀ ਜਿਵੇਂ ਕਿਸੇ ਦੇਸ਼ ਨੇ ਦੂਜੇ ਦੇਸ਼ ਉਤੇ ਹਮਲਾ ਕਰ ਦਿਤਾ ਹੋਵੇ। ਉਸ ਤੋਂ ਵੀ ਦਰਦਨਾਕ
ਦ੍ਰਿਸ਼ ਜਿਹੜਾ ਸੀ, ਪਰਿਕਰਮਾ ਵਿਚ ਲਾਸ਼ਾਂ ਦੇ ਢੇਰ ਲੱਗੇ ਸਨ, ਸਾਰੇ ਪਾਸੇ ਲਹੂ ਹੀ ਲਹੂ
ਪਿਆ ਸੀ, ਅਤੇ ਇਥੋਂ ਤਕ ਵੀ ਅਸੀ ਵੇਖਿਆ ਕਿ ਕੂੜੇ ਦੀਆਂ ਜਿਹੜੀਆਂ ਕਾਰਪੋਰੇਸ਼ਨ ਦੀਆਂ
ਟਰਾਲੀਆਂ ਨੇ, ਇਹ ਭਰ ਕੇ, ਭਾਵੇਂ ਕੋਈ ਫੱਟੜ ਸੀ, ਉਸ ਨੂੰ ਵਿਚੋਂ ਕੱਢ ਕੇ ਹਸਪਤਾਲ ਨਾ
ਲਿਜਾਇਆ ਗਿਆ, ਉਨ੍ਹਾਂ ਨੂੰ ਉਹ ਕੂੜੇ ਵਾਲੀ ਟਰਾਲੀਆਂ ਵਿਚ ਪਾ ਕੇ ਅਤੇ ਸਹਿਕਦੇ ਹੋਇਆਂ
ਨੂੰ ਸ਼ਹੀਦਾਂ ਦੇ ਸਮਸ਼ਾਨ ਘਾਟ ਵਿਚ ਲੈ ਗਏ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿਤੀ।
ਸਵਾਲ - ਇਹ ਟਰੱਕ ਤੁਸੀ ਆਪ ਵੇਖੇ ਸੀ?
ਜਵਾਬ - ਮੈਂ ਆਪ ਵੇਖੇ ਸੀ।
ਸਵਾਲ
- ਨਵੰਬਰ '84 ਵਿਚ, ਇੰਦਰਾ ਗਾਂਧੀ ਮਾਰੀ ਗਈ, ਰਾਜੀਵ ਗਾਂਧੀ ਆ ਗਿਆ, ਉਸ ਨੇ ਕੁੱਝ
ਸ਼ਾਂਤੀ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਕੁੱਝ ਸਮੇਂ ਬਾਅਦ ਫਿਰ ਤੋਂ ਸੁਬੋਧਕਾਂਤ ਸਹਾਏ
ਵਜ਼ੀਰ ਬਣ ਗਏ ਸਨ।
ਜਵਾਬ - ਸੁਬੋਧਕਾਂਤ ਜਿਹੜਾ ਸੀ ਇਹ ਚੰਦਰ ਸ਼ੇਖਰ ਵੇਲੇ ਕੇਂਦਰੀ ਗ੍ਰਹਿ ਮੰਤਰੀ ਸੀ।
ਸਵਾਲ - ਕਾਫ਼ੀ ਸਮੇਂ ਬਾਅਦ ਦੀ ਗੱਲ ਹੈ ਇਹ ਤਾਂ?
ਜਵਾਬ - ਚੰਦਰ ਸ਼ੇਖਰ ਨੇ ਉਪਰਾਲਾ ਕੀਤਾ ਸੀ ਪਹਿਲਾਂ।
ਸਵਾਲ
- ਤੁਸੀ ਗੱਲ ਕਰ ਰਹੇ ਸੀ ਕਿ ਚੰਦਰ ਸ਼ੇਖਰ ਵੇਲੇ, ਸੁਬੋਧਕਾਂਤ ਸਹਾਏ ਨੇ ਕੋਸ਼ਿਸ਼ਾਂ
ਕੀਤੀਆਂ, ਇਹ ਉਸ ਵੇਲੇ ਦੀ ਗੱਲ ਹੈ ਜਦੋਂ ਰਾਜੀਵ ਲੌਂਗੋਵਾਲ ਅਕਾਰਡ ਸਮਝੌਤੇ ਤੋਂ ਕੱਖ
ਨਹੀਂ ਸੀ ਬਣਿਆ ਕੌਮ ਲਈ।
ਜਵਾਬ - ਉਹ ਇਸ ਤਰ੍ਹਾਂ ਸੀ ਕਿ ਸੁਬੋਧਕਾਂਤ ਸਹਾਏ ਅਤੇ
ਐਮ.ਕੇ. ਧੀਰ, ਸੁਬੋਧਕਾਂਤ ਸਹਾਏ ਦੇ ਸਕੱਤਰ ਸਨ। ਇਕ ਮਿਸਟਰ ਨਾਇਡੋ, ਐਮ.ਪੀ. ਸੀ, 42
ਸਾਲ ਦੀ ਉਮਰ ਦੇ। ਉਸ ਨੇ ਸੱਭ ਤੋਂ ਪਹਿਲਾਂ ਪਹੁੰਚ ਕੀਤੀ ਕੈਲਾਸ਼ ਸੈਮੂਅਲ ਐਡਵੋਕੇਟ ਨੂੰ।
ਸਵਾਲ - ਕੈਲਾਸ਼ ਸੈਮੂਅਲ ਅੰਮ੍ਰਿਤਸਰ ਦੇ ਜਿਹੜੇ ਵਕੀਲ ਸਨ?
ਜਵਾਬ
- ਹਾਂ ਜੀ, ਜਿਹੜੇ ਸਾਡੀ ਪੀਸ ਕੌਂਸਲਰ ਦੇ ਸੈਕਟਰੀ ਸਨ। ਅਸੀ ਉਸ ਦੇ ਘਰ ਗਏ ਤੇ ਦੋ ਢਾਈ
ਘੰਟੇ ਗੱਲਬਾਤ ਹੋਈ। ਉਹ ਏਨਾ ਖਿੱਝ ਕੇ ਪਿਆ ਜਿਸ ਤਰ੍ਹਾਂ ਖਾੜਕੂ ਸਾਡੀ ਜੇਬ 'ਚ ਹਨ।
ਮੈਂ ਕਿਹਾ ਕਿ ਖਾੜਕੂਆਂ ਨਾਲ ਸਾਡੇ ਸਬੰਧ ਨੇ, ਸਾਡੇ ਦੋਸਤ ਨੇ, ਸਾਡੇ ਵਿਚੋਂ ਹੀ ਹਨ
ਜਿਨ੍ਹਾਂ ਨੂੰ ਤੁਸੀ ਅਤਿਵਾਦੀ ਬਣਾ ਦਿਤਾ। ਉਸ ਵਕਤ ਵੀ ਜਿਹੜੀਆਂ ਏਜੰਸੀਆਂ ਸਨ, ਉਹ ਡਬਲ
ਰੋਲ ਅਦਾ ਕਰ ਰਹੀਆਂ ਸਨ।
ਸਵਾਲ - ਤੁਹਾਡੀ ਸੁਬੋਧਕਾਂਤ ਸਹਾਏ ਨਾਲ ਵੀ ਅਪਣੀ ਮੀਟਿੰਗ ਹੋਈ ਅਤੇ ਕਿਥੇ ਹੋਈ?
ਜਵਾਬ
- ਹਾਂ ਜੀ, ਅੰਮ੍ਰਿਤਸਰ 'ਚ। ਮੋਹਨ ਇੰਟਰਨੈਸ਼ਨਲ ਹੋਟਲ 'ਚ ਇਕ ਮੀਟਿੰਗ ਸੀ, ਉੱਚ
ਅਧਿਕਾਰੀਆਂ ਦੀ, ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਸਨ, ਖਾੜਕੂ ਸਨ, ਇਸ ਮੀਟਿੰਗ ਵਿਚ
ਸ਼ਾਮਲ ਹੋਏ।
ਸਵਾਲ - ਕਿਹੜੇ-ਕਿਹੜੇ ਖਾੜਕੂ ਆਏ ਸਨ ਉਸ ਵੇਲੇ ਮੀਟਿੰਗ 'ਚ?
ਜਵਾਬ -
ਭਾਈ ਕੰਵਰ ਸਿੰਘ ਜੀ ਅਤੇ ਹੋਰ ਵੀ, ਜਿਨ੍ਹਾਂ ਦਾ ਉਸ ਸੰਘਰਸ਼ ਵਿਚ ਪੂਰਾ ਰੋਲ ਸੀ।
ਜ਼ਫਰਵਾਲ ਵਸਨ ਸਿੰਘ ਸੀ। ਉਹ ਸਾਰੇ ਸੀ। ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ। ਪਰ ਫਿਰ
ਕੇਂਦਰ ਸਰਕਾਰ ਦੀ ਦਖ਼ਲਅੰਦਾਜ਼ੀ ਉਤੇ ਜਾ ਕੇ ਉਹ ਘੇਰਾ ਟੁਟਿਆ। ਸਾਨੂੰ ਡਿਲੇਅ ਕਰੀ ਜਾਂਦੇ
ਸੀ। ਅਸੀ ਕਹਿੰਦੇ ਸੀ ਕਿ ਸਾਨੂੰ ਲਾਂਘਾ ਦਿਉ। ਪਰ ਜਿਹੜੀ ਗੱਲਬਾਤ ਹੋਵੇ ਉਹ ਫ਼ਾਇਦੇ ਵਾਲੀ
ਹੋਣੀ ਚਾਹੀਦੀ ਹੈ, ਇਹ ਨਹੀਂ ਕਿ ਜਿਸ ਤਰ੍ਹਾਂ ਪਹਿਲਾਂ ਗੱਲਬਾਤਾਂ ਕਰ ਕੇ ਤੁਸੀ ਅਪਣਾ
ਮਤਲਬ ਕੱਢ ਕੇ ਅਤੇ ਫਿਰ ਸਾਨੂੰ ਨਜ਼ਰਅੰਦਾਜ਼ ਕਰ ਦਿਉ। ਹੋਇਆ ਤਾਂ ਸਾਡੇ ਨਾਲ ਫਿਰ ਵੀ ਉਸੇ
ਤਰ੍ਹਾਂ ਸੀ।
ਸਵਾਲ - ਉਸ ਮੀਟਿੰਗ 'ਚ ਕੀ ਕੁੱਝ ਹੋਇਆ ਸੀ, ਮੋਹਨ ਇੰਟਰਨੈਸ਼ਨਲ ਹੋਟਲ ਵਾਲੀ ਮੀਟਿੰਗ ਵਿਚ?
ਜਵਾਬ
- ਇਕ ਪਾਸੇ ਗਵਰਨਰ ਸੀ, ਕੇ.ਪੀ.ਐਸ. ਗਿੱਲ ਅਤੇ ਸ਼ਰਮਾ ਜਿਹੜਾ ਹੈ, ਇਹ ਪੰਜਾਬ ਸਮਝੌਤੇ
ਨੂੰ ਤਾਰਪੀਡੋ ਕਰ ਰਹੇ ਸਨ। ਖਾੜਕੂ ਬਾਹਰ ਬੈਠੇ ਸਨ ਉਹ ਕਿਸ ਤਰ੍ਹਾਂ ਆਉਂਦੇ? ਫਿਰ
ਇਨ੍ਹਾਂ ਨੇ ਅਜਨਾਲੇ ਇਕ ਲਾਂਘਾ ਦਿਤਾ ਸੀ।
ਸਵਾਲ - ਜਿਹੜੀ ਚਿੱਠੀ ਕੰਵਰ ਸਿੰਘ ਨੂੰ ਦਿੱਲੀ ਵਲੋਂ ਗਈ, ਉਸ ਚਿੱਠੀ 'ਚ ਕੀ ਸੀ?
ਜਵਾਬ
- ਉਸ ਵਿਚ ਸੀ ਕਿ ਸਾਨੂੰ ਪੰਜਾਬ ਪੁਲਿਸ ਨੂੰ ਅਥੋਰਾਈਜ਼ਡ ਕੀਤਾ ਗਿਆ ਕਿ ਤੁਸੀ ਖਾੜਕੂਆਂ
ਨਾਲ ਪੰਜਾਬ ਮਸਲੇ ਉਤੇ ਮਿਲ ਸਕਦੇ ਹੋ ਅਤੇ ਖਾੜਕੂਆਂ ਨੂੰ ਸਰਕਾਰ ਨਾਲ ਮਿਲਾ ਸਕਦੇ ਹੋ।
ਅਸੀ ਤੁਹਾਨੂੰ ਆਥੋਰਾਈਜ਼ ਕਰਦੇ ਹਾਂ। ਇਹ ਉਸ ਦੀ ਵਰਡਿੰਗ ਸੀ।
ਸਵਾਲ - ਕਿਸ ਦੇ ਹਸਤਾਖ਼ਰ ਸਨ ਉਸ ਪੱਤਰ 'ਤੇ?
ਜਵਾਬ - ਮਿਸਟਰ ਭਾਟੀਆ ਸਨ, ਹੋਮ ਸੈਕਟਰੀ ਦੇ ਜਿਨ੍ਹਾਂ ਦੇ ਸਾਈਨ ਹੋਏ ਸੀ। ਵੈਸੇ ਚਿੱਠੀ ਅਸਲ ਮੇਰੇ ਕੋਲ ਹੈ।
ਸਵਾਲ - ਤੁਸੀ ਕੀ ਕਹਿਣਾ ਚਾਹੁੰਦੇ ਹੋ ਕਿ ਜੋ ਸਰਕਾਰ ਦੀ ਤੁਹਾਡੇ ਨਾਲ ਗੱਲ ਸੀ, ਗੱਲਬਾਤ ਦਾ ਰਾਹ ਦਿੰਦੇ ਹਾਂ, ਪਰ ਕੋਈ ਸਿਰੇ ਨਾ ਚੜ੍ਹ ਸਕੀ?
ਜਵਾਬ - ਮੈਂ ਤਾਂ ਸਮਝਦਾ ਹਾਂ ਕਿ ਸਰਕਾਰ ਬਦਨੀਤ ਸੀ।
---
2
ਨਵੰਬਰ 1989 ਨੂੰ ਵਿਸ਼ਵਾਨਾਥ ਪ੍ਰਤਾਪ ਸਿੰਘ ਦੀ ਰਹਿਨੁਮਾਈ ਹੇਠਾਂ ਕੇਂਦਰ ਸਰਕਾਰ ਸਥਾਪਤ
ਹੋਈ ਸੀ। ਇਸ ਨਵੀਂ ਸਰਕਾਰ ਨੇ ਪੰਜਾਬ ਦੇ ਜ਼ਖਮਾਂ ਉਤੇ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ।
ਇਸੇ ਸਿਲਸਿਲੇ ਵਿਚ ਉਹ ਅੰਮ੍ਰਿਤਸਰ ਆਏ ਅਤੇ ਸੁਰੱਖਿਆ ਪ੍ਰਬੰਧਾਂ ਦੀ ਪ੍ਰਵਾਹ ਨਾ ਕਰਦੇ
ਹੋਏ ਇਕ ਖੁਲ੍ਹੀ ਜੀਪ ਵਿਚ ਅੰਮ੍ਰਿਤਸਰ ਸ਼ਹਿਰ ਦੇ ਬਜ਼ਾਰਾਂ ਵਿਚੋਂ ਲੰਘੇ। ਪੰਜਾਬ ਦੀ ਜਨਤਾ
ਨੇ ਇਸ ਨੂੰ ਇਕ ਸ਼ੁਭਸਗਣੀ ਸਮਝਿਆ।
ਲੇਖਕ ਨੇ ਦਿਲੀ ਜਾ ਕੇ, ਉਸ ਵੇਲੇ ਦੇ ਗ੍ਰਹਿ
ਮੰਤਰਾਲੇ ਦੇ ਸਟੇਟ ਮਨਿਸਟਰ ਸੁਬੋਧਕਾਂਤ ਸਹਾਏ ਨਾਲ ਵੀ ਭੇਂਟ ਕੀਤੀ। ਇਸ ਮੁਲਾਕਾਤ ਸਮੇਂ
ਮੇਰੇ ਮਿੱਤਰ ਸ. ਇਕਬਾਲ ਸਿੰਘ ਮੇਰੇ ਨਾਲ ਸਨ। ਮੇਰੇ ਸਵਾਲਾਂ ਦਾ ਜਵਾਬ ਉਨ੍ਹਾਂ ਨੇ
ਹਿੰਦੀ ਵਿਚ ਦਿਤਾ ਜਿਹੜੇ ਇਥੇ ਪੰਜਾਬੀ ਵਿਚ ਲਿਖੇ ਜਾ ਰਹੇ ਹਨ। ਸੁਬੋਧਕਾਂਤ ਸਹਾਏ
ਅਪ੍ਰੈਲ 1990 ਤੋਂ ਨਵੰਬਰ 1990 ਗ੍ਰਹਿ ਮੰਤਰਾਲੇ ਵਿਚ ਰਾਜ ਮੰਤਰੀ ਅਤੇ ਨਵੰਬਰ 1990
ਤੋਂ ਜੂਨ 1991 ਤਕ ਰਾਜ ਗ੍ਰਹਿ ਮੰਤਰੀ ਤੋਂ ਇਲਾਵਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ
ਅਹੁਦੇ ਤੇ ਬਣੇ। ਸੁਬੋਧ ਕਾਂਤ ਸਹਾਏ ਨਾਲ ਵਾਰਤਾ ਦੇ ਕੁੱਝ ਜ਼ਰੂਰੀ ਅੰਸ਼ ਇਸ ਤਰ੍ਹਾਂ ਹਨ:
ਸਵਾਲ - ਤੁਹਾਡੇ ਮਨ ਵਿਚ ਕਿਵੇਂ ਆਇਆ ਕਿ ਪੰਜਾਬ ਦੇ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ?
ਜਵਾਬ
- ਵੇਖੋ, ਮੈਂ ਆਪ ਅਪਣੇ ਵਿਦਿਆਰਥੀ ਜੀਵਨ ਵਿਚ ਇਕ ਸਾਧਾਰਣ ਨੇਤਾ ਰਿਹਾ ਹਾਂ। ਜੈ
ਪ੍ਰਕਾਸ਼ ਜੀ ਦੇ ਅੰਦੋਲਨ ਸਮੇਂ ਅਸੀ ਬਿਹਾਰ ਵਿਚ ਉਨ੍ਹਾਂ ਦਾ ਪੂਰਾ ਸਾਥ ਦਿਤਾ ਸੀ। ਮੈਂ
ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਸਾਂ।
ਸਵਾਲ - ਤੁਹਾਨੂੰ ਇਹ ਦਸਿਆ ਗਿਆ ਸੀ ਕਿ ਨੌਜਵਾਨਾਂ ਅਤੇ ਖ਼ਾਸ ਕਰ ਕੇ ਕਈ ਹਜ਼ਾਰਾਂ ਬੇਕਸੂਰਿਆਂ ਉਤੇ ਫ਼ੌਜ ਅਤੇ ਪੁਲਿਸ ਨੇ ਤਸ਼ੱਦਦ ਕੀਤਾ ਸੀ?
ਜਵਾਬ
- ਸਾਡੇ ਧਿਆਨ ਵਿਚ ਇਹ ਲਿਆਂਦਾ ਗਿਆ ਸੀ। ਪਰ ਇਕ ਗੱਲ ਦੀ ਮੈਨੂੰ ਪੂਰੀ ਤਰ੍ਹਾਂ ਸਮਝ ਹੈ
ਕਿ 'ਸਿੱਖ ਕੌਮ ਨੂੰ ਦੁਲਾਰ ਕੇ ਤਾਂ ਅਪਣੇ ਨਾਲ ਜੋੜਿਆ ਜਾ ਸਕਦਾ ਹੈ ਪਰ ਲਲਕਾਰ ਕੇ
ਨਹੀਂ।'
ਸਵਾਲ - ਤੁਹਾਡੀ ਸੋਚ ਬਹੁਤ ਉੱਤਮ ਹੈ ਪਰ ਕੀ ਗੱਲ ਹੈ ਕਿ ਉਸ ਵੇਲੇ ਦੀ ਸਰਕਾਰ ਨੇ ਇਸ ਗੱਲ ਨੂੰ ਕਿਉਂ ਨਾ ਸਮਝਿਆ?
ਜਵਾਬ - ਮੈਂ ਸਮਝਦਾ ਹਾਂ ਕਿ ਇਹ ਉਨ੍ਹਾਂ ਦੀ ਗ਼ਲਤੀ ਸੀ।
ਸਵਾਲ - ਤੁਸੀ ਅੰਮ੍ਰਿਤਸਰ ਆ ਕੇ ਕੁੱਝ ਖਾੜਕੂਆਂ ਨੂੰ ਮਿਲੇ ਅਤੇ ਉਨ੍ਹਾਂ ਵਿਚ ਕੁੱਝ ਪਾਕਿਸਤਾਨ ਤੋਂ ਵੀ ਆਏ ਸਨ?
ਜਵਾਬ
- ਇਹ ਠੀਕ ਹੈ ਕਿ ਮੈਂ ਉਨ੍ਹਾਂ ਨੂੰ ਮਿਲਿਆ ਅਤੇ ਕਿਸੇ ਗੱਲ ਤੇ ਮਸਲੇ ਦਾ ਹੱਲ ਤਾਂ
ਦੂਜੀ ਪਾਰਟੀ ਦੀਆਂ ਭਾਵਨਾਵਾਂ ਨੂੰ ਸਮਝ ਕੇ ਅਤੇ ਸੁਣ ਕੇ ਹੀ ਕੀਤਾ ਜਾ ਸਕਦਾ ਹੈ।
ਸਵਾਲ
- ਉਹ ਖਾੜਕੂ ਤਾਂ ਪੁਲਿਸ ਦੀਆਂ ਨਜ਼ਰਾਂ ਵਿਚ ਅਪਰਾਧੀ ਸਨ ਅਤੇ ਫਿਰ ਪੁਲਿਸ ਨੇ ਉਨ੍ਹਾਂ
ਨੂੰ ਕਿਵੇਂ ਮਿਲਣ ਦਿਤਾ? ਸਰਕਾਰ ਨੇ ਹਦਾਇਤਾਂ ਕੀਤੀਆਂ ਹੋਣੀਆਂ ਨੇ?
ਜਵਾਬ - ਹਾਂ ਜੀ।
ਸਵਾਲ - ਤੁਸੀ ਕੀ ਭਰੋਸਾ ਦਿਤਾ ਉਨ੍ਹਾਂ ਨੂੰ ਜਿਹੜੇ ਤੁਹਾਨੂੰ ਮਿਲਣ ਆਏ?
ਜਵਾਬ
- ਅਸੀ ਕਿਹਾ ਕਿ ਠੀਕ ਹੈ ਤੁਹਾਡੇ ਉਤੇ ਸ਼ਾਇਦ ਵਧੀਕੀਆਂ ਹੀ ਹੋਈਆਂ ਹਨ ਪਰ ਇਸ ਦਾ ਇਲਾਜ
ਹਥਿਆਰ ਚੁਕਣਾ ਤਾਂ ਨਹੀਂ। ਤੁਸੀ ਇਕੱਠੇ ਹੋ ਕੇ ਲੋਕਤੰਤਰੀ ਢਾਂਚੇ ਵਿਚ ਆ ਕੇ ਚੋਣਾਂ
ਲੜੋ। ਪੰਜਾਬ ਅਮਨ ਚਾਹੁੰਦਾ ਹੈ ਅਤੇ ਹੁਣ ਤਕ ਬਹੁਤ ਖ਼ੂਨ-ਖ਼ਰਾਬਾ ਅਤੇ ਨੁਕਸਾਨ ਹੋ ਚੁੱਕਾ
ਹੈ।
ਸਵਾਲ - ਉਨ੍ਹਾਂ ਦਾ ਜਵਾਬ ਕੀ ਸੀ?
ਜਵਾਬ - ਉਹ ਮੇਰੇ ਨਾਲ ਕਾਫ਼ੀ ਹੱਦ ਤਕ ਸਹਿਮਤ ਸਨ।
ਸਵਾਲ - ਪਰ ਫਿਰ ਵੀ ਕੋਈ ਸਦੀਵੀਂ ਹੱਲ ਤਾਂ ਨਿਕਲ ਨਾ ਸਕਿਆ।
ਜਵਾਬ
- ਇਹ ਇਕ ਤਰੀਕਾ ਹੁੰਦਾ ਹੈ ਉਨ੍ਹਾਂ ਨੂੰ ਹੌਲੀ-ਹੌਲੀ ਇਸ ਪਾਸੇ ਲਿਆਉਣ ਦਾ। ਇਹ ਨਾ
ਭੁਲੀਏ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਾਂ ਨੂੰ ਦੇਸ਼ ਵਿਰੋਧੀ ਬਣਾ ਕੇ ਪ੍ਰਚਾਰ ਕੀਤਾ ਸੀ।
ਹੁਣ ਤਾਂ ਮੱਲ੍ਹਮ ਲਾਉਣਾ ਜ਼ਰੂਰੀ ਸੀ।
---
ਉਸ ਸਮੇਂ ਪੰਜਾਬ ਦੇ ਗਵਰਨਰ ਨਿਰਮਲ
ਮੁਖਰਜੀ ਨੇ ਕਿਹਾ ਸੀ ਕਿ ਪੰਜਾਬ ਵਿਚ ਚੋਣਾਂ ਬਾਰੇ ਵਿਚਾਰ ਜਨਵਰੀ 1991 ਵਿਚ ਕੀਤੀ
ਜਾਵੇਗੀ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ 2 ਜਨਵਰੀ 1990 ਵਿਚ ਪ੍ਰੈੱਸ ਕਾਨਫ਼ਰੰਸ
ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 'ਮਾਨ' ਦੀ ਖ਼ੁਦਮੁਖਤਿਆਰੀ ਦੀ ਮੰਗ, ਖ਼ਾਲਿਸਤਾਨ ਦੀ
ਸਥਾਪਨਾ ਵਲ ਇਕ ਕਦਮ ਹੈ। ਸ. ਸਿਮਰਨਜੀਤ ਸਿੰਘ ਮਾਨ ਨੇ 12 ਅਕਤੂਬਰ 1990 ਨੂੰ ਲੋਕ ਸਭਾ
ਦੀ ਮੈਂਬਰੀ ਤੋਂ ਤਿਆਗ ਪੱਤਰ ਦੇ ਦਿਤਾ। ਭਾਰਤੀ ਜਨਤਾ ਪਾਰਟੀ ਨੇ ਵੀ.ਪੀ. ਸਿੰਘ ਸਰਕਾਰ
ਤੋਂ ਸਮਰਥਨ ਵਾਪਸ ਲੈ ਲਿਆ।
ਚੰਦਰ ਸ਼ੇਖਰ ਦੀ ਸਰਕਾਰ ਬਣੀ ਪਰ ਕਾਂਗਰਸ ਦੀ ਹਮਾਇਤ ਨਾਲ।
ਨਵੇਂ ਗਵਰਨਰ ਵਰਿੰਦਰ ਵਰਮਾ ਚਾਹਵਾਨ ਸਨ ਕਿ ਰਾਜਨੀਤਕ ਢਾਂਚਾ ਪੰਜਾਬ ਵਿਚ ਬਹਾਲ ਹੋਵੇ ਤੇ
ਇਹ ਪੁਲਿਸ ਦੀਆਂ ਅਤਿ ਵਧੀਕੀਆਂ ਦੀ ਆਲੋਚਨਾ ਕਰਨ ਵਾਲੇ ਸਨ। ਉਨ੍ਹਾਂ ਨੂੰ ਗਵਰਨਰੀ ਦੇ
ਅਹੁਦੇ ਤੋਂ ਹਟਾ ਦਿਤਾ ਗਿਆ ਤੇ ਜਨਰਲ ਓਮ ਪ੍ਰਕਾਸ਼ ਮਲਹੋਤਰਾ ਪੰਜਾਬ ਦੇ ਗਵਰਨਰ ਬਣਾਏ ਗਏ।
ਪੰਜਾਬ ਦੀਆਂ ਚੋਣਾਂ ਮੁਲਤਵੀ ਕਰ ਕੇ ਜੂਨ ਵਿਚ ਰੱਖ ਦਿਤੀਆਂ ਗਈਆਂ। ਕੁੱਝ ਖਾੜਕੂ ਅਤੇ
ਕੁੱਝ ਏਜੰਸੀਆਂ ਅਮਨ ਸ਼ਾਂਤੀ ਨਾ ਚਾਹੁੰਦੇ ਹੋਣ ਕਰ ਕੇ ਕਤਲੇਆਮ ਦੀਆਂ ਵਾਰਦਾਤਾਂ ਵਿਚ
ਵਾਧਾ ਹੁੰਦਾ ਰਿਹਾ। ਪੰਜਾਬ ਇਕ ਵਾਰੀ ਫਿਰ ਡਰ, ਸਹਿਮ ਅਤੇ ਦਹਿਸ਼ਤਗਰਦੀ ਦੇ ਸਾਏ ਹੇਠ ਆ
ਗਿਆ।