
ਅਕਾਲੀ ਦਲ ਨੂੰ ਕਿਸਾਨ ਦੇ ਗੁੱਸੇ ਦਾ ਅਹਿਸਾਸ ਨਹੀਂ ਸੀ ਹੋਇਆ, ਉਦੋਂ ਤਕ ਉਹ ਕੇਂਦਰ ਸਰਕਾਰ ਦਾ ਪੱਖ ਹੀ ਪੂਰਦੇ ਰਹੇ ਸਨ।
ਨਵੀਂ ਦਿੱਲੀ: ਗੁਰਨਾਮ ਸਿੰਘ ਚਡੂਨੀ ਦੇ ਕਿਸਾਨ-ਪੱਖੀ ਵਿਰੋਧੀ ਪਾਰਟੀਆਂ ਦੀ ਸਾਂਝੀ ਮੀਟਿੰਗ ਵਿਚ ਸ਼ਾਮਲ ਹੋਣ ਮਗਰੋਂ ਬਾਕੀ ਕਿਸਾਨ ਜਥੇਬੰਦੀਆਂ ਵਲੋਂ ਇਤਰਾਜ਼ ਜਤਾਇਆ ਗਿਆ। ਉਨ੍ਹਾਂ ਨੂੰ ਅਪਣਾ ਪੱਖ ਰੱਖਣ ਲਈ ਇਕ ਖ਼ਾਸ ਕਮੇਟੀ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ। ਉਨ੍ਹਾਂ ਨਾਲ ਵੀ ਕਾਫ਼ੀ ਕਿਸਾਨ ਜੁੜੇ ਹੋਏ ਹਨ ਅਤੇ ਕਾਫ਼ੀ ਲੋਕਾਂ ਵਲੋਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਅਤੇ ਇਹ ਮਾਮਲਾ ਇਕ ਅਜਿਹੀ ਤਰੇੜ ਪਾ ਸਕਦਾ ਸੀ ਜੋ ਇਸ ਅੰਦੋਲਨ ਨੂੰ ਵੀ ਕਮਜ਼ੋਰ ਕਰ ਸਕਦਾ ਸੀ ਪਰ ਚੰਗਾ ਹੋਇਆ, ਇਕੋ ਮੀਟਿੰਗ ਵਿਚ ਕਿਸਾਨ ਲੀਡਰਾਂ ਨੇ ਇਕ ਦੂਜੇ ਦੀ ਗੱਲ ਸਮਝ ਲਈ ਤੇ ਮਾਮਲਾ ਖ਼ਤਮ ਕਰ ਦਿਤਾ।
ਅੱਜ ਦੀ ਇਸ ਸਥਿਤੀ ਵਿਚ ਕਿਸਾਨ ਸੱਭ ਤੋਂ ਵੱਡਾ ਹੀਰੋ ਸਾਬਤ ਹੋਇਆ ਹੈ, ਜਿਸ ਬਾਰੇ ਆਉਣ ਵਾਲੀਆਂ ਸਦੀਆਂ ਤਕ ਗੱਲ ਹੁੰਦੀ ਰਹੇਗੀ ਤੇ ਭਵਿੱਖ ਦੇ ਹਾਕਮ ਤੇ ਸਿਆਸਤਦਾਨ ਕਦੇ ਵੀ ਕਿਸਾਨ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਸੌ ਵਾਰ ਨਹੀਂ ਬਲਕਿ ਹਜ਼ਾਰ ਵਾਰ ਸੋਚਣਗੇ ਤੇ ਕੋਈ ਵੀ ਗ਼ਲਤ ਕਦਮ ਚੁਕਣ ਤੋਂ ਪਹਿਲਾਂ ਉਹ ਵਿਚਾਰ ਜ਼ਰੂਰ ਕਰਨਗੇ। ਪਰ ਕੀ ਇਸ ਦਾ ਮਤਲਬ ਇਹ ਹੈ ਕਿ ਅੱਜ ਤੋਂ ਬਾਅਦ ਸਿਆਸਤਦਾਨਾਂ ਦੀ ਲੋੜ ਹੀ ਖ਼ਤਮ ਹੋ ਜਾਏਗੀ?
Gurnam Singh Charuni
ਜੇ ਸਾਡੇ ਸਿਆਸਤਦਾਨ ਪਹਿਲਾਂ ਕਿਸਾਨ ਦੇ ਇਸ ਰੂਪ ਨੂੰ ਸਮਝ ਲੈਂਦੇ ਤਾਂ ਕੀ ਉਹ ਅੱਜ ਇਸ ਕਾਨੂੰਨ ਨੂੰ ਪਾਸ ਕਰਨ ਦੀ ਜੁਰਅਤ ਕਰਦੇ? ਇਹ ਕਾਨੂੰਨ ਇਸ ਕਰ ਕੇ ਪਾਸ ਹੋਇਆ ਕਿਉਂਕਿ ਕਾਰਪੋਰੇਟਾਂ ਦਾ ਡਰ ਸਿਆਸਤਦਾਨਾਂ ਉਤੇ ਹਾਵੀ ਸੀ ਅਤੇ ਅੱਜ ਵੀ ਹੈ ਪਰ ਕਿਸਾਨਾਂ ਕੋਲੋਂ ਤਾਕਤ ਲੈ ਕੇ ਬਣੇ ਲੀਡਰ, ਉਨ੍ਹਾਂ ਨੂੰ ਅਪਣੀ ਜਗੀਰ ਹੀ ਸਮਝਦੇ ਰਹੇ। ਉਹ ਸਮਝਦੇ ਸਨ ਕਿ ਕਿਸਾਨਾਂ ਦੇ ਵਿਆਹਾਂ ਜਾਂ ਘਰ ਦੇ ਸਮਾਗਮਾਂ ਵਿਚ ਸ਼ਾਮਲ ਹੋ ਕੇ ਸਮਝਾ ਲੈਣਗੇ, ਉਨ੍ਹਾਂ ਨਾਲ ਇਕ ਦੋ ਫ਼ੋਟੋ ਖਿਚਵਾ ਲੈਣਗੇ ਤੇ ਜੇਕਰ ਕੋਈ ਬਹੁਤ ਦੁਖੀ ਹੋਇਆ ਤਾਂ ਉਸ ਦਾ ਥੋੜਾ ਬਹੁਤਾ ਕਰਜ਼ ਮਾਫ਼ ਕਰ ਦੇਣਗੇ ਜਾਂ ਚੋਣਾਂ ਸਮੇਂ ਛੋਟੀ ਮੋਟੀ ਸੇਵਾ ਕਰ ਦਿਤੀ ਜਾਵੇਗੀ ਅਤੇ ਕਿਸਾਨ ਉਨ੍ਹਾਂ ਦੇ ਪਿਛੇ ਲੱਗ ਜਾਣਗੇ। ਇਹ ਸੋਚ ਸਿਆਸਤਦਾਨਾਂ ਅੰਦਰ ਇਸ ਹੱਦ ਤਕ ਘਰ ਕਰ ਚੁਕੀ ਸੀ ਕਿ ਅਕਾਲੀ ਦਲ ਵਰਗੀ ‘ਕਿਸਾਨ’ ਪਾਰਟੀ ਨੇ ਵੀ ਕਿਸਾਨਾਂ ਵਿਰੁਧ ਪਾਸ ਕੀਤੇ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਮੋਰਚਾ ਸੰਭਾਲ ਲਿਆ। ਉਹ ਤਾਂ ਕਾਨੂੰਨ ਪਾਸ ਕਰਵਾਉਣ ਦੇ ਨਾਲ ਨਾਲ ਇਨ੍ਹਾਂ ਕਾਨੂੰਨਾਂ ਦੀ ਵਕਾਲਤ ਵੀ ਕਰਦੇ ਫਿਰਦੇ ਸਨ। ਜਦ ਤਕ ਅਕਾਲੀ ਦਲ ਨੂੰ ਕਿਸਾਨ ਦੇ ਗੁੱਸੇ ਦਾ ਅਹਿਸਾਸ ਨਹੀਂ ਸੀ ਹੋਇਆ, ਉਦੋਂ ਤਕ ਉਹ ਕੇਂਦਰ ਸਰਕਾਰ ਦਾ ਪੱਖ ਹੀ ਪੂਰਦੇ ਰਹੇ ਸਨ।
Gurnam Singh Charuni
ਪਰ ਕਾਂਗਰਸ ਸਮਝ ਗਈ ਸੀ ਕਿ ਕਿਸਾਨ ਗੁੱਸੇ ਵਿਚ ਹਨ, ਜਿਸ ਕਰ ਕੇ ਉਨ੍ਹਾਂ ਨੇ ਕਿਸਾਨਾਂ ਨੂੰ ਵਿਰੋਧ ਕਰਨ ਦੀ ਖੁਲ੍ਹੀ ਛੋਟ ਦੇ ਦਿਤੀ। ਭਾਵੇਂ ਇਸ ਨਾਲ ਪੰਜਾਬ ਨੂੰ ਆਰਥਕ ਨੁਕਸਾਨ ਵੀ ਝਲਣਾ ਪਿਆ ਪਰ ਉਹ ਇਕ ਵਖਰੀ ਕਹਾਣੀ ਹੈ। ਉਂਜ ਅੱਜ ਜੇਕਰ ਕੇਂਦਰ ਵਿਚ ਕਾਂਗਰਸ ਸਰਕਾਰ ਹੁੰਦੀ ਤਾਂ ਉਹ ਵੀ ਇਸੇ ਤਰ੍ਹਾਂ ਕਾਰਪੋਰੇਟ ਘਰਾਣਿਆਂ ਪੱਖੀ ਬਦਲਾਅ ਲਿਆਉਣ ਦੀ ਸੋਚ ਹੀ ਪ੍ਰਚਾਰ ਰਹੀ ਹੋਣੀ ਸੀ ਕਿਉਂਕਿ ਹਰ ਭਾਰਤੀ ਹੁਕਮਰਾਨ ਨੂੰ ਚੋਣਾਂ ਲੜਨ ਲਈ ਵੱਡਾ ਧਨ ਦੇ ਕੇ, ਕਾਰਪੋਰੇਟ ਘਰਾਣੇ ਅਪਣੀਆਂ ਉਂਗਲਾਂ ਤੇ ਨਚਾਉਣ ਵਿਚ ਸਫ਼ਲ ਹੋ ਹੀ ਜਾਂਦੇ ਹਨ। ਕਾਂਗਰਸ ਵੀ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਨਾਲ ਵਰਗਲਾਉਂਦੀ ਆ ਰਹੀ ਹੈ। ਉਹ ਚਾਹੁੰਦੇ ਤਾਂ ਸਵਾਮੀਨਾਥਨ ਰੀਪੋਰਟ ਕਈ ਸਾਲ ਪਹਿਲਾਂ ਹੀ ਲਾਗੂ ਕਰ ਸਕਦੇ ਸਨ। ਜੇਕਰ ਕਾਂਗਰਸ ਚਾਹੁੰਦੀ ਤਾਂ ਅਡਾਨੀ ਨੂੰ ਅਨਾਜ ਦੇ ਗੁਦਾਮ ਬਣਾਉਣ ਵਾਸਤੇ ਜ਼ਮੀਨ ਤੇ ਉਥੇ ਜਾਂਦੀਆਂ ਰੇਲ ਪਟੜੀਆਂ ਦੀ ਮਨਜ਼ੂਰੀ ਨਹੀਂ ਸੀ ਮਿਲਣੀ। ਪਰ ਸਾਡੀਆਂ ਸਰਕਾਰਾਂ ਨੂੰ ਸਿਰਫ਼ ਕਾਰਪੋਰੇਟਾਂ ਦਾ ਪੈਸਾ ਹੀ ਵਿਖਾਈ ਦਿੰਦਾ ਹੈ। ਇਸ ਪੈਸੇ ਦੇ ਸਿਰ ’ਤੇ ਉਹ ਵੋਟਰ ਨੂੰ ਖ਼ਰੀਦ ਲੈਣ ਦੀ ਆਦਤ ਵਿਚ ਪੈ ਗਈਆਂ ਹਨ, ਉਨ੍ਹਾਂ ਦੀ ਸਚਮੁਚ ਦੀ ਮਦਦ ਕਦੇ ਨਹੀਂ ਕਰਨਗੀਆਂ।
ਪਰ ਅੱਜ ਜਿਸ ਤਰ੍ਹਾਂ ਕਿਸਾਨਾਂ ਨੇ ਅਪਣੀ ਤਾਕਤ ਵਿਖਾਈ ਹੈ, ਉਸ ਨੇ ਹਾਕਮਾਂ ਨੂੰ ਅਪਣੀਆਂ ਨੀਤੀਆਂ ਬਾਰੇ ਨਵੇਂ ਸਿਰਿਉਂ ਸੋਚਣ ਲਈ ਮਜਬੂਰ ਕਰ ਦਿਤਾ ਹੈ।
Farmers
ਪਰ ਇਕ ਸੱਚ ਇਹ ਵੀ ਹੈ ਕਿ ਸਿਆਸਤਦਾਨ, ਸਾਡੇ ਸਮਾਜ ਦਾ ਇਕ ਅਹਿਮ ਹਿੱਸਾ ਹਨ। ਕਾਨੂੰਨ ਪਾਸ ਹੋਣ ਤੋਂ ਲੈ ਕੇ ਕਿਸਾਨ ਅੰਦੋਲਨ ਵਿਚ ਅੜਚਨਾਂ ਪਾਉਣ, ਉਸ ਨੂੰ ਤਾਕਤਵਰ ਬਣਾਉਣ, ਪੰਜਾਬ ਵਿਚ ਅੰਦੋਲਨ ਨੂੰ ਥਾਂ ਦੇਣ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤਕ, ਸਿਆਸਤਦਾਨ ਹਰ ਮੋੜ ’ਤੇ ਮੌਜੂਦ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਮੌਜੂਦ ਰਹੇਗਾ। ਇਸ ਅੰਦੋਲਨ ਵਿਚ ਕਮਿਊਨਿਸਟ ਪਾਰਟੀ ਦੀ ਆਲ ਇੰਡੀਆ ਕਿਸਾਨ ਸਭਾ ਵੀ ਸ਼ਾਮਲ ਹੈ। ਪੰਜਾਬ ਦੇ ਵੱਡੇ ਕਿਸਾਨ ਆਗੂ ਇਸ ਦਾ ਹਿੱਸਾ ਹਨ, ਆਰਐਸਐਸ ਦੇ ਕਿਸਾਨ ਆਗੂ ਵੀ ਸ਼ਾਮਲ ਹਨ। ਯੋਗਿੰਦਰ ਯਾਦਵ ਸਵਰਾਜ ਪਾਰਟੀ ਤੋਂ ਹਨ ਜਿਨ੍ਹਾਂ ਦੀ ਹਰਿਆਣਾ ਦੀ ਸਿਆਸਤ ਉਤੇ ਨਜ਼ਰ ਹੈ ਅਤੇ ਯੂਪੀ ਦੇ ਟਿਕੈਤ ਭਾਜਪਾ ਦੇ ਸਾਥੀ ਹਨ। ਫ਼ਰਕ ਸਿਰਫ਼ ਇਹ ਹੈ ਕਿ ਉਹ ਸੱਭ, ਕਿਸਾਨਾਂ ਅਤੇ ਬਾਹਰ ਦੇ ਸਿਆਸਤਦਾਨਾਂ ਵਿਚਕਾਰ ਦੀਵਾਰ ਬਣ ਕੇ ਖੜੇ ਹੋ ਗਏ ਤੇ ਗੁਰਨਾਮ ਸਿੰਘ ਚਡੂਨੀ ਬਾਕੀ ਦੇ ਸਿਆਸਤਦਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਕਿਸਾਨਾਂ ਪ੍ਰਤੀ ਪੱਖ ਉਜਾਗਰ ਕਰਵਾਉਣਾ ਚਾਹੁੰਦੇ ਸਨ ਪਰ ਇਸ ਵਿਚ ਖ਼ਰਾਬੀ ਵੀ ਕੀ ਹੈ? ਇਸ ਮੀਟਿੰਗ ਵਿਚ ‘ਆਪ’, ਕਾਂਗਰਸ, ਅਕਾਲੀ ਦਲ ਢੀਂਡਸਾ, ਸੱਭ ਇਕੱਠੇ ਬੈਠ ਗਏ ਪਰ ਅਕਾਲੀ ਦਲ ਫਿਰ ਵੀ ਗ਼ੈਰਹਾਜ਼ਰ ਰਿਹਾ, ਜਿਸ ਨਾਲ ਉਨ੍ਹਾਂ ਦਾ ਪੱਖ ਸਪੱਸ਼ਟ ਹੁੰਦਾ ਹੈ ਕਿ ਉਹ ਅੱਜ ਵੀ ਕਿਸਾਨਾਂ ਦੇ ਹੱਕ ਵਿਚ ਨਹੀਂ ਚਲ ਰਿਹਾ ਤੇ ਅੱਜ ਵੀ ਕੇਂਦਰ ਵਿਰੁਧ ਖੁਲ੍ਹ ਕੇ ਬਗ਼ਾਵਤ ਕਰਨ ਨੂੰ ਤਿਆਰ ਨਹੀਂ।
ਇਹ ਮੀਟਿੰਗ ਜਨ ਸੰਸਦ ਵਾਸਤੇ ਜ਼ਰੂਰੀ ਹੈ ਕਿਉਂਕਿ ਭਾਵੇਂ ਸਿਆਸਤਦਾਨ ਕਿਸਾਨ ਨੂੰ ਕੁੱਝ ਖ਼ਾਸ ਦੇ ਤਾਂ ਨਹੀਂ ਸਕਦੇ ਪਰ ਜੇ ਉਹ ਕਿਸਾਨ ਮੁੱਦੇ ’ਤੇ ਖੁਲ੍ਹ ਕੇ ਤੇ ਇਕੱਠੇ ਹੋ ਕੇ ਇਕ ਸੁਰ ਵਿਚ ਬੋਲਣਗੇ ਤਾਂ ਇਹ ਕੇਂਦਰ ਲਈ ਵੱਡਾ ਸੁਨੇਹਾ ਹੋਵੇਗਾ। ਕੇਂਦਰ ਵਿਚ ਭਾਜਪਾ ਦੀ ਜਿੱਤ ਦਾ ਕਾਰਨ ਇਕ ਕਮਜ਼ੋਰ ਵਿਰੋਧੀ ਧਿਰ ਹੈ ਤੇ ਜੇ ਕਿਸਾਨੀ ਮੁੱਦੇ ’ਤੇ ਵਿਰੋਧੀ ਧਿਰ ਤਾਕਤਵਰ ਹੋ ਜਾਂਦੀ ਹੈ ਤਾਂ ਇਹ ਸਿਆਸਤਦਾਨਾਂ ਦੀ ਨਹੀਂ, ਕਿਸਾਨ ਦੀ ਜਿੱਤ ਹੋਵੇਗੀ। ਜੰਗ ਜਿੱਤਣ ਲਈ ਪਹਿਲਾਂ ਯੋਜਨਾ ਬਣਾਈ ਜਾਂਦੀ ਹੈ ਜੋ ਇਕ ਪਾਸਿਉਂ ਨਹੀਂ ਬਲਕਿ ਸਾਰੇ ਪਾਸਿਉਂ ਵਾਰ ਕਰਨ ਨਾਲ ਹੀ ਜਿੱਤੀ ਜਾ ਸਕਦੀ ਹੈ। ਕਿਸਾਨ ਅੰਦੋਲਨ ਦੀ ਆਵਾਜ਼ ਦੇ ਨਾਲ ਨਾਲ ਜਦ ਜਨ ਸਦਨ ਦੀ ਆਵਾਜ਼ ਵੀ ਗੂੰਜੇਗੀ ਤਾਂ ਕਿਸਾਨੀ ਆਵਾਜ਼ ਦੁਗਣੀ ਸ਼ਕਤੀ ਨਾਲ ਭਰ ਜਾਏਗੀ। ਇਸ ਦੇ ਨਾਲ ਨਾਲ ਹੋਰ ਬੜੇ ਪਾਸਿਆਂ ਤੋਂ ਧਾਵਾ ਬੋਲਣਾ ਪਵੇਗਾ। ਇਹ ਸੱਭ ਸ਼ਾਂਤ ਰਹਿ ਕੇ ਤੇ ਗੱਲਬਾਤ ਜਾਰੀ ਰੱਖਣ ਦੇ ਨਾਲ ਹੀ ਕਰਨਾ ਪਵੇਗਾ। - ਨਿਮਰਤ ਕੌਰ