ਸਮਾਜ ਦੇ ਮੱਥੇ ਤੇ ਉਕਰਿਆ ਕਲੰਕ, ਬਿਰਧ ਆਸ਼ਰਮ
Published : Apr 20, 2018, 3:43 am IST
Updated : Apr 20, 2018, 3:43 am IST
SHARE ARTICLE
Parents
Parents

ਇਹ ਸਚਾਈ ਹੈ ਕਿ ਦੁਨੀਆਂ ਵਿਚ ਹਰ ਚੀਜ਼ ਮੁੱਲ ਮਿਲ ਸਕਦੀ ਹੈ ਪਰ ਮਾਪੇ ਅਜਿਹੀ ਅਣਮੁੱਲੀ ਚੀਜ਼ ਹਨ ਜੋ ਅਪਣੇ-ਆਪ ਨੂੰ ਵੇਚ ਕੇ ਵੀ ਪੂਰੀ ਦੁਨੀਆਂ ਅੰਦਰੋਂ ਨਹੀਂ ਖਰੀਦੇ ਜਾ ਸਕਦੇ

ਤਿੰਨ ਰੰਗ ਨਹੀਂ ਲਭਣੇ ਬੀਬਾ-ਹੁਸਨ, ਜਵਾਨੀ ਤੇ ਮਾਪੇ' ਦੇ ਲੋਕ ਅਖਾਣ ਅਨੁਸਾਰ ਇਨ੍ਹਾਂ ਤਿੰਨਾਂ ਵਿਚੋਂ ਮਾਪੇ ਸ਼ਬਦ ਮਾਂ ਅਤੇ ਪਿਉ ਦੇ ਮੇਲ ਤੋਂ ਬਣਿਆ ਹੈ। ਇਹ ਅਟੱਲ ਸਚਾਈ ਹੈ ਕਿ ਦੁਨੀਆਂ ਵਿਚ ਹਰ ਚੀਜ਼ ਮੁੱਲ ਮਿਲ ਸਕਦੀ ਹੈ ਪਰ ਮਾਪੇ ਅਜਿਹੀ ਅਣਮੁੱਲੀ ਚੀਜ਼ ਹਨ ਜੋ ਕਿ ਅਪਣੇ-ਆਪ ਨੂੰ ਵੇਚ ਕੇ ਵੀ ਪੂਰੀ ਦੁਨੀਆਂ ਅੰਦਰੋਂ ਮੁੱਲ ਨਹੀਂ ਖਰੀਦੇ ਜਾ ਸਕਦੇ।ਅਜੋਕੇ ਵਿਗਿਆਨ ਦੇ ਯੁੱਗ ਅੰਦਰ ਦੇਸ਼ ਵਿਚ ਬਿਰਧ ਆਸ਼ਰਮਾਂ ਦਾ ਲਗਾਤਾਰ ਵਾਧਾ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਪਰ ਪੰਜਾਬ ਲਈ ਤਾਂ ਇਹ ਹੋਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਸਾਡੇ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਹੋਰ ਵੀ ਪੀਰ-ਪੈਗ਼ੰਬਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਇਥੋਂ ਦੇ ਪੁਰਾਤਨ ਇਤਿਹਾਸ ਅਨੁਸਾਰ ਇਸ ਦੇ ਬਾਸ਼ਿੰਦਿਆਂ ਅੰਦਰ ਨੈਤਿਕਤਾ ਕੁੱਟ ਕੁੱਟ ਕੇ ਭਰੀ ਹੋਈ ਹੁੰਦੀ ਸੀ ਜੋ ਅੱਜ ਕਿਤੇ ਖੰਭ ਲਾ ਕੇ ਉੱਡ ਗਈ ਜਾਪਦੀ ਹੈ।ਇਸ ਨੈਤਿਕ ਸਿਖਿਆ ਦੀ ਘਾਟ ਕਾਰਨ, ਸਾਂਝੇ ਪ੍ਰਵਾਰ ਲਗਾਤਾਰ ਟੁੱਟ ਕੇ, ਪਦਾਰਥਾਂ ਦੀ ਭੁੱਖ ਕਰ ਕੇ ਅਤੇ ਅਪਣੀ ਹਉਮੈ ਕਾਰਨ ਫ਼ਰਜ਼ ਨਿਭਾਉਣ ਤੋਂ ਮੁਨਕਰ ਹੋ ਕੇ ਇਨਸਾਨ ਨਵੇਂ ਜ਼ਮਾਨੇ ਦੇ ਪੱਥਰ ਦੇ ਘਰਾਂ ਅੰਦਰ ਪੱਥਰਦਿਲ ਹੋ ਨਿਬੜੇ ਹਨ। ਤਰੱਕੀ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਅਪਣੇ ਬਜ਼ੁਰਗ ਮਾਪਿਆਂ ਦੀ ਸੇਵਾ-ਸੰਭਾਲ ਤੋਂ ਮੁਨਕਰ ਹੋਣਾ ਵੀ ਕਿਧਰ ਦੀ ਸਰਦਾਰੀ ਹੈ ਜਿਸ ਕਾਰਨ ਦੇਸ਼ ਵਿਚ ਬਿਰਧ ਆਸ਼ਰਮਾਂ ਦੀ ਕਤਾਰ ਲੰਮੀ ਹੋ ਰਹੀ ਹੈ?
ਪੁਰਾਤਨ ਸਮਿਆਂ ਵਿਚ ਬਜ਼ੁਰਗਾਂ ਨੂੰ ਘਰ ਦਾ ਜਿੰਦਰਾ ਸਮਝਿਆ ਜਾਂਦਾ ਸੀ ਅਤੇ ਇਸੇ ਸੱਚ ਕਾਰਨ ਘਰ ਦੇ ਬਜ਼ੁਰਗ ਮਾਪੇ ਅੰਤਲੇ ਸਮੇਂ ਤਕ ਘਰ ਦਾ ਹਿਸਾਬ-ਕਿਤਾਬ ਅਪਣੇ ਕੋਲ ਰਖਦੇ ਸਨ। ਵਿਆਹ-ਸ਼ਾਦੀਆਂ ਤੇ ਕਈ ਕਈ ਦਿਨ ਪਹਿਲਾਂ ਹੀ ਵੱਡੇ ਬਜ਼ੁਰਗਾਂ ਦੇ ਨਾਲ ਘਰ ਦੇ ਨਿਆਣਿਆਂ ਨੂੰ ਰਿਸ਼ਤੇਦਾਰੀਆਂ ਵਿਚ ਭੇਜ ਦਿਤਾ ਜਾਂਦਾ ਸੀ। ਵਿਆਹ ਤੋਂ ਤਕਰੀਬਨ ਦਸ-ਪੰਦਰਾਂ ਦਿਨ ਪਹਿਲਾਂ ਰਾਤ ਸਮੇਂ ਗੀਤ ਗਾਉਣੇ, ਰਜਾਈਆਂ ਦੇ ਨਗੰਦੇ ਪਾਉਣੇ, ਮਠਿਆਈਆਂ ਬਣਵਾਉਣ ਵਰਗੇ ਕੰਮਾਂ ਨੂੰ ਅਜਿਹੇ ਸਲੀਕੇ ਨਾਲ ਨੇਪਰੇ ਚਾੜ੍ਹਦੇ ਸਨ ਕਿ ਸਾਰੇ, ਬਜ਼ੁਰਗਾਂ ਦੀ ਵਾਹ ਵਾਹ ਕਰਦੇ ਨਹੀਂ ਥਕਦੇ ਸਨ। ਪੁਰਾਤਨ ਨੈਤਿਕਤਾ ਦੀ ਘਾਟ ਕਾਰਨ ਅੱਜ ਵਿਆਹ ਕਈ ਦਿਨਾਂ ਤੋਂ ਸਿਮਟ ਕੇ ਮਾਤਰ ਚਾਰ-ਪੰਜ ਘੰਟਿਆਂ ਦੇ ਹੀ ਹੋ ਕੇ ਰਹਿ ਗਏ ਹਨ। ਵਡੇਰੀ ਉਮਰ ਦੇ ਬਜ਼ੁਰਗਾਂ ਨੂੰ ਤਾਂ ਵਿਆਹ ਵਾਲੇ ਦਿਨ ਘਰ ਅੰਦਰ ਹੀ ਨੌਕਰਾਣੀ ਦੇ ਸਹਾਰੇ ਛੱਡ ਦਿਤਾ ਜਾਂਦਾ ਹੈ।ਜਲੰਧਰ ਇਲਾਕੇ ਦੇ ਕਈ ਪਿੰਡਾਂ ਵਿਚ ਤਾਂ ਆਲੀਸ਼ਾਨ ਕੋਠੀਆਂ ਬੰਦ ਪਈਆਂ ਹਨ ਅਤੇ ਉਨ੍ਹਾਂ ਵਿਚ ਘਰਾਂ ਦੇ ਮਾਲਕ ਬਜ਼ੁਰਗ ਇਕ ਨੁਕਰੇ, ਕਮਰੇ ਵਿਚ ਖੇਤ ਦੀ ਸਾਂਭ-ਸੰਭਾਲ ਵਾਲੇ ਕਾਮੇ ਦੇ ਰਹਿਮੋ-ਕਰਮ ਤੇ ਹੀ ਦਿਨਕਟੀ ਕਰ ਰਹੇ ਹਨ ਜਦਕਿ ਬਜ਼ੁਰਗਾਂ ਨੂੰ ਥੋੜੀ ਸਾਂਭ-ਸੰਭਾਲ ਅਤੇ ਵੱਧ ਪਿਆਰ ਦੀ ਲੋੜ ਹੁੰਦੀ ਹੈ ਨਾਕਿ ਵੱਡੇ ਵੱਡੇ ਮਹਿਲ ਚੁਬਾਰਿਆਂ ਦੀ। ਅੱਜ ਦੇ ਜ਼ਮਾਨੇ ਦੀ ਮਤਲਬਪ੍ਰਸਤੀ, ਪੈਸੇ ਦੀ ਦੌੜ ਅਤੇ ਨੈਤਿਕ ਸਿਖਿਆ ਦੀ ਘਾਟ ਕਾਰਨ ਪੰਜਾਬ ਅੰਦਰ ਬਿਰਧ ਆਸ਼ਰਮਾਂ ਦੀ ਸ਼ੁਰੂਆਤ ਹੋਈ ਹੈ ਜੋ ਕਿ ਸਾਡੇ ਸਮਾਜ ਦੇ ਮੱਥੇ ਤੇ ਉਕਰਿਆ ਇਕ ਕਲੰਕ ਹੈ ਜਿਸ ਨੂੰ ਸਾਫ਼ ਕਰਨਾ ਅੱਜ ਦੀ ਨੌਜਵਾਨ ਪੀੜ੍ਹੀ ਦੇ ਵੱਸ ਦਾ ਰੋਗ ਨਹੀਂ ਰਿਹਾ।

ਅੱਜ ਦਾ ਮਤਲਬੀ ਇਨਸਾਨ ਅਪਣੀ ਇੱਛਾ ਲਈ ਭੁੱਖਿਆਂ ਨੂੰ ਲੰਗਰ ਖਵਾ ਰਿਹਾ ਹੈ, ਧਾਰਮਕ ਸਥਾਨਾਂ ਉਤੇ ਅਰਦਾਸਾਂ ਕਰ ਕੇ ਮੱਥੇ ਰਗੜ ਰਿਹਾ ਹੈ ਪਰ ਸਾਡੇ ਸਿੱਖ ਗੁਰੂ ਸਾਹਿਬਾਨਾਂ ਵਲੋਂ ਦਰਸਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਨੈਤਿਕ ਸਿਖਿਆ ਦੇ ਪਾਠ ਨੂੰ ਪੜ੍ਹ ਕੇ ਅਪਣੇ ਉਤੇ ਲਾਗੂ ਕਰ ਕੇ ਅਪਣੇ ਬਜ਼ੁਰਗ ਮਾਪਿਆਂ ਦੀ ਸਾਂਭ-ਸੰਭਾਲ ਕਰਨ ਤੋਂ ਲਗਭਗ ਮੁਨਕਰ ਹੀ ਹੁੰਦਾ ਜਾ ਰਿਹਾ ਹੈ।ਬਜ਼ੁਰਗ ਮਾਂ-ਪਿਉ ਦੀ ਸੇਵਾ ਕਰਨਾ ਪਰਮ ਪਿਤਾ ਪਰਮਾਤਮਾ ਦੀ ਸੇਵਾ ਕਰਨ ਸਮਾਨ ਹੈ। ਕਿਸੇ ਸਮੇਂ ਦੀ ਕਹਾਣੀ ਅਨੁਸਾਰ ਕੋਈ ਆਦਮੀ ਅਪਣੇ ਬਜ਼ੁਰਗ ਨੂੰ ਟੋਆ ਪੁੱਟ ਕੇ ਨੱਪਣ ਜਾ ਰਿਹਾ ਸੀ, ਕੋਲ ਖੜੇ ਉਸ ਦੇ ਛੋਟੇ ਬੱਚੇ ਨੇ ਜਦ ਪੁਛਿਆ, ''ਪਾਪਾ ਜੀ ਕੀ ਕਰ ਰਹੇ ਹੋ?'' ਤਾਂ ਉਸ ਦਾ ਪਿਤਾ ਕਹਿੰਦਾ, ''ਇਹ ਖੱਡਾ ਮੈਂ ਤੇਰੇ ਦਾਦੇ ਨੂੰ ਧਰਤੀ ਹੇਠ ਨੱਪਣ ਲਈ ਪੁੱਟ ਰਿਹਾਂ।'' ਤਾਂ ਬੱਚੇ ਨੇ ਚੁਪਚਾਪ ਇਕ ਰੰਬੀ ਲਈ ਤੇ ਇਕ ਪਾਸੇ ਖੱਡਾ ਪੁੱਟਣ ਲੱਗ ਪਿਆ। ਅਚਾਨਕ ਉਸ ਦੇ ਪਿਤਾ ਦੀ ਨਜ਼ਰ ਪਈ ਤਾਂ ਉਸ ਨੇ ਪੁਛਿਆ ਕਿ ''ਬੇਟਾ ਕੀ ਕਰ ਰਿਹੈਂ?'' ਉਸ ਬੱਚੇ ਦਾ ਜਵਾਬ ਸੀ, ''ਮੈਂ ਤੁਹਾਡੇ ਲਈ ਟੋਆ ਪੁੱਟ ਰਿਹਾਂ। ਵੱਡਾ ਹੋ ਕੇ ਤੁਹਾਨੂੰ ਇਥੇ ਨੱਪਾਂਗਾ।'' ਇਹ ਗੱਲ ਸੁਣ ਕੇ ਪਿਤਾ ਦੀਆਂ ਅੱਖਾਂ ਵਿਚੋਂ ਅੱਥਰੂ ਝਲਕ ਪਏ ਤੇ ਬੱਚੇ ਨੂੰ ਚੁੱਕ ਕੇ ਗਲੇ ਲਗਾ ਲਿਆ। ਘਰ ਆ ਕੇ ਅਪਣੇ ਬਜ਼ੁਰਗਾਂ ਕੋਲੋਂ ਮਾਫ਼ੀ ਮੰਗੀ ਤੇ ਸੇਵਾ-ਸੰਭਾਲ ਕਰਨ ਲਈ ਵਚਨ ਦਿਤਾ।ਇਹ ਕਹਾਣੀ ਜਾਂ ਉਪਦੇਸ਼ ਅੱਜ ਦੇ ਸਮੇਂ ਵਿਚ ਸਿਰਫ਼ ਕਿਤਾਬਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ।

ਅਸਲ ਵਿਚ ਇਸ ਤੇ ਸਾਡੇ ਸਮਾਜ ਦੇ ਵੱਡੇ ਹਿੱਸੇ ਵਲੋਂ ਅਮਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਸਾਡੀਆਂ ਨਵੀਂਆਂ ਆਰਥਕ ਨੀਤੀਆਂ ਨੇ ਸਾਡੇ ਸਾਮਾਜ ਦੇ ਤਾਣੇ-ਬਾਣੇ ਤੇ ਪੋਚਾ ਫੇਰ ਦਿਤਾ ਹੈ। ਸਾਂਝੇ ਪ੍ਰਵਾਰਾਂ ਦੇ ਵਸੇਬੇ ਨੂੰ ਇਨ੍ਹਾਂ ਨੇ ਖ਼ਤਮ ਕਰ ਕੇ ਰੱਖ ਦਿਤਾ ਹੈ। ਅਖੇ 'ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ'। ਅੱਜ ਦੇ ਮਾਹੌਲ ਮੁਤਾਬਕ ਵਰਤੋ ਅਤੇ ਸੁੱਟੋ ਦੀ ਨੀਤੀ ਤਹਿਤ ਨੌਜਵਾਨ ਪੀੜ੍ਹੀ ਅਪਣੇ ਬੁੱਢੇ ਮਾਪਿਆਂ ਨਾਲ ਵੀ ਇਹੀ ਤਰੀਕਾ ਅਪਣਾ ਕੇ ਆਧੁਨਿਕ ਯੁੱਗ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਨਵੀਆਂ ਆਰਥਕ ਨੀਤੀਆਂ ਨੇ ਸਾਡੀਆਂ ਸਮਾਜਕ ਕਦਰਾਂ-ਕੀਮਤਾਂ ਵਿਚ ਵੱਡੇ ਰੂਪ ਵਿਚ ਨਿਘਾਰ ਲਿਆਂਦਾ ਹੈ ਅਤੇ ਅਸੀ ਹਾਸਲ ਤਿੰਨ ਕਾਣੇ ਵੀ ਨਹੀਂ ਕੀਤੇ।ਸਾਡੀਆਂ ਧਾਰਮਕ ਸੰਸਥਾਵਾਂ ਦੇ ਨੇਤਾਵਾਂ ਅਤੇ ਮੁਖੀਆਂ ਵਲੋਂ ਨੈਤਿਕ ਸਿਖਿਆ ਦਾ ਚਾਣਨਮੁਨਾਰਾ ਬਣਨ ਤੋਂ ਅੱਜ ਪਾਸਾ ਵਟਿਆ ਜਾ ਰਿਹਾ ਹੈ ਜਾਂ ਉਹ ਇਸ ਤੋਂ ਅਸਮਰੱਥ ਹਨ ਕਿਉਂਕਿ ਧਾਰਮਕ ਸਥਾਨਾਂ ਤੇ ਵੀ ਅੱਜ ਪੈਸੇ ਦਾ ਹੀ ਬੋਲਬਾਲਾ ਹੈ। ਉਹ ਅਪਣੇ ਫ਼ਰਜ਼ਾਂ ਪ੍ਰਤੀ ਵਚਨਬੱਧ ਨਹੀਂ ਹਨ। ਸ਼ਰਧਾਵਾਨ ਲੋਕਾਂ ਦਾ ਪੈਸਾ ਸਹੀ ਥਾਂ ਨਹੀਂ ਲੱਗ ਰਿਹਾ। ਮਨਮਰਜ਼ੀ ਨਾਲ ਲਾਇਆ ਜਾ ਰਿਹਾ ਹੈ ਅਤੇ ਪੈਸੇ ਪਿਛੇ ਆਪਸੀ ਲੜਾਈਆਂ ਹੋ ਰਹੀਆਂ ਹਨ ਜਿਸ ਕਾਰਨ ਸਾਡਾ ਸਮਾਜ ਅੱਜ ਨੈਤਿਕ ਸਿਖਿਆ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ। ਧਾਰਮਕ ਸਥਾਨਾਂ ਵਿਚ ਵੀ ਆਪਸੀ ਵੱਡੇ-ਛੋਟੇ ਦੇ ਫ਼ਰਕ ਵਾਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਅੰਦਰੋਂ ਨੈਤਿਕ ਸਿਖਿਆ ਅਲੋਪ ਹੁੰਦੀ ਜਾ ਰਹੀ ਹੈ। ਇਸ ਨੂੰ ਵੱਡੇ ਪੱਧਰ ਤੇ ਸੋਚਣ ਅਤੇ ਸਮਝਣ ਦੀ ਅੱਜ ਵੱਡੀ ਲੋੜ ਹੈ।ਕਹਾਣੀ ਵਾਲਾ ਇਨਸਾਨ ਤਾਂ ਅਪਣੇ ਬੁੱਢੇ ਬਜ਼ੁਰਗਾਂ ਪ੍ਰਤੀ ਫ਼ਰਜ਼ਾਂ ਲਈ ਵਾਪਸ ਆ ਕੇ ਪਸ਼ਚਾਤਾਪ ਕਰ ਕੇ ਬੁੱਢੇ ਮਾਂ-ਪਿਉ ਨੂੰ ਸੰਭਾਲਣ ਲਈ ਅਪਣੀ ਜ਼ਿੰਮੇਵਾਰੀ ਅੱਜ ਵੀ ਚੁੱਕ ਰਿਹਾ ਹੈ। ਪਰ ਅੱਜ ਦੀ ਨੌਜਵਾਨ ਪੀੜ੍ਹੀ ਢੀਠਪੁਣੇ ਦੀਆਂ ਹੱਦਾਂ ਇਥੋਂ ਤਕ ਪਾਰ ਕਰ ਰਹੀ ਹੈ, ਸੱਭ ਕੁੱਝ ਵੇਖਦੇ, ਜਾਣਦੇ ਅਤੇ ਸਮਝਦੇ ਹੋਏ ਅੱਖੋਂ-ਪਰੋਖੇ ਕਰੀ ਜਾ ਰਹੀ ਹੈ। ਭਾਵੇਂ ਕੁੱਝ ਕੁ ਚੰਗੇ ਇਨਸਾਨ ਨੈਤਿਕ ਸਿਖਿਆ ਪ੍ਰਤੀ ਫ਼ਰਜ਼ਾਂ ਲਈ ਸੋਸ਼ਲ ਮੀਡੀਆ ਤੇ ਲਗਾਤਾਰ ਸਾਡੇ ਸਮਾਜ ਨੂੰ ਸੇਧ ਦੇਣ ਵਾਲੀਆਂ ਪੋਸਟਾਂ ਪਾ ਕੇ ਕੋਸ਼ਿਸ਼ਾਂ ਕਰ ਰਹੇ ਹਨ।ਅੱਜ ਦੇ ਸਮੇਂ ਅੰਦਰ ਸਾਂਝੇ ਪ੍ਰਵਾਰ ਟੁੱਟਣ ਕਾਰਨ ਜੋ ਮੋਹ ਬਜ਼ੁਰਗਾਂ ਲਈ ਅੱਜ ਦੀ ਨੌਜੁਆਨ ਪੀੜ੍ਹੀ ਅੰਦਰੋਂ ਖ਼ਤਮ ਹੋ ਰਿਹਾ ਹੈ, ਉਸ ਨੂੰ ਮੁੜ ਪੈਦਾ ਕਰਨਾ ਹੈ। ਬੱਚੇ ਮੋਬਾਈਲ ਉਤੇ ਲੱਗੇ ਰਹਿੰਦੇ ਹਨ। ਪੁਰਾਣੇ ਸਮਿਆਂ ਵਿਚ ਬੱਚੇ ਦਾਦਾ-ਦਾਦੀ ਕੋਲੋਂ ਰਾਤ ਸਮੇਂ ਬਾਤਾਂ ਸੁਣਦੇ ਸਨ, ਉਹ ਨੈਤਿਕ ਸਿਖਿਆ ਨਾਲ ਭਰਪੂਰ ਹੁੰਦੀਆਂ ਸਨ, ਜਿਸ ਕਰ ਕੇ ਬੱਚਿਆਂ ਵਿਚ ਚੰਗੇ ਸੰਸਕਾਰ ਪੈਦਾ ਹੁੰਦੇ ਸਨ ਤੇ ਬਜ਼ੁਰਗਾਂ ਦਾ ਵੀ ਮਨ ਲਗਿਆ ਰਹਿੰਦਾ ਸੀ। ਅੱਜ ਬਜ਼ੁਰਗਾਂ ਦੇ ਇਕੱਲੇਪਣ ਕਾਰਨ ਉਹ ਚਿੜਚਿੜੇ ਹੋ ਚੁੱਕੇ ਹਨ। ਇਸ ਪਾੜੇ ਨੂੰ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਜੇਕਰ ਪੂਰਾ ਕਰੇ ਤਾਂ ਉਹ ਪੁਰਾਣਾ ਨੈਤਿਕ ਸਿਖਿਆ ਦੇਣ ਵਾਲਾ ਸਮਾਂ ਦੁਬਾਰਾ ਆ ਸਕਦਾ ਹੈ ਕਿਉਂਕਿ ਸਾਡੇ ਬਜ਼ੁਰਗ ਮਾਪੇ ਅੱਜ ਵੀ ਨੈਤਿਕਤਾ ਤੋਂ ਜਾਣੂ ਹਨ। ਅੱਜ ਦਾ ਇਨਸਾਨ ਹੈਵਾਨਾਂ ਵਾਂਗ ਦੂਜਿਆਂ ਦੇ ਹੱਕ ਹੜੱਪਣ ਲਈ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ। ਬੋਝ ਬਣ ਚੁੱਕੇ ਬਜ਼ੁਰਗ ਮਾਪਿਆਂ ਨੂੰ ਇਨ੍ਹਾਂ ਬਿਰਧ ਆਸ਼ਰਮਾਂ ਵਿਚ ਸਾਰਾ ਕੁੱਝ ਹੜੱਪ ਕੇ ਲਾਵਾਰਿਸ ਛੱਡ ਦਿਤਾ ਜਾਂਦਾ ਹੈ।

ਟੈਲੀਵਿਜ਼ਨਾਂ ਦੇ ਵੱਖ-ਵੱਖ ਚੈਨਲਾਂ ਉਤੇ ਚਲਦੇ ਪ੍ਰਵਾਰਕ ਰਿਸ਼ਤਿਆਂ ਵਿਚ ਤਰੇੜਾਂ ਪੈਦਾ ਕਰਨ ਵਾਲੇ ਲੜੀਵਾਰ ਵੀ ਅਪਣਾ ਯੋਗਦਾਨ ਵੱਡੀ ਗਿਣਤੀ ਵਿਚ ਪਾ ਰਹੇ ਹਨ। ਜਿਹੜੇ ਬਜ਼ੁਰਗਾਂ ਨੇ ਲੱਕ ਤੋੜਵੀਂ ਮੁਸ਼ੱਕਤ ਕਰ ਕੇ ਅਪਣੀ ਔਲਾਦ ਲਈ ਅਪਣੀ ਸਾਰੀ ਉਮਰ ਲਾ ਦਿਤੀ, ਬੜੇ ਦੁੱਖ ਦੀ ਗੱਲ ਹੈ, ਉਹ ਬਜ਼ੁਰਗ ਅੱਜ ਬਿਰਧ ਆਸ਼ਰਮਾਂ ਦੀਆਂ ਇੱਟਾਂ ਗਿਣ ਰਹੇ ਹਨ। ਕੁੱਝ ਕੁ ਅਮੀਰ ਬੱਚੇ ਅਜਿਹੇ ਵੀ ਹਨ, ਜੋ ਅਪਣੇ ਮਾਂ-ਪਿਉ ਨੂੰ ਮਜਬੂਰੀ ਵੱਸ ਅਪਣੇ ਨਾਲ ਨਹੀਂ ਰੱਖ ਸਕਦੇ ਜਾਂ ਕੁੱਝ ਕੁ ਮਾਂ-ਪਿਉ ਵੀ ਅਪਣੇ ਬੱਚਿਆਂ ਦੀ ਬੰਦਿਸ਼ ਵਿਚ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਉਨ੍ਹਾਂ ਕੋਲ ਧਨ-ਦੌਲਤ ਬਹੁਤ ਹੈ ਅਤੇ ਜ਼ਿੰਦਗੀ ਦੀਆਂ ਸੁੱਖ-ਸਹੂਲਤਾਂ ਵੀ ਵਧੀਆ ਹਨ। ਬੱਚੇ ਅੱਜ ਦੇ ਯੁੱਗ ਵਿਚ ਵਿਚਰਦੇ ਹੋਣ ਕਾਰਨ, ਮਾਂ-ਪਿਉ ਨਾਲ ਆਪਸੀ ਵਿਚਾਰ ਨਾ ਮਿਲਦੇ ਹੋਣ ਕਾਰਨ, ਮਾਣ-ਸਨਮਾਨ ਦੀ ਘਾਟ ਕਰ ਕੇ, ਦੋਰਾਹੇ ਦੇ 'ਹੈਵਨਲੀ ਪੈਲੇਸ' (ਮਹਿੰਗੇ ਬਿਰਧ ਆਸ਼ਰਮ) ਵਰਗੇ ਬਿਰਧ ਆਸ਼ਰਮਾਂ ਵਿਚ ਅਪਣੇ ਤਿਲ-ਤਿਲ ਕਰ ਕੇ ਕਮਾਏ ਹੋਏ ਧਨ ਨੂੰ ਲੁਟਾ ਰਹੇ ਹਨ।
ਇਨ੍ਹਾਂ ਮਹਿੰਗੇ ਬਿਰਧ ਆਸ਼ਰਮਾਂ ਵਿਚ ਪੈਸੇ ਖ਼ਰਚ ਕੇ ਸਹੂਲਤਾਂ ਜਿੰਨੀਆਂ ਮਰਜ਼ੀ ਲੈ ਸਕਦੇ ਹੋ, ਪਰ ਅਪਣੇ ਪੁੱਤਰ, ਨੂੰਹ, ਪੋਤਰੇ, ਪੋਤਰੀਆਂ ਨਾਲ ਰਹਿ ਕੇ ਜੋ ਸਨਮਾਨ ਅਤੇ ਸਕੂਨ ਮਿਲਦਾ ਹੈ, ਉਹ ਮੁੱਲ ਨਹੀਂ ਖ਼ਰੀਦਿਆ ਜਾ ਸਕਦਾ। ਇਹ ਸਾਰਾ ਕੁੱਝ ਸੋਨੇ ਦੇ ਪਿੰਜਰੇ ਦੀ ਨਿਆਈਂ ਹੈ। ਅੱਜ ਦੇ ਸਮੇਂ ਅੰਦਰ ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਅਪਣੇ ਟਾਹਣੇ, ਟਾਹਣੀਆਂ, ਪੱਤਿਆਂ ਅਤੇ ਫਲਾਂ ਨੂੰ ਸੰਭਾਲ ਕੇ ਰੱਖਣ ਅਤੇ ਨਾਲ ਨਾਲ ਟਾਹਣੇ, ਟਾਹਣੀਆਂ ਅਤੇ ਫਲਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਤਕ ਜੜ੍ਹਾਂ ਤੇ ਤਣੇ ਮਜ਼ਬੂਤ ਹਨ, ਉਦੋਂ ਤਕ ਹੀ ਸਾਰਾ ਦਰੱਖ਼ਤ ਹਰਿਆ-ਭਰਿਆ ਹੈ, ਨਹੀਂ ਤਾਂ ਸਮਾਂ ਪੈਣ ਤੇ ਸਾਰਾ ਦਰੱਖ਼ਤ ਹੀ ਸੁੱਕ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement