ਕਿੰਨਾ ਸੱਚ ਕਿੰਨਾ ਕੱਚ
Published : Jul 20, 2018, 12:23 am IST
Updated : Jul 20, 2018, 12:23 am IST
SHARE ARTICLE
Drugs
Drugs

ਅੱਜ ਦੇ ਦਿਨ ਮੈਂ ਉਮਰਾਂ ਦੀ ਪੌੜੀ ਦੇ ਇਕੱਤਰਵੇਂ ਡੰਡੇ ਉਤੇ ਛਲਾਂਗ ਲਗਾ ਚੁੱਕਾ ਹਾਂ............

ਅੱਜ ਦੇ ਦਿਨ ਮੈਂ ਉਮਰਾਂ ਦੀ ਪੌੜੀ ਦੇ ਇਕੱਤਰਵੇਂ ਡੰਡੇ ਉਤੇ ਛਲਾਂਗ ਲਗਾ ਚੁੱਕਾ ਹਾਂ। ਲਗਭਗ ਤੀਹ ਸਾਲ ਮਾਸਟਰੀ ਕੀਤੀ, ਉਪਰੰਤ ਤੇਰਾਂ ਸਾਲ ਰਿਟਾਇਰਮੈਂਟ ਨੂੰ ਵੀ ਹੋ ਚੁੱਕੇ ਹਨ। ਸਕੂਲ ਤੇ ਕਲਾਜ ਦੀ ਪੜ੍ਹਾਈ ਦੇ ਦਿਨਾਂ ਵਿਚ ਮੇਰਾ ਮਨ ਪਸੰਦ ਟਿਕਾਣਾ ਖੇਤਾਂ ਵਿਚ ਟਿਊਬਵੈੱਲ ਉਤੇ ਹੁੰਦਾ ਸੀ। ਇਥੇ ਇਕਾਂਤ ਦੀ ਬੁੱਕਲ ਵਿਚ ਮੇਰੇ ਮਾਮਾ ਜੀ, ਜੋ ਗਿਆਨੀ ਅਮਲੀ ਦੇ ਨਾਂ ਨਾਲ ਮਸ਼ਹੂਰ ਸਨ, ਵੇਲੇ ਕੁਵੇਲੇ ਮੈਨੂੰ ਚਾਹ ਪਾਣੀ ਪਹੁੰਚਾ ਦਿੰਦੇ ਸਨ। ਗਿਆਨੀ ਹੋਰੀਂ ਪੋਸਤ ਦਾ ਅਮਲ ਲਗਾ ਬੈਠੇ ਸਨ। ਇਸ ਕਰ ਕੇ ਉਨ੍ਹਾਂ ਦੀ ਗਿਆਨੀ ਪਛਾਣ ਉਤੇ ਅਮਲੀ ਬੁਰਿਆਈ ਜ਼ਿਆਦਾ ਭਾਰੂ ਸੀ।

ਇਸ ਗਿਆਨੀ ਅਮਲੀ ਨੇ ਸਿਆਣਪ ਇਹ ਵਰਤੀ ਕਿ ਵਿਆਹ ਨਹੀਂ ਸੀ ਕਰਵਾਇਆ। ਵਿਆਹ ਦੀ ਗ਼ਲਤੀ ਕਰ ਬਹਿੰਦੇ ਤਾਂ ਮਾਮੀ ਦੇ ਕਿੰਨੇ ਹੀ ਮਾਸੂਮ ਲਾਡਲੇ ਰੁਲ ਖੁਲ੍ਹ ਜਾਣੇ ਸਨ। ਛੋਟਾ ਮੂੰਹ ਵੱਡੀ ਬਾਤ, ਮੈਂ ਗਿਆਨੀ ਅਮਲੀ ਨੂੰ ਤਾੜਨਾ ਕਰ ਦਿਤੀ ਸੀ ਕਿ ਕਿਤੇ ਵੀ ਦੂਜੇ ਜੀਅ ਨੂੰ ਅਮਲ ਦੀ ਲਾਨਤ ਵਿਚ ਨਹੀਂ ਧਕਣਾ। ਅਮਲੀ ਨੇ ਮੇਰੀ ਕਹਿਣ ਤੇ ਅਮਲ ਕੀਤਾ। ਉਪਰੋਕਤ ਭੂਮਿਕਾ ਪੇਸ਼ ਕਰਨ ਦਾ ਮੇਰਾ ਮਨੋਰਥ ਇਹ ਹੈ ਕਿ ਅਮਲੀ ਦੀ ਸੰਗਤ ਕਰਨ ਦੇ ਬਾਵਜੂਦ ਵੀ ਮੈਨੂੰ ਤਾਂ ਕੀ, ਮੇਰੇ ਪ੍ਰਵਾਰ ਦੇ ਕਿਸੇ ਜੀਅ ਜਾਂ ਪਿੰਡ ਦੇ ਕਿਸੇ ਸੱਜਣ ਨੂੰ ਗਿਆਨੀ ਅਮਲੀ ਦੀ ਹੱਟੀ ਤੋਂ ਅਮਲ ਦਾ ਸੌਦਾ-ਪੱਤਾ ਖ਼ਰੀਦਣ ਦੀ ਲੋੜ ਨਹੀਂ ਸੀ ਪਈ।

ਅਕਸਰ ਕਹਾਵਤ ਮੱਥੇ ਮੜ੍ਹ ਦਿਤੀ ਜਾਂਦੀ ਹੈ ਕਿ 'ਜੈਸੀ ਸੰਗਤ ਵੈਸੀ ਰੰਗਤ', ਪਰ ਮੇਰਾ ਮੰਨਣਾ ਹੈ ਕਿ ਮਾੜੀ ਸੰਗਤ ਦੀ ਰੰਗ ਮਾੜੀ ਸੋਚ ਵਾਲੇ ਜਾਂ ਡਾਵਾਂਡੋਲ ਲੋਕਾਂ ਉਤੇ ਚੜ੍ਹਦਾ ਹੈ। ਚੜ੍ਹਦੀਕਲਾ ਦੇ ਧਾਰਨੀ ਕਮਲ ਦੇ ਫੁੱਲ ਵਾਂਗ ਦੁਨਿਆਵੀ ਛੱਪੜਾਂ ਦੇ ਚਿੱਕੜ ਤੋਂ ਨਿਰਲੇਪ ਰਹਿੰਦੇ ਹਨ। ਇਹ ਗੱਲ ਵਖਰੀ ਹੈ ਕਿ ਸਰਬੰਸਦਾਨੀ ਹਜ਼ੂਰ ਗੁਰੂ ਦੀ ਨਗਰੀ ਸ੍ਰੀ ਹਜ਼ੂਰ ਸਾਹਿਬ ਤੇ ਗਵਾਲੀਅਰ ਦੇ ਮੁਕਤੀਦਾਤਾ ਗੁਰੂ ਦੀ ਨਗਰੀ ਆਦਿ ਦੇ ਦਰਸ਼ਨਾਂ ਦੇ ਓਹਲੇ ਕਈ ਲੋਕ ਅਮਲ ਦਾ ਝੱਸ ਪੂਰਾ ਕਰਨ ਜਾਂਦੇ ਹਨ। ਆਉਂਦੇ ਹੋਏ ਪ੍ਰਸ਼ਾਦ ਦੀ ਥਾਂ ਪੋਸਤ ਦੀਆਂ ਪੋਟਲੀਆਂ ਬੰਨ੍ਹ ਲਿਆਉਂਦੇ ਹਨ। ਕਿਰਾਇਆ ਭਾੜਾ ਪੂਰਾ ਕਰ ਲੈਂਦੇ ਹਨ।

ਕਿਸ ਨੂੰ ਨਹੀਂ ਪਤਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਸਾਹਮਣੇ ਘੱਟੋ-ਘੱਟ 10 ਦੁਕਾਨਾਂ ਦਸ ਨੰਬਰ ਦਾ ਧੰਦਾ ਕਰ ਰਹੀਆਂ ਹਨ। ਕਿਸ ਨੂੰ ਨਹੀਂ ਪਤਾ ਕਿ 'ਛੋਟੀਆਂ ਜ਼ਿੰਦਾਂ ਵੱਡੇ ਸਾਕੇ' ਦਾ ਇਤਿਹਾਸ ਸਿਰਜਣ ਹਾਰਿਆਂ ਦੇ ਸ਼ਹੀਦੀ ਦਿਹਾੜੇ ਉਤੇ ਲੱਗੀਆਂ ਭੰਗ ਦੀਆਂ ਦੁਕਾਨਾਂ ਉਤੇ ਭੀੜਾਂ ਜੁਟਦੀਆਂ ਹਨ। 'ਡਿਠੇ ਸਭੈ ਥਾਵਿ ਨਹੀਂ ਤੁਧ ਜੇਹਿਆ' ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਨਗਰੀ ਵੀ ਨਸ਼ੇ ਵਿਕਣ ਵਿਕਾਉਣ ਦੀ ਬੁਰਿਆਈ ਤੋਂ ਮੁਕਤ ਨਹੀਂ ਹੋਈ। ਕੀ ਇਹ ਸਮਝ ਲਿਆ ਜਾਵੇ ਕਿ ਧਰਮੀ ਹਾਲੇ ਵਿਦੇਸ਼ੋਂ ਨਹੀਂ ਮੁੜੇ?

ਪਰ ਤੂਕ ਕੀ ਲੈਣੇ, ਚੱਲਣ ਦੇ ਗੱਡੀ, ਕਹਿ ਕੇ ਅਨੇਕਾਂ ਦੀ ਧੁਰ ਦੀ ਗੱਡੀ ਦੀ ਟਿਕਟ ਕਟਵਾ ਰਹੇ ਹਨ, ਸਾਡੇ ਅਪਣੇ ਹੀ। ਮਰਜ਼ ਵੱਧ ਚੁੱਕਾ ਹੈ। ਮਾਰੀ ਜਾਉ ਟੱਕਰਾਂ ਨਸ਼ੇ ਛੁਡਾਉ ਕੇਂਦਰਾਂ ਦੀਆਂ ਕੰਧਾਂ ਨਾਲ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਤੁਰੰਤ ਬਾਅਦ ਪੰਜਾਬ ਵਿਚ ਅਜਿਹੀ ਮਾਰੂ ਹਨੇਰੀ ਵਰਗੀ ਕਿ ਇਕ ਸਿਵੇ ਦੀ ਰਾਖ ਠੰਢੀ ਵੀ ਨਹੀਂ ਹੁੰਦੀ ਸੀ, ਦਸ-ਦਸ ਦਾ ਬਾਲਣ ਹੋਰ ਇਕੱਠਾ ਕਰਨਾ ਪੈ ਰਿਹਾ ਸੀ। ਅੱਜ ਵੀ ਉਹੀ ਹਾਲਾਤ ਮੁੜ ਪੰਜਾਬ ਹੰਢਾ ਰਿਹਾ ਹੈ। ਕੀ ਮੰਨ ਲਿਆ ਜਾਵੇ ਕਿ ਪੰਜਾਬ ਦੀ ਕਿਸਮਤ ਮਾੜੀ ਹੈ? ਨਹੀਂ! ਨਹੀਂ! ਹਰਗਿਜ਼ ਨਹੀਂ! ਕਿਸਮਤ ਮਾੜੀ-ਮੁੜੀ ਨਹੀਂ, ਆਪ ਹੀ ਮਾੜੇ ਹਾਂ ਅਸੀ। 

ਪਾਕਿਸਤਾਨ ਦੀ ਸਰਹੱਦ ਭਾਰਤ ਤੋਂ ਛੁੱਟ ਹੋਰਨਾਂ ਮੁਲਕਾਂ ਖ਼ਾਸ ਕਰ ਕੇ ਬਰਮਾ, ਨੇਪਾਲ, ਚੀਨ ਆਦਿ ਨਾਲ ਵੀ ਲਗਦੀ ਹੈ। ਦੇਸ਼ਾਂ-ਵਿਦੇਸ਼ਾਂ ਦੀਆਂ ਖ਼ਬਰਾਂ ਵਿਚ ਕਦੇ ਪੜ੍ਹਿਆ ਸੁਣਿਆ ਨਹੀਂ ਕਿ ਪਾਕਿਸਤਾਨ ਇਨ੍ਹਾਂ ਦੇਸ਼ਾਂ ਨੂੰ ਵੀ ਮਾਰੂ ਨਸ਼ੇ ਸਪਲਾਈ ਕਰਦਾ ਹੈ। ਅਸਲ ਵਿਚ ਘੁਮਿਆਰੀ ਵੀ ਅਪਣੇ ਕੱਚੇ ਭਾਂਡੇ ਦੇ ਸੱਚ ਨੂੰ ਮੰਨਣ ਲਈ ਤਿਆਰ ਨਹੀਂ, ਰਾਣੀ ਨੂੰ ਕੌਣ ਆਖੇ ਅੱਗਾ ਢੱਕ? ਸਾਡੇ ਪ੍ਰਵਾਰਕ ਢਾਂਚੇ ਨੂੰ ਲੱਗੀ ਢਾਹ ਦਾ ਨਤੀਜਾ ਹੈ ਕਿ ਬੱਚਾ ਆਏ ਗਏ ਦੀ ਸੇਵਾ ਤੋਂ ਸਿਖਦਾ-ਸਿਖਦਾ ਬੋਤਲ ਨੂੰ ਮੂੰਹ ਮਾਰਨ ਜੋਗਾ ਹੋ ਜਾਂਦਾ ਹੈ।

ਫਿਰ ਅਕਾਲੀ ਤੇ ਕਾਂਗਰਸੀ ਮਾਰਕਾ ਬੋਤਲਾਂ ਤੋਂ ਖਹਿੜਾ ਛੁਡਾਉਣਾ ਕਿਸੇ ਮਾਈ ਦੇ ਲਾਲ ਦੇ ਵੱਸ ਤੋਂ ਬਾਹਰਲੀ ਕਹਾਣੀ ਹੋ ਨਿਬੜਦੀ ਹੈ। ਹੋਰ ਤਾਂ ਹੋਰ ਇਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹਿਆ। ਪਿਛਲੇ  ਕੁੱਝ ਦਿਨਾਂ ਵਿਚ ਨਸ਼ਿਆਂ ਨੇ ਕਈ ਘਰਾਂ ਦੇ ਚਰਾਗ ਬੁਝਾਏ, ਅਖ਼ਬਾਰਾਂ ਦੀਆਂ ਸੁਰਖੀਆਂ ਚਰਚਾ ਵਿਚ ਰਹੀਆਂ। ਪ੍ਰੰਤੂ ਜਿਸ ਨੇ ਮਰਨ ਦਾ ਤਹੀਆ ਕੀਤਾ ਹੋਵੇ, ਉਸ ਨੇ ਮਰਨਾ ਹੀ ਮਰਨਾ ਹੈ। ਅੱਜ ਨਹੀਂ ਤੇ ਕੱਲ ਉਹ ਮਰਿਆ ਮਿਲੇਗਾ। ਅਜੋਕੇ ਮਰਨ ਤੇ ਵਿਰਲਾਪ ਕਿਉਂ? ਸਗੋਂ ਮਾਪੇ ਸ਼ੁਕਰਾਨੇ ਦੀ ਅਰਦਾਸ ਕਰਾਉਣ ਕਿ ਕੁਲਹਿਣੇ ਤੋਂ ਛੁਟਕਾਰਾ ਮਿਲਿਆ। ਰਸੋਈ ਦੇ ਕੁੱਝ ਭਾਂਡੇ ਤਾਂ ਵਿਕਣੋਂ ਬਚੇ।

ਮਾਂ ਵੰਨੀ ਜ਼ਮੀਨ ਨਸ਼ੇ ਦੀ ਭੇਟ ਚੜ੍ਹਾਉਣ ਵਾਲਾ ਕਿਵੇਂ ਹੋਇਆ ਘਰ ਦਾ ਚਿਰਾਗ਼? ਨਸ਼ੇ ਦੀ ਤੜਪ ਵਿਚ ਅੰਨ੍ਹਾ ਹੋਇਆ ਮਾਂ-ਪਿਉ, ਭੈਣ-ਭਰਾਵਾਂ ਦਾ ਕਾਤਲ ਕਿਸੇ ਪੱਖੋਂ ਵੀ ਘਰ ਦਾ ਚਿਰਾਗ਼ ਨਹੀਂ ਹੋ ਸਕਦਾ। ਸੱਚ ਇਹ ਕਿ ਘਰ ਦਾ ਦੀਵਾ ਗੁੱਲ ਕਰਨ ਵਾਲਾ ਕੁਲੱਛਣਾ, ਕਲਹਿਣਾ ਦੁੱਤ ਕਾਰਨ ਯੋਗ ਹੈ। ਬਲਾਤਕਾਰੀ ਡੇਰੇਦਾਰਾਂ ਪ੍ਰਤੀ ਅੰਨ੍ਹੀ ਸ਼ਰਧਾ ਦਾ ਨਸ਼ਾ, ਅਖੌਤੀ ਧਾਰਮਕ ਅਸਥਾਨਾਂ ਉਤੇ ਭੀੜਾਂ ਦੇ ਭਾਗੀਦਾਰ ਬਣਨ ਦਾ ਨਸ਼ਾ, ਨੰਗੇਜ਼ਪਨ ਦਾ ਨਸ਼ਾ, ਘਰੋਂ ਉਧਲ ਜਾਣ ਜਾਂ ਉਧਾਲਣ ਦਾ ਨਸ਼ਾ, ਗਾਉਣ ਵਜਾਉਣ ਦੇ ਨਾਂ ਹੇਠ ਸਭਿਆਚਾਰ ਨੂੰ ਲੀਰੋ-ਲੀਰ ਕਰਨ ਦਾ ਨਸ਼ਾ ਅਜੋਕੇ ਨਸ਼ੇੜੀ ਜਾਇਆਂ ਹੱਥੋਂ ਪੰਜਾਬ ਕਿਰ ਚੁੱਕਾ ਹੈ।

ਭਾਵੇਂ ਸਿਆਸਤਦਾਨ ਹੋਣ, ਧਰਮ ਦੇ ਠੇਕੇਦਾਰ ਹੋਣ, ਭਾਵੇਂ ਪਾਪਣ ਪੁਲਿਸ ਹੋਵੇ। ਸੱਭ ਨਸ਼ੇ ਨਹਾਏ ਹੋਏ ਹਨ। ਪਾਪਾਂ ਦਾ ਘੜਾ ਭਰ ਚੁੱਕਾ ਹੈ। ਭਜੋ, ਕਿਥੇ ਜਾਉਗੇ ਭੱਜ ਕੇ। ਗੁਰੂਆਂ ਪੀਰਾਂ ਦੀ ਚਰਨ ਛੋਹ ਭੋਏਂ ਕਦੇ ਮਾਫ਼ ਨਹੀਂ ਕਰੇਗੀ ਧਾੜਵੀਆਂ ਨੂੰ। ਪੰਜ+ਆਬ ਵਿਚ ਨਸ਼ਿਆਂ ਦਾ ਜ਼ਹਿਰ ਘੋਲਣ ਵਾਲਿਉ, ਕੰਨ ਧਰੋ! ਚੀਨ ਕਦੇ ਨਸ਼ੇੜੀਆਂ ਦਾ ਦੇਸ਼ ਹੁੰਦਾ ਸੀ। ਰੱਬ ਦੀ ਕਰੋਪੀ ਤੇ ਭੁਲੇਖੇ ਲੱਖਾਂ ਲੋਕ ਅਜਾਈਂ ਮਰ ਰਹੇ ਸਨ। ਹਾਲਾਂਕਿ ਮੌਤਾਂ ਪਿਛੇ ਮੂਲ ਕਾਰਨ ਨਸ਼ੇ ਦਾ ਜ਼ਹਿਰ ਸੀ। ਉਥੋਂ ਦੇ ਕਮਿਊਨਿਸ਼ਟਾਂ ਦੇ ਹੰਭਲੇ ਸਦਕਾ 'ਰੱਬੀ ਕਰੋਪੀ ਦਾ ਭੂਤ ਮਾਰ ਮੁਕਾਇਆ ਗਿਆ।

ਨਸ਼ੇ ਦੀ ਤਿਲਾਂਜਲੀ ਦੇ ਨਾਲ-ਨਾਲ ਹੱਥੀਂ ਕਿਰਤ ਦਾ ਇਨਕਲਾਬ ਸਿਰ ਚੜ੍ਹ ਗੂੰਜਿਆ। ਨਤੀਜੇ ਵਜੋਂ ਅਫ਼ੀਮਚੀਆਂ ਦਾ ਬਦਨਾਮ ਦੇਸ਼ ਚੀਨ ਅੱਜ ਮਹਾਂਸ਼ਕਤੀ ਦੇ ਸਿਘਾਸਨ ਤੇ ਬਿਰਾਜਮਾਨ ਹੈ। ਸੋ ਸੁਣੋ! ਅਪਣੇ ਦੇਸ਼, ਖ਼ਾਸ ਕਰ ਕੇ ਪੰਜਾਬ ਦੇ ਸ਼ਹੀਦਾਂ-ਮੁਰੀਦਾਂ ਦੀ ਮਾਣਮਤੀ ਤਵਾਰੀਖ਼ ਦੇਰ-ਸਵੇਰ ਆਉਣ ਵਾਲੀਆਂ ਨਸਲਾਂ ਨੇ ਪੜ੍ਹਨੀ, ਪੜ੍ਹਾਉਣੀ ਹੈ। ਫਟਕਾਰ ਤੋਂ ਛੁਟ ਕੁੱਝ ਨਹੀਂ ਆਉਣਾ ਤੁਹਾਡੇ ਹਿੱਸੇ। ਮੂਧੇ ਮੂੰਹ ਡਿੱਗੇ ਨਸ਼ੇੜੀਆਂ ਅਤੇ ਉਨ੍ਹਾਂ ਦੇ ਪੁਸ਼ਤ-ਪਨਾਹੀਆਂ ਦੇ ਕੱਚੇ ਪਰ ਸੱਚੇ ਚਿੱਠੇ ਸੁਣਾਉਂਦੀਆਂ ਘਰਵਾਲੇ ਘਰ ਖਲਕਤ ਵੇਖੇਗੀ ਤੇ ਦੇਸ਼ਾਂ ਵਿਚੋਂ ਸੋਹਣਾ ਪੰਜਾਬ ਦੀ ਨਿਘਰੀ ਹਾਲਤ ਤੇ ਖ਼ੂਨ ਦੇ ਹੰਝੂ ਕੇਰੇਗੀ।        ਸੰਪਰਕ : 094669-38792

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement