ਜਿਸ ਅਸਥਾਨ 'ਤੇ ਹਰ ਮਨੁੱਖ ਦਾ ਦਿਲ ਗੋਤੇ ਖਾਂਦਾ ਹੈ ਗੁਰਦਆਰਾ ਸ੍ਰੀ ਪ੍ਰਵਾਰ ਵਿਛੋੜਾ ਸਾਹਿਬ

By : GAGANDEEP

Published : Nov 20, 2022, 6:59 pm IST
Updated : Nov 20, 2022, 7:09 pm IST
SHARE ARTICLE
PHOTO
PHOTO

ਹਰ ਗੁਰਦਵਾਰਾ ਸਿੱਖ ਇਤਿਹਾਸ ਦੀ ਮਾਲਾ ਦੀ ਲੜੀ ਵਿਚ ਇਕ ਮੋਤੀ ਵਾਂਗ ਪਰੋਇਆ ਮਿਲਦਾ ਹੈ

ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਤੀ ਤੇ ਜਿਥੇ-ਜਿਥੇ ਵੀ ਗੁਰਦਵਾਰਾ ਸਾਹਿਬ ਸੁਸ਼ੋਭਿਤ ਹਨ, ਉਸ ਥਾਂ ਦਾ ਵਿਲੱਖਣ ਇਤਿਹਾਸ ਹੈ ਜਿਸ ਤੇ ਪੂਰੇ ਸਿੱਖ ਜਗਤ ਨੂੰ ਮਾਣ ਹੈ। ਹਰ ਗੁਰਦਵਾਰਾ ਸਿੱਖ ਇਤਿਹਾਸ ਦੀ ਮਾਲਾ ਦੀ ਲੜੀ ਵਿਚ ਇਕ ਮੋਤੀ ਵਾਂਗ ਪਰੋਇਆ ਮਿਲਦਾ ਹੈ ਪਰ ਇਕ ਅਸਥਾਨ ਅਜਿਹਾ ਵੀ ਹੈ ਜਿਥੇ ਦਰਸ਼ਨ ਕਰ ਕੇ ਮਨੁੱਖ ਦਾ ਦਿਲ ਗੋਤੇ ਜਿਹੇ ਖਾਣ ਲਗਦਾ ਹੈ ਕਿਉਂਕਿ ਇਸ ਦਾ ਇਤਿਹਾਸ ਬਿਲਕੁਲ ਵਿਲੱਖਣ ਅਤੇ ਅਚੰਭੇ ਵਾਲਾ ਹੈ। ਇਹ ਅਸਥਾਨ ਹੈ ਰੋਪੜ-ਅਨੰਦਪੁਰ ਸਾਹਿਬ ਦੇ ਰਸਤੇ ਵਿਚ ਪੈਂਦੇ ਸਿਰਸਾ ਨਦੀ ਦੇ ਕਿਨਾਰੇ ਮੁੱਖ ਸੜਕ ਤੋਂ ਦੋ ਕਿਲੋਮੀਟਰ ਪੱਛਮ ਵਲ ਸਥਿਤ ਇਤਿਹਾਸਕ ਗੁਰਦਵਾਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ।

ਗੁਰਦਵਾਰਾ ਪ੍ਰਵਾਰ ਵਿਛੋੜਾ ਸਾਹਿਬ ਦਾ ਇਤਿਹਾਸਕ ਪਿਛੋਕੜ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਥਾਂ ਤੇ ਪੋਹ ਸੰਮਤ 1761 ਦੀ ਠੰਢੀ ਰਾਤ ਅਤੇ ਸਿਆਲੂ ਬਰਸਾਤ ਨੇ ਸਿੱਖ ਇਤਿਹਾਸ ਨੂੰ ਇਕ ਜ਼ਬਰਦਸਤ ਮੋੜ ਦਿਤਾ। ਜਦੋਂ ਪੂਰੇ ਦਾ ਪੂਰਾ ਗੁਰੂ ਪ੍ਰਵਾਰ ਤਿੰਨ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਇਨ੍ਹਾਂ ਤਿੰਨ ਹਿੱਸਿਆਂ ਨੇ ਸਿੱਖ ਇਤਿਹਾਸ ਨੂੰ ਵੱਖ-ਵੱਖ ਰੂਪਾਂ ਵਿਚ ਵੰਡ ਦਿਤਾ। ਅਸੀ ਜਾਣਦੇ ਹਾਂ ਕਿ ਜਦੋਂ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਫ਼ੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਲਗਾਤਾਰ 8 ਮਹੀਨੇ ਘੇਰਾ ਪਾਈ ਰਖਿਆ ਤਾਂ ਕਿਲ੍ਹੇ ਵਿਚ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਉਣ ਲਗੀਆਂ। ਕਿਸੇ ਹਥੋਂ ਵੀ ਮਾਰ ਨਾ ਖਾਣ ਵਾਲਾ ਖ਼ਾਲਸਾ ਭੁੱਖ ਨੇ ਬੇਹਾਲ ਕਰ ਦਿਤਾ। ਉਧਰ ਦੁਸ਼ਮਣਾਂ ਦੀਆਂ ਝੂਠੀਆਂ ਕਸਮਾਂ ਅਤੇ ਫ਼ਰੇਬੀ ਚਿੱਠੀਆਂ ਨੇ ਗੁਰੂ ਜੀ ਅਤੇ ਸਿੰਘਾਂ ਨੂੰ ਕਿਲ੍ਹਾ ਛੱਡਣ ਲਈ ਮਜਬੂਰ ਕਰ ਦਿਤਾ। 

ਅੰਤ 20 ਦਸੰਬਰ ਸੰਨ 1704 ਨੂੰ ਗੁਰੂ ਜੀ ਨੇ ਅਪਣੇ ਚਾਰੇ ਪੁੱਤਰਾਂ, ਮਾਤਾ ਗੁਜਰੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਅਤੇ ਲਗਭਗ ਡੇਢ ਹਜ਼ਾਰ ਸਿੰਘਾਂ, ਸਿੰਘਣੀਆਂ ਸਮੇਤ ਅੱਧੀ ਰਾਤ ਨੂੰ ਕਿਲ੍ਹਾ ਖ਼ਾਲੀ ਕਰ ਕੇ ਰੋਪੜ ਵਲ ਨੂੰ ਚਾਲੇ ਪਾ ਦਿਤੇ। ਪਰ ਕਿਉਂਕਿ ਮੁਗ਼ਲ ਫ਼ੌਜਾਂ ਦੇ ਮਨ ਬੇਈਮਾਨ ਸਨ, ਇਸ ਲਈ ਉਨ੍ਹਾਂ ਨੇ ਸਾਰੀਆਂ ਕਸਮਾਂ ਤੋੜ ਕੇ ਗੁਰੂ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ ਅਤੇ ਸਰਸਾ ਦੇ ਕੰਢੇ ਜਾ ਕੇ ਘਮਸਾਨ ਦਾ ਯੁੱਧ ਹੋਇਆ। ਅੱਗੇ ਸਰਸਾ ਬਰਸਾਤੀ ਨਾਲਾ ਹੋਣ ਕਰ ਕੇ ਮੀਂਹ ਕਾਰਨ ਪੂਰਾ ਭਰ ਕੇ ਚੱਲ ਰਿਹਾ ਸੀੇ। ਸਰਸਾ ਦਾ ਪਾਣੀ ਅੰਤਾਂ ਦਾ ਠੰਢਾ ਅਤੇ ਛੱਲਾਂ ਮਾਰ ਰਿਹਾ ਸੀ। ਗੁਰੂ ਜੀ ਨੇ ਬਾਬਾ ਅਜੀਤ ਸਿੰਘ ਅਤੇ ਕੁੱਝ ਸਿੰਘਾਂ ਨੂੰ ਦੁਸ਼ਮਣ ਨੂੰ ਰੋਕਣ ਲਈ ਭੇਜ ਦਿਤਾ ਅਤੇ ਬਾਕੀ ਜਥਿਆਂ ਨੂੰ ਸਰਸਾ ਪਾਰ ਕਰਨ ਦਾ ਹੁਕਮ ਦੇ ਦਿਤਾ। ਭਾਈ ਬਚਿੱਤਰ ਸਿੰਘ ਨੂੰ 100 ਸਿੰਘਾਂ ਸਮੇਤ ਰੋਪੜ ਵਲੋਂ ਆਉਂਦੇ ਮੁਗ਼ਲ ਕਾਫ਼ਲੇ ਨੂੰ ਰੋਕਣ ਲਈ ਭੇਜ ਦਿਤਾ।

ਸਾਹਿਬਜ਼ਾਦਾ ਅਜੀਤ ਸਿੰਘ ਨੇ ਕੁੱਝ ਜੁਝਾਰੂ ਸਿੰਘਾਂ ਨਾਲ ਮਿਲ ਕੇ ਦੁਸ਼ਮਣਾਂ ਨੂੰ ਅੱਗੇ ਵਧਣ ਤੋਂ ਰੋਕਿਆ। ਪਰ ਇਤਿਹਾਸ ਅਨੁਸਾਰ ਅੰਮ੍ਰਿਤ ਵੇਲਾ ਹੋਣ ਕਾਰਨ ਗੁਰੂ ਜੀ ਨੇ ਨਿਤਨੇਮ ਕਰਨ ਲਈ ਦਰਬਾਰ ਸਜਾ ਲਿਆ ਅਤੇ ਉਪਰੋਂ ਬਾਰਿਸ਼, ਅੰਤਾਂ ਦੀ ਠੰਢ ਅਤੇ ਦੁਸ਼ਮਣਾਂ ਦੇ ਤੀਰਾਂ, ਗੋਲੀਆਂ ਦੀ ਪ੍ਰਵਾਹ ਕੀਤੇ ਬਿਨਾਂ ਅਪਣਾ ਨਿਤਨੇਮ ਜਾਰੀ ਰਖਿਆ। ਇਥੇ ਹੀ ਗੁਰੂ ਜੀ ਨੇ ਅਨੇਕਾਂ ਮੁਸ਼ਕਲਾਂ ਦੇ ਚਲਦਿਆਂ ਸਿੰਘਾਂ ਨੂੰ ਫੁਰਮਾਨ ਕੀਤਾ ਸੀ- ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ-ਭਾਂਤਿ ਬਚਾਵੈ॥ ਸੱਤ੍ਰ ਅਨੇਕ ਚਲਾਵਤ ਘਾਵ ਤਊ॥ ਤਨ ਏਕ ਨਾ ਲਾਗਨ ਪਾਵੈ॥ ਰਾਖਤ ਹੈ ਅਪਨੋ ਕਰ ਦੈ ਕਰ॥ ਪਾਪ ਸੰਬੂਹ ਨ ਭੇਟਨ ਪਾਵੈ॥ ਔਰ ਕੀ ਬਾਤ ਕਹਾ ਕਹ ਤੋ ਸੌਂ॥ ਸ਼ ਪੇਟ ਹੀ ਕੇ ਪਟ ਬੀਚ ਬਚਾਵੈ॥

ਪਰ ਰਾਤ ਦੇ ਸਮੇਂ ਘਮਸਾਨ ਦੇ ਯੁੱਧ ਵਿਚ ਸਰਸਾ ਨਦੀ ਦੇ ਕੰਢੇ ਤੇ ਕਈ ਸਿੰਘ ਸੂਰਮੇ ਸ਼ਹੀਦੀਆਂ ਪਾ ਗਏ। ਜਿਨ੍ਹਾਂ ਸੂਰਮਿਆਂ ਨੇ ਸਰਸਾ ਨਦੀ ਦੇ ਕੰਢੇ ਜੂਝਦਿਆਂ ਸ਼ਹੀਦੀਆਂ ਪਾਈਆਂ ਉਨ੍ਹਾਂ ਵਿਚ ਭਾਈ ਊਦੇ ਸਿੰਘ ਅਤੇ ਰਾਜਪੂਤ ਸ਼ੇਰਨੀ ਬੀਬੀ ਭਿੱਖਾ ਜੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਪ੍ਰਸਿਧ ਲੇਖਕ ਡਾ. ਹਰਜਿੰਦਰ ਸਿੰਘ ‘ਦਲਗੀਰ’ ਨੇ ਲਿਖਿਆ ਹੈ ਕਿ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਨੇ ਵੀ ਸਰਸਾ ਨਦੀ ਦੇ ਕੰਢੇ ਦੁਸ਼ਮਣਾਂ ਨਾਲ ਲੋਹਾਂ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ।
ਜੂਝ ਕੇ ਲੜ ਮਰਨ ਤੋਂ ਇਲਾਵਾ ਬਹੁਤ ਸਾਰੇ ਸਿੰਘ ਅਤੇ ਅੰਤਾਂ ਦਾ ਸਿੱਖ ਇਤਿਹਾਸ ਅਤੇ ਸਾਹਿਤ ਵੀ ਸਰਸਾ ਦੇ ਪਾਣੀ ਦੀ ਭੇਟ ਚੜ੍ਹ ਗਿਆ। ਇਸ ਮੁਸ਼ਕਲ ਦੀ ਘੜੀ ਵਿਚ ਗੁਰੂ ਪ੍ਰਵਾਰ ਵੀ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਸਿੱਖਾਂ ਲਈ ਇਹ ਵੱਡਾ ਰੋਂਗਟੇ ਖੜੇ ਕਰਨ ਵਾਲਾ ਭਾਣਾ ਵਰਤਿਆ ਸੀ।

ਇਤਿਹਾਸ ਅਨੁਸਾਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਪ੍ਰਵਾਰ ਤੋਂ ਵਿਛੜ ਕੇ ਨਦੀ ਦੇ ਨਾਲ-ਨਾਲ ਚਲਦੇ ਹੋਏ ਬਾਬਾ ਕੂਮਾ ਮਾਸ਼ਕੀ ਦੀ ਝੌਂਪੜੀ ’ਚ ਪਹੁੰਚ ਗਏ। ਕੂਮੇ ਨੇ ਮਾਤਾ ਗੁਜਰੀ ਜੀ ਨੂੰ ਦਸਿਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਾਲੇ ਗੁਰੂ ਸਾਹਿਬ ਨੂੰ ਜਾਣਦੇ ਸਨ ਅਤੇ ਇਹ ਵੇਖ ਕੇ ਕਿ ਉਸ ਦੀ ਝੌਂਪੜੀ ਵਿਚ ਦਸਮੇਸ਼ ਪਿਤਾ ਜੀ ਦੇ ਮਾਤਾ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦੇ ਆਏ ਹਨ ਤਾਂ ਉਹ ਨਮਸਕਾਰ ਕਰ ਕੇ ਉਨ੍ਹਾਂ ਦੀ ਸੇਵਾ ਪਾਣੀ ਵਿਚ ਜੁੱਟ ਗਿਆ। ਉਹ ਨੇੜਲੇ ਪਿੰਡ ਤੋਂ ਬਹੁਤ ਹੀ ਸ਼ਰਧਾਵਾਨ ਇਕ ਔਰਤ ਲਕਸ਼ਮੀ ਮਾਈ ਦੇ ਘਰੋਂ ਮਾਤਾ ਜੀ ਅਤੇ ਬੱਚਿਆਂ ਲਈ ਰਾਤ ਦਾ ਖਾਣਾ ਲੈ ਕੇ ਆਇਆ ਜਦੋਂ ਕਿ ਸਵੇਰ ਦਾ ਖਾਣਾ ਮਾਈ ਲਕਸ਼ਮੀ ਖੁਦ ਲੈ ਕੇ ਆਈ ਸੀ। ਇਸ ਥਾਂ ਤੇ ਹੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਹਮਣ ਮਿਲਿਆ। ਇਸ ਝੌਂਪੜੀ ਵਿਚ ਹੀ ਮਾਤਾ ਜੀ ਅਤੇ ਬੱਚਿਆਂ ਨੇ ਇਕ ਰਾਤ ਕੱਟੀ।

ਇਤਿਹਾਸ ਅਨੁਸਾਰ ਦੂਜੇ ਦਿਨ ਸਵੇਰੇ ਕੂਮਾ ਮਾਸ਼ਕੀ ਨੇ ਅਪਣੇ ਬੇੜੇ ਵਿਚ ਬਿਠਾ ਕੇ ਮਾਤਾ ਜੀ, ਦੋਵੇਂ ਸਾਹਿਬਜ਼ਾਦਿਆਂ ਅਤੇ ਗੰਗੂ ਨੂੰ ਦਰਿਆ ਪਾਰ ਕਰਵਾਇਆ। ਮਾਤਾ ਜੀ ਨੇ ਮਾਈ ਲਕਸ਼ਮੀ ਅਤੇ ਬਾਬਾ ਕੂਮਾ ਮਾਸ਼ਕੀ ਦੀ ਸੇਵਾ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਕੁੱਝ ਸੋਨੇ ਦੀਆਂ ਮੋਹਰਾਂ ਦਿਤੀਆਂ ਪਰ ਗੰਗੂ ਬ੍ਰਾਹਮਣ ਦਾ ਮਨ ਮਾਤਾ ਜੀ ਕੋਲ ਹੋਰ ਮੋਹਰਾਂ ਵੇਖ ਕੇ ਬੇਈਮਾਨ ਹੋ ਗਿਆ ਅਤੇ ਜਦੋਂ ਉਹ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਅਪਣੇ ਪਿੰਡ ਸਹੇੜੀ ਲੈ ਕੇ ਆਇਆ ਤਾਂ ਉਸ ਨੇ ਮੋਹਰਾਂ ਦੀ ਥੈਲੀ ਚੁਕ ਕੇ ਚੋਰ-ਚੋਰ ਦਾ ਨਾਟਕ ਕੀਤਾ। ਪਰ ਮਾਤਾ ਜੀ ਦੇ ਸੱਚ ਕਹਿਣ ’ਤੇ ਉਸ ਨੇ ਮੋਰਿੰਡੇ ਥਾਣੇ ਜਾ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਇਤਲਾਹ ਦੇ ਦਿਤੀ। ਮੋਰਿੰਡੇ ਦੀ ਪੁਲਸ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿਤਾ, ਜਿਥੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣ ਕੇ ਸ਼ਹੀਦ ਕਰ ਦਿਤਾ ਗਿਆ ਅਤੇ ਮਾਤਾ ਜੀ ਵੀ ਉਥੇ ਹੀ ਸਵਾਸ ਤਿਆਗ ਗਏ ਸਨ।

ਪੋਹ ਦੀ ਠੰਢੀ ਰਾਤ ਵਿਚ ਸਿੰਘ ਭੁੱਖੇ ਤਿਹਾਏ ਠੰਢ ਨਾਲ ਠਰ ਰਹੇ ਸਨ। ਪਿਛੋਂ ਦੁਸ਼ਮਣਾਂ ਦਾ ਹਮਲਾ ਹੋਣ ਕਾਰਨ ਸਿੰਘਾਂ ਦੇ ਜਥਿਆਂ ਵਿਚ ਹਫੜਾ ਦਫੜੀ ਮਚੀ ਹੋਈ ਸੀ। ਇਸ ਹਫੜਾ-ਦਫੜੀ ਵਿਚ ਹੀ ਕੁੱਝ ਘੋੜ ਸਵਾਰ ਸਿੰਘ ਵੀ ਸਰਸਾ ਪਾਰ ਕਰ ਗਏ ਪਰ ਬਹੁਤ ਸਾਰੇ ਸਰਸਾ ਦੇ ਤੇਜ਼ ਪਾਣੀ ਵਿਚ ਰੁੜ੍ਹ ਗਏ ਅਤੇ ਕਾਫ਼ੀ ਸਿੰਘ ਸ਼ਹੀਦ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਵੀ ਕੁੱਝ ਸਿੰਘਾਂ ਨਾਲ ਸਰਸਾ ਨਦੀ ਪਾਰ ਕਰ ਗਏ। ਰੋਪੜ ਪਹੁੰਚ ਕੇ ਗੁਰੂ ਜੀ ਨੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਜੀ ਨੂੰ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਭੇਜ ਦਿਤਾ। ਸੋਢੀ ਤੇਜਾ ਸਿੰਘ ਅਨੁਸਾਰ ਦਿੱਲੀ ਪਹੁੰਚ ਕੇ ਉਨ੍ਹਾਂ ਨੇ ਕੂਚਾ ਦਿਲਵਾਲੀ ਵਿਚ ਅਜਮੇਰੀ ਦਰਵਾਜ਼ੇ ਦੇ ਅੰਦਰ ਨਿਵਾਸ ਕਰ ਲਿਆ ਸੀ। ਉੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ 40 ਕੁ ਸਿੰਘਾਂ ਨਾਲ ਕੋਟਲਾ ਨਿਹੰਗ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਵਲ ਚਲੇ ਗਏ।

ਇਸ ਤਰ੍ਹਾਂ ਸ੍ਰੀ ਪਰਵਾਰ ਵਿਛੋੜਾ ਗੁਰਦਵਾਰਾ ਸਾਹਿਬ ਵਾਲੇ ਸਥਾਨ ਤੇ ਗੁਰੂ ਪਰਵਾਰ ਖੇਰੂੰ-ਖੇਰੂੰ ਹੋ ਗਿਆ ਅਤੇ ਇਸ ਸਥਾਨ ਤੋਂ ਹੀ ਪ੍ਰਵਾਰ ਤੇ ਦੁੱਖਾਂ ਦੇ ਪਹਾੜ ਟੁੱਟ ਪਏ ਜੋ ਇਤਿਹਾਸ ਬਣਦੇ ਚਲੇ ਗਏ। ਇਥੇ ਇਹ ਗੱਲ ਵੀ ਦਸਣਯੋਗ ਹੈ ਕਿ ਗੁਰਦਵਾਰਾ ਪਰਵਾਰ ਵਿਛੋੜਾ ਸਾਹਿਬ ਦੀ ਇਮਾਰਤ ਬਿਲਕੁਲ ਵਿਲੱਖਣ ਅਤੇ ਵੇਖਣਯੋਗ ਹੈ ਜਿਸ ਨੂੰ ਬਹੁਤ ਸੋਹਣੀ ਇਮਾਰਤ ਕਲਾ ਅਤੇ ਵਿਉਂਤਬੰਦੀ ਨਾਲ ਬਣਾਇਆ ਗਿਆ ਹੈ। ਸਰਸਾ ਦੇ ਕਿਸੇ ਵੀ ਹੜ੍ਹ ਦੇ ਪਾਣੀ ਤੋਂ ਬਚਾਉਣ ਲਈ ਲਗਭਗ 15 ਫੁੱਟ ਉੱਚਾ ਗੁਰਦਆਰਾ ਸਾਹਿਬ ਦਾ ਆਧਾਰ ਬਣਾਇਆ ਗਿਆ ਹੈ ਜਿਸ ਨੂੰ ਚਾਰੇ ਪਾਸਿਉਂ ਮਜ਼ਬੂਤ ਪੱਥਰ ਲਗਾ ਕੇ ਪੱਕਾ ਕੀਤਾ ਗਿਆ ਹੈ। ਉਸ ਉਪਰ ਦੋ ਹੋਰ ਮੰਜ਼ਲਾਂ ਬਣਾ ਕੇ ਅਤੇ ਉਪਰ ਮਮਟੀ ਦੇ ਕਮਰੇ ਨੂੰ ਦਰਬਾਰ ਸਾਹਿਬ ਬਣਾਇਆ ਗਿਆ ਹੈ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਗੁਰਦਵਾਰਾ ਸਾਹਿਬ ਦਾ ਕੈਂਪਸ ਬਹੁਤ ਹੀ ਪ੍ਰਭਾਵਸ਼ਾਲੀ ਅਤੇ 10 ਏਕੜ ਵਿਚ ਫੈਲਿਆ ਹੋਇਆ ਹੈ।

ਡਾ. ਗੁਰਬਚਨ ਸਿੰਘ ਮਾਵੀ ਨੇ ਅਪਣੀ ਪੁਸਤਕ ‘ਗਾਥਾ ਸ੍ਰੀ ਚਮਕੌਰ ਸਾਹਿਬ’ ਵਿਚ ਗੁਰਦਵਾਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਦਾ ਦ੍ਰਿਸ਼ ਪੇਸ਼ ਕਰਦੇ ਹੋਏ ਲਿਖਿਆ ਹੈ ਕਿ ਸੰਨ 1947 ਤਕ ਇਸ ਇਲਾਕੇ ਦੇ ਲੋਕ ਇਸ ਥਾਂ ਨੂੰ ‘‘ਪੀਰ ਕਤਾਲ’’ ਦੇ ਨਾਂ ਨਾਲ ਯਾਦ ਕਰਦੇ ਸਨ। ਉਨ੍ਹਾਂ ਦਾ ਭਾਵ ਹੈ ਕਿ ਪੀਰ ਦਾ ਅਰਥ ਸੰਤ।
ਮਹਾਤਮਾ ਅਤੇ ਕਤਾਲ ਦਾ ਅਰਥ ਰੂਹਾਂ ਦਸਿਆ ਗਿਆ ਹੈ। ਦੁਸ਼ਮਣਾਂ ਦੀਆਂ ਫ਼ੌਜਾਂ ਨਾਲ ਲੜਦੇ ਸਮੇਂ ਅਨੇਕਾਂ ਸਿੰਘ ਸੂਰਬੀਰ ਜੋ ਇਥੇ ਸ਼ਹੀਦ ਹੋਏ, ਉਨ੍ਹਾਂ ਦੀਆਂ ਰੂਹਾਂ ਦਾ ਵਾਸਾ ਮੰਨਿਆ ਜਾਂਦਾ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਇਲਾਕਾ ਸਰਸਾ ਨੰਗਲ, ਝੱਖੀਆਂ ਆਦਿ ਪਿੰਡਾਂ ਵਿਚ ਵਧੇਰੇ ਮੁਸਲਮਾਨ ਅਬਾਦੀ ਹੋਣ ਕਾਰਨ ਅਨੇਕਾਂ ਮੁਸਲਮਾਨ ਵੀ ਇਥੇ ਮਾਰੇ ਗਏ ਸਨ ਅਤੇ ਉਨ੍ਹਾਂ ਦੀਆਂ ਰੂਹਾਂ ਨੂੰ ਸਮਰਪਤ ਹੋਣ ਕਾਰਨ ਇਲਾਕੇ ਦੇ ਲੋਕ ‘‘ਪੀਰ ਕਤਾਲ’’ ਦਾ ਨਾਂ ਦਿੰਦੇ ਸਨ। ਸੰਨ 1947 ਤੋਂ ਬਾਅਦ ਇਸ ਥਾਂ ਦਾ ਨਾਂ ਪਰਵਾਰ ਵਿਛੋੜਾ ਪ੍ਰਚਲਤ ਹੋਇਆ। ਇਕ ਗੱਲ ਜ਼ਰੂਰ ਹੈ ਕਿ ਜੋ ਸੰਗਤਾਂ ਇਸ ਅਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਹਨ ਉਹ ਇਥੇ ਪਹੁੰਚ ਕੇ ਗੁਰੂ ਪ੍ਰਵਾਰ ਦੇ ਵਿਛੋੜੇ  ਵਿਚ ਗ਼ਮਗੀਨ ਹੁੰਦੀਆਂ ਹੋਈਆਂ, ਅਪਣੇ ਮਨਾਂ ਵਿਚ ਸਰਸੇ ਦੇ ਪਾਣੀ ਦੀਆਂ ਛੱਲਾਂ ਅਤੇ ਸਿੰਘਾਂ ਨੂੰ ਗੁਰੂ ਜੀ ਸਮੇਤ ਨਦੀ ਪਾਰ ਕਰਨ ਦਾ ਦ੍ਰਿਸ਼ ਜ਼ਰੂਰ ਉਕਰਦੀਆਂ ਹਨ।
 ਬਹਾਦਰ ਸਿੰਘ ਗੋਸ਼ਲ,ਮੋਬਾਈਲ : 98764-52223

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement