
Safar-E-Shahadat: ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪਰ-ਉਪਕਾਰ ਮਨੁੱਖਤਾ ਦੇ ਭਲੇ ਲਈ ਕੀਤਾ ਉਹ ਅੱਜ ਤੱਕ ਕੋਈ ਨਹੀਂ ਕਰ ਸਕਿਆ।
Mata Gujri and chote sahibzade spent the black nights of Poh article in punjabi: ਸਿੱਖ ਇਤਿਹਾਸ ਵਿਚ ਪੋਹ ਦਾ ਮਹੀਨਾਂ ਸ਼ਹੀਦੀ ਮਹੀਨੇ ਵਜੋਂ ਜਾਣਿਆ ਜਾਦਾ ਹੈ। ਦਸਮ ਪਾਤਸ਼ਾਹ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਇਸ ਮਹੀਨੇ ਵਿਚ ਹਰ ਕੋਈ ਭਾਵੂਕ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪਰ-ਉਪਕਾਰ ਮਨੁੱਖਤਾ ਦੇ ਭਲੇ ਲਈ ਕੀਤਾ ਉਹ ਅੱਜ ਤੱਕ ਕੋਈ ਨਹੀਂ ਕਰ ਸਕਿਆ।
6 ਪੋਹ ਦਾ ਇਤਿਹਾਸ
ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ, ਸਿੱਖਾਂ ਤੇ ਸਮੁੱਚੇ ਲਾਮ ਲਸ਼ਕਰ ਸਮੇਤ ਅਨੰਦਗੜ੍ਹ ਦਾ ਕਿਲ੍ਹਾ ਛੱਡਿਆ, ਜਿਸ ਦੌਰਾਨ ਸਰਸਾ ਨਦੀ ਵਿਚ ਹੜ੍ਹ ਆਉਣ ਕਰਕੇ ਕਾਫੀ ਕੀਮਤੀ ਸਮਾਨ ਤੇ ਸਾਹਿਤਕ ਖਜ਼ਾਨਾ ਰੁੜ ਗਿਆ ਅਤੇ ਚੜ੍ਹਦੀ ਸਵੇਰ ਗੁਰੂ ਪਰਿਵਾਰ ਵੀ ਖੇਰੂੰ-ਖੇਰੂੰ ਹੋ ਗਿਆ।
7 ਪੋਹ ਦਾ ਇਤਿਹਾਸ
ਪਰਿਵਾਰ ਤੋਂ ਵਿਛੜ ਕੇ ਮਾਤਾ ਗੁਜਰੀ ਤੇ ਛੋਟੇ ਲਾਲਾਂ ਨੇ ਪੂਰਾ ਦਿਨ ਕੰਡਿਆਲੇ ਤੇ ਰੇਤਲੇ ਰਾਹਾਂ ਦਾ ਲੰਮਾ ਪੈਂਡਾ ਤੈਅ ਕਰਦੇ ਹੋਏ ਰਾਤ ਨੂੰ ਮਲਾਹ ਕੁੰਮਾ ਮਾਸ਼ਕੀ ਦੀ ਕਾਨਿਆਂ ਦੀ ਛੰਨ ‘ਚ ਪਹੁੰਚੇ, ਜਿੱਥੇ ਮਾਤਾ ਲਛਮੀ ਨੇ ਸਾਹਿਬਜ਼ਾਦਿਆਂ ਨੂੰ ਭੋਜਨ ਛਕਾਇਆ ਤੇ ਇੱਥੇ ਹੀ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਾਤਾ ਗੁਜਰੀ ਨੂੰ ਮਿਲਿਆ।
8 ਪੋਹ ਦਾ ਇਤਿਹਾਸ
ਇਸ ਦਿਨ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਗੰਗੂ ਦੇ ਨਾਲ ਸਹੇੜੀ ਵੱਲ ਨੂੰ ਚਾਲੇ ਪਾ ਦਿੱਤੇ। ਇਹ ਰਾਤ ਮਾਤਾ ਗੁਜਰੀ ਤੇ ਛੋਟੇ ਲਾਲਾ ਨੇ ਗੰਗੂ ਪਾਪੀ ਸਮੇਤ ਪਿੰਡ ਕਾਇਨੌਰ ਦੇ ਤਲਾਅ ‘ਤੇ ਗੁਜ਼ਾਰੀ।
9 ਪੋਹ ਦਾ ਇਤਿਹਾਸ
ਕਾਇਨੌਰ ਤੋਂ ਚੱਲ ਕੇ ਗੰਗੂ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਬੀਆਬਾਨ ਜੰਗਲ ਵਿਚ ਇਕ ਫਕੀਰ ਦੀ ਕੁਟੀਆ (ਐਮਾ ਸਾਹਿਬ) ਛੱਡ ਕੇ ਆਪ ਪਿੰਡ ਸਹੇੜੀ ਮਾਹੌਲ ਚਾਲ ਦੇਖਣ ਆ ਗਿਆ। ਸ਼ਾਮ ਨੂੰ ਮਾਤਾ ਗੁਜ਼ਰੀ ਤੇ ਸਾਹਿਬਜ਼ਾਦਿਆਂ ਨੂੰ ਅਪਣੇ ਘਰ ਪਿੰਡ ਸਹੇੜੀ ਵਿਖੇ ਲੈ ਆਇਆ।
10 ਪੋਹ ਦਾ ਇਤਿਹਾਸ
ਸਵੇਰੇ ਹੀ ਲਾਲਚੀ ਗੰਗੂ ਇੱਥੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਹੇੜੀ ਹੋਣ ਦੀ ਖ਼ਬਰ ਮੋਰਿੰਡੇ ਦੀ ਕੋਤਵਾਲੀ ਵਿਚ ਦੇ ਦਿੱਤੀ। ਜਿੱਥੋਂ ਦੇ ਹੌਲਦਾਰ ਜਾਨੀ ਖ਼ਾਂ ਤੇ ਮਾਨੀ ਖ਼ਾਂ ਆ ਕੇ ਮਾਂ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਮੋਰਿੰਡੇ ਲੈ ਗਏ ਤੇ ਇਹ ਕਾਲੀ ਰਾਤ ਮਾਂ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਬਿਨ੍ਹਾਂ ਕੁਝ ਖਾਧੇ ਪੀਤੇ ਮੋਰਿੰਡੇ ਦੀ ਜੇਲ੍ਹ ਵਿਚ ਗੁਜ਼ਾਰੀ।
11 ਪੋਹ ਦਾ ਇਤਿਹਾਸ
ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਮੋਰਿੰਡੇ ਜੇਲ੍ਹ ਵਿਚ ਹੋਣ ਦੀ ਖ਼ਬਰ ਜਦ ਵਜ਼ੀਰ ਖਾਂ ਤੱਕ ਪਹੁੰਚੀ ਤਾਂ ਬਹੁਤ ਖੁਸ਼ ਹੋਇਆ ਤੇ ਤੁਰੰਤ ਹੀ ਕੈਦ ਕਰਕੇ ਆਉਣ ਲਈ ਰੱਥ ਤੇ ਸਿਪਾਹੀ ਭੇਜ ਦਿੱਤੇ। ਸਿਪਾਹੀ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੰਦ ਲੈ ਆਏ। ਰੱਥ ‘ਚੋਂ ਉਤਾਰ ਕੇ ਸਾਹਿਬਜ਼ਾਦਿਆਂ ਨੂੰ ਸਿੱਧਾ ਸੂਬਾ ਸਰਹੰਦ ਵਜ਼ੀਰ ਖ਼ਾਂ ਦੀ ਕਚਹਿਰੀ ‘ਚ ਪੇਸ਼ ਕੀਤਾ ਗਿਆ, ਜਿੱਥੇ ਕਿ ਸਾਹਿਬਜ਼ਾਦਿਆਂ ਨੇ ਸੂਬੇ ਨੂੰ ਝੁਕ ਕੇ ਸਲਾਮ ਨਹੀਂ ਕੀਤਾ ਬਲਕਿ ਬੜੀ ਅਡੋਲਤਾ ਨਾਲ ਫਤਿਹ ਬੁਲਾਈ। ਜਿਸ ਦਾ ਬਦਲਾ ਲੈਣ ਲਈ ਗੁਰੂ ਕੇ ਲਾਲਾਂ ਤੇ ਮਾਤਾ ਨੂੰ 11 ਪੋਹ ਦੀ ਅੱਤ ਠੰਢੀ ਰਾਤ ਨੂੰ ਬਿਨਾਂ ਕੁਝ ਖਵਾਏ-ਪਿਆਏ, ਭੁੰਜੇ-ਨੰਗੇ ਫਰਸ਼ ‘ਤੇ ਸਖ਼ਤ ਪਹਿਰੇ ਵਿਚ ਚਾਰੇ ਪਾਸਿਆਂ ਤੋਂ ਆਉਂਦੀਆਂ ਠੰਢੀਆਂ ਸੀਤ ਹਵਾਵਾਂ ਵਿਚ ਠੰਢੇ ਬੁਰਜ ਵਿਚ ਰੱਖਿਆ ਗਿਆ।
12 ਪੋਹ ਦਾ ਇਤਿਹਾਸ
ਦੂਜੇ ਦਿਨ ਸੂਬੇ ਦੀ ਕਚਹਿਰੀ ਲੱਗਣ ‘ਤੇ ਤਸੀਹਿਆਂ ‘ਚ ਰੱਖੇ ਸਾਹਿਬਜ਼ਾਦੇ ਅਡੋਲ ਰਹੇ ਤੇ ਹੋਰ ਵੀ ਗਰਜਵੀਂ ਫਤਿਹ ਬੁਲਾਈ। ਲੱਗੀ ਕਚਹਿਰੀ ਵਿਚ ਸਾਹਿਬਜ਼ਾਦਿਆਂ ਨੂੰ ਕਈ ਲਾਲਚ ਤੇ ਡਰ ਦੇ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਪਰ ਉਹ ਨਾ ਮੰਨੇ। ਸੂਬੇ ਦੇ ਚਾਪਲੂਸ ਸੁੱਚਾ ਨੰਦ ਨੇ ਅਪਣੀ ਚਾਲ ਖੇਡੀ ਅਤੇ ਸਾਹਿਬਜ਼ਾਦਿਆਂ ਦੇ ਲਈ ਨੀਹਾਂ ਵਿਚ ਚਿਣੇ ਜਾਣ ਦਾ ਫਤਵਾ ਕਾਜ਼ੀ ਤੋਂ ਜਾਰੀ ਕਰਵਾ ਦਿੱਤਾ। ਜਿਸ ਨੂੰ ਦੇਖ ਦੇ ਸੂਬੇ ਦੀ ਕਚਹਿਰੀ ਦੇ ਸਾਰੇ ਰਾਜਾ-ਰਾਣੀਆਂ ਖਾਮੋਸ਼ ਹੋ ਗਏ ਪਰ ਨਵਾਬ ਮਲੇਰਕੋਟਲਾ ਨੇ ਹਾਅ ਦਾ ਨਾਅਰਾ ਮਾਰਿਆ। ਇਸ ਤੋਂ ਬਾਅਦ ਫਿਰ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿਚ ਭੇਜ ਦਿੱਤਾ ਗਿਆ, ਜਿੱਥੇ ਮੋਤੀ ਰਾਮ ਮਹਿਰਾ ਨੇ ਅਪਣੀ ਜਾਨ ‘ਤੇ ਖੇਡ ਕੇ ਮਾਂ ਗੁਜਰੀ ਤੇ ਸਾਹਿਬਜ਼ਾਦਿਆਂ ਲਈ ਗਰਮ ਦੁੱਧ ਲੈ ਕੇ ਆਇਆ।
13 ਪੋਹ ਦਾ ਇਤਿਹਾਸ
ਮਾਤਾ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਅਪਣੇ ਹੱਥੀਆਂ ਤਿਆਰ ਕੀਤਾ, ਸੁੰਦਰ ਪੁਸ਼ਾਕਾਂ ਪਵਾ ਕੇ, ਸੀਸ ‘ਤੇ ਕਲਗੀਆਂ ਸਜਾ ਕੇ ਸੂਬੇ ਦੀ ਕਚਹਿਰੀ ਵੱਲ ਤੋਰ ਦਿੱਤਾ। ਅੱਜ ਫਿਰ ਸਾਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੱਤੇ ਗਏ। ਪਰ ਨੀਹਾਂ ਵਿਚ ਖੜ੍ਹੀ ਲਾਲਾਂ ਦੀ ਜੋੜੀ ਅਡੋਲ ਰਹੀ। ਇੱਟਾਂ ਦੀ ਚਿਣਾਈ ਛਾਤੀ ਤੱਕ ਆਉਣ ਉਪਰੰਤ ਸਾਹਿਬਜ਼ਾਦੇ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਜਲਾਦ ਸ਼ਾਂਸਲ ਬੇਗ ਤੇ ਬਾਸ਼ਲ ਬੇਗ ਨੇ ਸਾਹ ਨਲੀ ਕੱਟ ਕੇ ਸ਼ਹੀਦ ਕਰ ਦਿੱਤਾ। ਮਾਂ ਗੁਜਰੀ ਨੇ ਵੀ ਠੰਢੇ ਬੁਰਜ ਵਿਚ ਅਪਣੇ ਸਾਸ ਤਿਆਗ ਦਿੱਤੇ।ਫਿਰ ਪਾਵਨ ਦੇਹਾਂ ਦੀ ਬੇਅਦਬੀ ਕਰਨ ਲਈ ਹੰਸਲਾ ਨਦੀ ਵਿਚ ਸੁੱਟਵਾ ਦਿੱਤਾ ਗਿਆ। ਇਸ ਤੋਂ ਬਾਅਦ ਗੁਰੂ ਘਰ ਦੇ ਸੇਵਕ ਦੀਵਾਨ ਟੋਡਰ ਮਲ ਨੇ ਸੋਨੇ ਦੀਆਂ ਅਸਰਫੀਆਂ ਵਿਛਾ ਕੇ ਖਰੀਦੀ ਜ਼ਮੀਨ ‘ਤੇ ਤਿੰਨਾਂ ਪਾਵਨ ਦੇਹਾਂ ਦਾ ਸਸਕਾਰ ਕੀਤਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।