
Safar-E-Shahadat: ਇੱਥੋਂ ਹੀ ਸ਼ੁਰੂਆਤ ਹੋਈ ਸੀ ਸਫ਼ਰ-ਏ-ਸ਼ਹਾਦਤ ਦੀ
Safar-E-Shahadat When Dashmesh Pita left the fort of Sri Anandpur Sahib with the Singhs and family: ਸਫ਼ਰ-ਏ-ਸ਼ਹਾਦਤ ਦੀ ਜੜ੍ਹ ਉਦੋਂ ਲੱਗੀ ਜਦੋਂ ਮੁਗ਼ਲਾਂ ਅਤੇ ਬਾਈਧਾਰ ਦੇ ਰਾਜਿਆਂ ਵੱਲੋਂ ਲੱਖਾਂ ਦੀ ਫ਼ੌਜ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਨੂੰ ਪਾਏ ਘੇਰੇ ਨੂੰ ਲੰਮਾ ਸਮਾਂ ਬੀਤ ਚੱਲਿਆ। ਤਕਰੀਬਨ 8 ਮਹੀਨੇ ਦੇ ਘੇਰੇ ਕਾਰਨ ਕਿਲ੍ਹੇ ਅੰਦਰ ਰਸਦ ਅਤੇ ਪਾਲਤੂ ਪਸ਼ੂਆਂ ਤੇ ਘੋੜਿਆਂ ਲਈ ਚਾਰੇ ਦੀ ਕਮੀ ਆਉਣ ਲੱਗੀ। ਸਿੰਘਾਂ ਦੇ ਸਬਰ ਦੀ ਪਰਖ ਦਾ ਸਮਾਂ ਸੀ, ਪਰ ਗੁਰੂ ਦੀ ਓਟ 'ਚ ਸਿੱਖ ਰੱਤੀ ਭਰ ਵੀ ਡੋਲੇ ਨਹੀਂ।
ਸਿੰਘਾਂ ਨੂੰ ਅਡੋਲ ਦੇਖ ਮੁਗ਼ਲਾਂ ਨੇ ਇੱਕ ਹੋਰ ਚਾਲ ਚੱਲੀ। ਉਨ੍ਹਾਂ ਇੱਕ ਚਿੱਠੀ ਭੇਜੀ ਜਿਸ 'ਚ ਉਨ੍ਹਾਂ ਨੇ ਪਾਵਨ ਕੁਰਾਨ ਦੀਆਂ ਕਸਮਾਂ ਖਾਧੀਆਂ ਕਿ ਜੇਕਰ ਗੁਰੂ ਸਾਹਿਬ ਸਿੱਖਾਂ ਤੇ ਪਰਿਵਾਰ ਸਮੇਤ ਕਿਲ੍ਹਾ ਛੱਡ ਦੇਣ, ਤਾਂ ਉਨ੍ਹਾਂ 'ਤੇ ਹਮਲਾ ਨਹੀਂ ਕੀਤਾ ਜਾਵੇਗਾ। ਗੁਰੂ ਸਾਹਿਬ ਦੁਸ਼ਮਣਾਂ ਦੀਆਂ ਚਾਲਾਂ ਭਲੀ-ਭਾਂਤ ਸਮਝਦੇ ਸਨ, ਪਰ ਸਿੰਘਾਂ ਦੇ ਜ਼ੋਰ ਪਾਉਣ 'ਤੇ ਗੁਰੂ ਸਾਹਿਬ ਨੇ ਕਿਲ੍ਹਾ ਛੱਡਣਾ ਮਨਜ਼ੂਰ ਕਰ ਲਿਆ।
ਜਿਸ ਅਨੰਦਪੁਰ ਸਾਹਿਬ ਨਗਰੀ 'ਚ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ, ਸਾਹਿਬਜ਼ਾਦਿਆਂ ਨੂੰ ਵੱਡੇ ਹੁੰਦੇ ਦੇਖਿਆ ਸੀ, ਖਾਲਸਾ ਪੰਥ ਨੂੰ ਹੋਰ ਮਜ਼ਬੂਤ ਬਣਾਉਣ ਲਈ ਯੋਜਨਾਵਾਂ ਬਣਾਈਆਂ ਸੀ, ਉਸ ਨਗਰੀ ਨੂੰ ਛੱਡਣ ਦਾ ਵੇਲਾ ਆ ਗਿਆ ਸੀ। ਸਿੰਘਾਂ ਵੱਲੋਂ ਜ਼ੋਰ ਪਾਉਣ 'ਤੇ ਗੁਰੂ ਸਾਹਿਬ ਨੇ ਕਿਲ੍ਹਾ ਛੱਡਣ ਦਾ ਫ਼ੈਸਲਾ ਕੀਤਾ, ਪਰ ਇਸ ਫ਼ੈਸਲੇ ਉਪਰੰਤ ਸਰਸਾ ਨਦੀ ਪਾਰ ਕਰਨ ਸਮੇਂ ਮੁਗ਼ਲਾਂ ਨੇ ਆਪਣੀਆਂ ਕਸਮਾਂ ਭੁਲਾ ਕੇ ਹਮਲਾ ਕੀਤਾ ਅਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਸਦਾ ਲਈ ਵਿੱਛੜ ਗਿਆ।
ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ, ਅੱਗੇ ਚੱਲ ਕੇ ਚਮਕੌਰ ਦੀ ਜੰਗ 'ਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਛੋਟੇ ਸਾਹਿਬਜ਼ਾਦਿਆਂ ਨੂੰ ਦੁਸ਼ਮਣਾਂ ਨੇ ਸਰਹਿੰਦ ਵਿਖੇ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ, ਮਾਤਾ ਗੁਜਰੀ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ, ਗੁਰੂ ਸਾਹਿਬ ਜੀ ਨੂੰ ਮਾਛੀਵਾੜੇ ਦੇ ਜੰਗਲਾਂ 'ਚ ਬੜਾ ਔਖਿਆਈਆਂ ਭਰਾ ਸਮਾਂ ਬਤੀਤ ਕਰਨਾ ਪਿਆ। ਅਥਾਹ ਦੁੱਖਾਂ ਨਾਲ ਭਰੇ ਇਸ ਘਟਨਾਕ੍ਰਮ ਬਾਰੇ ਪੜ੍ਹ ਸੁਣ ਕੇ ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ