Simmarpal Singh: ਅਰਜਨਟਾਈਨਾ ਵਿਚ ਮੁੰਗਫਲੀ ਦਾ ਬਾਦਸ਼ਾਹ ਸਿਮਰਪਾਲ ਸਿੰਘ
Published : Jan 21, 2024, 1:53 pm IST
Updated : Jan 21, 2024, 1:53 pm IST
SHARE ARTICLE
Meet Simmarpal Singh, the Peanut Prince of Argentina!
Meet Simmarpal Singh, the Peanut Prince of Argentina!

ਅਰਜਨਟੀਨਾ ਵਿਚ ਸਿੰਗਾਪੁਰ ਦੀ ਇਕ ‘ਓਲੇਮ ਇੰਟਰਨੈਸ਼ਨਲ’ ਕੰਪਨੀ ਦਾ ਡਾਇਰੈਕਟਰ ਅਤੇ ਸੀ.ਈ.ਓ. ਹੈ।

Simmarpal Singh: ਪਰਵਾਸ ਪੰਜਾਬੀਆਂ ਖ਼ਾਸ ਤੌਰ ’ਤੇ ਸਿੱਖਾ ਲਈ ਨਵਾਂ ਨਹੀਂ ਹੈ। ਪੰਜਾਬੀਆਂ/ਸਿੱਖਾਂ ਨੇ ਸੰਸਾਰ ਵਿਚ ਉਦਮੀ ਹੋਣ ਕਰ ਕੇ ਨਾਮ ਕਮਾਇਆ ਹੈ। ਪੰਜਾਬੀਆਂ/ਸਿੱਖਾਂ ਦੀ ਹਰ ਖੇਤਰ ਵਿਚ ਬੱਲੇ-ਬੱਲੇ ਹੈ। ਪੰਜਾਬ ਵਿਚੋਂ ਪ੍ਰਵਾਸ ਵਿਚ ਜਾ ਕੇ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦੇਣ ਦਾ ਕਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਲਈ ਦੇਸ਼ ਵਿਦੇਸ਼ ਵਿਚ ਦੂਰ ਦੁਰਾਡੇ ਥਾਵਾਂ ਤੋਂ ਪੈਦਲ ਯਾਤਰਾਵਾਂ ਕਰ ਕੇ ਮਾਨਵਤਾ ਦਾ ਭਲਾ ਕੀਤਾ ਸੀ। ਉਨ੍ਹਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕੇ  ਨਵੀਂ ਜ਼ਿੰਦਗੀ ਜਿਉਣ ਲਈ ਅਧਿਆਤਮਕ ਰੌਸ਼ਨੀ ਦਿਤੀ।

ਉਨ੍ਹਾਂ ਤੋਂ ਬਾਅਦ ਗ਼ਦਰੀ ਬਾਬਿਆਂ ਨੇ ਪਰਵਾਸ ਵਿਚ ਜਾ ਕੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦਿਆਂ ਭਾਰਤ ਦੀ ਆਜ਼ਾਦੀ ਦੀ ਜਦੋਜਹਿਦ ਨੂੰ ਨਵਾਂ ਰੂਪ ਦੇ ਕੇ ਤੇਜ਼ ਕਰ ਕੇ ਭਾਰਤੀਆਂ ਵਿਚ ਜੋਸ਼ ਪੈਦਾ ਕੀਤਾ। ਪਹਿਲੀ ਤੇ ਦੂਜੀ ਸੰਸਾਰ ਜੰਗ ਵਿਚ ਵੀ ਪੰਜਾਬੀ/ਸਿੱਖ ਅੰਗਰੇਜ਼ਾਂ ਦੀ ਫ਼ੌਜ ਵਿਚ ਭਰਤੀ ਹੋ ਕੇ ਰੋਜ਼ਗਾਰ ਲਈ ਪਰਵਾਸ ਵਿਚ ਜੰਗਾਂ ਵਿਚ ਹਿੱਸਾ ਲੈਣ ਲਈ ਗਏ। ਉਥੇ ਵੀ ਉਨ੍ਹਾਂ ਦਲੇਰੀ ਦਾ ਸਬੂਤ ਦਿੰਦਿਆਂ ਨਵੇਂ ਕੀਰਤੀਮਾਨ ਸਥਾਪਤ ਕੀਤੇ। ਇਸ ਸਮੇਂ ਸੰਸਾਰ ਦਾ ਕੋਈ ਦੇਸ਼ ਅਜਿਹਾ ਨਹੀਂ ਜਿਥੇ ਭਾਰਤੀ/ਪੰਜਾਬੀ/ਸਿੱਖ ਨਾ ਪਹੁੰਚੇ ਹੋਣ। ਉਸੇ ਲੜੀ ਨੂੰ ਅੱਗੇ ਤੋਰਦਿਆਂ ਪੰਜਾਬੀਆਂ/ ਸਿੱਖਾਂ ਨੇ ਸੰਸਾਰ ਵਿਚ ਅਪਣੀ ਲਿਆਕਤ ਅਤੇ ਮਿਹਨਤ ਦਾ ਝੰਡਾ ਗੱਡਣ ਵਿਚ ਹਮੇਸ਼ਾ ਮੋਹਰੀ ਦੀ ਭੂਮਿਕਾ  ਨਿਭਾਈ ਹੈ। ਆੜੂਆਂ, ਸੌਗੀ, ਬਦਾਮਾਂ, ਟ੍ਰਾਂਸਪੋਰਟ, ਹੋਟਲ, ਸੂਚਨਾ ਤਕਨਾਲੋਜੀ ਅਤੇ ਕਾਜੂਆਂ ਦੇ ਬਾਦਸ਼ਾਹ ਦਾ ਖ਼ਿਤਾਬ ਪ੍ਰਾਪਤ ਕਰਨ ਤੋਂ ਬਾਅਦ ਇਕ ਹੋਰ ਪੰਜਾਬੀ ਸਿੱਖ ਸਿਮਰਪਾਲ ਸਿੰਘ ਨੇ ਅਰਜਨਟੀਨਾ ਵਿਚ ‘ਅਰਜਨਟਾਈਨਾ ਪਿ੍ਰੰਸ ਆਫ਼ ਪੀਨਟ’ ਭਾਵ ‘ਅਰਜਨਟਾਈਨਾ ਦਾ ਮੁੰਗਫਲੀ ਦਾ ਰਾਜਕੁਮਾਰ’ ਬਣਨ ਦਾ ਮਾਣ ਹਾਸਲ ਕੀਤਾ ਹੈ।

ਇਸ ਸਮੇਂ ਉਹ ਅਰਜਨਟੀਨਾ ਵਿਚ ਸਿੰਗਾਪੁਰ ਦੀ ਇਕ ‘ਓਲੇਮ ਇੰਟਰਨੈਸ਼ਨਲ’ ਕੰਪਨੀ ਦਾ ਡਾਇਰੈਕਟਰ ਅਤੇ ਸੀ.ਈ.ਓ. ਹੈ। ਉਸ ਨੂੰ ਅਰਜਨਟੀਨਾ ਵਿਚ ਮੁੰਗਫਲੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਉਹ ਅਫ਼ਰੀਕਾ, ਘਾਨਾ, ਮੋਜੰਮਬੀਕ ਵਿਚ ਦਸ ਸਾਲ ਕੰਮ ਕਰਦਾ ਰਿਹਾ। 2005 ਵਿਚ ਉਹ ਅਰਜਨਟੀਨਾ ਪਹੁੰਚ ਗਿਆ। ਇਥੇ ਆ ਕੇ ਉਸ ਨੇ ਓਲੇਮ ਇੰਟਰਨੈਸ਼ਨਲ ਕੰਪਨੀ ਵਿਚ ਨੌਕਰੀ ਕਰ ਲਈ।  ਉਹ ਇਸ ਕੰਪਨੀ ਦੀ ਸੇਲਜ਼ ਦਾ ਕੰਮ ਵੇਖਦਾ ਸੀ। ਪੰਜ ਸਾਲਾਂ ਵਿਚ ਉਸ ਦੀ ਸਿਆਣਪ ਅਤੇ ਯੋਜਨਾਬੰਦੀ ਨਾਲ ਕੰਪਨੀ ਦਾ ਵਪਾਰ ਸਿਖਰਾਂ ’ਤੇ ਪਹੁੰਚ ਗਿਆ, ਜਿਸ ਕਰ ਕੇ ਕੰਪਨੀ ਨੇ ਉਸ ਦੀ ਤਰੱਕੀ ਕਰ ਦਿਤੀ। ਸਿਮਰਪਾਲ ਸਿੰਘ ਨੇ ਕੰਪਨੀ ਨੂੰ ਖੇਤੀ ਵਸਤਾਂ ਦੀ ਕਾਸ਼ਤ ਅਤੇ ਪ੍ਰਾਸੈਸਿੰਗ ਕਰਨ ਦਾ ਸੁਝਾਅ ਦਿਤਾ, ਜਿਸ ਦੇ ਸਿੱਟੇ ਵਜੋਂ ਕੰਪਨੀ ਨੇ 40 ਹਜ਼ਾਰ ਹੈਕਟੇਅਰ ਰਕਬੇ ਵਿਚ ਮੁੰਗਫਲੀ, 10 ਹਜ਼ਾਰ ਹੈਕਟੇਅਰ ਵਿਚ ਸੋਇਆ ਤੇ ਮੱਕੀ, ਚੌਲ ਅਤੇ ਹੋਰ ਖੇਤੀਬਾੜੀ ਨਾਲ ਸਬੰਧ ਰੱਖਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਵਾਉਣੀ ਸ਼ੁਰੂ ਕਰ ਦਿਤੀ। ਫ਼ਸਲਾਂ ਦੇ ਉਤਪਾਦਨ ਵਧਣ ਨਾਲ ਉਨ੍ਹਾਂ ਦੀ ਪ੍ਰਾਸੈਸਿੰਗ ਦੇ ਪ੍ਰਾਜੈਕਟ ਵੀ ਲਗਵਾਏ ਹਨ।

ਉਹ ਖੇਤੀਬਾੜੀ ਨਾਲ ਸਬੰਧਤ 67 ਉਤਪਾਦ ਕਰਵਾਉਂਦਾ ਹੈ। ਇਸ ਤੋਂ ਪਹਿਲਾਂ ਇਹ ਕੰਪਨੀ ਛੋਟੇ ਪੱਧਰ ’ਤੇ ਮੁੰਗਫਲੀ ਦੀ ਕਾਸ਼ਤ ਕਰਵਾਉਂਦੀ ਸੀ। ਇਸ ਸਮੇਂ ਉਹ ਇਸ ਕੰਪਨੀ ਦਾ ਡਾਇਰੈਕਟਰ ਅਤੇ ਸੀ.ਈ.ਓ. ਹੈ। ਉਸ ਕੋਲ 17000 ਲੋਕ ਕੰਮ ਕਰਦੇ ਹਨ। ਇਸ ਕੰਪਨੀ ਦਾ ਵਪਾਰ 70 ਦੇਸ਼ਾਂ ਵਿਚ ਹੈ। ਜਦੋਂ ਉਸ ਨੇ ਇਸ ਕੰਪਨੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਇਹ ਕੰਪਨੀ ਸੰਸਾਰ ਵਿਚ ਮੁੰਗਫਲੀ ਦੇ ਉਤਪਾਦਨ ਵਿਚ 28ਵੇਂ ਨੰਬਰ ’ਤੇ ਸੀ। ਇਸ ਸਮੇਂ ਮੁੰਗਫਲੀ ਦੇ ਉਤਪਾਦਨ ਵਿਚ ਉਸ ਦੀ ਕੰਪਨੀ ਸੰਸਾਰ ਵਿਚ ਤੀਜੇ ਨੰਬਰ ’ਤੇ ਹੈ। ਉਸ ਦੀ ਕੋਸ਼ਿਸ਼ ਹੈ ਕਿ ਅਗਲੇ ਸਾਲ ਉਹ ਇਸ ਕੰਪਨੀ ਨੂੰ ਦੂਜੇ ਨੰਬਰ ’ਤੇ ਲੈ ਆਵੇ। ਪਹਿਲੇ ਨੰਬਰ ’ਤੇ ਮੁੰਗਫਲੀ ਦਾ ਉਤਪਾਦਨ ਚੀਨ ਕਰਦਾ ਹੈ। ਪਰਵਾਸ ਵਿਚ ਜਾ ਕੇ ਸਿਮਰਪਾਲ ਸਿੰਘ ਅਪਣੀ ਵਿਰਾਸਤ ਨਾਲ ਬਾਵਸਤਾ ਰਿਹਾ ਹੈ। ਉਸ ਦਾ ਸਿੱਖੀ ਸਰੂਪ ਅਰਜਨਟੀਨਾ ਦੇ ਲੋਕਾਂ ਨੂੰ ਉਸ ਦੀ ਵਖਰੀ ਪਛਾਣ ਕਰ ਕੇ ਬਹੁਤ ਹੀ ਪ੍ਰਭਾਵਤ ਕਰਦਾ ਹੈ। ਉਹ ਲੋਕ ਸਮਝਦੇ ਹਨ ਕਿ ਉਹ ਕੋਈ ਰਾਜਾ ਮਹਾਰਾਜਾ ਹੈ। ਅਰਜਨਟੀਨਾ ਦੇ ਲੋਕ ਉਸ ਨਾਲ ਤਸਵੀਰਾਂ ਖਿਚਵਾਉਣ ਵਿਚ ਖ਼ੁਸ਼ੀ ਮਹਿਸੂਸ ਕਰਦੇ ਹਨ। ਉਹ ਅਤੇ ਉਸ ਦਾ ਪ੍ਰਵਾਰ ਸਿੱਖੀ ਨੂੰ ਪ੍ਰਣਾਇਆ ਹੋਇਆ ਹੈ। ਦਸਤਾਰਧਾਰੀ ਸੁੰਦਰ, ਸੁਡੌਲ ਅਤੇ ਸੁਨੱਖਾ ਹੋਣ ਕਰ ਕੇ ਉਸ ਦੀ ਵੱਖਰੀ ਪਛਾਣ ਬਣ ਗਈ। ਜਦੋਂ ਉਹ ਅਪਣੀ ਕੰਪਨੀ ਦੇ ਵਪਾਰ ਸਬੰਧੀ ਅਰਜਨਟੀਨਾ ਦੇ ਕਲੱਬਾਂ ਵਿਚ ਜਾਂਦਾ ਹੈ ਤਾਂ ਲੋਕ ਉਸ ਨੂੰ ਮਹਾਰਾਜਾ ਕਹਿ ਕੇ ਸੰਬੋਧਨ ਕਰਦੇ ਸਨ। ਉਥੇ ਦੇ ਲੋਕ ਉਸ ਤੋਂ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਉਸ ਤੋਂ ਦਸਤਾਰ ਸਜਾਉਣੀ ਸਿੱਖ ਲਈ ਅਤੇ ਹੁਣ ਉਹ ਦਸਤਾਰ ਨੂੰ ਤਰਜੀਹ ਦਿੰਦੇ ਹਨ।

ਸਿਮਰਪਾਲ ਸਿੰਘ ਦਾ ਪਿਛੋਕੜ ਅੰਮ੍ਰਿਤਸਰ ਦਾ ਹੈ। ਉਸ ਨੇ ਮੁੱਢਲੀ ਪੜ੍ਹਾਈ ਸੇਂਟ ਜ਼ੇਵੀਅਰ ਸਕੂਲ ਦੁਰਗਾਪੁਰ ਤੋਂ ਪ੍ਰਾਪਤ ਕੀਤੀ। ਫਿਰ ਬੀ.ਐਸ.ਸੀ. ਐਗਰੀਕਲਚਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਤੋਂ ਪਾਸ ਕੀਤੀ। ਉਸ ਤੋਂ ਬਾਅਦ ਉਸ ਨੇ ਗੁਜਰਾਤ ਇਨਸਟੀਚਿਊਟ ਆਫ਼ ਰੂਰਲ ਮੈਨੇਜਮੈਂਟ ਆਨੰਦ (ਆਈ.ਆਰ.ਐਮ.ਏ) ਤੋਂ ਐਮ.ਬੀ.ਏ. ਦੀ ਡਿਗਰੀ ਪਾਸ ਕੀਤੀ। ਉਸ ਦੀ ਪਤਨੀ ਹਰਪ੍ਰੀਤ ਕੌਰ ਨੇ ਆਈ.ਆਈ.ਟੀ. ਦਿੱਲੀ ਤੋਂ ਆਰਕੀਟੈਕਟ ਵਿਚ ਐਮ.ਟੈਕ. ਕੀਤੀ ਹੋਈ ਹੈ। ਅਸਲ ਵਿਚ ਉਹ ਆਈ.ਆਈ.ਟੀ. ਵਿਚ ਦਾਖ਼ਲਾ ਲੈ ਕੇ ਪੜ੍ਹਨਾ ਜਾਂ ਸਿਵਲ ਸਰਵਿਸ ਵਿਚ ਜਾਣਾ ਚਾਹੁੰਦਾ ਸੀ। ਪ੍ਰੰਤੂ ਹਾਲਾਤ ਨੇ ਕਰਵਟ ਲੈਂਦਿਆਂ ਉਸ ਨੂੰ ਇਸ ਪਾਸੇ ਲੈ ਆਂਦਾ। ਪੜ੍ਹਾਈ ਖ਼ਤਮ ਕਰਨ ਮਗਰੋਂ ਭਾਰਤ ਵਿਚ ਉਹ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਤੇ ਅਮੁਲ ਵਿਚ ਕੰਮ ਕਰਦਾ ਰਿਹਾ। 2001 ਵਿਚ ‘ਓਲੇਮ ਇੰਟਰਨੈਸ਼ਨਲ ਕੰਪਨੀ’ ਵਿਚ ਭਰਤੀ ਹੋ ਗਿਆ। ਉਥੇ ਉਸ ਨੇ ਬਹੁਤ ਤਨਦੇਹੀ ਨਾਲ ਕੰਮ ਕੀਤਾ ਤੇ ਕੰਪਨੀ ਦਾ ਕਾਰੋਬਾਰ ਵੱਡੀ ਮਾਤਰਾ ਵਿਚ ਵਧਾ ਦਿਤਾ। ਅਰਜਨਟੀਨਾ ਵਿਚ ਉਸ ਦਾ ਅਥਾਹ ਸਤਕਾਰ ਹੋਣ ਲੱਗ ਪਿਆ। ਅਰਜਨਟੀਨਾ ਵਿਚ ਉਸ ਦੀ ਕਾਬਲੀਅਤ ਦੀ ਧਾਂਕ ਜੰਮ ਗਈ। ਉਸ ਦੀ ਪ੍ਰਸ਼ੰਸਾ ਸੁਣ ਕੇ 2009 ਵਿਚ ਉਸ ਨੂੰ ਅਰਜਨਟੀਨਾ ਵਿਚ ਭਾਰਤ ਦਾ ਰਾਜਦੂਤ ਰੇਨਗਰਜ ਵਿਸ਼ਵਾਨਾਥਨ ਵਿਸ਼ੇਸ਼ ਤੌਰ ’ਤੇ ਮਿਲਣ ਆਇਆ। ਕਿਉਂਕਿ ਉਹ ਅਰਜਨਟੀਨਾ ਵਿਚ ਸਿਮਰਪਾਲ ਸਿੰਘ ਦੀ ਪ੍ਰਸ਼ੰਸਾ ਤੋਂ ਪ੍ਰਭਾਵਤ ਸੀ, ਇਸ ਲਈ ਉਸ ਨੂੰ ਮਿਲਣਾ ਚਾਹੁੰਦਾ ਸੀ।

2013 ਵਿਚ ਸਿਮਰਪਾਲ ਸਿੰਘ ਵਾਪਸ ਭਾਰਤ ਆ ਗਿਆ ਸੀ। ਭਾਰਤ ਵਿਚ ਉਸ ਨੇ ‘ਲੁਇਸ ਡਰੇਫਸ ਕੰਪਨੀ’ ਵਿਚ ਨੌਕਰੀ ਕਰ ਲਈ। ਇਥੇ ਵੀ ਉਸ ਨੇ ਕੰਪਨੀ ਵਿਚ ਅਨੇਕਾਂ ਸੁਧਾਰ ਕਰ ਕੇ ਉਸ ਦਾ ਵਪਾਰ ਵਧਾ ਦਿਤਾ, ਜਿਸ ਕਰ ਕੇ ਕੰਪਨੀ ਨੇ ਉਸ ਨੂੰ ਕੰਪਨੀ ਦਾ ਡਾਇਰੈਕਟਰ ਅਤੇ ਇੰਡੀਆ ਦਾ ਸੀ.ਈ.ਓ. ਬਣਾ ਦਿਤਾ। 2018 ਵਿਚ ਉਸ ਨੇ ‘ਕਾਫਕੋ ਇੰਟਰਨੈਸ਼ਨਲ ਇੰਡੀਆ’ ਜਾਇਨ ਕਰ ਲਈ। ਇਸ ਕੰਪਨੀ ਨੇ ਵੀ ਉਸ ਨੂੰ ਕੰਪਨੀ ਦਾ ਸੀ.ਈ.ਓ. ਅਤੇ ਡਾਇਰੈਕਟਰ ਬਣਾ ਦਿਤਾ। ਉਹ 16 ਘੰਟੇ ਕੰਮ ਕਰਦਾ ਹੈ। ਉਹ ਨੈਸ਼ਨਲ ਕਾਉਂਸਲ ਫਾਰ ਐਗਰੀਕਲਚਰ ਕਮੇਟੀ ਆਫ਼ ਸੀ.ਆਈ.ਆਈ. ਅਤੇ ਸਸਟੇਨਏਬਲ ਐਗਰੀਕਲਚਰ ਟਾਸਕ ਫੋਰਸ ਆਫ਼ ਐਫ.ਆਈ.ਸੀ.ਸੀ.ਆਈ. ਦਾ ਮੈਂਬਰ ਹੈ। ਉਸ ਦਾ ਵਿਚਾਰ ਹੈ ਕਿ ਭਾਰਤ ਲਈ ਆਰਗੈਨਿਕ ਫ਼ਸਲਾਂ ਦਾ ਧੰਦਾ ਲਾਹੇਵੰਦ ਰਹੇਗਾ।

(For more Punjabi news apart from Meet Simmarpal Singh, the Peanut Prince of Argentina!, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement