
‘ਪੰਜ ਪਿਆਰਿਆਂ ਦੀ ਧਰਤੀ’ ਹੁਣ ‘ਪਗੜੀਧਾਰੀ ਈਸਾਈਆਂ’ ਨੇ ਹੜੱਪ ਲਈ...
Punjab News: ਦਸ ਪਾਤਸ਼ਾਹੀਆਂ ਦੀ ਸਰਜ਼ਮੀਂ, ਰਿਸ਼ੀਆਂ-ਮੁਨੀਆਂ ਦੀ ਪਵਿੱਤਰ-ਛੋਹ ਨਾਲ ਸਰਸ਼ਾਰੀ ਧਰਤੀ ਤੇ ਪਿੰਡ-ਪਿੰਡ, ਨਗਰ-ਨਗਰ ਉਸਰੇ ਹਜ਼ਾਰਾਂ ਨਹੀਂ ਲੱਖਾਂ ਗੁਰਦਵਾਰੇ (ਇਕੱਲੇ ਪਟਿਆਲਾ ਸ਼ਹਿਰ ਤੇ ਚੌਗਿਰਦੇ ’ਚ ਹੀ ਅਸੀਂ 180 ਗਿਣੇ ਸਨ) ਕਾਇਮ ਦਾਇਮ ਹੁੰਦਿਆਂ, ਇਸ ਵੇਲੇ 65000 ਪਾਦਰੀਆਂ ਵਲੋਂ ਪੰਜਾਬ ਦੇ ਚੱਪੇ-ਚੱਪੇ ’ਤੇ ਈਸਾਈਅਤ ਦਾ ਪ੍ਰਚਾਰ ਤੇ ਪ੍ਰਸਾਰ, ਆਖ਼ਰ ਕਿੱਧਰ ਸੰਕੇਤ ਕਰਦਾ ਹੈ? ਪਤਿਤਪੁਣੇ ਦੇ ਬੋਲਬਾਲੇ ਦੇ ਅਨੇਕਾਂ ਕਾਰਨ ਗਿਣਾਏ ਜਾਂਦੇ ਹਨ ਪਰ ‘ਪਗੜੀ ਵਾਲੇ ਈਸਾਈ’ ਜਦੋਂ ਪਿੰਡ-ਪਿੰਡ ਨਜ਼ਰੀਂ ਪੈਣ ਲੱਗ ਜਾਣ ਤਾਂ ਸਾਡੇ ਮਰਨ-ਡੁੱਬਣ ਦਾ ਸਬੱਬ ਦੂਰ ਨਹੀਂ।
ਮਾਝਾ ਕਦੇ ਸਿੱਖੀ ਦਾ ਗੜ੍ਹ! ਮਾਝਾ-ਗੁਰੂ ਪਾਤਸ਼ਾਹਾਂ ਦੀ ਚਰਨ-ਛੋਹ ਨਾਲ ਵਰੋਸਾਈ ਭੋਇੰ!! ਮਾਝਾ ਜਿਹੜੀ ਬਾਬਾ-ਬੁੱਢਾ ਜੀ, ਭਾਈ ਮੰਝ, ਭਾਈ ਲੰਗਾਹ, ਭਾਈ ਬਹਿਲੋ ਤੇ ਬੇਹਿਸਾਬ ਗੁਰਸਿੱਖਾਂ ਤੇ ਅਨਿਨ ਪਿਆਰਿਆਂ ਦੀ ਧਰਤੀ ਰਹੀ ਹੈ!! ਮਾਝਾ ਜੋ ਅਨੇਕਾਂ ਗੁਰੂ-ਨਿਵਾਜੇ ਨਗਰਾਂ ਦੀ ਸ਼ਾਨ ਰਿਹੈ, ਅੱਜ ਈਸਾਈਅਤ ਦਾ ਗੜ੍ਹ ਬਣ ਚੁੱਕਾ ਹੈ। ਤਰਨ ਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਮਿਲੇ ਅੰਕੜੇ ਤ੍ਰਾਹੁਣੇ ਤੇ ਸਾਹ ਸੂਤਵੇਂ ਹਨ ਜਿੱਥੇ ਪੂਰੇ ਧੜੱਲੇ ਨਾਲ ਈਸਾਈ ਧਰਮ ਦੀ ਲਹਿਰ ਚਲ ਰਹੀ ਹੈ। ਉਂਜ ਤਾਂ ਪੰਜਾਬ ’ਚ ਹਰ ਪਿੰਡ ਤੇ ਹਰ ਗਲੀ ਵਿਚ ਧਰਮ ਪਰਿਵਰਤਨ ਕੀਤਾ ਜਾ ਰਿਹੈ
ਪਰ ਸਰਹੱਦੀ ਕਸਬਿਆਂ ਤੇ ਥਾਵਾਂ ’ਤੇ ਇਸ ਦੀ ਗਤੀ ਬੜੀ ਤੇਜ਼ ਹੈ। ਗ਼ੁਰਬਤ, ਬੀਮਾਰੀ, ਲਾਚਾਰੀ, ਅਨਪੜ੍ਹਤਾ ਤੇ ਵਿਚਾਰਗੀ ਦੀ ਆੜ ’ਚ ਭੋਲੇ ਭਾਲੇ ਲੋਕਾਂ ਲਈ ਈਸਾ ਨੂੰ ਇਕ ਜਾਦੂਗਰ ਵਾਂਗ ਦਰਸਾ ਕੇ, ਆਰਥਕ ਮਦਦ ਕਰ ਕੇ, ਉਨ੍ਹਾਂ ਲਈ ਘਰ ਮਕਾਨ ਛੱਤ ਕੇ ਤੇ ਬੀਮਾਰੀ ਦਾ ਇਲਾਜ ਕਰ ਕੇ, ਇਹ ਚਾਲਾਕ ਪਾਦਰੀ ਅਪਣਾ ਉੱਲੂ ਸਿੱਧਾ ਕਰ ਰਹੇ ਹਨ। ਸਾਡੀਆਂ ਸ਼੍ਰੋਮਣੀ ਸੰਸਥਾਵਾਂ ਗੋਲਕਾਂ ਦੇ ਪੈਸੇ ਗਿਣ ਕੇ ਸਿਆਸਤ ਕਰਨ ਅਤੇ ਅਪਣੇ ਲਗਦਿਆਂ ਦੀ ਹਾਜ਼ਰੀ ਭਰਨ ਤੇ ਅਪਣੀ ਕੁਰਸੀ ਤਕ ਸੀਮਤ ਹੋ ਚੁਕੀਆਂ ਹਨ।
ਪਿਛਲੇ ਸਮੇਂ ਵਿਚ ਅਪਣੇ ਨਾਲ ਵਾਪਰੀਆਂ ਦੋ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕਰ ਕੇ 9ndia “oday ਵਲੋਂ ਇਕੱਤਰ ਅੰਕੜਿਆਂ ’ਤੇ ਕੇਂਦਰਤ ਕਰਨ ਦੀ ਕੋਸ਼ਿਸ਼ ਕਰਾਂਗੀ। ਸਾਡੇ ਘਰ ਦੇ ਨੇੜੇ ਰਹਿੰਦੀ ਇਕ ਮਾਲਸ਼ਣ ਨੂੰ ਅਕਸਰ ਮੈਂ ਅਪਣੇ ਘਰ ਮਾਲਿਸ਼ ਲਈ ਬੁਲਾ ਲੈਂਦੀ ਸਾਂ ਜੋ ਦੇਸੀ ਮਾਲਿਸ਼ ਦੀ ਮੰਨੀ ਪ੍ਰਮੰਨੀ ਬੀਬੀ ਸੀ। ਇਕ ਦਿਨ ਕਹਿਣ ਲੱਗੀ ਕਿ ਮੈਂ ਬਹੁਤ ਕਾਹਲੀ ’ਚ ਹਾਂ ਕਿਉਂਕਿ ਮੈਂ ਗਿਰਜੇ ਜਾਣਾ ਹੈ। ਮੇਰੇ ਵਲੋਂ ਸਵਾਲ ਦਰ ਸਵਾਲ ਪੁੱਛੇ ਜਾਣ ’ਤੇ, ਇਕੋ ਗੱਲ ਸੁਣ ਕੇ ਉਹ ਇਸ ਕਦਰ ਨਾਰਾਜ਼ ਹੋ ਗਈ ਕਿ ਮੁੜ ਕੇ ਉਸ ਨੇ ਕਦੇ ਮੇਰੇ ਘਰ ਫੇਰਾ ਨਾ ਪਾਇਆ।
ਮੈਂ ਕਹਿ ਬੈਠੀ ਕਿ ‘‘ਜਿੱਥੋਂ ਦਾ ਤੁਸੀਂ ਖਾਂਦੇ ਹੋ, ਰਹਿੰਦੇ ਹੋ, ਉਸ ਧਰਤੀ ਨਾਲ ਇਸ ਕਦਰ ਬੇਵਫ਼ਾਈ? ਕਿਉਂ ਜਾਂਦੀ ਏਂ ਗਿਰਜਾ ਤੂੰ? ਸਾਡੇ ਦੇਖਦਿਆਂ ਦੇਖਦਿਆਂ ਤੇਰੀ ਧੀ ਨੇ ਖ਼ੁਦਕਸ਼ੀ ਕਰ ਲਈ, ਨੂੰਹ ਬੱਚੇ ਲੈ ਕੇ ਪੇਕੇ ਜਾ ਬੈਠੀ, ਛੋਟਾ ਲੜਕਾ ਪ੍ਰਦੇਸੀ ਹੋ ਗਿਆ, ਕੀ ਦਿਤੈ ਤੈਨੂੰ ਈਸਾਈਅਤ ਨੇ?’’ ਦਰਅਸਲ, ਗਿਰਜੇ ਵਾਲਿਆਂ ਨੇ ਇਹਦੀ ਛੱਤ ਪੁਆ ਕੇ ਜਿਵੇਂ ਇਸ ਟੱਬਰ ਨੂੰ ਖ਼ਰੀਦ ਲਿਆ ਹੋਵੇ, ਜੋ ਹੁਣ ਕਿਸੇ ਕੀਮਤ ’ਤੇ ਇਸ ਤੋਂ ਵੱਖ ਹੋਣ ਨੂੰ ਤਿਆਰ ਨਹੀਂ।
ਇਵੇਂ ਹੀ ਦੂਜਾ ਵਾਕਿਆ, ਸਨੌਰ ਲਾਗਲੇ ਇਕ ਪਿੰਡ ਦਾ ਹੈ ਜਿੱਥੇ ਅਖ਼ਬਾਰ ’ਚੋਂ ਖ਼ਬਰ ਪੜ੍ਹ ਕੇ ਮੈਂ ਅਪਣੇ ਸਾਥੀਆਂ ਸਮੇਤ ਪਿੰਡ ਦੀ ਪਛੜੀ ਹੋਈ ਬਸਤੀ ਦੇ ਇਕ ਘਰ ’ਚ ਪਹੁੰਚੀ ਸੀ ਜਿਸ ਦੀ ਛੱਤ ਮੀਂਹ ’ਚ ਡਿਗ ਚੁੱਕੀ ਸੀ ਤੇ ਉਹ ਸੱਤ ਧੀਆਂ ਵਾਲਾ ਘਰ ਸੀ ਜੋ ਬਰਸਾਤ ’ਚ ਗਵਾਂਢੀਆਂ ਦੇ ਘਰਾਂ ’ਚ ਸ਼ਰਨ ਲਈ ਬੈਠੇ ਸਨ। ਪੈਸੇ ਜਾਂ ਛੱਤ ਲਈ ਮੈਟੀਰੀਅਲ ’ਚੋਂ ਕੀ ਲੈਣਾ ਹੈ, ਦਾ ਫ਼ੈਸਲਾ ਕਰਨ ਵਾਲਾ ਘਰ ’ਚ ਕੋਈ ਵੱਡਾ ਨਹੀਂ ਸੀ। ਧੀਆਂ ਦੇ ਮਾਪੇ ਕਿਸੇ ਗਿਰਜੇ ਵਲ ਗਏ ਹੋਏ ਸਨ ਜਿਸ ਬਾਰੇ ਉਹ ਖੁਲ੍ਹ ਕੇ ਨਹੀਂ ਸਨ ਦੱਸ ਰਹੀਆਂ। ਅਖ਼ੀਰ ਅਸੀਂ ਛੱਤ ਜੋਗੇ ਪੈਸੇ ਦੇ ਕੇ ਮੁੜ ਆਏ ਤੇ ਮਹੀਨੇ ਕੁ ਬਾਅਦ ਫਿਰ ਗੇੜਾ ਮਾਰਿਆ। ਇਸ ਵਾਰ ਵੀ ਰਾਸ਼ਨ-ਪਾਣੀ ਤੇ ਹੋਰ ਨਿਕ ਸੁਕ ਦੇ ਕੇ ਅਸੀਂ ਫਿਰ ਅਗਲੇ ਟੂਰ ’ਤੇ ਨਿਕਲ ਗਏ।
ਅਗਲੇ ਸਾਲ ਘੱਗਰ ’ਚ ਹੜ੍ਹ ਆਇਆ ਤਾਂ ਇਹ ਇਲਾਕਾ ਵੀ ਘੱਗਰ ਦੀ ਮਾਰ ਵਾਲਾ ਬਣ ਗਿਆ। ਪਿੰਡਾਂ ’ਚ ਰਾਸ਼ਨ-ਪਾਣੀ ਵੰਡਦੇ ਅਸੀਂ ਇਸ ਪਿੰਡ ਤੇ ਇਸ ਪ੍ਰਵਾਰ ਦੀ ਮਦਦ ਲਈ ਵੀ ਬਹੁੜੇ। ਸਰਪੰਚ ਤੋਂ ਪਤਾ ਲੱਗਾ ਕਿ ਇਹ ਸਾਰੀ ਬਸਤੀ ਈਸਾਈ ਬਣ ਚੁੱਕੀ ਹੈ, ਇਸ ਲਈ ਅਸੀਂ ਇਨ੍ਹਾਂ ਨਾਲ ਕੋਈ ਮੇਲ ਗੇਲ ਨਹੀਂ ਰਖਦੇ। ਜਦੋਂ ਮੈਂ ਉਨ੍ਹਾਂ ਧੀਆਂ ਨੂੰ ਪੁਛਿਆ ਕਿ ਛੱਤ ਪੁਆਉਣ ਵੇਲੇ ਉਹ ਕਿਉਂ ਨਹੀਂ ਬਹੁੜੇ? ਤਾਂ ਪਤਾ ਲੱਗਾ ਕਿ ਈਸਾਈਅਤ ਨੂੰ ਪ੍ਰਣਾਏ ਪ੍ਰਵਾਰਾਂ ’ਚ ਪਾਦਰੀ ਕਿਸੇ ਹੋਰ ਦਾ ਦਖ਼ਲ ਬਰਦਾਸ਼ਤ ਨਹੀਂ ਕਰਦੇ ਤੇ ਗੁਰੂ ਨਾਨਕ ਨਹੀਂ ਸਿਰਫ਼ ਈਸਾ ਮਸੀਹ ’ਤੇ ਹੀ ਈਮਾਨ ਰੱਖਣ ਲਈ ਕਹਿੰਦੇ ਹਨ। ਐਨੀ ਮਦਦ ਦੇ ਬਾਵਜੂਦ, ਉਹ ਕੁੜੀਆਂ ਸਿੱਖੀ ’ਚ ਪਰਤਣ ਲਈ ਰਾਜ਼ੀ ਨਾ ਹੋਈਆਂ।
ਕੋਰੋਨਾ ਦੇ ਕਰਫ਼ਿਊ ਦੌਰਾਨ ਜਦੋਂ ਉਹ ਵਾਰ-ਵਾਰ ਮਦਦ ਦੀ ਗੁਹਾਰ ਲਾਉਂਦੀਆਂ ਸਨ ਤਾਂ ਦਿਲੋਂ ਮਨੋਂ ਚਾਹੁੰਦਿਆਂ ਵੀ ਅਸੀਂ ਦੁਬਾਰਾ ਉਧਰ ਨਾ ਗਏ ਕਿਉਂਕਿ ਮਨ ’ਚ ਇਕ ਰੋਸ ਸੀ ਕਿ ਅਪਣੇ ਜਾਨ ਤੋਂ ਪਿਆਰੇ ਪੰਜਾਬ ਨੂੰ ਈਸਾਈਅਤ ਵਿਚ ਰੰਗਣ ਵਾਲੇ ਇਨ੍ਹਾਂ ਮੱਕਾਰ ਲੋਕਾਂ ਨੂੰ ਦੋਵੇਂ ਹੱਥੀਂ ਸ਼ੀਰਨੀ ਕਿਉਂ ਵੰਡੀਏ? ਖ਼ੈਰ! ਇਹ ਕਹਾਣੀ ਕੇਵਲ ਇਕ ਪਿੰਡ, ਸ਼ਹਿਰ, ਬਸਤੀ ਤੇ ਇਲਾਕੇ ਦੀ ਨਹੀਂ ਰਹਿ ਗਈ, ਪੂਰਾ ਪੰਜਾਬ ਇਸੇ ਦੀ ਲਪੇਟ ਵਿਚ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਬੀਤੇ ਵਰ੍ਹੇ ਬਹੁਤ ਸੰਜੀਦਗੀ ਨਾਲ ਇਸ ਵਬਾ ਵੰਨੀ ਧਿਆਨ ਦਿਵਾਉਣ ਦੀ ਦਲੇਰੀ ਕੀਤੀ ਸੀ ਪ੍ਰੰਤੂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਸ ਗੱਲ ਨੂੰ ਅਣਗੌਲਿਆਂ ਕਰ ਦਿਤਾ ਸੀ ਕਿਉਂਕਿ ਉਨ੍ਹਾਂ ਲਈ ਕੋਈ ਸਿਰਸੇ ਜਾਵੇ ਜਾਂ ਈਸਾਈ ਬਣ ਜਾਵੇ, ਉਨ੍ਹਾਂ ਦੀਆਂ ਕੁਰਸੀਆਂ ਸਲਾਮਤ ਹਨ ਤੇ ਇਹ ਸਲਾਮਤ ਰਹਿਣੀਆਂ ਚਾਹੀਦੀਆਂ ਨੇ। ਇਸੇ ਲਈ ਸਾਡੇ ਪ੍ਰਧਾਨ ਜੀ ਦਾ ਤਰਕ ਹੈ ਕਿ ‘‘ਲੋਕ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਾਦਰੀਆਂ ਕੋਲ ਜਾਂਦੇ ਹਨ। ਦੇਰ-ਸਵੇਰ ਉਨ੍ਹਾਂ ਨੂੰ ਸਚਾਈ ਪਤਾ ਲੱਗ ਜਾਵੇਗੀ ਤੇ ਉਹ ਅਪਣੇ ਮੂਲ ਧਰਮ ਵਲ ਮੁੜ ਆਉਣਗੇ।’’
‘ਘਰ-ਘਰ ਅੰਦਰ ਧਰਮਸ਼ਾਲ’ ਵਾਲਾ ਗੁਰੂ ਪਾਤਸ਼ਾਹੀਆਂ ਦਾ ਸੁਨੇਹਾ ਆਖ਼ਰ ਕਿੱਥੇ ਗ਼ਾਇਬ ਕਰ ਦਿਤਾ ਗਿਆ? ਪੰਜ ਕੁ ਸਦੀਆਂ ’ਚ ਹੀ ਇਸ ਬ੍ਰਹਿਮੰਡੀ ਫ਼ਲਸਫ਼ੇ ਨੂੰ ਗ੍ਰਹਿਣ ਕਿਉਂ ਲਾ ਦਿਤਾ ਗਿਆ ਹੈ? ਸਾਲ 1873 ਵਿਚ ਚਾਰ ਸਿੱਖ ਵਿਦਿਆਰਥੀਆਂ ਦੇ ਈਸਾਈਅਤ ਵਲ ਜਾਣ ਦੀ ਖ਼ਬਰ ਨੇ ਤਰਥੱਲੀ ਮਚਾ ਕੇ ਰੱਖ ਦਿਤੀ ਸੀ ਤੇ ਸਿਆਣਿਆਂ ਨੇ ਸਿਰ ਜੋੜ ਕੇ ਉਸੇ ਸਮੇਂ ਸਿੰਘ ਸਭਾ ਲਹਿਰ ਸਿਰਜ ਦਿਤੀ ਸੀ ਪਰ ਅੱਜ ਅਸੀਂ ਕਿੱਥੇ ਗ਼ਰਕ ਗਏ ਹਾਂ? 2011 ਦੀ ਮਰਦਮ ਸ਼ੁਮਾਰੀ ’ਚ ਜਿੱਥੇ ਈਸਾਈਆਂ ਦੀ ਗਿਣਤੀ 1.26 ਫ਼ੀਸਦੀ ਸੀ, ਉੱਥੇ ਹੁਣ ਇਸ ’ਚ ਬੇਸ਼ੁਮਾਰ ਵਾਧਾ ਹੋ ਚੁੱਕਾ ਹੈ।
ਸਿੰਘ ਸਭਾ ਲਹਿਰ ਦੀ ਡੇਢਵੀਂ ਸ਼ਤਾਬਦੀ ਵੀ ਸਾਡੀਆਂ ਬਰੂਹਾਂ ਤੋਂ ਦਸਤਕ ਦੇ ਕੇ ਲੰਘ ਚੁੱਕੀ ਹੈ ਪਰ ਅਸੀਂ ਅੱਜ ਵੀ ਅਵੇਸਲੇ ਤੇ ਲਾਪ੍ਰਵਾਹ ਹਾਂ ਜਿਵੇਂ ਕਿ ਪਹਿਲਾਂ ਸਾਂ। ਕਿਸੇ ਪਾਸੇ ਕੋਈ ਹਰਕਤ ਨਹੀਂ, ਪ੍ਰਚਾਰ ਨਹੀਂ, ਫ਼ਿਕਰ ਨਹੀਂ ਤੇ ਯੋਜਨਾ ਨਹੀਂ। ਦੂਜੇ ਪਾਸੇ ਜੋ ਕੁੱਝ ਧੜੱਲੇ ਨਾਲ ਪਾਦਰੀ ਕਰ ਰਹੇ ਹਨ, ਉਸ ’ਤੇ ਇਕ ਨਜ਼ਰ ਪਾ ਲੈਣੀ ਬਹੁਤ ਜ਼ਰੂਰੀ ਹੈ।
‘ਇੰਡੀਆ ਟੂਡੇ’ ਇਕ ਭਰੋਸੇਯੋਗ ਰਸਾਲਾ ਹੈ। ਇਸ ਵਲੋਂ ਕੀਤੇ ਸਰਵੇਖਣ ਅਨੁਸਾਰ, ‘ਪੰਜ ਪਿਆਰਿਆਂ ਦੀ ਧਰਤੀ’ ਹੁਣ ‘ਪਗੜੀਧਾਰੀ ਈਸਾਈਆਂ’ ਨੇ ਹੜੱਪ ਲਈ ਹੈ ਜਿਨ੍ਹਾਂ ਦਾ ਜਾਲ ਪੰਜਾਬ ਦੇ ਚੱਪੇ-ਚੱਪੇ ’ਤੇ ਵਿਛਿਆ ਹੋਇਆ ਹੈ। ਇਸ ਮੈਗਜ਼ੀਨ ਨੇ ਤੌਖਲਾ ਜ਼ਾਹਰ ਕੀਤਾ ਹੈ ਕਿ ਜੇਕਰ ਜ਼ਿੰਮੇਵਾਰ ਸੰਸਥਾਵਾਂ ਨੇ ਕੋਈ ਉਚੇਚੀ ਚਾਰਾਜੋਈ ਨਾ ਕੀਤੀ ਤਾਂ ਇਸ ਦੇ ਨਤੀਜੇ ਬਹੁਤ ਤਬਾਹਕੁਨ ਹੋਣਗੇ। 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਇੱਥੇ ਇਕ ਵਰਗ ਅਪਣੇ ਆਪ ਨੂੰ ਦਲਿਤ ਵੀ ਐਲਾਨ ਰਿਹਾ ਸੀ ਤੇ ਈਸਾਈ ਵੀ ਕਿਉਂਕਿ ਦਲਿਤਾਂ ਦਾ ਧਰਮ ਬਦਲ ਕੇ ਹੀ ਇਨ੍ਹਾਂ ਨੂੰ ਈਸਾਈ ਬਣਾਇਆ ਜਾ ਰਿਹਾ ਸੀ।
ਵੋਟ-ਬੈਂਕ ਦੀ ਨੀਤੀ ਕਾਰਨ, ਨਾ ਸਰਕਾਰਾਂ ਇਸ ਪੱਖੋਂ ਗੰਭੀਰ ਹਨ ਤੇ ਨਾ ਧਾਰਮਕ ਸੰਸਥਾਵਾਂ। ਇੰਡੀਆ ਟੂਡੇ ਦੀ ਟੀਮ ਜਲੰਧਰ ਜ਼ਿਲ੍ਹੇ ਦੇ ਖਾਂਬੜਾ ਪਿੰਡ ਪਹੁੰਚੀ ਜਿੱਥੇ ਹਰ ਐਤਵਾਰ ਨੂੰ ਮੋਟਰਸਾਈਕਲਾਂ ਤੋਂ ਲੈ ਕੇ ਕਾਰਾਂ ਅਤੇ ਕਿਰਾਏ ’ਤੇ ਲਿਆਂਦੀਆਂ ਬਸਾਂ ਵਿਚ ਸਵਾਰ ਹੋ ਕੇ ਸ਼ਰਧਾਲੂ ਇੱਥੋਂ ਦੇ ਗਿਰਜਾ ਘਰ ’ਚ ਆ ਰਹੇ ਸਨ। ਇਨ੍ਹਾਂ ਹਜ਼ਾਰਾਂ ਲੋਕਾਂ ਨੂੰ ਇੱਥੇ ਲਿਆਉਣ ਵਾਲਾ ਪਾਦਰੀ ਅੰਕੁਰ ਨਰੂਲਾ ਹੈ। ਹਿੰਦੂ ਖਤਰੀ ਪ੍ਰਵਾਰ ’ਚ ਜਨਮਿਆ ਨਰੂਲਾ 2008 ’ਚ ਈਸਾਈ ਬਣ ਗਿਆ। ਫਿਰ ‘ਅੰਕੁਰ ਨਰੂਲਾ ਮਨਿਸਟਰੀ’ ਸਥਾਪਤ ਕੀਤੀ ਤੇ ਨਾਲ ਹੀ ‘ਚਰਚ ਆਫ਼ ਸਾਇੰਸ ਐਂਡ ਵੰਡਰਜ਼’ ਸ਼ੁਰੂ ਕੀਤਾ।
ਖਾਂਬੜੇ ਪਿੰਡ ’ਚ 65 ਏਕੜ ’ਚ ਫੈਲਿਆ ਤੇ ਬਣ ਰਿਹਾ ਨਵਾਂ ਚਰਚ, ਕਿਹਾ ਜਾ ਰਿਹੈ ਕਿ ਇਹ ਏਸ਼ੀਆ ਦਾ ਸੱਭ ਤੋਂ ਵੱਡਾ ਚਰਚ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਨੌਂ ਜ਼ਿਲ੍ਹਿਆਂ, ਬਿਹਾਰ, ਬੰਗਾਲ, ਅਮਰੀਕਾ, ਕੈਨੇਡਾ, ਜਰਮਨੀ ਤੇ ਲੰਡਨ ’ਚ ਵੀ ਉਸ ਦੇ ਟਿਕਾਣੇ ਹਨ। 2011 ਦੀ ਮਰਦਮ ਸ਼ੁਮਾਰੀ ਅਨੁਸਾਰ ਪੂਰੇ ਪੰਜਾਬ ’ਚ ਤਿੰਨ ਲੱਖ ਅਠਤਾਲੀ ਹਜ਼ਾਰ ਈਸਾਈ ਰਹਿੰਦੇ ਸਨ ਪ੍ਰੰਤੂ ਹੁਣ ਇਕੱਲੀ ਨਰੂਲਾ ਮਨਿਸਟਰੀ ਨਾਲ ਹੀ ਤਿੰਨ ਲੱਖ ਤੋਂ ਜ਼ਿਆਦਾ ਲੋਕ ਜੁੜੇ ਹੋਏ ਦੱਸੇ ਜਾਂਦੇ ਹਨ। ਜਲੰਧਰ ਤੋਂ ਬਾਅਦ ਗੁਰੂ-ਨਗਰੀ ਅੰਮ੍ਰਿਤਸਰ ਦਾ ਜ਼ਿਕਰ ਕੀਤਾ ਜਾਣਾ ਬਣਦਾ ਹੈ ਜਿੱਥੇ ਸਹਿੰਸਰਾ ਕਲਾ (ਜੋ ਮਹਾਨ ਇਨਕਲਾਬੀ ਸ. ਗੁਰਚਰਨ ਸਿੰਘ ਸਹਿੰਸਰਾ ਦਾ ਜੱਦੀ ਪਿੰਡ ਹੈ) ਦੀਆਂ ਤੰਗ ਗਲੀਆਂ ’ਚ ਬਣਿਆ ਗਿਰਜਾ-ਘਰ ਧਰਮ ਪਰਿਵਰਤਨ ਦਾ ਧੁਰਾ ਬਣ ਚੁੱਕਾ ਹੈ। ਇਕ ਪੁਲੀਸ ਮੁਲਾਜ਼ਮ (ਸਰਦਾਰ) ਇਸ ਦਾ ਕਰਤਾ ਧਰਤਾ ਦਸਿਆ ਜਾ ਰਿਹਾ ਹੈ।
ਪੰਜਾਬ ’ਚ ਭਾਵੇਂ ਧਰਮ ਪਰਿਵਰਤਨ ਕੋਈ ਅਸਲੋਂ ਨਵੀਂ ਗੱਲ ਨਹੀਂ ਪ੍ਰੰਤੂ ਹੁਣ ਇਸ ਦੇ ਨਵੇਂ-ਨਵੇਂ ਬਣੇ ਪਾਦਰੀ ਸਰਦਾਰ ਢਿੱਲੋਂ, ਸੰਧੂ, ਮਿੱਤਲ, ਰਾਣਾ ਤੇ ਹੋਰ ਸਿੱਖ ਚਿਹਰੇ ਹਨ ਜੋ ਧੜਾਧੜ ਪਗੜੀ-ਧਾਰੀ ਈਸਾਈ ਪੈਦਾ ਕਰ ਰਹੇ ਹਨ। ਡਾਕਟਰ, ਇੰਜੀਨੀਅਰ, ਪੁਲੀਸਕਰਮੀ, ਵਕੀਲ, ਕਾਰੋਬਾਰੀ ਤੇ ਜ਼ਿਮੀਂਦਾਰ, ਕੋਈ ਵੀ ਵਰਗ ਅਜਿਹਾ ਨਹੀਂ ਬਚਿਆ ਜੋ ਇਸ ਵਬਾ ਤੋਂ ਬਚ ਸਕਿਆ ਹੋਵੇ। ਕਪੂਰਥਲੇ ਜ਼ਿਲ੍ਹੇ ਦੇ ਖੋਜੇਵਾਲ ਪਿੰਡ ’ਚ ਸੁਣਿਆ ਹੈ ਕਿ ਓਪਨ ਡੋਰ ਚਰਚ ਬਣਿਆ ਹੈ ਜੋ ਯੋਰਪੀ ਪ੍ਰੋਟੈਸਟੈਂਟ ਡਿਜ਼ਾਈਨ ਦਾ ਹੈ। ਇਵੇਂ ਹੀ ਬਟਾਲਾ ਦੇ ਹਰਪੁਰਾ ਪਿੰਡ ਦਾ ਪਾਦਰੀ ਜੱਟ ਸਿੱਖ ਹੈ। ਬਨੂੜ ’ਚ ਬਣੇ ਚਰਚ ਆਫ਼ ਪੀਸ ਦਾ ਇੰਚਾਰਜ ਮਿੱਤਲ ਹੈ ਤੇ ਚਮਕੌਰ ਸਾਹਿਬ (ਸ਼ਹੀਦ ਸਿੰਘਾਂ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤਗਾਹ) ਦਾ ਪਾਦਰੀ ਮਜ਼੍ਹਬੀ ਸਿੱਖ ਹੈ।
ਪੰਜਾਬ ’ਚ ਸਿੱਖਾਂ ਨੂੰ ਈਸਾਈ ਬਣਾਉਣ ਦੀ ਪ੍ਰਕਿਰਿਆ ਜ਼ੋਰ ਸ਼ੋਰ ਨਾਲ ਚਲ ਰਹੀ ਹੈ। ਮਾਝੇ ਤੋਂ ਬਾਅਦ ਹੁਣ ਦੋਆਬਾ ਤੇ ਮਾਲਵਾ ਵੀ ਇਸ ਚੱਕਰ ਤੋਂ ਅਛੂਤੇ ਨਹੀਂ ਰਹੇ। ਸਰਹੱਦੀ ਇਲਾਕਿਆਂ ’ਚ ਜਿੱਥੇ ਇਹ ਚਾਲ ਬਹੁਤ ਤੇਜ਼ ਹੈ, ਉੱਥੇ ਇਕ ਮੋਟੇ ਅਨੁਮਾਨ ਅਨੁਸਾਰ, 65000 ਪਾਦਰੀ ਦਿਨ ਰਾਤ ਇਸੇ ਗਤੀਵਿਧੀ ’ਚ ਰੁੱਝੇ ਹੋਏ ਹਨ। ਕੀ ਸਾਡੀ ਅਖੌਤੀ ਸ਼੍ਰੋਮਣੀ ਕਮੇਟੀ ਕੋਲ 65 ਅਜਿਹੇ ਸਿਰੜੀ, ਸਿਦਕੀ, ਮਿਹਨਤੀ ਤੇ ਪ੍ਰਤਿਬੱਧ ਪ੍ਰਚਾਰਕ ਹਨ? ਤਰਨ ਤਾਰਨ, ਅੰਮ੍ਰਿਤਸਰ ਤੇ ਚਮਕੌਰ ਸਾਹਿਬ ਵਰਗੇ ਸਿੱਖੀ ’ਚ ਗੜੁੱਚ ਰਹੇ ਇਲਾਕਿਆਂ ’ਚ ਇਹ ਧਰਮ ਪਰਿਵਰਤਨ ਹੋਣ ਵੇਲੇ, ਸਾਡੇ ਚੌਧਰੀ ਕਿੱਥੇ ਗ਼ਰਕੇ ਬੈਠੇ ਸਨ? ਇੰਜ ਜਿੱਥੇ 2011 ਦੀ ਮਰਦਮ ਸ਼ੁਮਾਰੀ ਅਨੁਸਾਰ ਪੂਰੇ ਪੰਜਾਬ ਵਿਚ 1.26 ਫ਼ੀਸਦੀ ਇਸਾਈ ਸਨ, ਉੱਥੇ 2021 ਤਕ ਇਹ ਵਾਧਾ 102.73 ਫ਼ੀਸਦੀ ਦਰਜ ਕੀਤਾ ਗਿਆ। ਅਰਥਾਤ ਧੜਾਧੜ ਸਿੱਖੀ ਦਾ ਖ਼ਾਤਮਾ ਕੀਤਾ ਜਾ ਰਿਹੈ ਤੇ ਉਹ ਵੀ ਉਸ ਧਰਤੀ ’ਤੇ ਜਿੱਥੇ ਹਰ ਜ਼ੱਰੇ ਜ਼ੱਰੇ ’ਤੇ ਸਤਿਗੁਰਾਂ ਦੇ ਚਰਨ ਪਏ ਸਨ ਤੇ ਥਾਂ-ਥਾਂ ਗੁਰਦਵਾਰੇ ਸੁਸ਼ੋਭਿਤ ਹਨ। ਕੀ ਇਹ ਸ਼੍ਰੋ. ਗੁ.ਪ੍ਰ. ਕਮੇਟੀ ਦੀ ਅਣਗਹਿਲੀ ਤੇ ਨਾਲਾਇਕੀ ਨਹੀਂ? ਕਿੱਥੇ ਹਨ ਇਸ ਦੇ ਪ੍ਰਚਾਰਕ? ਕਿੱਥੇ ਹਨ ਗੁਦਵਾਰਿਆਂ ’ਚ ਬੈਠੇ ਮਹੰਤ? ਕੀ ਕਦੇ ਕਿਸੇ ਨੇ ਇਹ ਚਿੱਠਾ ਫੋਲਣ ਦੀ ਕੋਸ਼ਿਸ਼ ਕੀਤੀ ਕਿ ਕਿਉਂ ਲੋਕ ਵਾਹੋਦਾਹੀ ਈਸਾਈ ਬਣ ਰਹੇ ਹਨ?
ਉਹੀ ਇਲਾਕਾ ਹੈ ਜਿੱਥੇ ਕਦੇ ਸਖੀ ਸਰਵਰਾਂ ਦੇ ਸ਼ਾਗਿਰਦ ਰਹੇ ਭਾਈ ਲੰਗਾਹ ਜੀ, ਪੰਚਮ ਨਾਨਕ ਦੀ ਸ਼ਰਨ ’ਚ ਆ ਕੇ ਅਮਰਤਾ ਪ੍ਰਾਪਤ ਕਰ ਗਏ ਤੇ ਉਨ੍ਹਾਂ ਦੀ ਵੰਸ਼ਜ, ਮਾਈ ਭਾਗੋ ਜੀ ਨੇ ਇਸ ਦੇਸ਼ ਦੇ ਇਤਿਹਾਸ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਸੀ। ਕੁੱਝ ਸਮਾਂ ਪਹਿਲਾਂ ‘ਨਿਊਜ਼ ਨੇਸ਼ਨ’ ਨੇ ‘ਯੂਨਾਈਟਿਡ ਕ੍ਰਿਸ਼ਚੀਅਨ ਫ਼ਰੰਟ’ ਦੇ ਅੰਕੜਿਆਂ ’ਤੇ ਗ਼ੌਰ ਕਰਦਿਆਂ ਦਸਿਆ ਕਿ ਪੰਜਾਬ ਦੇ 12000 ਤੋਂ ਵੱਧ ਪਿੰਡਾਂ ’ਚੋਂ 8000 ਪਿੰਡਾਂ ’ਚ ਈਸਾਈਆਂ ਦੀਆਂ ਮਜ਼੍ਹਬੀ ਸੰਮਤੀਆਂ ਬਣ ਚੁਕੀਆਂ ਹਨ ਤੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਚਾਰ ਈਸਾਈ ਫ਼ਿਰਕਿਆਂ ਦੇ 600 ਤੋਂ 700 ਤਕ ਚਰਚ ਬਣ ਚੁੱਕੇ ਹਨ ਜਿਨ੍ਹਾਂ ’ਚੋਂ ਪਿਛਲੇ ਪੰਜ ਸਾਲਾਂ ’ਚ 60 ਤੋਂ 70 ਫ਼ੀਸਦੀ ਹੋਂਦ ’ਚ ਆਏ।
ਸੋ, ਇਸ ਵੇਲੇ ਪੰਜਾਬ ਦੀ ਹਾਲਤ ਤਾਮਿਲਨਾਡੂ ਵਰਗੇ ਦਖਣੀ ਰਾਜ ਜਹੀ ਬਣ ਚੁਕੀ ਹੈ। 1980 ਤੋਂ ਬਾਅਦ ਉੱਥੇ ਇਹੋ ਜਿਹੇ ਹਾਲਾਤ ਬਣੇ ਸਨ ਪਰ ਉੱਥੇ ਅੱਜ ਕੇਵਲ 6.2 ਫ਼ੀਸਦੀ ਈਸਾਈ ਹਨ ਜਦਕਿ ਸਾਰੇ ਉੱਤਰ ਪੂਰਬੀ ਰਾਜਾਂ ’ਚ 90 ਫ਼ੀਸਦੀ ਲੋਕ ਈਸਾਈਆਂ ਨੇ ਅਪਣੇ ਵੱਸ ਕਰ ਲਏ ਹਨ। ਪੰਜ ਪਿਆਰਿਆਂ ਦੀ ਜ਼ਮੀਨ ’ਤੇ ਦੇਖਦੇ ਹੀ ਦੇਖਦੇ ਇਹ ਪਗੜੀ ਵਾਲੇ ਈਸਾਈ ਕਿਵੇਂ ਛਾ ਗਏ, ਇਹ ਬੇਹੱਦ ਚਿੰਤਾ, ਫ਼ਿਕਰ ਤੇ ਵਿਚਾਰਨ ਦਾ ਵਿਸ਼ਾ ਹੈ। ਪੰਜਾਬ ਦਾ ਜਿਹੜਾ ਸਰਵਨਾਸ਼ ਪਿਛਲੇ ਕੁੱਝ ਦਹਾਕਿਆਂ ਵਿਚ ਹੁੰਦਾ ਆ ਰਿਹੈ, ਈਸਾਈਅਤ ਦੀ ਚੜ੍ਹਤ ਵੀ ਉਸੇ ਵਿਨਾਸ਼, ਤਬਾਹੀ ਤੇ ਉਜਾੜੇ ਦੀ ਇਕ ਕੜੀ ਹੈ। ‘ਐ ਪੰਜਾਬ! ਕਰਾਂ ਕੀ ਸਿਫ਼ਤ ਤੇਰੀ’ ਨੂੰ ਵਾਕਈ ਕਿਸੇ ਚੰਦਰੇ ਦੀ ਨਜ਼ਰ ਲੱਗ ਗਈ ਹੈ।
ਕੁਲਵੰਤ ਕੌਰ (ਡਾ.)
ਮੋ: 98156-20515