
ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ’ਤੇ ਵਿਸ਼ੇਸ਼...
ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦੇ ਮਨੋਰਥ ਨੂੰ ਸਮਝਣਾ ਵੀ ਅਜੋਕੇ ਸਮੇਂ ਦੀ ਮੁੱਖ ਜ਼ਰੂਰਤ ਹੈ। ਮਾਂ ਬੋਲੀ ਦਿਵਸ ਮਨਾਉਣ ਦਾ ਮੰਤਵ ਆਪੋ ਅਪਣੀਆਂ ਮਾਂ ਬੋਲੀਆਂ ਦੇ ਪਸਾਰੇ ਨਾਲ ਵਿਸ਼ਵ ’ਤੇ ਬਹੁ-ਭਾਸ਼ਾਈ ਸਭਿਆਚਾਰ ਪੈਦਾ ਕਰਨਾ ਅਤੇ ਭਾਸ਼ਾਈ ਤਾਲ-ਮੇਲ ਜ਼ਰੀਏ ਵਿਸ਼ਵ ਵਿਕਾਸ ਵਲ ਵਧਣਾ ਹੈ। ਇਸ ਦਿਨ ’ਤੇ ਇਹ ਸਮਝਣ ਦੀ ਵੀ ਜ਼ਰੂਰਤ ਹੈ ਕਿ ਅਪਣੀ ਮਾਂ ਬੋਲੀ ਦੇ ਪਸਾਰੇ ਲਈ ਦੂਜੀਆਂ ਭਾਸ਼ਾਵਾਂ ਨੂੰ ਸਤਿਕਾਰ ਦੇਣਾ ਵੀ ਬਹੁਤ ਜ਼ਰੂਰੀ ਹੈ।
punjabi language
ਕਿਉਂਕਿ ਇਕ ਮਾਂ ਦੇ ਸਤਿਕਾਰ ਅਤੇ ਗੌਰਵ ਵਿਚ ਉਸ ਸਮੇਂ ਹੋਰ ਵੀ ਇਜ਼ਾਫ਼ਾ ਹੋ ਜਾਂਦਾ ਹੈ ਜਦੋਂ ਉਸ ਦੇ ਜਾਏ ਹੋਰਨਾਂ ਮਾਵਾਂ ਦਾ ਵੀ ਝੁਕ ਕੇ ਸਤਿਕਾਰ ਕਰਦੇ ਹਨ। ਪੰਜਾਬੀ ਭਾਸ਼ਾ ਪ੍ਰਤੀ ਸੀਨੇ ਵਿਚ ਪਿਆਰ ਪਾਲਦਿਆਂ ਹੋਰਨਾਂ ਭਾਸ਼ਾਵਾਂ ਨੂੰ ਦਿਤਾ ਜਾਣ ਵਾਲਾ ਸਤਿਕਾਰ ਸਾਡੀ ਮਾਂ ਬੋਲੀ ਪੰਜਾਬੀ ਦੇ ਨਾਲ-ਨਾਲ ਸਾਡੇ ਨਿੱਜੀ ਸਤਿਕਾਰ ਦਾ ਵੀ ਸਬੱਬ ਬਣੇਗਾ। ਵਿਸ਼ਵ ਵਿਚ ਬਹੁ-ਭਾਸ਼ਾਈ ਸਭਿਆਚਾਰ ਦਾ ਮਾਹੌਲ ਪੈਦਾ ਕਰਦਿਆਂ ਹਰ ਭਾਸ਼ਾ ਨੂੰ ਵਿਕਸਤ ਹੋਣ ਦੇ ਅਵਸਰ ਦੇਣਾ ਹੀ ਇਸ ਦਿਵਸ ਦਾ ਮੁੱਖ ਮਨੋਰਥ ਹੈ। ਅੱਜ ਦੇ ਦਿਨ ਮਾਂ ਬੋਲੀ ਪੰਜਾਬੀ ਪ੍ਰਤੀ ਗੌਰਵਮਈ ਅਹਿਸਾਸ ਨਾਲ ਇਸ ਦੇ ਵਿਕਾਸ ਲਈ ਅਹਿਦ ਕਰਨਾ ਹਰ ਪੰਜਾਬੀ ਦਾ ਨੈਤਿਕ ਫ਼ਰਜ਼ ਹੈ।
punjabi language
ਮਾਂ ਬੋਲੀ ਨਾਲ ਹਰ ਇਨਸਾਨ ਦਾ ਰਿਸ਼ਤਾ ਵਿਸ਼ੇਸ਼ ਅਤੇ ਵਿਲੱਖਣ ਹੁੰਦਾ ਹੈ। ਵਿਸ਼ਵ ਦੇ ਹਰ ਸਮਾਜ ਦੇ ਨਾਗਰਿਕਾਂ ਨੂੰ ਅਪਣੀ ਮਾਂ-ਬੋਲੀ ਸਭ ਤੋਂ ਪਿਆਰੀ ਅਤੇ ਮਿੱਠੀ ਜਾਪਦੀ ਹੈ। ਸ਼ਾਇਦ ਇਸੇ ਸੋਚ ਵਿਚੋਂ ਹੀ ਭਾਸ਼ਾਈ ਸੰਕੀਰਨਤਾ (ਤੰਗ-ਦਿਲੀ) ਦਾ ਜਨਮ ਹੁੰਦਾ ਹੈ। ਹਰ ਇਨਸਾਨ ਨੂੰ ਅਪਣੀ ਮਾਂ ਬੋਲੀ ਨਾਲ ਸਨੇਹ ਕਰਨਾ ਚਾਹੀਦਾ ਹੈ ਪਰ ਹੋਰਨਾਂ ਭਾਸ਼ਾਵਾਂ ਪ੍ਰਤੀ ਤੰਗ-ਦਿਲੀ ਰਖਣਾ ਜਾਇਜ਼ ਨਹੀਂ। ਹੋਰਨਾਂ ਭਾਸ਼ਾਵਾਂ ਪ੍ਰਤੀ ਤੰਗ-ਦਿਲੀ ਵਾਲੀ ਸੋਚ ਹੀ ਸਮਾਜ ਵਿਚ ਬਹੁਤ ਸਾਰੀਆਂ ਬੁਰਾਈਆਂ ਦੀ ਜਨਮ ਦਾਤਾ ਹੈ। ਜੇਕਰ ਮਾਂ ਬੋਲੀ ਨੂੰ ਹੋਰਨਾਂ ਭਾਸ਼ਾਵਾਂ ਤੋਂ ਉੱਚਾ ਰੁਤਬਾ ਦੇਣਾ ਵਿਦਵਤਾ ਦੀ ਨਿਸ਼ਾਨੀ ਹੈ ਤਾਂ ਹੋਰਨਾਂ ਭਾਸ਼ਾਵਾਂ ਪ੍ਰਤੀ ਈਰਖਾ ਪਾਲਣਾ ਮੂਰਖਤਾ ਤੋਂ ਵੱਧ ਕੁੱਝ ਵੀ ਨਹੀਂ।
Punjabi language
ਵਿਸ਼ਵ ਸ਼ਾਂਤੀ ਅਤੇ ਇਨਸਾਨੀਅਤ ਦੇ ਪਸਾਰੇ ਲਈ ਬਹੁ-ਭਾਸ਼ਾਈ ਸਨੇਹ ਅਤੇ ਸਦਭਾਵਨਾ ਸਮੇਂ ਦੀ ਮੁੱਖ ਜ਼ਰੂਰਤ ਹੈ। ਹੋਰਨਾਂ ਭਾਸ਼ਾਵਾਂ ਪ੍ਰਤੀ ਸਤਿਕਾਰ ਦੀ ਭਾਵਨਾ ਕਾਇਮ ਕਰਨ ਅਤੇ ਬਹੁ-ਭਾਸ਼ਾਈ ਸਭਿਆਚਾਰ ਦੇ ਪਸਾਰੇ ਲਈ ਸਮੁੱਚੇ ਵਿਸ਼ਵ ਵਿਚ 21 ਫ਼ਰਵਰੀ ਵਾਲੇ ਦਿਨ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਹਿਲੀ ਵਾਰ ਯੂਨੈਸਕੋ ਵਲੋਂ 17 ਨਵੰਬਰ 1999 ਨੂੰ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ ਗਈ। ਬਾਅਦ ਵਿਚ ਯੂਨਾਈਟਿਡ ਨੇਸ਼ਨਜ਼ ਵਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਉਣ ਸਬੰਧੀ ਮਤੇ ਨੂੰ ਪ੍ਰਵਾਨਗੀ ਦਿਤੀ ਗਈ। ਸਮੁੱਚੇ ਵਿਸ਼ਵ ਵਿਚ 21 ਫ਼ਰਵਰੀ 2000 ਤੋਂ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ।
punjabi language
ਮਾਂ ਬੋਲੀ ਲਈ ਸ਼ਹੀਦ ਹੋਣ ਵਾਲੇ ਬੰਗਲਾ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਏ ਇਸ ਦਿਵਸ ਨੂੰ ਹੁਣ ਸਮੁੱਚੇ ਵਿਸ਼ਵ ਵਿਚ ਮਾਨਤਾ ਮਿਲ ਗਈ ਹੈ ਅਤੇ ਵਿਸ਼ਵ ਦੇ ਹਰ ਸਮਾਜ ਵਲੋਂ ਇਸ ਦਿਨ ਆਪੋ ਅਪਣੀ ਮਾਂ ਬੋਲੀ ਦੇ ਪਿਛੋਕੜ ਬਾਰੇ ਸੈਮੀਨਾਰ, ਗੋਸ਼ਟੀਆਂ ਅਤੇ ਕਾਵਿ ਸੰਮੇਲਨ ਕਰਵਾਉਣ ਤੋਂ ਇਲਾਵਾ ਇਸ ਦੇ ਪਸਾਰੇ ਲਈ ਅਹਿਦ ਲਏ ਜਾਂਦੇ ਹਨ। ਵਿਦਵਾਨਾਂ ਵਲੋਂ ਆਮ ਲੋਕਾਂ ਨੂੰ ਮਾਂ ਬੋਲੀ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਮਾਂ ਬੋਲੀ ਨਾਲ ਪਿਆਰ ਅਤੇ ਹੋਰਨਾਂ ਸਮਾਜਾਂ ਦੀਆਂ ਭਾਸ਼ਾਵਾਂ ਦੇ ਸਤਿਕਾਰ ਬਾਰੇ ਵੀ ਪ੍ਰੇਰਿਤ ਕੀਤਾ ਜਾਂਦਾ ਹੈ।
Punjabi Language
ਕੌਮਾਂਤਰੀ ਮਾਂ ਬੋਲੀ ਦਿਵਸ ਦੀ ਸ਼ੁਰੂਆਤ ਦਾ ਸਿਹਰਾ ਬੰਗਲਾ ਦੇਸ਼ ਦੇ ਮਾਂ ਬੋਲੀ ਪ੍ਰੇਮੀਆਂ ਦੇ ਸਿਰ ਬਝਦਾ ਹੈ। ਪਾਕਿਸਤਾਨ ਸਰਕਾਰ ਵਲੋਂ 1948 ਵਿਚ ਕੇਵਲ ਤੇ ਕੇਵਲ ਉਰਦੂ ਨੂੰ ਹੀ ਰਾਸ਼ਟਰੀ ਭਾਸ਼ਾ ਦਾ ਦਰਜਾ ਦੇਣ ਦਾ ਬੰਗਲਾ ਦੇਸ਼ ਵਾਸੀਆਂ ਵਲੋਂ ਸ਼ੁਰੂ ਹੋਇਆ ਵਿਰੋਧ, ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਸੀ। ਸਭਿਆਚਾਰਕ, ਖੇਤਰ ਅਤੇ ਭਾਸ਼ਾ ਪੱਖੋਂ ਪਾਕਿਸਤਾਨ ਤੋਂ ਪੂਰੀ ਤਰ੍ਹਾਂ ਭਿੰਨ ਬੰਗਲਾ ਦੇਸ਼ ਦੇ ਨਾਗਰਿਕਾਂ ਵਲੋਂ ਉਰਦੂ ਦੇ ਨਾਲ-ਨਾਲ ਉਨ੍ਹਾਂ ਦੀ ਮਾਂ ਬੋਲੀ ਨੂੰ ਵੀ ਰਾਸ਼ਟਰੀ ਭਾਸ਼ਾ ਦਾ ਦਰਜਾ ਦੇਣ ਦੀ ਕੀਤੀ ਜਾ ਰਹੀ ਮੰਗ ਦੇ ਸੰਘਰਸ਼ ਨੂੰ ਦਬਾਉਣ ਲਈ ਪਾਕਿਸਤਾਨ ਸਰਕਾਰ ਨੇ ਇਸ ਸਬੰਧੀ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰ ਦਿਤਾ।
Punjabi Language
ਸਰਕਾਰ ਦੇ ਇਸ ਐਲਾਨਨਾਮੇ ਵਿਰੁਧ ਢਾਕਾ ਯੂਨੀਵਰਸਟੀ ਦੇ ਵਿਦਿਆਰਥੀਆਂ ਵਲੋਂ ਜਨਤਕ ਸਹਿਯੋਗ ਨਾਲ ਭਾਰੀ ਰੈਲੀਆਂ ਅਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਪਾਕਿਸਤਾਨ ਸਰਕਾਰ ਦੇ ਹੁਕਮਾਂ ’ਤੇ ਢਾਕਾ ਵਿਖੇ ਪੁਲਿਸ ਵਲੋਂ 21 ਫ਼ਰਵਰੀ 1952 ਨੂੰ ਇਨ੍ਹਾਂ ਇਕੱਤਰਤਾਵਾਂ ’ਤੇ ਗੋਲੀਆਂ ਵਰ੍ਹਾਈਆਂ ਗਈਆਂ। ਬਹੁਤ ਸਾਰੇ ਬੰਗਲਾ ਨਾਗਰਿਕ ਅਤੇ ਵਿਦਿਆਰਥੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ। ਮਾਂ ਬੋਲੀ ਦੇ ਬਚਾਅ ਲਈ ਸ਼ਹੀਦੀਆਂ ਦੇਣ ਦਾ ਇਹ ਸ਼ਾਇਦ ਪਹਿਲਾ ਸਾਕਾ ਸੀ ਅਤੇ ਅੱਜ ਤਕ ਵੀ ਵਿਸ਼ਵ ਦਾ ਹੋਰ ਕੋਈ ਸਮਾਜ ਮਾਂ ਬੋਲੀ ਪ੍ਰਤੀ ਇਸ ਹੱਦ ਤਕ ਦਾ ਸਨੇਹ ਨਹੀਂ ਵਿਖਾ ਸਕਿਆ।
Punjabi Language
ਉਸ ਦਿਨ ਤੋਂ ਬੰਗਲਾ ਦੇਸ਼ ਵਾਸੀ ਮਾਂ ਬੋਲੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਆ ਰਹੇ ਹਨ। ਬੰਗਲਾ ਦੇਸ਼ ਵਿਚ ਇਸ ਦਿਨ ਰਾਸ਼ਟਰੀ ਛੁੱਟੀ ਵੀ ਰਹਿੰਦੀ ਹੈ। ਬੰਗਲਾ ਦੇਸ਼ ਸਰਕਾਰ ਵਲੋਂ ਵਿਸ਼ਵ ਦੀਆਂ ਬੋਲੀਆਂ ਦੇ ਬਚਾਅ ਅਤੇ ਉਨ੍ਹਾਂ ਨੂੰ ਵਿਕਸਤ ਹੋਣ ਦੇ ਅਵਸਰ ਉਪਲਬਧ ਕਰਵਾਉਣ ਦੇ ਮਨੋਰਥ ਨਾਲ 21 ਫ਼ਰਵਰੀ ਦਾ ਦਿਨ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਵਜੋਂ ਮਨਾਉਣ ਲਈ ਯੂਨੈਸਕੋ ਕੋਲ ਪਹੁੰਚ ਕੀਤੀ ਗਈ। ਅਖੀਰ 17 ਨਵੰਬਰ 1999 ਨੂੰ ਯੂਨੈਸਕੋ ਵਲੋਂ ਮਾਂ ਬੋਲੀ ਦੇ ਸ਼ਹੀਦਾਂ ਨੂੰ ਯਾਦ ਕਰਨ ਅਤੇ ਮਾਂ ਬੋਲੀ ਪ੍ਰਤੀ ਸਨੇਹ ਪੈਦਾ ਕਰਨ ਲਈ 21 ਫ਼ਰਵਰੀ ਦਾ ਦਿਨ ਹਰ ਵਰ੍ਹੇ ਕੌਮਾਂਤਰੀ ਮਾਂ-ਬੋਲੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਉਸ ਦਿਨ ਤੋਂ ਲੈ ਕੇ ਭਾਰਤ ਸਮੇਤ ਵਿਸ਼ਵ ਦੇ ਤਮਾਮ ਮੁਲਕਾਂ ਵਲੋਂ ਇਹ ਦਿਵਸ ਮਨਾਇਆ ਜਾਂਦਾ ਹੈ।
Punjabi Language
ਮੌਜੂਦਾ ਦੌਰ ਦੌਰਾਨ ਕੋਰੋਨਾ ਮਹਾਂਮਾਰੀ ਦੀ ਬਦੌਲਤ ਮੇਲ-ਜੋਲ ਤੋਂ ਵਾਂਝੀ ਹੋ ਰਹੀ ਮਨੁੱਖਤਾ ਦੇ ਮੱਦੇਨਜ਼ਰ “ਨਵੀਆਂ ਤਕਨੀਕਾਂ ਜ਼ਰੀਏ ਸਿੱਖਣ ਪ੍ਰਕਿਰਿਆ-ਚੁਣੌਤੀਆਂ ਅਤੇ ਅਵਸਰ” ਦੇ ਥੀਮ ਨਾਲ ਇਸ ਵਰ੍ਹੇ ਦਾ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਸਿੱਖਣ ਸਿਖਾਉਣ ਦੀਆਂ ਆਧੁਨਿਕ ਤਕਨੀਕਾਂ ਦਾ ਵਿਸ਼ਵ ਦੀਆਂ ਸਮੂਹ ਭਾਸ਼ਾਵਾਂ ਦੇ ਵਿਸਥਾਰ ਲਈ ਇਸਤੇਮਾਲ ਸਮੇਂ ਦੀ ਮੁੱਖ ਜ਼ਰੂਰਤ ਹੈ। ਮਾਂ ਬੋਲੀ ਪ੍ਰਤੀ ਲਾਪ੍ਰਵਾਹੀ ਦਾ ਆਲਮ ਵੀ ਕੌਮਾਂ ਤੋਂ ਉਨ੍ਹਾਂ ਦੀ ਮਾਤ ਭਾਸ਼ਾ ਖੋਹ ਲੈਂਦਾ ਹੈ। ਹੋਰਨਾਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਅਪਣੇ ਵਿਚ ਸਮਾ ਲੈਣਾ ਬੇਸ਼ੱਕ ਕਿਸੇ ਭਾਸ਼ਾ ਦੀ ਅਮੀਰੀ ਮੰਨੀ ਜਾਂਦੀ ਹੈ ਪਰ ਇਸ ਤਰ੍ਹਾਂ ਦੀ ਬਹੁਤੀ ਅਮੀਰੀ ਵਿਸ਼ਵ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਮਹਿੰਗੀ ਵੀ ਪੈ ਚੁੱਕੀ ਹੈ।
Punjabi Language
ਸਾਡੀ ਮਾਂ ਬੋਲੀ ਪੰਜਾਬੀ ਵਿਚ ਹੋਰਨਾਂ ਭਾਸ਼ਾਵਾਂ ਖ਼ਾਸ ਕਰ ਕੇ ਅੰਗਰੇਜ਼ੀ ਸ਼ਬਦਾਂ ਦਾ ਹੋ ਰਿਹਾ ਪ੍ਰਚਲਨ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਲਗਾਤਾਰ ਖੋਰਾ ਲਾ ਰਿਹਾ ਹੈ। ਪੰਜਾਬੀਆਂ ਦੇ, ਅੰਗਰੇਜ਼ੀ ਬੋਲਦੇ ਮੁਲਕਾਂ ਵਿਚ ਹੋ ਰਹੇ ਪ੍ਰਵਾਸ ਨੇ ਇਸ ਤਰ੍ਹਾਂ ਦੇ ਪ੍ਰਚਲਨ ਵਿਚ ਕਈ ਗੁਣਾ ਜ਼ਿਆਦਾ ਇਜ਼ਾਫ਼ਾ ਕੀਤਾ ਹੈ ਜਦਕਿ ਅੰਗਰੇਜ਼ੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਦਾ ਸਾਧਨ ਬਣਾਉਣ ਵਾਲੇ ਉਹ ਵਿਕਸਤ ਮੁਲਕ ਅਪਣੀ ਮਾਤ ਭਾਸ਼ਾ ਦੇ ਨਾ ਕੇਵਲ ਬਚਾਅ ਲਈ ਸਗੋਂ ਵਿਕਾਸ ਲਈ ਪੂਰੀ ਤਰ੍ਹਾਂ ਸੁਚੇਤ ਹਨ। ਪੰਜਾਬੀ ਮਾਂ ਬੋਲੀ ਨੂੰ ਲੱਗ ਰਹੇ ਖੋਰੇ ਬਾਰੇ ਅਪਣੀ ਜ਼ਿੰੰਮੇਵਾਰੀ ਵਿਖਾਉਂਦਿਆਂ ਸਰਕਾਰਾਂ ਵਲੋਂ ਸਮੇਂ ਸਮੇਂ ’ਤੇ ਬਹੁਤ ਸਾਰੇ ਕਾਇਦੇ ਕਾਨੂੰਨ ਅਮਲ ਵਿਚ ਲਿਆਂਦੇ ਗਏ ਹਨ। ਪੰਜਾਬੀ ਭਾਸ਼ਾ ਨੂੰ ਸੂਬੇ ਦੇ ਦਫ਼ਤਰਾਂ ਦੀ ਪਟਰਾਣੀ ਬਣਾਇਆ ਗਿਆ ਹੈ। ਦਫ਼ਤਰਾਂ ਦਾ ਸਾਰਾ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਕਰਨ ਦੇ ਆਦੇਸ਼ਾਂ ਸਮੇਤ ਦਿਸ਼ਾ ਸੂਚਕ ਬੋਰਡਾਂ ’ਤੇ ਵੀ ਪੰਜਾਬੀ ਭਾਸ਼ਾ ਦਾ ਇਸਤੇਮਾਲ ਸਭ ਤੋਂ ਉਪਰ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਆਦੇਸ਼ਾਂ ਉਤੇ ਅਮਲ ਕਰਨਾ ਹਰ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਦਾ ਫ਼ਰਜ਼ ਹੈ।
Punjabi language
ਸਰਕਾਰੀ ਯਤਨਾਂ ਦੇ ਨਾਲ-ਨਾਲ ਸਾਨੂੰ ਨਿੱਜੀ ਜ਼ਿੰਦਗੀ ਅਤੇ ਪ੍ਰਵਾਰਾਂ ਵਿਚ ਵੀ ਮਾਤ ਭਾਸ਼ਾ ਪ੍ਰਤੀ ਸਨੇਹ ਪੈਦਾ ਕਰਨਾ ਪਵੇਗਾ। ਹੋਰਨਾਂ ਭਾਸ਼ਾਵਾਂ ਅੰਗਰੇਜ਼ੀ ਜਾਂ ਹਿੰਦੀ ਆਦਿ ਵਿਚ ਗੱਲਬਾਤ ਕਰਨ ਨੂੰ ਸਟੇਟਸ ਸਿੰਬਲ ਸਮਝਣ ਦੇ ਰੁਝਾਨ ਦਾ ਤਿਆਗ ਕਰਨਾ ਪਵੇਗਾ। ਬੱਚਿਆਂ ਨੂੰ ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾਈ ਮਾਧਿਅਮ ਵਿਚ ਸਿਖਿਆ ਦਿਵਾਉਣਾ ਸਮੇਂ ਦੀ ਮੁੱਖ ਜ਼ਰੂਰਤ ਨੂੰ ਸਮਝਦਿਆਂ ਮਾਂ ਬੋਲੀ ਪੰਜਾਬੀ ਪ੍ਰਤੀ ਅਪਣੇ ਫ਼ਰਜ਼ਾਂ ਨੂੰ ਵੀ ਚੇਤੇ ਰਖਣਾ ਹੋਵੇਗਾ। ਬੱਚਿਆਂ ਨੂੰ ਹੋਰ ਭਾਸ਼ਾਵਾਂ ਦਾ ਗਿਆਨ ਹਾਸਲ ਕਰਨ ਤੋਂ ਰੋਕਣ ਦੀ ਬਜਾਏ ਉਨ੍ਹਾਂ ਨੂੰ ਹੋਰਨਾਂ ਭਾਸ਼ਾਵਾਂ ਜ਼ਰੀਏ ਮਾਤ ਭਾਸ਼ਾ ਪੰਜਾਬੀ ਦੇ ਵਿਕਾਸ ਲਈ ਤਿਆਰ ਕਰਨਾ ਹੋਵੇਗਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਜਿਹੀਆਂ ਹੋਣ ਕਿ ਹੋਰਨਾਂ ਵਿਸ਼ਵ ਦੇ ਵੱਧ ਤੋਂ ਵੱਧ ਸਮਾਜਾਂ ਦੀਆਂ ਭਾਸ਼ਾਵਾਂ ਸਿਖ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਨਾਲ ਪੰਜਾਬੀ ਭਾਸ਼ਾ ਦੀ ਅਮੀਰੀ ਬਾਰੇ ਦੱਸ ਸਕਣ। ਪੰਜਾਬੀ ਮਾਂ ਬੋਲੀ ਸਾਡੀ ਰੂਹ ਦੀ ਬੋਲੀ ਬਣਨੀ ਚਾਹੀਦੀ ਹੈ। ਜਦ ਇਹ ਸਾਡੀ ਰੂਹ ਦੀ ਬੋਲੀ ਬਣ ਗਈ ਤਾਂ ਇਸ ਦੇ ਪ੍ਰਚਲਨ ਲਈ ਬਣਾਏ ਨਿਯਮ ਲਾਗੂ ਕਰਵਾਉਣ ਲਈ ਸਖ਼ਤੀ ਤਾਂ ਕੀ ਸ਼ਾਇਦ ਨਿਯਮਾਂ ਦੀ ਵੀ ਜ਼ਰੂਰਤ ਨਹੀਂ ਰਹੇਗੀ।
Punjabi Language
ਹੋਰਨਾਂ ਭਾਸ਼ਾਵਾਂ ਤੋਂ ਹੋਣ ਵਾਲੇ ਅਣ-ਕਿਆਸੇ ਅਤੇ ਅਣ-ਦਿਖਦੇ ਹਮਲਿਆਂ ਤੋਂ ਮਾਤ ਭਾਸ਼ਾ ਨੂੰ ਬਚਾਉਣ ਲਈ ਸਰਕਾਰੀ ਅਤੇ ਗ਼ੈਰ - ਸਰਕਾਰੀ ਦੋਵੇਂ ਤਰ੍ਹਾਂ ਦੇ ਯਤਨਾਂ ਦੀ ਜ਼ਰੂਰਤ ਸਮੇਂ ਦੀ ਮੁੱਖ ਮੰਗ ਹੈ। ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦੇ ਮਨੋਰਥ ਨੂੰ ਸਮਝਣਾ ਵੀ ਅਜੋਕੇ ਸਮੇਂ ਦੀ ਮੁੱਖ ਜ਼ਰੂਰਤ ਹੈ। ਮਾਂ ਬੋਲੀ ਦਿਵਸ ਮਨਾਉਣ ਦਾ ਮੰਤਵ ਆਪੋ ਅਪਣੀਆਂ ਮਾਂ ਬੋਲੀਆਂ ਦੇ ਪਸਾਰੇ ਨਾਲ ਵਿਸ਼ਵ ’ਤੇ ਬਹੁ-ਭਾਸ਼ਾਈ ਸਭਿਆਚਾਰ ਪੈਦਾ ਕਰਨਾ ਅਤੇ ਭਾਸ਼ਾਈ ਤਾਲ-ਮੇਲ ਜ਼ਰੀਏ ਵਿਸ਼ਵ ਵਿਕਾਸ ਵਲ ਵਧਣਾ ਹੈ। ਇਸ ਦਿਨ ’ਤੇ ਇਹ ਸਮਝਣ ਦੀ ਵੀ ਜ਼ਰੂਰਤ ਹੈ ਕਿ ਅਪਣੀ ਮਾਂ ਬੋਲੀ ਦੇ ਪਸਾਰੇ ਲਈ ਦੂਜੀਆਂ ਭਾਸ਼ਾਵਾਂ ਨੂੰ ਸਤਿਕਾਰ ਦੇਣਾ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਇਕ ਮਾਂ ਦੇ ਸਤਿਕਾਰ ਅਤੇ ਗੌਰਵ ਵਿਚ ਉਸ ਸਮੇਂ ਹੋਰ ਵੀ ਇਜ਼ਾਫ਼ਾ ਹੋ ਜਾਂਦਾ ਹੈ ਜਦੋਂ ਉਸ ਦੇ ਜਾਏ ਹੋਰਨਾਂ ਮਾਵਾਂ ਦਾ ਵੀ ਝੁਕ ਕੇ ਸਤਿਕਾਰ ਕਰਦੇ ਹਨ। ਪੰਜਾਬੀ ਭਾਸ਼ਾ ਪ੍ਰਤੀ ਸੀਨੇ ਵਿਚ ਪਿਆਰ ਪਾਲਦਿਆਂ ਹੋਰਨਾਂ ਭਾਸ਼ਾਵਾਂ ਨੂੰ ਦਿਤਾ ਜਾਣ ਵਾਲਾ ਸਤਿਕਾਰ ਸਾਡੀ ਮਾਂ ਬੋਲੀ ਪੰਜਾਬੀ ਦੇ ਨਾਲ-ਨਾਲ ਸਾਡੇ ਨਿੱਜੀ ਸਤਿਕਾਰ ਦਾ ਵੀ ਸਬੱਬ ਬਣੇਗਾ। ਵਿਸ਼ਵ ਵਿਚ ਬਹੁ-ਭਾਸ਼ਾਈ ਸਭਿਆਚਾਰ ਦਾ ਮਾਹੌਲ ਪੈਦਾ ਕਰਦਿਆਂ ਹਰ ਭਾਸ਼ਾ ਨੂੰ ਵਿਕਸਤ ਹੋਣ ਦੇ ਅਵਸਰ ਦੇਣਾ ਹੀ ਇਸ ਦਿਵਸ ਦਾ ਮੁੱਖ ਮਨੋਰਥ ਹੈ। ਅੱਜ ਦੇ ਦਿਨ ਮਾਂ ਬੋਲੀ ਪੰਜਾਬੀ ਪ੍ਰਤੀ ਗੌਰਵਮਈ ਅਹਿਸਾਸ ਨਾਲ ਇਸ ਦੇ ਵਿਕਾਸ ਲਈ ਅਹਿਦ ਕਰਨਾ ਹਰ ਪੰਜਾਬੀ ਦਾ ਨੈਤਿਕ ਫ਼ਰਜ਼ ਹੈ।
-ਗਲੀ ਨੰਬਰ 1, ਸ਼ਕਤੀ ਨਗਰ (ਬਰਨਾਲਾ)
ਮੋਬ : 98786-05965, ਬਿੰਦਰ ਸਿੰਘ ਖੁੱਡੀ ਕਲਾਂ