ਸ਼ਹੀਦੀ ਸਾਕਾ ਨਨਕਾਣਾ ਸਾਹਿਬ
Published : Feb 21, 2022, 12:02 pm IST
Updated : Feb 21, 2022, 12:04 pm IST
SHARE ARTICLE
Martyrdom of Nankana Sahib
Martyrdom of Nankana Sahib

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਿੱਖਾਂ ਨੂੰ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਵੱਡੀ ਜਦੋ-ਜਹਿਦ ਕਰਨੀ ਪਈ.................

 

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਿੱਖਾਂ ਨੂੰ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਵੱਡੀ ਜਦੋ-ਜਹਿਦ ਕਰਨੀ ਪਈ ਅਤੇ ਵੱਡੀ ਗਿਣਤੀ ਵਿਚ ਸ਼ਹੀਦੀਆਂ ਪ੍ਰਾਪਤ ਕਰਨੀਆਂ ਪਈਆਂ। ਅੰਗਰੇਜ਼ੀ ਰਾਜ ਵੇਲੇ ਗੁਰਦੁਆਰਿਆਂ ’ਤੇ ਮਹੰਤ  ਕਾਬਜ਼ ਸਨ। ਮਹੰਤ ਕਿਥੋਂ ਆਏ? ਇਹ ਕੌਣ ਸਨ? ਇਹ ਗੁਰਦੁਆਰਿਆਂ ’ਤੇ ਕਦੋਂ ਕਾਬਜ਼ ਹੋਏ? ਪਹਿਲਾਂ ਇਨ੍ਹਾਂ ਦੇ ਪਿਛੋਕੜ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਡੋਗਰੇ ਪੂਰੀ ਤਰ੍ਹਾਂ ਸਿੱਖ ਰਾਜ ’ਤੇ ਕਾਬਜ਼ ਸਨ। ਸਿੱਖ ਮਹਾਰਾਜਿਆਂ ਥੱਲੇ ਡੋਗਰੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਵੀ ਕਾਬਜ਼ ਸਨ। ਸਿੱਖ ਰਾਜ ਦਾ ਪ੍ਰਬੰਧ ਡੋਗਰੇ ਚਲਾਉਂਦੇ ਸਨ। ਉਨ੍ਹਾਂ ਨੇ ਸਿੱਖ ਰਾਜ ਨੂੰ ਖੋਰ-ਖੋਰ ਕੇ ਅੰਗਰੇਜ਼ਾਂ ਦੀ ਝੋਲੀ ਹੀ ਨਹੀਂ ਪਾਇਆ ਸਗੋਂ ਸਾਡੇ ਸਿੱਖ ਧਰਮ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਵੀ ਖੋਰਾ ਲਾ ਕੇ ਇਨ੍ਹਾਂ ਉਪਰ ਹਿੰਦੂ ਰਾਜਪੂਤ ਡੋਗਰਿਆਂ ਦਾ ਕਬਜ਼ਾ ਕਰਵਾ ਦਿਤਾ। ਇਨ੍ਹਾਂ ਰਾਜਪੂਤ ਡੋਗਰਿਆਂ ਨੂੰ ਹੀ ਮਹੰਤਾਂ (ਮਸੰਦ) ਦਾ ਨਾਮ ਦਿਤਾ ਗਿਆ। ਜਦ ਅੰਗਰੇਜ਼ ਸਿੱਖ ਰਾਜ ’ਤੇ ਕਾਬਜ਼ ਹੋ ਗਏ ਤਾਂ ਉਨ੍ਹਾਂ ਮਹੰਤਾਂ ਦਾ ਪੱਖ ਪੂਰਨਾ ਸ਼ੁਰੂ ਕਰ ਦਿਤਾ ਤਾਕਿ ਸਿੱਖ, ਧਰਮ ਪੱਖੋਂ ਵੀ ਕਮਜ਼ੋਰ ਪੈ ਜਾਣ।

Martyrdom of Nankana SahibMartyrdom of Nankana Sahib

ਸਿੱਖਾਂ ਦਾ ਤਾਂ ਸਿੱਖ ਰਾਜ ਵੀ ਚਲਾ ਗਿਆ ਤੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਗ਼ਲਤ ਹੱਥਾਂ ਵਿਚ ਚਲਾ ਗਿਆ ਸੀ। ਮਹੰਤਾਂ ਦਾ ਗੁਰਦੁਆਰਿਆਂ ਨਾਲ ਕੋਈ ਪਿਆਰ ਨਹੀਂ ਸੀ। ਉਹ ਤਾਂ ਆਪ ਵੀ ਐਸ਼ ਅਯਾਸ਼ੀ ਕਰਦੇ, ਨਸ਼ਿਆਂ ਦੀ ਵਰਤੋਂ ਕਰਦੇ, ਵੇਸਵਾਵਾਂ ਨਚਾ ਕੇ ਗੁਰਦੁਆਰਿਆਂ ਦੀ ਬੇ-ਅਦਬੀ ਕਰਦੇ ਅਤੇ ਗੁਰਦੁਆਰਿਆਂ ਦੀ ਆਮਦਨ ਖਾਂਦੇ। ਸਿੱਖ ਗੁਰਦੁਆਰਿਆਂ ਦੀ ਬੇ-ਅਦਬੀ ਅਤੇ ਉਨ੍ਹਾਂ ਦੀ ਆਨ ਤੇ ਸ਼ਾਨ ਨੂੰ ਪਹੁੰਚਦੀ ਠੇਸ ਕਦੋਂ ਬਰਦਾਸ਼ਤ ਕਰ ਸਕਦੇ ਸਨ। ਇਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਢ ਦਿਤੀ। ਇਸ ਲਹਿਰ ਵਿਚ ਅੰਗਰੇਜ਼ਾਂ ਨੂੰ ਸਿੱਖਾਂ ਮੂਹਰੇ ਹਾਰ ਮੰਨਣੀ ਪਈ। ਫਿਰ 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਪਰ ਮਹੰਤਾਂ ਤੋਂ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਦਾ ਕੰਮ ਸਿੱਖਾਂ ਲਈ ਜਿਉਂ ਦਾ ਤਿਉਂ ਹੀ ਖੜਾ ਸੀ? ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਰੀ ਸਿੱਖ ਸੰਗਤ ਨੂੰ ਹੁਕਮਨਾਮਾ ਜਾਰੀ ਕਰ ਕੇ ਪੰਥਕ ਆਗੂਆਂ ਨੂੰ ਚੁਣਨ ਵਾਸਤੇ ਸਿੱਖਾਂ ਦੇ ਮੁਖੀਆਂ ਨੂੰ ਅਮਿ੍ਰਤਸਰ ਸਦਿਆ ਗਿਆ। ਇਹ ਇਕੱਠ 15 ਨੰਵਬਰ 1920 ਨੂੰ ਰਖਿਆ ਗਿਆ ਅਤੇ ਪ੍ਰਬੰਧਕ ਕਮੇਟੀ ਚੁਣ ਲਈ। ਇਸ ਦੇ ਚੁਣਨ ਤੋਂ ਬਾਅਦ ਸਿੱਖਾਂ ਨੇ ਕਈ ਗੁਰਦੁਆਰਿਆਂ ਦੇ ਕਬਜ਼ੇ ਲਏ।

ਨਨਕਾਣਾ ਸਾਹਿਬ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਇਥੇ ਸਿੱਖ ਸਰਧਾਲੂਆਂ ਵਲੋਂ ਗੁਰਦੁਆਰਾ ਸਾਹਿਬ ਵਿਚ ਚੜ੍ਹਾਵੇ ਵੀ ਬਹੁਤ ਚੜ੍ਹਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਜ਼ਮੀਨ ਵੀ ਗੁਰਦੁਆਰਾ ਸਾਹਿਬ ਦੇ ਨਾਮ ਬਹੁਤ ਲਗਵਾ ਦਿਤੀ ਸੀ ਪਰ ਉਥੋਂ ਦਾ ਮਹੰਤ ਨਰੈਣ ਦਾਸ ਗੁਰਦੁਆਰਾ ਸਾਹਿਬ ਦੀ ਕਮਾਈ ਗ਼ਲਤ ਤਰੀਕੇ ਨਾਲ ਖਾ ਰਿਹਾ ਸੀ। ਉਸ ਨੇ ਗੁਰਦੁਆਰਾ ਸਾਹਿਬ ਵਿਚ ਪੱਕੇ ਤੌਰ ’ਤੇ ਵੇਸਵਾ ਰੱਖੀ ਹੋਈ ਸੀ ਅਤੇ ਵੇਸਵਾਵਾਂ ਗੁਰਦੁਆਰਾ ਸਾਹਿਬ ਅੰਦਰ ਨਚਾਉਂਦਾ ਸੀ। ਨਸ਼ਿਆਂ ਦਾ ਸੇਵਨ ਕਰ ਕੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਦਾ। ਸਿੱਖ ਉਸ ਤੋਂ ਬਹੁਤ ਔਖੇ ਸਨ। ਉਸ ਨੂੰ ਗੁਰਦੁਆਰਾ ਸਾਹਿਬ ਵਿਚੋਂ ਛੇਤੀ ਹੀ ਕੱਢ ਦੇਣਾ ਚਾਹੁੰਦੇ ਸਨ।

 

 

5-6 ਮਾਰਚ 1921 ਨੂੰ ਸ਼੍ਰੋਮਣੀ ਕਮੇਟੀ ਨੇ ਨਨਕਾਣਾ ਸਾਹਿਬ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਤਾਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਸੁਧਾਰ ਬਾਰੇ ਮਹੰਤ ਨੂੰ ਕਿਹਾ ਜਾਵੇ ਅਤੇ ਗੁਰਦੁਆਰੇ ਦਾ ਪ੍ਰਬੰਧ ਅਪਣੇ ਹੱਥਾਂ ਵਿਚ ਲੈਣ ਦੀ ਗੱਲ ਕੀਤੀ ਜਾਵੇ ਪਰ ਉਸ ਮੀਟਿੰਗ ਦਾ ਟਾਕਰਾ ਕਰਨ ਵਾਸਤੇ ਮਹੰਤ ਨਰੈਣ ਦਾਸ ਨੇ ਇਕ ਇਕੱਠ ਸੱਦਿਆ। ਉਸ ਵਿਚ ਮਹੰਤਾਂ ਅਤੇ ਸੰਤਾਂ ਨੂੰ ਬੁਲਾਇਆ ਗਿਆ ਤਾਕਿ ਸਿੱਖਾਂ ਦੇ ਪ੍ਰੋਗਰਾਮ ਨਾਲ ਟੱਕਰ ਲਈ ਜਾ ਸਕੇ। ਕਰਤਾਰ ਸਿੰਘ ਝੱਬਰ ਨੇ ਇਸ ਇਕੱਠ ਤੋਂ ਪਹਿਲਾਂ ਹੀ 20 ਫ਼ਰਵਰੀ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ, ਜਥੇ ਲਿਜਾ ਕੇ ਸਿੱਖ ਪੰਥ ਅਧੀਨ ਲੈਣ ਦਾ ਮਨ ਬਣਾ ਲਿਆ। ਮਹੰਤ ਨਰੈਣ ਦਾਸ ਨੂੰ ਇਸ ਪ੍ਰੋਗਰਾਮ ਦੀ ਖ਼ਬਰ ਹੋ ਗਈ ਸੀ। ਪੰਥਕ ਦਲ ਨੂੰ ਵੀ ਝੱਬਰ ਹੋਰਾਂ ਦੇ ਜਥੇ ਦੇ ਜਾਣ ਦੀ ਖ਼ਬਰ ਹੋ ਗਈ ਸੀ। ਉਨ੍ਹਾਂ ਲਾਹੌਰ ਵਿਚ ਮੀਟਿੰਗ ਕਰ ਕੇ ਜਥਿਆਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਿਆ। ਉਨ੍ਹਾਂ ਸੋਚਿਆ ਜੇਕਰ ਕੁਝ ਸਿੱਖ ਨਿਸ਼ਚਤ ਮਿਤੀ ਤੋਂ ਪਹਿਲਾਂ ਨਨਕਾਣਾ ਸਾਹਿਬ ਪਹੁੰਚ ਗਏ ਤਾਂ ਮਹੰਤ ਨਰੈਣ ਦਾਸ ਉਨ੍ਹਾਂ ਦਾ ਨੁਕਸਾਨ ਨਾ ਕਰ ਦੇਵੇ। ਇਸ ਕਰ ਕੇ ਉਨ੍ਹਾਂ ਨੇ ਜਥੇ ਰੋਕਣ ਵਾਸਤੇ ਸਿੱਖਾਂ ਦੀ ਡਿਊਟੀ ਲਾ ਦਿਤੀ। ਸਿੱਖਾਂ ਨੇ ਕਰਤਾਰ ਸਿੰਘ ਝੱਬਰ ਨੂੰ ਤਾਂ ਗੁਰਦੁਆਰਾ ਖਰਾ ਸੌਦਾ ਸਾਹਿਬ ਹੀ ਰੋਕ ਲਿਆ। ਲਛਮਣ ਸਿੰਘ ਧਾਰੋਵਾਲ ਜ਼ਿਲ੍ਹਾ ਸ਼ੇਖ਼ੂਪੁਰਾ ਦਾ ਜਥਾ ਅਰਦਾਸ ਕਰ ਕੇ ਨਨਕਾਣਾ ਸਾਹਿਬ ਵਲ  ਚਾਲੇ ਪਾ ਚੁੱਕਾ ਸੀ। ਭਾਈ ਲਛਮਣ ਸਿੰਘ ਧਾਰੋਵਾਲ ਦਾ ਜਥਾ ਜਦੋਂ 19 ਫ਼ਰਵਰੀ 1921 ਨੂੰ ਪਿੰਡ ਤੋਂ ਤੁਰਨ ਲੱਗਾ ਤਾਂ ਅਰਦਾਸ ਕਰਨ ਉਪ੍ਰੰਤ ਇਹ ਵਾਕ ਆਇਆ :-

‘ਤਨੁ ਮਨੁ ਕਾਟਿ ਕਾਟਿ ਸਭੁ ਅਰਪੀ 
ਵਿਚ ਅਗਨੀ ਆਪੁ ਜਲਾਈ॥’
ਕਰਤਾਰ ਸਿੰਘ ਝੱਬਰ ਨੇ ਕਿਹਾ ਲਛਮਣ ਸਿੰਘ ਧਾਰੋਵਾਲ ਦੇ ਜਥੇ ਨੂੰ ਰੋਕਣ ਦੀ ਜ਼ਿੰਮੇਵਾਰੀ ਕੌਣ ਲਵੇਗਾ? ਤਾਂ ਦਲੀਪ ਸਿੰਘ ਸਾਹੋਵਾਲ ਨੇ ਉਸ ਜਥੇ ਨੂੰ ਰੋਕਣ ਦੀ ਜ਼ਿੰਮੇਵਾਰੀ ਲੈ ਲਈ। ਦਲੀਪ ਸਿੰਘ ਸਾਹੋਵਾਲ ਚੰਦਰਕੋਟ ਦੀ ਝਾਲ ’ਤੇ ਜਥੇ ਦੀ ਉਡੀਕ ਵਿਚ ਜਾ ਖੜਾ ਹੋਇਆ ਕਿਉਂਕਿ ਉੱਥੇ ਹੀ ਕਰਤਾਰ ਸਿੰਘ ਝੱਬਰ ਦਾ ਜਥਾ ਪਹੁੰਚਣਾ ਸੀ। ਇਥੋਂ ਫਿਰ ਦੋਹਾਂ ਜਥਿਆਂ ਨੇ ਇਕੱਠੇ ਹੋ ਕੇ ਅੱਗੇ ਨਨਕਾਣਾ ਸਾਹਿਬ ਜਾਣਾ ਸੀ। ਪਰ ਭਾਈ ਲਛਮਣ ਸਿੰਘ ਦਾ ਜਥਾ ਉਥੇ ਨਾ ਪਹੁੰਚਿਆ। ਦਲੀਪ ਸਿੰਘ ਸਾਹੋਵਾਲ ਨੇ ਸਮਝ ਲਿਆ ਸ਼ਾਇਦ ਲਛਮਣ ਸਿੰਘ ਨੂੰ ਪੰਥਕ ਆਗੂਆਂ ਦੇ ਫ਼ੈਸਲੇ ਦਾ ਪਤਾ ਲੱਗ ਗਿਆ ਹੋਵੇਗਾ ਇਸ ਕਰ ਕੇ ਉਹ ਵਾਪਸ ਮੁੜ ਗਿਆ ਹੋਵੇਗਾ ਪਰ ਫਿਰ ਵੀ ਭਾਈ ਵਰਿਆਮ ਸਿੰਘ ਨੂੰ ਜਥੇ ਦੀ ਉਡੀਕ ਕਰਨ ਵਾਸਤੇ ਉੱਥੇ ਡਿਊਟੀ ਲਾ ਕੇ ਆਪ ਚਲਾ ਗਿਆ। ਕੁਝ ਸਮੇਂ ਬਾਅਦ ਭਾਈ ਲਛਮਣ ਸਿੰਘ ਧਾਰੋਵਾਲ ਦਾ ਜਥਾ ਚੰਦਰ ਕੋਟ ਦੀ ਝਾਲ ’ਤੇ ਆ ਗਿਆ। ਭਾਈ ਲਛਮਣ ਸਿੰਘ ਨੂੰ ਭਾਈ ਵਰਿਆਮ ਸਿੰਘ ਨੇ ਪੰਥਕ ਆਗੂਆਂ ਦੀ ਚਿੱਠੀ ਦਿਖਾ ਕੇ ਜਥੇ ਨੂੰ ਵਾਪਸ ਜਾਣ ਲਈ ਕਿਹਾ ਪਰ ਭਾਈ ਲਛਮਣ ਸਿੰਘ ਨੇ ਜਥਾ ਨਾ ਰੋਕਿਆ। ਉਸ ਨੇ ਕਿਹਾ ‘‘ਅਸੀ ਅਰਦਾਸ ਕਰ ਕੇ ਤੇ ਹੁਕਮਨਾਮਾ ਲੈ ਕੇ ਤੁਰੇ ਹਾਂ। ਅਸੀ ਜਥੇ ਨੂੰ ਇਥੇ ਰੋਕ ਕੇ  ਗੁਰੂ ਤੋਂ ਬੇਮੁੱਖ ਨਹੀਂ ਹੋ ਸਕਦੇ।’’ ਭਾਵੇਂ ਹੁਕਮਨਾਮੇ ਨੇ ਜਥੇ ਨੂੰ ਆਉਣ ਵਾਲਾ ਸਮਾਂ ਦਿਖਾ ਦਿਤਾ ਸੀ ਪਰ ਫਿਰ ਵੀ ਇਹ ਜਥਾ ਨਾ ਰੁਕਿਆ।

20 ਫ਼ਰਵਰੀ ਸਵੇਰੇ ਹੀ ਲਛਮਣ ਸਿੰਘ ਧਾਰੋਵਾਲ ਦੋ ਸੌ ਸਿੰਘਾਂ ਦੇ ਜਥੇ ਸਮੇਤ ਕੀਰਤਨ ਕਰਦਾ ਹੋਇਆ ਨਨਕਾਣਾ ਸਾਹਿਬ ਗੁਰਦੁਆਰੇ ਦੇ ਅੰਦਰ ਪਹੁੰਚ ਗਿਆ। ਜੱਥਾ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਬੈਠ ਗਿਆ। ਭਾਈ ਲਛਮਣ ਸਿੰਘ ਧਾਰੋਵਾਲ ਮੱਥਾ ਟੇਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ। ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿਤਾ। ਮਹੰਤ ਨਰਾਇਣ ਦਾਸ ਨੂੰ ਪਹਿਲਾਂ ਹੀ ਇਹ ਖ਼ਬਰ ਹੋਈ ਹੋਣ ਕਰ ਕੇ ਉਸ ਨੇ ਲਗਭਗ ਚਾਰ ਸੌ ਗੁੰਡੇ ਗੁਰਦੁਆਰਾ ਸਾਹਿਬ ਵਿਚ ਆਸੇ-ਪਾਸੇ ਛੁਪਾ ਕੇ ਰੱਖੇ ਹੋਏ ਸਨ। ਮਹੰਤ ਨੇ ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਜ਼ਾ ਅੰਦਰ ਤੋਂ ਬੰਦ ਕਰਵਾ ਦਿਤਾ। ਮਹੰਤ ਦੇ ਪਠਾਣ ਗੁੰਡਿਆਂ ਨੇ ਮਹੰਤ ਦੇ ਕਹਿਣ ’ਤੇ ਸਿੱਖਾਂ ਉਤੇ ਹਮਲਾ ਕਰ ਦਿਤਾ। ਉਨ੍ਹਾਂ ਨੇ ਕੋਠਿਆਂ ਤੋਂ ਸਿੰਘਾਂ ਉਪਰ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿਤੀਆਂ ਪਰ ਸਿਦਕੀ ਸਿੰਘ ਸ਼ਾਤਮਈ ਢੰਗ ਨਾਲ ਬੈਠੇ ਗੋਲੀਆਂ ਖਾਂਦੇ ਰਹੇ। ਗੋਲੀਆਂ ਚਲਾਉਣ ਤੋਂ ਬਾਅਦ ਹੇਠਾਂ ਆ ਕੇ ਛਵ੍ਹੀਆਂ ਗੰਡਾਸੇ ਮਾਰ-ਮਾਰ ਕੇ ਤੜਪਦੇ ਸਿੰਘਾਂ ਨੂੰ ਮਾਰ ਮੁਕਾਉਣਾ ਸ਼ੁਰੂ ਕਰ ਦਿਤਾ। ਇਕ ਪਾਸੇ ਪਹਿਲਾਂ ਹੀ ਲਕੜਾਂ ਦਾ ਢੇਰ ਲਗਾ ਕੇ ਰਖਿਆ ਹੋਇਆ ਸੀ। ਉਸ ਉਪਰ ਮਿੱਟੀ ਦਾ ਤੇਲ ਪਾ ਕੇ ਲਾਸ਼ਾਂ ਸੁੱਟ ਸੁੱਟ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਨੀਤੀ ਨਾਲ ਸਿੰਘਾਂ ਦੇ ਸਰੀਰਾਂ ਨੂੰ ਸਾੜ ਰਹੇ ਸਨ। ਭਾਈ ਲਛਮਣ ਸਿੰਘ ਧਾਰੋਵਾਲ ਨੂੰ ਜੰਡ ਦੇ ਦਰੱਖ਼ਤ ਨਾਲ ਪੁੱਠਾ ਲਟਕਾ ਕੇ, ਹੇਠਾਂ ਅੱਗ ਲਗਾ ਕੇ ਜਿਊਂਦੇ ਸਾੜ ਦਿਤਾ ਗਿਆ। ਭਾਈ ਲਛਮਣ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨਾਲ ਲੈ ਕੇ ਆਏ ਸਨ। ਉਸ ਵਿਚ ਵੀ ਗੋਲੀਆਂ ਲਗੀਆਂ।

ਲਗਭਗ 150 ਸਿੱਖ ਇਸ ਖ਼ੂਨੀ ਕਾਂਡ  ਦੀ ਭੇਟ ਚੜ੍ਹ ਗਏ। ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਹੋਣ ਤੋਂ ਲਗਭਗ ਪੌਣੇ ਦੋ ਸਾਲ ਬਾਅਦ ਇਹ ਸਾਕਾ ਹੋ ਗਿਆ ਸੀ। ਅਜੇ ਤਾਂ ਸਿੱਖਾਂ ਦੇ ਪਹਿਲੇ ਜ਼ਖ਼ਮ ਵੀ ਨਹੀਂ ਸਨ ਸੁੱਕੇ। ਇਸ ਸਾਕੇ ਦੀ ਤੁਲਨਾ ਵੀ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਨਾਲ ਕੀਤੀ ਜਾ ਰਹੀ ਸੀ। ਸਾਕਾ ਹੋਣ ਤੋਂ ਬਾਅਦ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਲਈ ਰੇਲ ਦੀਆਂ ਟਿਕਟਾਂ ਬੰਦ ਕਰ ਦਿਤੀਆਂ ਤਾਕਿ ਕੋਈ ਸਿੱਖ ਨਨਕਾਣਾ ਸਾਹਿਬ ਨਾ ਪਹੁੰਚ ਸਕੇ। ਫਿਰ ਵੀ ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ਨਨਕਾਣਾ ਸਾਹਿਬ ਪਹੁੰਚ ਗਏ। ਨਰੈਣੇ ਦੀ ਇਹ ਕਰਤੂਤ ਵੇਖ ਕੇ ਸਿੱਖਾਂ ਦਾ ਮਨ ਰੋਹ ਨਾਲ ਭਰ ਗਿਆ ਸੀ। ਸਿੱਖਾਂ ਦਾ ਰੋਹ ਵੇਖ ਕੇ ਮਿਸਟਰ ਕਿੰਗ ਨੇ ਗੁਰਦੁਵਾਰੇ ਦੀਆਂ ਚਾਬੀਆਂ 21 ਫ਼ਰਵਰੀ ਸ਼ਾਮ ਨੂੰ ਸਿੱਖਾਂ ਦੇ ਹਵਾਲੇ ਕਰ ਦਿਤੀਆਂ। 22 ਫ਼ਰਵਰੀ ਨੂੰ ਬਾਕੀ ਸਿੰਘਾਂ ਦਾ ਸਸਕਾਰ ਕੀਤਾ ਗਿਆ। ਸਾਕੇ ਵਾਲੇ ਦਿਨ 20 ਫ਼ਰਵਰੀ ਰਾਤ ਨੂੰ ਸਪੈਸ਼ਲ ਰੇਲ ਗੱਡੀ ਰਾਹੀਂ ਮਹੰਤ ਅਤੇ ਉਸ ਦੇ ਸਾਥੀਆਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਬੰਦ ਕਰ ਦਿਤਾ ਗਿਆ।  3 ਮਾਰਚ 1921 ਨੂੰ ਸ਼ਹੀਦਾਂ ਦਾ ਸ਼ਹੀਦੀ ਸਮਾਗਮ ਹੋਇਆ। ਇਸ ਕਾਂਡ ਵਿਚ ਮਹੰਤ ਦੇ ਤਿੰਨ ਬੰਦਿਆਂ ਨੂੰ ਮੌਤ ਦੀ ਸਜ਼ਾ ਹੋਈ। ਮਹੰਤ ਨਰੈਣ ਦਾਸ ਸਮੇਤ ਦੋ ਬੰਦਿਆਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਹੋਈ। ਨਨਕਾਣਾ ਸਾਹਿਬ ਦਾ ਸਾਕਾ ਬਹੁਤ ਵੱਡਾ ਸ਼ਹੀਦੀ ਸਾਕਾ ਹੈ। ਇਸ ਸਾਕੇ ਦਾ ਸੰਤਾਪ ਸਿੱਖਾਂ ਨੇ ਬਹੁਤ ਹੀ ਸਾਹਸਸ ਨਾਲ ਅਪਣੇ ਤਨ ’ਤੇ ਹੰਢਾਇਆ। ਇਸ ਸਾਕੇ ਦੇ ਸ਼ਹੀਦਾਂ ਨੂੰ ਸਿੱਖ ਸਦਾ ਹੀ ਯਾਦ ਕਰਦੇ ਰਹਿਣਗੇ।
 ਸੁਖਵਿੰਦਰ ਸਿੰਘ ਮੁੱਲਾਂਪਰ , ਮੋਬਾਈਲ : 9914184794

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement