ਸੱਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ...
Published : Mar 21, 2018, 3:03 am IST
Updated : Mar 21, 2018, 10:14 am IST
SHARE ARTICLE
Sad Man
Sad Man

ਹੁਨਰ ਕਿਸੇ ਰੱਬੀ ਦਾਤ ਤੋਂ ਘੱਟ ਨਹੀਂ ਹੁੰਦਾ, ਇਹ ਧੁਰ ਦਰਗਾਹੋਂ ਉਤਰਦੇ ਇਲਾਹੀ ਸੰਗੀਤ ਵਰਗਾ ਹੁੰਦਾ ਹੈ ਜਿਹੜਾ ਸਾਡੀ ਰੂਹ ਨੂੰ ਸਰਸ਼ਾਰ ਕਰੀ ਰਖਦਾ ਹੈ।

ਹੁਨਰ ਕਿਸੇ ਰੱਬੀ ਦਾਤ ਤੋਂ ਘੱਟ ਨਹੀਂ ਹੁੰਦਾ, ਇਹ ਧੁਰ ਦਰਗਾਹੋਂ ਉਤਰਦੇ ਇਲਾਹੀ ਸੰਗੀਤ ਵਰਗਾ ਹੁੰਦਾ ਹੈ ਜਿਹੜਾ ਸਾਡੀ ਰੂਹ ਨੂੰ ਸਰਸ਼ਾਰ ਕਰੀ ਰਖਦਾ ਹੈ। ਸਾਡੇ ਜ਼ਿਹਨ ਵਿਚ ਸੁਪਨਿਆਂ ਦੀ ਲੋਅ ਜਗਾਈ ਰਖਦਾ ਹੈ ਅਤੇ ਇਹ ਸੁਪਨੇ ਹੀ ਹਨ, ਜਿਹੜੇ ਸਾਡੇ ਜੀਵਨ ਵਿਚ ਉਮੰਗ ਬਣਾਈ ਰਖਦੇ ਹਨ ਅਤੇ ਸਾਡੀ ਹਯਾਤੀ ਨੂੰ ਕੋਈ ਮਕਸਦ ਦਿਵਾਈ ਰਖਦੇ ਹਨ। ਸੁਪਨਿਆਂ ਦੀ ਬੁਨਿਆਦ, ਕਲਾ ਨੂੰ ਕੋਈ ਧੱਕੇ ਨਾਲ ਅਪਣੇ ਅੰਦਰ ਨਹੀਂ ਵਾੜ ਸਕਦਾ ਅਤੇ ਨਾ ਹੀ ਕਿਸੇ ਜੁਗਾੜ ਜ਼ਰੀਏ ਹੁਨਰ ਨੂੰ ਹਥਿਆਇਆ ਜਾ ਸਕਦਾ ਹੈ। ਹਾਂ ਅਪਣੀ ਮਿਹਨਤ ਅਤੇ ਸੁੱਚੀ ਲਗਨ ਸਦਕਾ ਸਮੇਂ ਸਮੇਂ ਤੇ ਅਪਣੀ ਕਲਾ ਜਾਂ ਹੁਨਰ ਨੂੰ ਤਰਾਸ਼ਿਆ ਜ਼ਰੂਰ ਜਾ ਸਕਦਾ ਹੈ।
ਹੁਨਰ ਜਾਂ ਕਲਾ ਦੇ ਕਈ ਰੂਪ ਹੋ ਸਕਦੇ ਹਨ। ਮਸਲਨ ਕੋਈ ਚੰਗਾ ਗਾਇਕ ਹੋ ਸਕਦਾ ਹੈ, ਕੋਈ ਚੰਗਾ ਲਿਖਾਰੀ ਹੋ ਸਕਦਾ ਹੈ, ਕੋਈ ਵਧੀਆ ਖਿਡਾਰੀ, ਕੋਈ ਵਧੀਆ ਵਪਾਰੀ, ਕੋਈ ਵਧੀਆ ਬੁਲਾਰਾ, ਕੋਈ ਵਧੀਆ ਪਾੜ੍ਹਾ, ਕੋਈ ਚੰਗਾ ਖੋਜੀ, ਕੋਈ ਚੰਗਾ ਕਲਾਕਾਰ, ਕੋਈ ਚੰਗਾ ਨੇਤਾ ਜਾਂ ਸਮਾਜ ਸੇਵਕ ਆਦਿ  ਹੋ ਸਕਦਾ ਹੈ। ਸਾਡੇ ਅੰਦਰ ਕਿਹੜਾ ਹੁਨਰ ਉਸਲਵੱਟੇ ਲੈ ਰਿਹਾ ਹੈ, ਇਹ ਵਕਤ ਸਾਨੂੰ ਆਪ ਹੀ ਦੱਸ ਦਿੰਦਾ ਹੈ। ਹੁਨਰ ਜਿਥੇ ਇਕ ਪਾਸੇ ਹੁਨਰਮੰਦ ਦੀ ਰੂਹ ਦਾ ਖੇੜਾ ਹੁੰਦਾ ਹੈ, ਉਥੇ ਸਮਾਜ ਵਿਚ ਰੋਜ਼ੀ-ਰੋਟੀ ਅਤੇ ਸ਼ੋਹਰਤ ਉਪਜਾਉਣ ਦਾ ਜ਼ਰੀਆ ਵੀ ਹੋ ਨਿਬੜਦਾ ਹੈ। ਮਿਹਨਤ ਸਦਕਾ ਅਪਣੇ ਅੰਦਰ ਦੀ ਕਲਾ ਨੂੰ ਤਰਾਸ਼ ਕੇ ਖੱਟੀ ਸ਼ੋਹਰਤ ਤਾਂ ਚਿਰ ਸਥਾਈ ਹੁੰਦੀ ਹੈ। ਪਰ ਜੁਗਾੜਾਂ ਜ਼ਰੀਏ ਹਾਸਲ ਕੀਤੀ ਸ਼ੋਹਰਤ ਦੀ ਉਮਰ ਪਾਣੀ ਦੇ ਬੁਲਬੁਲੇ ਦੇ ਹਾਣ ਦੀ ਹੁੰਦੀ ਹੈ, ਜਿਹੜੀ ਪਲ ਝੱਟ ਵਿਚ ਅਪਣਾ ਵਜੂਦ ਗਵਾ, ਪਾਣੀ ਦਾ ਰੂਪ ਹੋ ਜਾਂਦੀ ਹੈ। ਇਸ ਲਈ ਹਥਕੰਡਿਆਂ ਜ਼ਰੀਏ ਕਲਾ ਦੇ ਧਰਾਤਲ ਤੇ ਪੁਲਾਂਘਾਂ ਪੁੱਟਣ ਵਾਲੇ ਤਥਾਕਥਿਤ ਫ਼ਨਕਾਰ ਚਾਰ ਕੁ ਕਦਮ ਤੁਰਨ ਤੋਂ ਬਾਅਦ ਵਕਤ ਦੇ ਵਾਵਰੋਲਿਆਂ ਵਿਚ ਉਡ-ਪੁਡ ਜਾਂਦੇ ਹਨ। ਧਰਤੀ ਦੀ ਕਿਸੇ ਨੁਕਰੇ ਗੁਮ-ਗਵਾਚ ਜਾਂਦੇ ਹਨ।ਇੰਜ ਵੀ ਨਹੀਂ ਕਿ ਕੋਈ ਅਪਣੇ ਅੰਦਰ ਦੀ ਕਲਾ ਨੂੰ ਪਛਾਣ ਲਵੇ ਅਤੇ ਫਿਰ ਉਸ ਨੂੰ ਅਪਣੀ ਵਿਤ ਮੁਤਾਬਕ ਤਰਾਸ਼ ਕੇ ਰਾਤੋ-ਰਾਤ ਕਲਾ ਦੇ ਅੰਬਰ ਵਿਚ ਉਡਾਰੀਆਂ ਮਾਰਨ ਲੱਗ ਪਵੇ, ਸਗੋਂ ਕਲਾ ਨੂੰ ਲੱਭਣ, ਸਾਂਭਣ ਅਤੇ ਤਰਾਸ਼ਣ ਤੋਂ ਬਾਅਦ ਅਪਣੇ ਹੁਨਰ ਪ੍ਰਤੀ ਸੰਜਮ ਅਤੇ ਸਮਰਪਣ ਕਲਾ ਨੂੰ ਵਿਕਸਤ ਕਰਨ ਦਾ ਮੂਲ ਮੰਤਰ ਹੁੰਦੇ ਹਨ ਅਤੇ ਵਿਕਸਤ ਹੋਣ ਤੋਂ ਬਾਅਦ  ਹੁਨਰ ਪ੍ਰਦਰਸ਼ਨ ਦੀ ਜ਼ੱਦ ਵਿਚ ਆ ਕੇ, ਅਪਣੀ ਹੋਂਦ ਦਰਜ ਕਰਵਾਉਣ ਅਤੇ ਸਥਾਪਤੀ ਵਲ ਵਧਣ ਦਾ ਉਪਰਾਲਾ ਕਰਨ ਦੇ ਰਾਹ ਤੁਰ ਪੈਂਦਾ ਹੈ।ਅਪਣੀ ਕਲਾ ਦੀ ਪਰਖ ਕਰ ਕੇ, ਹੁਨਰ ਨੂੰ ਸਾਂਭ-ਤਰਾਸ਼ ਕੇ ਸਥਾਪਤੀ ਵਲ ਪੁਟਿਆ ਕਦਮ  ਹੁਨਰਮੰਦ ਦੇ ਸੁਪਨਿਆਂ ਦੀ ਤਾਮੀਰ ਦਾ ਮੁੱਢ  ਬੰਨ੍ਹਦਾ ਹੈ ਤੇ ਉਸ ਦੇ ਸੁਪਨਿਆਂ ਨੂੰ ਪਰਵਾਜ਼ ਦੇਂਦਾ ਹੈ। ਪਰ ਅਫ਼ਸੋਸ ਇਹ ਪਰਵਾਜ਼ ਬਹੁਤੀ ਵਾਰ ਹੁਨਰਮੰਦ ਤੋਂ ਭਰੀ ਹੀ ਨਹੀਂ ਜਾਂਦੀ ਕਿਉਂਕਿ  ਇਹ ਉਡਾਣ ਤਾਂ ਹੀ ਮੁਮਕਿਨ ਹੈ ਜੇ ਕਲਾ ਦੇ ਸੱਚੇ ਅਤੇ ਸਥਾਪਤ ਜੌਹਰੀ ਅਪਣੇ ਅਹੁਦਿਆਂ ਦੀ ਮਰਿਆਦਾ ਦਾ ਸਤਿਕਾਰ ਕਰਦੇ ਹੋਏ ਈਮਾਨਦਾਰੀ ਨਾਲ ਹੁਨਰਮੰਦ ਦੇ ਹੁਨਰ ਦਾ ਨਿਰੀਖਣ ਕਰ ਕੇ ਉਸ ਦੇ ਖੰਭਾਂ ਨੂੰ ਪਰਵਾਜ਼ ਭਰਨ ਜੋਗਾ ਅਸਮਾਨ ਬਖ਼ਸ਼ਣ। ਉਹ ਅਸਮਾਨ ਜੋ ਅੱਜ ਦਿਆਨਤਦਾਰੀ ਦੇ ਖੂੰਜੇ ਲੱਗਣ ਕਾਰਨ ਆਪਾ-ਧਾਪੀ ਅਤੇ ਮੰਡੀਕਰਨ ਦੇ ਦੌਰ ਵਿਚ ਸਥਾਪਤ ਹੁਨਰਮੰਦਾਂ ਵਲੋਂ ਪੁੰਗਰ ਰਹੇ ਕਲਾਕਾਰਾਂ ਨੂੰ  ਈਮਾਨਦਾਰੀ ਨਾਲ ਮੁਹਈਆ ਨਹੀਂ ਕਰਵਾਇਆ ਜਾ ਰਿਹਾ ਅਤੇ ਨਤੀਜਾ ਵਿਗਸਣ ਦੇ ਰਾਹ ਤੁਰਿਆ ਅੱਜ ਹਰ ਨਵਾਂ ਬੂਟਾ ਅਪਣੇ ਹਿੱਸੇ ਦੀ ਧੁੱਪ-ਛਾਂ ਤਲਾਸ਼ਦਾ ਜ਼ਾਰੋ-ਜ਼ਾਰ ਵਰ੍ਹਦੇ ਮੀਂਹ ਅਤੇ ਤੇਜ਼ ਝੂਲਦੇ ਝੱਖੜਾਂ ਵਿਚ ਅਪਣਾ ਵਜੂਦ ਸੰਭਾਲਦਾ ਕਿਸੇ ਨਾ ਕਿਸੇ ਹੀਲੇ ਅਪਣੀ ਹਸਤੀ ਬਚਾਉਣ ਲਈ ਜੱਦੋਜਹਿਦ ਕਰੀ ਜਾ ਰਿਹਾ ਹੈ ਅਤੇ ਰੁਤਬਿਆਂ ਦੀ ਡੋਰ ਫੜੀ ਬੈਠੇ ਇਹ ਅਖੌਤੀ ਵੱਡ-ਵਡੇਰੇ  ਤੇ ਕਈ ਵਾਰ ਖ਼ੁਦ ਦੇ ਹੀ ਸਕੇ ਸਬੰਧੀ ਇਨ੍ਹਾਂ ਮਹਾਤੜਾਂ  ਦੇ ਸਿਰ ਦਾ ਨਿਰਮਲ, ਸਾਫ਼ ਆਕਾਸ਼ ਬਣਨ ਦੀ ਬਜਾਏ ਇਨ੍ਹਾਂ ਝੱਖੜਾਂ ਨੂੰ ਸਹਿਣ ਕਰਨ ਅਤੇ ਵਰ੍ਹਦੇ ਮੀਹਾਂ ਵਿਚ ਵਿਗਸਣ ਲਈ ਹੋਰ ਸੰਘਰਸ਼ ਕਰਨ ਲਈ ਆਖ ਅਪਣੇ ਰਸਤੇ ਤੁਰ ਜਾਂਦੇ ਹਨ।ਅਪਣੇ ਸੁਪਨਿਆਂ ਦੀ ਤਾਮੀਰ ਲਈ ਸੰਘਰਸ਼ ਕਰਦੀਆਂ ਇਹ ਕਰੂੰਬਲਾਂ ਹਰ ਤਰ੍ਹਾਂ ਦੀ ਜੱਦੋਜਹਿਦ ਲਈ ਤਿਆਰ ਵੀ ਰਹਿੰਦੀਆਂ ਹਨ। ਬਸ਼ਰਤੇ ਇਹ ਤਥਾਕਥਿਤ ਸਥਾਪਤ ਦਾਨਿਸ਼ਮੰਦ ਸਭਨਾਂ ਲਈ ਸਥਾਪਤੀ ਦਾ ਇਕੋ ਪੈਮਾਨਾ ਰੱਖਣ, ਪਰ ਇੰਜ ਹੁੰਦਾ ਨਹੀਂ। ਅਕਸਰ ਵੇਖਣ-ਪੜ੍ਹਨ ਵਿਚ ਆਉਂਦਾ ਹੈ ਕਿ ਸਥਾਪਤ ਲੋਕ ਅਪਣੇ ਚਹੇਤਿਆਂ ਦਾ ਕੱਦ ਉੱਚਾ ਕਰਨ ਲਈ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਲਈ ਵਖਰੇ ਮਾਲੀ ਦਾ ਇੰਤਜ਼ਾਮ ਕਰ ਦਿੰਦੇ ਹਨ ਜਾਂ ਕੱਲਮ ਕਾਰਿਆਂ ਦੇ ਹਿੱਸੇ ਆਇਆ ਮਾਲੀ ਹੀ ਖ਼ਰੀਦ ਲੈਂਦੇ ਹਾਂ ਅਤੇ ਨਤੀਜਾ ਨਵੀਂ ਪੀੜ੍ਹੀ ਫਿਰ ਸੰਘਰਸ਼ ਕਰਨ ਜੋਗੀ ਜਾਂ ਅਪਣੇ ਸੁਪਨਿਆਂ ਦਾ ਮਾਤਮ ਮਨਾਉਣ ਜੋਗੀ ਰਹਿ ਜਾਂਦੀ ਹੈ।ਇਥੇ ਇਹ ਸਵਾਲ ਪੁਛਣਾ ਵਾਜਬ ਹੈ ਕਿ ਜੇ ਸੱਚੀ ਕਲਾ ਕਿਸੇ ਦੀ ਮੋਹਤਾਜ ਨਹੀਂ, ਅਪਣਾ ਰਸਤਾ ਖ਼ੁਦ ਤਲਾਸ਼ਣ ਦੇ ਸਮਰੱਥ ਹੈ ਤਾਂ ਫਿਰ ਸੁੱਚੇ ਹੁਨਰ ਨੂੰ ਸਥਾਪਤਾਂ ਦੇ ਸਹਾਰੇ ਦੀ ਕੀ ਜ਼ਰੂਰਤ?

Dreamsਤਾਈ Dreamsਤਾਂ ਫਿਰ ਕਲਾ ਨੂੰ ਅਪਣੀ ਪੁਖ਼ਲਈ ਤਰਸੇਵਾਂ  ਝੱਲਣ ਦੀ ਕੀ ਲੋੜ? ਇਕ ਨਾ ਇਕ ਦਿਨ ਉਹ ਸਾਹਮਣੇ ਆ ਹੀ ਜਾਵੇਗੀ ਵਗੈਰਾ ਵਗੈਰਾ। ਇਹ ਕੁੱਝ ਸਵਾਲ ਨੇ ਜਿਹੜੇ ਜਵਾਬ ਮੰਗਦੇ ਹਨ ਅਤੇ  ਅਕਸਰ ਹੁਨਰਮੰਦਾਂ ਨੂੰ ਸਬਰ-ਸੰਤੋਖ ਰੱਖਣ, ਸਹੀ ਵਕਤ ਆਉਣ ਦੀ ਉਡੀਕ ਕਰਨ ਲਈ ਪ੍ਰੇਰਦੇ ਰਹਿੰਦੇ ਹਨ। ਦੂਜੇ ਪਾਸੇ ਇਹ ਅਖੌਤੀ ਧੁਰੰਤਰ ਨੀਵਿਆਂ ਨੂੰ ਇਹ ਨਸੀਹਤ ਦੇਂਦੇ ਨਹੀਂ ਥਕਦੇ ਕਿ ਚਮਕਣ ਲਈ ਪਹਿਲਾਂ ਘਿਸਣਾ ਪਵੇਗਾ, ਖ਼ੁਦ ਨੂੰ ਮਾਂਜਣਾ ਪਵੇਗਾ, ਪਰ ਉਹ ਨਾ ਤਾਂ ਘਿਸਣ ਦੀ ਮਿਆਦ ਦਸਦੇ ਹਨ ਅਤੇ ਨਾ ਹੀ ਮਾਂਜੇ ਜਾਣ ਤੋਂ ਬਾਅਦ ਭਾਂਡੇ ਦੀ ਹੋਂਦ ਸਵੀਕਾਰ ਕਰਦੇ ਹਨ। ਨਤੀਜਾ ਨਵਾਂ ਪੁੰਗਰਿਆ ਫ਼ਨਕਾਰ, ਸਥਾਪਤਾਂ ਦੀਆਂ ਲੂਮੜ ਚਾਲਾਂ ਵਿਚ ਫੱਸ ਘਿਸਦਾ-ਘਿਸਦਾ ਖ਼ੁਦ ਹੀ ਕਿਸੇ ਨੁਕਰੇ ਲੱਗ ਕੇ ਦਿਨਕਟੀ ਕਰਨ ਲਈ ਮਜਬੂਰ ਹੋ ਜਾਂਦਾ ਹੈ।ਹੁਣ ਸਵਾਲ ਇਹ ਹੈ ਕਿ ਆਖ਼ਰ ਕਲਾ ਦੇ ਖੇਤਰ ਦਾ ਇਹ ਨਵਾਂ ਪੁੰਗਰਿਆ ਜੀਅ ਕਿਧਰ ਜਾਵੇ? ਜੁਗਾੜਬੰਦੀ ਉਹ ਕਰਨੀ ਨਹੀਂ ਜਾਣਦਾ, ਆਰਥਕ ਪੱਖੋਂ ਵੱਡਿਆਂ ਦੇ ਹਾਣ ਦਾ ਨਹੀਂ ਹੈ। ਉਸ ਨੂੰ ਸਥਾਪਤੀ ਦੀ ਸਿਆਸਤ ਦੀ ਸਮਝ ਨਹੀਂ ਅਤੇ ਰਾਖਵੇਂਕਰਨ ਦੀ ਸ਼੍ਰੇਣੀ ਵਿਚ ਵੀ ਉਹ ਆਉਂਦਾ ਨਹੀਂ। ਅਜਿਹੀ ਸੂਰਤ ਵਿਚ ਅਪਣੇ ਅੰਦਰਲੇ  ਹੁਨਰ ਨੂੰ ਉਹ ਕਿਵੇਂ ਪਛਾਣੇ? ਕਿਵੇਂ ਸਥਾਪਤਾਂ ਦੇ ਹਥਕੰਡਿਆਂ ਨੂੰ ਅੱਖੋਂ-ਪਰੋਖੇ ਕਰ ਕੇ ਅਪਣੀ ਕਲਾ ਨੂੰ ਬਣਦਾ ਮਾਣ ਦਿਵਾਏ। ਸਵਾਲ ਗੰਭੀਰ ਹੈ। ਯਕੀਨਨ ਇਸ ਦਾ ਉੱਤਰ ਵੀ ਸੌਖਾ ਨਹੀਂ ਹੋਵੇਗਾ। ਕਲਾ ਨੂੰ ਪਛਾਣ ਦਿਵਾਉਣ ਦੀ ਜੱਦੋਜਹਿਦ ਵਿਚ ਯਕੀਨਨ ਇਹ ਅਨਭੋਲ ਮਨ ਅਪਣਾ ਇਕ ਪੁਜਦਾ ਰਸਤਾ ਚੁਣੇਗਾ ਅਤੇ ਡਿੱਕੇ ਡੋਲੇ ਖਾਂਦਿਆਂ, ਡਿਗਦਿਆਂ ਢਹਿੰਦਿਆਂ ਅਪਣੇ ਉਲੀਕੇ ਰਸਤੇ ਤੇ ਤੁਰਨ ਦਾ ਹੀਲਾ ਕਰੇਗਾ। ਜੇ ਰਸਤਾ ਸਿੱਧਾ ਨਿਭਦਾ ਗਿਆ ਤਾਂ ਸ਼ਾਇਦ ਕਿਸੇ ਮੁਕਾਮ ਨੂੰ ਹੱਥ ਪਾ ਲਵੇਗਾ ਨਹੀਂ ਤਾਂ ਅਖੌਤੀ 'ਪਾਰਖੂਆਂ' ਦੇ ਗਿਆਨ ਜਾਲ ਵਿਚ ਫੱਸ ਕੇ ਰਸਤਾ ਭੁੱਲ ਜਾਵੇਗਾ ਜਾਂ ਕਿਸੇ ਟੋਏ-ਟੋਭੇ ਵਿਚ ਡਿੱਗ, ਸੱਟ ਲਵਾ ਕੇ ਘਰ ਬੈਠੇ ਰਹਿਣ ਦਾ ਮਨ ਬਣਾ ਲਵੇਗਾ। ਜਦੋਂ ਘਰ ਬੈਠ ਜਾਵੇਗਾ, ਉਦੋਂ ਇਕ ਪਾਸੇ ਤਾਂ ਅਪਣੀ ਦਮ ਤੋੜ ਰਹੀ ਕਲਾ ਦਾ ਸੰਤਾਪ ਹੰਢਾਵੇਗਾ ਅਤੇ ਦੂਜੇ ਪਾਸੇ ਇਨ੍ਹਾਂ ਅਖੌਤੀ ਸਥਾਪਤਾਂ ਦੀ ਤੰਗਦਿਲੀ ਦਾ ਮਾਤਮ ਮਨਾਵੇਗਾ ਅਤੇ ਦੋਵੇਂ ਹੀ ਸੂਰਤਾਂ ਵਿਚ ਅਪਣੇ ਸੁਪਨਿਆਂ ਦਾ ਕਾਤਲ  ਬਣ ਜਾਵੇਗਾ। ਸੁਪਨੇ ਜੋ  ਜੀਵਨ ਵਿਚ ਉਮੰਗ ਜਗਾਈ ਰਖਦੇ ਹਨ, ਹਯਾਤੀ ਨੂੰ ਜਿਊਣ ਦਾ ਮਕਸਦ ਦਿਵਾਈ ਰਖਦੇ ਹਨ, ਪਰ  ਜਿਵੇਂ ਪਾਸ਼ ਦੇ ਕਹੇ ਅਨੁਸਾਰ:
'ਸੱਭ ਤੋਂ ਖ਼ਤਰਨਾਕ ਹੁੰਦਾ ਹੈ, ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪ ਦਾ, ਸੱਭ ਸਹਿਣ ਕਰ ਜਾਣਾ। ਘਰਾਂ ਤੋਂ ਨਿਕਲਣਾ ਕੰਮ ਉਤੇ ਤੇ ਕੰਮ ਤੋਂ ਘਰ ਜਾਣਾ। ਸੱਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ।'ਸੁਪਨੇ ਮਾਰ ਕੇ ਬੰਦਾ ਅੰਦਰ ਹੀ ਅੰਦਰ ਕਿੰਜ ਝੂਰਦਾ, ਕਿਵੇਂ ਤਿਲ ਤਿਲ ਮਰਦਾ ਹੈ ਇਹ ਲਫ਼ਜ਼ਾਂ ਵਿਚ ਲਿਖ ਪਾਉਣਾ ਬੇਹੱਦ ਤਕਲੀਫ਼ ਅਤੇ ਮੁਸ਼ਕਲ ਭਰਿਆ ਹੈ। ਇਸ ਲਈ ਲੋੜ ਸੁਪਨਿਆਂ ਨੂੰ ਮਰਨ ਤੋਂ ਬਚਾਉਣ ਦੀ ਹੈ। ਆਉ ਸੁਪਨਿਆਂ ਨੂੰ ਮਰਨ ਤੋਂ ਬਚਾਈਏ, ਪੱਖਪਾਤ ਤੋਂ ਉੱਪਰ ਉੱਠ ਕੇ ਸੱਚੇ ਹੁਨਰ ਦੀ ਪਰਖ ਕਰ, ਕਲਾ ਨੂੰ ਧਿਆਈਏ ਅਤੇ ਹੁਨਰਮੰਦਾਂ ਨੂੰ ਬਣਦਾ ਸਤਿਕਾਰ ਦਵਾਈਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement