ਕੈਨੇਡਾ, ਭਾਰਤ ਤੇ ਸਿੱਖ
Published : Apr 21, 2018, 3:30 am IST
Updated : Apr 21, 2018, 3:30 am IST
SHARE ARTICLE
Justin Trudea
Justin Trudea

ਭਾਰਤ ਤੋਂ ਬਾਅਦ ਜੇਕਰ ਸਿੱਖਾਂ ਦੀ ਸੱਭ ਤੋਂ ਵੱਧ ਆਬਾਦੀ ਹੈ ਤਾਂ ਉਹ ਕੈਨੇਡਾ ਵਿਚ ਹੈ।

ਕੈਨੇਡਾ ਤੇ ਸਿੱਖਾਂ ਦਾ 100 ਸਾਲ ਤੋਂ ਵੀ ਉਪਰ ਦਾ ਸਬੰਧ ਹੈ। ਭਾਰਤ ਤੋਂ ਬਾਅਦ ਜੇਕਰ ਸਿੱਖਾਂ ਦੀ ਸੱਭ ਤੋਂ ਵੱਧ ਆਬਾਦੀ ਹੈ ਤਾਂ ਉਹ ਕੈਨੇਡਾ ਵਿਚ ਹੈ। ਕੈਨੇਡਾ ਵਿਚ ਸਿੱਖਾਂ ਨੇ ਸਖ਼ਤ ਮਿਹਨਤ, ਈਮਾਨਦਾਰੀ ਅਤੇ ਲਗਨ ਨਾਲ ਕੰਮ ਕਰ ਕੇ ਅਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ ਜਿਸ ਦਾ ਸਿੱਟਾ ਇਹ ਹੈ ਕਿ ਅੱਜ ਕੈਨੇਡਾ ਵਿਚ 16 ਸਿੱਖ ਸੰਸਦ ਮੈਂਬਰ ਹਨ, ਜਿਨ੍ਹਾਂ ਵਿਚੋਂ 4 ਮੰਤਰੀ ਵੀ ਹਨ। ਇਸ ਤੋਂ ਇਲਾਵਾ ਰਾਜਾਂ ਵਿਚ ਵੀ ਮੰਤਰੀ ਅਤੇ ਐਮ.ਐਲ.ਏ. ਹਨ। ਸਿੱਖਾਂ ਲਈ ਸੱਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਅੱਜ ਕੈਨੇਡਾ ਦਾ ਰਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਹੈ। ਇਸ ਤੋਂ ਇਲਾਵਾ ਕੈਨੇਡਾ ਵਿਚ ਤਿੰਨ ਸਿਆਸੀ ਪਾਰਟੀਆਂ ਹਨ, ਉਨ੍ਹਾਂ ਵਿਚ ਇਕ ਦਾ ਪ੍ਰਧਾਨ ਸ. ਜਗਮੀਤ ਸਿੰਘ ਹੈ। ਜੇਕਰ ਆਉਣ ਵਾਲੀਆਂ ਚੋਣਾਂ ਵਿਚ ਇਹ ਪਾਰਟੀ ਚੋਣ ਜਿੱਤ ਜਾਂਦੀ ਹੈ ਤਾਂ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਸ. ਜਗਮੀਤ ਸਿੰਘ ਹੋਵੇਗਾ। ਪਿਛਲੇ ਕੱਝ ਦਿਨ ਪਹਿਲਾਂ ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪਿਆ ਸੀ ਕਿ ਕੈਨੇਡਾ ਦੇ 65 ਫ਼ੀ ਸਦੀ ਗੋਰੇ ਜਗਮੀਤ ਸਿੰਘ ਨੂੰ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਹਨ। ਸਿੱਖਾਂ ਦੀ ਕੈਨੇਡਾ ਵਿਚ ਇਹ ਚੜ੍ਹਤ ਹੀ ਸਾਡੀ ਕੇਂਦਰ ਸਰਕਾਰ ਅਤੇ ਸਾਡੇ ਦੇਸ਼ ਦੀ ਬਹੁਗਿਣਤੀ ਨੂੰ ਚੁਭਦੀ ਹੈ। ਬੀਤੀ 17 ਫ਼ਰਵਰੀ ਨੂੰ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਪਣੇ ਪ੍ਰਵਾਰ ਸਮੇਤ ਸਾਡੇ ਦੇਸ਼ ਦੇ ਦੌਰੇ ਤੇ ਆਏ ਤਾਂ ਉਨ੍ਹਾਂ ਨਾਲ ਚਾਰੇ ਸਿੱਖ ਮੰਤਰੀ ਅਤੇ ਐਮ.ਪੀ. ਵੀ ਨਾਲ ਸਨ। ਜਦੋਂ ਵੀ ਕਿਸੇ ਬਾਹਰਲੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਿੱਲੀ ਦੌਰੇ ਤੇ ਆਉਂਦੈ ਤਾਂ ਸਾਡੇ ਪ੍ਰਧਾਨ ਮੰਤਰੀ ਜੀ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ ਤੇ ਲੈਣ ਲਈ ਪਹੁੰਚ ਜਾਂਦੇ ਹਨ। ਇਥੇ ਹੀ ਬਸ ਨਹੀਂ ਸਗੋਂ ਉਨ੍ਹਾਂ ਨੂੰ ਨਾਲ ਲੈ ਕੇ ਅਪਣੇ ਰਾਜ ਗੁਜਰਾਤ ਦਾ ਦੌਰਾ ਵੀ ਕਰਵਾਉਂਦੇ ਹਨ, ਭਾਵੇਂ ਉਹ ਚੀਨ ਦੇ ਰਾਸ਼ਟਰਪਤੀ ਹੀ ਕਿਉਂ ਨਾ ਹੋਣ। ਪਰ ਜਸਟਿਨ ਟਰੂਡੋ ਦੇ ਆਉਣ ਤੇ ਅਜਿਹਾ ਸੱਭ ਕੁੱਝ ਗ਼ਾਇਬ ਸੀ ਜਿਸ ਦੀ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਚਰਚਾ ਹੋਈ। ਇਸ ਤੋਂ ਪਹਿਲਾਂ ਵੀ ਜਦੋਂ ਕੈਨੇਡਾ ਦੇ ਰਖਿਆ ਮੰਤਰੀ ਸ. ਹਰਜੀਤ ਸਿੰਘ ਦੌਰੇ ਤੇ ਆਏ ਸਨ ਉਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਕਹਿ ਕੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ ਸੀ ਕਿ ਸ. ਹਰਜੀਤ ਸਿੰਘ ਖ਼ਾਲਿਸਤਾਨ ਦੇ ਹਮਾਇਤੀ ਹਨ।ਬਾਹਰਲੇ ਦੇਸ਼ਾਂ ਵਿਚ ਹਰ ਆਦਮੀ ਨੂੰ ਅਪਣੀ ਗੱਲ ਕਹਿਣ ਦਾ ਅਧਿਕਾਰ ਹੈ। ਉਹ ਆਜ਼ਾਦੀ ਨਾਲ ਅਪਣੀ ਗੱਲ ਕਹਿ ਸਕਦਾ ਹੈ। ਅੱਜ ਵੱਖ ਵੱਖ ਦੇਸ਼ਾਂ ਵਿਚ ਲੋਕ ਵਖਰਾ ਦੇਸ਼ ਸਥਾਪਤ ਕਰਨ ਦੀਆਂ ਗੱਲਾਂ ਕਰਦੇ ਹਨ, ਜਿਵੇਂ ਪਾਕਿਸਤਾਨ ਵਿਚ ਬਲੋਚਿਸਤਾਨ ਦੀ ਮੰਗ ਹੋ ਰਹੀ ਹੈ, ਇੰਗਲੈਂਡ ਵਿਚ ਸਕਾਟਲੈਂਡ ਦੀ ਗੱਲ ਅਤੇ ਅਮਰੀਕਾ ਵਿਚ ਬਹੁਤ ਸਮਾਂ ਪਹਿਲਾਂ ਟੈਕਸਾਸ ਵਿਚ ਰਾਜ ਦੀ ਗੱਲ ਆਦਿ। ਜੇਕਰ ਅਸੀ ਇੰਗਲੈਂਡ ਦੀ ਗੱਲ ਕਰੀਏ ਤਾਂ ਸਕਾਟਲੈਂਡ ਦੇ ਲੋਕਾਂ ਨੇ ਜਦੋਂ ਆਜ਼ਾਦੀ ਦੀ ਗੱਲ ਕੀਤੀ ਤਾਂ ਉਥੋਂ ਦੀ ਸਰਕਾਰ ਨੇ ਉਨ੍ਹਾਂ ਉਤੇ ਦੇਸ਼ਧ੍ਰੋਹੀ ਦਾ ਕੇਸ ਨਹੀਂ ਦਰਜ ਕੀਤਾ, ਨਾ ਕਿਸੇ ਨੂੰ ਜੇਲ ਵਿਚ ਸੁਟਿਆ ਗਿਆ ਅਤੇ ਨਾ ਹੀ ਕਿਸੇ ਦਾ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ ਗਿਆ ਸਗੋਂ ਉਨ੍ਹਾਂ ਨੇ ਬੜੇ ਸ਼ਾਂਤਮਈ ਢੰਗ ਨਾਲ ਇਸ ਮੰਗ ਨੂੰ ਮੁੱਖ ਰੱਖ ਕੇ ਲੋਕਾਂ ਵਿਚ ਵੋਟਾਂ ਪੁਆ ਦਿਤੀਆਂ, ਜਿਸ ਨਾਲ ਆਜ਼ਾਦੀ ਮੰਗਣ ਵਾਲੇ ਹਾਰ ਗਏ ਅਤੇ ਮਸਲਾ ਖ਼ਤਮ ਹੋ ਗਿਆ। ਜੇਕਰ ਵੱਖ ਵੱਖ ਦੇਸ਼ਾਂ ਵਿਚ ਲੋਕ ਵਖਰੇ ਹੋਣ ਦੀਆਂ ਗੱਲਾਂ ਕਰਦੇ ਹਨ ਤਾਂ ਇਸ ਲਈ ਜ਼ਿੰਮੇਵਾਰ ਲੋਕ ਨਹੀਂ ਹਨ ਸਗੋਂ ਉਥੋਂ ਦੀਆਂ ਸਰਕਾਰਾਂ ਹਨ, ਜਿਹੜੀਆਂ ਲੋਕਾਂ ਨਾਲ ਵਿਤਕਰਾ ਕਰਦੀਆਂ ਹਨੇ ਜੇਕਰ ਦੇਸ਼ ਦੀ ਸਰਕਾਰ ਸਾਰੇ ਲੋਕਾਂ ਨਾਲ ਇਕੋ ਜਿਹਾ ਸਲੂਕ ਕਰੇ, ਸਾਰਿਆਂ ਨੂੰ ਬਰਾਬਰ ਦੀਆਂ ਸਹੂਲਤਾਂ ਦਿਤੀਆਂ ਜਾਣ, ਕਿਸੇ ਨਾਲ ਧਰਮ ਦੇ ਆਧਾਰ ਤੇ ਵਖਰੇਵਾਂ ਨਾ ਕੀਤਾ ਜਾਵੇ ਤਾਂ ਕੋਈ ਵੀ ਵਖਰੇ ਹੋਣ ਦੀ ਗੱਲ ਹੀ ਨਹੀਂ ਕਰੇਗਾ।

Jasmeet Jasmeet

ਜੇਕਰ ਅਸੀ ਪੰਜਾਬ ਦੇ ਸਿੱਖਾਂ ਦੀ ਗੱਲ ਕਰੀਏ ਤਾਂ ਸਿੱਖਾਂ ਨੇ ਕਦੇ ਵੀ ਵਖਰੇ ਰਾਜ ਦੀ ਗੱਲ ਨਹੀਂ ਕੀਤੀ। ਇਥੋਂ ਤਕ ਕਿ ਜਦੋਂ 1984 ਵਿਚ ਖਾੜਕੂਵਾਦ ਸਿਖਰ ਤੇ ਸੀ, ਉਸ ਵੇਲੇ ਇਕ ਵਾਰ ਪੱਤਰਕਾਰਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੁਛਿਆ, ''ਤੁਸੀ ਖ਼ਾਲਿਸਤਾਨ ਬਣਾਉਣਾ ਚਾਹੁੰਦੇ ਹੋ?'' ਤਾਂ ਉਨ੍ਹਾਂ ਜਵਾਬ ਦਿਤਾ, ''ਮੈਂ ਖ਼ਾਲਿਸਤਾਨ ਨਹੀਂ ਮੰਗਦਾ ਪਰ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਸਾਨੂੰ ਕੀ ਇਤਰਾਜ਼ ਹੋ ਸਕਦਾ ਹੈ?'' 
ਆਜ਼ਾਦੀ ਦੀ ਲੜਾਈ ਵਿਚ ਸਿੱਖ 80 ਫ਼ੀ ਸਦੀ ਤੋਂ ਵੱਧ ਕੁਰਬਾਨ ਹੋਏ। ਇਥੋਂ ਤਕ ਕਿ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਵਸਦੇ ਸਿੱਖ ਅਪਣੀਆਂ ਕਰੋੜਾਂ ਦੀ ਜਾਇਦਾਦਾਂ ਛੱਡ ਕੇ ਆਜ਼ਾਦੀ ਦੀ ਲੜਾਈ ਵਿਚ ਕੁੱਦ ਪਏ। ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਤਾਂ ਉਸ ਵੇਲੇ ਕਾਂਗਰਸੀ ਲੀਡਰਾਂ ਨੇ ਮਤੇ ਪਾਸ ਕੀਤੇ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਇਕ ਵਖਰਾ ਖ਼ਿੱਤਾ ਦਿਤਾ ਜਾਵੇਗਾ ਜਿਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਸਿੱਖਾਂ ਨੇ ਆਜ਼ਾਦੀ ਦੀ ਲੜਾਈ ਵਿਚ ਇਸ ਕਰ ਕੇ ਕੁਰਬਾਨੀਆਂ ਦਿਤੀਆਂ ਕਿਉਂਕਿ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਖਿਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਅਪਣੇ ਰਾਜ ਵਿਚ ਕੀ ਮੌਜਾਂ ਹੁੰਦੀਆਂ ਹਨ। ਜਦੋਂ ਇਹ ਲੜਾਈ ਲੜੀ ਜਾ ਰਹੀ ਸੀ, ਉਸ ਵੇਲੇ ਇਹ ਸਾਫ਼ ਹੋ ਗਿਆ ਸੀ ਕਿ ਦੇਸ਼ ਦੀ ਵੰਡ ਜਰੂਰ ਹੋਵੇਗੀ, ਜਿਸ ਨੂੰ ਮੁੱਖ ਰੱਖ ਕੇ ਮੁਸਲਮਾਨ ਲੀਡਰਾਂ ਨੇ ਸਿੱਖਾਂ ਨੂੰ ਅਪਣੇ ਨਾਲ ਰਲਣ ਲਈ ਕਿਹਾ। ਪਰ ਸਿੱਖਾਂ ਨੇ ਅਪਣੀ ਕਿਸਮਤ ਭਾਰਤ ਨਾਲ ਜੋੜਨ ਨੂੰ ਹੀ ਪਹਿਲ ਦਿਤੀ।
ਉਸ ਵੇਲੇ ਸਿੱਖਾਂ ਨੂੰ ਇਹ ਆਸ ਨਹੀਂ ਸੀ ਕਿ ਆਜ਼ਾਦੀ ਤੋਂ ਬਾਅਦ ਉਨ੍ਹਾਂ ਨਾਲ ਪੈਰ ਪੈਰ ਤੇ ਧੋਖਾ ਕੀਤਾ ਜਾਵੇਗਾ। ਜਿਉਂ ਹੀ ਆਜ਼ਾਦੀ ਮਿਲੀ ਉਸ ਤੋਂ ਸਿਰਫ਼ ਡੇਢ ਮਹੀਨੇ ਬਾਅਦ ਹੀ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦੇ ਖ਼ਿਤਾਬ ਨਾਲ ਨਵਾਜਿਆ ਗਿਆ। ਜਦੋਂ ਸਿੱਖਾਂ ਨੇ ਬਾਕੀ ਮੰਗਾਂ ਵਲ ਧਿਆਨ ਦਿਵਾਇਆ ਤਾਂ ਕਾਂਗਰਸੀ ਲੀਡਰ ਕਹਿਣ ਲੱਗੇ ਕਿ ਉਹ ਮਤੇ ਭੁੱਲ ਜਾਉ। ਸਿੱਖਾਂ ਨਾਲ ਅਨਿਆਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਪੰਜਾਬ ਦਾ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿਤਾ ਗਿਆ। ਕੁੱਝ ਦਿਲੀ ਅਤੇ ਕੁੱਝ ਹਰਿਆਣਾ ਲੈ ਗਿਆ। ਹਨੇਰ ਸਾਈਂ ਦਾ ਯਮੁਨਾ ਦਰਿਆ ਦੇ ਪਾਣੀ ਉਤੇ ਪੰਜਾਬ ਦਾ ਕੋਈ ਹੱਕ ਨਹੀਂ ਪਰ ਪੰਜਾਬ ਦੇ ਪਾਣੀਆਂ ਉਤੇ ਰਾਜਸਥਾਨ, ਹਰਿਆਣਾ ਅਤੇ ਦਿੱਲੀ ਦਾ ਹੱਕ ਹੈ। ਪੰਜਾਬੀ ਸੂਬਾ ਬਣਾਉਣ ਦੀ ਮੰਗ ਵੀ ਠੁਕਰਾ ਦਿਤੀ ਗਈ। ਜੇਕਰ ਪੰਜਾਬੀ ਸੂਬਾ ਬਣਾਇਆ ਗਿਆ ਤਾਂ ਰਾਜਧਾਨੀ ਚੰਡੀਗੜ੍ਹ ਖੋਹ ਲਈ ਗਈ।ਪੰਜਾਬ ਨਾਲ ਅਨਿਆਂ ਇਸ ਕਰ ਕੇ ਕੀਤਾ ਗਿਆ ਕਿਉਂਕਿ ਇਥੇ ਸਿੱਖ ਵਸਦੇ ਹਨ। ਜੇਕਰ ਸਿੱਖਾਂ ਨੇ ਅਪਣੇ ਰਾਜ ਦੀਆਂ ਮੰਗਾਂ ਲਈ ਮੋਰਚਾ ਲਾਇਆ ਤਾਂ ਸਿੱਖਾਂ ਨੂੰ ਵੱਖਵਾਦੀ, ਅਤਿਵਾਦੀ, ਦੇਸ਼ਧ੍ਰੋਹੀ ਕਿਹਾ ਗਿਆ। ਕੀ ਅਪਣੇ ਰਾਜ ਲਈ ਹੱਕ ਮੰਗਣੇ ਦੇਸ਼ਧ੍ਰੋਹ ਹੈ? ਜੇਕਰ ਪਾਣੀ ਪੰਜਾਬ ਨੂੰ ਮਿਲਦਾ ਤਾਂ ਉਸ ਦਾ ਫ਼ਾਇਦਾ ਸਿਰਫ਼ ਸਿੱਖਾਂ ਨੂੰ ਹੀ ਹੋਣਾ ਹੈ? ਜੇਕਰ ਚੰਡੀਗੜ੍ਹ, ਪੰਜਾਬ ਨੂੰ ਮਿਲੇ ਤਾਂ ਕੀ ਸਿੱਖ ਚੰਡੀਗੜ੍ਹ ਨੂੰ ਚੁੱਕ ਕੇ ਲੈ ਜਾਂਦੇ? ਕੀ ਪਾਣੀ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਦਾ ਫ਼ਾਇਦਾ ਸਿਰਫ਼ ਸਿੱਖਾਂ ਨੂੰ ਹੀ ਹੋਵੇਗਾ? ਇਸ ਦਾ ਫ਼ਾਇਦਾ ਤਾਂ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਸੀ। ਪੰਜਾਬੀ ਭਾਸ਼ਾ ਨੂੰ ਸਿੱਖਾਂ ਦੀ ਬੋਲੀ ਸਮਝ ਕੇ ਇਸ ਨੂੰ ਨੁਕਰੇ ਲਾ ਦਿਤਾ ਗਿਆ। ਹਜ਼ਾਰਾਂ ਸਿੱਖ ਨੌਜਵਾਨ  ਪੰਜਾਬ ਅਤੇ ਦਿੱਲੀ ਵਿਚ ਮਾਰ ਦਿਤੇ ਗਏ। ਹਜ਼ਾਰਾਂ ਜੇਲਾਂ ਵਿਚ ਸੁੱਟ ਦਿਤੇ ਗਏ। ਕੁੱਝ ਨੂੰ ਫ਼ਾਂਸੀ ਤੇ ਚੜ੍ਹਾ ਦਿਤਾ ਗਿਆ। ਅੱਜ ਵੀ ਬਹੁਤ ਸਾਰੇ ਨੌਜਵਾਨ ਅਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲਾਂ ਵਿਚ ਸੜ ਰਹੇ ਹਨ। ਸੰਜੇ ਦੱਤ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾਅ ਕਰ ਦਿਤਾ ਪਰ ਸਿੱਖ ਨੌਜਵਾਨ ਅਪਣੀਆਂ ਜਾਨਾਂ ਬਚਾਉਣ ਕਈ ਵਿਦੇਸ਼ਾਂ ਨੂੰ ਭੱਜ ਗਏ। ਉਨ੍ਹਾਂ ਵਿਚ ਬਹੁਤ ਸਾਰੇ ਅਮਰੀਕਾ, ਕੈਨੇਡਾ, ਫ਼ਰਾਂਸ, ਇੰਗਲੈਂਡ, ਜਰਮਨੀ ਅਤੇ ਹੋਰ ਦੇਸ਼ਾਂ ਵਿਚ ਵਸ ਗਏ ਹਨ। ਬਹੁਤ ਸਾਰੇ ਨੌਜਵਾਨ ਪੜ੍ਹਨ ਗਏ ਅਤੇ ਕੁੱਝ ਨੰਬਰਾਂ ਦੇ ਅਧਾਰ ਤੇ ਕੈਨੇਡਾ ਵਿਚ ਵਸ ਚੁਕੇ ਹਨ ਜਿਸ ਕਾਰਨ ਕੈਨੇਡਾ ਵਿਚ ਸਿੱਖਾਂ ਦੀ ਆਬਾਦੀ 5-6 ਲੱਖ ਹੋ ਚੁੱਕੀ ਹੈ। ਸਿੱਖਾਂ ਨੇ ਕੈਨੇਡਾ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ ਜਿਸ ਕਾਰਨ ਉਥੇ ਸਿੱਖਾਂ ਦੀ ਗੱਲ ਸੁਣੀ ਜਾਂਦੀ ਹੈ। ਕੈਨੇਡਾ ਦਾ ਸੰਵਿਧਾਨ ਹਰ ਕਿਸੇ ਨੂੰ ਅਪਣੀ ਗੱਲ ਕਹਿਣ ਦਾ ਅਧਿਕਾਰ ਦਿੰਦਾ ਹੈ। ਕੁਦਰਤੀ ਹੈ ਕਿ ਉਥੋਂ ਦੇ ਸਿੱਖ ਭਾਰਤ ਵਿਚ ਜਿਹੜੀਆਂ ਸਿੱਖਾਂ ਨਾਲ ਜ਼ਿਆਦਤੀਆਂ ਹੋਈਆਂ ਹਨ, ਉਨ੍ਹਾਂ ਸਬੰਧੀ ਆਵਾਜ਼ ਉਠਾਉਂਦੇ ਰਹਿੰਦੇ ਹਨ। ਕੈਨੇਡਾ ਇਕ ਅਗਾਂਹਵਧੂ ਦੇਸ਼ ਹੈ, ਜਿਥੇ ਹਰ ਧਰਮ ਦੇ ਲੋਕਾਂ ਨੂੰ ਖੁੱਲ੍ਹੀ ਆਜ਼ਾਦੀ ਹੈ। ਉਥੇ ਛੋਟੀ ਛੋਟੀ ਗੱਲ ਤੇ ਕਿਸੇ ਤੇ ਕੇਸ ਨਹੀਂ ਦਰਜ ਕੀਤਾ ਜਾਂਦਾ।
ਜਿਸ ਤਰ੍ਹਾਂ ਸਾਡੀ ਸਰਕਾਰ ਲਈ ਅਪਣੇ ਦੇਸ਼ ਦੇ ਹਿਤ ਪਹਿਲਾਂ ਹਨ, ਇਸੇ ਤਰ੍ਹਾਂ ਕੈਨੇਡਾ ਸਰਕਾਰ ਲਈ ਵੀ ਕੈਨੇਡਾ ਦੇ ਹਿਤ ਪਹਿਲਾਂ ਹਨ। ਪਿਛਲੇ ਦਿਨੀਂ ਜਦੋਂ ਜਸਟਿਸ ਟਰੂਡੋ ਭਾਰਤ ਦੌਰੇ ਤੇ ਆਏ ਸਨ ਤਾਂ ਪੱਤਰਕਾਰਾਂ ਨੇ ਪੁਛਿਆ, ''ਕੀ ਉਹ ਖ਼ਾਲਿਸਤਾਨ ਦੀ ਹਮਾਇਤ ਕਰਦੇ ਹਨ?'' ਤਾਂ ਉਨ੍ਹਾਂ ਸਾਫ਼ ਕਿਹਾ ਕਿ ਉਹ ਕਿਸੇ ਦੇਸ਼ ਨੂੰ ਤੋੜਨ ਦੇ ਹੱਕ ਵਿਚ ਨਹੀਂ ਹਨ। ਪਤਾ ਨਹੀਂ, ਫਿਰ ਵੀ ਕਿਉਂ ਸਾਡੀ ਸਰਕਾਰ ਨੇ ਜਸਟਿਨ ਟਰੂਡੋ ਨੂੰ ਬਣਦਾ ਸਤਿਕਾਰ ਨਹੀਂ ਦਿਤਾ। ਅਸਲ ਵਿਚ ਸਾਡੀ ਸਰਕਾਰ ਦਾ ਜ਼ੋਰ ਸਿੱਖਾਂ ਨੂੰ ਖ਼ਾਲਿਸਤਾਨੀ, ਵੱਖਵਾਦੀ ਅਤੇ ਦੇਸ਼ਧ੍ਰੋਹੀ ਕਹਿ ਕੇ ਸਿੱਖਾਂ ਦਾ ਕੈਨੇਡਾ ਵਿਚ ਅਕਸ ਖ਼ਰਾਬ ਕਰਨ ਵਲ ਲੱਗਾ ਹੋਇਆ ਹੈ ਜਿਸ ਤਰ੍ਹਾਂ ਸਰਦਾਰ ਮਨਜੀਤ ਸਿੰਘ ਜੀ.ਕੇ. ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪਰਮਜੀਤ ਸਿੰਘ ਅਟਵਾਲ ਦੀ ਟਰੂਡੋ ਦੀ ਘਰਵਾਲੀ ਨਾਲ ਫ਼ੋਟੋ ਛਾਪ ਕੇ ਕੈਨੇਡਾ ਸਰਕਾਰ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਯੋਜਨਾ ਪਹਿਲਾਂ ਹੀ ਬਣ ਚੁੱਕੀ ਸੀ। ਇਸ ਪਿਛੇ ਇਕ ਵੱਡੇ ਸਰਕਾਰੀ ਅਫ਼ਸਰ ਦਾ ਹੱਥ ਸੀ। ਇਸੇ ਅਧਿਕਾਰੀ ਦੀਆਂ ਗ਼ਲਤ ਹਰਕਤਾਂ ਕਾਰਨ ਹੀ ਕੈਨੇਡਾ ਦੇ ਗੁਰਦਵਾਰਿਆਂ ਵਿਚ ਸਰਕਾਰੀ ਅਧਿਕਾਰੀਆਂ ਦੇ ਦਾਖ਼ਲ ਹੋਣ ਤੇ ਪਾਬੰਦੀ ਲਾਈ ਗਈ ਹੈ।
ਅੱਜ ਸ਼ਰੇਆਮ ਭਾਜਪਾ ਅਤੇ ਆਰ.ਐਸ.ਐਸ. ਦੇ ਲੀਡਰ ਕਹਿ ਰਹੇ ਹਨ ਕਿ ਜਿਹੜੇ ਲੋਕ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਜਾਂ ਗਊ ਨੂੰ ਮਾਤਾ ਨਹੀਂ ਕਹਿੰਦੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ। ਇਥੇ ਹੀ ਬਸ ਨਹੀਂ ਕੁੱਝ ਸਮਾਂ ਪਹਿਲਾਂ ਸ੍ਰੀ ਸ੍ਰੀ ਵਲੋਂ ਇਹ ਕਿਹਾ ਗਿਆ ਸੀ ਕਿ ਜੇਕਰ ਰਾਮ ਦਾ ਮੰਦਰ ਨਾ ਬਣਿਆ ਤਾਂ ਭਾਰਤ ਸੀਰੀਆ ਬਣ ਜਾਵੇਗਾ ਅਤੇ ਇਥੇ ਗ੍ਰਹਿ ਯੁੱਧ ਸ਼ੁਰੂ ਹੋ ਜਾਵੇਗਾ। ਕੀ ਇਹ ਬਹੁਗਿਣਤੀ ਲੋਕ ਘੱਟ ਗਿਣਤੀ ਨੂੰ ਡਰਾਉਣਾ ਨਹੀਂ ਹੈ? ਜੇਕਰ ਇਹੋ ਗੱਲ ਕਿਸੇ ਘੱਟ ਗਿਣਤੀ ਦੇ ਆਦਮੀ ਵਲੋਂ ਕਹਿ ਦਿਤੀ ਜਾਂਦੀ ਤਾਂ ਅੱਜ ਉਸ ਉਤੇ ਮਾਮਲਾ ਦਰਜ ਕਰ ਕੇ ਜੇਲ ਵਿਚ ਸੁਟਿਆ ਹੋਣਾ ਸੀ। ਕੀ ਕੋਈ ਦਸੇਗਾ ਕਿ ਮਹਾਨ ਲੋਕਾਂ ਦੇ ਬੁੱਤ ਤੋੜਨਾ ਕਿਧਰ ਦੀ ਦੇਸ਼ ਭਗਤੀ ਹੈ?
ਆਖ਼ਰ ਵਿਚ ਦਾਸ ਇਹੀ ਕਹਿਣਾ ਚਾਹੁੰਦਾ ਹੈ ਕਿ ਸਿੱਖ ਨਾ ਅਤਿਵਾਦੀ ਹੈ,  ਨਾ ਵੱਖਵਾਦੀ ਹੈ ਅਤੇ ਨਾ ਹੀ ਦੇਸ਼ਧ੍ਰੋਹੀ ਹੈ। ਉਹ ਪਹਿਲਾਂ ਵੀ ਦੇਸ਼ਭਗਤ ਸੀ, ਉਹ ਹੁਣ ਵੀ ਹੈ ਅਤੇ ਅਗਾਂਹ ਵੀ ਰਹੇਗਾ। ਸਿੱਖਾਂ ਨੇ ਆਜ਼ਾਦੀ ਤੋਂ ਪਹਿਲਾਂ ਵੀ ਸੱਭ ਤੋਂ ਵੱਧ ਸ਼ਹੀਦੀਆਂ ਦਿਤੀਆਂ ਹਨ, ਆਜ਼ਾਦੀ ਤੋਂ ਬਾਅਦ ਵੀ, ਭਾਵੇਂ ਉਹ 1948, 1962, 1965, 1971 ਜਾਂ 1999 ਦੌਰਾਨ ਕਾਰਗਿਲ ਦਾ ਯੁੱਧ ਹੋਵੇ, ਸੱਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਹਨ। ਅੱਜ ਵੀ ਸਿੱਖ ਨੌਜਵਾਨ ਰੋਜ਼ਾਨਾ ਸਰਹੱਦਾਂ ਉਤੇ ਸ਼ਹੀਦੀਆਂ ਪਾ ਰਹੇ ਹਨ। ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਲੜਾਈਆਂ ਹੋਈਆਂ ਉਨ੍ਹਾਂ ਵਿਚ ਸੱਭ ਤੋਂ ਵੱਧ ਸਿੱਖ ਔਰਤਾਂ ਹੀ ਵਿਧਵਾ ਹੋਈਆਂ ਹਨ। ਇਹ ਮੈਂ ਨਹੀਂ ਕਹਿ ਰਿਹਾ, ਇਹ ਰੀਕਾਰਡ ਬੋਲ ਰਿਹਾ ਹੈ। ਜਿਥੋਂ ਤਕ ਸਿੱਖਾਂ ਦੀ ਵਿਦੇਸ਼ ਵਿਚ ਸਫ਼ਲਤਾ ਦਾ ਰਾਜ਼ ਹੈ, ਉਹ ਬਾਬਾ ਨਾਨਕ ਵਲੋਂ ਸਿੱਖਾਂ ਨੂੰ ਜਿਹੜਾ ਤਿੰਨ ਨੁਕਤੇ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਸੰਦੇਸ਼ ਦਿਤਾ ਗਿਆ ਹੈ, ਦਾ ਸਿੱਟਾ ਹੈ। ਜਿਸ ਤਰ੍ਹਾਂ ਅੱਜ 'ਖ਼ਾਲਸਾ ਏਡ' ਨਾਮਕ ਸੰਸਥਾ ਵਲੋਂ ਦੁਨੀਆਂ ਭਰ ਵਿਚ ਕੁਦਰਤੀ ਕਰੋਪੀ ਜਾਂ ਹੋਰ ਕੋਈ ਸੰਕਟ ਸਮੇਂ ਦੁਖੀਆਂ ਦੀ ਮਦਦ ਕੀਤੀ ਗਈ ਹੈ, ਉਸ ਨੂੰ ਕੋਈ ਵੀ ਨਹੀਂ ਭੁਲਾ ਸਕਦਾ। 
ਜਿਸ ਤਰ੍ਹਾਂ ਸਿੱਖਾਂ ਨੇ ਕੈਨੇਡਾ ਵਿਚ ਅਪਣੀ ਸਫ਼ਲਤਾ ਦੇ ਝੰਡੇ ਗੱਡੇ ਹਨ, ਆਉਣ ਵਾਲੇ ਸਮੇਂ ਵਿਚ ਸਿੱਖਾਂ ਨੇ ਦੂਜੇ ਦੇਸ਼ਾਂ ਵਿਚ ਵੀ ਵੱਡੀਆਂ ਮੱਲਾਂ ਮਾਰਨੀਆਂ ਹਨ। ਸਾਨੂੰ ਮਾਣ ਹੈ ਸ. ਤਰਨਜੀਤ ਸਿੰਘ ਢੇਸੀ ਅਤੇ ਬੀਬੀ ਪ੍ਰੀਤ ਗਿੱਲ ਜਿਨ੍ਹਾਂ ਨੇ ਇੰਗਲੈਂਡ ਵਿਚ ਅਤੇ ਸ. ਬਖ਼ਸ਼ੀ ਉਤੇ ਜਿਨ੍ਹਾਂ ਨਿਊਜ਼ੀਲੈਂਡ ਵਿਚ ਪਾਰਲੀਮੈਂਟ ਦੇ ਮੈਂਬਰ ਬਣ ਕੇ ਸਿੱਖਾਂ ਦਾ ਮਾਣ ਵਧਾਇਆ ਹੈ। ਸਾਨੂੰ ਮਾਣ ਹੈ ਕੈਨੇਡਾ ਸਰਕਾਰ ਉਤੇ ਜਿਨ੍ਹਾਂ ਨੇ ਸਿੱਖਾਂ ਦੀ ਮਿਹਨਤ ਦਾ ਮੁੱਲ ਪਾਇਆ ਅਤੇ ਉਨ੍ਹਾਂ ਨੂੰ ਕੈਨੇਡਾ ਦੀ ਸੇਵਾ ਕਰਨ ਦਾ ਮੌਕਾ ਦਿਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM
Advertisement