ਏਨਾ ਹੁਸਨ ਪੇ ਗ਼ਰੂਰ ਨਾ ਹਜ਼ੂਰ ਕੀਜੀਏ
Published : Sep 21, 2018, 4:11 pm IST
Updated : Sep 21, 2018, 4:11 pm IST
SHARE ARTICLE
Woman
Woman

ਸੋਹਣੀ ਇਸਤਰੀ ਜੰਗਲ ਦੀ ਅੱਗ ਵਾਂਗ ਹੁੰਦੀ ਹੈ, ਜੋ ਸੱਭ ਦਾ ਧਿਆਨ ਅਪਣੇ ਵਲ ਖਿੱਚ ਲੈਂਦੀ ਹੈ..........

ਸੋਹਣੀ ਇਸਤਰੀ ਜੰਗਲ ਦੀ ਅੱਗ ਵਾਂਗ ਹੁੰਦੀ ਹੈ, ਜੋ ਸੱਭ ਦਾ ਧਿਆਨ ਅਪਣੇ ਵਲ ਖਿੱਚ ਲੈਂਦੀ ਹੈ। ਕਈ ਔਰਤਾਂ ਨੂੰ ਅਪਣੇ ਹੁਸਨ ਤੇ ਏਨਾ ਗ਼ਰੂਰ ਤੇ ਆਕੜ ਹੁੰਦੀ ਹੈ ਕਿ ਉਹ ਅਪਣੇ ਪਤੀ ਤੋਂ ਬਿਨਾਂ ਕਿਸੇ ਗ਼ੈਰ ਮਰਦ ਨਾਲ ਬੋਲਣ ਸਮੇਂ ਬੜੇ ਨਾਜ਼ ਨਖਰੇ ਨਾਲ ਬੜਾ ਥੋੜਾ ਜਿਹਾ ਮੂੰਹ ਖੋਲ੍ਹਣਗੀਆਂ ਜਿਸ ਤਰ੍ਹਾਂ ਕਿ ਸਾਹਮਣੇ ਵਾਲਾ ਉਨ੍ਹਾਂ ਤੋਂ ਕੁੱਝ ਉਤਾਰ ਲਵੇਗਾ। ਅਜਿਹੀ ਇਕ ਹਸੀਨਾ ਮੇਰੇ ਨਾਲ ਲਗਦੇ ਕੁਆਟਰ ਵਿਚ ਅਪਣੇ ਪਤੀ ਤੇ ਇਕ ਤਿੰਨ ਸਾਲ ਦੇ ਬੱਚੇ ਨਾਲ ਰਹਿ ਰਹੀ ਸੀ। ਬਸ ਉਸ ਦੀ ਅਪਣੀ ਹੀ ਦੁਨੀਆਂ ਸੀ। ਮੈਂ, ਮੇਰਾ ਪਤੀ ਤੇ ਮੇਰਾ ਬੱਚਾ।

ਉਸ ਦਾ ਪਤੀ ਵੀ ਅਪਣੇ ਆਪ ਨੂੰ ਤਾਜ ਮਹਿਲ ਦਾ ਚੌਕੀਦਾਰ ਸਮਝਦਾ ਸੀ। ਸਾਰਾ ਦਿਨ ਉਸ ਦੇ ਪਿਛੇ ਹੀ ਘੁੰਮਦਾ ਰਹਿੰਦਾ ਸੀ। ਉਂਜ ਉਹ ਪਠਾਨਕੋਟ ਦੇ ਨੇੜੇ ਕਿਸੇ ਸਕੂਲ ਵਿਚ ਅਧਿਆਪਕ ਸੀ। ਸਾਡਾ ਦਫ਼ਤਰ ਜੰਮੂ-ਪਠਾਨਕੋਟ ਰੋਡ ਉਤੇ ਸੀ। ਉਹ ਲੜਕੀ ਵੀ ਸਾਡੇ ਦਫ਼ਤਰ ਵਿਚ ਹੀ ਨੌਕਰੀ ਕਰਦੀ ਸੀ। ਮੇਰੇ ਨਾਲ ਕੁਆਟਰ ਵਿਚ ਮੇਰਾ ਇਕ ਦੋਸਤ ਵੀ ਰਹਿੰਦਾ ਸੀ। ਮੇਰੇ ਦੋਸਤ ਦੀਆਂ ਅੱਖਾਂ ਵਿਚ ਕੁਦਰਤ ਵਲੋਂ ਹੀ ਹਰ ਸਮੇਂ ਥੋੜੀ-ਥੋੜੀ ਜਹੀ ਲਾਲੀ ਰਹਿੰਦੀ ਸੀ ਜਿਸ ਕਰ ਕੇ ਕਈਆਂ ਨੂੰ ਲਗਦਾ ਸੀ ਕਿ ਸ਼ਾਇਦ ਉਹ ਕੋਈ ਨਸ਼ਾ ਕਰਦਾ ਹੋਵੇ। ਮੇਰੇ ਬਾਰੇ ਤਾਂ ਪਤਾ ਨਹੀਂ ਉਹ ਕੀ ਸੋਚਦੀ ਹੋਵੇ?

ਪ੍ਰੰਤੂ ਉਸ ਬਾਰੇ ਉਸ ਦੀ ਧਰਨਾ ਇਹ ਸੀ ਕਿ ਸ਼ਾਇਦ ਕੋਈ ਨਸ਼ੇੜੀ ਜਿਹਾ ਵਿਗੜਿਆ ਲੜਕਾ ਹੈ। ਜਦੋਂ ਕਿ ਉਹ ਬਹੁਤ ਹੀ ਵਧੀਆ ਤੇ ਮਿਲਣਸਾਰ ਇਨਸਾਨ ਸੀ। 
ਜਵਾਨੀ ਆਦਮੀ ਕੀ ਮਾਯਾ ਏ ਇਲਜ਼ਾਮ ਹੋਤੀ ਹੈ,
ਨਿਗਾਹੇ ਨੇਕ ਭੀ, ਇਸ ਉਮਰ ਮੇਂ ਬਦਨਾਮ ਹੋਤੀ ਹੈਂ।

ਸੁਣਿਆ ਹੈ ਜਿਨ੍ਹਾਂ ਕੁੜੀਆਂ ਨੂੰ ਜ਼ਿਆਦਾ ਸੁਹੱਪਣ ਮਿਲਦਾ ਹੈ, ਉਨ੍ਹਾਂ ਨੂੰ ਪ੍ਰਮਾਤਮਾ ਵਲੋਂ ਜ਼ਿਆਦਾ ਸਿਆਣਪ ਦੀ ਦਾਤ ਨਹੀਂ ਮਿਲਦੀ।

ਵੈਸੇ ਤਾਂ ਉਹ ਸਾਡੇ ਮੱਥੇ ਲਗਣਾ ਪਸੰਦ ਨਹੀਂ ਕਰਦੀ ਸੀ ਪਰ ਫਿਰ ਵੀ ਗੁਆਂਢੀ ਹੋਣ ਦੇ ਨਾਤੇ, ਵਿਹੜੇ ਵਿਚ ਖੜੀ ਨੂੰ ਨਮਸਤੇ ਕਰ ਦਿੰਦੇ ਤਾਂ ਵੀ ਉਹ ਮੂੰਹ ਦੂਜੇ ਪਾਸੇ ਕਰ ਲੈਂਦੀ ਸੀ।  ਇਕ ਦਿਨ ਉਹ ਸਟੂਲ ਤੇ ਖੜ ਕੇ ਖਿੜਕੀ ਦਾ ਸ਼ੀਸ਼ਾ ਸਾਫ਼ ਕਰ ਰਹੀ ਸੀ ਕਿ ਅਚਾਨਕ ਸ਼ੀਸ਼ਾ ਟੁੱਟਣ ਨਾਲ ਉਸ ਦੀ ਬਾਂਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਨੇ ਚੀਕ ਮਾਰੀ। ਮੈਂ ਅਪਣੇ ਦੋਸਤ ਨੂੰ ਕਿਹਾ, ''ਲਗਦੈ ਕੋਈ ਹਾਦਸਾ ਹੋਇਐ।'' ਅਸੀ ਦੋਹਾਂ ਨੇ ਘੰਟੀ ਵਜਾਈ, ਉਸ ਦੀ ਕੰਮਵਾਲੀ ਨੇ ਬੂਹਾ ਖੋਲ੍ਹਿਆ। ਅਸੀ ਵੇਖਿਆ ਕਿ ਉਹ ਦਰਦ ਨਾਲ ਕੁਰਾਹ ਰਹੀ ਸੀ। ਅਸੀ ਉਸ ਨੂੰ ਡਾਕਟਰ ਕੋਲ ਚੱਲਣ ਲਈ ਕਿਹਾ, ਪਰ ਉਹ ਸਾਡੇ ਨਾਲ ਜਾਣ ਲਈ ਤਿਆਰ ਨਹੀਂ ਸੀ।

ਅਸੀ ਉਸ ਨੂੰ ਕਿਹਾ ਸਾਡੇ ਪ੍ਰਤੀ ਜੋ ਤੁਹਾਡੇ ਮਨ ਵਿਚ ਗੁੱਸਾ ਗਿਲਾ ਹੈ, ਉਹ ਬਾਅਦ ਵਿਚ ਸਮਝ ਲੈਣਾ। ਉਨ੍ਹਾਂ ਦਿਨਾਂ ਵਿਚ ਸਕੂਟਰ ਬਹੁਤ ਘੱਟ ਲੋਕਾਂ ਕੋਲ ਹੁੰਦੇ ਸਨ। ਸਾਰੀ ਕਾਲੋਨੀ ਵਿਚ ਸਿਰਫ਼ 4 ਹੀ ਸਕੂਟਰ ਸਨ। ਅਸੀ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਸਕੂਟਰ ਉਤੇ ਬਿਠਾਇਆ, ਮੈਂ ਪਿੱਛੇ ਬੈਠ ਕੇ ਉਸ ਦੀ ਬਾਂਹ ਨੂੰ ਸਹਾਰਾ ਦਿਤਾ। ਅਸੀ ਉਸ ਨੂੰ ਸੁਜਾਨਪੁਰ ਇਕ ਡਾਕਟਰ ਕੋਲ ਲੈ ਗਏ। ਹੁਣ ਤਕ ਖ਼ੂਨ ਬਹੁਤ ਨਿਕਲ ਚੁੱਕਾ ਸੀ। ਬਾਂਹ ਦੀ ਨਸ ਵੱਢੀ ਗਈ ਸੀ। ਡਾਕਟਰ ਨੇ ਟਾਂਕੇ ਲਗਾਏ ਤੇ ਖ਼ੂਨ ਦੇਣ ਲਈ ਕਿਹਾ। ਅਸੀ ਦੋਹਾਂ ਨੇ ਅਪਣਾ ਖ਼ੂਨ ਦਿਤਾ। ਕੁੱਝ ਦਿਨਾਂ ਵਿਚ ਉਸ ਦੇ ਜ਼ਖ਼ਮ ਭਰ ਗਏ। 

ਇਸ ਹਾਦਸੇ ਨਾਲ ਵੀ ਉਸ ਦੇ ਸੁਭਾਅ ਵਿਚ ਕੋਈ ਤਬਦੀਲੀ ਨਾ ਆਈ। ਆਕੜ ਤੇ ਹੰਕਾਰ ਉਸੇ ਤਰ੍ਹਾਂ ਬਰਕਰਾਰ ਰਿਹਾ। ਸਗੋਂ ਉਸ ਨੇ ਅਪਣੀ ਇਕ ਸਹੇਲੀ ਨੂੰ ਕਿਹਾ, ''ਜਿਨ੍ਹਾਂ ਦਾ ਮੈਂ ਮੂੰਹ ਵੀ ਵੇਖਣਾ ਪਸੰਦ ਨਹੀਂ ਸੀ ਕਰਦੀ, ਮੈਨੂੰ ਉਨ੍ਹਾਂ ਵਿਚਕਾਰ ਬੈਠਣਾ ਪਿਆ। ਪਤਾ ਨਹੀਂ ਉਨ੍ਹਾਂ ਦਾ ਖ਼ੂਨ ਵੀ ਕਿਵੇਂ ਦਾ ਹੋਵੇਗਾ?'' 
ਪ੍ਰਮਾਤਮਾ ਵੀ ਸ਼ਾਇਦ ਉਸ ਦਾ ਹੰਕਾਰ ਤੋੜਨਾ ਚਾਹੁੰਦਾ ਸੀ। ਇਕ ਦਿਨ ਉਸ ਦੀ ਕੰਮ ਵਾਲੀ ਨੇ ਸਾਨੂੰ ਦਸਿਆ ਕਿ ''ਮੇਰੀ ਮਾਲਕਣ ਦੇ ਬੱਚੇ ਨੂੰ ਤੇਜ਼ ਬੁਖ਼ਾਰ ਹੋ ਗਿਐ।'' ਅਸੀ ਇਕ ਵਾਰ ਫਿਰ ਉਸ ਦੀ ਮਦਦ ਕਰਨ ਦਾ ਮਨ ਬਣਾ ਲਿਆ।

 ਮੈਂ ਤਾਂ ਸ਼ਾਇਦ ਢਿੱਲ ਵੀ ਕਰ ਦਿੰਦਾ, ਪਰ ਮੇਰੇ ਦੋਸਤ ਨੇ ਕਿਹਾ, ''ਫਿਰ ਅਪਣੇ ਅਤੇ ਉਸ ਵਿਚ ਕੀ ਫ਼ਰਕ ਰਹਿ ਜਾਵੇਗਾ।'' ਬੱਚਾ ਬੁਖ਼ਾਰ ਨਾਲ ਤਪ ਰਿਹਾ ਸੀ। ਅਸੀ ਉਸ ਨੂੰ ਨਾਲ ਜਾਣ ਲਈ ਕਿਹਾ, ਪਰ ਉਹ ਨਾ ਮੰਨੀ। ਕਾਲੋਨੀ ਸ਼ਹਿਰ ਤੋਂ ਦੂਰ ਸੀ। ਸਾਥੋਂ ਬੱਚੇ ਦੀ ਹਾਲਤ ਵੇਖੀ ਨਾ ਗਈ। ਅਸੀ ਉਸ ਦੇ ਕੰਮ ਵਾਲੀ ਨੂੰ ਬੱਚਾ ਫੜ ਕੇ ਸਕੂਟਰ ਉਤੇ ਬੈਠਣ ਲਈ ਕਿਹਾ, ਉਹ ਮਨ ਗਈ। ਅਸੀ ਬੱਚੇ ਨੂੰ ਸੁਜਾਨਪੁਰ ਵਿਖੇ ਇਕ ਡਾਕਟਰ ਦੇ ਘਰ ਹੀ ਲੈ ਗਏ। ਉਸ ਨੇ ਬੱਚੇ ਨੂੰ ਲਿਟਾ ਕੇ ਉਸ ਦੇ ਸਿਰ ਉਤੇ ਠੰਢੇ ਪਾਣੀ ਦੀਆਂ ਪੱਟੀਆਂ ਧਰਨੀਆਂ ਸ਼ੁਰੂ ਕਰ ਦਿਤੀਆਂ। ਬੱਚਾ ਅਪਣੀਆਂ ਅੱਖਾਂ ਖੋਲ੍ਹ-ਖੋਲ੍ਹ ਕੇ ਵੇਖ ਰਿਹਾ ਸੀ।

ਅਸੀ ਸਾਰੇ ਘਬਰਾਈ ਖੜੇ ਸਾਂ ਕਿਉਂਕਿ ਕੋਲ ਬੱਚੇ ਦੇ ਘਰ ਦਾ ਕੋਈ ਮੈਂਬਰ ਤਾਂ ਜ਼ਰੂਰ ਹੋਣਾ ਚਾਹੀਦਾ ਸੀ। ਅਸੀ ਉਸ ਦੀ ਸਲਾਮਤੀ ਲਈ ਦੁਆ ਕਰ ਰਹੇ ਸਾਂ। ਏਨੇ ਨੂੰ ਬੱਚੇ ਦੇ ਮਾਤਾ-ਪਿਤਾ (ਮਾਸਟਰ ਤੇ ਮੈਡਮ) ਵੀ ਆ ਗਏ। ਬੱਚੇ ਦਾ ਬੁਖ਼ਾਰ ਥੋੜਾ ਘਟਣ ਤੇ ਡਾਕਟਰ ਨੇ ਉਸ ਨੂੰ ਇੰਜਕੈਸ਼ਨ ਲਗਾ ਦਿਤਾ। ਅਸੀ ਡਾਕਟਰ ਨੂੰ ਦਸਿਆ ਕਿ ''ਇਹ ਬੱਚੇ ਦੇ ਮਾਤਾ ਪਿਤਾ ਨੇ।'' ਡਾਕਟਰ ਨੇ ਕਿਹਾ, ''ਕਿਸ ਤਰ੍ਹਾਂ ਦੇ ਮਾਂ-ਬਾਪ ਹੋ ਤੁਸੀ? ਬੱਚੇ ਦੇ ਮਾਮਲੇ ਵਿਚ ਏਨੀ ਲਾਪ੍ਰਵਾਹੀ? ਧਨਵਾਦ ਇਨ੍ਹਾਂ ਮੁੰਡਿਆਂ ਦਾ ਜਿਨ੍ਹਾਂ ਨੇ ਸਮੇਂ ਸਿਰ ਬੱਚੇ ਨੂੰ ਏਥੇ ਲਿਆਂਦਾ ਨਹੀਂ ਤਾਂ ਕੁੱਝ ਵੀ ਅਣਹੋਣੀ ਹੋ ਸਕਦੀ ਸੀ। ਬੱਚੇ ਨੂੰ 106 ਡਿਗਰੀ ਬੁਖ਼ਾਰ ਸੀ।''

ਮੈਡਮ ਨੇ ਕਿਹਾ, ''ਭਰਾ ਜੀ, ਮਾਫ਼ ਕਰਨਾ ਮੈਂ ਬਹੁਤ ਸ਼ਰਮਿੰਦਾ ਹਾਂ, ਮੈਂ ਪਤਾ ਨਹੀਂ ਤੁਹਾਡੇ ਬਾਰੇ ਕੀ-ਕੀ ਗ਼ਲਤ ਸੋਚਦੀ ਰਹੀ, ਤੁਸੀ ਤਾਂ ਸਾਡੇ ਵਾਸਤੇ ਫਰਿਸ਼ਤੇ ਬਣੇ ਆਏ ਹੋ। ਸਾਡਾ ਬੱਚਾ ਤੁਹਾਡੀ ਮਿਹਰਬਾਨੀ ਸਦਕਾ ਹੀ ਠੀਕ ਹੋਇਆ ਹੈ, ਸਾਨੂੰ ਦੋਹਾਂ ਨੂੰ ਮਾਫ਼ ਕਰ ਦਿਉ।'' ਉਹ ਦੋਵੇਂ ਸਾਡੇ ਪੈਰਾਂ ਨੂੰ ਹੱਥ ਲਾਉਣ ਲੱਗੇ ਪਰ ਮੇਰੇ ਦੋਸਤ ਨੇ ਫੜ ਲਿਆ। ਮੈਂ ਕਿਹਾ ''ਮੈਡਮ ਜੀ ਤੁਸੀ ਸਾਥੋਂ ਮਾਫ਼ੀ ਮੰਗ ਕੇ ਸਾਨੂੰ ਸ਼ਰਮਿੰਦਾ ਨਾ ਕਰੋ।

ਅਸੀ ਤਾਂ ਬਸ ਚੰਗੇ ਗੁਆਂਢੀ ਹੋਣ ਦਾ ਫ਼ਰਜ਼ ਨਿਭਾਇਆ ਹੈ। ਬੱਚੇ ਤਾਂ ਰੱਬ ਦਾ ਰੂਪ ਹੁੰਦੇ ਹਨ।'' ਉਸ ਦਿਨ ਤੋਂ ਬਾਅਦ ਸਾਡੇ ਅਜਿਹੇ ਪ੍ਰਵਾਰਕ ਸਬੰਧ ਬਣੇ, ਜੋ ਸਾਡੇ ਸੇਵਾ ਮੁਕਤ ਹੋਣ ਤੇ ਵੀ ਕਾਇਮ ਹਨ। ਜੇ ਦਿਲ ਵਿਚ ਸ਼ਰਧਾ ਅਤੇ ਭਾਵਨਾ ਹੋਵੇ ਤਾਂ ਤੁਸੀ ਕਿਸੇ ਦਾ ਵੀ ਹਿਰਦਾ ਪ੍ਰੀਵਰਤਨ ਕਰ ਸਕਦੇ ਹੋ। 
ਸੰਪਰਕ : 99888-73637

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement