ਚੇਨਈ ਤੇ ਕੋਲਕਾਤਾ ’ਚ ਤਲਾਕ ਦੇ ਮਾਮਲਿਆਂ ਵਿਚ ਸਾਲਾਨਾ 200 ਫ਼ੀ ਸਦੀ ਵਾਧਾ ਹੋ ਰਿਹਾ ਹੈ
Why are the incidents of divorce increasing day by day?: ਨੈਸ਼ਨਲ ਕ੍ਰਾਈਮ ਬਿਉਰੋ ਤੇ ਭਾਰਤੀ ਅਦਾਲਤਾਂ ਦੇ ਅੰਕੜਿਆਂ ਅਨੁਸਾਰ ਪਿਛਲੇ ਲਗਭਗ ਡੇਢ ਦਹਾਕੇ ਦੌਰਾਨ ਭਾਰਤ ਦੇ ਮਹਾਂਨਗਰਾਂ ਤੇ ਵੱਖ-ਵੱਖ ਰਾਜਾਂ ਵਿਚ ਵਿਆਹੇ ਜੋੜਿਆਂ ’ਚ ਤਲਾਕ ਦੇ ਰੁਝਾਨ ਵਿਚ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਰਾਜਧਾਨੀ ਦਿੱਲੀ ਦੀਆਂ ਅਦਾਲਤਾਂ ਵਿਚ ਹਰ ਸਾਲ ਤਲਾਕ ਦੇ 9000 ਕੇਸ ਦਾਖ਼ਲ ਹੁੰਦੇ ਹੁਨ ਜੋ ਕਿ 1990ਵਿਆਂ ਵਿਚ 1000 ਸਨ ਅਤੇ 1960ਵਿਆਂ ’ਚ ਮਹਿਜ਼ ਇਕ ਜਾਂ ਦੋ ਕੇਸ ਹੀ ਦਾਖ਼ਲ ਹੁੰਦੇ ਸਨ। ਇਸ ਤਰ੍ਹਾਂ ਰਾਜਧਾਨੀ ’ਚ ਹੀ 1990 ਤੋਂ ਬਾਅਦ ਤਲਾਕ ਦੇ ਮਾਮਲਿਆਂ ਵਿਚ ਲਗਭਗ 10 ਗੁਣਾ ਵਾਧਾ ਹੋਇਆ ਹੈ।
ਚੇਨਈ ਤੇ ਕੋਲਕਾਤਾ ’ਚ ਤਲਾਕ ਦੇ ਮਾਮਲਿਆਂ ਵਿਚ ਸਾਲਾਨਾ 200 ਫ਼ੀ ਸਦੀ ਵਾਧਾ ਹੋ ਰਿਹਾ ਹੈ। ਕੇਰਲਾ ਵਿਚ 300 ਫ਼ੀ ਸਦੀ ਜਦਕਿ ਪੰਜਾਬ ਤੇ ਹਰਿਆਣਾ ’ਚ 400 ਫ਼ੀ ਸਦੀ ਦੀ ਸਾਲਾਨਾ ਦਰ ਨਾਲ ਤਲਾਕਾਂ ’ਚ ਵਾਧਾ ਹੋ ਰਿਹਾ ਹੈ। ਇਹ ਰੁਝਾਨ ਸਿਰਫ਼ ਮਹਾਂਨਗਰਾਂ ਤਕ ਹੀ ਸੀਮਤ ਨਹੀਂ ਸਗੋਂ ਛੋਟੇ ਸ਼ਹਿਰਾਂ ਤੇ ਕਸਬਿਆਂ ਨੂੰ ਵੀ ਅਪਣੀ ਲਪੇਟ ’ਚ ਲੈ ਰਿਹਾ ਹੈ। ਵੱਧ ਰਹੇ ਤਲਾਕਾਂ ਦੇ ਕੇਸਾਂ ਨਾਲ ਨਿਪਟਣ ਲਈ ਸਿਰਫ਼ ਦਿੱਲੀ ਵਿਚ ਹੀ ਪੰਜ ਵਿਸ਼ੇਸ਼ ਅਦਾਲਤਾਂ, ਜਿਨ੍ਹਾਂ ’ਚੋਂ ਹਰ ਇਕ ਵਿਚ ਇਕ ਵਧੀਕ ਸੈਸ਼ਨ ਜੱਜ ਹੋਵੇਗਾ, ਸਥਾਪਤ ਕੀਤੀਆਂ ਗਈਆਂ ਹਨ।
ਭਾਰਤ ਵਿਚ ਤਲਾਕਾਂ ਦੇ ਜਿਸ ਵਰਤਾਰੇ ਨੇ 1990ਵਿਆਂ ਤੋਂ ਜ਼ੋਰ ਫੜਿਆ ਹੈ, ਇਹ ਅੱਜ ਕਿਧਰੇ ਘੱਟ, ਕਿਧਰੇ ਵੱਧ ਸੰਸਾਰ ਵਿਆਪੀ ਵਰਤਾਰਾ ਹੈ। ਵਿਕਸਤ ਪੂੰਜੀਵਾਦੀ ਦੇਸ਼ਾਂ ਵਿਚ ਤਾਂ ਹਾਲਤ ਇਹ ਬਣ ਚੁੱਕੀ ਹੈ ਕਿ ਇਥੇ ਲੋਕ ਵਿਆਹ ਤੋਂ ਹੀ ਤੌਬਾ ਕਰ ਰਹੇ ਹਨ। ਇਨ੍ਹਾਂ ਲਗਭਗ ਸਾਰੇ ਹੀ ਦੇਸ਼ਾਂ ’ਚ ਬੱਚਿਆਂ ਦੀ ਜਨਮ ਦਰ ਨਾਕਾਰਾਤਮਕ ਹੈ। ਵਿਕਸਤ ਪੂੰਜੀਵਾਦੀ ਦੇਸ਼ਾਂ ਦੀ ਤਰਜ਼ ’ਤੇ ਹੀ ਤੀਜੀ ਦੁਨੀਆਂ ਦੇ ਪਛੜੇ ਪੂੰਜੀਵਾਦੀ ਦੇਸ਼ਾਂ ਦੇ ਮਹਾਂਨਗਰਾਂ ਵਿਚ ਵੀ ਨੌਜਵਾਨ ਜੋੜੇ ਬਿਨਾਂ ਵਿਆਹ ਤੋਂ ਹੀ ਇਕੱਠੇ ਰਹਿਣ ਨੂੰ ਤਰਜੀਹ ਦੇਣ ਲੱਗੇ ਹਨ। ਇਨ੍ਹਾਂ ਮਹਾਂਨਗਰਾਂ ਵਿਚ ਅਜਿਹੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਬੱਚੇ ਪੈਦਾ ਕਰਨ ਤੇ ਉਨ੍ਹਾਂ ਦੀ ਪਰਵਰਿਸ਼ ਨੂੰ ਫਾਲਤੂ ਦਾ ਝੰਜਟ ਸਮਝਦੇ ਹਨ। ਇਨ੍ਹਾਂ ਦੇ ਵਿਆਹ ਤੋਂ ਬੇਮੁਖ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਜੇ ਵਿਆਹ ਤੋਂ ਬਾਅਦ ਨਾ ਨਿਭੀ ਤਾਂ ਤਲਾਕ ਲੈਣ ਲਈ ਕੋਰਟਾਂ ’ਚ ਧੱਕੇ ਖਾਣੇ ਪੈਂਦੇ ਹਨ।
ਇਸ ਸਾਰੇ ਝਮੇਲਿਆਂ ਤੋਂ ਬਚਣ ਦਾ ਇਨ੍ਹਾਂ ਨੇ ਇਕ ਤਰੀਕਾ ਕਢਿਆ ਹੈ ਕਿ ਬਿਨਾਂ ਵਿਆਹ ਦੇ ਹੀ ਇਕੱਠੇ ਰਿਹਾ ਜਾਵੇ। ਵਿਆਹ ਦੀ ਸੰਸਥਾ ਦੀ ਪਵਿੱਤਰਤਾ ਤੇ ਜ਼ਰੂਰਤ ਉਪਰ ਹੀ ਸਵਾਲ ਉਠਾਉਣ ਵਾਲਿਆਂ ਦੀ ਸੰਖਿਆ ਵੀ ਵੱਧ ਰਹੀ ਹੈ। ਇਕ ਅੰਗਰੇਜ਼ੀ ਅਖ਼ਬਾਰ ’ਚ ਛਪੇ ਲੇਖ ’ਚ ਭਾਰਤ ’ਚ ਤਲਾਕਾਂ ਦੀ ਸੰਖਿਆ ਵਿਚ ਤਿੱਖੇ ਵਾਧੇ ਦੇ ਕਾਰਨਾਂ ਬਾਰੇ ਜਵਾਹਰ ਲਾਲ ਨਹਿਰੂ ’ਵਰਸਟੀ ਦੇ ਸਮਾਜ ਵਿਗਿਆਨੀ ਸੁਰਤੀ ਦਾਸ ਦਸਦੇ ਹਨ, ‘‘ਅੱਜ ਕਲ ਇਸਤਰੀਆਂ ਵੀ ਬਰਾਬਰ ਕਮਾਈ ਕਰ ਰਹੀਆਂ ਹਨ। ਇਸ ਲਈ ਉਹ ਵਿਆਹ ’ਚ ਬਰਾਬਰੀ ਦੀ ਮੰਗ ਕਰਦੀਆਂ ਹਨ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਉਹ ਸਬੰਧ ਤੋੜ ਦਿੰਦੀਆਂ ਹਨ ਤੇ ਆਰਥਕ ਸਸ਼ਕਤੀਕਰਨ ਦੀ ਬਦੌਲਤ ਇਸਤਰੀਆਂ ਪਹਿਲਾਂ ਵਾਂਗ ਅਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ, ਜਦ ਉਹ ਪੂਰੀ ਤਰ੍ਹਾਂ ਪਿਤਾ-ਪਤੀ-ਪੁੱਤਰ ਦੀ ਤਿੱਕੜੀ ’ਤੇ ਨਿਰਭਰ ਸਨ।’’ ਵਿਆਹ ਸਲਾਹਕਾਰ ਕਹਿੰਦੇ ਹਨ ਕਿ ਅੱਜ ਕਲ ਜ਼ਿਆਦਾਤਰ ਤਲਾਕ ਮੁੱਖ ਤੌਰ ’ਤੇ ਦੋ ਕਾਰਨਾਂ ਕਰ ਕੇ ਹੋ ਰਹੇ ਹਨ ਬੇਜੋੜ ਅਤੇ ਵਿਭਚਾਰ।
ਭਾਰਤ ਜਿਹੇ ਪਛੜੇ ਪੂੰਜੀਵਾਦੀ ਦੇਸ਼ਾਂ ’ਚ ਜਿਥੇ ਅਜੇ ਵੀ ਜਗੀਰੂ ਸਭਿਆਚਾਰ ਦਾ ਬੋਲਬਾਲਾ ਹੈ, ਨੌਜਵਾਨ ਲੜਕੇ-ਲੜਕੀਆਂ ਅਪਣਾ ਮਨਪਸੰਦ ਜੀਵਨ ਸਾਥੀ ਚੁਣਨ ਦੇ ਹੱਕ ਤੋਂ ਵੀ ਵਾਂਝੇ ਹਨ। ਭਾਵੇਂ ਪਿਛਲੇ ਕੁੱਝ ਸਮੇਂ ਤੋਂ ਪਿਆਰ ਵਿਆਹਾਂ ਦਾ ਰੁਝਾਨ ਵਧਿਆ ਹੈ, ਖ਼ਾਸ ਕਰ ਕੇ ਸ਼ਹਿਰਾਂ ’ਚ ਪਰ ਅਜੇ ਵੀ ਅਜਿਹੇ ਵਿਆਹਾਂ ਦੀ ਸੰਖਿਆ ਆਟੇ ’ਚ ਲੂਣ ਬਰਾਬਰ ਹੀ ਹੈ। ਵਿਆਹ ਇਥੇ ਜ਼ਿਆਦਾਤਰ ਵਡੇਰਿਆਂ ਦੁਆਰਾ ਤੈਅ ਕੀਤੇ ਜਾਂਦੇ ਹਨ, ਇਕ ਦੂਸਰੇ ਤੋਂ ਪੂਰੀ ਤਰ੍ਹਾਂ ਅਨਜਾਣ ਦੋ ਵਿਅਕਤੀਆਂ ਨੂੰ ਜ਼ਿੰਦਗੀ ਭਰ ਲਈ ਆਪਸ ’ਚ ਨਰੂੜ ਦਿਤਾ ਜਾਂਦਾ ਹੈ। ਪਿਛਲੇ ਕੁੱਝ ਸਮੇਂ ਵਿਚ ਇਸ ਰੀਤ ’ਚ ਏਨਾ ਕੁ ਫ਼ਰਕ ਪਿਆ ਹੈ ਕਿ ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਇਕ ਦੂਸਰੇ ਨੂੰ ਦੇਖ ਲੈਂਦੇ ਹਨ ਤੇ ਕੁੱਝ ਗੱਲਬਾਤ ਕਰ ਲੈਂਦੇ ਹਨ। ਇਹ ਦੇਖਣਾ-ਦਿਖਾਉਣਾ ਵੀ ਬੇਹੱਦ ਘਟੀਆ ਅਤੇ ਮਨੁੱਖੀ ਗੌਰਵ ਦਾ ਅਪਮਾਨ ਹੈ। ਲੜਕੇ ਵਾਲੇ ਲੜਕੀ ਨੂੰ ਦੇਖਣ ਜਾਂਦੇ ਹਨ। ਲੜਕੀ ਨੂੰ ਸਜਾ ਕੇ ਲੜਕੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਜੇ ਲੜਕੀ ਦਾ ‘ਸੁਹੱਪਣ’ ਲੜਕੇ ਅਤੇ ਉਸ ਦੇ ਸਕੇ ਸਬੰਧੀਆਂ ਨੂੰ ਪਸੰਦ ਆ ਜਾਵੇ, ਦਾਜ ਵੀ ਤੈਅ ਹੋ ਜਾਵੇ ਤਾਂ ਵਿਆਹ ਰੂਪੀ ਸੌਦਾ ਸਿਰੇ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਬੇਜੋੜ ਬਣਦੇ ਹਨ। ਜੇ ਤਲਾਕ ਕਨੂੰਨਾਂ ਦੇ ਹੋਂਦ ਵਿਚ ਆਉਣ ਤੋਂ ਬਾਅਦ ਲੜਕੀਆਂ ਦੇ ਪੜ੍ਹ-ਲਿਖ ਜਾਣ ਅਤੇ ਆਰਥਕ ਤੌਰ ’ਤੇ ਆਤਮ ਨਿਰਭਰ ਹੋ ਜਾਣ ਦੇ ਸਿੱਟੇ ਵਜੋਂ ਇਹ ਕੁਜੋੜ ਟੁੱਟ ਰਹੇ ਹਨ ਤਾਂ ਇਹ ਇਕ ਸਾਰਥਕ ਗੱਲ ਹੈ। ਇਸ ਦਾ ਸਵਾਗਤ ਹੀ ਕੀਤਾ ਜਾਣਾ ਚਾਹੀਦਾ ਹੈ।
ਇਥੇ ਮਨੁੱਖ ਦੀਆਂ ਸਭ ਗਤੀਵਿਧੀਆਂ ’ਤੇ ਰਾਜੇ ਰਜਵਾੜਿਆਂ, ਧਰਮ, ਧਰਮ ਗੁਰੂਆਂ (ਜੋ ਕਈ ਮਾਮਲਿਆਂ ’ਚ ਜਗੀਰਦਾਰ ਵੀ ਹੁੰਦੇ ਸਨ) ਦਾ ਮੁਕੰਮਲ ਗਲਬਾ ਸੀ। ਇਸਤਰੀ ਨੂੰ ਤਲਵਾਰ ਦੇ ਜ਼ੋਰ ਹਾਸਲ ਕੀਤਾ ਜਾਂਦਾ ਸੀ। ਸੰਪਤੀਵਾਨ ਲਈ ਵਿਆਹ ਕਰਾਉਣਾ ਸਿਰਫ਼ ਇਸ ਲਈ ਜ਼ਰੂਰੀ ਸੀ ਤਾਕਿ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਦੀ ਅਪਣੀ ਸੰਤਾਨ ਨੂੰ ਮਿਲੇ। ਇਨ੍ਹਾਂ ਘਰਾਂ ’ਚ ਜਾਇਦਾਦ ਦੇ ਜਾਇਜ਼ ਵਾਰਸ ਪੈਦਾ ਕਰਨ ਤੋਂ ਵੱਧ ਇਸਤਰੀ ਦੀ ਕੋਈ ਹੈਸੀਅਤ ਨਹੀਂ ਸੀ। ਪੂੰਜੀਵਾਦ ਅਤੇ ਪੂੰਜੀਵਾਦੀ ਜਮਹੂਰੀਅਤ ਦੇ ਉਦੇ ਨਾਲ ਪ੍ਰੇਮ ਦਾ ਉਦੇ ਹੋਇਆ, ਇਸਤਰੀਆਂ ਅਪਣੇ ਮਨ-ਪਸੰਦ ਜੀਵਨ ਸਾਥੀ ਦੀ ਚੋਣ ਲਈ ਆਜ਼ਾਦ ਹੋਈਆਂ। ਭਾਰਤ ਜਿਹੇ ਪਿਛੜੇ ਪੂੰਜੀਵਾਦੀ ਦੇਸ਼ਾਂ ਵਿਚ ਅਜੇ ਵੀ ਜਗੀਰੂ ਕਦਰਾਂ-ਕੀਮਤਾਂ ਦਾ ਬੋਲਬਾਲਾ ਹੈ ਪਰ ਜਿਥੇ ਵਿਆਹਾਂ ’ਚ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਂਦੀ, ਭਾਵ ਅਖੌਤੀ ਪਿਆਰ ਵਿਆਹ ਵੀ ਤਾਂ ਨਹੀਂ ਟਿਕ ਰਹੇ। ਅਜਿਹੇ ਵਿਆਹਾਂ ਦੇ ਮਾਮਲਿਆਂ ’ਚ ਵੀ ਤਲਾਕ ਘੱਟ ਨਹੀਂ ਹੋ ਰਹੇ। ਕਾਰਨ ਇਹ ਹੈ ਕਿ ਅੱਜ ਦੇ ਪੂੰਜੀਵਾਦੀ ਸਮਾਜ ’ਚ ਪੂੰਜੀ ਨੇ ਸਮੁੱਚੇ ਮਨੁੱਖੀ ਸਬੰਧਾਂ ’ਤੇ ਅਪਣਾ ਗਲਬਾ ਕਾਇਮ ਕਰ ਲਿਆ ਹੈ। ਇਹ ਇਕ ਸ਼ੁੱਧ ਸੌਦੇਬਾਜ਼ੀ, ਇਕ ਵਣਜ ਹੈ। ਇਹ ਅਸਲ ਵਿਚ ਦੋ ਪੂੰਜੀਆਂ ਦਰਮਿਆਨ ‘ਜੁਆਇੰਟ ਵੈਂਚਰ’ ਹੈ। ਸਰਮਾਏਦਾਰ ਅਧਾਰ ਉਤੇ ਸਨਅਤ ਦੇ ਵਿਕਾਸ ਨੇ ਕਿਰਤੀ ਜਨਤਾ ਦੀ ਗ਼ਰੀਬੀ ਤੇ ਦੁਰਦਸ਼ਾ ਨੂੰ ਸਮਾਜ ਦੀ ਹੋਂਦ ਦੀ ਅਵਸਥਾ ਬਣਾ ਦਿਤਾ।
‘ਭਾਰਤੀਅਤਾ’ ਮੁਕਾਬਲੇ ਦੇ ਘੋਲ ’ਚ ਧੋਖੇਬਾਜ਼ੀ ਤੇ ਵਿਰੋਧਾਂ ’ਚ ਪ੍ਰਾਪਤ ਕੀਤੀ ਗਈ। ਵਿਆਹ ਪਹਿਲਾਂ ਵਾਂਗ ਹੀ ਰੰਡੀ-ਬਾਜ਼ੀ ਦਾ ਕਾਨੂੰਨੀ ਤੌਰ ’ਤੇ ਪ੍ਰਵਾਨਿਆ ਰੂਪ, ਇਸ ਲਈ ਕਾਨੂੰਨੀ ਪਰਦਾ ਰਿਹਾ, ਅੱਜ ਦੇ ਪੂੰਜੀਵਾਦੀ ਸੰਸਾਰ ਵਿਚ ਇਸਤਰੀ-ਪੁਰਸ਼ ਇਸ ਲਈ ਵਿਆਹ ਸਬੰਧਾਂ ਵਿਚ ਨਹੀਂ ਬਝਦੇ ਕਿ ਉਹ ਇਕ ਦੂਸਰੇ ਨੂੰ ਪਿਆਰ ਕਰਦੇ ਹਨ, ਇਕ ਦੂਸਰੇ ਪ੍ਰਤੀ ਗਹਿਰੀਆਂ ਭਾਵਨਾਵਾਂ ਰਖਦੇ ਹਨ, ਫ਼ਰਾਂਸੀਸੀ ਨਾਵਲਕਾਰ ਫਲਾਬੇਅਰ ਦਾ ਕਹਿਣਾ ਹੈ ਕਿ 95 ਫ਼ੀ ਸਦੀ ਵਿਆਹੇ ਜੋੜੇ ਬੇਵਫ਼ਾ ਹੁੰਦੇ ਹਨ।
ਅੱਜ ਦੇ ਵਿਆਹ ਸਬੰਧਾਂ ਵਿਚ ਕਿਸ ਕਦਰ ਨਿਘਾਰ ਆ ਚੁੱਕਾ ਹੈ, ਇਹ ਹਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਵਲੋਂ ਉਥੋਂ ਦੇ ਕਰੋੜਪਤੀਆਂ ਨੂੰ ਮੋਟੀਆਂ ਰਕਮਾਂ ਬਦਲੇ ਕੀਤੀਆਂ ‘ਕੰਟਰੈਕਟ ਮੈਰਿਜ’ (ਠੇਕੇ ’ਤੇ ਵਿਆਹ) ਦੀ ਪੇਸ਼ਕਸ਼ਾਂ ਤੋਂ ਵੀ ਦੇਖਿਆ ਜਾ ਸਕਦਾ ਹੈ। ਜਿਨ੍ਹਾਂ ਦੇ ਕਿੱਸੇ ਅਕਸਰ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ। ਸਾਡੇ ਸਮਾਜ ’ਚ ਮੋਟਾ ਦਾਜ ਦਿਤੇ ਬਿਨਾਂ ਲੜਕੀ ਦਾ ਵਿਆਹ ਨਾਮੁਮਕਿਨ ਹੈ। ਅਖ਼ਬਾਰ ਵਿਆਹ ਸਬੰਧੀ ਇਸ਼ਤਿਹਾਰਾਂ ਨਾਲ ਭਰੇ ਰਹਿੰਦੇ ਹਨ, ਜਿਨ੍ਹਾਂ ਵਿਚ ਲੜਕੇ-ਲੜਕੀਆਂ ਖ਼ੁਦ ਨੂੰ ਜਾਂ ਉਨ੍ਹਾਂ ਦੇ ਮਾਪੇ ਅਪਣੇ ਬੱਚਿਆਂ ਨੂੰ ਵਿਕਾਊ ‘ਮਾਲ’ ਦੀ ਤਰ੍ਹਾਂ ਮੰਡੀ ਵਿਚ ਉਤਾਰਦੇ ਹਨ। ਅਜਿਹੀ ਚਰਚਾ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਪੜ੍ਹ-ਲਿਖ ਕੇ ਵੱਡੀ ਡਿਗਰੀ ਹਾਸਲ ਕਰਨ ਨਾਲ ਲੜਕੇ ਜਾਂ ਲੜਕੀ ਦੀ ਵਿਆਹ ਮੰਡੀ ਵਿਚ ‘ਮਾਰਕੀਟ ਵੈਲਿਯੂ (ਮੰਡੀ ਮੁੱਲ) ਵੱਧ ਜਾਂਦੀ ਹੈ। ‘ਮਾਰਕੀਟ ਵੈਲਯੂ’ ਜਿਹੇ ਸ਼ਬਦ ਸ਼ਰਮ ਦੀ ਥਾਂ ਮਾਣ ਦੀ ਵਜ੍ਹਾ ਬਣ ਗਏ ਹਨ। ਇਸ ਲਈ ਇਸ ਤਰ੍ਹਾਂ ਦੇ ਵਿਆਹ ਜੇ ਅੱਜ ਤੇਜ਼ੀ ਨਾਲ ਟੁੱਟ ਰਹੇ ਹਨ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ। ਜਿਥੇ ਇਹ ਨਹੀਂ ਟੁਟਦੇ ਉਥੇ ਸਾਰੀ ਉਮਰ ਧੂਹ ਘੜੀਸ ਚਲਦੀ ਰਹਿੰਦੀ ਹੈ ਜਾਂ ਅਜਿਹੇ ਰਿਸ਼ਤੇ ਅੰਦਰੋਂ ਟੁੱਟ ਹੀ ਚੁੱਕੇ ਹਨ ਬਸ ਵਿਖਾਵੇ ਵਜੋਂ ਹੀ ਇਹ ਬਚੇ ਹੁੰਦੇ ਹਨ।
ਇਸਤਰੀ-ਪੁਰਸ਼ ਦਰਮਿਆਨ ਪ੍ਰੇਮ ਦੋ ਇਨਸਾਨਾਂ ਲਈ ਅਥਾਹ ਖ਼ੁਸ਼ੀ ਤੇ ਅਨੰਦ ਦਾ ਸੋਮਾ, ਨੈਤਿਕ-ਚਰਿੱਤਰਕ ਉੱਚਤਾ ਦਾ ਸਾਧਨ ਹੈ। ਪਰ ਪੂੰਜੀ ਨੇ ਮਨੁੱਖ ਤੋਂ ਨਿਹਾਇਤ ਹੀ ਮਾਨਵੀ ਸੁੱਖ-ਖ਼ੁਸ਼ੀਆਂ ਵੀ ਖੋਹ ਲਏ। ਦਰਅਸਲ ਪੂੰਜੀਵਾਦੀ ਸੰਪਤੀ ਸਬੰਧਾਂ ’ਚ ਸੱਚਾ ਪ੍ਰੇਮ ਉਪਜ ਹੀ ਨਹੀਂ ਸਕਦਾ। ਪੂੰਜੀਵਾਦੀ ਸੰਪਤੀ ਸਬੰਧਾਂ ਦਾ ਖ਼ਾਤਮਾ ਇਸਤਰੀ ਪੁਰਸ਼ ਦਰਮਿਆਨ ਸੱਚਾ ਪ੍ਰੇਮ ਉਪਜਣ ਦੀ ਪੂਰਵ ਸ਼ਰਤ ਹੈ। ਅਮਰੀਕੀ ਪੱਤਰਕਾਰ ਡਾਈਸਨ ਕਾਰਟਰ ਦੀ ਕਿਤਾਬ ‘ਪਾਪ ਅਤੇ ਵਿਗਿਆਨ’ ਸੋਵੀਅਤ ਯੂਨੀਅਨ ਵਿਚ ਮਨੁੱਖੀ ਸਬੰਧਾਂ ਵਿਚ ਵਾਪਰੀਆਂ ਵੱਡੀਆਂ ਅਗਾਂਹਵਧੂ ਤਬਦੀਲੀਆਂ ਬਾਰੇ ਦਸਦੀ ਹੈ। ਇਹ ਦਸਦੀ ਹੈ ਕਿ ਕਿਵੇਂ ਪੂੰਜੀ ਤੋਂ ਮੁਕਤ ਸਮਾਜ ’ਚ ਮਨੁੱਖੀ ਸਬੰਧਾਂ ਨੂੰ ਇਕ ਨਵਾਂ ਨੈਤਿਕ ਅਧਾਰ ਪ੍ਰਾਪਤ ਹੋਇਆ। ਇਹ ਕਿਤਾਬ ਸਮਾਜਵਾਦ ਦੀ ਸ਼ਕਤੀ ਦੀ ਬਾਤ ਪਾਉਂਦੀ ਹੈ। ਕਾਨੂੰਨ ਪਾਸ ਸਨ: ਪਹਿਲਾ, ਸਿਵਿਲ ਮੈਰਿਜਾਂ, ਬੱਚਿਆਂ ਤੇ ਸੰਤਾਨ ਦੀ ਰਜਿਸਟ੍ਰੇਸ਼ਨ, ਵਿਆਹਾਂ ਤੇ ਮੌਤ ਸਬੰਧੀ ਕਾਨੂੰਨ, ਦੂਜਾ, ਵਿਆਹ ਅਤੇ ਤਲਾਕ ਸਬੰਧੀ ਕਾਨੂੰਨ।
ਵਿਆਹੇ ਜੋੜੇ ’ਚੋਂ ਇਕ ਪੱਖ ਰਜਿਸਟ੍ਰੇਸ਼ਨ ਦਫ਼ਤਰ ਦੁਆਰਾ ਦੂਸਰੇ ਪੱਖ ਨੂੰ ਸੂਚਨਾ ਦੇ ਦੇਵੇ ਕਿ ਵਿਆਹ ਸਬੰਧ ਖ਼ਤਮ ਹੋ ਗਿਆ ਹੈ, ਬੱਸ, ਇਸ ਤੋਂ ਇਲਾਵਾ ਕੋਈ ਬੱਚਾ ਮੌਜੂਦ ਹੋਵੇ ਤਾਂ ਉਸ ਦੀ ਦੇਖਭਾਲ ਦਾ ਪ੍ਰਬੰਧ ਕਰ ਦਿਤਾ ਜਾਂਦਾ ਸੀ। ਪ੍ਰੇਮ ਅਧਾਰਤ ਨਾ ਹੋਣ ਵਾਲੇ ਵਿਆਹ ਸਬੰਧਾਂ ਨੂੰ ਭੰਗ ਕਰਨ ਲਈ ਤਲਾਕ ਨੂੰ ਇਕ ਅਧਿਕਾਰ ਮੰਨਦੇ ਹੋਏ ਸੋਵੀਅਤ ਕਾਨੂੰਨ ਸਾਜ਼ਾਂ ਨੇ ਇਸ ਨੂੰ ਸਿਖ਼ਰ ਤਕ ਪਹੁੰਚਾ ਦਿਤਾ। ਇਸਤਰੀ-ਪੁਰਸ਼ ਸਬੰਧਾਂ ਸਮੇਤ ਅੱਜ ਸਾਰੇ ਮਨੁੱਖੀ ਸਬੰਧਾਂ ਦੇ ਆਪਸੀ ਪ੍ਰੇਮ, ਸਤਿਕਾਰ, ਭਰੋਸੇ ’ਤੇ ਅਧਾਰਤ ਹੋਣ ਦੇ ਰਾਹ ’ਚ ਸੱਭ ਤੋਂ ਵੱਡੀ ਰੁਕਾਵਟ ਨਿੱਜੀ ਸੰਪਤੀ ਅਧਾਰਤ, ਮੁਨਾਫ਼ੇ ਦੀ ਹਵਸ ਦੇ ਇਰਦ-ਗਿਰਦ ਘੁੰਮਦਾ ਇਹ ਪੂੰਜੀਵਾਦੀ ਢਾਂਚਾ ਹੈ। ਇਸ ਢਾਂਚੇ ਨੇ ਇਨਸਾਨ ਤੋਂ ਇਨਸਾਨੀਅਤ ਖੋਹ ਕੇ ਉਸ ਨੂੰ ਪਸ਼ੂਪੁਣੇ ਦੀ ਪੱਧਰ ’ਤੇ ਡੇਗ ਦਿਤਾ ਹੈ।