ਸੱਚੀ ਸਿੱਖਣੀ ਬੀਬੀ ਦੀਪ ਕੌਰ
Published : Dec 22, 2019, 4:34 pm IST
Updated : Apr 9, 2020, 11:08 pm IST
SHARE ARTICLE
Bibi Deep Kaur
Bibi Deep Kaur

ਬੀਬਾ ਦੀਪ ਕੌਰ ਜਿੰਨੀ ਮਹਾਨ, ਰੂਪਵਤੀ, ਨੌਜੁਆਨ ਅਤੇ ਸੁਬਕ ਸੀ, ਓਨੀ ਹੀ ਬਹਾਦਰ, ਦਲੇਰ ਅਤੇ ਪਰਮਵੀਰ ਵੀ ਸੀ।

ਬੀਬਾ ਦੀਪ ਕੌਰ ਜਿੰਨੀ ਮਹਾਨ, ਰੂਪਵਤੀ, ਨੌਜੁਆਨ ਅਤੇ ਸੁਬਕ ਸੀ, ਓਨੀ ਹੀ ਬਹਾਦਰ, ਦਲੇਰ ਅਤੇ ਪਰਮਵੀਰ ਵੀ ਸੀ। ਉਸ ਦਾ ਵਿਆਹ ਵੀ ਇਕ ਅਜਿਹੇ ਨੌਜੁਆਨ ਗੁਰਮੁਖ ਪਿਆਰੇ ਸਿੱਖ ਨਾਲ ਹੋਇਆ ਸੀ ਜੋ ਭਲਾ ਲੋਕ, ਸੰਸਾਰ ਦੇ ਸਾਰੇ ਦੁੱਖਾਂ ਨੂੰ ਛੱਡ ਕੇ ਸਦਾ ਸੇਵਾ ਦੇ ਮੈਦਾਨ ਵਿਚ ਹੀ ਗਿਆ ਰਹਿੰਦਾ ਸੀ। ਕਦੀ ਘਰ ਵਿਚ ਟਿਕ ਕੇ ਬੈਠਦਾ ਨਹੀਂ ਸੀ।

ਉਧਰੋਂ ਦੀਪ ਕੌਰ ਦੇ ਮਾਪੇ ਅਤੇ ਸੱਸ-ਸਹੁਰਾ ਵੀ ਸੇਵਾ ਕਰਦੇ ਹੋਏ ਸੱਚਖੰਡ ਵਿਚ ਜਾ ਟਿਕੇ ਸਨ। ਇਕ ਵਾਸਤ ਵਿਚਾਰੀ ਦੀਪ ਕੌਰ ਅਕਸਰ ਸਦਾ ਇਕੱਲੀ ਹੀ ਘਰ ਵਿਚ ਰਹਿੰਦੀ ਸੀ। ਜਿਸ ਪਿੰਡ ਵਿਚ ਉਸ ਦਾ ਘਰ ਸੀ, ਉਸ ਵਿਚ ਸਿੱਖਾਂ ਦਾ ਸ਼ਾਇਦ ਹੋਰ ਕੋਈ ਵੀ ਘਰ ਨਹੀਂ ਸੀ। ਇਸ ਵਾਸਤੇ ਉਹ ਸਦਾ ਅਪਣੇ ਘਰ ਦਾ ਬੂਹਾ ਬੰਦ ਕਰ ਕੇ ਇਕੱਲੀ ਹੀ ਵਾਹਿਗੁਰੂ ਦਾ ਭਜਨ ਕਰਦੀ ਰਹਿੰਦੀ ਸੀ।

ਇਕ ਵਾਰੀ ਉਸ ਨੂੰ ਪਤਾ ਲੱਗਾ ਕਿ ਮਾਝੇ ਦੇ ਕੁੱਝ ਪ੍ਰੇਮੀ ਸਿੱਖਾਂ ਦਾ ਇਕ ਜੱਥਾ ਦਸਮੇਸ਼ ਪਿਤਾ ਦੇ ਦਰਸ਼ਨਾਂ ਲਈ ਜਾ ਰਿਹਾ ਹੈ। ਉਸ ਦੇ ਦਰਸ਼ਨਾਂ ਦੀ ਇੱਛਾ ਨੇ ਉਸ ਨੂੰ ਮਜਬੂਰ ਕੀਤਾ ਕਿ ਘਰੋਂ ਬਾਹਰ ਨਿਕਲ ਕੇ ਉਸ ਸੜਕ ਉਤੇ ਜਾ ਖਲੋਵੇ ਜਿੱਥੋਂ ਕਿ ਉਸ ਨੇ ਲੰਘਣਾ ਹੈ। ਇਸ ਲਈ ਉਹ ਜਥੇ ਦੀ ਸੇਵਾ ਲਈ ਕੁੱਝ ਅੰਨ-ਪਾਣੀ ਲੈ ਕੇ ਚਾਈਂ-ਚਾਈਂ ਉਸ ਸੜਕ ਉੱਤੇ ਪਹੁੰਚ ਗਈ।

ਉਹ ਜਾਣਦੀ ਸੀ ਕਿ ਉਸ ਦਾ ਇੱਥੇ ਆਉਣਾ ਮੌਤ ਦੇ ਖੂਹ ਵਿਚ ਪੈਣਾ ਵੀ ਹੋ ਸਕਦਾ ਹੈ ਕਿਉਂਕਿ ਔਰੰਗਜ਼ੇਬ ਦਾ ਜ਼ਮਾਨਾ ਸੀ ਅਤੇ ਹਕੂਮਤ ਵਲੋਂ ਹਰ ਪਾਸੇ ਅਨੇਕ ਤਰ੍ਹਾਂ ਦੇ ਅਸਹਿਮਤ ਅਤੇ ਅਕਹਿ ਅਤਿਆਚਾਰਾਂ ਦੇ ਕਾਲੇ ਬੰਬ ਵਰਗੇ ਬੱਦਲ ਚੜ੍ਹੇ ਹੋਏ ਸਨ। ਉਹ ਸੜਕ ਤੋਂ ਇਕ ਪਾਸੇ ਹੋ ਕੇ ਅਜੇ ਖਲੋਤੀ ਹੀ ਸੀ ਕਿ ਦੂਰੋਂ ਕੁੱਝ ਮਿੱਟੀ-ਘੱਟਾ ਜਿਹਾ ਉਡਦਾ ਨਜ਼ਰ ਆਇਆ।

ਉਸ ਨੇ ਸਮਝਿਆ ਕਿ ਜੱਥਾ ਆ ਗਿਆ ਹੈ। ਪਰ ਨਹੀਂ, ਅਸਲ ਵਿਚ ਉਹ ਜਥਾ ਨਹੀਂ ਸੀ ਬਲਕਿ ਔਰੰਗਜ਼ੇਬ ਦੀ ਗਸ਼ਤੀ ਫ਼ੌਜ ਸੀ ਜੋ ਸ਼ਹਿਰਾਂ ਅਤੇ ਪਿੰਡਾਂ ਵਿਚ ਸ਼ਾਂਤੀ ਅਤੇ ਇੰਤਜ਼ਾਮ ਦੇ ਨਾਂ 'ਤੇ ਤਰ੍ਹਾਂ-ਤਰ੍ਹਾਂ ਦੇ ਅਤਿਆਚਾਰ ਕਰਦੀ ਫਿਰਦੀ ਸੀ। ਵੇਖਦਿਆਂ-ਵੇਖਦਿਆਂ ਉਹ ਸਿਰ ਉੱਤੇ ਆਣ ਗੱਜੀ। ਉਸ ਦਾ ਅਫ਼ਸਰ ਬੜਾ ਜ਼ਾਲਮ ਸੀ।

ਬੀਬੀ ਦੀਪ ਕੌਰ ਦੀ ਅਲੌਕਿਕ ਸੁੰਦਰਤਾ ਵੇਖ ਕੇ ਉਸ ਦਾ ਦਿਲ ਹੱਥੋਂ ਨਿਕਲ ਗਿਆ ਅਤੇ ਉਹ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਡਰ ਅਤੇ ਲਾਲਚ ਦੱਸ ਕੇ ਅਪਣੇ ਵਸ ਵਿਚ ਕਰਨ ਦਾ ਯਤਨ ਕਰਨ ਲੱਗਾ। ਪਰ ਭਲਾ ਇਹ ਕਿਵੇਂ ਹੋ ਸਕਦਾ ਸੀ ਕਿਉਂਕਿ ਦੀਪ ਕੌਰ ਸੱਚੀ ਪਤੀਵਰਤਾ ਅਤੇ ਗੁਰਮੁਖ ਪਿਆਰੀ ਸੀ। ਅਫ਼ਸਰ ਆਖਣ ਲੱਗਾ, ''ਤੂੰ ਤਾਂ ਕੋਈ ਰਾਜਕੁਮਾਰੀ ਲਗਦੀ ਹੈਂ, ਤੇਰੀ ਸੁੰਦਰਤਾ ਅਤੇ ਨਜ਼ਾਕਤ ਅਪਾਰ ਹੈ।

ਪਤਾ ਨਹੀਂ ਕਿਸ ਬਿਪਤਾ ਨੇ ਤੈਨੂੰ ਇਸ ਉਜਾੜ ਬੀਆਬਾਨ ਵਿਚ ਭੇਜਿਆ ਹੈ। ਖ਼ੈਰ, ਚੱਲ ਤੂੰ ਮੇਰੇ ਨਾਲ ਮੈਂ ਤੈਨੂੰ ਅਪਣੇ ਸ਼ਾਹੀ ਮਹਿਲਾਂ ਵਿਚ ਰੱਖਾਂਗਾ। ਚੰਗਾ ਖਾਣ ਨੂੰ ਅਤੇ ਚੰਗੇ ਤੋਂ ਚੰਗਾ ਪਹਿਨਣ ਨੂੰ, ਕੀਮਤੀ ਤੋਂ ਕੀਮਤੀ ਗਹਿਣਾ ਕਪੜਾ ਦੇਵਾਂਗਾ। ਤੂੰ ਮੇਰੀ ਸੱਭ ਤੋਂ ਵੱਡੀ ਬੇਗ਼ਮ ਅਖਵਾਏਂਗੀ। ਹਜ਼ਾਰਾਂ ਔਰਤਾਂ ਹੀ ਨਹੀਂ ਬਲਕਿ ਮੇਰੀਆਂ ਪਹਿਲੀਆਂ ਸਾਰੀਆਂ ਬੇਗ਼ਮਾਂ ਵੀ ਸਦਾ ਤੇਰੇ ਅੱਗੇ ਹੱਥ ਬੰਨ੍ਹੀ ਖੜੀਆਂ ਰਹਿਣਗੀਆਂ।

ਮੇਰਾ ਹੁਕਮ ਭਾਵੇਂ ਕਦੀ ਟਲ ਜਾਵੇ, ਪਰ ਤੇਰਾ ਕਦੇ ਨਹੀਂ ਟਲੇਗਾ। ਮਤਲਬ ਕਿ ਤੂੰ ਇਸ ਫ਼ਕੀਰਨੀ ਹਾਲਤ ਵਿਚੋਂ ਨਿਕਲ ਕੇ ਰਾਜਗੱਦੀ ਉੱਤੇ ਜਾ ਬੈਠੇਂਗੀ। ਮੈਂ ਇਹ ਤੈਨੂੰ ਇਸ ਵਾਸਤੇ ਕਹਿ ਰਿਹਾ ਹਾਂ ਕਿ ਤੇਰੀ ਇਹ ਹਾਲਤ ਵੇਖ ਕੇ ਤੈਨੂੰ ਬਹੁਤ ਤਰਸ ਆ ਰਿਹਾ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਤੇਰੇ ਵਰਗੀ ਹੀਰੇ ਦੀ ਕਣੀ ਮਿੱਟੀ ਵਿਚ ਰੁਲੇ, ਬੱਸ ਮੇਰਾ ਹੋਰ ਕੋਈ ਮਤਲਬ ਨਹੀਂ।''

ਜਦ ਤਕ ਅਫ਼ਸਰ ਇਸ ਤਰ੍ਹਾਂ ਬੋਲਦਾ-ਬਕਦਾ ਰਿਹਾ, ਬੀਬੀ ਦੀਪ ਕੌਰ ਚੁਪਚਾਪ ਖਲੋਤੀ ਸੱਭ ਕੁੱਝ ਸੁਣਦੀ ਰਹੀ। ਜਦੋਂ ਉਹ ਚੁੱਪ ਕਰ ਕੇ ਜਵਾਬ ਦੀ ਉਡੀਕ ਕਰਨ ਲੱਗਾ ਤਾਂ ਉਹ ਸ਼ੇਰਨੀ ਵਾਂਗ ਗਜਦੀ ਹੋਈ ਬੋਲੀ, ''ਭਾਵੈਂ ਮੈਂ ਚਾਹੁੰਦੀ ਤਾਂ ਨਹੀਂ ਸਾਂ ਕਿ ਤੇਰੇ ਵਰਗੇ ਬੇਸ਼ਰਮ ਆਦਮੀ ਨਾਲ ਕੋਈ ਗੱਲ ਕਰ ਕੇ ਅਪਣੇ ਮਨ ਅਤੇ ਬਾਣੀ ਨੂੰ ਅਪਵਿੱਤਰ ਕਰਾਂ, ਪਰ ਵੇਖਦੀ ਹਾਂ ਕਿ ਬਿਨਾਂ ਕੁੱਝ ਝਾੜ ਖਾਧੇ ਤੂੰ ਮੰਨਣ ਵਾਲਾ ਨਹੀਂ।

ਇਸ ਵਾਸਤੇ ਮੈਂ ਤੈਨੂੰ ਸਾਫ਼ ਦੱਸ ਦੇਣਾ ਚਾਹੁੰਦੀ ਹਾਂ ਕਿ ਤੂੰ ਮਨੁੱਖ ਨਹੀਂ ਕੋਈ ਬਹੁਤ ਗਿਰਿਆ ਹੋਇਆ ਰਾਖ਼ਸ਼ ਹੈਂ। ਤੈਨੂੰ ਜ਼ਰਾ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਬੇਗਾਨੀਆਂ ਔਰਤਾਂ ਨਾਲ ਗੱਲਾਂ ਕਰਦਿਆਂ? ਮਾਲੂਮ ਹੁੰਦਾ ਹੈ ਕਿ ਤੂੰ ਸਾਰੀ ਸ਼ਰਮ ਹਯਾ ਘੋਲ ਪੀਤੀ ਹੈ, ਅਤੇ ਤੇਰੇ ਘਰ ਕੋਈ ਮਾਂ-ਭੈਣ ਨਹੀਂ ਹੈ। ਖ਼ੈਰ, ਹੁਣ ਤਾਂ ਮੈਂ ਤੈਨੂੰ ਮਾਫ਼ ਕਰ ਦੇਂਦੀ ਹਾਂ, ਪਰ ਜੇਕਰ ਫਿਰ ਤੂੰ ਇੱਕ ਵੀ ਅਜਿਹਾ ਸ਼ਬਦ ਮੂੰਹੋਂ ਕਢਿਆ ਤਾਂ ਮੈਂ ਤੈਨੂੰ ਮਾਫ਼ ਨਹੀਂ ਕਰਾਂਗੀ ਤੇ ਜ਼ਰੂਰ ਸਜ਼ਾ ਦੇਵਾਂਗੀ।

ਬੀਬਾ ਦੀਪ ਕੌਰ ਦਾ ਇਹ ਬੀਰਤਾ ਭਰਿਆ ਜਵਾਬ ਸੁਣ ਕ ਅਫ਼ਸਰ ਦਿਲ ਵਿਚ ਤਾਂ ਬਹੁਤ ਸ਼ਰਮਿੰਦਾ ਹੋਇਆ ਪਰ ਉਪਰੋਂ ਬੇਸ਼ਰਮੀ ਦੇ ਤਾਣ ਹਸਦਾ ਹੋਇਆ ਕਹਿਣ ਲੱਗਾ, ''ਤੂੰ ਮੇਰੇ ਪ੍ਰਤਾਪ ਨੂੰ ਨਹੀਂ ਜਾਣਦੀ। ਤੈਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ। ਮੈਂ ਸ਼ਹਿਨਸ਼ਾਹ ਔਰੰਗਜ਼ੇਬ ਦੀ ਫ਼ੌਜ ਦਾ ਇਕ ਸਿਪਾਹਸਾਲਾਰ ਅਤੇ ਬੜਾ ਵੱਡਾ ਜ਼ਿਮੀਂਦਾਰ ਹਾਂ। ਮੇਰੇ ਪਾਸ ਕਰੋੜਾਂ ਰੁਪਿਆਂ ਦੀ ਜਾਇਦਾਦ ਤੇ ਬੜੇ ਹਕੂਕ ਹਨ।

ਮੈਂ ਜਿਸ ਨੂੰ ਚਾਹਾਂ ਰਾਜਾ ਤੇ ਜਿਸ ਨੂੰ ਚਾਹਾਂ ਫ਼ਕੀਰ ਬਣਾ ਸਕਦਾ ਹਾਂ। ਜੇਕਰ ਤੂੰ ਮੇਰੀ ਨੇਕ ਸਲਾਹ ਨਹੀਂ ਮੰਨੇਗੀ ਤਾਂ ਮੈਂ ਤੇਰਾ ਬਹੁਤ ਬੁਰਾ ਹਾਲ ਕਰਾਂਗਾ, ਜੇਲ ਵਿਚ ਬੰਦ ਕਰਾਂਗਾ, ਖਾਣ-ਪੀਣ ਨੂੰ ਕੁੱਝ ਨਹੀਂ ਦੇਵਾਂਗਾ ਤੇ ਉਪਰੋਂ ਚੱਕੀ ਵਖਰੀ ਪਿਹਾਵਾਂਗਾ। ਜੇਕਰ ਫਿਰ ਵੀ ਨਾ ਮੰਨੇਂਗੀ ਤਾਂ ਬੁਰੀ ਤਰ੍ਹਾਂ ਮਾਰ ਸੁੱਟਾਂਗਾ।'' ਉਹ ਅਜੇ ਹੋਰ ਕੁੱਝ ਕਹਿਣਾ ਚਾਹੁੰਦਾ ਸੀ ਕਿ ਬੀਬਾ ਦੀਪ ਕੌਰ ਦੀਆਂ ਅੱਖਾਂ ਵਿਚੋਂ ਖ਼ੂਨ ਉਤਰ ਆਇਆ ਅਤੇ ਆਖਣ ਲਗੀ, ''ਪਾਪੀਆ, ਮੈਂ ਤੈਨੂੰ ਪਹਿਲਾਂ ਕਹਿ ਚੁੱਕੀ ਹਾਂ ਕਿ ਜੋ ਤੇਰਾ ਦਿਲ ਚਾਹੇ ਕਰ ਲੈ।

ਮੈਂ ਡਰ ਕੇ ਧਰਮ ਛੱਡਣ ਵਾਲੀ ਨਹੀਂ, ਫਿਰ ਤੂੰ ਕਿਉਂ ਬੇਅਰਥ ਪਿਆ ਅਪਣਾ ਅਤੇ ਮੇਰਾ ਸਮਾਂ ਖ਼ਰਾਬ ਕਰਦਾ ਹੈਂ।'' ਇਹ ਸੁਣ ਕੇ ਅਫ਼ਸਰ ਜ਼ਰਾ ਕੁ ਰੁਕਿਆ ਅਤੇ ਫਿਰ ਕੁੱਝ ਸੋਚ ਕੇ ਦੀਪ ਕੌਰ ਵਲ ਵਧਿਆ। ਉਹ ਪਾਪੀ ਉਸ ਅਬਲਾ ਨੂੰ ਹੱਥ ਪਾਉਣਾ ਹੀ ਚਾਹੁੰਦਾ ਸੀ ਕਿ ਉਹ ਸ਼ੇਰਨੀ ਵਾਂਗ ਗਜਦੀ ਹੋਈ ਅਫ਼ਸਰ ਉੱਤੇ ਟੁੱਟ ਪਈ। ਬੀਬੀ ਦੀਪ ਕੌਰ ਨੇ ਡਾਢੀ ਫ਼ੁਰਤੀ ਨਾਲ ਅਪਣੇ ਲੱਕ ਵਿਚੋਂ ਕ੍ਰਿਪਾਨ ਕੱਢ ਕੇ ਉਸ ਦਾ ਖ਼ਾਤਮਾ ਕਰ ਦਿਤਾ ਅਤੇ ਆਪ ਉਸ ਦੇ ਸਾਰੇ ਹਥਿਆਰ ਸਾਂਭ ਕੇ ਉਸ ਦੇ ਘੋੜੇ ਉੱਤੇ ਚੜ੍ਹ ਬੈਠੀ।

ਇਹ ਵੇਖ ਕੇ ਉਸ ਦੇ ਸਿਪਾਹੀਆਂ ਨੂੰ ਬੜਾ ਗੁੱਸਾ ਆਇਆ ਤੇ ਉਹ ਇਕਦਮ ਇਕੱਲੀ ਸ਼ੇਰਨੀ ਉੱਤੇ ਟੁੱਟ ਪਏ। ਅੱਗੋਂ ਉਹ ਵੀ ਕੋਈ ਮਾਮੂਲੀ ਔਰਤ ਨਹੀਂ ਸੀ, ਉਸ ਨੇ ਵੈਰੀਆਂ ਦੇ ਆਹੂ ਲਾਹੁਣੇ ਸ਼ੁਰੂ ਕੀਤੇ। ਵੇਖਦਿਆਂ-ਵੇਖਦਿਆਂ ਸੱਥਰਾਂ ਦੇ ਸੱਥਰ ਜ਼ਮੀਨ ਉੱਤੇ ਡਿੱਗ ਪਏ, ਅਤੇ ਉਹ ਅਪਣੇ ਵੈਰੀਆਂ ਦੇ ਹੱਥੋਂ ਡਾਢੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਪਰ ਉਸ ਨੇ ਹਿੰਮਤ ਨਾ ਹਾਰੀ। ਏਨੇ ਨੂੰ ਉਹ ਜੱਥਾ ਵੀ ਆ ਗਿਆ ਜਿਸ ਦੇ ਦਰਸ਼ਨਾਂ ਲਈ ਦੀਪ ਕੌਰ ਬੈਠੀ ਉਡੀਕ ਕਰ ਰਹੀ ਸੀ।

ਸਿਪਾਹੀ ਤਾਂ ਦੂਰੋਂ ਹੀ ਜਥੇ ਨੂੰ ਵੇਖਦਿਆਂ ਸਾਰ ਉਠ ਨੱਸੇ, ਪਰ ਬੀਬੀ ਦੀਪ ਕੌਰ ਮੈਦਾਨ ਵਿਚ ਡਟੀ ਰਹੀ। ਜਦ ਜੱਥਾ ਪਾਸ ਆਇਆ ਤਾਂ ਦੀਪ ਕੌਰ ਦੀ ਇਹ ਆਦਰਸ਼ ਬੀਰਤਾ ਵੇਖ ਕੇ ਮੂੰਹ ਵਿਚ ਉਂਗਲਾਂ ਪਾਉਣ ਲੱਗ ਪਿਆ। ਜਥੇਦਾਰ ਨੇ ਬੜੇ ਆਦਰ ਸਤਿਕਾਰ ਨਾਲ ਬੀਬੀ ਦੀਪ ਕੌਰ ਦੇ ਕੋਲੋਂ ਸਾਰਾ ਹਾਲ ਪੁਛਿਆ ਤੇ ਧੰਨ ਧੰਨ ਕਹਿੰਦਿਆਂ ਹੋਇਆਂ ਉਸ ਲਹੂ-ਲੂਹਾਨ ਅਤੇ ਮਰਨ ਦੇ ਕਰੀਬ ਉਸ ਬੀਬੀ ਨੂੰ ਘੋੜੇ ਤੋਂ ਉਤਾਰਿਆ ਤੇ ਉਸ ਦੇ ਜ਼ਖ਼ਮ ਧੋ ਕੇ ਮੱਲ੍ਹਮ ਪੱਟੀ ਕੀਤੀ।

ਫਿਰ ਉਹ ਬੜੀ ਹਿਫ਼ਾਜ਼ਤ ਨਾਲ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਲੈ ਤੁਰੇ। ਅੱਗੋਂ ਦੋ ਜਹਾਨ ਦੇ ਵਾਲੀ ਗੁਰੂ ਮਹਾਰਾਜ ਦੀਵਾਨ ਸਜਾਈ ਬੈਠੇ ਸਨ। ਉਨ੍ਹਾਂ ਨੇ ਆਉਂਦਿਆਂ ਹੀ ਜਥੇਦਾਰ ਕੋਲੋਂ ਪੁਛਿਆ, ''ਮੇਰੀ ਬੱਚੀ।'' ਜਥੇਦਾਰ ਨੇ ਉਸੇ ਵੇਲੇ ਅਪਣੇ ਮੋਢਿਆਂ ਉੱਤੇ ਚੁੱਕ ਕੇ ਦੀਪ ਕੌਰ ਨੂੰ ਲਿਆ ਹਾਜ਼ਰ ਕੀਤਾ ਕਿਉਂਕਿ ਜ਼ਖ਼ਮਾਂ ਦੇ ਡਾਢੇ ਹੋਣ ਕਰ ਕੇ ਉਹ ਬਹੁਤ ਹੀ ਨਿਢਾਲ ਹੋ ਚੁੱਕੀ ਸੀ ਅਤੇ ਤੁਰ ਕੇ ਆਉਣ ਦੀ ਸਮਰੱਥਾ ਨਹੀਂ ਰਖਦੀ ਸੀ।

ਗੁਰੂ ਸਾਹਿਬ ਉਸ ਦੀ ਅਜਿਹੀ ਹਾਲਤ ਵੇਖ ਕੇ ਉਸ ਦੀ ਮਹਾਨ ਬੀਰਤਾ ਭਰੀ ਕਰਨੀ ਜਾਣ ਕੇ ਬੜੇ ਪ੍ਰਸੰਨ ਹੋਏ। ਉਨ੍ਹਾਂ ਦੇ ਨੇਤਰਾਂ ਵਿਚੋਂ ਛਮਾਛਮ ਪ੍ਰੇਮ ਜਲ ਵਗ ਤੁਰਿਆ ਅਤੇ ਅਪਣੀਆਂ ਧੀਆਂ ਵਾਂਗ ਉਸ ਦੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਫ਼ੁਰਮਾਇਆ, ''ਜਿਸ ਕੰਮ ਲਈ ਪ੍ਰਾਣੀ ਸੰਸਾਰ ਵਿਚ ਆਉਂਦਾ ਹੈ ਉਹ ਕੰਮ ਅੱਜ ਇਸ ਨੇ ਪੂਰਾ ਕਰ ਵਿਖਾਇਆ ਹੈ। ਇਸ ਲਈ ਇਹ ਇਕ ਸੱਚੀ ਸਿੱਖਣੀ ਅਤੇ ਸੱਚੀ ਦੇਵੀ ਹੈ।''

ਫਿਰ ਗੁਰੂ ਮਹਾਰਾਜ ਨੇ ਬੜੀ ਕ੍ਰਿਪਾ ਕਰ ਕੇ ਉਸ ਦੀ ਹਰ ਤਰ੍ਹਾਂ ਦੀ ਸੇਵਾ ਦਾ ਪੂਰਾ ਬੰਦੋਬਸਤ ਕੀਤਾ, ਜਿਸ ਨਾਲ ਦਿਨਾਂ 'ਚ ਹੀ ਉਹ ਪਹਿਲਾਂ ਵਰਗੀ ਹੀ ਨਹੀਂ ਬਲਕਿ ਉਸ ਤੋਂ ਵੀ ਭਲੀ-ਭਾਂਤ ਹੋ ਗਈ। ਬੀਬੀ ਦੀਪ ਕੌਰ ਦਾ ਨਾਂ ਰਹਿੰਦੀ ਦੁਨੀਆਂ ਤਕ ਮੌਜੂਦ ਰਹੇਗਾ ਅਤੇ ਲੋਕ ਉਸ ਦੀ ਬਹਾਦੁਰੀ ਵੇਖ ਕੇ ਅਸ਼-ਅਸ਼ ਕਰ ਉਠਦੇ ਹਨ। ਬੀਬੀ ਦੀਪ ਕੌਰ ਵਰਗੀਆਂ ਵੀਰਾਂਗਣਾਂ ਭਾਰਤ 'ਚ ਹੀ ਨਹੀਂ ਸੰਸਾਰ ਭਰ ਤੇ ਘਰ-ਘਰ ਵਿਚ ਹੋਣ।

ਭਗਵਾਨ ਸਿੰਘ ਪੱਪੂ
ਸੰਪਰਕ : 95694-53436

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement