
'ਸਤਿ ਸ੍ਰੀ ਅਕਾਲ ਮੈਡਮ ਜੀ।' ਇਕ ਬੁਲੰਦ ਆਵਾਜ਼ ਨੇ ਇਕਦਮ ਸਾਰੇ ਰੌਲੇ-ਗੌਲੇ ਨੂੰ ਸ਼ਾਂਤੀ ਦੇ ਮਹੌਲ ਵਿਚ ਬਦਲ ਦਿਤਾ। ਮੈਂ ਨਜ਼ਰ ਘੁਮਾਈ ਤਾਂ ਬਲਕਾਰ ਸਿੰਘ ਸਾਹਮਣੇ ਖੜਾ ਸੀ।
'ਸਤਿ ਸ੍ਰੀ ਅਕਾਲ ਮੈਡਮ ਜੀ।' ਇਕ ਬੁਲੰਦ ਆਵਾਜ਼ ਨੇ ਇਕਦਮ ਸਾਰੇ ਰੌਲੇ-ਗੌਲੇ ਨੂੰ ਸ਼ਾਂਤੀ ਦੇ ਮਹੌਲ ਵਿਚ ਬਦਲ ਦਿਤਾ। ਮੈਂ ਨਜ਼ਰ ਘੁਮਾਈ ਤਾਂ ਬਲਕਾਰ ਸਿੰਘ ਸਾਹਮਣੇ ਖੜਾ ਸੀ। ਬਲਕਾਰ ਸਿੰਘ 60 ਕੁ ਸਾਲ ਦਾ ਗ਼ਰੀਬੀ ਨਾਲ ਜੂਝਦਾ ਬਜ਼ੁਰਗ ਕਾਲੀ ਜੈਕਟ ਤੇ ਲਾਲ ਪੱਗ ਬੰਨ੍ਹ ਕੇ, ਅੱਖਾਂ ਵਿਚ ਅਜੀਬ ਜਿਹੀ ਚਮਕ ਲੈ ਕੇ ਮੇਰੇ ਸਾਹਮਣੇ ਖੜਾ ਸੀ। ਉਸ ਦੀ ਖ਼ੁਸ਼ੀ ਲੁਕੋਇਆਂ ਨਹੀਂ ਲੁਕ ਰਹੀ ਸੀ। ਇਹ ਮਰੀਜ਼ ਤਕਰੀਬਨ 6 ਮਹੀਨੇ ਤੋਂ ਮੇਰੇ ਕੋਲ ਆ ਰਿਹਾ ਸੀ। ਨਾਲ ਉਸ ਦੀ ਘਰਵਾਲੀ ਉਸ ਦੀ ਇਕ ਬਾਂਹ ਫੜੀ ਆਉਂਦੀ ਹੁੰਦੀ ਸੀ। ਉਸ ਦੇ ਹੱਥ ਵਿਚ ਇਕ ਮੋਟੀ ਡੰਗੋਰੀ ਹੁੰਦੀ ਸੀ। ਪਰ ਅੱਜ ਉਹ ਇਕੱਲਾ ਹੀ ਬਿਨਾਂ ਕਿਸੇ ਸਹਾਰੇ ਤੋਂ ਚੱਲ ਕੇ ਆਇਆ ਸੀ। ਉਸ ਨੂੰ ਵੇਖ ਕੇ ਮੈਨੂੰ ਇੰਜ ਲਗਿਆ ਜਿਵੇਂ ਮੈਂ ਕੋਈ ਰਿਆਸਤ ਫ਼ਤਿਹ ਕਰ ਲਈ ਹੋਵੇ।
ਦਰਅਸਲ ਇਹ ਮਰੀਜ਼ ਦੋਹਾਂ ਅੱਖਾਂ ਵਿਚ ਪੁਤਲੀਆਂ ਸਫ਼ੈਦ ਹੋਣ ਕਰ ਕੇ ਅੰਨ੍ਹੇਪਨ ਦਾ ਸ਼ਿਕਾਰ ਸੀ, ਜਿਸ ਨੂੰ ਠੀਕ ਕਰਨ ਲਈ ਮੈਂ ਕਾਫ਼ੀ ਉਪਰਾਲੇ ਕੀਤੇ ਪਰ ਗੱਲ ਨਾ ਬਣੀ। ਮਰੀਜ਼ ਨੇ ਵੀ ਮੇਰੇ ਉਤੇ ਭਰੋਸਾ ਨਾ ਛਡਿਆ ਤੇ ਉਸ ਦੀ ਖ਼ਰਾਬ ਕਿਸਮਤ ਉਦੋਂ ਖੁਲ੍ਹੀ ਜਦੋਂ ਮੈਡਮ ਸਕੱਤਰ ਸਿਹਤ ਵਿਭਾਗ ਸ੍ਰੀਮਤੀ ਵਿਨੀ ਮਹਾਜਨ ਵਲੋਂ ਇਹ ਆਦੇਸ਼ ਜਾਰੀ ਕੀਤੇ ਗਏ ਕਿ ਪੰਜਾਬ ਵਿਚ ਜਿੰਨੇ ਪੁਤਲੀ ਰੋਗਾਂ ਤੋਂ ਪੀੜਤ ਮਰੀਜ਼ ਹਨ ਉਨ੍ਹਾਂ ਦੀਆਂ ਪੁਤਲੀਆਂ ਜਲਦ ਤੋਂ ਜਲਦ ਬਦਲਵਾਈਆਂ ਜਾਣ ਅਤੇ ਅੱਖਾਂ ਦਾਨ ਕਰਨ ਦੀ ਮੁਹਿੰਮ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ ਕਿਉਂਕਿ ਨਵੀਂ ਪੁਤਲੀ ਕੋਈ ਬਨਾਉਟੀ ਚੀਜ਼ ਨਹੀਂ ਬਲਕਿ ਇਕ ਇਨਸਾਨ ਵਲੋਂ ਹੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਉਪਰੰਤ ਮੁਹਈਆ ਹੁੰਦੀ ਹੈ। ਇਸ ਦੌਰਾਨ ਬਲਕਾਰ ਸਿੰਘ ਦੀ ਅੱਖ ਦੀ ਪੁਤਲੀ ਬਦਲੀ ਗਈ। ਇਹ ਕੰਮ ਕੋਈ ਨਵਾਂ ਨਹੀਂ ਪਹਿਲਾਂ ਵੀ ਡਾਕਟਰ ਪੁਤਲੀਆਂ ਬਦਲਦੇ ਸਨ ਤੇ ਲੋਕ ਅੱਖਾਂ ਦਾਨ ਕਰਦੇ ਹਨ। ਪਰ ਕਿਸੇ ਵੀ ਕੰਮ ਦੇ ਨਤੀਜੇ ਉਦੋਂ ਸ਼ਾਨਦਾਰ ਹੋ ਜਾਂਦੇ ਹਨ ਜਦੋਂ ਉਸ ਕੰਮ ਪ੍ਰਤੀ ਸਮਰਪਣ, ਤਿਆਗ ਅਤੇ ਜੋਸ਼ ਦੀ ਭਾਵਨਾ ਵਾਲੇ ਲੋਕ ਇੱਕਠੇ ਹੋ ਕੇ ਉਸ ਕੰਮ ਨੂੰ ਮਿਸ਼ਨ ਬਣਾ ਕੇ ਕਰਦੇ ਹਨ। ਕੁੱਝ ਇਸ ਤਰ੍ਹਾਂ ਹੀ ਹੋਇਆ ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਸਿਹਤ ਵਿਭਾਗ ਦੇ ਉਹ ਲੋਕ ਇਸ ਕੰਮ ਲਈ ਅੱਗੇ ਆਏ ਜੋ ਅਸਲ 'ਚ ਇਸ ਮੁਹਿੰਮ ਦੇ ਨਤੀਜੇ ਸ਼ਾਨਦਾਰ ਵੇਖਣਾ ਚਾਹੁੰਦੇ ਸਨ।
ਡਾਕਟਰ ਬੋਹੜ ਸਿੰਘ ਜ਼ਿਲ੍ਹਾ ਇੰਚਾਰਜ 'ਜ਼ਿਲ੍ਹਾ ਪ੍ਰੋਗਰਾਮ ਆਫ਼ ਕੰਟਰੋਲ ਆਫ਼ ਬਲਾਈਂਡਨੈੱਸ', ਜਿਨ੍ਹਾਂ ਨੇ ਬੇਰੰਗ ਜ਼ਿੰਦਗੀ ਜੀਅ ਰਹੇ ਲੋਕਾਂ ਵਿਚ ਅਤੇ ਸਾਡੇ ਦਿਲਾਂ ਵਿਚ ਵੀ ਉਮੀਦ ਦੀ ਕਿਰਨ ਜਗਾਈ, ਉਨ੍ਹਾਂ ਸਟੇਟ ਪ੍ਰੋਗਰਾਮ ਅਫ਼ਸਰ ਡਾ. ਰਕੇਸ਼ ਗੁਪਤਾ ਨਾਲ ਗੱਲ ਕਰ ਕੇ ਜੇ.ਬੀ ਬਹਿਲ, ਪ੍ਰਧਾਨ ਰੋਟਰੀ ਆਈ ਬੈਂਕ ਹੁਸ਼ਿਆਰਪੁਰ ਨਾਲ ਸੰਪਰਕ ਬਣਾਇਆ ਅਤੇ ਉਨ੍ਹਾਂ ਵਲੋਂ ਅਸੀ ਅੱਖਾਂ ਦੇ ਮਾਹਰ ਡਾ. ਸ਼ਕੀਨ, ਅੰਮ੍ਰਿਤਸਰ ਨਾਲ ਜੁੜੇ ਜਿਨ੍ਹਾਂ ਨੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਬਦਲੀਆਂ। ਰੋਟਰੀ ਕਲੱਬ, ਸੋਨਾਲੀਕਾ ਟਰੈਕਟਰਜ਼ ਤੋਂ ਸਹਾਇਤਾ ਲੈ ਕੇ ਮਰੀਜ਼ਾਂ ਦੇ ਆਪਰੇਸ਼ਨ ਦੇ ਖ਼ਰਚੇ ਵਿਚ ਮਦਦ ਕਰਦਾ ਹੈ। ਪਰ ਇਹ ਸੱਭ ਕੁੱਝ ਏਨਾ ਸੌਖਾ ਨਹੀਂ ਸੀ। ਇਸ ਕੰਮ ਨੂੰ ਅੱਗੇ ਵਧਾਉਣ ਲਈ ਹੋਰ ਵੀ ਬਹੁਤ ਸਾਰੇ ਚਿਹਰੇ ਸਾਹਮਣੇ ਆਏ। ਗੁਰਤੇਜ ਸਿੰਘ ਮਾਸ ਮੀਡੀਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੀ ਇਸ ਕਹਾਣੀ ਦਾ ਅਜਿਹਾ ਕਿਰਦਾਰ ਹੈ ਜੋ ਕਿ ਪੂਰੀ ਕਹਾਣੀ ਦਾ ਧੁਰਾ ਬਣਿਆ ਰਹਿੰਦਾ ਹੈ। ਮਰੀਜ਼ਾਂ ਨੂੰ ਘਰਾਂ ਵਿਚੋਂ ਕੱਢ ਕੇ ਹਸਪਤਾਲ ਤਕ ਪਹੁੰਚਾਉਣ ਜਾਂ ਕਹਿ ਲਵੋ ਹਨੇਰਿਆਂ ਵਿਚੋਂ ਕੱਢ ਕੇ ਸੂਰਜ ਦੀਆਂ ਕਿਰਨਾਂ ਤਕ ਲੈ ਜਾਣ ਦਾ ਕੰਮ ਗੁਰਤੇਜ ਨੇ ਕੀਤਾ। ਹੌਲੀ-ਹੌਲੀ ਕਹਾਣੀ ਦੇ ਪਾਤਰਾਂ ਵਿਚ ਵਾਧਾ ਹੋਇਆ। ਬੂਟਾ ਰਾਮ ਕਮਰਾ ਸਰਪ੍ਰਸਤ ਆਸ਼ੀਰਵਾਦ ਕਲੱਬ, ਬੀ.ਕੇ. ਮੈਨੀ ਜੀਵਣ ਜੋਤੀ ਮਿਸ਼ਨ ਕਲੱਬ, ਜਿਨ੍ਹਾਂ ਨੇ ਮਰੀਜ਼ਾਂ ਦੀ ਮਾਲੀ ਮਦਦ ਕੀਤੀ। ਇਥੋਂ ਤਕ ਕਿ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਤਕ ਜਾ ਕੇ ਆਪ੍ਰੇਸ਼ਨ ਲਈ ਪ੍ਰੇਰਿਆ। ਇਹ ਸਿਲਸਿਲਾ ਹੁਣ ਵੀ ਜਾਰੀ ਹੈ। 1 ਸਤੰਬਰ 2016 ਵਿਚ ਜ਼ਿਲ੍ਹਾ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਇਹ ਕੰਮ ਸ਼ੁਰੂ ਹੋਇਆ ਜੋ ਕਿ ਕੌਮੀ ਪੱਧਰ ਦਾ ਕੰਮ ਹੈ। ਹੁਣ ਤਕ ਅਸੀ 34 ਮਰੀਜ਼ਾਂ ਦੀਆਂ ਪੁਤਲੀਆਂ ਬਦਲਵਾ ਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਹਨੇਰੇ ਵਿਚੋਂ ਬਾਹਰ ਕਢਿਆ ਹੈ। ਮੌਕੇ ਦੇ ਵੱਖ-ਵੱਖ ਅਫ਼ਸਰਾਂ ਡਾ. ਰਾਮ ਲਾਲ, ਡਾ. ਐਚ.ਐਨ. ਸਿੰਘ, ਡਾ. ਸੁਖਪਾਲ ਸਿੰਘ, ਡਾ. ਸੁਮਨ ਵਧਾਵਨ ਨੇ ਵੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਹੱਲਾਸ਼ੇਰੀ ਦਿਤੀ। ਇਸ ਦੌਰਾਨ ਥਾਂ ਥਾਂ ਅੱਖਾਂ ਦੇ ਕੈਂਪ ਲਾਏ ਗਏ। ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਆ ਗਿਆ। ਦਾਨ ਕੀਤੀਆਂ ਹੋਈਆਂ ਅੱਖਾਂ ਨੂੰ ਅੰਮ੍ਰਿਤਸਰ ਭੇਜ ਕੇ ਲੋਕਾਂ ਨੂੰ ਲਗਵਾਈਆਂ। ਇਸ ਕਹਾਣੀ ਵਿਚ ਕੁੱਝ ਅਜਿਹੇ ਕਿਰਦਾਰ ਵੀ ਆਏ ਜਿਨ੍ਹਾਂ ਨੇ ਖ਼ੁਦ ਕਦੇ ਇਹ ਰੰਗੀਨ ਦੁਨੀਆਂ ਨਹੀਂ ਵੇਖੀ ਪਰ ਲੋਕਾਂ ਦੇ ਦਿਲਾਂ ਵਿਚ ਇਕ ਐਸਾ ਦਰਦ ਭਰਿਆ ਅਤੇ ਅਹਿਸਾਸ ਜਗਾਇਆ ਕਿ ਲੋਕ ਆਪ ਮੁਹਾਰੇ ਹੀ ਅੱਖਾਂ ਦਾਨ ਕਰਨ ਦੇ ਫ਼ਾਰਮ ਭਰਨ ਲੱਗੇ। ਇਹ ਸਨ ਪ੍ਰਯਾਸ-ਉਜਾਲਾ ਸਕੂਲ ਦੇ ਨੇਤਰਹੀਣ ਬੱਚੇ ਜਿਨ੍ਹਾਂ ਨੂੰ ਅਸੀ ਕੈਂਪਾਂ ਵਿਚ ਬੁਲਾਉਂਦੇ ਸੀ ਅਤੇ ਉਹ ਅਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਤਕ ਪਹੁੰਚ ਗਏ।
ਅੱਜ ਬਲਕਾਰ ਸਿੰਘ ਨੂੰ ਵੇਖ-ਵੇਖ ਕੇ ਮੈਂ ਅਤੇ ਮੇਰਾ ਸਹਾਇਕ ਨਰਿੰਦਰ ਖ਼ੁਸ਼ ਹੋਈ ਜਾ ਰਹੇ ਸੀ। ਬਲਕਾਰ ਸਿੰਘ ਅਪਣੇ ਨਾਲ ਇਕ ਹੋਰ ਅੰਨ੍ਹੇਪਨ ਦੇ ਸ਼ਿਕਾਰ ਮਰੀਜ਼ ਨੂੰ ਲੈ ਕੇ ਆਇਆ ਸੀ ਉਸ ਦੀ ਜ਼ਿੰਦਗੀ ਰੁਸ਼ਨਾਉਣ ਵਾਸਤੇ। ਮੈਨੂੰ ਕਹਿ ਰਿਹਾ ਸੀ ਕਿ 'ਮੇਰੇ ਕੋਲ ਹੋਰ ਵੀ ਬਹੁਤ ਸਾਰੇ ਮਰੀਜ਼ ਹਨ ਜੋ ਮੈਂ ਤੁਹਾਡੇ ਕੋਲ ਲੈ ਕੇ ਆਉਣੇ ਹਨ।' ਮੈਨੂੰ ਲੱਗਾ ਕਿ ਕਿ ਜੋਤ ਨਾਲ ਜੋਤ ਜਗਣੀ ਸ਼ੁਰੂ ਹੋ ਗਈ ਹੈ। ਇਕ ਲਾਚਾਰ ਵਿਅਕਤੀ, ਜੋ ਹੁਣ ਲਾਚਾਰ ਨਹੀਂ ਸੀ, ਕੋਸ਼ਿਸ਼ ਕਰ ਰਿਹਾ ਹੈ ਕਿ ਜੋ ਰੌਸ਼ਨੀ ਮੇਰੇ ਕੋਲ ਆ ਗਈ ਹੈ ਮੈਂ ਉਸ ਨੂੰ ਅੱਗੇ ਵੰਡ ਦੇਵਾਂ। ਸ਼ਾਇਦ ਇਹੀ ਜ਼ਿੰਦਗੀ ਹੈ। ਜ਼ਿੰਦਗੀ ਸਿਰਫ਼ ਅਪਣੇ ਲਈ ਹੀ ਬਤੀਤ ਕੀਤੀ ਤਾਂ ਕਾਹਦੀ ਜ਼ਿੰਦਗੀ ਹੋਈ? ਛੋਟੀ ਜਿਹੀ ਗੱਲ ਵਿਚ ਬਹੁਤ ਕੁੱਝ ਸਿਖਾ ਗਿਆ ਬਲਕਾਰ ਸਿੰਘ। ਅਸੀ ਸਾਰੇ ਕਿਰਦਾਰ ਫਿਰ ਉਸੇ ਉਮੰਗ ਨਾਲ ਕਹਾਣੀ ਨੂੰ ਅੱਗੇ ਤੋਰਨ ਵਿਚ ਲੱਗ ਗਏ। ਉਹ 34 ਮਰੀਜ਼ ਜਿਨ੍ਹਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਆ ਚੁੱਕੀ ਹੈ ਉਹ ਵੀ ਅੱਗੋਂ ਹੋਰ ਹਨੇਰੀਆਂ ਰਾਤਾਂ ਦੇ ਸੂਰਜ ਬਣ ਰਹੇ ਹਨ ਜਾਂ ਇੰਜ ਕਹਿ ਲਈਏ ਕਿ ਸ਼ਾਇਦ ਅਸੀ ਸਾਰੇ ਜ਼ਿੰਦਗੀ ਦੇ ਸਹੀ ਅਰਥ ਲੱਭ ਰਹੇ ਹਾਂ। ਕੋਸ਼ਿਸ਼ ਜਾਰੀ ਰਹੇਗੀ। ਸੰਪਰਕ : 98145-39535