ਆਵਾਰਾ ਪਸ਼ੂਆਂ ਦੀ ਰੋਜ਼ ਵਧਦੀ ਗਿਣਤੀ ਦਾ ਜ਼ਿੰਮੇਵਾਰ ਕੌਣ?
Published : Aug 17, 2017, 5:36 pm IST
Updated : Mar 23, 2018, 1:44 pm IST
SHARE ARTICLE
Stray animals
Stray animals

ਪੰਜਾਬ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਸਮਝ ਨਹੀਂ ਆਉਂਦੀ ਕਿ ਦੇਸ਼ ਦੀ ਡੇਢ ਕਰੋੜ ਜਨਤਾ ਦਾ ਢਿੱਡ ਭਰਿਆ ਜਾਵੇ ਜਾਂ..

ਪੰਜਾਬ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਸਮਝ ਨਹੀਂ ਆਉਂਦੀ ਕਿ ਦੇਸ਼ ਦੀ ਡੇਢ ਕਰੋੜ ਜਨਤਾ ਦਾ ਢਿੱਡ ਭਰਿਆ ਜਾਵੇ ਜਾਂ ਤੇਜ਼ੀ ਨਾਲ ਵਧਦੀ ਇਨ੍ਹਾਂ ਆਵਾਰਾ ਪਸ਼ੂਆਂ ਦੀ ਗਿਣਤੀ ਦਾ। ਅਸਲ ਵਿਚ ਜਨਤਾ ਨੂੰ ਅੰਨ ਬਾਅਦ ਵਿਚ ਨਸੀਬ ਹੁੰਦਾ ਹੈ ਪਰ ਇਹ ਆਵਾਰਾ ਪਸ਼ੂ 'ਸਾਡਾ ਹੱਕ ਐਥੇ ਰੱਖ' ਆਖ ਕੇ ਕੱਚੀ ਫ਼ਸਲ ਨੂੰ ਹੀ ਪੈ ਨਿਕਲਦੇ ਹਨ। ਬਿਨਾਂ ਕੋਈ ਪੈਸਾ ਦਿਤੇ ਸੱਭ ਚੱਟ ਜਾਂਦੇ ਹਨ। ਖਾਂਦੇ ਘੱਟ ਹਨ ਪਰ ਮਿਧਦੇ ਜ਼ਿਆਦਾ ਹਨ। ਕਿਸਾਨ ਤੋਂ ਬਿਨਾਂ ਕੋਈ ਵੀ ਵਰਗ, ਕੋਈ ਵੀ ਸੰਸਥਾ, ਕੋਈ ਵੀ ਸਿਆਸੀ ਪਾਰਟੀ ਇਸ ਆਫ਼ਤ ਲਈ ਫ਼ਿਕਰਮੰਦ ਨਹੀਂ। ਹੋਵੇ ਵੀ ਕਿਉਂ? ਇਹ ਆਵਾਰਾ ਪਸ਼ੂ ਇਨ੍ਹਾਂ ਦਾ ਤਾਂ ਕੁੱਝ ਨਹੀਂ ਵਿਗਾੜਦੇ। ਪੰਜ ਰੁਪਏ ਦੀ ਪੂਲੀ ਪਾ ਕੇ ਸੱਭ ਦਾਨੀ ਬਣ ਜਾਂਦੇ ਹਨ। ਇਹ ਆਵਾਰਾ ਪਸ਼ੂ ਕਿਸਾਨ ਦੇ ਜੇ ਪੰਜ ਮਰਲੇ ਖਾਂਦੇ ਹਨ ਤਾਂ 15 ਮਿੱਧ ਕੇ ਵੀ ਜਾਂਦੇ ਹਨ।
ਪੰਜਾਬ ਭਾਰਤ ਦਾ ਹਿੱਸਾ ਹੈ ਤਾਂ ਫਿਰ ਇਹ ਸਮੱਸਿਆ ਇਕੱਲੇ ਪੰਜਾਬ ਵਿਚ ਹੀ ਕਿਉਂ? ਸੋਚਣ ਵਾਲੀ ਗੱਲ ਹੈ। ਇਕ ਕੌੜੀ ਸਚਾਈ ਇਹ ਵੀ ਹੈ ਕਿ ਪੰਜਾਬ ਤੋਂ ਬਗ਼ੈਰ ਭਾਰਤ ਦੇ ਹੋਰ ਅਖੌਤੀ ਹਿੰਦੂ ਰਾਜਾਂ ਯੂ.ਪੀ., ਐਮ.ਪੀ. ਅਤੇ ਕੇਰਲ ਵਰਗੇ ਦਖਣੀ ਰਾਜਾਂ ਦੀਆਂ ਸਰਕਾਰਾਂ ਇਨ੍ਹਾਂ ਪਸ਼ੂਆਂ ਦੀਆਂ ਖੱਲਾਂ ਅਤੇ ਡੱਬਾਬੰਦ ਮੀਟ ਨਿਰਯਾਤ ਕਰ ਕੇ ਅਰਬਾਂ ਖਰਬਾਂ ਰੁਪਏ ਕਮਾ ਰਹੀਆਂ ਹਨ ਅਤੇ ਉਜਾੜੇ ਤੋਂ ਅਲੱਗ ਬਚੀਆਂ ਹੋਈਆਂ ਹਨ। ਪਰ ਲਗਦਾ ਹੈ ਕਿ ਪੰਜਾਬ ਸਰਕਾਰ ਅਰਬਾਂ ਖਰਬਾਂ ਰੁਪਏ ਦੇ ਕਰਜ਼ ਹੇਠ ਦਬੀ ਰਹਿ ਕੇ ਹੀ ਖ਼ੁਸ਼ ਹੈ। ਬਾਕੀ ਸੂਬਿਆਂ ਵਿਚ ਬੁੱਚੜਖਾਨੇ ਚਲ ਰਹੇ ਹਨ ਪਰ ਪੰਜਾਬ ਵਾਸੀਆਂ ਨੂੰ ਉਧਰ ਪਸ਼ੂ ਭੇਜਣ ਦੀ ਵੀ ਇਜਾਜ਼ਤ ਨਹੀਂ। ਇਹ ਕਿਥੋਂ ਦਾ ਇਨਸਾਫ਼ ਹੈ? ਕਿਸੇ ਦਿਨ ਖ਼ਬਰ ਆਉਂਦੀ ਹੈ ਕਿ ਫਲਾਣੇ ਥਾਂ ਗਊਭਗਤਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਟਰੱਕ ਕਬਜ਼ੇ 'ਚ ਲੈ ਲਿਆ ਅਤੇ ਡਰਾਈਵਰ ਫ਼ਰਾਰ ਹੈ। ਕਿਸੇ ਹੋਰ ਦਿਨ ਖ਼ਬਰ ਹੁੰਦੀ ਹੈ ਕਿ ਗਊ ਭਗਤਾਂ ਨੇ ਟਰੱਕ ਡਰਾਈਵਰ ਨੂੰ ਕੁੱਟ ਕੁੱਟ ਕੇ ਮਾਰ ਦਿਤਾ। ਦੋਹਾਂ ਮਾਮਲਿਆਂ ਵਿਚ ਇਹ ਕੋਈ ਨਹੀਂ ਲਿਖਦਾ ਕਿ ਗਊਆਂ ਕਿਧਰ ਗਈਆਂ? ਭਾਵ ਕਿ ਸਿੱਧੀਆਂ ਕਿਸਾਨਾਂ ਦੇ ਖੇਤਾਂ 'ਚ ਹਰੀ ਅੰਗੂਰੀ ਚਰਨ। ਸਮਝ ਨਹੀਂ ਆਉਂਦੀ ਕਿ ਪੰਜਾਬ 'ਚ ਰਾਜ ਗਊ ਭਗਤਾਂ ਦਾ ਹੈ ਜਾਂ ਸਰਕਾਰਾਂ ਦਾ?
ਪਰ ਸਰਕਾਰ ਦਾ ਕੰਮ ਤਾਂ ਇਕ ਮੁਹਾਵਰੇ ਵਾਂਗ 'ਦਿੱਲੀ ਦੀ ਲੁੱਟ 'ਚੋਂ ਚਰਖਾ ਖਿਸਕਾਉਣ' ਦਾ ਹੈ। ਗਊ ਸੈੱਸ ਲਾਉਣ ਪਿੱਛੇ ਸਰਕਾਰ ਦੀ ਪਤਾ ਨਹੀਂ ਕੀ ਸੋਚ ਕੰਮ ਕਰ ਰਹੀ ਸੀ? ਸ਼ਾਇਦ ਇਹ ਕਿ ਜਦ ਗਊਆਂ ਐਨਾ ਕੁੱਝ ਖਾ ਰਹੀਆਂ ਹਨ ਤਾਂ ਸਾਨੂੰ ਵੀ ਕੁੱਝ ਦਿਉ। ਇਸ ਲਈ ਸ਼ਰਾਬ ਦੀ ਬੋਤਲ, ਸੀਮਿੰਟ ਦੀ ਬੋਰੀ, ਬਿਜਲੀ ਦੇ ਬਿਲਾਂ 'ਚ ਅਤੇ ਮੈਰਿਜ ਪੈਲੇਸਾਂ ਉਤੇ ਅਤੇ ਪਤਾ ਨਹੀਂ ਹੋਰ ਕਿਥੇ ਕਿਥੇ ਹਰ ਥਾਂ ਗਊ ਸੈੱਸ ਦੇ ਹੀ ਬੋਲਬਾਲੇ ਹਨ। ਹੁਣ ਦੱਸੋ ਆਵਾਰਾ ਪਸ਼ੂਆਂ ਅਤੇ ਸਰਕਾਰਾਂ 'ਚ ਕੀ ਫ਼ਰਕ ਹੈ? ਦੋਵੇਂ ਹੀ ਤਾਂ ਨੁਕਸਾਨ ਕਰਦੇ ਹਨ। ਗਊਆਂ ਸਿਰਫ਼ ਕਿਸਾਨਾਂ ਦਾ ਅਤੇ ਸਰਕਾਰਾਂ ਸਾਰੇ ਵਰਗਾਂ ਦਾ।
ਅਜਿਹੇ ਆਲਮ ਵਿਚ ਪੰਜਾਬ ਦੇ ਕਿਸਾਨ ਨੂੰ ਕਈ ਪਰਤਾਂ ਵਿਚ ਨੁਕਸਾਨ ਝੱਲਣਾ ਪੈ ਰਿਹਾ ਹੈ। ਪਹਿਲਾ ਫ਼ਸਲਾਂ ਦੀ ਬਰਬਾਦੀ, ਦੂਜਾ ਸੜਕ ਹਾਦਸੇ, ਤੀਜਾ ਸਰਕਾਰੀ ਜਬਰ, ਚੌਥਾ ਰਾਖਿਆਂ ਦਾ ਖ਼ਰਚਾ, ਪੰਜਵਾਂ ਅਖੌਤੀ ਗਊ ਭਗਤਾਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਦਾ ਡਰ, ਛੇਵਾਂ ਸੱਭ ਤੋਂ ਵੱਡਾ ਅਤੇ ਖ਼ਤਰਨਾਕ ਛਲਾਵਾ ਗਊਸ਼ਾਲਾਵਾਂ ਦੇ ਨਾਂ ਤੇ ਪੰਜਾਬ ਦੀ ਹਜ਼ਾਰਾਂ ਏਕੜ ਬੇਸ਼ਕੀਮਤੀ ਜ਼ਮੀਨ ਉਤੇ ਮੁਫ਼ਤ 'ਚ ਬ੍ਰਾਹਮਣਾਂ ਦਾ ਕਬਜ਼ਾ ਕਰਾਉਣਾ।
ਹੁਣ ਲਉ ਕੁੱਤਿਆਂ ਦੀ ਗੱਲ। ਪਿਛਲੇ ਸਮੇਂ ਵਿਚ ਸਰਕਾਰਾਂ ਕੁੱਤਿਆਂ ਦੀ ਗਿਣਤੀ ਉਤੇ ਕਾਬੂ ਪਾਉਣ ਲਈ ਵੰਨੀ ਵੰਨੀ ਦੇ ਤਰੀਕੇ ਵਰਤਦੀਆਂ ਸਨ। ਕਦੇ ਤਾਂ ਮਿਊਂਸੀਪਲਟੀ ਵਾਲੇ ਕੁੱਤਿਆਂ ਨੂੰ ਗੋਲੀ ਮਾਰ ਕੇ ਮਾਰਦੇ ਸਨ। ਫਿਰ ਕੁਚਲੇ ਪਾ ਕੇ ਮਾਰਨ ਦਾ ਰਿਵਾਜ ਵੀ ਰਿਹਾ। ਉਸ ਤੋਂ ਬਾਅਦ ਵਿਚ ਮੇਨਕਾ ਗਾਂਧੀ ਨੂੰ ਪਸ਼ੂਆਂ ਉਤੇ ਰਹਿਮ ਦਾ ਖ਼ਿਆਲ ਜਾਗ ਪਿਆ। ਉਨ੍ਹਾਂ ਨੂੰ ਪੁਛਣਾ ਬਣਦਾ ਹੈ ਕਿ ਕੁੱਕੜਾਂ ਅਤੇ ਸੂਰਾਂ ਬਾਰੇ ਬੀਬੀ ਜੀ ਦਾ ਕੀ ਖ਼ਿਆਲ ਹੈ? ਥਾਂ ਥਾਂ ਤੇ ਪੋਲਟਰੀ ਫ਼ਾਰਮ ਨਜ਼ਰ ਕਿਉਂ ਨਹੀਂ ਆਉਂਦੇ? ਚਲੋ ਤੁਹਾਡੀਆਂ ਤੁਸੀ ਜਾਣੋ, ਪਰ ਜਿਹੜੀ ਹਰ ਥਾਂ ਕੁੱਤਿਆਂ ਦੀ ਸਰਦਾਰੀ ਹੈ ਉਸ ਦਾ ਕੀ ਕਰੀਏ? ਕਿਸਾਨ ਖੇਤਾਂ ਨੂੰ ਫ਼ਸਲਾਂ ਦੀ ਰਾਖੀ ਲਈ ਜਾਂਦਾ ਹੈ। ਰਾਹ ਵਿਚ ਕੁੱਤੇ ਢਾਹ ਲੈਂਦੇ ਹਨ। ਬੰਦਾ ਕਿਸ ਕਿਸ ਉਤੇ ਰਹਿਮ ਕਰਦਾ ਰਹੇ? ਖੇਤ 'ਚੋਂ ਹਟਾਉਣ ਲੱਗੇ ਕਦੇ ਕਦੇ ਢੱਠੇ ਕਿਸਾਨ ਦਾ ਢਿੱਡ ਪਾੜ ਦਿੰਦੇ ਹਨ। ਬੰਦੇ ਉਤੇ ਵੀ ਕੋਈ ਰਹਿਮ ਕਰੋ। ਮੇਨਕਾ ਜੀ ਵਾਂਗ ਅਹਿੰਸਾ ਦੇ ਪੁਜਾਰੀ ਬੋਧੀਆਂ ਦੇ ਰਾਜ ਤਿੱਬਤ, ਖ਼ਾਸ ਕਰ ਕੇ ਲਾਸਾ ਵਿਚ ਇਕ ਵਾਰੀ ਕੁੱਤਿਆਂ ਦੀ ਗਿਣਤੀ ਹੱਦੋਂ ਵੱਧ ਗਈ। ਚੀਨ ਦਾ ਕਬਜ਼ਾ ਹੋਣ ਪਿਛੋਂ ਨਵੇਂ ਕਮਿਊਨਿਸਟ ਸ਼ਾਸਨ ਲਈ ਨਵਾਂ ਸਿਆਪਾ ਖੜਾ ਹੋ ਗਿਆ। ਜੇ ਗੋਲੀ ਨਾਲ ਮਾਰਦੇ ਹਨ ਤਾਂ ਲੋਕ ਭੜਕਦੇ ਹਨ। ਉਨ੍ਹਾਂ ਨੇ ਨਵਾਂ ਤਰੀਕਾ ਅਪਣਾਇਆ ਕਿ ਸਾਰੇ ਕੁੱਤਿਆਂ ਨੂੰ ਵੱਡੇ ਸਾਰੇ ਇਕੋ ਵਾੜੇ ਵਿਚ ਬੰਦ ਕਰਨਾ ਸ਼ੁਰੂ ਕਰ ਦਿਤਾ। ਖੁਰਾਕ ਕੋਈ ਨਹੀਂ। ਜਦੋਂ ਕੋਈ ਕੁੱਤਾ ਮਰਦਾ ਤਾਂ ਨਾਲ ਦੇ ਉਸ ਨੂੰ ਖਾ ਜਾਂਦੇ। ਇੰਜ ਹੌਲੀ ਹੌਲੀ ਸਾਰੇ ਕੁੱਤੇ ਖਾਧੇ ਗਏ। ਆਖ਼ਰੀ ਕੁੱਤਾ ਭੁੱਖ ਨਾਲ ਮਰ ਗਿਆ।
ਮੈਂ ਤਾਂ ਇਹੀ ਨਿਚੋੜ ਕਢਿਆ ਹੈ ਕਿ ਨਾ ਤਾਂ ਆਵਾਰਾ ਪਸ਼ੂਆਂ ਨੂੰ ਮਾਰੋ ਅਤੇ ਨਾ ਹੀ ਕੁੱਤਿਆਂ ਨੂੰ। ਕਿਉਂ ਪਾਪ ਲੈਣਾ ਹੈ? ਜੋ ਗਊਸ਼ਾਲਾਵਾਂ ਦੇ ਨਾਂ ਤੇ ਆਵਾਰਾ ਪਸ਼ੂਆਂ ਲਈ ਵੱਡੇ ਵੱਡੇ ਵਲਗਣ ਮਾਰੇ ਹਨ ਉਨ੍ਹਾਂ ਵਿਚੋਂ ਇਨਸਾਨੀਅਤ ਦੇ ਨਾਤੇ ਆਵਾਰਾ ਕੁੱਤਿਆਂ ਨੂੰ ਵੀ ਉਨ੍ਹਾਂ ਦਾ ਬਣਦਾ ਹਿੱਸਾ ਦਿਤਾ ਜਾਵੇ। ਮੇਰਾ ਇਹ ਸੱਭ ਲਿਖਣ ਦਾ ਮੰਤਵ ਕਿਸੇ ਵਰਗ ਵਿਸ਼ੇਸ਼ ਨੂੰ ਠੇਸ ਪਹੁੰਚਾਉਣਾ ਜਾਂ ਪਸ਼ੂਆਂ ਪ੍ਰਤੀ ਕਰੂਰ ਭਾਵਨਾ ਰਖਣਾ ਬਿਲਕੁਲ ਵੀ ਨਹੀਂ ਹੈ। ਮੇਰਾ ਮੰਨਣਾ ਹੈ ਕਿ ਗਊਸ਼ਾਲਾਵਾਂ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ। ਇਨ੍ਹਾਂ ਦੀ ਗਿਣਤੀ ਰੋਜ਼ ਵਧਦੀ ਹੈ। ਸਾਰਾ ਪੰਜਾਬ ਤਾਂ ਗਊਸ਼ਾਲਾ ਨਹੀਂ ਬਣਾਇਆ ਜਾ ਸਕਦਾ। ਇਕ ਦਿਨ ਅਜਿਹਾ ਆਵੇਗਾ ਕਿ ਪੰਜਾਬ ਅੰਦਰ ਇਨ੍ਹਾਂ ਦੀ ਗਿਣਤੀ ਏਨੀ ਵੱਧ ਜਾਵੇਗੀ ਕਿ ਮਨੁੱਖ ਲਈ ਪੈਰ ਧਰਨ ਨੂੰ ਥਾਂ ਨਹੀਂ ਬਚੇਗੀ।
ਜਿਥੋਂ ਤਕ ਪਾਪ ਪੁੰਨ ਦਾ ਸਵਾਲ ਹੈ ਗੁਰਬਾਣੀ ਅਨੁਸਾਰ ਸਮੁੰਦਰ ਅੰਦਰ 42 ਲੱਖ ਜੂਨ ਵਿਚੋਂ ਨਾ ਕਿਸੇ ਕੋਲ ਤੱਕੜੀ ਵੱਟਾ ਹੈ, ਨਾ ਕੋਈ ਖੇਤੀ ਕਰਦਾ ਹੈ, ਨਾ ਵਪਾਰ, ਸੱਭ ਇਕ ਦੂਜੇ ਦਾ ਭੋਜਨ ਹਨ। ਇਹੀ ਹਾਲ ਜੰਗਲੀ ਜੀਵਨ ਦਾ ਹੈ। ਕੁਦਰਤ ਨੇ ਅਪਣਾ ਸੰਤੁਲਨ ਕਾਇਮ ਰਖਿਆ ਹੋਇਆ ਹੈ।
ਪਰ ਮਨੁੱਖ ਨੇ ਅਪਣੀ ਖ਼ੁਦਗਰਜ਼ੀ ਅਨੁਸਾਰ ਪਾਪ-ਪੁੰਨ ਦੀਆਂ ਪਰਿਭਾਸ਼ਾਵਾਂ ਘੜੀਆਂ ਹੋਈਆਂ ਹਨ ਅਤੇ ਕੁਦਰਤ ਦਾ ਸੰਤੁਲਨ ਵਿਗਾੜ ਦਿਤਾ ਹੈ। ਅੱਜ ਅਪਣੇ ਮੱਕੜਜਾਲ ਵਿਚ ਆਪ ਹੀ ਫੱਸ ਚੁਕਿਆ ਹੈ। ਪੰਜਾਬ ਅੰਦਰ ਆਵਾਰਾ ਪਸ਼ੂਆਂ ਦਾ ਐਨੀ ਗਿਣਤੀ ਵਿਚ ਵਧਣਾ ਵੀ ਸਾਡੀ ਖ਼ੁਦਗਰਜ਼ੀ ਦੀ ਹੀ ਉਪਜ ਹੈ। ਨਾ ਵਿਗਿਆਨੀ ਚਿੱਟੀ ਕ੍ਰਾਂਤੀ ਦੇ ਨਾਂ ਤੇ ਲੋਕਾਂ ਨੂੰ ਉਕਸਾਉਂਦੇ, ਨਾ ਦੇਸ਼-ਵਿਦੇਸ਼ 'ਚੋਂ ਦੋਗਲਾ ਸੀਮਨ ਆਉਂਦਾ ਅਤੇ ਨਾ ਹੀ ਇਹ ਸਿਆਪਾ ਖੜਾ ਹੁੰਦਾ। 'ਅੱਗ ਲਾਈ ਡੱਬੂ ਕੰਧ ਤੇ, ਮਰਿਆ ਸੱਪ ਜੱਟ ਦੇ ਗਲ ਪਾ ਕੇ'। ਆਪ ਵਿਗਿਆਨੀ ਕਿਸੇ ਖੂੰਜੇ ਗੁੰਝਲੀ ਮਾਰ ਕੇ ਬੈਠ ਗਏ। ਇਹੀ ਹਾਲ ਇਨ੍ਹਾਂ ਹਰੀ ਕ੍ਰਾਂਤੀ ਦਾ ਕੀਤਾ। ਨਤੀਜੇ ਵਜੋਂ ਤੂੜੀ ਅਤੇ ਪਰਾਲੀ ਦਾ ਪਹਾੜ ਕਿਸਾਨ ਦੇ ਸਿਰ ਤੇ ਸੁੱਟ ਕੇ ਸਾਰੇ ਦੇਸ਼ ਨੂੰ ਕਿਸਾਨ ਦਾ ਵੈਰੀ ਬਣਾ ਦਿਤਾ ਅਤੇ ਆਪ ਲੁਕ ਕੇ ਫਿਰ ਕਿਸੇ ਪਾਸੇ ਬੈਠ ਗਏ।
ਸੰਪਰਕ : 94781-10423

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement