
ਹਰ ਕੋਈ ਸ਼ਹੀਦ ਨਹੀਂ ਹੋ ਸਕਦਾ ਸ਼ਹਾਦਤਾਂ ਦੇਣ ਵਾਲ਼ੇ ਆਮ ਨਹੀਂ ਹੁੰਦੇ
ਮੁਹਾਲੀ (ਨਵਜੋਤ ਸਿੰਘ ਧਾਲੀਵਾਲ) - ਕੀ ਸਾਨੂੰ ਯਾਦ ਸੀ ਜਾਂ ਸਵੇਰੇ ਉੱਠ ਕੇ ਮੋਬਾਇਲ ਸਕਰੀਨ 'ਤੇ ਜਦੋਂ ਤਸਵੀਰਾਂ ਸਾਹਮਣੇ ਆਈਆਂ ਤਾਂ ਹੀ ਪਤਾ ਲੱਗਿਆ ਕਿ ਅੱਜ 23 ਮਾਰਚ ਹੈ ਜਿਸ ਦਿਨ ਅੱਜ ਤੋਂ 92 ਸਾਲ ਪਹਿਲਾਂ ਸੰਨ 1931 'ਚ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਸਮੇਂ ਤੋਂ ਪਹਿਲਾਂ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ ਵਿਕੀਪੀਡੀਆ 'ਤੇ ਜਾ ਕੇ ਇਹ ਵੀ ਪਤਾ ਲੱਗ ਜਾਵੇਗਾ ਕਿ ਭਗਤ ਸਿੰਘ ਦਾ ਸਾਥੀ ਸੁਖਦੇਵ ਥਾਪਰ ਵੀ ਪੰਜਾਬ ਤੋਂ ਸੀ ਅਤੇ ਤੀਸਰਾ ਸ਼ਹੀਦ ਸ਼ਿਵਰਾਮ ਹਰੀ ਰਾਜਗੁਰੂ ਮਹਾਰਾਸ਼ਟਰ ਤੋਂ ਸੀ। ਸ਼ਹੀਦ ਬਹੁਤ ਵੱਡਾ ਲਫ਼ਜ਼ ਹੈ ਹਰ ਕੋਈ ਸ਼ਹੀਦ ਨਹੀਂ ਹੋ ਸਕਦਾ ਸ਼ਹਾਦਤਾਂ ਦੇਣ ਵਾਲ਼ੇ ਆਮ ਨਹੀਂ ਹੁੰਦੇ, ਵੱਡੇ ਬੰਦੇ ਹੀ ਸ਼ਹਾਦਤਾਂ ਦਾ ਜਾਮ ਪੀਂਦੇ ਹਨ ਆਪਣੇ ਲਈ ਨਹੀਂ ਲੁਕਾਈ ਲਈ ਸੂਲੀ ਚੜ ਜਾਇਆ ਕਰਦੇ ਹਨ।
23 ਮਾਰਚ ਨੂੰ ਅਸੀਂ ਭਗਤ ਸਿੰਘ ਸੁਖਦੇਵ ਥਾਪਰ ਤੇ ਰਾਜਗੁਰੂ ਨੂੰ ਯਾਦ ਕਰਦੇ ਹਾਂ ਸ਼ਰਧਾ ਅਰਪਿਤ ਕਰਦੇ ਹਾਂ, ਫੁੱਲ ਭੇਟ ਕਰਦੇ ਹਾਂ ਤੇ ਵਧੇਰੇ ਅੱਗੇ ਲੰਘ ਜਾਂਦੇ ਹਾਂ। ਸ਼ਹੀਦਾਂ ਨੂੰ ਫਿਰਕੇ ਮਜ਼ਹਬਾਂ ਨਾਲ ਨਹੀਂ ਬੰਨਿਆ ਜਾ ਸਕਦਾ। ਮਹਾਨ ਲੋਕਾਂ ਦੇ ਹਿੱਸੇ ਹੀ ਸ਼ਹਾਦਤਾਂ ਆਉਂਦੀਆਂ ਹਨ। ਸ਼ਹਾਦਤਾਂ ਦੇ ਆਸ਼ਕ ਕਦੇ ਵਾਧੇ ਘਾਟੇ ਨਹੀਂ ਸੋਚਦੇ ਤੇ ਨਾ ਹੀ ਖੁਦ ਤੇ ਨਾ ਹੀ ਪਰਿਵਾਰ ਲਈ, ਇਹ ਸੱਚ ਲਈ ਜਿਊਂਦੇ ਤੇ ਹੱਕ ਲਈ ਕੁਰਬਾਨ ਹੋ ਜਾਇਆ ਕਰਦੇ ਹਨ। ਸਵਾਲ ਇਹ ਹੈ ਕਿ ਕੀ ਅਸੀਂ ਸ਼ਹੀਦਾਂ ਨੂੰ ਮੰਨਣ ਤੋਂ ਇਲਾਵਾ ਉਹਨਾਂ ਦੀ ਸੋਚ ਨੂੰ ਵੀ ਮੰਨਦੇ ਹਾਂ। ਆਜ਼ਾਦੀ ਪਰਵਾਨਿਆਂ ਨੇ ਹਥਿਆਰਬੰਦ ਲੜਾਈ ਦੇ ਨਾਲ਼ ਵਿਚਾਰਾਂ ਦੀ ਲੜਾਈ ਵੀ ਲੜੀ। ਭਗਤ ਸਿੰਘ ਦੀ ਜੇਲ੍ਹ ਚਿੱਠੀਆਂ ਡਾਇਰੀ ਤੇ ਪੜ੍ਹੀ ਕਿਤਾਬ ਦੇ ਵਰਕੇ ਨੂੰ ਅੱਗੇ ਫੋਲ ਕੇ ਵੇਖਿਆ ? ਆਜ਼ਾਦੀ ਪਰਵਾਨੇ ਸਿਰ ਨਹੀਂ ਸਨ ਚੁੱਕੀ ਫਿਰਦੇ, ਸਿਰਾਂ 'ਚ ਬਹੁਤ ਕੁਝ ਲਈ ਫਿਰਦੇ ਸਨ।
ਸੰਘਰਸ਼ਾਂ 'ਚ ਕੁਝ ਲੋਕ ਨਾਇਕ ਤੇ ਬਹੁਤ ਥੋੜੇ ਮਹਾਨਾਇਕ ਬਣਦੇ ਹਨ। ਭਗਤ ਸਿੰਘ ਉਹਨਾਂ 'ਚੋਂ ਇੱਕ ਸੀ ਜਿਸ ਦਾ ਕਾਰਨ ਉਸ ਦੀ ਵਿਦਵਤਾ, ਪੜ੍ਹਨ ਦੀ ਰੁਚੀ ਸਮਝ ਦਾ ਪੈਮਾਨਾ ਹੈ। ਭਗਤ ਸਿੰਘ ਦੀ 287 ਸਫ਼ਿਆਂ ਦੀ ਜੇਲ੍ਹ ਡਾਇਰੀ 'ਚ ਉਹ ਕਿਹੜਾ ਮਹਾਨ ਦਾਰਸ਼ਨਿਕ ਨਹੀਂ ਹੈ ਜਿਸ ਦਾ ਜ਼ਿਕਰ ਨਾ ਹੋਇਆ ਹੋਵੇ ਜੇ ਟਰਾਟਸਕੀ, ਲੈਨਿਨ ਤੇ ਕਾਰਲ ਮਾਰਕਸ ਦੇ ਸਿਧਾਂਤ ਹਨ। ਤਾਂ ਕਾਵਿ ਮਨ ਵਿਲੀਅਮ ਵਰਡਸਨਰਥ, ਦਾਗ ਦੇਹਲਵੀ, ਮਿਰਜ਼ਾ ਗਾਲਿਬ, ਵਾਲਟ ਵਿਟਮੈਨ ਤੇ ਬਾਇਰਨ ਵੀ ਹਨ, ਜੇ ਸੁਕਰਾਤ ਦੀ ਗੱਲ ਹੈ ਤਾਂ ਗੋਰਕੀ, ਬਰਨਾਡ, ਹਿਊਗੋ ਤੇ ਇਬਸਨ ਵੀ ਹਨ।
ਭਗਤ ਸਿੰਘ ਦੀ ਜੇਲ੍ਹ ਡਾਇਰੀ ਤੁਹਾਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਸਾਰੀ ਉਮਰ ਸੰਘਰਸ਼ 'ਚ ਰਿਹਾ ਨੌਜਵਾਨ ਇਹਨਾਂ ਕੁਝ ਕਿਵੇਂ ਪੜ੍ਹ ਗਿਆ। ਜੇਲ੍ਹ ਭਗਤ ਸਿੰਘ ਦੀ ਇੱਛਾ ਅਖਬਾਰ ਤੇ ਕਿਤਾਬਾਂ ਪੜ੍ਹਨ ਦੀ ਸੀ, ਭਗਤ ਸਿੰਘ ਨੇ ਜੇ ਗਾਂਧੀ ਫਲਸਫੇ ਦੀ ਆਲੋਚਨਾ ਕੀਤੀ ਤਾਂ ਸਭ ਤੋਂ ਵੱਡਾ ਵਿਚਾਰਕ ਸੰਵਾਦ ਵੀ ਗਾਂਧੀ ਨਾਲ਼ ਹੀ ਹੈ। ਯਾਦ ਰਹੇ ਅੱਜ ਦੇ ਦਿਨ ਹੀ ਇਨਕਲਾਬੀ ਸ਼ਾਇਰ ਜਿਸ ਨੇ ਕਿਰਤ ਦੇ ਲੁੱਟ ਦੀ ਗੱਲ ਤੋਰੀ ਤੇ ਦੱਸਿਆ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਕਿ ਸਾਡੇ ਸੁਪਨਿਆਂ ਦਾ ਮਰ ਜਾਣਾ ਉਸ ਕਵੀ ਅਵਤਾਰ ਪਾਸ਼ ਨੂੰ ਵੀ 23 ਮਾਰਚ ਵਾਲ਼ੇ ਦਿਨ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ।